ਸਿੱਖ ਸੰਸਥਾਵਾਂ ਨੂੰ ਨਾ ਸਰਕਾਰਾਂ ਕਮਜ਼ੋਰ ਕਰ ਸਕਦੀਆਂ ਹਨ, ਨਾ ਸਰਕਾਰ-ਪੱਖੀ ਸਿੱਖ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਧਾਰਮਿਕ ਸੰਸਥਾਵਾਂ ਉਦੋਂ ਹੀ ਕਮਜ਼ੋਰ ਹੋਈਆਂ ਜਦੋਂ ਮਹੰਤ, ਪ੍ਰਬੰਧਕ, ਪੁਜਾਰੀ ਤੇ ਇਨ੍ਹਾਂ ਉਤੇ ਕਾਬਜ਼

Giani Harpreet Singh

 

 

ਗਿਆਨੀ ਹਰਪ੍ਰੀਤ ਸਿੰਘ, ਐਕਟਿੰਗ ਜਥੇਦਾਰ, ਅਕਾਲ ਤਖ਼ਤ ਅੱਜਕਲ ਬਹੁਤ ਦੁਖੀ ਲਗਦੇ ਹਨ। ਦੁਖੀ ਇਸ ਲਈ ਹਨ ਕਿ ਸਿੱਖਾਂ ਨੇ ਬਾਦਲਾਂ ਵਿਰੁਧ ਬਗ਼ਾਵਤ ਕਿਉਂ ਕਰ ਦਿਤੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਦੁਖ ਨਹੀਂ ਕਿ ਅਕਾਲੀ ਦਲ ਨੂੰ ਪੰਥਕ ਪਾਰਟੀ ਦੀ ਬਜਾਏ ‘ਪੰਜਾਬੀ’ ਪਾਰਟੀ ਬਣਾਉਣ ਵਾਲੇ ਬਾਦਲਾਂ ਨੇ ਇਤਿਹਾਸ ਵਿਚ ਪਹਿਲੀ ਵਾਰ ਅਕਾਲੀ ਦਲ ਨੂੰ ਨਿਜੀ ਜਗੀਰ ਬਣਾ ਕੇ, ਉਸ ਨੂੰ ਚੰਡੀਗੜ੍ਹ ਲਿਜਾ ਸੁੱਟਣ ਮਗਰੋਂ ਉਸ ਦਾ ਪੰਥਕ ਚਿਹਰਾ ਹੀ ਬਦਲ ਦਿਤਾ ਤੇ ਇਸ ਤਰ੍ਹਾਂ ਪੰਥ ਵਿਰੁਧ ਬਗ਼ਾਵਤ ਕੀਤੀ ਸੀ। ਪੰਥ ਵਿਰੁਧ ਬਗ਼ਾਵਤ ਕਰਨ ਵਾਲਿਆਂ ਵਿਰੁਧ ਜਥੇਦਾਰ ਤਾਂ ਬੋਲਣ ਦੀ ਹਿੰਮਤ ਨਹੀਂ ਰਖਦੇ, ਸੋ ਉਹ ਪੰਥ ਵਿਰੁਧ ਬਗ਼ਾਵਤ ਕਰਨ ਵਾਲਿਆਂ ਨੂੰ ਟੋਕਣ ਵਾਲਿਆਂ ਨੂੰ ਨਿੰਦਦੇ ਰਹਿੰਦੇ ਹਨ। 

 

