ਅਪਣੀਆਂ ਖੜੀਆਂ ਕੀਤੀਆਂ ਬਾਹਵਾਂ ਦੀ ਲਾਜ ਰੱਖ ਵਿਖਾਇਉ ਪਾਠਕੋ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਾਡਾ ਖ਼ਿਆਲ ਸੀ ਕਿ 10 ਕੁ ਹਜ਼ਾਰ ਪਾਠਕ ਆ ਜਾਣਗੇ ਪਰ ਪਹੁੰਚ ਗਏ, 40-45 ਹਜ਼ਾਰ।

Photo

ਮੈਂ ਜ਼ਿੰਦਗੀ ਵਿਚ ਜੋ ਕੁੱਝ ਵੀ ਕਮਾਇਆ ਸੀ ਜਾਂ ਬਚਾ ਕੇ ਰੱਖ ਸਕਿਆ ਸੀ, ਉਹ ਤਾਂ ਮੈਂ ਪਹਿਲੀ ਦਸੰਬਰ, 2005 ਨੂੰ ਸ਼ੁਰੂ ਹੋਏ ‘ਰੋਜ਼ਾਨਾ ਸਪੋਕਸਮੈਨ’ ਦੇ ਹਵਾਲੇ ਹੀ ਕਰ ਦਿਤਾ ਸੀ। ਜਦ ਵਕਤ ਦੀ ਸਰਕਾਰ, ਪੁਜਾਰੀ ਤੇ ਹੋਰ ਤਾਕਤਵਰ ਲੋਕ ਇਕੱਠੇ ਹੋ ਕੇ ਐਲਾਨ ਕਰਨ ਲੱਗ ਪਏ ਕਿ ‘‘ਛੇ ਮਹੀਨੇ ਨਹੀਂ ਚਲਣ ਦਿਆਂਗੇ ਇਸ ਅਖ਼ਬਾਰ ਨੂੰ’’ ਤਾਂ ਸਾਨੂੰ ਬੈਂਕ ਕੋਲੋਂ ਵੀ ਕਰਜ਼ਾ ਲੈਣਾ ਪਿਆ ਤੇ ਪਾਠਕਾਂ ਕੋਲੋਂ ਵੀ।

ਇਸ ਤਰ੍ਹਾਂ ਅਸੀ ਅਖ਼ਬਾਰ ਨੂੰ ਤਾਂ ਬਚਾ ਲਿਆ ਪਰ 2010 ਵਿਚ ਅਰਥਾਤ ਪੰਜਵੇਂ ਸਾਲ ਵਿਚ ਹੀ ਜਦ ਇਹ ਐਲਾਨ ਵੀ ਕਰ ਦਿਤਾ ਕਿ ਅਸੀ 60 ਕਰੋੜ ਨਾਲ ‘ਉੱਚਾ ਦਰ’ ਵੀ ਚਾਲੂ ਕਰਾਂਗੇ ਤਾਂ ਹਰ ਇਕ ਦੇ ਮੂੰਹ ਤੇ ਇਕੋ ਸਵਾਲ ਹੁੰਦਾ ਸੀ ਕਿ ‘ਪੈਸਾ ਕਿਥੋਂ ਆਵੇਗਾ?’ ਮੈਨੂੰ ਯਕੀਨ ਸੀ ਕਿ ਦੋ ਤਿੰਨ ਸਾਲਾਂ ਤੋਂ ਲਿਖ ਲਿਖ ਕੇ ਤੇ ਮਾਸਕ ਮੀਟਿੰਗਾਂ ਕਰ ਕਰ ਕੇ ਜਿਵੇਂ ਮੈਂ ਪਾਠਕਾਂ ਤੋਂ ਪ੍ਰਵਾਨਗੀ ਲੈ ਲਈ ਸੀ, ਉਹ ਪੈਸੇ ਦੀ ਕਮੀ ਨਹੀਂ ਆਉਣ ਦੇਣਗੇ।

