ਜੋ ਕੰਮ ਸਾਰੀਆਂ ਪੰਥਕ ਸੰਸਥਾਵਾਂ ਰਲ ਕੇ ਨਹੀਂ ਕਰ ਸਕੀਆਂ ਉਹ 'ਉੱਚਾ ਦਰ' ਦੇ ਭਾਈ ਲਾਲੋ ਕਰ ਵਿਖਾਣਗੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਬੇ ਨਾਨਕ ਦੀ ਸਿੱਖੀ ਨੂੰ ਗਲੋਬਲ ਧਰਮ ਬਣਾਉਣ ਦਾ

Ucha dar babe Nanak Da

ਪਿਆਰੇ ਪਾਠਕੋ! ਪਿਛਲੇ 14-15 ਸਾਲਾਂ ਤੋਂ ਮੈਂ ਰੋਜ਼ਾਨਾ ਸਪੋਕਸਮੈਨ ਵਿਚ ਲਿਖਦਾ ਆ ਰਿਹਾ ਹਾਂ। ਉਸ ਤੋਂ ਪਹਿਲਾਂ 11 ਸਾਲ ਮੈਂ ਮਾਸਕ ਸਪੋਕਸਮੈਨ ਵਿਚ ਲਿਖਦਾ ਰਿਹਾ। ਉਸ ਤੋਂ ਪਹਿਲਾਂ 'ਪੰਜ ਪਾਣੀ' ਅਤੇ 'ਯੰਗ ਸਿੱਖ' ਵਿਚ 20 ਸਾਲ (ਵਿਚੋਂ ਕੁੱਝ ਅਰਸਾ ਗ਼ੈਰ-ਹਾਜ਼ਰ ਰਹਿਣ ਦੇ ਸਮੇਂ ਨੂੰ ਛੱਡ ਕੇ) ਲਿਖਦਾ ਰਿਹਾ। ਸ਼ੁਰੂ ਤੋਂ ਜੁੜੇ ਚਲੇ ਆ ਰਹੇ ਮੇਰੇ ਪਾਠਕ ਮੈਨੂੰ ਦਸਦੇ ਰਹਿੰਦੇ ਨੇ, ''ਏਨੇ ਸਾਲਾਂ ਵਿਚ ਅਕਾਲੀ ਬਦਲ ਗਏ, ਕਾਂਗਰਸੀ ਬਦਲ ਗਏ, ਭਾਜਪਾ ਵਾਲੇ ਬਦਲ ਗਏ, 'ਆਪ' ਵਾਲੇ ਬਦਲ ਗਏ, ਕਮਿਊਨਿਸਟ ਬਦਲ ਗਏ, ਪਰ ਜਿਹੜਾ ਸੱਚ ਦਾ ਝੰਡਾ ਚੁੱਕ ਕੇ ਤੁਸੀ ਲਿਖਣਾ ਸ਼ੁਰੂ ਕੀਤਾ ਸੀ,

ਉਸ ਨੂੰ ਲੈ ਕੇ ਅੱਜ ਤਕ ਵੀ ਉਸੇ ਤਰ੍ਹਾਂ ਡਟੇ ਹੋਏ ਹੋ ਤੇ ਤੁਹਾਡੀ ਕਲਮ ਇਕ ਪਲ ਲਈ ਵੀ ਨਾ ਕਦੇ ਰੁਕਦੀ ਵੇਖੀ ਹੈ, ਨਾ ਝੁਕਦੀ ਵੇਖੀ ਹੈ।'' ਧਨਵਾਦ ਹੈ ਇਨ੍ਹਾਂ ਲੰਮੇ ਸਮੇਂ ਤੋਂ ਜੁੜੇ ਆ ਰਹੇ ਪਾਠਕਾਂ ਦਾ ਕਿ ਉਨ੍ਹਾਂ ਦਾ ਸਨੇਹ ਮੇਰੀ ਲੇਖਣੀ ਨਾਲ ਕਦੇ ਨਹੀਂ ਟੁੱਟਾ। ਮੈਂ ਨਹੀਂ ਜਾਣਦਾ ਕਿ ਏਨੇ ਲੰਮੇ ਸਮੇਂ ਤੋਂ ਪਾਠਕ ਕਿਹੜੀ ਗੱਲੋਂ ਮੇਰੇ ਨਾਲ ਜੁੜੇ ਆ ਰਹੇ ਹਨ ਪਰ ਮੈਂ ਏਨਾ ਕੁ ਜ਼ਰੂਰ ਦੱਸ ਸਕਦਾ ਹਾਂ ਕਿ ਏਨੇ ਲੰਮੇਂ ਸਮੇਂ ਵਿਚ ਮੈਂ ਤੇ ਮੇਰੀ ਜੀਵਨ ਸਾਥਣ ਨੇ ਇਕ ਪਲ ਵੀ ਆਰਾਮ ਨਾਲ ਬੈਠ ਕੇ ਨਹੀਂ ਵੇਖਿਆ, ਸੰਘਰਸ਼ ਹੀ ਕਰਦੇ ਰਹੇ।

