ਖ਼ੁਫ਼ੀਆ ਏਜੰਸੀਆਂ ਮੁਗ਼ਲਾਂ ਵੇਲੇ ਤੋਂ ਹਮੇਸ਼ਾ ਹੀ ਸਿੱਖਾਂ ਨੂੰ ਵਰਗ਼ਲਾਉਣ 'ਚ ਕਾਮਯਾਬ ਰਹੀਆਂ ਹਨ (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਿਛਲੇ ਹਫ਼ਤੇ ਅਸੀਂ ਵਿਚਾਰ ਕਰ ਰਹੇ ਸੀ ਕਿ ਬੰਦਾ ਸਿੰਘ ਬਹਾਦਰ ਨੇ ਲੋਕ-ਰਾਜੀ ਢੰਗ ਦਾ ਸਿੱਖ ਰਾਜ ਕਾਇਮ ਕਰਨ ਲਈ ਭਾਰਤ ਵਿਚ ਪਹਿਲੀ ਵਾਰ ਇਕ ਵੱਡਾ ਕਦਮ ਚੁਕਿਆ ਸੀ

ਮੇਰੀ ਨਿੱਜੀ ਡਾਇਰੀ ਦੇ ਪੰਨੇ

ਪਿਛਲੇ ਹਫ਼ਤੇ ਅਸੀਂ ਵਿਚਾਰ ਕਰ ਰਹੇ ਸੀ ਕਿ ਬੰਦਾ ਸਿੰਘ ਬਹਾਦਰ ਨੇ ਲੋਕ-ਰਾਜੀ ਢੰਗ ਦਾ ਸਿੱਖ ਰਾਜ ਕਾਇਮ ਕਰਨ ਲਈ ਭਾਰਤ ਵਿਚ ਪਹਿਲੀ ਵਾਰ ਇਕ ਵੱਡਾ ਕਦਮ ਚੁਕਿਆ ਸੀ ਪਰ ਮੁਗ਼ਲ ਸੂਹੀਆ ਏਜੰਸੀਆਂ ਨੇ ਅਜਿਹੀ ਚਾਲ ਚੱਲੀ ਕਿ ਸਿੱਖਾਂ ਦਾ ਇਕ ਵੱਡਾ ਤਬਕਾ (ਤੱਤ ਖ਼ਾਲਸਾ) ਬੰਦੇ ਦੇ ਖ਼ੂਨ ਦਾ ਪਿਆਸਾ ਬਣ ਗਿਆ ਤੇ ਮੁਗ਼ਲ ਸਰਕਾਰ ਵਲੋਂ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਜ਼ਾਲਮਾਨਾ ਢੰਗ ਨਾਲ ਕੋਹ ਕੋਹ ਮਾਰਦਿਆਂ ਵੇਖ ਕੇ ਵੀ ਖ਼ੁਸ਼ ਹੁੰਦੇ ਰਹੇ ਪਰ ਮੁਗ਼ਲਾਂ ਦੇ ਵਿਰੋਧ ਵਿਚ ਇਕ ਲਫ਼ਜ਼ ਮੂੰਹੋਂ ਨਾ ਕਢਿਆ।

ਉਸ ਮਗਰੋਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਅਪਣੇ ਸਾਮਰਾਜ ਦਾ ਅੰਗ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਛੇਤੀ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਉਹ ਤਾਕਤ ਦੀ ਵਰਤੋਂ ਕਰ ਕੇ ਸਫ਼ਲ ਨਹੀਂ ਹੋ ਸਕਦੇ। ਸੋ ਉਨ੍ਹਾਂ ਨੇ ਵੀ ਖ਼ੁਫ਼ੀਆ ਏਜੰਸੀਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿਤਾ ਕਿ ਉਹ ਸਿੱਖ ਰਾਜ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣ। ਪਹਾੜਾ ਸਿੰਘੀਆ, ਮਿਸਰਾਂ, ਡੋਗਰਿਆਂ ਤੇ ਹੋਰ ਕਈ ਅੰਦਰ ਦੇ 'ਦਰਬਾਰੀ ਚੂਹਿਆਂ' ਨੇ ਸਿੱਖ ਰਾਜ ਨੂੰ ਅੰਦਰੋਂ ਖੋਖਲਾ ਕਰਨਾ ਸ਼ੁਰੂ ਕਰ ਦਿਤਾ।

