ਇਮਰਾਨ ਖਾਨ ਦੀ ਦੁਰਗੱਤ ਵੇਖ ਕੇ 1947 ਤੋਂ ਪਹਿਲਾਂ ਦੇ ਅਕਾਲੀ ਲੀਡਰਾਂ ਨੂੰ ‘ਥੈਂਕ ਯੂ’ ਕਹਿਣ ਨੂੰ ਜੀਅ ਕਰ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਰਤਾਨੀਆਂ ਦਾ ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਲ, ਹਿੰਦੁਸਤਾਨ-ਪਾਕਿਸਤਾਨ ਨੂੰ ਆਜ਼ਾਦੀ ਦੇਣ ਦਾ ਸਖ਼ਤ ਵਿਰੋਧ ਕਰਦਾ ਸੀ

photo

 

ਬਰਤਾਨੀਆਂ ਦਾ ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਲ, ਹਿੰਦੁਸਤਾਨ-ਪਾਕਿਸਤਾਨ ਨੂੰ ਆਜ਼ਾਦੀ ਦੇਣ ਦਾ ਸਖ਼ਤ ਵਿਰੋਧ ਕਰਦਾ ਸੀ ਤੇ ਉਸ ਦੀ ਦਲੀਲ ਇਹ ਹੁੰਦੀ ਸੀ ਕਿ ਉਹ ਆਜ਼ਾਦੀ ਦੀ ਲੜਾਈ ਲੜਨ ਵਾਲੇ ਲੀਡਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਸ ਨੂੰ ਯਕੀਨ ਹੈ ਕਿ ਹਿੰਦੂ ਤੇ ਮੁਸਲਮਾਨ ਲੀਡਰਾਂ, ਦੁਹਾਂ ਵਿਚ ਏਨੀ ਕਾਬਲੀਅਤ ਨਹੀਂ ਕਿ ਦੇਸ਼ ਨੂੰ ਸੰਭਾਲ ਸਕਣ। ਉਹ ਖੁਲ੍ਹ ਕੇ ਕਹਿੰਦਾ ਸੀ ਕਿ ਇਹ ਲੋਕ ਕੁੱਝ ਸਾਲਾਂ ਵਿਚ ਹਿੰਦੁਸਤਾਨ ਨੂੰ ਤਬਾਹ ਕਰ ਕੇ ਰੱਖ ਦੇਣਗੇ। ਲਾਰਡ ਐਟਲੀ ਸੱਤਾ ਵਿਚ ਨਾ ਆਉਂਦਾ ਤਾਂ ਚਰਚਲ ਨੇ ਅਜੇ ਕੁੱਝ ਸਮਾਂ ਹੋਰ ਆਜ਼ਾਦੀ ਰੋਕੀ ਰਖਣੀ ਸੀ। 

