ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਵਾਲਿਆਂ ਨੂੰ ਕੀ ਸੁੱਝੀ ਕਿ ਉਹ ਪੰਥਕ-ਮੀਡੀਆ ਦੇ ਰਾਖੇ ਹੋਣ ਦਾ ਦਾਅਵਾ ਕਰਨ ਲੱਗ ਪਏ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੀ ਕੋਈ ਮੁਗ਼ਲ ਸਰਕਾਰ ਹੁੰਦੀ ਤਾਂ ‘ਸਪੋਕਸਮੈਨ’ ਨਾਲ ਜ਼ਿਆਦਾ ਮਾੜਾ ਸਲੂਕ ਕਰਦੀ?

photo

 

ਮੇਰਾ ਦਿਮਾਗ਼ ਕਈ ਦਿਨਾਂ ਤੋਂ ਚੱਕਰ ਖਾ ਰਿਹਾ ਸੀ ਤੇ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਸੀ ਮਿਲ ਰਿਹਾ ਕਿ ਕੀ ਲੋੜ ਪੈ ਗਈ ਸੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ (ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਲਿਖਦੇ ਹੁੰਦੇ ਸਨ ਕਿ ਇਹ ਹੁਣ ਅਕਾਲ ਤਖ਼ਤ ਨਹੀਂ, ਅਕਾਲੀ ਤਖ਼ਤ ਬਣ ਕੇ ਰਹਿ ਗਿਆ ਹੈ) ਇਹ ਦਾਅਵਾ ਕਰਨ ਦੀ ਕਿ ਇਹ ‘ਪੰਥਕ ਮੀਡੀਆ’ ਦੇ ਨਿਗੇਹਬਾਨ ਬਣਨਗੇ? ਸਿੱਧੀ ਗੱਲ ਕਹਿੰਦੇ ਕਿ ਹਮੇਸ਼ਾ ਦੀ ਤਰ੍ਹਾਂ, ਬਾਦਲਾਂ ਦੇ ਕਿਸੇ ਵੀ ਚੇਲੇ ਜਾਂ ਉਨ੍ਹਾਂ ਦੇ ਹਮਾਇਤੀ ਜਥੇਦਾਰਾਂ ਨੂੰ ਕੰਡਾ ਵੀ ਚੁਭਿਆ ਤਾਂ ਇਹ ਉਸ ਦੀ ਮਦਦ ਲਈ ਜ਼ਮੀਨ ਅਸਮਾਨ ਇਕ ਕਰ ਦੇਣਗੇ!! ਏਨੀ ਕੁ ਗੱਲ ਤੇ ਤਾਂ ਕਿਸੇ ਨੂੰ ਵੀ ਇਤਰਾਜ਼ ਨਹੀਂ ਸੀ ਹੋਣਾ ਕਿਉਂਕਿ ਹਰ ਸਰਕਾਰ ਦੇ ਅਹਿਦ ਵਿਚ, ਜਥੇਦਾਰ ਲੋਕ ਇਹੀ ਕੁੱਝ ਕਰਦੇ ਆਏ ਹਨ ਜਿਵੇਂ ਜਦ ਕਾਂਗਰਸੀ ਸਿੱਖ ਅਕਾਲ ਤਖ਼ਤ ਦੇ ‘ਜਥੇਦਾਰ’ ਬਣ ਗਏ ਸਨ (ਜਥੇਦਾਰ ਮੋਹਨ ਸਿੰਘ ਤੇ ਮੁਸਾਫ਼ਰ ਜੀ) ਤਾਂ ‘ਅਕਾਲ ਤਖ਼ਤ’ ਦਿੱਲੀ ਤੋਂ ਹਦਾਇਤਾਂ ਲੈ ਕੇ ਬੋਲਦਾ ਸੀ ਤੇ ਉਸ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਬਾਨੀਆਂ (ਗਿ. ਦਿਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ) ਨੂੰ ਸਿੱਖੀ ਵਿਚੋਂ ਛੇਕਣ ਸਮੇਂ ਤੇ ਜਨਰਲ ਡਾਇਰ ਨੂੰ ਅਕਾਲ ਤਖ਼ਤ ’ਤੇ ਸੱਦ ਕੇ ‘ਉੱਤਮ ਸਿੱਖ’ ਹੋਣ ਦਾ ਸਨਮਾਨ ਦੇਣ ਸਮੇਂ ਅਕਾਲ ਤਖ਼ਤ ਉਤੇ ਅੰਗਰੇਜ਼ ਸਰਕਾਰ ਦੀ ਤੂਤੀ ਬੋਲਦੀ ਸੀ। ਜਦੋਂ ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋ. ਗੁਰਮੁਖ ਦਾ ਅਖ਼ਬਾਰ ਬੰਦ ਕਰ ਦਿਤਾ ਗਿਆ ਤੇ ਗਿ. ਦਿਤ ਸਿੰਘ ਰਾਤ ਇਕ ਹਕੀਮ ਮੁਸਲਮਾਨ ਦੀ ਦੁਕਾਨ ਤੇ ਸੌਂ ਕੇ ਸਮਾਂ ਗੁਜ਼ਾਰਦੇ ਸਨ ਤੇ ਦਿਨੇ ਪਾਰਕ ਵਿਚ ਬਹਿ ਕੇ ਦਿਨ-ਕਟੀ ਕਰਦੇ ਸਨ ਤਾਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਕੀ ਇਕ ਲਫ਼ਜ਼ ਵੀ ਬੋਲੇ ਸਨ? ਨਹੀਂ, ਇਹ ਹਾਕਮ ਦੇ ਕਹੇ ਬਿਨਾਂ ਕਦੇ ਨਹੀਂ ਬੋਲੇ। 

ਅਕਾਲ ਤਖ਼ਤ ਜਾਂ ਬੁੰਗੇ ਦਾ ਸੁਨਹਿਰੀ ਕਾਲ ਉਹੀ ਸੀ ਜਦ ਅਕਾਲ ਤਖ਼ਤ ਉਤੇ ਨਹੀਂ, ਇਸ ਦੇ ਸਾਹਮਣੇ ਵਿਹੜੇ ਵਿਚ ਮਿਸਲਾਂ ਦੇ ਸਰਦਾਰ ਜੁੜ ਬੈਠਦੇ ਸਨ ਤੇ ਅਪਣੇ ਵਿਚੋਂ ਹੀ ਇਕ ਸਿੰਘ ਨੂੰ ਇਕ ਦਿਨ ਦੀ ਸਭਾ ਲਈ ਅਪਣਾ ਜਥੇਦਾਰ ਚੁਣ ਲੈਂਦੇ ਸੀ ਜੋ ਸਦਾ ਲਈ ਜਥੇਦਾਰ ਨਹੀਂ ਸੀ ਬਣ ਜਾਂਦਾ ਤੇ ਨਾ ਕਿਸੇ ਦਾ ਤਨਖ਼ਾਹਦਾਰ ਮੁਲਾਜ਼ਮ ਹੁੰਦਾ ਸੀ। ਉਦੋਂ ਹੀ ਸਹੁੰਆਂ ਚੁਕ ਕੇ, ਪੂਰੀ ਨਿਰਪਖਤਾ ਨਾਲ ਫ਼ੈਸਲੇ ਲਏ ਜਾਂਦੇ ਸਨ ਜਿਨ੍ਹਾਂ ਨੂੰ ਸਾਰਾ ਪੰਥ ਮੰਨ ਲੈਂਦਾ ਸੀ। ਤਨਖ਼ਾਹਦਾਰ ਮੁਲਾਜ਼ਮਾਂ ਨੇ ‘ਸਥਾਈ ਜਥੇਦਾਰ’ ਬਣ ਕੇ ਤੇ ਮੁਲਾਜ਼ਮਤ ਦੇਣ ਵਾਲਿਆਂ ਦੇ ਹੁਕਮ ਮੰਨ ਕੇ, ਅਕਾਲ ਤਖ਼ਤ ਦਾ ਮਤਲਬ ਹੀ ਬਦਲ ਦਿਤਾ ਹੈ ਪਰ ਉਹ ਤੇ ਉਨ੍ਹਾਂ ਦੇ ਸਿਆਸੀ ਮਾਲਕ ਚਾਹੁੰਦੇ ਇਹ ਹਨ ਕਿ ਸਾਰਾ ਪੰਥ ਉਨ੍ਹਾਂ ਦੇ ਗ਼ਲਤ-ਠੀਕ ਸਾਰੇ ਫ਼ੈਸਲਿਆਂ ਅੱਗੇ ਅਜੇ ਵੀ ਸਿਰ ਝੁਕਾਈ ਰੱਖੇ ਤੇ ਕਿੰਤੂ ਪ੍ਰੰਤੂ ਨਾ ਕਰੇ। ਜਦੋਂ ‘ਜਥੇਦਾਰ’ ਨਿਰਪੱਖ ਸੀ, ਉਦੋਂ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਹੁੰਦਾ ਪਰ ਹੁਣ ਹਾਕਮਾਂ ਦੇ ਹੁਕਮ ਲਾਗੂ ਕਰਨ ਵਾਲੇ ਤਨਖ਼ਾਹਦਾਰ ਜਥੇਦਾਰਾਂ ਦੇ ਗ਼ਲਤ ਫ਼ੈਸਲਿਆਂ ’ਤੇ ਵੀ ਜੇ ਕਿੰਤੂ ਪ੍ਰੰਤੂ ਕੋਈ ਨਹੀਂ ਕਰਦਾ ਤਾਂ ਇਸ ਦਾ ਮਤਲਬ ਇਹੀ ਹੋਵੇਗਾ ਕਿ ਸਿੱਖ ਪੰਥ ’ਚ ਜਾਨ ਨਹੀਂ ਰਹੀ ਤੇ ਸੋਚ-ਸ਼ਕਤੀ ਖ਼ਤਮ ਹੋ ਗਈ ਹੈ। 
ਮੇਰੇ ਵਰਗੇ ਸਿੱਖ ਇਸੇ ਲਈ ਲੜਦੇ ਰਹਿੰਦੇ ਹਨ ਕਿ ਅਕਾਲ ਤਖ਼ਤ, ਕੇਵਲ ਅਕਾਲ ਪੁਰਖ ਦੀ ਅਧੀਨਗੀ ਕਬੂਲੇ ਤੇ ਕਿਸੇ ਵੀ ਦੁਨਿਆਵੀ ਹਕੂਮਤ ਨੂੰ ਖ਼ੁਸ਼ ਕਰਨ ਲਈ ਕੁੱਝ ਨਾ ਬੋਲੇ। ਫਿਰ ਹੀ ਇਸ ਦੇ ਹੋਣ ਦਾ ਕੌਮ, ਦੇਸ਼ ਤੇ ਮਨੁੱਖਤਾ ਨੂੰ ਫ਼ਾਇਦਾ ਹੋਵੇਗਾ, ਨਹੀਂ ਤਾਂ ਹਕੂਮਤਾਂ ਦੀ ਚਾਪਲੂਸੀ ