ਜੇ ਕੋਈ ਪੰਥਕ ਪਰਚਾ ਮੁਸ਼ਕਲ ਵਿਚ ਆ ਹੀ ਜਾਵੇ ਤਾਂ ‘ਪੰਥਕ’ ਆਗੂਆਂ ਤੇ ਜਥੇਬੰਦੀਆਂ ਨੇ ਉਸ ਦੀ ਮਦਦ ਲਈ ਕਦੇ ਚੀਚੀ ਵੀ ਨਹੀਂ ਹਿਲਾਈ

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸੱਭ ਤੋਂ ਪੁਰਾਣੇ ਅੰਗਰੇਜ਼ੀ ਪਰਚੇ ‘ਸਿੱਖ ਰੀਵੀਊ’ ਪ੍ਰਤੀ ‘ਪੰਥਕਾਂ’ ਦੇ ਰਵਈਏ ਬਾਰੇ ਜਦ ਕੈਪਟਨ ਭਾਗ ਸਿੰਘ ਆਪ ਬੋਲੇ!

File Photo

ਅਸੀ ਦੋ ਹਫ਼ਤਿਆਂ ਤੋਂ ਵੇਖ ਰਹੇ ਹਾਂ ਕਿ ਜਦ ਵੀ ਕੋਈ ਪੰਥਕ ਅਖ਼ਬਾਰ ਜਾਂ ਪਰਚਾ, ਕਿਸੇ ਵੀ ਕਾਰਨ ਕਰ ਕੇ ਮੁਸ਼ਕਲ ਵਿਚ ਆ ਜਾਂਦਾ ਹੈ ਤਾਂ ਕੋਈ ਪੰਥਕ ਜਥੇਬੰਦੀ, ਪੰਥਕ ਵਿਦਵਾਨ, ਪੰਥਕ ਆਗੂ, ਪੰਥਕ ਸੰਸਥਾਵਾਂ, ਕਿਸੇ ਵੀ ਮੁਸ਼ਕਲ ਵਿਚ ਘਿਰੇ ਪੰਥਕ ਅਖ਼ਬਾਰ ਲਈ ਕੱਖ ਭੰਨ ਕੇ ਦੋਹਰਾ ਨਹੀਂ ਕਰਦੇ ਹਾਲਾਂਕਿ ਪਹਿਲਾਂ ਨਾਹਰੇ ਮਾਰਦੇ ਵੇਖੇ ਜਾਂਦੇ ਰਹੇ ਹਨ ਕਿ ‘ਕੋਈ ਪੰਥਕ ਅਖ਼ਬਾਰ ਕੱਢੇ ਸਹੀ, ਅਸੀ ਉਸ ਨੂੰ ਸਫ਼ਲ ਕਰਨ ਲਈ ਜਾਨ ਲੜਾ ਦਿਆਂਗੇ ਤੇ ਪੈਸੇ ਦੀ ਕਮੀ ਨਹੀਂ ਆਉਣ ਦਿਆਂਗੇ’ ਆਦਿ ਆਦਿ। ਜੇ ਕਿਸੇ ਨੂੰ ਪੁਛ ਹੀ ਲਿਆ ਜਾਏ ਕਿ ਹੁਣ ਪੰਥਕ ਪਰਚਾ ਔਕੜ ਵਿਚ ਘਿਰ ਗਿਆ ਹੈ ਪਰ ਤੁਸੀ ਇਸ ਨੂੰ ਬਚਾਉਣ ਲਈ ਕੁੱਝ ਵੀ ਨਹੀਂ ਕਰ ਰਹੇ, ਬਿਆਨ ਤਕ ਵੀ ਨਹੀਂ ਦੇ ਰਹੇ....?’’

