ਦੀਵਾਲੀ 'ਤੇ ਵੀ ਸਿੱਖਾਂ ਨੇ ਕੁਰਬਾਨੀਆਂ ਦਾ ਨਵਾਂ ਇਤਿਹਾਸ ਸਿਰਜਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸਿੱਖ ਸ਼ਕਤੀ ਦਾ ਕੇਂਦਰ ਬਣਦਾ ਵੇਖ,ਹਰ ਸਰਕਾਰ ਤਿਲਮਿਲਾ ਉਠੀ

diwali

ਮੁਹਾਲੀ: ਸਿੱਖ ਕੌਮ ਵਲੋਂ ਜਬਰ ਅਤੇ ਜ਼ੁਲਮ ਨਾਲ ਟਕਰਾਉਣ 'ਚ ਵਿਖਾਏ ਜਾਣ ਵਾਲੇ ਜੋਸ਼ ਤੋਂ ਮਗ਼ੁਲ ਹਕੂਮਤ ਬਹੁਤ ਹੈਰਾਨ ਪ੍ਰੇਸ਼ਾਨ ਸੀ। ਮੁਗ਼ਲਾਂ ਵਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ ਜਾਂ ਧਮਕਾਉਣ ਵਿਚ ਇਕ ਤਰ੍ਹਾਂ ਨਾਲ ਅਸਫ਼ਲ ਹੁੰਦਾ ਵੇਖ ਕੇ ਮੁਗ਼ਲਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਹਰ ਸਾਲ ਇਥੇ ਜੁੜ ਕੇ ਹੀ ਦੀਵਾਲੀ ਮੌਕੇ ਸਾਰੇ ਜੱਥੇ ਨਵੇਂ ਪ੍ਰੋਗਰਾਮ ਉਲੀਕਦੇ ਸਨ ਤੇ ਮਾਇਆ ਇਕੱਤਰ ਕਰਦੇ ਸਨ। ਸਿੱਖਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ 'ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲਗੀਆਂ।

 

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਵਲੋਂ ਸਿੱਖ ਕੌਮ 'ਤੇ ਕੀਤੇ ਜਾਣ ਵਾਲੇ ਅਤਿਆਚਾਰਾਂ ਵਿਚ ਭਾਰੀ ਇਜ਼ਾਫਾ ਹੋਇਆ ਪਰ ਸਿੱਖ ਜੰਗਲਾਂ ਅਤੇ ਵੀਰਾਨ ਥਾਵਾਂ 'ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰਿਆਂ ਲਈ ਜ਼ਰੂਰ ਪਹੁੰਚਦੇ। ਮੁਗ਼ਲਾਂ ਵਲੋਂ ਸੀ੍ਰ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਸਮੇਂ ਹਰ ਸਾਲ ਕੀਤੇ ਜਾਂਦੇ ਖ਼ਾਲਸੇ ਦੇ ਉਸ ਇਕੱਠ ਨੂੰ ਰੋਕਣ ਲਈ ਹਥਕੰਡੇ ਵਰਤਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ ਪੰਥ ਦੇ ਅਗਲੇ ਟੀਚਿਆਂ ਨੂੰ ਲੈ ਕੇ ਵਿਚਾਰਾਂ ਹੁੰਦੀਆਂ ਸਨ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਜੀ ਨੇ ਮੁਗ਼ਲ ਹਕੂਮਤ ਤੋਂ ਸਰਬੱਤ ਖ਼ਾਲਸਾ ਇਕੱਠ ਕਰਨ ਦੀ ਇਜਾਜ਼ਤ ਮੰਗੀ। ਮੁਗ਼ਲ ਹਕੂਮਤ ਨੇ ਦੁਸ਼ਟ ਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦੇ ਦਿਤੀ।

ਭਾਈ ਮਨੀ ਸਿੰਘ ਜੀ ਵਲੋਂ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਕੀਤੀ ਅਪੀਲ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਵਾਰ ਇਕੱਤਰ ਸਿੱਖ ਸੰਗਤਾਂ 'ਤੇ ਮੁਗ਼ਲ ਹਕੂਮਤ ਵਲੋਂ ਕੀਤੇ ਜਾਣ ਵਾਲੇ ਅਤਿਆਚਾਰ ਦੀ ਭਾਈ ਮਨੀ ਸਿੰਘ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਨਾ ਪਹੁੰਚਣ ਦੀ ਅਪੀਲ ਕਰ ਦਿਤੀ। ਭਾਈ ਮਨੀ ਸਿੰਘ ਵਲੋਂ ਕੀਤੀ ਅਪੀਲ ਕਬੂਲਦਿਆਂ ਬਹੁਤ ਘੱਟ ਗਿਣਤੀ 'ਚ ਸਿੱਖ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਲੋਹੀ ਲਾਖੀ ਹੋਈ ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿਤੀਆਂ।