ਮੈਨੂੰ ਯਾਦ ਹੈ, ਜ਼ਮੀਨ ਲੈਣ ਮਗਰੋਂ, ਅਸੀ ਅਖ਼ਬਾਰ ਵਿਚ ਲਿਖਿਆ ਕਿ ‘ਉੱਚਾ ਦਰ’ ਲਈ ਜ਼ਮੀਨ ਲੈਣ ਦੀ ਖ਼ੁਸ਼ੀ ਵਿਚ ਪਾਠਕ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਫ਼ਲਾਣੇ ਦਿਨ ਛੋਟਾ ਜਿਹਾ ਸਮਾਗਮ ਜੰਗਲ ਵਰਗੀ ਵੀਰਾਨ ਜ਼ਮੀਨ ਵਿਚ ਹੀ ਰਖਿਆ ਹੈ। ਸਾਡਾ ਖ਼ਿਆਲ ਸੀ ਕਿ 10 ਕੁ ਹਜ਼ਾਰ ਪਾਠਕ ਆ ਜਾਣਗੇ ਪਰ ਪਹੁੰਚ ਗਏ, 40-45 ਹਜ਼ਾਰ। ਸਟੇਜ ਉਤੋਂ ਤਕਰੀਰਾਂ ਹੋ ਰਹੀਆਂ ਸਨ। ਇਨਕਮ ਟੈਕਸ ਕਮਿਸ਼ਨਰ ਸ: ਜੇ.ਐਸ. ਆਹਲੂਵਾਲੀਆ ਨੇ ਅਪਣੇ ਭਾਸ਼ਨ ਵਿਚ ਇਕ ਗੱਲ ਸੁਣਾਈ ਕਿ ਇੰਗਲੈਂਡ ਵਿਚ ਇਕ ਇਸਤਰੀ ਦੇ ਮਨ ਵਿਚ ਖ਼ਿਆਲ ਆਇਆ ਕਿ ਇਲਾਕੇ ਵਿਚ ਚਰਚ ਕੋਈ ਨਹੀਂ, ਇਸ ਬਾਰੇ ਕੁੱਝ ਕਰਨਾ ਚਾਹੀਦਾ ਹੈ।

ਉਸ ਨੇ ਘਰ ਘਰ ਜਾ ਕੇ ਲੋਕਾਂ ਨੂੰ ਚਰਚ ਦੀ ਉਸਾਰੀ ਲਈ ਕੁੱਝ ਕਰਨ ਨੂੰ ਕਿਹਾ। ਸੱਭ ਦਾ ਉੱਤਰ ਸੀ ਕਿ ਕਿਸੇ ਇਕ ਥਾਂ ਸਾਰਿਆਂ ਦੀ ਇਕੱਤਰਤਾ ਬੁਲਾ ਲਉ। ਉਥੇ ਸੱਭ ਦਾ ਸਾਂਝਾ ਫ਼ੈਸਲਾ ਹੋ ਜਾਏਗਾ। ਮੀਟਿੰਗ ਵਾਲੇ ਦਿਨ ਸਾਰੇ ਇਕੱਤਰ ਹੋ ਗਏ। ਬੀਬੀ ਨੇ ਸਾਰੀ ਗੱਲ ਸਮਝਾਈ ਤੇ ਸਾਰਿਆਂ ਨੇ ਚਰਚ ਦੀ ਉਸਾਰੀ ਲਈ ਪੈਸੇ ਦੇਣ ਦੀ ਹਾਮੀ ਭਰ ਦਿਤੀ। ਅਚਾਨਕ ਸ੍ਰੋਤਿਆਂ ਵਿਚੋਂ ਇਕ ਨੇ ਸਵਾਲ ਪੁਛ ਲਿਆ, ‘‘ਬੀਬੀ, ਤੇਰੇ ਕੋਲ ਕਿੰਨੇ ਪੈਸੇ ਹਨ ਜੋ ਤੂੰ ਚਰਚ ਦੀ ਉਸਾਰੀ ਵਿਚ ਦੇਵੇਂਗੀ?’’
ਬੀਬੀ ਨੇ ਜੇਬ ਵਿਚੋਂ ਇਕ ਪੌਂਡ ਦਾ ਸਿੱਕਾ ਕਢਿਆ ਤੇ ਬੋਲੀ, ‘‘ਮੇਰੇ ਕੋਲ ਤਾਂ ਬਸ ਇਹੀ ਇਕ ਪੌਂਡ ਹੈ।’’