ਰਣਜੀਤ ਸਿੰਘ ਦੇ ਚਲਾਣਾ ਕਰਨ ਦੀ ਦੇਰ ਸੀ ਕਿ ਇਨ੍ਹਾਂ ਨੇ ਅੰਗ੍ਰੇਜ਼ਾਂ ਨਾਲ ਸੌਦੇਬਾਜ਼ੀ ਕਰ ਕੇ, ਸਿੱਖ ਰਾਜ ਦੇ ਖ਼ਾਤਮੇ ਦੀਆਂ ਤਿਆਰੀਆਂ ਅਰੰਭ ਦਿਤੀਆਂ ਪਰ ਚਿਹਰਿਆਂ ਉਤੇ ਪਹਿਲਾਂ ਵਾਂਗ 'ਵਫ਼ਾਦਾਰੀ' ਦਾ ਮੁਖੌਟਾ ਚੜ੍ਹਾਈ ਰਖਿਆ। ਇਸ ਵੇਲੇ ਮਹਾਰਾਣੀ ਜਿੰਦਾਂ ਇਕੋ ਇਕ ਔਰਤ ਨਿਕਲੀ ਜਿਸ ਨੇ ਅੰਦਰ ਦੇ ਗ਼ੱਦਾਰਾਂ ਨੂੰ ਵੀ ਪਛਾਣ ਲਿਆ ਤੇ ਅੰਗਰੇਜ਼ਾਂ ਦੇ ਇਰਾਦਿਆਂ ਨੂੰ ਭਾਂਪ ਚੁੱਕਣ ਮਗਰੋਂ, ਉਨ੍ਹਾਂ ਵਿਰੁਧ ਵੀ ਮੋਰਚਾ ਖੋਲ੍ਹ ਲਿਆ। ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨੂੰ ਗ੍ਰਿਫ਼ਤਾਰ ਕਰ ਕੇ ਭਾਰੀ ਤਸੀਹੇ ਦਿਤੇ ਤੇ ਉਹ ਕੈਦ ਵਿਚ ਹੀ ਰੋ ਰੋ ਕੇ ਅੰਨ੍ਹੀ ਵੀ ਹੋ ਗਈ। ਜਦ ਅੰਗਰੇਜ਼ ਨੇ ਦਲੀਪ ਸਿੰਘ ਨਾਲ ਉਸ ਦੀ ਅਖ਼ੀਰ ਮੁਲਾਕਾਤ ਕਰਵਾਈ ਤਾਂ ਉਹ ਅਪਣੇ ਪੁੱਤਰ ਨੂੰ ਵੇਖ ਨਹੀਂ ਸੀ ਸਕਦੀ, ਕੇਵਲ ਉਸ ਦੇ ਸ੍ਰੀਰ ਨੂੰ ਟੋਹ ਕੇ, ਉਸ ਨਾਲ ਗੱਲ ਕਰ ਸਕਦੀ ਸੀ।