ਚਰਚਲ ਦੀਆਂ ਦਲੀਲਾਂ ਸੁਣ ਕੇ ਜਿਨ੍ਹਾਂ ਆਮ ਦੇਸ਼ਵਾਸੀਆਂ ਨੂੰ ਗੁੱਸਾ ਚੜ੍ਹ ਜਾਂਦਾ ਸੀ, ਮੈਂ ਛੋਟੇ ਹੁੰਦਿਆਂ ਉਨ੍ਹਾਂ ਦੇ ਮੂੰਹੋਂ ਹੀ ਇਹ ਸੁਣਦਾ ਆ ਰਿਹਾ ਹਾਂ ਕਿ ਚਰਚਲ ਪੂਰੀ ਤਰ੍ਹਾਂ ਗ਼ਲਤ ਨਹੀਂ ਸੀ ਤੇ ਝੂਠ ਨਹੀਂ ਸੀ ਬੋਲਦਾ। ਆਰਥਕ ਤੰਗੀਆਂ ਵਿਚੋਂ ਤਾਂ ਸਾਰੇ ਹੀ ਨਵੇਂ ਆਜ਼ਾਦ ਹੋਏ ਦੇਸ਼ਾਂ ਨੂੰ ਲੰਘਣਾ ਪੈਂਦਾ ਹੈ ਪਰ ਰਾਜਸੀ ਪਿਛੜੇਪਨ ਜਾਂ ਫ਼ਿਰਕੂਪੁਣੇ ਦਾ ਜੋ ਵਿਖਾਵਾ, ਆਜ਼ਾਦੀ ਮਿਲਦਿਆਂ ਹੀ ਕੀਤਾ ਗਿਆ, ਉਹ ਪ੍ਰੇਸ਼ਾਨ ਕਰ ਦੇਣ ਵਾਲਾ ਸੀ। ਆਜ਼ਾਦੀ ਦੀ ਲੜਾਈ ਵਿਚ ਸੱਭ ਤੋਂ ਵੱਧ ਕੁਰਬਾਨੀਆਂ (70 ਤੋਂ 80 ਫ਼ੀ ਸਦੀ ਤਕ) ਇਕੱਲੇ ਸਿੱਖਾਂ ਨੇ ਹੀ ਕੀਤੀਆਂ ਪਰ ਦੇਸ਼ ਆਜ਼ਾਦ ਹੁੰਦਿਆਂ ਹੀ ਸਿੱਖਾਂ ਦੇ ਲੀਡਰ ਨੂੰ ਦੇਸ਼  ਦੇ ਪ੍ਰਧਾਨ ਮੰਤਰੀ ਨੇ ਖੁਲ੍ਹ ਕੇ ਕਹਿ ਦਿਤਾ ਕਿ ‘‘ਮਾਸਟਰ ਜੀ, ਆਜ਼ਾਦੀ ਸੇ ਪਹਿਲੇ ਕੀਏ ਗਏ ਵਾਅਦੇ ਅਬ ਆਪ ਭੂਲ ਜਾਈਏ। ਵਕਤ ਬਦਲ ਗਿਆ ਹੈ। ਆਪ ਭੀ ਬਦਲੇ ਹੂਏ ਹਾਲਾਤ ਕੇ ਮੁਤਾਬਕ ਅਪਨੀ ਮਾਂਗੇਂ ਬਦਲ ਲੇਂ।’’ ਇਹ ਉਹੀ ਜਵਾਹਰ ਲਾਲ ਸੀ ਜਿਸ ਨੇ ਕਲਕੱਤਾ ਵਿਚ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਸੀ ਕਿ, ‘‘ਦੇਸ਼ ਦੇ ਉਤਰੀ ਭਾਗ ਵਿਚ ਸਿੱਖਾਂ ਲਈ ਇਕ ਅਜਿਹਾ ਖ਼ਿੱਤਾ ਤੇ ਵਾਤਾਵਰਣ ਬਣਾਉਣ ਵਿਚ ਕੋਈ ਹਰਜ ਨਹੀਂ ਹੋਵੇਗਾ ਜਿਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣ।’’ ਮਹਾਤਮਾ ਗਾਂਧੀ ਨੇ ਇਸ ਤੋਂ ਵੀ ਅੱਗੇ ਜਾ ਕੇ ਕਿਹਾ ਸੀ ਕਿ ਆਜ਼ਾਦ ਭਾਰਤ ਵਿਚ ਅਜਿਹਾ ਕੋਈ ਸੰਵਿਧਾਨ ਨਹੀਂ ਬਣਾਇਆ ਜਾਏਗਾ ਜਿਸ ਦੀ ਪ੍ਰਵਾਨਗੀ ਸਿੱਖ ਨਹੀਂ ਦੇਣਗੇ।

ਸਿੱਖਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਦਿਤੇ ਗਏ। ਜਿਹੜੇ ਮੁਸਲਮਾਨ ਪਾਕਿਸਤਾਨ ਜਾਣ ਦੀ ਬਜਾਏ, ਹਿੰਦੁਸਤਾਨ ਨੂੰ ਹੀ ਅਪਣਾ ਦੇਸ਼ ਬਣਾਉਣ ਲਈ ਇਥੇ ਰੁਕ ਗਏ, ਉਨ੍ਹਾਂ ਨੂੰ ਤਾਂ ਵਾਅਦੇ ਯਾਦ ਕਰਵਾਉਂਦਿਆਂ ਹੀ ਇਹ ਕਹਿ ਕੇ ਚੁੱਪ ਕਰਾ ਦਿਤਾ ਜਾਂਦਾ ਕਿ ਇਹ ਤਾਂ ਜਿਨਾਹ ਦੇ ‘ਲੀਗੀ’ ਹਨ ਜਿਨ੍ਹਾਂ ਨੂੰ ਜਿਨਾਹ ਨੇ ਹਿੰਦੁਸਤਾਨ ਵਿਚ ਇਸ ਲਈ ਛਡਿਆ ਹੈ ਤਾਕਿ ਇਹ ਹਿੰਦੁਸਤਾਨ ਵਿਚ ਇਕ ਹੋਰ ‘ਪਾਕਿਸਤਾਨ’ ਬਣਵਾ ਸਕਣ। 

