Nijji Dairy De Panne: ਖਾਲਸੇ ਦਾ ਜਨਮ ਦਿਨ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਵਖਰਾ ਕਰ ਕੇ ਨਹੀਂ ਮਨਾਇਆ ਜਾ ਸਕਦਾ 

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪੁਜਾਰੀਵਾਦ ਨੇ ਇਕ ਤਰੀਕ ਦੇ ਦੋ ਪੁਰਬਾਂ ਨੂੰ ਕੀ ਸੋਚ ਕੇ ਦੂਰ-ਦੂਰ ਕੀਤਾ?

File Photo

Nijji Dairy De Panne:  ਖ਼ਾਲਸੇ ਦਾ ਜਨਮ ਦਿਨ (ਸਾਜਨਾ ਦਿਵਸ) ਤੇ ਸਿੱਖੀ ਦੇ ਬਾਨੀ ਅਥਵਾ ਸਾਰੇ ਸਿੱਖਾਂ ਦੇ ਪਿਤਾ ਬਾਬਾ ਨਾਨਕ ਦਾ ਜਨਮ ਦਿਨ ਇਕੋ ਮਿਤੀ (ਵਿਸਾਖ) ਦਾ ਸੀ ਤਾਂ ਖ਼ਾਲਸੇ ਸਿੱਖਾਂ ਨੇ ਅਪਣਾ ਜਨਮ ਦਿਨ ਵਿਸਾਖ ਵਿਚ ਮਨਾ ਲਿਆ ਤੇ ਅਪਣੇ ਪਿਤਾ ਅਥਵਾ ਬਾਨੀ ਦਾ ਜਨਮ ਦਿਨ 6 ਮਹੀਨੇ ਪਿੱਛੇ ਸੁਟ ਦਿਤਾ ਅਤੇ ਕਹਿ ਦਿਤਾ ਕਿ ‘‘ਬਾਪੂ ਦਾ ਜਨਮ ਦਿਨ ਛੇ ਮਹੀਨੇ ਠਹਿਰ ਕੇ ਕੱਤਕ ਵਿਚ ਮਨਾ ਲਵਾਂਗੇ।’’

ਜੇ ਕੋਈ ਬੰਦਾ ਅਪਣੇ ਪਿਤਾ ਨਾਲ ਇੰਜ ਦਾ ਸਲੂਕ ਕਰੇ ਤਾਂ ਕੀ ਤੁਸੀ ਉਸ ਨੂੰ ਬਾਪ ਦਾ ‘ਸਪੂਤ’ ਆਖੋਗੇ? ਨਹੀਂ ਆਖੋਗੇ। ਬਾਪ ਬੇਸ਼ੱਕ ਆਖੀ ਜਾਏ ਕਿ ਕੋਈ ਨਹੀਂ, ਅੱਜ ਪੁੱਤਰ ਖ਼ੁਸ਼ ਹੋ ਲਵੇ, ਮੈਂ ਅਪਣਾ ਜਨਮ ਦਿਨ ਬਾਅਦ ਵਿਚ ਮਨਾ ਲਵਾਂਗਾ ਪਰ ਵੇਖਣ ਵਾਲੇ ਸਾਰੇ ਹੀ ਕਹਿਣਗੇ, ‘‘ਨਹੀਂ ਇਹ ਤਾਂ ਕਪੂਤ ਹੈ। ਇਹਨੂੰ ਬਾਪ ਨੂੰ ਪਹਿਲ ਦੇਣੀ ਚਾਹੀਦੀ ਸੀ ਜਾਂ ਕਹਿੰਦਾ, ‘‘ਨਹੀਂ ਦੋਹਾਂ ਦਾ ਜਨਮ ਦਿਨ ਇਕੱਠਿਆਂ ਹੀ ਮਨਾਵਾਂਗੇ, ਬਾਪੂ ਜੀ ਦਾ ਮਗਰੋਂ ਕਿਉਂ?’’