ਗਿ. ਹਰਪ੍ਰੀਤ ਸਿੰਘ ਇਸ ਸੱਚ ਨੂੰ ਵੀ ਪ੍ਰਵਾਨ ਨਹੀਂ ਕਰਦੇ ਕਿ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ‘ਮਹੰਤਾਂ’ ਦੀਆਂ ਗ਼ਲਤੀਆਂ, ਕੁਤਾਹੀਆਂ ਅਤੇ ਧੱਕੇਸ਼ਾਹੀਆਂ ਕਾਰਨ ਇਹ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਹ ਸੌਖਾ ਰਾਹ ਫੜਦੇ ਹੋਏ ਗੱਲ ਮੁਕਾਉਂਦੇ ਹਨ ਕਿ ਕੁੱਝ ਸਿੱਖ ਹੀ, ਦਿੱਲੀ ਸਰਕਾਰ ਦੀ ਮਨਸ਼ਾ ਪੂਰੀ ਕਰਨ ਲਈ ਇਨ੍ਹਾਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਹਨ। ਇਸ ਵੇਲੇ ਉਨ੍ਹਾਂ ਦਾ ਗੁੱਸਾ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਉਤੇ ਕਾਬਜ਼ ਸਿੱਖਾਂ ਉਤੇ ਇਕ ਤੋਂ ਬਾਅਦ ਦੂਜਾ ਵਾਰ ਕਰੀ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਇਹ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਪੰਜਾਬ ਵਿਚ ਧਰਮ ਦਾ ਪ੍ਰਚਾਰ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋਈ ਹੈ, ਇਸ ਲਈ ਦਿੱਲੀ ਕਮੇਟੀ ਅੰਮ੍ਰਿਤਸਰ ਵਿਚ ਪ੍ਰਚਾਰ ਦਫ਼ਤਰ ਖੋਲ੍ਹ ਕੇ ਇਹ ਕਮੀ ਪੂਰੀ ਕਰੇਗੀ। ਸ਼੍ਰੋਮਣੀ ਕਮੇਟੀ ਲੋਹੀ ਲਾਖੀ ਹੋ ਕੇ ਜਵਾਬ ਦੇਂਦੀ ਹੈ ਕਿ ਧਰਮ ਪ੍ਰਚਾਰ ਪ੍ਰਚੂਰ ਤਾਂ ਦਿੱਲੀ ਵਾਲਿਆਂ ਨੇ ਵੀ ਕੋਈ ਨਹੀਂ ਕਰਨਾ, ਬਸ ਕੇਂਦਰ ਦੇ ਇਸ਼ਾਰੇ ’ਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਜ਼ਰੂਰ ਕਰਨਗੇ। 

 

ਇਸ ਮਾਮਲੇ ਵਿਚ ਅਕਾਲ ਤਖ਼ਤ ਦਾ ਕੋਈ ਵੀ ਨਿਰਪੱਖ ਤੇ ਸਹੀ ਜਥੇਦਾਰ ਹੁੰਦਾ ਤਾਂ ਕਿਸੇ ਹੋਰ ਨੂੰ ਕੁੱਝ ਕਹਿਣ ਦੀ ਬਜਾਏ ਪਹਿਲਾਂ ਅੰਬਰਸਰ ਬੈਠੇ ਵੱਡਿਆਂ ਦੀ ਝਾੜ ਝੰਭ ਕਰਦਾ ਕਿ ਉਨ੍ਹਾਂ ਨੇ ਪੰਥ ਨੂੰ ਬੇਦਾਵਾ ਕਿਉਂ ਦਿਤਾ (ਅਮਲ ਵਿਚ) ਅਤੇ ਸਿੱਖਾਂ ਦਾ ਵਿਸ਼ਵਾਸ ਕਿਉਂ ਗਵਾ ਲਿਆ? ਪਰ ਉਹ ਤਾਂ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਿਆਸੀ ਧੜੇ ਦੇ ਹੀ ‘ਵਕੀਲ’ ਬਣੇ ਹੋਏ ਹਨ ਤੇ ਬਾਦਲਾਂ ਦੇ ਵਿਰੋਧੀਆਂ, ਆਲੋਚਕਾਂ ਉਤੇ ਹੀ ਤੀਰ ਛੱਡੀ ਜਾ ਰਹੇ ਹਨ। ਮੈਂ ਇਤਿਹਾਸ ਦੀ ਮਿਸਾਲ ਦੇ ਕੇ ਗਿ. ਹਰਪ੍ਰੀਤ ਸਿੰਘ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਸਿੱਖ ਸੰਸਥਾਵਾਂ ਨੂੰ ਨਾ ਕਦੇ ਦੁਸ਼ਮਣ ਕੋਲੋਂ ਖ਼ਤਰਾ ਹੋ ਸਕਦਾ ਹੈ, ਨਾ ਦੁਸ਼ਮਣਾਂ ਨਾਲ ਰਲੇ ਹੋਏ ਸਿੱਖਾਂ ਕੋਲੋਂ। ਸਿੱਖ ਸੰਸਥਾਵਾਂ ਨੂੰ ਜਦ ਵੀ ਖ਼ਤਰਾ ਪੈਦਾ ਹੋਇਆ ਹੈ, ਇਸ ਦੀਆਂ ਗੋਲਕਾਂ ਉਤੇ ਕਾਬਜ਼ ਲੋਕਾਂ ਤੋਂ ਹੀ ਹੋਇਆ ਹੈ। ਗੁਰੂ ਗੋਬਿੰਦ ਸਿੰਘ ਵੇਲੇ ਮਸੰਦਾਂ ਤੋਂ ਖ਼ਤਰਾ ਪੈਦਾ ਹੋਇਆ ਤੇ ਗੁਰੂ ਨੇ ਉਨ੍ਹਾਂ ਮਸੰਦਾਂ ਨੂੰ ਅੱਗ ਵਿਚ ਸਾੜ ਦੇਣ ਦਾ ਫ਼ੁਰਮਾਨ ਵੀ ਦੁਖੀ ਮਨ ਨਾਲ ਕੀਤਾ। 