ਸੰਘਰਸ਼ ਅਪਣੇ ਲਈ ਨਹੀਂ, ਕੁੱਝ ਅਸੂਲਾਂ ਤੇ ਆਦਰਸ਼ਾਂ ਨੂੰ ਜਿੱਤ ਦਿਵਾਉਣ ਲਈ। ਅਪਣੀ ਜੀਵਨ ਭਰ ਦੀ ਕਮਾਈ ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਹਵਾਲੇ ਕਰ ਕੇ, ਇਸ ਸਾਰੇ ਸਮੇਂ ਵਿਚ ਮੈਂ ਇਕ ਪੈਸੇ ਦੀ ਵੀ ਕੋਈ ਜ਼ਮੀਨ ਜਾਇਦਾਦ ਅਪਣੇ ਲਈ ਨਹੀਂ ਬਣਾਈ। ਇਹ ਉਹ ਸਮਾਂ ਸੀ ਜਦ ਪੰਜਾਬੀ ਅਖ਼ਬਾਰਾਂ ਵਾਲੇ ਵੀ, ਵੱਡੇ ਵਪਾਰੀਆਂ ਦੇ ਟਾਕਰੇ ਦੇ ਕਰੋੜਪਤੀ ਤੇ ਅਰਬਪਤੀ ਬਣ ਰਹੇ ਸਨ। ਮੇਰੇ ਲਈ ਕਲਮ ਨੂੰ ਜ਼ਰਾ ਕੁ ਮੋੜਾ ਦੇ ਕੇ ਖ਼ੁਦ ਵੀ ਅਰਬਪਤੀ ਤੇ ਜਾਇਦਾਦਾਂ ਦਾ ਮਾਲਕ ਬਣਨਾ ਬਹੁਤ ਹੀ ਸੌਖਾ ਸੀ ਪਰ ਮੈਂ ਅਪਣੀ ਕਲਮ ਦਾ ਰੁਖ਼ ਬਦਲਣ ਬਾਰੇ ਕਦੇ ਸੋਚਿਆ ਵੀ ਨਾ।

ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਜਦ ਇਹ ਸਫ਼ਰ ਸ਼ੁਰੂ ਕੀਤਾ। ਅੱਜ ਵੀ ਕਿਰਾਏ ਦੇ ਮਕਾਨ ਵਿਚ ਹੀ ਮੈਂ ਤੇ ਮੇਰਾ ਪ੍ਰਵਾਰ ਰਹਿੰਦਾ ਹੈ। ਕੋਈ ਜ਼ਮੀਨ ਜਾਇਦਾਦ ਦਾ ਇਕ ਇੰਚ ਵੀ ਮੇਰੇ ਨਾਂ ਤੇ ਨਹੀਂ ਹੈ। ਪਰ ਇਹ ਵੀ ਨਹੀਂ ਕਿ ਅਸੀ ਏਨੇ ਸਮੇਂ ਵਿਚ ਕਮਾਇਆ ਹੀ ਕੁੱਝ ਨਹੀਂ। ਜਾਇਦਾਦ ਤਾਂ ਅਸੀ ਵੀ ਕਰੋੜਾਂ ਦੀ ਬਣਾਈ (ਅਖ਼ਬਾਰ ਵੀ ਤੇ ਉੱਚਾ ਦਰ ਬਾਬੇ ਨਾਨਕ ਦਾ ਵੀ) ਪਰ ਦੋਹਾਂ ਚੀਜ਼ਾਂ ਨੂੰ ਅਪਣੀ ਮਲਕੀਅਤ ਨਹੀਂ ਬਣਾਇਆ, ਕੌਮੀ ਜਾਇਦਾਦ ਵਜੋਂ ਹੀ ਬਣਾਇਆ।