ਸ਼ੁਰੂ ਦੇ ਇਹ ਸੰਕੇਤ, ਸਪੱਸ਼ਟ ਸੁਨੇਹਾ ਦੇਂਦੇ ਸਨ ਕਿ ਇਸ ਦੇਸ਼ ਕੋਲ ਕੁਦਰਤੀ ਜ਼ਖ਼ੀਰੇ ਏਨੇ ਜ਼ਿਆਦਾ ਹਨ ਕਿ ਇਹ ਗ਼ਰੀਬ ਤਾਂ ਸ਼ਾਇਦ ਨਹੀਂ ਰਹੇਗਾ ਪਰ ਇਥੇ ਘੱਟ-ਗਿਣਤੀਆਂ ਨੂੰ ਸਦਾ ਸ਼ੱਕ ਦੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਰਹੇਗਾ। 

ਉਧਰ ਸਰਹੱਦ ਪਾਰ, ਪਾਕਿਸਤਾਨ ਦੇ ਲੀਡਰਾਂ ਨੇ ਵੀ ਸ਼ੁਰੂ ਵਿਚ ਹੀ ਵਿਖਾ ਦਿਤਾ ਕਿ ਉਹ ਵੀ ਅਪਣੀਆਂ ਘੱਟ-ਗਿਣਤੀਆਂ ਜਾਂ ਵਖਰੀ ਸੋਚ ਵਾਲੇ ਮੁਸਲਮਾਨਾਂ ਨਾਲ ਵੀ ਚੰਗਾ ਸਲੂਕ ਕਦੇ ਨਹੀਂ ਕਰਨਗੇ। ਉਹੀ ਹੋਇਆ ਤੇ ਅੱਜ 70 ਸਾਲ ਬਾਅਦ ਵੀ ਉਨ੍ਹਾਂ ਦੇ ਕੱਟੜ ਰਵਈਏ ਵਿਚ ਕੋਈ ਤਬਦੀਲੀ ਨਹੀਂ ਆਈ। ਪਾਕਿਸਤਾਨ ਵਿਚ ਸਿੰਧੀ ਹਿੰਦੂਆਂ ਨਾਲ ਦੂਜੇ ਦਰਜੇ ਦਾ ਸਲੂਕ ਅੱਜ ਵੀ ਜਾਰੀ ਹੈ। ਬੰਗਾਲੀ ਮੁਸਲਮਾਨਾਂ ਉਤੇ ਉਰਦੂ ਥੋਪਣ ਦਾ ਜਨੂੰਨ ਏਨਾ ਪ੍ਰਬਲ ਹੋ ਗਿਆ ਕਿ ਬੰਗਾਲੀ ਮੁਸਲਮਾਨ ਵੀ ਪਾਕਿਸਤਾਨ ਵਿਚ  ਨਾ ਰਹਿ ਸਕੇ ਤੇ ਬੰਗਲਾਦੇਸ਼ ਲੈ ਕੇ ਤੇ ਪਾਕਿਸਤਾਨ ਤੋਂ ਵੱਖ ਹੋ ਕੇ ਹੀ ਸ਼ਾਂਤ ਹੋਏ। ਪਖ਼ਤੂਨਾਂ ਦੇ ਲੀਡਰ ਖ਼ਾਨ ਅਬਦੁਲ ਗ਼ਫ਼ਾਰ ਖ਼ਾਂ ਨਾਲ ਪਾਕਿਸਤਾਨ ਵਿਚ ਉਹੀ ਸਲੂਕ ਕੀਤਾ ਜਾਂਦਾ ਰਿਹਾ ਹੈ ਜਿਹੜਾ ਸਲੂਕ ਇਧਰ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨਾਲ ਕੀਤਾ ਗਿਆ। ਸ: ਕਪੂਰ ਸਿੰਘ ਆਈ.ਏ.ਐਸ ਨੇ ਜਦੋਂ ‘ਸਾਚੀ ਸਾਖੀ’ ਰਾਹੀਂ  ਇਹ ਵਿਚਾਰ ਦਿਤਾ ਕਿ ਮਾ: ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੂੰ ‘ਪਾਕਿਸਤਾਨ ਅੰਦਰ ਸਿੱਖ ਸਟੇਟ’ ਦੀ ਪੇਸ਼ਕਸ਼ ਮੰਨ ਲੈਣੀ ਚਾਹੀਦੀ ਸੀ ਤਾਂ ਮੈਂ ਉਨ੍ਹਾਂ ਨੂੰ ਪੁਛਿਆ ਸੀ ਕਿ ਜਿਹੜੇ ਪਾਕਿਸਤਾਨ ਨੇ ਅਪਣੇ ਅੰਦਰ ਬੰਗਾਲੀ ਮੁਸਲਮਾਨਾਂ ਦਾ ਜੀਣਾ ਹਰਾਮ ਕਰ ਦਿਤਾ ਸੀ, ਉਸ ਨੇ ਦੋ ਚਾਰ ਸਾਲ ਵਿਚ ਹੀ ਸਿੱਖਾਂ ਦਾ ਜੀਣਾ ਹਰਾਮ ਕਿਉਂ ਨਹੀਂ ਸੀ ਕਰਨਾ? ਉਨ੍ਹਾਂ ਕੋਲ ਕੋਈ ਉੱਤਰ ਨਹੀਂ ਸੀ। ਉਸ ਮਗਰੋਂ ਪਾਕਿਸਤਾਨੀਆਂ ਨੇ ਅਪਣੇ ਲੀਡਰਾਂ ਨਾਲ ਜੋ ਕੀਤਾ, ਉਸ ਨੂੰ ਵੇਖ ਕੇ ਤਾਂ ਕਿਸੇ ਨੂੰ ਵੀ ਕੋਈ ਉੱਤਰ ਨਹੀਂ ਸੁਝ ਸਕਦਾ।