 

 

ਫਿਰ ਦੂਜੀ ਵਾਰੀ ਸਿੱਖ ਸੰਸਥਾਵਾਂ ਨੂੰ ਗੋਲਕਾਂ ਉਤੇ ਕਾਬਜ਼ ਮਹੰਤਾਂ ਤੋਂ ਖ਼ਤਰਾ ਪੈਦਾ ਹੋਇਆ ਤੇ ਅਕਾਲੀਆਂ ਨੇ ਕੁਰਬਾਨੀਆਂ ਦੇ ਦੇ ਕੇ, ਗੁਰਦਵਾਰਾ ਸੰਸਥਾ ਨੂੰ ਉਨ੍ਹਾਂ ਤੋਂ ਬਚਾਇਆ। ਅੱਜ ਵੀ ਗੋਲਕਾਂ ਉਤੇ ਕਾਬਜ਼ ਪ੍ਰਬੰਧਕ, ਜਥੇਦਾਰ ਤੇ ਉਨ੍ਹਾਂ ਦੇ ਸਿਆਸੀ ਮਾਲਕ ਹੀ ਗੁਰਦਵਾਰਾ ਸੰਸਥਾ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਅਤੇ ਸਿੱਖ ਪੰਥ ਲਈ ਖ਼ਤਰਾ ਬਣੇ ਹੋਏ ਹਨ। ਕੋਈ ਫੂਲਾ ਸਿੰਘ ਅਕਾਲੀ ਜਥੇਦਾਰ ਹੋਵੇ ਤਾਂ ਇਹ ਗੱਲ ਬੁਲੰਦ ਆਵਾਜ਼ ਵਿਚ ਆਖੇ ਪਰ ਅੱਜ ਝੂਠ ਦੀ ਤਰਫ਼ਦਾਰੀ ਕਰਨ ਵਾਲੇ ਹੀ ਹਰ ਪਾਸੇ ਛਾਏ ਹੋਏ ਦਿਸਦੇ ਹਨ। ਸੱਚ ਬੋਲਣ ਵਾਲਿਆਂ ਵਿਰੁਧ ਤਿੰਨੇ ਚਾਰੇ ਅਸਲ ਦੋਸ਼ੀ ਇਕੱਠੇ ਹੋ ਕੇ ਹਮਲਾ ਬੋਲ ਦੇਂਦੇ ਹਨ।

ਆਜ਼ਾਦ ਹਿੰਦੁਸਤਾਨ ਦੀ ਗੱਲ ਵੀ ਯਾਦ ਕਰਵਾਉਂਦਾ ਹਾਂ। ਮਾਸਟਰ ਤਾਰਾ ਸਿੰਘ ਨੇ ਜਦ ‘ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰੋ’ ਦੀ ਮੰਗ ਨਾ ਛੱਡੀ ਤੇ ਕਿਸੇ ਲਾਲਚ ਵਿਚ ਨਾ ਫਸੇ ਤਾਂ ਨਹਿਰੂ-ਪਟੇਲ ਨੇ ਫ਼ੈਸਲਾ ਕੀਤਾ ਕਿ ਇਸ ਲੀਡਰ ਤੋਂ ਖ਼ਲਾਸੀ ਪਾਏ ਬਿਨਾ ਕੰਮ ਨਹੀਂ ਚਲਣਾ। ਸੋ ਨਹਿਰੂ ਨੇ ਕੈਰੋਂ ਨੂੰ ਥਾਪੜਾ ਦੇਂਦੇ ਹੋਏ ਤੇ ਉਸ ਨੂੰ ‘ਮੇਰਾ ਸ਼ੇਰ’ ਕਹਿ ਕੇ ਮਾ. ਤਾਰਾ ਸਿੰਘ ਨੂੰ ਮਾਰਨ ਲਈ ਕੁੱਝ ਵੀ ਕਰਨ ਦੀ ਖੁੱਲ੍ਹ ਦੇ ਦਿਤੀ ਤੇ ਕੈਰੋਂ ਦੀ ਇਹ ਮੰਗ ਵੀ ਮੰਨ ਲਈ ਕਿ ਜੇ ਉਹ ਕਾਮਯਾਬ ਹੋ ਗਿਆ ਤਾਂ ਉਸ ਨੂੰ ਭਾਰਤ ਦਾ ਡਿਫ਼ੈਂਸ ਮਨਿਸਟਰ ਬਣਾ ਦਿਤਾ ਜਾਏਗਾ (ਭਾਵੇਂ ਇਹ ਵਾਅਦਾ ਪੂਰਾ ਕਰਨ ਦਾ ਵੇਲਾ ਆਇਆ ਤਾਂ ਨਹਿਰੂ ਨੇ ਕੈਰੋਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿਤਾ ਤੇ ਉਹ ਅਪਣੀਆਂ ਗ਼ਲਤੀਆਂ ਦਾ ਪਛਤਾਵਾ ਕਰਦਾ ਰੋਣ ਲੱਗ ਪੈਂਦਾ ਸੀ)। 