ਕਹਾਣੀ ਸੁਣਾ ਚੁੱਕਣ ਮਗਰੋਂ ਆਹਲੂਵਾਲੀਆ ਸਾਹਬ ਬੋਲੇ, ‘‘ਉਸ ਇਕ ਪੌਂਡ ਵਿਚ ਬਾਕੀਆਂ ਦੀ ਛੋਟੀ ਛੋਟੀ ਰਕਮ ਜੁੜ ਕੇ, ਬਹੁਤ ਵੱਡਾ ਚਰਚ ਇਕ ਦੋ ਸਾਲਾਂ ਵਿਚ ਉਸਾਰ ਗਈ ਜੋ ਅੱਜ ਤਕ ਵੀ ਕਾਇਮ ਹੈ।’’ ਇਸ ਮਗਰੋਂ ਮੇਰੀ ਵਾਰੀ ਆਈ ਤਾਂ ਮੈਂ ਖੁਲ੍ਹ ਕੇ ਕਿਹਾ, ‘‘ਉਸ ਅੰਗਰੇਜ਼ ਬੀਬੀ ਕੋਲ ਚਰਚ ਦੀ ਉਸਾਰੀ ਲਈ ਇਕ ਪੌਂਡ ਤਾਂ ਸੀ, ਮੇਰੇ ਕੋਲ ਤਾਂ ਉੱਚਾ ਦਰ ਲਈ ਇਕ ਪੌਂਡ ਵੀ ਨਹੀਂ। ਮੇਰੇ ਕੋਲ ਤਾਂ ਜੋ ਵੀ ਸੀ, ਉਹ ਰੋਜ਼ਾਨਾ ਅਖ਼ਬਾਰ ਨੂੰ ਦੇ ਦਿਤਾ ਹੈ ਤੇ ਅਖ਼ਬਾਰ ਨੂੰ ਬਚਾਉਣ ਲਈ ਸਾਨੂੰ ਕਿਸ ਤਰ੍ਹਾਂ ਆਰੇ ਦੇ ਦੰਦਿਆਂ ਤੇ ਹਰ ਰੋਜ਼ ਨਚਣਾ ਪੈਂਦਾ ਹੈ, ਉਹ ਤੁਸੀ ਵੇਖ ਹੀ ਰਹੇ ਹੋ।

ਸਰਕਾਰ, ਪੁਜਾਰੀ ਅਤੇ ਧਰਮ ਨੂੰ ਵਪਾਰ ਬਣਾਉਣ ਵਾਲੇ ਸਾਰੇ ਇਕੱਠੇ ਹੋਏ ਪਏ ਨੇ ਤੇ ਉਹ ਲੜਾਈ ਵੀ ਮੈਂ ਤੁਹਾਡੀ ਸਹਾਇਤਾ ਮਿਲ ਜਾਣ ਕਰ ਕੇ ਹੀ ਲੜਨ ਵਿਚ ਸਫ਼ਲ ਹੋ ਰਿਹਾ ਹਾਂ ਵਰਨਾ ਏਨੇ ਸ਼ਕਤੀਸ਼ਾਲੀ ਮਹਾਂਬਲੀਆਂ ਸਾਹਮਣੇ ਖੜੇ ਹੋਣ ਦੀ ਮੇਰੀ ਔਕਾਤ ਹੀ ਕੀ ਸੀ। ਸੋ ‘ਉੱਚਾ ਦਰ’ ਦੀ ਜ਼ਮੀਨ ਤੁਹਾਡੇ ਹਵਾਲੇ ਹੈ ਤੇ ਉਸਾਰੀ ਲਈ ਪੈਸੇ ਤੁਸੀ ਹੀ ਦੇਣੇ ਨੇ।’’

ਖ਼ੂਬ ਜੈਕਾਰੇ ਛੱਡੇ ਗਏ। ਸਟੇਜ ਉਤੇ ਆਏ ਹਰ ਬੁਲਾਰੇ ਨੇ ਖੁਲ੍ਹ ਕੇ ਕਿਹਾ ਕਿ ‘‘ਉਸਾਰੀ ਦੀ ਸਾਰੀ ਜ਼ਿੰਮੇਵਾਰੀ ਹੁਣ ਸਾਡੀ। ਸਪੋਕਸਮੈਨ ਨੇ ਜ਼ਮੀਨ ਲੈ ਦਿਤੀ ਹੈ, ਉਸਾਰੀ ਲਈ ਉਨ੍ਹਾਂ ਨੂੰ ਕੁੱਝ ਨਹੀਂ ਦੇਣਾ ਪਵੇਗਾ। ਸਾਰਾ ਪੈਸਾ ਅਸੀ ਦੇਵਾਂਗੇ।’’ ਫਿਰ ਜੈਕਾਰੇ ਤੇ ਜੈਕਾਰਾ। ਦੋਵੇਂ ਹੱਥ ਖੜੇ ਕਰ ਕਰ ਕੇ ਇਸ ਐਲਾਨ ਉਤੇ ‘ਸੰਗਤੀ ਮੋਹਰ’ ਲਾ ਦਿਤੀ ਗਈ। ਮੈਂ ਦੁਬਾਰਾ ਸਟੇਜ ਤੇ ਆ ਕੇ ਕਹਿ ਦਿਤਾ, ‘‘ਸਾਰਾ ਖ਼ਰਚਾ ਕਰਨ ਦਾ ਯਕੀਨ ਦਿਵਾਉਣ ਲਈ ਤੁਹਾਡਾ ਧਨਵਾਦ।