ਪਰ ਪੁਜਾਰੀਵਾਦ ਨੇ ਇਹ ਪਾਪ ਸਿੱਖਾਂ ਕੋਲੋਂ ਕਰਵਾ ਲਿਆ। ਸਾਰੇ ਇਕ-ਮੱਤ ਹਨ ਕਿ ਬਾਬਾ ਨਾਨਕ ਸਾਹਿਬ ਦਾ ਜਨਮ ਵਿਸਾਖ ਦਾ ਬਣਦਾ ਹੈ ਤੇ ਖ਼ਾਲਸੇ ਦਾ ਜਨਮ-ਪੁਰਬ ਵੀ ਵਿਸਾਖ ਦਾ ਹੀ ਹੈ (ਯਾਦ ਰਹੇ ਉਸ ਸਮੇਂ ਮਹੀਨਾ ਹੀ ਯਾਦ ਰਖਿਆ ਜਾਂਦਾ ਸੀ ਤੇ ਤਰੀਕਾਂ ਦਾ ਰਿਵਾਜ ਮਗਰੋਂ ਚਲਿਆ।) ਜਿਸ ਸਥਾਨ ਤੇ ਖ਼ਾਲਸਾ ਸਾਜਿਆ ਗਿਆ, ਉਹ ਜ਼ਮੀਨ ਗੁਰੂ ਤੇਗ਼ ਬਹਾਦਰ ਜੀ ਨੇ ਮੁਲ ਖ਼ਰੀਦੀ ਸੀ ਤੇ ਉਸ ਦਾ ਨਾਂ ਨਾਨਕੀ ਚੱਕ ਰਖਿਆ ਗਿਆ ਸੀ।

ਸੋ ਇਕ ਵਿਉਂਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕੀ ਚੱਕ ਵਿਚ, ਬਾਬੇ ਨਾਨਕ ਦੇ ਜਨਮ-ਪੁਰਬ ਨੂੰ ਪਵਿੱਤਰ ਸਮਾਂ ਮੰਨ ਕੇ, ਉਸੇ ਦਿਨ ਸਿੱਖੀ ਦਾ ਫ਼ੌਜੀ ਸਰੂਪ ਖ਼ਾਲਸਾ ਵੀ ਸਾਜਿਆ ਜਿਸ ਨਾਲ ਇਹ ਦੋ ਪੁਰਬ ਸਦਾ ਲਈ ਇਕ ਪੁਰਬ ਬਣ ਜਾਂਦੇ ਹਨ ਜਿਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਰਦਾ ਹੈ ਤਾਂ ਉਹ ਕਪੂਤ ਹੀ ਅਖਵਾਏਗਾ। ਗੁਰੂ ਗੋਬਿੰਦ ਸਿੰਘ ਜੀ ਤਾਂ ਬਾਬੇ ਨਾਨਕ ਨੂੰ ਪ੍ਰਮੇਸ਼ਰ ਦੇ ਬਰਾਬਰ ਮੰਨਦੇ ਹਨ ਤੇ ਅਪਣੀ ਸਵੈ-ਜੀਵਨੀ ਵਿਚ ਆਪ ਲਿਖਦੇ ਹਨ ਕਿ 

‘‘ਯਾ ਮੈ ਰੰਚ ਨਾ ਮਿਥਿਆ ਭਾਖੀ॥
ਪਾਰਬ੍ਰਹਮ ਗੁਰ ਨਾਨਕ ਸਾਖੀ।’’

ਸੋ ਉਨ੍ਹਾਂ ਨੇ ਇਕ ਵਿਉਂਤ ਅਨੁਸਾਰ, ਨਾਨਕੀ ਚੱਕ ਦੀ ਧਰਤੀ ਤੇ, ਬਾਬੇ ਨਾਨਕ ਦੇ ਜਨਮ-ਪੁਰਬ ਨਾਲ ਜੋੜ ਕੇ ਖ਼ਾਲਸਾ ਸਾਜਨਾ ਦਾ ਪ੍ਰੋਗਰਾਮ ਰਖਿਆ ਤੇ ਬਾਬੇ ਨਾਨਕ ਦੀ ਇਸ ਬਾਣੀ ਨੂੰ ਅਮਲੀ ਰੂਪ ਦਿਤਾ ਕਿ

‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥’’

ਹੁਣ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਵਿਉਂਤ ਨੂੰ ਸਮਝ ਕੇ ਚਲਿਆ ਜਾਂਦਾ ਤਾਂ ‘ਖ਼ਾਲਸਾ’ ਤੇ ‘ਸਿੱਖ’ ਨੂੰ ਦੋ ਭਾਗਾਂ ਵਿਚ ਵੰਡਣ ਵਾਲੀਆਂ ਕਥਾ-ਕਹਾਣੀਆਂ ਤੇ ਬਾਲੇ ਵਰਗੇ ਲੇਖਕ ਨਹੀਂ ਸਨ ਹੋਂਦ ਵਿਚ ਆਉਣੇ ਤੇ ਜਦ ਤਕ ਇਹ ਨਹੀਂ ਸਨ ਜ਼ਹੂਰ ਵਿਚ ਆਏ, ਤਦ ਤਕ ਸਿੱਖ ਪੰਥ ਚੜ੍ਹਦੀ ਕਲਾ ਵਿਚ ਹੀ ਜਾਂਦਾ ਰਿਹਾ।
ਪਰ ਫਿਰ ਦੋਹਾਂ ਨੂੰ ਵੱਖ ਕਰਨ ਦੀ ਖੇਡ ਕਿਵੇਂ ਸ਼ੁਰੂ ਹੋਈ? ਪੁਜਾਰੀਵਾਦ ਨੇ ਹਰ ਧਰਮ ਉਤੇ ਕਬਜ਼ਾ ਕਰਨ ਲਈ ਅਜਿਹੇ ਨਕਲੀ ਲੇਖਕਾਂ ਦੀ ਇਕ ਫ਼ਸਲ ਸ਼ੁਰੂ ਤੋਂ ਹੀ ਤਿਆਰ ਕੀਤੀ ਹੋਈ ਹੈ ਜੋ ਨਕਲੀ ਕਹਾਣੀਆਂ (ਕਥਾਵਾਂ ਜਾਂ ਮਿਥਿਹਾਸ) ਲਿਖ ਕੇ ਧਰਮ ਦੇ ਸਿੱਧੇ ਮਾਰਗ ਨੂੰ ਮਨ-ਮਰਜ਼ੀ ਦਾ ਮੋੜਾ ਦਿਵਾ ਲੈਂਦੇ ਹਨ ਤੇ ਲੋਕਾਂ ਦੇ ਮਨਾਂ ਅੰਦਰ ਸ਼ੁਰੂ ਵਿਚ ਸ਼ੱਕ ਵੀ ਪੈਦਾ ਨਹੀਂ ਹੋਣ ਦੇਂਦੇ।

