ਅਕਾਲੀ ਦਲ ਨੂੰ ਮਜ਼ਬੂਤ ਬਣਾਉਣਾ ਬੱਚਿਆਂ ਦੀ ਖੇਡ ਨਹੀਂ, ਅਕਾਲ ਤਖ਼ਤ ਪਿਛੇ ਲੁਕ ਛੁਪ ਕੇ ‘ਮੈਂ ਸਿੱਖਾਂ ਦਾ ਲੀਡਰ’ ਵਾਲਾ ਮੰਤਰ ਪੜ੍ਹਦੇ ਰਹੇ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਸੁਖਬੀਰ ਬਾਦਲ ਬੱਚਿਆਂ ਵਾਂਗ ਪ੍ਰਧਾਨਗੀ ਨੂੰ ‘ਚੀਜੀ’ ਸਮਝ ਕੇ ਨਾ ਅੜ ਬੈਠੇ ਤਾਂ ਰਾਹੁਲ ਤੋਂ ਪਹਿਲਾਂ ਉਹ ਸੱਤਾ ਵਿਚ-ਵਾਪਸੀ ਕਰ ਸਕਦਾ ਹੈ
ਸੁਖਬੀਰ ਬਾਦਲ ਨੂੰ ਮੈਂ ਨੇੜਿਉਂ ਵੇਖਿਆ ਹੈ। ਵੱਡੇ ਬਾਦਲ ਨੂੰ ਹੋਰ ਵੀ ਨੇੜਿਉਂ ਹੋ ਕੇ ਵੇਖਿਆ ਹੈ। ਅਪਣੇ ਪਿਤਾ ਨਾਲੋਂ ਹਜ਼ਾਰ ਗੁਣਾਂ ਚੰਗਾ ਮਨੁੱਖ ਹੈ ਸੁਖਬੀਰ ਬਾਦਲ। ਨਿਜੀ ਤੌਰ ’ਤੇ ਭਾਵੇਂ ਪਿਤਾ ਪ੍ਰਤੀ ਸ਼ਰਧਾ ਬਣਾਈ ਰੱਖੇ ਪਰ ਸਿਆਸਤ ਵਿਚ ਪਿਤਾ ਦਾ ਨਾਂ ਲੈਣਾ ਹੁਣ ਘਾਟੇ ਵਾਲਾ ਸੌਦਾ ਬਣ ਗਿਆ ਹੈ। ਬਾਗ਼ੀ ਆਗੂਆਂ ’ਚੋਂ ਕਾਫ਼ੀ ਸੂਝਵਾਨ ਲਗਦੇ ਅਕਾਲੀ ਆਗੂ ਵਡਾਲਾ ਦੇ ਕਥਨ ਵਿਚ ਬੜੀ ਵੱਡੀ ਸੱਚਾਈ ਛੁਪੀ ਹੈ ਕਿ ਪਿਛਲੀਆਂ ਚੋਣਾਂ ਵਿਚ ਵੱਡੇ ਬਾਦਲ ਦਾ ਨਾਂ, ਅਕਾਲੀ ਉਮੀਦਵਾਰਾਂ ਨੂੰ ਵੋਟਾਂ ਦਿਵਾ ਦਿੰਦਾ ਸੀ ਪਰ ਹੁਣ ਵੱਡੇ ਬਾਦਲ ਦਾ ਨਾਂ ਸੁਣ ਕੇ, ਲੋਕ ਵੋਟਾਂ ਦੇਣ ਤੋਂ ਨਾਂਹ ਕਰ ਦੇਂਦੇ ਹਨ।
ਪਰ ਸੁਖਬੀਰ ਬਾਦਲ ਉਹ ਬੱਚਾ ਹੈ ਜੋ ਬਾਪ ਪ੍ਰਤੀ ਸ਼ਰਧਾ ਦੇ ਸਾਹਮਣੇ ਨਜ਼ਰ ਆਉਂਦੀ ਵੱਡੀ ਸਚਾਈ ਵੇਖ ਨਹੀਂ ਸਕਦਾ। ਉਹਦੇ ‘ਬਚਪਨੇ’ ਦੀਆਂ ਕਈ ਗੱਲਾਂ ਮੈਨੂੰ ਯਾਦ ਆ ਰਹੀਆਂ ਹਨ। ਇਕ ਦਾ ਹੀ ਜ਼ਿਕਰ ਕਰਾਂਗਾ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਦੇ ਬਾਹਰ ਇਨ੍ਹਾਂ ‘ਵੱਡੀ’ ਕਾਨਫ਼ਰੰਸ ਰੱਖੀ। ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ। ਲੋਕੀ ਆਏ ਹੀ ਨਾ ਯਾਨੀ ਬਹੁਤ ਥੋੜੇ ਆਏ, ਉਨ੍ਹਾਂ ’ਚੋਂ ਵੀ ਬਹੁਤੇ ਮੋਨੇ ਬਿਹਾਰੀ ਖੇਤ ਮਜ਼ਦੂਰ ਹੀ ਸਨ।
ਸਟੇਜ ਤੇ ਘੁਸ-ਮੁਸ ਹੋਈ ਤੇ ਬੀਬੀ ਜਗੀਰ ਕੌਰ ਨੇ ਮਾਈਕ ’ਤੇ ਕਹਿ ਦਿਤਾ ਕਿ ‘‘ਸਪੋਕਸਮੈਨ ਨੇ ਸਾਡੇ ਪਿਤਾ ਸਮਾਨ ਬਾਦਲ ਸਾਹਿਬ ਵਿਰੁਧ ਲਿਖਣਾ ਬੰਦ ਨਾ ਕੀਤਾ ਤਾਂ ਅਸੀ ਇਹ ਕਰ ਦਿਆਂਗੇ, ਔਹ ਕਰ ਦਿਆਂਗੇ।’’ ਉਸ ਤੋਂ ਬਾਅਦ ਦੋ ਹੋਰ ਅਕਾਲੀ ਆਗੂ ਬੋਲੇ ਤੇ ਉਨ੍ਹਾਂ ਵੀ ‘ਪਿਤਾ ਸਮਾਨ’ ਬਾਦਲ ਸਾਹਿਬ ਨੂੰ ਲੈ ਕੇ ਸਪੋਕਸਮੈਨ ਨੂੰ ਬਹੁਤ ਬੁਰਾ ਭਲਾ ਕਿਹਾ। ਪਰ ਹੱਦ ਉਦੋਂ ਹੋ ਗਈ ਜਦ ਸੁਖਬੀਰ ਬਾਦਲ ਨੇ ਵੀ ਆ ਕੇ ‘ਪਿਤਾ ਸਮਾਨ’ ਬਾਦਲ ਸਾਹਿਬ ਵਿਰੁਧ ਲਿਖਣ ਨੂੰ ਹੀ ਕਾਨਫ਼ਰੰਸ ਦੀ ਨਾਕਾਮੀ ਦਾ ਕਾਰਨ ਦਸ ਦਿਤਾ। ਚਲੋ ਉਹ ਤਾਂ ਕੋਈ ਨਵੀਂ ਗੱਲ ਨਹੀਂ ਸੀ ਪਰ ਬਾਦਲ ਸਾਹਿਬ, ਸੁਖਬੀਰ ਦੇ ਸਚਮੁਚ ਦੇ ਪਿਤਾ ਸਨ, ਉਹ ਉਨ੍ਹਾਂ ਦੇ ‘ਪਿਤਾ ਸਮਾਨ’ ਕਿਵੇਂ ਬਣ ਗਏ? ਅਸੀ ਟੀਵੀ ਤੇ ਪ੍ਰੋਗਰਾਮ ਵੇਖ ਤੇ ਸੁਣ ਰਹੇ ਸੀ। ਮੇਰੀ ਪਤਨੀ ਨੂੰ ਵੀ ਹਾਸਾ ਆ ਗਿਆ। ਮੈਂ ਕਿਹਾ, ‘‘ਕੋਈ ਨਹੀਂ, ਸੁਖਬੀਰ ਹੁਰਾਂ ਉਤੇ ਕਈ ਵਾਰ ਗੰਭੀਰ ਮਸਲਿਆਂ ਤੇ ਗੱਲ ਕਰਨ ਸਮੇਂ ਵੀ ਉਨ੍ਹਾਂ ਦਾ ਬਚਪਨਾ ਭਾਰੂ ਹੋ ਜਾਂਦੈ ਤੇ ਉਹ ਤੋਤਲੀ ਭਾਸ਼ਾ ਵਿਚ ਗੱਲ ਕਰਨ ਲਗਦੇ ਨੇ....।