ਪਰ ਮੈਂ ਚਾਹਾਂਗਾ, ਅੱਧਾ ਖ਼ਰਚਾ ਸਪੋਕਸਮੈਨ ਕਰੇ ਤੇ ਅੱਧਾ ਇਸ ਦੇ ਪਾਠਕ। ਤੁਸੀ ਅੱਧੇ ਤੋਂ ਪਿੱਛੇ ਨਾ ਹਟਿਉ, ਅੱਧਾ ਮੈਂ ਸਪੋਕਸਮੈਨ  ਕੋਲੋਂ ਪਵਾ ਦਿਆਂਗਾ। ਉਹ ਜਿੰਮੇਵਾਰੀ ਮੇਰੀ।’’ ਸੋ ਕੰਮ ਸ਼ੁਰੂ ਹੋ ਗਿਆ। ਪਹਿਲਾ ਅੱਧ ਅਸੀ ਕਰਜ਼ਾ ਚੁਕ ਕੇ ਪਾ ਦਿਤਾ ਪਰ ਜਦ ਪਾਠਕਾਂ ਨੂੰ ਉਨ੍ਹਾਂ ਦਾ ਫਰਜ਼ ਯਾਦ ਕਰਵਾ ਕੇ ਮੈਂਬਰ ਬਣਨ ਲਈ ਅਪੀਲਾਂ ਸ਼ੁਰੂ ਕੀਤੀਆਂ ਤਾਂ 5, 7, 10 ਪਾਠਕ ਹੀ ਹਰ ਵਾਰ ਨਿਤਰਦੇ ਤੇ ਛੁੱਟੀ ਹੋ ਜਾਂਦੀ। ਕਈ ਵਾਰ ਦਿਲ ਉੱਕਾ ਹੀ ਟੁਟ ਜਾਂਦਾ। ਪਰ ਹੁਣ ਕੰਮ ਸ਼ੁਰੂ ਹੋ ਚੁੱਕਾ ਸੀ, ਅੱਧ ਵਿਚਾਲੇ ਤਾਂ ਛੱਡ ਨਹੀਂ ਸੀ ਸਕਦੇ।

ਬੈਂਕ ਨੂੰ ਵੀ ਹਰ ਮਹੀਨੇ ਕਿਸ਼ਤ ਦੇਣੀ ਪੈਂਦੀ ਸੀ। ਸੋ ਸੰਖੇਪ ਵਿਚ ਗੱਲ ਕਰਾਂ ਤਾਂ ਦੋ ਦੋ ਬਾਹਵਾਂ ਖੜੀਆਂ ਕਰਨ ਵਾਲੇ ਪਾਠਕਾਂ ਨੇ 8 ਸਾਲਾਂ ਵਿਚ, ਹਜ਼ਾਰਾਂ ਅਪੀਲਾਂ ਤੇ ਚੰਦਿਆਂ ਵਿਚ ਰਿਆਇਤਾਂ ਦੇ ਬਾਵਜੂਦ, ਹੁਣ ਤਕ ਕੇਵਲ ਪੰਜਵਾਂ ਹਿੱਸਾ ਹੀ ਪਾਇਆ ਹੈ ਤੇ ਅੱਧੇ ਦੀ ਬਜਾਏ 80 ਫ਼ੀ ਸਦੀ ਹਿਸਾ ਸਪੋਕਸਮੈਨ ਨੂੰ ਮਜਬੂਰਨ ਪਾਉਣਾ ਪਿਆ। ਕਈ ਵਾਰ ਦਿਲ ਏਨਾ ਦੁਖੀ ਹੋ ਜਾਂਦਾ ਸੀ ਕਿ ਸੱਭ ਕੁੱਝ ਬੰਦ ਕਰ ਦੇਣ ਨੂੰ ਦਿਲ ਕਰ ਆਉਂਦਾ ਸੀ। ਜਿਨ੍ਹਾਂ ਕੋਲੋਂ ਉਧਾਰੀਆਂ ਰਕਮਾਂ ਲਈਆਂ ਸਨ, ਉਹ ਤਾਂ ਕੋਈ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸਨ ਤੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਸੀ ਕਿ ‘ਉੱਚਾ ਦਰਜ’ ਅਧੂਰਾ ਪਿਆ ਹੋਇਆ ਸੀ।