ਭਾਈ ਬਾਲਾ ਦੇ ਨਾਂ ’ਤੇ ਹੁੰਦਾਲੀਆਂ ਨੇ ਕਈ ਨਕਲੀ ਘਾੜਤਾਂ ਸਿੱਖ ਧਰਮ ਵਿਚ ਵੀ ਦਾਖ਼ਲ ਕਰ ਦਿਤੀਆਂ ਜਿਨ੍ਹਾਂ ਦਾ ਖੰਡਨ ਭਾਈ ਕਰਮ ਸਿੰਘ ਹਿਸਟੋਰੀਅਨ ਵਰਗੇ ਦਲੇਰ ਇਤਿਹਾਸਕਾਰ ਨੂੰ ਕਰਨਾ ਪਿਆ। ਉਨ੍ਹਾਂ ਨੇ ਹੀ ਪਹਿਲੀ ਵਾਰ ਦਸਿਆ ਕਿ ਭਾਈ ਬਾਲਾ ਨਾਂ ਦਾ ਵਿਅਕਤੀ ਤਾਂ ਕੋਈ ਹੋਇਆ ਹੀ ਨਹੀਂ ਤੇ ਇਹ ਨਾਂ ਘੜ ਕੇ ਸਿੱਖ ਇਤਿਹਾਸ ਨੂੰ ਗ਼ਲਤ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਕਰਮ ਸਿੰਘ ਹਿਸਟੋਰੀਅਨ ਨੇ ਹੀ ਇਕ ਪੁਸਤਕ ਲਿਖ ਕੇ ਇਹ ਨਿਰਣਾ ਵੀ ਦਿਤਾ ਕਿ ਬਾਬੇ ਨਾਨਕ ਦਾ ਜਨਮ ਪੁਰਬ ਵਿਸਾਖ ਵਿਚ ਹੋਇਆ ਸੀ, ਕੱਤਕ ਵਿਚ ਨਹੀਂ। ਸੋ ਵਿਸਾਖ ਵਿਚ ਦੋ ਪੁਰਬ ਇਕੱਠੇ ਹੀ ਮਨਾ ਲੈਣੇ ਬਿਲਕੁਲ ਜਾਇਜ਼ ਹੀ ਸਨ ਤੇ ਇਹ ਗੁਰੂ ਗੋੋੋੋਬਿੰਦ ਸਿੰਘ ਜੀ ਦੀ ਸੋਚ ਨੂੰ ਮੱਥਾ ਟੇਕਣ ਵਾਲੀ ਗੱਲ ਹੀ ਹੋਣੀ ਸੀ। ਪਰ ਫਿਰ ਤਬਦੀਲੀ ਕਿਸ ਨੇ ਕੀਤੀ? ਯਕੀਨਨ ਉਨ੍ਹਾਂ ਨੇ ਹੀ ਕੀਤੀ ਜਿਨ੍ਹਾਂ ਭਾਈ ਬਾਲਾ ਨਾਂ ਦਾ ਬੰਦਾ ਘੜਿਆ ਤੇ ਵਿਸਾਖ ਦੇ ਪੁਰਬ ਨੂੰ ਕੱਤਕ ਦਾ ਪੁਰਬ ਕਹਿ ਦਿਤਾ (ਕੋਈ ਸਬੂਤ ਜਾਂ ਤੱਥ ਦਿਤੇ ਬਗ਼ੈਰ)।

ਸੋ ਸਿੱਖਾਂ ਅੰਦਰ ਸਿੰਘ ਸਭਾ ਲਹਿਰ ਵੇਲੇ ਤੋਂ ਇਹ ਬੇਚੈਨੀ ਚਲ ਰਹੀ ਸੀ ਕਿ ਇਕ ਗ਼ਲਤ ਗੱਲ ਨੂੰ ਠੀਕ ਕਿਉਂ ਨਹੀਂ ਕੀਤਾ ਜਾਂਦਾ? ਅਖ਼ੀਰ ਨਾਨਕਸ਼ਾਹੀ ਕੈਲੰਡਰ ਬਣ ਹੀ ਗਿਆ ਤੇ ਪਾਲ ਸਿੰਘ ਪੁਰੇਵਾਲ ਨੇ ਵੀ ਇਸ ਕੈਲੰਡਰ ਵਿਚ ਲੋੜੀਂਦਾ ਸੱਚ ਲਿਖ ਦਿਤਾ। ਅਕਾਲ ਤਖ਼ਤ ਤੋਂ ਵੀ ਇਸ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰ ਦਿਤਾ ਗਿਆ ਅਤੇ ਪੰਥ ਦੀ ਪ੍ਰਵਾਨਗੀ ਦੀ ਮੋਹਰ ਲਾ ਦਿਤੀ ਗਈ।