ਸ. ਕਪੂਰ ਸਿੰਘ ਅੰਗਰੇਜ਼ੀ ਰਾਜ ਵਿਚ ਅਫ਼ਸਰ ਸਨ ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਜੇ ਉਹ ਪਾਕਿਸਤਾਨ ਅੰਦਰ ਸਿੱਖ ਰਾਜ ਦੀ ਮੰਗ ਅਕਾਲੀ ਲੀਡਰਾਂ ਕੋਲੋਂ ਮਨਵਾ ਕੇ ਪਾਕਿਸਤਾਨ ਦੀ ਹੱਦ ਗੁੜਗਾਉਂ ਤਕ ਲਿਜਾਣ ਵਿਚ ਕਾਮਯਾਬੀ ਹਾਸਲ ਕਰ ਵਿਖਾਉਣ ਤਾਂ ਉਨ੍ਹਾਂ ਨੂੰ ਪਾਕਿਸਤਾਨ ਅੰਦਰ ਸਿੱਖ ਸਟੇਟ ਦਾ ਪਹਿਲਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਾ ਦਿਤਾ ਜਾਏਗਾ। ਅਕਾਲੀ ਲੀਡਰਾਂ ਨੇ ਚੰਗਾ ਕੀਤਾ ਕਿ ਸ: ਕਪੂਰ ਸਿੰਘ ਦੀ ਕੋਈ ਗੱਲ ਨਾ ਸੁਣੀ ਤੇ ਇਸ ਬਦਲੇ ਕਪੂਰ ਸਿੰਘ ਨੇ ਸਿੱਖ ਲੀਡਰਾਂ ਨੂੰ ਅਪਣੀ ਕਿਤਾਬ ਵਿਚ ਗਾਲਾਂ ਵੀ ਚੰਗੀਆਂ ਕਢੀਆਂ ਪਰ ਪਾਕਿਸਤਾਨ ਵਾਲੇ ਜੋ ਹਾਲ  ਅਪਣੇ ਹੀ ਲੀਡਰਾਂ ਦਾ ਜਾਂ ਵਖਰੀ ਗੱਲ ਕਰਨ ਵਾਲੇ ਮੁਸਲਮਾਨਾਂ ਤੇ ਗ਼ੈਰ-ਮੁਸਲਮਾਂ ਦਾ ਕਰਦੇ ਹਨ, ਉਸ ਨੂੰ ਵੇਖ ਕੇ ਲਗਦਾ ਨਹੀਂ ਕਿ ਕੋਈ ਵੀ ਅਕਲਮੰਦ ਕੌਮ ਪਾਕਿਸਤਾਨ ਦੇ ਅਧੀਨ ਰਹਿਣ ਦੀ ਗੱਲ ਸੋਚ ਵੀ ਸਕਦੀ ਹੈ। ਪਾਕਿਸਤਾਨ ਦੇ ਹੱਕ ਵਿਚ ਤੇ ਭਾਰਤ ਵਿਰੁਧ ਯੂ.ਐਨ.ਓ. ਵਿਚ ਜਿਹੜੇ ਵੀ ਵੱਡੇ ਪਾਕਿਸਤਾਨੀ ਲੀਡਰਾਂ ਨੇ ਧੂਆਂਧਾਰ ਤਕਰੀਰਾਂ ਕੀਤੀਆਂ, ਉਨ੍ਹਾਂ ਸਾਰਿਆਂ ਦਾ ਉਨ੍ਹਾਂ ਦੇ ਅਪਣੇ ਦੇਸ਼ ਵਿਚ ਕੀ ਹਾਲ ਹੋਇਆ? ਸਾਰੇ ਜੇਲ੍ਹਾਂ ਵਿਚ ਸੜਦੇ ਰਹੇ, ਬੇਗ਼ਮ ਭੁੱਟੋ ਨੂੰ ਕਤਲ ਕਰ ਦਿਤਾ ਗਿਆ, ਜ਼ੁਲਫ਼ਕਾਰ ਅਲੀ ਭੁੱਟੋ ਨੂੰ ਫਾਂਸੀ ’ਤੇ ਚੜ੍ਹਾ ਦਿਤਾ ਗਿਆ, ਜਨਰਲ ਮੁਸ਼ੱਰਫ਼ ਨੇ ਭੱਜ ਕੇ ਜਾਨ ਬਚਾਈ ਤੇ ਹੁਣ ਕਲ ਤਕ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਆਮ ਮੁਲਜ਼ਮ ਵਾਂਗ, ਅਦਾਲਤ ਵਿਚੋਂ ਘਸੀਟ ਕੇ ਜੇਲ੍ਹ ਵਿਚ ਸੁਟ ਦਿਤਾ ਗਿਆ ਤੇ ਕੈਦ ਵਿਚ ਡੰਡੇ ਵੀ ਮਾਰੇ ਗਏ। 