50 ਕਰੋੜ ਰੁਪਿਆ, ਉਸਾਰੀ ਦੌਰਾਨ ਵਾਪਸ ਕਰਨਾ ਪਿਆ। ਇਹ ਪੰਜ ਛੇ ਸਾਲ, ਨਰਕ ਵਿਚੋਂ ਲੰਘਣ ਵਰਗੇ ਸਾਲ ਸਨ। ਜਗਜੀਤ ਸਾਥ ਨਾ ਦੇਂਦੀ ਤਾਂ ਮੈਂ ਤਾਂ ਅਪਣੇ ਪਾਠਕਾਂ ਵਲੋਂ ਵਿਸ਼ਵਾਸ ਦਿਵਾ ਕੇ ਪਿੱਛੇ ਹਟਣ ਦੀ ਸਾਰੀ ਵਿਥਿਆ ਦਸ ਕੇ, ਕੰਮ ਬੰਦ ਕਰਨ ਨੂੰ ਤਿਆਰ ਬੈਠਾ ਸੀ। ਜਗਜੀਤ ਨੇ, ਅਖ਼ਬਾਰ ਦਾ ਵਿਕਾਸ ਰੋਕ ਕੇ, ‘ਉੱਚਾ ਦਰ’ ਦਾ ਕੰਮ ਕਦੇ ਨਾ ਰੁਕਣ ਦਿਤਾ ਤੇ ਅੱਜ ਇਹ ਸਿਰੇ ਚੜ੍ਹ ਗਿਆ ਹੈ, ਤਾਂ ਸਫ਼ਲਤਾ ਪਿੱਛੇ ਵੱਡਾ ਹੱਥ ਉਸ ਦਾ ਹੀ ਮੰਨਿਆ ਜਾਣਾ ਚਾਹੀਦਾ ਹੈ।

ਅਤੇ ਹੁਣ ਸਰਕਾਰੀ ਸ਼ਰਤਾਂ ਦਾ ਆਖ਼ਰੀ ਕੰਡਾ ਆ ਫਸਿਆ ਹੈ ਤਾਂ ਚਾਹੀਦਾ ਤਾਂ ਇਹੀ ਹੈ ਕਿ ਸਾਰੇ ਪਾਠਕ ਰਲ ਕੇ ਇਹ ਜ਼ੁੰਮੇਵਾਰੀ ਅਪਣੇ ਉਪਰ ਲੈ ਲੈਣ ਤੇ ਹੱਸ ਕੇ ਲੈ ਲੈਣ। ਪਰ ਬੀਤੇ ਦਾ ਉਨ੍ਹਾਂ ਦਾ ਚੁੱਪ ਰਹਿਣਾ ਯਾਦ ਕਰਦਾ ਹਾਂ ਤਾਂ ਡਰਦਾ ਹਾਂ ਕਿ ਇਸ ਵਾਰ ਵੀ ਜੇ 5, 7, 10 ਪਾਠਕ ਹੀ ਅਪੀਲ ਦੇ ਜਵਾਬ ਵਿਚ ਨਿਤਰੇ ਤੇ ਮੈਂ ਪਾਠਕਾਂ ਤੋਂ, ਅੰਤਲੇ ਮਾਮੂਲੀ ਜਹੇ ਕੰਮ ਲਈ ਵੀ ਮਦਦ ਲੈਣੋਂ ਹਾਰ ਗਿਆ ਤਾਂ ਯਕੀਨ ਕਰਨਾ ਮੇਰੇ ਮਗਰੋਂ ਹੋਰ ਕੋਈ ਵੀ, ਸਿੱਖਾਂ ਦੀਆਂ ਬਾਹਵਾਂ ਖੜੀਆਂ ਵੇਖ ਕੇ, ਉਨ੍ਹਾਂ ਲਈ ਕੁੱਝ ਕਰਨ ਦੀ ਤੇ ਅਪਣੇ ਆਪ ਨੂੰ ਖ਼ਾਹਮਖ਼ਾਹ ਕੁੜਿੱਕੀ ਵਿਚ ਫਸਾਉਣ ਦੀ ਗ਼ਲਤੀ ਨਹੀਂ ਕਰੇਗਾ ਤੇ ਦੁਨੀਆਂ ਦੇ ਪਰ੍ਹੇ ਵਿਚ ਸਿੱਖ ਅਪਣੇ ‘ਲੰਗਰਾਂ’ ਤੋਂ ਬਿਨਾਂ ਮਾਡਰਨ ਯੁਗ ਦੀ ਕੋਈ ਚੀਜ਼ ਜੋ ਉਨ੍ਹਾਂ ਦੇ ਫ਼ਲਸਫ਼ੇ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਆਕਰਸ਼ਕ ਬਣਾਉਂਦੀ ਹੋਵੇ, ਨਹੀਂ ਵਿਖਾ ਸਕਣਗੇ।