ਪਰ ਇਸ ਵੇਲੇ ਤਾਂ ਸਾਰੇ ਅਕਾਲੀ ਹੀ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਨੂੰ ਬੱਚਿਆਂ ਵਾਂਗ ਤੋਤਲੀ ਭਾਸ਼ਾ ਵਿਚ ਕੀਤੀ ਜਾਣ ਵਾਲੀ ਗੱਲ ਹੀ ਸਮਝ ਰਹੇ ਹਨ। ਕਦੀ ਕਹਿੰਦੇ ਹਨ ਸਾਰੀਆਂ ਗ਼ਲਤੀਆਂ ਦੀ ਮਾਫ਼ੀ ਮੰਗ ਲੈਂਦੇ ਹਾਂ, ਕਦੇ ‘‘ਜਾਣੇ ਅਣਜਾਣੇ ਹੋਈਆਂ ਗ਼ਲਤੀਆਂ’ ਦੀ ਮਾਫ਼ੀ ਦੀ ਗੱਲ ਕਰਨ ਲਗਦੇ ਹਨ ਤੇ ਕਦੇ ਚਾਰ ਕੁ ਗ਼ਲਤੀਆਂ ਦੀ ਮਾਫ਼ੀ ’ਤੇ ਆ ਕੇ ਹੀ ਰੁਕ ਜਾਂਦੇ ਹਨ।
ਯਾਰੋ ਜਿਨ੍ਹਾਂ ਕੋਲ ਅਪਣੇ ਪਾਪ ਲੁਕਾਉਣ ਵਾਲਾ ਅਕਾਲ ਤਖ਼ਤ ਨਹੀਂ ਹੁੰਦਾ, ਉਹ ਕੀ ਕਰਦੇ ਹਨ? ਉਨ੍ਹਾਂ ਨੇ ਜਿਨ੍ਹਾਂ ਨਾਲ ਜ਼ਿਆਦਤੀ ਕੀਤੀ ਹੁੰਦੀ ਹੈ, ਉਨ੍ਹਾਂ ਕੋਲੋਂ ਸਿੱਧੇ ਰੂਪ ਵਿਚ ਜਾ ਕੇ ਮਾਫ਼ੀ ਮੰਗਦੇ ਹਨ ਤੇ ਨਾਲ ਹੀ ਚੰਗਾ-ਚੋਖਾ ਹਰਜਾਨਾ ਵੀ ਦੇ ਦੇਂਦੇ ਹਨ ਤਾਕਿ ਅਗਲਾ ਸਚਮੁਚ ਸ਼ਾਂਤ ਹੋ ਜਾਏ ਤੇ ਬੀਤੇ ਦੇ ਦੁਖ ਨੂੰ ਸਚਮੁਚ ਹੀ ਭੁਲ ਜਾਵੇ। ਅਮਰੀਕਾ, ਬਰਤਾਨੀਆ, ਕੈਨੇਡਾ ਤੇ ਹੋਰ ਤਾਕਤਾਂ ਨੇ ਵੀ ਸਿੱਧੀ ਉਨ੍ਹਾਂ ਕੋਲੋਂ ਮਾਫ਼ੀ ਮੰਗੀ ਜਿਨ੍ਹਾਂ ਉਤੇ ਜ਼ੁਲਮ ਕੀਤਾ ਸੀ। ਪਰ ਕਬੀਰ ਸਾਹਿਬ ਨੇ ਗਿਲਾ ਕੀਤਾ ਹੈ ਕਿ ‘ਲੋਗਨ ਰਾਮ ਖਿਲੌਨਾ ਜਾਨਾ’ ਅਰਥਾਤ ਲੋਕਾਂ ਨੇ ਤਾਂ ਰਾਮ ਨੂੰ ਖਿਡੌਣਾ ਬਣਾ ਧਰਿਆ ਹੈ -- ਸੌ ਪਾਪ ਕਰ ਕੇ ਵੀ ਪਛਤਾਵਾ ਨਹੀਂ ਕਰਦੇ ਸਗੋਂ ਰਾਮ ਕਥਾ ਦਾ ਪਾਠ ਪੰਡਤ ਕੋਲੋਂ ਕਰਵਾ ਕੇ ਤੇ ਕੁੱਝ ਦਕਸ਼ਣਾ ਦੇ ਕੇ ਕਹਿੰਦੇ ਹਨ ਕਿ ਰਾਮ ਨੇ ਸੱਭ ਪਾਪ ਧੋ ਦਿਤੇ ਹਨ। ਇਸੇ ਤਰ੍ਹਾਂ ਅਕਾਲੀਆਂ ਨੇ ਵੀ ਅਕਾਲ ਤਖ਼ਤ ਨੂੰ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਅਕਾਲ ਤਖ਼ਤ ਨੂੰ ਕੇਵਲ ਦੋ ਕੰਮਾਂ ਲਈ ਵਰਤੋਗੇ ਤਾਂ ਫ਼ਾਇਦਾ ਹੋ ਵੀ ਸਕਦਾ ਹੈ ਤੇ ਉਹ ਦੋ ਕੰਮ ਕੇਵਲ ਇਹ ਹਨ ਕਿ ਖ਼ਾਲਸਾ ਪੰਥ ਦੀ ਪ੍ਰਭੂਸੱਤਾ ਦਾ ਇਥੋਂ ਗਰਜਵਾਂ ਐਲਾਨ ਹੁੰਦਾ ਰਿਹਾ ਕਰੇ -- ਸਿੱਖਾਂ ਲਈ ਵੀ ਤੇ ਗ਼ੈਰ-ਸਿੱਖਾਂ ਲਈ ਵੀ ਤੇ ਸਿੱਖ ਪੰਥ ਨੂੰ ਮਾਂ-ਬਾਪ ਵਾਲਾ ਪਿਆਰ ਦੇ ਕੇ ਇਥੋਂ ਏਕਤਾ ਦੇ ਧਾਗੇ ਵਿਚ ਪਰੋਈ ਰਖਿਆ ਜਾਵੇ।
ਪ੍ਰਭੂਸੱਤਾ ਦਾ ਮਤਲਬ ਹੈ ਕਿ ਪੰਥ ਆਜ਼ਾਦ ਪ੍ਰਭੂਸੱਤਾ ਦਾ ਮਾਲਕ ਹੈ ਤੇ ਕਿਸੇ ਹੋਰ ਪ੍ਰਭੂਸੱਤਾ ਸੰਪੰਨ ਸਮਾਜ ਦੇ ਅਧੀਨ ਨਹੀਂ ਹੋ ਸਕਦਾ, ਨਾ ਕੋਈ ਸਿੱਖ ਲੀਡਰ ਹੀ ਇਸ ਨੂੰ ਪਰਾਏ ਸਮਾਜ ਦੇ ਪ੍ਰਾਧੀਨ ਕਰ ਸਕਦਾ ਹੈ। ਦੂਜਾ ਕੰਮ ਹੈ ਕਿ ਜੇ ਲੜ ਰਹੇ ਸਿੱਖ ਧੜੇ ਜਾਂ ਜੱਥੇ ਅਕਾਲ ਤਖ਼ਤ ਕੋਲ ਵਿਚੋਲਗੀਰੀ ਕਰਨ ਲਈ ਆਉਣ ਤਾਂ ਤਖ਼ਤ ’ਤੇ ਬੈਠੇ ਸੇਵਾਦਾਰ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਫ਼ੈਸਲਾ ਦੇਣ ਤੇ ਦੋਹਾਂ ਧਿਰਾਂ ਦੇ ਮਤਭੇਦ ਮਿਟਾ ਕੇ ਵਾਪਸ ਭੇਜਣ ਦਾ ਪ੍ਰਬੰਧ ਕਰਨ ਮਗਰੋਂ ਹੀ ਅਪਣੇ ਆਪ ਨੂੰ ਸੁਰਖ਼ਰੂ ਸਮਝਣ। ਪਰ ਸਿਆਸਤਦਾਨਾਂ ਨੇ ਜੋ ਰੂਪ ਅਕਾਲ ਤਖ਼ਤ ਨੂੰ ਦੇ ਦਿਤਾ ਹੈ, ਉਹ ਤਾਂ ਬ੍ਰਾਹਮਣੀ ਰੂਪ ਹੈ -- ਸਿਆਸਤਦਾਨਾਂ ਦਾ ਹੁਕਮ ਮੰਨਦੇ ਹੋਏ, ਉਨ੍ਹਾਂ ਦੇ ਵਿਰੋਧੀ ਸਿੱਖਾਂ ਨੂੰ ਜ਼ਲੀਲ ਕਰਨਾ ਤੇ ਇਹ ਕਹਿਣਾ ਕਿ ਜਾ ਤੂੰ ਸਿੱਖੀ ’ਚੋਂ ਹੀ ਖ਼ਾਰਜ ਹੋਇਆ ਅਰਥਾਤ ਛੇਕਿਆ ਗਿਆ -- ਇਹ ਅਕਾਲ ਤਖ਼ਤ ਤੋਂ ਨਹੀਂ ਕੀਤਾ ਜਾ ਸਕਦਾ ਪਰ ਅੰਗਰੇਜ਼ਾਂ ਨੇ ਸ਼ੁਰੂ ਕਰਵਾ ਲਿਆ ਕਿਉਂਕਿ ਉਨ੍ਹਾਂ ਨੇ ਦੇਸ਼-ਭਗਤਾਂ ਤੇ ਆਜ਼ਾਦੀ ਸੰਗਰਾਮੀਆਂ ਨੂੰ ਪੁਜਾਰੀਆਂ ਹੱਥੋਂ ਜ਼ਲੀਲ ਕਰਵਾਉਣਾ ਸੀ ਤੇ ਜਲਿਆਂਵਾਲੇ ਬਾਗ਼ ਦੇ ਕਾਤਲ ਡਾਇਰ ਨੂੰ ‘ਬੇਹਤਰੀਨ ਸਿੱਖ’ ਦਾ ਖ਼ਿਤਾਬ ਦਿਵਾਉਣਾ ਸੀ। ਉਸੇ ਲੀਹ ’ਤੇ ਹੁਣ ਤਾਂ ਪੰਥ ਦੇ ਲੀਡਰ ਤੇ ਅਕਾਲ ਤਖ਼ਤ ਦੇ ਪੁਜਾਰੀ ਵੀ ਚਲੀ ਜਾ ਰਹੇ ਹਨ ਤੇ ਸਿੱਖੀ ਦਾ ਘਾਣ ਕਰ ਰਹੇ ਹਨ। ਨਾ ਉਨ੍ਹਾਂ ਨੂੰ ਪੰਥ ਦੀ ਪ੍ਰਭੂਸੱਤਾ ਦਾ ਅਧਿਆਏ ਯਾਦ ਹੈ, ਨਾ ਪੰਥ ਦੇ ਰੋਸੇ ਗਿਲੇ ਮਿਟਾ ਕੇ, ਪੂਰੀ ਨਿਰਪੱਖਤਾ ਨਾਲ ਪੰਥ ਨੂੰ ਇਕ ਰੱਖਣ ਦਾ।
ਬੱਚੇ ਦੇ ਹੱਥ ਵਿਚ ਚੀਜੀ ਆ ਜਾਏ ਤੇ ਦੂਜਾ ਬੱਚਾ ਉਹ ਚੀਜੀ ਅਪਣੇ ਲਈ ਮੰਗ ਲਵੇ ਤਾਂ ਸੌ ਤਰਲੇ ਤੇ ਵੱਡਿਆਂ ਦੀਆਂ ਝਿੜਕਾਂ ਵੀ ਉਸ ਨੂੰ ਨਹੀਂ ਮਨਾ ਸਕਦੀਆਂ ਹਾਲਾਂਕਿ ਜੇ ਉਹ ਵੱਡਿਆਂ ਦੀ ਮੰਨ ਲਵੇ ਤਾਂ ਉਹ ਸੱਭ ਦਾ ਲਾਡਲਾ ਵੀ ਬਣ ਸਕਦਾ ਹੈ। ਸੁਖਬੀਰ ਵੀ ਜੇ ਬੱਚਿਆਂ ਵਾਂਗ ਜ਼ਿੱਦ ਨਾ ਕਰਦਾ ਕਿ ‘‘ਮੈਂ ਤਾਂ ‘ਚੀਜੀ’ (ਪਾਰਟੀ) ਭੰਨ ਦਊਂਗਾ ਪਰ ਕਿਸੇ ਹੋਰ ਨੂੰ ਨਹੀਂ ਦੇਣੀ’’ ਤੇ ਰਾਹੁਲ ਗਾਂਧੀ ਵਾਂਗ ਕਿਸੇ ਹੋਰ ਨੂੰ ਪ੍ਰਧਾਨ ਬਣਾ ਦੇਂਦਾ ਤੇ ਆਪ ਪਿੱਛੇ ਹੋ ਜਾਂਦਾ ਤਾਂ ਲੋਕਾਂ ਨੇ ਉਸ ਨੂੰ ਫਿਰ ਲੈ ਆਉਣਾ ਸੀ ਕਿਉਂਕਿ ਉਸ ਵਿਚ ਕੁੱਝ ਗੁਣ ਅਜਿਹੇ ਹਨ (ਜੋ ਉਸ ਦੇ ਪਿਤਾ ਵਿਚ ਬਿਲਕੁਲ ਨਹੀਂ ਸਨ) ਜੋ ਉਸ ਨੂੰ ਇਕ ਸਫ਼ਲ ਮੁੱਖ ਮੰਤਰੀ ਬਣਾ ਸਕਦੇ ਹਨ ਪਰ ਇਹ ਕਾਮਯਾਬੀ ਬੱਚਿਆਂ ਵਾਂਗ ਅੜ ਕੇ ਨਹੀਂ, ਰਾਹੁਲ ਵਾਂਗ ਪਿੱਛੇ ਹੱਟ ਕੇ ਤੇ ਅਪਣੀ ਵਾਰੀ ਦੀ ਉਡੀਕ ਕਰ ਕੇ ਹੀ ਮਿਲ ਸਕਦੀ ਹੈ -- ਸੁਖਬੀਰ ਅਜੇ ਵੀ ਬਚਪਨੇ ਵਾਲੀ ਅੜੀ ਛੱਡੇ ਤੇ ਫਿਰ ਵੇਖੇ, ਅਪਣੇ ਪਿਤਾ ਦੇ ਪੁੱਤਰ ਵਜੋਂ ਨਹੀਂ, ਸੁਖਬੀਰ ਬਾਦਲ ਵਜੋਂ ਉਹ ਦੁਬਾਰਾ ਕਿਵੇਂ ਵਾਪਸੀ ਕਰਦਾ ਹੈ। ਉਹਨੂੰ ਸਮਝ ਜਾਣਾ ਚਾਹੀਦੈ ਕਿ ਡੈਮੋਕ੍ਰੇਸੀ ਵਿਚ ਇਹ ਕੋਈ ਮਹੱਤਵਪੂਰਨ ਗੱਲ ਨਹੀਂ ਕਿ ਪਾਰਟੀ ਦੇ ਕਿੰਨੇ ਲੋਕ ਤੁਹਾਡੇ ਹੱਕ ਵਿਚ ਬਾਂਹ ਖੜੀ ਕਰਦੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਆਮ ਲੋਕਾਂ ਵਿਚੋਂ ਕਿੰਨੇ ਲੋਕ ਤੁਹਾਡੀ ਅਗਵਾਈ ਹੇਠ ਤੁਹਾਡੀ ਪਾਰਟੀ ਨਾਲੋਂ ਟੁੱਟੇ ਹਨ ਜਾਂ ਜੁੜੇ ਹਨ। ਇਸ ਬਾਰੇ ਸੁਖਬੀਰ ਨੂੰ ਕੋਈ ਭੁਲੇਖਾ ਹੋਵੇ ਤਾਂ ਹੋਵੇ, ਸਾਰੇ ਦੇਸ਼ ਵਿਚ ਹੋਰ ਕਿਸੇ ਨੂੰ ਕੋਈ ਭੁਲੇਖਾ ਨਹੀਂ।