ਕਈਆਂ ਨੂੰ ਯਕੀਨ ਨਹੀਂ ਆਉਂਦਾ ਹੋਵੇਗਾ ਕਿ ਹਕੂਮਤਾਂ ਨਾਲ ਟੱਕਰ ਲੈਣ ਵਾਲਾ, 'ਉੱਚਾ ਦਰ' ਵਰਗਾ 100 ਕਰੋੜੀ ਪ੍ਰਾਜੈਕਟ ਕੌਮ ਨੂੰ ਦੇਣ ਵਾਲਾ ਤੇ ਭਾਰੀ ਨਾਕੇਬੰਦੀਆਂ ਤੇ ਪੇਸ਼ਬੰਦੀਆਂ ਦੇ ਬਾਵਜੂਦ, ਇਕ ਨਵਾਂ ਧੜੱਲੇਦਾਰ ਅਖ਼ਬਾਰ ਸਫ਼ਲ ਕਰ ਵਿਖਾਣ ਵਾਲਾ ਬੰਦਾ 'ਖ਼ਾਲੀ ਜੇਬ' ਕਿਵੇਂ ਹੋ ਸਕਦਾ ਹੈ? ਸ਼ੰਕਾ ਕਰਨ ਵਾਲੇ ਅਜਿਹੇ ਲੋਕਾਂ ਨੂੰ ਮੈਂ ਵਾਰ-ਵਾਰ ਕਿਹਾ ਹੈ, ਜੇ ਮੇਰੇ ਕਥਨਾਂ ਦੇ ਉਲਟ ਕੁੱਝ ਵੀ ਲੱਭ ਸਕਦੇ ਹੋ ਤਾਂ ਦੁਨੀਆਂ ਨੂੰ ਵੀ ਦੱਸੋ ਤੇ ਆਪ ਵੀ ਉਸ ਉਤੇ ਕਬਜ਼ਾ ਕਰ ਲਉ, ਮੈਂ ਨਹੀਂ ਰੋਕਾਂਗਾ।

ਹੁਣ ਜ਼ਰਾ ਮੈਨੂੰ ਏਨਾ ਕੁ ਦਾਅਵਾ ਪੇਸ਼ ਕਰਨ ਦੀ ਆਗਿਆ ਵੀ ਦੇ ਦਿਉ ਕਿ ਪਿਛਲੇ 45-50 ਸਾਲਾਂ ਵਿਚ ਜੋ ਵੀ ਮੈਂ ਲਿਖਿਆ, ਅੱਖਰ-ਅੱਖਰ ਸਹੀ ਸਾਬਤ ਹੋਇਆ। ਕਿਉਂ ਹੋਇਆ? ਕਿਉਂਕਿ ਮੈਂ ਕਦੇ ਵੀ ਕਿਸੇ ਨਿਜੀ ਲਾਭ ਹਾਣ ਬਾਰੇ ਸੋਚ ਕੇ ਨਹੀਂ ਲਿਖਿਆ, ਧਰਮ, ਦੇਸ਼, ਕੌਮ ਤੇ ਮਨੁੱਖਤਾ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਪੂਰਾ ਸੱਚ ਲਿਖਿਆ ਜਿਸ ਦਾ ਮੈਨੂੰ ਨੁਕਸਾਨ ਵੀ ਵਾਰ-ਵਾਰ ਸਹਿਣਾ ਪਿਆ ਪਰ ਬਾਅਦ ਵਿਚ ਸੱਭ ਨੂੰ ਸੱਚ ਆਖ਼ਰ ਪ੍ਰਵਾਨ ਵੀ ਕਰਨਾ ਹੀ ਪਿਆ। ਅੱਜ ਪੁਰਾਣੇ ਅਕਾਲੀ ਜੋ ਕੁੱਝ 'ਅਕਾਲੀ ਦਲ' ਬਾਰੇ ਕਹਿ ਰਹੇ ਹਨ, ਤੁਹਾਨੂੰ ਨਹੀਂ ਲਗਦਾ ਕਿ ਇਹ ਉਹੀ ਕੁੱਝ ਹੈ ਜੋ ਮੈਂ ਸਪੋਕਸਮੈਨ ਵਿਚ ਲਿਖਦਾ ਰਿਹਾ ਹਾਂ?