ਅੱਜ ਤਕ ਮੈਂ ਕਿਸੇ ਪੰਜਾਬੀ ਕਵੀ ਨੂੰ ਉਸ ਸਿੱਖ ਮਹਾਰਾਣੀ ਦੇ ਜੇਲ੍ਹ ਅੰਦਰ ਡੋਲ੍ਹੇ ਅਥਰੂਆਂ ਦਾ ਮੁੱਲ ਪਾਉਂਦਿਆਂ ਜਾਂ ਗਿਣਤੀ ਕਰਦਿਆਂ ਨਹੀਂ ਵੇਖਿਆ ਜਿਨ੍ਹਾਂ ਨੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਖੋਹ ਲਈ ਸੀ। ਜੇ ਡਾ: ਗੰਡਾ ਸਿੰਘ ਹਿਸਟੋਰੀਅਨ ਕੋਸ਼ਿਸ਼ ਨਾ ਕਰਦੇ ਤਾਂ ਕਿਸੇ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਲਗਣਾ ਕਿ ਬੰਦਾ ਸਿੰਘ ਨੇ, ਅਸਲ ਨਾਨਕੀ ਸਿੱਖ ਰਾਜ ਕਾਇਮ ਕਰਨ ਲਈ ਕਿੰਨੇ ਯਤਨ ਕੀਤੇ ਤੇ ਉਹਦੇ ਲਈ ਕਿੰਨੇ ਤਸੀਹੇ ਝੱਲੇ ਤੇ ਫਿਰ ਰਾਣੀ ਜਿੰਦਾਂ ਨੇ ਜੇਲ ਵਿਚੋਂ ਅੰਗਰੇਜ਼ ਨੂੰ ਕਿੰਨੀਆਂ ਕੌੜੀਆਂ ਚਿੱਠੀਆਂ ਲਿਖੀਆਂ ਤੇ ਜਵਾਬ ਵਿਚ ਅੰਗਰੇਜ਼ਾਂ ਨੇ ਉਸ ਨਾਲ ਕਿੰਨਾ ਗੰਦਾ ਸਲੂਕ ਕੀਤਾ।

ਪਰ ਸਿੱਖ ਆਪ ਮਹਾਰਾਣੀ ਜਿੰਦਾਂ ਬਾਰੇ ਕੀ ਕਹਿੰਦੇ ਸਨ? ਕੋਈ ਇਕ ਵੀ ਸਿੱਖ ਜਿੰਦਾਂ ਦਾ ਨਾਂ ਸਤਿਕਾਰ ਨਾਲ ਨਹੀਂ ਸੀ ਲੈਂਦਾ ਸਗੋਂ ਗੰਦੀ ਤੋਂ ਗੰਦੀ ਗਾਲ ਕੱਢ ਕੇ ਯਾਦ ਕਰਦਾ ਸੀ ਕਿਉਂਕਿ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਿੱਖਾਂ ਅੰਦਰ ਧੁਮਾ ਦਿਤਾ ਸੀ ਕਿ ਰਾਣੀ ਜਿੰਦਾਂ ਅੰਦਰੋਂ ਅੰਗਰੇਜ਼ ਨਾਲ ਮਿਲੀ ਹੋਈ ਸੀ ਤੇ ਸਿੱਖ ਰਾਜ ਨੂੰ ਤਬਾਹ ਕਰਨ ਦੀ ਜ਼ਿੰਮੇਵਾਰ ਸੀ। ਖ਼ੁਫ਼ੀਆ ਏਜੰਸੀਆਂ ਦਾ ਇਹ ਪ੍ਰਚਾਰ, ਸਿੱਖਾਂ ਨੂੰ ਜੱਚ ਜਾਂਦਾ ਸੀ ਕਿ ਅਪਣੇ ਪੁੱਤਰ (ਦਲੀਪ ਸਿੰਘ) ਖ਼ਾਤਰ ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਨੂੰ ਤਿਆਰ ਹੋ ਗਈ ਸੀ ਤੇ ਸਿੱਖ ਫ਼ੌਜਾਂ ਨੂੰ ਹਰਾਉਣ ਲਈ ਉਹ ਬਾਰੂਦ ਭੇਜਣ ਦੇ ਨਾਂ ਤੇ ਸਰ੍ਹੋਂ ਭੇਜਦੀ ਰਹੀ ਹੈ ਜਦਕਿ ਇਹ ਕੰਮ ਡੋਗਰੇ ਕਰ ਰਹੇ ਸਨ।

ਹਾਰੇ ਹੋਏ ਸਿੱਖ ਫ਼ੌਜੀ ਸਿੱਖ ਰਾਜ ਦੇ ਜਾਣ ਮਗਰੋਂ ਰਾਣੀ ਜਿੰਦਾਂ ਬਾਰੇ ਕਿਵੇਂ ਬੋਲਦੇ ਸਨ, ਇਸ ਦੀ ਠੀਕ ਜਾਣਕਾਰੀ ਲੈਣੀ ਹੋਵੇ ਤਾਂ ਅਕਾਲੀ ਨੇਤਾ ਮਾ: ਤਾਰਾ ਸਿੰਘ ਦੀ, ਇਕ ਲੇਖਕ ਵਜੋਂ ਲਿਖੀ ਕਿਤਾਬ 'ਬਾਬਾ ਤੇਗਾ ਸਿੰਘ' ਪੜ੍ਹ ਕੇ ਵੇਖ ਸਕਦੇ ਹੋ। ਉਸ ਵਿਚ ਸਿੱਖ ਫ਼ੌਜ ਦਾ ਹਾਰਿਆ ਹੋਇਆ ਫ਼ੌਜੀ ਰਾਣੀ ਜਿੰਦਾਂ ਨੂੰ 'ਗ਼ਦਾਰ' ਮੰਨ ਕੇ, ਭਾਂਤ ਭਾਂਤ ਦੀਆਂ ਗਾਲਾਂ ਕਢਦਾ ਹੈ। ਲੇਖਕ (ਮਾ: ਤਾਰਾ ਸਿੰਘ) ਨੇ ਪੁਸਤਕ ਦੇ ਅੰਤ ਵਿਚ ਅੰਗਰੇਜ਼ ਲਿਖਾਰੀਆਂ ਦੀਆਂ ਲਿਖਤਾਂ ਵਿਚੋਂ ਹਵਾਲੇ ਦੇ ਕੇ ਪਾਠਕ ਨੂੰ ਦਸਿਆ ਹੈ ਕਿ ਬਾਬਾ ਤੇਗਾ ਸਿੰਘ ਤੇ ਦੂਜੇ ਸਿੱਖ ਫ਼ੌਜੀਆਂ ਨੂੰ ਅੰਦਰ ਦੇ ਸੱਚ ਬਾਰੇ ਠੀਕ ਪਤਾ ਨਹੀਂ ਸੀ, ਇਸ ਲਈ ਉਹ ਜਿੰਦਾਂ ਨੂੰ ਅਸਲ ਦੋਸ਼ੀ ਮੰਨਦੇ ਸਨ ਪਰ ਇਹ ਠੀਕ ਨਹੀਂ ਸੀ ਤੇ ਖ਼ੁਫ਼ੀਆ ਏਜੰਸੀਆਂ ਦਾ ਫੈਲਾਇਆ ਝੂਠ ਸੀ ਪਰ ਤੇਗਾ ਸਿੰਘ ਦੇ ਬੋਲ ਹੂਬਹੂ ਉਸ ਤਰ੍ਹਾਂ ਹੀ ਲਿਖੇ ਜਿਸ ਤਰ੍ਹਾਂ ਤੇਗਾ ਸਿੰਘ ਨੇ ਬੋਲੇ ਸਨ।