ਫ਼ਟ ਜਵਾਬ ਮਿਲ ਜਾਂਦਾ ਹੈ, ‘‘ਪਰਚਾ ‘ਪੰਥਕ’ ਤਾਂ ਠੀਕ ਹੈ ਪਰ ਸਾਡੀਆਂ ਖ਼ਬਰਾਂ ਕੱਟ ਕੇ ਲਾਉਂਦਾ ਹੈ ਤੇ ਐਡੀਟਰ ਸਾਡੇ ਕਹਿਣੇ ਤੇ ਨਹੀਂ ਚਲਦਾ।’’ ਮਤਲਬ ਇਨ੍ਹਾਂ ਨੂੰ ਵੀ ਅਖ਼ਬਾਰ ਦੀ ‘ਪੰਥਕ ਨੀਤੀ’ ਦੀ ਕੋਈ ਕਦਰ ਨਹੀਂ ਹੁੰਦੀ ਤੇ ਮੁੱਖ ਗੱਲ ਉਹੀ ਵੇਖਦੇ ਹਨ ਜੋ ਸਰਕਾਰਾਂ ਵੇਖਦੀਆਂ ਹਨ ਕਿ ‘ਸਾਡੀ ਹਰ ਗੱਲ ਅੱਖਰ-ਅੱਖਰ ਛਾਪਦਾ ਹੈ ਜਾਂ ਨਹੀਂ। ਮਤਲਬ ਦੋਵੇਂ ਪਾਸੇ, ਤੁਹਾਡੀ ‘ਫ਼ਰਮਾਬਰਦਾਰੀ’ ਵੇਖੀ ਜਾਂਦੀ ਹੈ, ਅਖ਼ਬਾਰ ਜਾਂ ਪਰਚੇ ਦੀ ਪਾਲਸੀ ਨਹੀਂ।

ਮੈਂ ਤੁਹਾਨੂੰ ਸਿੰਘ ਸਭਾ ਲਹਿਰ ਦੇ ਬਾਨੀਆਂ ਦਾ ਦਰਦਨਾਕ ਹਾਲ ਸੁਣਾ ਚੁੱਕਾ ਹਾਂ, ਸਾਧੂ ਸਿੰਘ ਹਮਦਰਦ ਦਾ ਕਰੁਣਾਮਈ ਬਿਰਤਾਂਤ ਸੁਣਾ ਚੁਕਾ ਹਾਂ ਤੇ ਸ. ਹੁਕਮ ਸਿੰਘ ਦਾ ਸੱਚਮੁਚ ਦਾ ਰੋਣਾ ਵਿਖਾ ਚੁੱਕਾ ਹਾਂ। ਮੇਰੇ ਕੋਲ ‘ਸਿੱਖ ਰੀਵੀਊ’ ਕਲਕੱਤਾ ਦੇ ਐਡੀਟਰ ਸਵਰਗੀ ਕੈਪਟਨ ਭਾਗ ਸਿੰਘ ਜੀ ਆਏ। ਮੈਂ ਉਸ ਵੇਲੇ ਮਾਸਕ ਸਪੋਕਸਮੈਨ ਅੰਗਰੇਜ਼ੀ ਤੇ ਪੰਜਾਬੀ ਵਿਚ ਵਖਰੇ ਵਖਰੇ ਦੋ ਮੈਗਜ਼ੀਨ ਕਢਦਾ ਸੀ।

ਕਹਿਣ ਲੱਗੇ, ‘‘ਤੁਸੀ ‘ਸਪੋਕਸਮੈਨ’ ਮੈਗਜ਼ੀਨ ਨੂੰ ਸਫ਼ਲ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਹੋ, ਸਾਨੂੰ ਵੀ ਕੋਈ ਤਰੀਕਾ ਦੱਸੋ ਜਿਸ ਨਾਲ ਅਸੀ ਵੀ ਸਿੱਖਾਂ ਦੇ ਸੱਭ ਤੋਂ ਪੁਰਾਣੇ ਅੰਗਰੇਜ਼ੀ ਪਰਚੇ ਸਿੱਖ ਰੀਵੀਊ ਨੂੰ ਬਚਾ ਸਕੀਏ।’’ ਕੈਪਟਨ ਭਾਗ ਸਿੰਘ ਜੀ ਨੇ ਸਾਰਾ ਜੀਵਨ ਪੰਥ ਦੇ ਇਸ ਪੁਰਾਣੇ ਪਰਚੇ ਨੂੰ ਜੀਵਤ ਰੱਖਣ ਲਈ ਲਗਾ ਦਿਤਾ ਸੀ