ਪਰ ਪੁਜਾਰੀਵਾਦ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸ ਕੋਲ ਹੋਰ ਕੋਈ ਦਲੀਲ ਨਹੀਂ ਸੀ, ਸਿਵਾਏ ਇਸ ਦੇ ਕਿ ਦੋ ਪੁਰਬ ਇਕੋ ਸਮੇਂ ਮਨਾਉਣ ਨਾਲ ਉਨ੍ਹਾਂ ਦੀਆਂ ਗੋਲਕਾਂ ਵਿਚ ਅੱਧੀ ਰਕਮ ਆਉਂਦੀ ਹੈ ਜਦਕਿ ਦੋਹਾਂ ਨੂੰ ਵੱਖ-ਵੱਖ ਸਮੇਂ ਮਨਾਉਣ ਨਾਲ ਉਨ੍ਹਾਂ ਦੀਆਂ ਗੋਲਕਾਂ ਦੋ ਵਾਰ ਭਰ ਜਾਂਦੀਆਂ ਹਨ। ਸੋ ਇਸ ‘ਮਾਇਕ ਲਾਭ’ ਖ਼ਾਤਰ ਉਹ ਇਤਿਹਾਸ ਬਦਲ ਦੇਣ ਨੂੰ ਵੀ ਜਾਇਜ਼ ਦਸਦੇ ਹਨ, ਮਹਾਂਪੁਰਸ਼ਾਂ ਦੀਆਂ ਜਨਮ-ਤਿਥੀਆਂ ਨੂੰ ਬਿਲਕੁਲ ਉਲਟਾ ਦੇਣ ਨੂੰ ਵੀ ਠੀਕ ਕਹਿੰਦੇ ਹਨ ਤੇ ਗ਼ਲਤ ਸਾਖੀਆਂ ਘੜਨ ਨੂੰ ਵੀ ਉਚਿਤ ਕਹਿੰਦੇ ਹਨ।

ਭਾਈ ਕਰਮ ਸਿੰਘ ਹਿਸਟੋਰੀਅਨ, ਪਾਲ ਸਿੰਘ ਪੁਰੇਵਾਲ ਤੇ ਉਨ੍ਹਾਂ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਦੇ ਸ਼ੁਰੂ ਕੀਤੇ ਅੰਦੋਲਨ ਨੂੰ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਟਰੱਸਟ ਨੇ ਹੱਥ ਵਿਚ ਲੈ ਲਿਆ ਹੈ ਤੇ ਮੈਂ ਚਾਹਾਂਗਾ ਕਿ ਸੱਚ ਦੀ ਫ਼ਤਿਹ ਕਰਾਉਣ ਖ਼ਾਤਰ, ਤੁਸੀ ਸਾਰੇ ਹੀ ‘ਉੱਚਾ ਦਰ’ ਵਾਲਿਆਂ ਦਾ ਸਾਥ ਦਿਉ ਤੇ ਅੱਜ 14 ਅਪ੍ਰੈਲ (ਐਤਵਾਰ) ਨੂੰ ਪੁਜ ਕੇ ਅਰੰਭਤਾ ਦੀ ਅਰਦਾਸ ਵਿਚ ਸ਼ਾਮਲ ਹੋਵੋ।

ਪੁਜਾਰੀਵਾਦ ਨੇ ਦਲੀਲ ਦੀ ਗੱਲ ਕਦੇ ਨਹੀਂ ਸੁਣੀ ਤੇ ਨਾ ਕਦੇ ਸੁਣਨੀ ਹੀ ਹੈ। ਉਹ ਤੁਹਾਡੇ ਏਕੇ ਅਤੇ ਦ੍ਰਿੜ੍ਹਤਾ ਅੱਗੇ ਹੀ ਹਾਰਦਾ ਆਇਆ ਹੈ ਤੇ ਹੁਣ ਵੀ ਹਾਰੇਗਾ। ਬਾਬਾ ਨਾਨਕ ਨੇ ਆਪ ਇਹ ਲੜਾਈ ਹਰ ਧਰਮ ਦੇ ਪੁਜਾਰੀਆਂ ਨਾਲ ਲੜ ਕੇ ਤੇ ਫ਼ਤਿਹ ਪ੍ਰਾਪਤ ਕਰ ਕੇ ਸਾਡੇ ਹੌਸਲੇ ਵਧਾਏ ਸਨ। ਸਾਨੂੰ ਦੋਚਿੱਤੀ ਵਿਚ ਨਹੀਂ ਪੈਣਾ ਚਾਹੀਦਾ। ਵਾਹਿਗੁਰੂ ਤੁਹਾਡੇ ਅੰਗ-ਸੰਗ ਰਿਹਾ ਹੈ ਤੇ ਸਦਾ ਰਹੇਗਾ।