ਫਿਰ ਅਕਾਲੀ ਲਹਿਰ ਤੇ ਗੁਰਦੁਆਰਾ ਲਹਿਰ ਚੱਲੀ ਤਾਂ ਅੰਗਰੇਜ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਹੀ ਗੁਰਦਵਾਰਾ ਐਕਟ ਦੇ ਹੱਕ ਵਿਚ ਲੋਕ-ਰਾਏ ਪੈਦਾ ਕੀਤੀ ਤੇ ਸਿੱਖ ਲੀਡਰਾਂ ਨੂੰ ਤਿਆਰ ਕੀਤਾ ਕਿ ਉਹ ਇਸ ਰਾਹੀਂ ਪਹਿਲੀ ਵਾਰ ਆਮ ਸਿੱਖ ਅਪਣੇ ਨੁਮਾਇੰਦੇ ਚੁਣ ਕੇ ਭੇਜਣਗੇ ਜੋ ਸਿੱਖ ਧਰਮ ਬਾਰੇ ਸਾਰੇ ਫ਼ੈਸਲੇ ਆਪ ਲੈਣਗੇ। ਅਸਲ ਵਿਚ ਇਹ ਸਿੱਖਾਂ ਨੂੰ ਆਪਸ ਵਿਚ ਲੜਾਈ ਰੱਖਣ ਤੇ ਸਿਆਸਤਦਾਨਾਂ ਦਾ ਧਰਮ ਦੇ ਵਿਹੜੇ ਵਿਚ ਸੇਹ ਦਾ ਤਕਲਾ ਗੱਡਣ ਵਰਗਾ ਕੰਮ ਸੀ ਤਾਕਿ ਸਿੱਖਾਂ ਦਾ ਧਿਆਨ ਸਰਕਾਰ ਵਲੋਂ ਹਟਿਆ ਰਹੇ। ਉਦੋਂ ਵੀ ਵਿਦਵਾਨ ਸਿੱਖ ਕੂਕਦੇ ਰਹੇ ਕਿ ਇਹ ਐਕਟ ਸਿੱਖੀ ਨੂੰ ਖ਼ਤਮ ਕਰ ਦੇਵੇਗਾ, ਇਸ ਨੂੰ ਨਾ ਮੰਨੋ।

ਕਿਸੇ ਸਿੱਖ ਨੇ ਉਨ੍ਹਾਂ ਦੀ ਨਾ ਸੁਣੀ ਤੇ ਖ਼ੁਫ਼ੀਆ ਏਜੰਸੀਆਂ ਦਾ ਇਹ ਪ੍ਰਚਾਰ ਹੀ ਕਬੂਲਿਆ ਕਿ ਇਹੋ ਜਹੀ ਵੱਡੀ ਪ੍ਰਾਪਤੀ ਤਾਂ ਸਿੱਖਾਂ ਨੇ ਪਹਿਲਾਂ ਕਦੇ ਕੀਤੀ ਹੀ ਨਹੀਂ ਸੀ। ਅੱਜ 21ਵੀਂ ਸਦੀ ਵਿਚ ਜੇ ਨਿਰਪੱਖ ਹੋ ਕੇ ਸੋਚਿਆ ਜਾਏ ਤਾਂ ਗੁਰਦਵਾਰਾ ਚੋਣਾਂ ਨੇ ਹੀ ਸਿੱਖੀ ਦਾ ਖ਼ਾਤਮਾ ਕਰ ਕੇ ਰੱਖ ਦਿਤਾ ਹੈ ਕਿਉਂਕਿ ਧਰਮ ਅਸਥਾਨਾਂ ਵਿਚ ਸਿਆਸਤਦਾਨ ਆਪ ਬੈਠ ਗਏ ਹਨ ਜਾਂ ਉਨ੍ਹਾਂ ਦੇ ਚਹੇਤੇ ਪੁਜਾਰੀ ਤੇ 'ਪ੍ਰਧਾਨ ਜੀ' ਹੁੰਦੇ ਹਨ ਜੋ ਸਿਆਸਤਦਾਨਾਂ ਦੇ ਹੁਕਮਾਂ ਦੀ ਉਡੀਕ ਵਿਚ ਹੀ ਬੈਠੇ ਰਹਿੰਦੇ ਹਨ। ਅੰਗਰੇਜ਼ ਦੇ ਬਿਠਾਏ ਇਨ੍ਹਾਂ ਸਿਆਸੀ ਤੇ ਪੁਜਾਰੀ ਕਿਸਮ ਦੇ ਲੋਕਾਂ ਨੇ ਗੁਰਦਵਾਰੇ ਵਿਚ ਧਰਮ ਤਾਂ ਖ਼ਤਮ ਹੀ ਕਰ ਦਿਤਾ ਹੈ। ਹੁਣ ਤਾਂ ਆਰ.ਐਸ.ਐਸ. ਵੀ ਬੜੇ ਰੋਅਬ ਨਾਲ ਸਿੱਖੀ ਨੂੰ ਹੜੱਪਣ ਲਈ, ਉਨ੍ਹਾਂ ਦੀ ਉਂਗਲੀ ਫੜ ਕੇ ਪਹੁੰਚ ਚੁੱਕੀ ਹੈ।