ਪਰ ਉਨ੍ਹਾਂ ਦੇ ਮੂੰਹ ’ਚੋਂ ਨਿਕਲੇ ਨਿਰਾਸ਼ਾ-ਭਰੇ ਸ਼ਬਦ ਸੁਣ ਕੇ ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ‘ਪੰਥਕ’ ਕਾਰਵਾਂ ਦੇ ਵੱਡੇ ‘ਪੰਥਕ ਰਹਿਬਰ’ ਇਸ ਪਰਚੇ ਨਾਲ ਵੀ ਉਹੀ ਸਲੂਕ ਕਰਦੇ ਹਨ ਜੋ ‘ਹਾਕਮ’ ਲੋਕ ਅਪਣੇ ਮਾਤਹਿਤਾਂ ਨਾਲ ਕਰਦੇ ਹਨ ਜਾਂ ‘ਪੰਥਕ ਹਾਕਮ’ ਪੰਜਾਬੀ ਅਖ਼ਬਾਰਾਂ ਨਾਲ ਕਰਦੇ ਹਨ ਅਰਥਾਤ ਗ਼ੁਲਾਮ ਬਣ ਜਾਉ ਤੇ ਸੁਖੀ ਹੋ ਜਾਉ ਵਰਨਾ....।

ਮੈਂ ਕਿਹਾ, ‘‘ਤੁਹਾਨੂੰ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਹੈ ਜਦਕਿ ਅਸੀ ਤਾਂ ਐਲਾਨ ਹੀ ਕਰ ਦਿਤਾ ਹੈ ਕਿ ਜਦ ਤਕ ਸਪੋਕਸਮੈਨ ਮੈਗਜ਼ੀਨ ਤੋਂ ਰੋਜ਼ਾਨਾ ਅਖ਼ਬਾਰ ਨਹੀਂ ਬਣ ਜਾਂਦਾ, ਅਸੀ ਇਕ ਪੈਸੇ ਦਾ ਵੀ ਸਰਕਾਰੀ ਇਸ਼ਤਿਹਾਰ ਨਹੀਂ ਛਾਪਾਂਗੇ।’’ ਜਵਾਬ ’ਚ ਉਹ ਬੋਲੇ, ‘‘ਤਾਂ ਹੀ ਤਾਂ ਅਸੀ ਹੈਰਾਨ ਹਾਂ ਕਿ ਤੁਸੀ ਫਿਰ ਵੀ ਸਫ਼ਲ ਕਿਵੇਂ ਕਰ ਲਿਆ ਹੈ ਪਰਚਾ? ਸਿੱਖ ਜਥੇਬੰਦੀਆਂ ਦੀ ਮਦਦ ਦੀ ਗੱਲ ਤਾਂ ਨਾ ਹੀ ਕਰੋ, ਤਰਲੇ ਕਰ ਕਰ ਕੇ ਜੋ ‘ਭੀਖ’ ਮਿਲਦੀ ਹੈ, ਉਸ ਨਾਲ ਸਾਲ ਵਿਚ ਇਕ ਪਰਚੇ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਤੇ ਅਪਣੀ ਅਣਖ ਨੂੰ ਇਨ੍ਹਾਂ ਕੋਲ ਗਿਰਵੀ ਵੱਖ ਰਖਣਾ ਪੈਂਦਾ ਹੈ।’’ 

ਮੈਂ ਨਿਮਰਤਾ ਨਾਲ ਕਿਹਾ, ‘‘ਮੈਂ ਤਾਂ ਤੁਹਾਡੇ ਸਾਹਮਣੇ ਅਜੇ ਬੱਚਾ ਹੀ ਹਾਂ, ਸਲਾਹ ਨਹੀਂ ਦੇ ਸਕਦਾ ਪਰ ਹੱਥ ਜੋੜ ਕੇ ਬੇਨਤੀ ਹੀ ਕਰ ਸਕਦਾ ਹਾਂ ਕਿ ਪੰਥ ਦੀ ਸੇਵਾ ਕਰਨੀ ਹੈ ਤਾਂ ਪੰਥ ਦੀਆਂ ਸਰਕਾਰਾਂ, ਪੰਥ ਦੇ ਆਗੂਆਂ, ਪੰਥਕ ਜਥੇਬੰਦੀਆਂ, ਵਿਦਵਾਨਾਂ ਤੇ ‘ਪੰਥ-ਪੰਥ’ ਕੂਕਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ ਤੇ ਲੋਕਾਂ ਦੇ ਦਿਲ ਦੀ ਆਵਾਜ਼ ਸੁਣ ਕੇ, ਕੇਵਲ ਉਸੇ ਨੂੰ ਪਰਚੇ ਵਿਚ ਥਾਂ ਦਿਉ, ਫਿਰ ਸ਼ਾਇਦ ਵਾਹਿਗੁਰੂ ਤਰੁਠ ਹੀ ਪਵੇ।’’ 

ਕੈਪਟਨ ਭਾਗ ਸਿੰਘ ਜੀ ਦਾ ਰੁਦਨ ਬਿਲਕੁਲ ਹਕੀਕੀ ਸੀ ਕਿਉਂਕਿ ਉਨ੍ਹਾਂ ਪੰਥ ਦਾ ਪੱਲਾ ਇਕ ਦਿਨ ਲਈ ਵੀ ਨਹੀਂ ਸੀ ਛਡਿਆ ਪਰ ‘ਪੰਥ ਦੇ ਕਰਤਾ ਧਰਤਾ’ ਲੋਕਾਂ ਨੇ ਇਕ ਦਿਨ ਲਈ ਵੀ ਉਨ੍ਹਾਂ ਦੀ ਉਂਗਲੀ ਘੁਟ ਕੇ ਨਹੀਂ ਸੀ ਫੜੀ! ਉਹ ਤਾਂ ਸੇਵਾ ਨਿਭਾ ਕੇ ਸਵਰਗ ਸਿਧਾਰ ਗਏ ਪਰ ਹੁਣ ਤਕ ਭਾਰਤ ਵਿਚੋਂ ਉਨ੍ਹਾਂ ਦੀ ਥਾਂ ਲੈਣ ਵਾਲਾ ਨਾ ਕੋਈ ਸਿੱਖ ਐਡੀਟਰ ਲੱਭਾ ਹੈ, ਨਾ ਸਿੱਖ ਰੀਵਿਊ ਵਰਗਾ ਪਰਚਾ ਪਰ ਵੇਖ ਲਉ ‘ਪੰਥਕਾਂ’ ਨੇ ਉਨ੍ਹਾਂ ਦੀ ਕਿੰਨੀ ਕੁ ਕਦਰ ਪਾਈ ਹੈ।

ਸੁਣਿਆ ਹੈ, ਵਿਦੇਸ਼ ’ਚੋਂ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਪਰਚੇ ਦਾ ਸੰਪਾਦਨ ਕਰ ਕੇ ਹਰ ਮਹੀਨੇ ਕਲਕੱਤੇ ਭੇਜਦਾ ਹੈ। ਜਦ ਮੈਂ 11 ਸਾਲ ਕਲਮੁਕੱਲਿਆਂ ਮਾਸਕ ਸਪੋਕਸਮੈਨ ਅੰਗਰੇਜ਼ੀ ਵਿਚ ਕੱਲਮ-ਕੱਲਿਆਂ ਕਢਿਆ ਤਾਂ ਖ਼ੁਸ਼ਵੰਤ ਸਿੰਘ ਸਮੇਤ, ਬੜੇ ਪਾਸਿਆਂ ਤੋਂ ਆਵਾਜ਼ਾਂ ਆਈਆਂ ਕਿ ਅੰਗਰੇਜ਼ੀ ਵਿਚ ਨਵੇਂ ਯੁਗ ਦਾ ਰੋਜ਼ਾਨਾ ਸਿੱਖ ਅਖ਼ਬਾਰ ਦੇਣ ਵਾਲਾ ਆ ਗਿਆ ਹੈ। ਮੈਂ ਵੀ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਕੱਢਣ ਦੀ ਧਾਰ ਕੇ ਮੈਦਾਨ ਵਿਚ ਕੁਦਿਆ ਸੀ ਪਰ ‘ਪੰਥਕਾਂ’ ਨੇ ਮੇਰੇ ਪੰਜਾਬੀ ਅਖ਼ਬਾਰ ਨੂੰ ਵੀ ਬੰਦ ਕਰਵਾ ਦੇਣ ਲਈ ਲੰਮੀ ਗੋਲਾਬਾਰੀ ਸ਼ੁਰੂ ਕਰ ਕੇ ਮੈਨੂੰ ਅਪਣਾ ਅਰਮਾਨ ਦਿਲ ਵਿਚ ਹੀ ਦਬਾ ਦੇਣ ਲਈ ਮਜਬੂਰ ਕਰ ਦਿਤਾ। 