ਉਦੋਂ ਇਹ ਵੀ ਮੇਰੀਆਂ ਲਿਖਤਾਂ ਪੜ੍ਹ ਕੇ ਮੇਰੇ ਨਾਲ ਔਖੇ ਹੋ ਜਾਂਦੇ ਸਨ। ਅੱਜ ਮੇਰੇ ਹੀ ਲਿਖੇ ਫ਼ਿਕਰੇ ਦੁਹਰਾ ਰਹੇ ਹਨ ਕਿਉਂਕਿ ਉਹ ਨਾ ਝੁਠਲਾਇਆ ਜਾ ਸਕਣ ਵਾਲਾ ਸੱਚ ਬਿਆਨਦੇ ਸਨ। ਇਸੇ ਤਰ੍ਹਾਂ ਸੌਦਾ ਸਾਧ ਨੂੰ ਮਾਫ਼ ਕਰਨ ਮਗਰੋਂ ਜੋ ਕੁੱਝ 'ਜਥੇਦਾਰਾਂ' ਬਾਰੇ ਕੌਮ ਦੇ ਸਿਆਣਿਆਂ ਨੇ ਕਿਹਾ, ਤੁਹਾਨੂੰ ਨਹੀਂ ਲਗਦਾ ਕਿ ਇਹ ਮੇਰੇ ਲਿਖੇ ਫ਼ਿਕਰੇ ਹੀ ਦੁਹਰਾਏ ਜਾ ਰਹੇ ਸਨ ਜਦਕਿ ਪਹਿਲਾਂ ਇਨ੍ਹਾਂ ਨੇ ਹੀ ਮੈਨੂੰ ਇਹ ਕੁੱਝ ਲਿਖਣ ਕਾਰਨ ਨਿੰਦਿਆ ਵੀ ਸੀ?

ਅੱਜ ਮੈਂ ਪਾਠਕਾਂ ਬਾਰੇ ਜੋ ਕਹਿਣ ਜਾ ਰਿਹਾ ਹਾਂ, ਇਸ ਨੂੰ ਵੀ ਨੋਟ ਕਰ ਕੇ ਰੱਖ ਲੈਣਾ। ਅੱਜ ਸ਼ਾਇਦ ਤੁਹਾਨੂੰ ਵੀ ਸੱਚ ਨਾ ਲੱਗੇ ਪਰ ਕੱਲ ਦੁਨੀਆਂ ਵਾਲੇ ਵੀ ਇਸ ਸੱਚ ਨੂੰ ਦੁਹਰਾ ਰਹੇ ਹੋਣਗੇ। ਜਿਹੜਾ ਸੱਚ ਮੈਂ ਕਹਿਣ ਜਾ ਰਿਹਾ ਹਾਂ, ਉਹ ਇਹੀ ਹੈ ਕਿ ਜੇ ਤੁਸੀ ਉੱਚਾ ਦਰ ਬਾਬੇ ਨਾਨਕ ਦੇ ਸਿਪਾਹੀ ਬਣ ਜਾਉ ਤਾਂ ਕਲ ਦੁਨੀਆਂ ਵਾਲੇ ਵੀ ਇਹ ਆਖਦੇ ਸੁਣ ਲਉਗੇ ਕਿ ਜਿਸ ਸਮੇਂ ਸਿੱਖੀ ਨੂੰ ਇਸ ਦੀ ਬੇੜੀ ਦੇ ਮਲਾਹ ਹੀ ਡੋਬ ਰਹੇ ਸਨ, ਉਸ ਵੇਲੇ ਸਪੋਕਸਮੈਨ ਦੇ ਸਿਆਣੇ ਪਾਠਕਾਂ ਨੇ ਖੇਵਟ ਬਣ ਕੇ, 'ਉੱਚਾ ਦਰ ਬਾਬੇ ਨਾਨਕ ਦਾ' ਰਾਹੀਂ ਡੁਬਦੀ ਜਾਂਦੀ ਸਿੱਖੀ ਨੂੰ ਬਚਾ ਹੀ ਨਾ ਲਿਆ ਸਗੋਂ ਗਲੋਬਲ ਧਰਮ ਵੀ ਬਣਾ ਵਿਖਾਇਆ।