ਸੋ ਮਾ. ਤਾਰਾ ਸਿੰਘ ਤੇ ਅਕਾਲੀ ਦਲ ਕੋਲੋਂ ਸ਼੍ਰੋਮਣੀ ਕਮੇਟੀ ਖੋਹ ਕੇ ਪ੍ਰੇਮ ਸਿੰਘ ਲਾਲਪੁਰਾ ਨੂੰ ਪ੍ਰਧਾਨ ਬਣਾ ਦਿਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਵੀ ਦੋ ਕਾਂਗਰਸੀਆਂ ਨੂੰ ਬਣਾ ਦਿਤਾ ਗਿਆ। ਸਾਰੇ ਵੱਡੇ ਅਕਾਲੀ ਲੀਡਰਾਂ ਨੂੰ ਵਜ਼ੀਰੀਆਂ ਦਾ ਲਾਲਚ ਦੇ ਕੇ ਕਾਂਗਰਸ ਵਲ ਖਿੱਚ ਲਿਆ ਗਿਆ। ਮਾ. ਤਾਰਾ ਸਿੰਘ ਇਕੱਲੇ ਰਹਿ ਗਏ। ਮੈਨੂੰ ਯਾਦ ਹੈ, ‘ਹਿੰਦੁਸਤਾਨ ਟਾਈਮਜ਼’ ਨੇ ਇਕ ਕਾਰਟੂਨ ਛਾਪ ਕੇ ਮਾ. ਤਾਰਾ ਸਿੰਘ ਨੂੰ ਚੀਕਾਂ ਮਾਰ ਮਾਰ ਕੇ ਅਕਾਲੀਆਂ ਨੂੰ ਵਾਪਸ ਬੁਲਾਂਦਿਆਂ ਵਿਖਾਇਆ ਪਰ ਕੋਈ ਅਕਾਲੀ ਲੀਡਰ ਮਾ. ਤਾਰਾ ਸਿੰਘ ਦੀ ਗੱਲ ਨਹੀਂ ਸੀ ਸੁਣਦਾ। ਉਹ ਕਾਂਗਰਸ ਦੀਆਂ ਵਜ਼ੀਰੀਆਂ ਵਲ ਦੌੜ ਰਹੇ ਸਨ।

ਏਨਾ ਕੁੱਝ ਹੋਣ ਨਾਲ ਵੀ ਕੀ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ? ਨਹੀਂ, ਚੋਣਾਂ ਹੋਈਆਂ। ਕੈਰੋਂ ਨੇ ਸਾਧ ਸੰਗਤ ਬੋਰਡ ਬਣਾ ਕੇ ਅੰਨ੍ਹਾ ਪੈਸਾ ਖ਼ਰਚਿਆ ਤੇ ਦਾਅਵਾ ਕੀਤਾ ਕਿ ਅਕਾਲੀ 10 ਸੀਟਾਂ ਵੀ ਨਹੀਂ ਜਿੱਤ ਸਕਣਗੇ। ਜਥੇਦਾਰ ਮੋਹਣ ਸਿੰਘ, ਦਰਸ਼ਨ ਸਿੰਘ ਫੇਰੂਮਾਨ, ਊਧਮ ਸਿੰਘ ਨਾਗੋਕੇ ਵਰਗੀਆਂ ਤੋਪਾਂ ਕਾਂਗਰਸ ਵਲੋਂ ਕੈਰੋਂ ਦੀ ਅਗਵਾਈ ਵਿਚ ਅਕਾਲੀਆਂ ਵਿਰੁਧ ਤਾਬੜ ਤੋੜ ਗੋਲੀਬਾਰੀ ਅਕਾਲ ਤਖ਼ਤ ਤੋਂ ਵੀ ਕਰ ਰਹੀਆਂ ਸਨ। ਕਮਿਊਨਿਸਟਾਂ ਦੀ ਵੀ ਉਨ੍ਹਾਂ ਨਾਲ ਭਾਈਵਾਲੀ ਸੀ। ਜਦ ਨਤੀਜਾ ਨਿਕਲਿਆ ਤਾਂ 140 ’ਚੋਂ 136 ਅਕਾਲੀ ਜਿੱਤ ਗਏ। ਧਾਰਮਕ ਸੰਸਥਾਵਾਂ, ਅਕਾਲੀ ਦਲ ਤੇ ਸਿੱਖ ਲੀਡਰ, ਸਾਰੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਨਿਕਲੇ ਕਿਉਂਕਿ ਸਿੱਖਾਂ ਨੂੰ ਮਾਸਟਰ ਤਾਰਾ ਸਿੰਘ ਤੇ ਅਕਾਲੀ ਦਲ ਨੇ ਅਪਣੇ ਤੋਂ ਦੂਰ ਨਹੀਂ ਸੀ ਹੋਣ ਦਿਤਾ ਤੇ ਇਹ ਯਕੀਨ ਕਰਵਾ ਦਿਤਾ ਸੀ ਕਿ ਗੁਰਦਵਾਰਿਆਂ ਦਾ ਪ੍ਰਬੰਧ ਅਕਾਲੀਆਂ ਕੋਲ ਹੋਇਆ ਤਾਂ ਪੰਥ ਅਤੇ ਸਿੱਖੀ ਦਾ ਬੋਲਬਾਲਾ ਕਰਨ ਲਈ ਹਰ ਅਕਾਲੀ ਡਟਿਆ ਮਿਲੇਗਾ। 

ਪੰਥ ਅਤੇ ਪੰਥ ਦੀਆਂ ਧਾਰਮਕ ਸੰਸਥਾਵਾਂ ਏਨੀਆਂ ਮਜ਼ਬੂਤ ਹੋ ਕੇ ਸਾਹਮਣੇ ਆਈਆਂ ਕਿ ਹਾਰ ਮੰਨਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਹਿਰੂ-ਤਾਰਾ ਸਿੰਘ ਸਮਝੌਤੇ ਉਤੇ ਦਸਤਖ਼ਤ ਕਰ ਦਿਤੇ ਜਿਸ ਮੁਤਾਬਕ ਭਾਰਤ ਸਰਕਾਰ ਨੇ ਮੰਨ ਲਿਆ ਕਿ ਉਹ ਭਵਿੱਖ ਵਿਚ ਗੁਰਦਵਾਰਿਆਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗੀ। ਇਹ ਇਤਿਹਾਸਕ ਜਿੱਤ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਹੋਰ ਵੀ ਤਾਕਤਵਰ ਬਣਾ ਗਈ। ਪੰਜਾਬੀ ਸੂਬਾ ਬਣਨ ਤਕ ਸਿੱਖਾਂ ਦਾ ਇਹ ਵਿਸ਼ਵਾਸ ਬਣਿਆ ਵੀ ਰਿਹਾ ਪਰ ‘ਹਾਕਮ’ ਬਣ ਚੁੱਕੇ ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਅਪਣਾ ਯਾਰ-ਬੇਲੀ ਬਣਾ ਕੇ, ਸਿੱਖੀ ਤੇ ਪੰਥ ਤੋਂ ਦੂਰੀਆਂ ਬਣਾ ਲਈਆਂ ਤੇ ਸਿੱਖਾਂ ਨੂੰ ਹੌਲੀ ਹੌਲੀ ਦੂਰ ਕਰ ਲਿਆ। ਇਹੀ ਕਾਰਨ ਬਣ ਰਿਹਾ ਹੈ ਸਿੱਖ ਸੰਸਥਾਵਾਂ ਦੇ ਕਮਜ਼ੋਰ ਹੋਣ ਦਾ। ਜੇ ਅਕਾਲ ਤਖ਼ਤ ’ਤੇ ਬੈਠ ਕੇ ਵੀ ਏਨੀ ਗੱਲ ਸਮਝ ਨਹੀਂ ਆਉਂਦੀ ਤਾਂ ਫਿਰ ‘ਰੱਬ ਹੀ ਰਾਖਾ’ ਸਮਝੋ!