‘ਥੈਂਕ ਯੂ’ 1947 ਤੋਂ ਪਹਿਲਾਂ ਦੇ ਅਕਾਲੀ ਲੀਡਰੋ! ਤੁਸੀ ਸ: ਕਪੂਰ ਸਿੰਘ ਵਰਗਿਆਂ ਦੇ ਵਰਗਲਾਵੇ ਵਿਚ ਆ ਕੇ ਸਿੱਖਾਂ ਨੂੰ ਪਾਕਿਸਤਾਨ ਹੱਥੋਂ ਜ਼ਲੀਲ ਕਰਵਾ ਕੇ ਮਰਵਾਉਣ ਤੋਂ ਬਚਾ ਲਿਆ, ਭਾਵੇਂ ਕਪੂਰ ਸਿੰਘ ਦਾ ਉਸ ਫ਼ਰਜ਼ੀ ‘ਸਿੱਖ ਸਟੇਟ’ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਜ਼ਰੂਰ ਚਕਨਾਚੂਰ ਕਰ ਦਿਤਾ।

ਹਿੰਦੁਸਤਾਨ ਦੀ ਹਾਲਤ ਬਾਰੇ ਮੈਂ ਉਪਰ ਲਿਖ ਹੀ ਆਇਆ ਹਾਂ ਪਰ ਇਹ ਪਾਕਿਸਤਾਨ ਨਾਲੋਂ ਹਜ਼ਾਰ ਗੁਣਾਂ ਚੰਗੀ ਹੈ। ਉਂਜ ਏਸ਼ੀਆ ਤੇ ਅਰਬ ਸੰਸਾਰ, ਸਾਰਾ ਹੀ ਗ਼ੈਰ-ਧਰਮਾਂ ਵਾਲਿਆਂ ਲਈ ਤੇ ਲੋਕ-ਰਾਜ ਦਾ ਬੂਟਾ ਪਲਰਨ ਲਈ ਚੰਗੀ ਤੇ ਢੁਕਵੀਂ ਧਰਤੀ ਨਹੀਂ ਸਾਬਤ ਹੋਇਆ। ਇਸੇ ਲਈ 95 ਫ਼ੀ ਸਦੀ ਬੱਚੇ ਅੱਜ ਵੀ ਪਛਮੀ ਦੇਸ਼ਾਂ ਵਿਚ ਹੀ ਜਾਣਾ ਲੋਚਦੇ ਹਨ ਤੇ ਉਥੇ ਜਾ ਕੇ ਉਥੇ ਹੀ ਰਹਿ ਜਾਣ ਲਈ ਤਰਲੇ ਮਾਰਦੇ ਰਹਿੰਦੇ ਹਨ। ਕੁੱਝ ਤਾਂ ਹੈ ਜਿਸ ਕਾਰਨ ਸਾਡੇ ਬੱਚੇ ਵੀ ਕੇਵਲ ਤੇ ਕੇਵਲ ਪਛਮੀ ਦੇਸ਼ਾਂ ਵਿਚ ਹੀ ਵਸ ਜਾਣਾ ਚਾਹੁੰਦੇ ਹਨ।