ਭਾਈ ਮਨੀ ਸਿੰਘ ਵਲੋਂ ਮੁਗ਼ਲ ਹਕੂਮਤ ਨੂੰ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦਿਤੇ ਜਾਣ ਨਾਲ ਮੁਗ਼ਲ ਹਕੂਮਤ ਨੂੰ ਭਾਈ ਮਨੀ ਸਿੰਘ ਦੀ ਗ੍ਰਿਫ਼ਤਾਰੀ ਦਾ ਬਹਾਨਾ ਮਿਲ ਗਿਆ। ਮੁਗ਼ਲ ਹਕੂਮਤ ਵਲੋਂ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮ ਕਬੂਲਣ ਜਾਂ ਮੌਤ ਲਈ ਤਿਆਰ ਰਹਿਣ ਦਾ ਫੁਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਸਿੱਖ ਗੁਰੂਆਂ ਅਤੇ ਸ਼ਹੀਦਾਂ ਵਲੋਂ ਹੱਸ ਹੱਸ ਕੇ ਸ਼ਹਾਦਤਾਂ ਦੇਣ ਦੇ ਗੌਰਵਮਈ ਇਤਿਹਾਸ 'ਤੇ ਪਹਿਰਾ ਦਿੰਦਿਆਂ ਮੁਗ਼ਲਾਂ ਦੀਆਂ ਗਿੱਦੜ ਧਮਕੀਆਂ ਨੂੰ ਠੋਕਰ ਮਾਰ ਕੇ ਸ਼ਹਾਦਤ ਨੂੰ ਪ੍ਰਵਾਨ ਕਰ ਲਿਆ। ਭਾਈ ਸਾਹਿਬ ਨੇ ਗਰਜਵੀਂ ਆਵਾਜ਼ ਵਿਚ ਕਿਹਾ, ''ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਤਾਂ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਅਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ।''

ਮੁਗ਼ਲ ਹਕੂਮਤ ਵਲੋਂ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿਤਾ ਗਿਆ। ਭਾਈ ਮਨੀ ਸਿੰਘ ਵਲੋਂ ਸਿੱਖੀ ਸਿਦਕ ਨਿਭਾਉਣ ਲਈ ਦਿਤੀ ਸ਼ਹਾਦਤ ਦਾ ਦਿਨ ਬੇਸ਼ੱਕ ਦਿਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦਿਵਾਲੀ ਮਨਾਉਣਾ ਜ਼ਰੂਰ ਬਣਿਆ। ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰਪੂਰ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ ਦੀਵਾਲੀ ਨਾਲ ਜੁੜ ਗਿਆ। ਕੌਮ ਵਲੋਂ ਦੀਵਾਲੀ ਨੂੰ ਰੌਸ਼ਨੀਆਂ ਕਰਨ ਤੇ ਪਟਾਕੇ ਚਲਾਉਣ ਦੀ ਬਜਾਏ ਭਾਈ ਮਨੀ ਸਿੰਘ ਨਾਲ ਜੋੜ ਕੇ ਮਨਾਏ ਜਾਣ ਦਾ ਮਨੋਰਥ ਗੁਰੂ ਸਾਹਿਬ ਅਤੇ ਭਾਈ ਮਨੀ ਸਿੰਘ ਵਾਂਗ ਜਬਰ ਅਤੇ ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ 'ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ। ਗੁਰੂ ਸਾਹਿਬ ਅਤੇ ਸ਼ਹੀਦਾਂ ਵਲੋਂ ਪਾਏ ਪਰਉਪਕਾਰ ਅਤੇ ਇਨਸਾਨੀਅਤ ਦੀ ਰਖਵਾਲੀ ਦੇ ਪਾਏ ਪੂਰਨਿਆਂ 'ਤੇ ਪਹਿਰਾ ਦੇਣ ਦੀ ਪਰਿਪਕਤਾ ਅਪਣੇ ਮਨਾਂ ਵਿਚ ਪੈਦਾ ਕਰਨ ਨਾਲ ਹੀ ਦੀਵਾਲੀ ਮਨਾਉਣ ਦਾ ਮਨੋਰਥ ਪੂਰਾ ਹੋਣਾ ਹੈ।

                                                                          ਬਿੰਦਰ ਸਿੰਘ ਖੁੱਡੀ ਕਲਾਂ, ਮੋਬਾਇਲ: 98786-05965