ਅੰਗਰੇਜ਼ ਨੇ ਤਾਂ ਸ਼ੁਰੂ ਵਿਚ ਹੀ ਇਸ਼ਾਰਾ ਦੇ ਦਿਤਾ ਸੀ ਕਿ ਭਲੇ ਸਿੱਖਾਂ ਦਾ, ਅੰਗਰੇਜ਼ ਵਲੋਂ ਕਾਇਮ ਕੀਤੀ ਇਸ ਸੰਸਥਾ ਵਿਚ ਸਦਾ ਹੀ ਅਪਮਾਨ ਕੀਤਾ ਜਾਂਦਾ ਰਹੇਗਾ। ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿ: ਦਿਤ ਸਿੰਘ ਨੂੰ ਇਨ੍ਹਾਂ ਨੇ ਛੇਕ ਦਿਤਾ ਤੇ ਉਹ ਤਿਲ ਤਿਲ ਕਰ ਕੇ ਮਰੇ ਪਰ ਕਿਸੇ ਸਿੱਖ ਨੇ ਉਨ੍ਹਾਂ ਦੀ ਮਦਦ ਨਾ ਕੀਤੀ (ਹੁਣ ਜਨਮ ਦਿਨ ਮਨਾਉਂਦੇ ਹਨ) ਕਿਉਂਕਿ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਿੱਖਾਂ ਨੂੰ ਉਨ੍ਹਾਂ ਵਿਰੁਧ ਵਰਗਲਾਉਣ ਵਿਚ ਪੂਰੀ ਕਾਮਯਾਬੀ ਹਾਸਲ ਕਰ ਲਈ ਸੀ।

ਇਸੇ ਤਰ੍ਹਾਂ ਜਦ ਪੁਜਾਰੀਆਂ ਨੇ ਗ਼ਦਰੀ ਸਿੱਖਾਂ ਨੂੰ 'ਸਿੱਖ' ਹੀ ਮੰਨਣ ਤੋਂ ਇਨਕਾਰ ਕਰ ਦਿਤਾ ਤੇ ਜਲਿਆਂਵਾਲੇ ਬਾਗ਼ ਦੇ ਸਾਕੇ ਦੇ ਦੋਸ਼ੀ ਡਾਇਰ ਨੂੰ ਅਕਾਲ ਤਖ਼ਤ ਤੇ ਬੁਲਾ ਕੇ ਸਨਮਾਨਤ ਕੀਤਾ ਤੇ 'ਸੱਭ ਤੋਂ ਚੰਗਾ ਸਿੱਖ' ਐਲਾਨਿਆ ਤਾਂ ਵੀ ਕਿਸੇ ਸਿੱਖ ਵਲੋਂ ਕੋਈ ਵਿਰੋਧੀ ਆਵਾਜ਼ ਨਾ ਉਠਾਈ ਗਈ ਕਿਉਂਕਿ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਿੱਖਾਂ ਦੀ ਸੋਚ ਸ਼ਕਤੀ ਨੂੰ ਸੁੰਨ ਕਰ ਦਿਤਾ ਸੀ। ਆਜ਼ਾਦੀ ਤੋਂ ਬਾਅਦ, ਆਜ਼ਾਦ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਉਹੀ ਕੰਮ ਅਪਣੇ ਹੱਥਾਂ ਵਿਚ ਲੈ ਲਿਆ ਜਿਹੜਾ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਕਰਿਆ ਕਰਦੀਆਂ ਸਨ। ਇਸ ਬਾਰੇ ਅਗਲੇ ਹਫ਼ਤੇ ਵਿਚਾਰ ਕਰਾਂਗੇ।