ਮੈਂ ਇਹੋ ਜਹੀਆਂ ਦਰਜਨਾਂ ਮਿਸਾਲਾਂ ਦੇ ਸਕਦਾ ਹਾਂ ਜਿਥੇ ਪੰਥ ਦਾ ਹੋਕਾ ਦੇਣ ਲਈ ਅਪਣਾ ਸੱਭ ਕੁੱਝ ਲੁਟਾ ਦੇਣ ਵਾਲਿਆਂ ਨਾਲ ਉਹੋ ਜਿਹਾ ਹੀ ਸਲੂਕ ਸਾਡੇ ‘ਪੰਥਕਾਂ’ ਨੇ ਕੀਤਾ ਜਿਸ ਦਾ ਪਤਾ ਸਿੰਘ ਸਭਾ ਲਹਿਰ ਦੇ ਬਾਨੀਆਂ, ਸਾਧੂ ਸਿੰਘ ਹਮਦਰਦ, ਸ. ਹੁਕਮ ਸਿੰਘ ਤੇ ਉਨ੍ਹਾਂ ਮਗਰੋਂ ਹੁਣ ‘ਸਿੱਖ ਰੀਵੀਊ’ ਕਲਕੱਤਾ ਦੇ ਬਾਨੀ ਐਡੀਟਰ ਕੈਪਟਨ ਭਾਗ ਸਿੰਘ ਦੇ ਰੁਦਨ ’ਚੋਂ ਵੇਖਿਆ ਸੁਣਿਆ ਜਾ ਸਕਦਾ ਹੈ। ਹੋਰ ਮਿਸਾਲਾਂ ਦੀ ਸ਼ਾਇਦ ਤੁਹਾਨੂੰ ਅਜੇ ਲੋੜ ਨਹੀਂ ਪਵੇਗੀ ਕਿਉਂਕਿ ਤੁਹਾਡੇ ‘ਰੋਜ਼ਾਨਾ ਸਪੋਕਸਮੈਨ’ ਨੂੰ ਬੰਦ ਕਰਵਾਉਣ ਲਈ ਜੋ ਕੁੱਝ ਇਨ੍ਹਾਂ ਨੇ ਕੀਤਾ, ਉਹ ਲੋਕ-ਰਾਜੀ ਦੇਸ਼ਾਂ ’ਚੋਂ ਕਿਸੇ ਵੀ ਦੇਸ਼ ਨੇ ਅਪਣੇ ਦੇਸ਼ ਦੇ ਇਕ ਅਖ਼ਬਾਰ ਨੂੰ ਬੰਦ ਕਰਨ ਲਈ ਨਹੀਂ ਕੀਤਾ ਹੋਣਾ। ਮਿਸਾਲ ਵਜੋਂ: 

(1) ਪਹਿਲੇ ਦਿਨ (1 ਦਸੰਬਰ, 2005) ਨੂੰ ਹੀ ਸਵੇਰੇ ਰੋਜ਼ਾਨਾ ਸਪੋਕਸਮੈਨ ਦਾ ਪਰਚਾ ਬਾਜ਼ਾਰ ਵਿਚ ਆਇਆ ਤੇ ਉਸੇ ਦਿਨ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਦਾ (ਅਕਾਲ ਤਖ਼ਤ ਦਾ ਨਹੀਂ) ‘ਹੁਕਮਨਾਮਾ’ ਆ ਗਿਆ ਕਿ ਕੋਈ ਸਿੱਖ ਇਸ ਅਖ਼ਬਾਰ ਨੂੰ ਨਾ ਪੜ੍ਹੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ।
(2) ਪੰਜਾਬ ਸਰਕਾਰ ਨੇ 10 ਸਾਲ ਇਸ ਦੇ ਇਸ਼ਤਿਹਾਰਾਂ ਤੇ ਮੁਕੰਮਲ ਪਾਬੰਦੀ ਲਾਈ ਰੱਖੀ ਤੇ ਹੋਰਨਾਂ ਨੂੰ ਵੀ ਰੋਕਦੀ ਰਹੀ। 

(3) ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰਾਂ ਤੇ 18 ਸਾਲ ਬਾਅਦ ਵੀ ਪਾਬੰਦੀ ਲੱਗੀ ਹੋਈ ਹੈ।
(4) ਮੇਰੇ ਉਤੇ ਪੰਜਾਬ ਦੇ ਕੋਨੇ ਕੋਨੇ ਵਿਚ ਪੁਲਿਸ ਕੇਸ ਪਾ ਦਿਤੇ ਗਏ ਤਾਕਿ ਮੈਂ ਲਿਖਣ ਜੋਗਾ ਸਮਾਂ ਵੀ ਨਾ ਕੱਢ ਸਕਾਂ ਤੇ ਅੱਜ ਇਸ ਕੇਸ ਵਿਚ ਤੇ ਕਲ ਉਸ ਕੇਸ ਵਿਚ ਅਦਾਲਤੀ ਚੱਕਰ ਹੀ ਪੰਜਾਬ ਭਰ ਵਿਚ ਕਟਦਾ ਰਹਾਂ ਤੇ ਅਖ਼ੀਰ ਥੱਕ ਟੁਟ ਕੇ ਸਰਕਾਰ ਦੀ ਈਨ ਮੰਨ ਲਵਾਂ। 

(5) ਇਕੋ ਦਿਨ, ਇਕੋ ਸਮੇਂ, ਪੰਜਾਬ ਵਿਚ ਸਾਡੇ 10 ਦਫ਼ਤਰਾਂ ਉਤੇ ਗੁੰਡਿਆਂ ਕੋਲੋਂ ਹਮਲਾ ਕਰਵਾ ਕੇ ਪੂਰੇ ਦੇ ਪੂਰੇ ਦਫ਼ਤਰ ਤਬਾਹ, ਫ਼ਨਾਹ ਕਰ ਦਿਤੇ ਗਏ। 
(6) ਸਾਡੇ ਪੱਤਰਕਾਰਾਂ ਨੂੰ ਧੱਕੇ ਮਾਰ ਕੇ ਪ੍ਰੈਸ ਕਾਨਫ਼ਰੰਸਾਂ ’ਚੋਂ ਬਾਹਰ ਕੱਢ ਦਿਤਾ ਜਾਂਦਾ ਸੀ।
(7) ਲੀਡਰ, ਪੁਜਾਰੀ (ਜਥੇਦਾਰ) ਹਰ ਰੋਜ਼ ਬਿਆਨ ਦਾਗਦੇ ਰਹਿੰਦੇ ਕਿ ਅਗਲੇ ਛੇ ਮਹੀਨੇ ਵਿਚ ਅਖ਼ਬਾਰ ਬੰਦ ਨਾ ਕਰਵਾ ਦਿਤਾ ਤਾਂ ਸਾਡਾ ਨਾਂ ਬਦਲ ਦੇਣਾ। 

(8) 11 ਵਕੀਲਾਂ ਦਾ ਇਕ ਬੋਰਡ ਬਣਾਇਆ ਗਿਆ ਤਾਕਿ ਰੋਜ਼ਾਨਾ ਸਪੋਕਸਮੈਨ ਵਿਰੁਧ ਕਾਨੂੰਨੀ ਕਾਰਵਾਈ ਕਰ ਕੇ ਇਸ ਨੂੰ ਬੰਦ ਕਰਵਾ ਦਿਤਾ ਜਾਏ। 
ਏਨਾ ਜ਼ੁਲਮ ਤੇ ਧੱਕਾ ਦੁਨੀਆਂ ਦੇ ਕਿਸੇ ਵੀ ਹੋਰ ਲੋਕ-ਰਾਜੀ ਦੇਸ਼ ਵਿਚ, ਕਿਸੇ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਨਹੀਂ ਕੀਤਾ ਗਿਆ ਪਰ ਕੋਈ ਪੰਥਕ ਅਖਵਾਉਂਦੀ ਹਸਤੀ, ਆਗੂ, ਵਿਦਵਾਨ, ਸੰਸਥਾ ਇਸ ਜ਼ੁਲਮ ਵਿਰੁਧ ਕੁਸਕੀ ਵੀ? ਕਿਸੇ ਨੇ ਇਸ ਜ਼ੁਲਮ ਵਿਰੁਧ ਬਿਆਨ ਵੀ ਜਾਰੀ ਕੀਤਾ? ਹਾਕਮ ਇਹੀ ਤਾਂ ਚਾਹੁੰਦੇ ਹਨ ਕਿ ਜਿਸ ਕੌਮ ਨੂੰ ਮਾਰਨਾ ਹੈ, ਪਹਿਲਾਂ ਉਸ ਦੀ ਆਵਾਜ਼ ਬੰਦ ਕਰੋ। ਇਸ ਜ਼ਰੂਰੀ ਮਸਲੇ ਬਾਰੇ ਅਗਲੇ ਐਤਵਾਰ ਚਰਚਾ ਕਰਾਂਗੇ। 
(ਚਲਦਾ)