ਜਿਥੋਂ ਤਕ ਮੇਰਾ ਅਪਣਾ ਸੁਆਲ ਹੈ, ਮੈਂ ਤਾਂ ਹਮੇਸ਼ਾ ਹੀ ਇਹ ਕਹਿੰਦਾ ਆਇਆ ਹਾਂ ਤੇ ਹੁਣ ਵੀ ਫਿਰ ਦੁਹਰਾ ਦੇਂਦਾ ਹਾਂ ਕਿ ਜੇ ਹੋਰ ਕੋਈ ਇਕ ਵੀ ਪਾਠਕ ਬਾਬੇ ਨਾਨਕ ਦੇ ‘ਉੱਚੇ ਦਰ’ ਲਈ ਮਦਦ ਦੇਣ ਲਈ ਅੱਗੇ ਨਾ ਆਇਆ ਤਾਂ ਵੀ ਮੈਂ  ਇਕੱਲਾ ਵੀ ਕੰਮ ਪੂਰਾ ਕਰ ਕੇ ਰਹਾਂਗਾ- ਜਿਵੇਂ ਰਸਾਲਿਆਂ ਤੇ ਅਖ਼ਬਾਰ ਤੋਂ ਬਾਅਦ, ‘ਉੱਚਾ ਦਰ’ ਦਾ ਕੰਮ ਪੂਰਾ ਕਰ ਵਿਖਾਇਆ ਹੈ। ਫ਼ਰਕ ਸਿਰਫ਼ ਏਨਾ ਹੀ ਹੈ ਕਿ ਸਮਾਂ ਥੋੜਾ ਜ਼ਿਆਦਾ ਲੱਗ ਜਾਏਗਾ ਕਿਉਂਕਿ ਅਖ਼ਬਾਰ ਹੁਣ ਬਹੁਤੀ ਕਮਾਈ ਨਹੀਂ ਕਰ ਰਿਹਾ (ਕੋਰੋਨਾ ਦੀ ਮੰਦੀ ਕਾਰਨ)। ਫਿਰ ਵੀ ਮੈਂ ਪਿੱਛੇ ਨਹੀਂ ਹਟਾਂਗਾ ਤੇ ਆਖ਼ਰੀ ਸਾਹ ਤਕ ਅਪਣਾ ਪ੍ਰਣ ਨਿਭਾ ਵਿਖਾਵਾਂਗਾ। ਜੇ ਪਾਠਕ ਵੀ ਅਪਣਾ ਪ੍ਰਣ ਨਿਭਾ ਵਿਖਾਉਣ ਤਾਂ ‘ਉੱਚਾ ਦਰ’ ਹੁਣ ਦਿਨਾਂ ਵਿਚ ਚਾਲੂ ਹੋ ਸਕਦਾ ਹੈ।

ਮੇਰੀ ਨਿੱਜੀ ਡਾਇਰੀ ਦੇ ਪੰਨੇ
- ਜੋਗਿੰਦਰ ਸਿੰਘ