ਮੇਰੇ ਤੇ ਯਕੀਨ ਕਰੋ, ਮੈਂ ਬਾਬੇ ਨਾਨਕ ਦਾ ਨਾਂ ਲੈ ਕੇ ਕਦੇ ਝੂਠ ਨਹੀਂ ਬੋਲਿਆ ਜਾਂ ਲਿਖਿਆ। ਕੋਈ ਵੱਡੀ ਕੁਰਬਾਨੀ ਵੀ ਨਹੀਂ ਦੇਣੀ ਪੈਣੀ। ਬਸ 'ਉੱਚਾ ਦਰ' ਦੀ ਕਾਮਯਾਬੀ ਲਈ ਪਹਿਲੇ ਦਿਨ ਤੋਂ ਮਿਥੇ ਗਏ ਟੀਚਿਆਂ ਉਤੇ ਫੁੱਲ ਚੜ੍ਹਾ ਦਿਉ। ਪਹਿਲੇ ਦਿਨ ਹੀ ਇਹ ਨਿਸ਼ਚਿਤ ਕੀਤਾ ਗਿਆ ਸੀ ਕਿ 'ਉੱਚਾ ਦਰ' ਦੇ ਕੁੱਲ 10 ਹਜ਼ਾਰ ਮੈਂਬਰ ਬਣਾਏ ਜਾਣਗੇ¸5000 ਸ਼ੁਰੂ ਕਰਨ ਤੋਂ ਪਹਿਲਾਂ ਰਿਆਇਤੀ ਚੰਦੇ ਲੈ ਕੇ ਅਤੇ 5000 ਉੱਚਾ ਦਰ ਸ਼ੁਰੂ ਹੋਣ ਤੋਂ ਬਾਅਦ ਦੁਗਣੇ ਚੰਦਿਆਂ ਨਾਲ।

ਪਹਿਲੇ ਬਣਾਏ ਜਾਣ ਵਾਲੇ 5000 ਵਿਚੋਂ 3000 ਮੈਂਬਰ ਬਣ ਚੁਕੇ ਹਨ ਅਤੇ 2000 ਬਾਕੀ ਬਣਨੇ ਰਹਿੰਦੇ ਹਨ। ਜਿਸ ਦਿਨ ਇਹ 2000 ਹੋਰ ਮੈਂਬਰ ਬਣ ਗਏ, ਸਮਝੋ 'ਉੱਚਾ ਦਰ' ਸ਼ੁਰੂ ਹੋ ਗਿਆ ਕਿਉਂਕਿ ਬਾਕੀ ਸੱਭ ਕੁੱਝ ਤਾਂ ਤਿਆਰ ਹੀ ਹੈ। ਸਾਰਾ ਕੰਮ ਸਪੋਕਸਮੈਨ ਦੇ ਪਾਠਕਾਂ ਨੇ ਹੀ ਕਰਨਾ ਹੈ। ਇਕ ਮਹੀਨੇ ਵਿਚ ਕਰਨਾ ਹੈ ਤਾਕਿ ਵਿਸਾਖੀ ਦੇ ਸਮਾਗਮ ਵਿਚ 'ਉੱਚਾ ਦਰ' ਚਾਲੂ ਵੀ ਹੋ ਜਾਏ। ਇਕ ਮਹੀਨੇ ਲਈ ਰਿਆਇਤੀ ਚੰਦਿਆਂ ਵਿਚ ਇਕ ਹੋਰ ਰਿਆਇਤ ਵੀ ਦਿਤੀ ਜਾ ਰਹੀ ਹੈ- ਸਿਰਫ਼ ਇਕ ਮਹੀਨੇ ਲਈ। ਜਿਹੜੇ ਪਹਿਲਾਂ ਹੀ ਮੈਂਬਰ ਬਣ ਚੁਕੇ ਹਨ,

ਉਹ ਜਾਂ ਤਾਂ ਆਪ ਨਵੀਂ ਰਿਆਇਤ ਦਾ ਫਾਇਦਾ ਉਠਾ ਕੇ ਇਕ ਪੌੜੀ ਉਪਰ ਚੜ੍ਹ ਜਾਣ ਜਾਂ ਘੱਟੋ ਘੱਟ ਦੋ ਨਵੇਂ ਮੈਂਬਰ ਜ਼ਰੂਰ ਬਣਾ ਦੇਣ ਜਾਂ ਇਕ ਲੱਖ ਰੁਪਿਆ, 3 ਸਾਲ ਲਈ ਵਿਆਜ ਰਹਿਤ 'ਫ਼ਰੈਂਡਲੀ ਲੋਨ' ਦੇ ਦੇਣ। ਬਸ ਉੱਚਾ ਦਰ 13 ਅਪ੍ਰੈਲ ਨੂੰ ਸ਼ੁਰੂ ਕਰ ਕੇ ਹੀ ਰਹਿਣਾ ਹੈ- ਇਹ ਨਿਸ਼ਚਾ ਧਾਰ ਕੇ ਇਸ ਦੇ ਸਾਰੇ ਸ਼ੁਭਚਿੰਤਕ ਕੰਮ ਤੇ ਲੱਗ ਜਾਣ ਤਾਂ ਇਕ ਨਵੇਂ ਇਨਕਲਾਬ ਦਾ ਆਰੰਭ ਵੀ ਹੋ ਜਾਏਗਾ

ਜੋ ਬਾਬੇ ਨਾਨਕ ਦੀ ਸਿੱਖੀ ਨੂੰ ਨਾ ਕੇਵਲ ਬਚਾ ਲਵੇਗਾ ਸਗੋਂ ਇਸ ਨੂੰ ਸਾਰੀ ਮਾਨਵਤਾ ਤਕ ਵੀ ਲੈ ਜਾਵੇਗਾ ਤੇ ਇਸ ਦਾ ਸਿਹਰਾ ਸਪੋਕਸਮੈਨ ਦੇ ਪਾਠਕਾਂ ਦੇ ਸਿਰ ਬੱਝ ਕੇ ਰਹੇਗਾ, ਜਿਵੇਂ ਮੈਂ ਉਪਰ ਲਿਖਿਆ ਹੈ। ਇਕ ਮਹੀਨੇ ਲਈ ਦਿਤੇ ਜਾਣ ਵਾਲੀ ਵਿਸ਼ੇਸ਼ ਰਿਆਇਤ ਬਾਰੇ ਅੰਦਰ ਸਫ਼ਾ 7 ਤੇ ਵਿਸਥਾਰ ਵੇਖ ਸਕਦੇ ਹੋ। ਥੋੜੀ ਰਕਮ ਬਚਾਉਣ ਖ਼ਾਤਰ, ਇਹ ਤਾਜ ਅਪਣੇ ਮੱਥੇ ਉਤੇ ਸਜਾਉਣ ਤੋਂ ਵਾਂਝੇ ਨਾ ਰਹਿ ਜਾਇਉ।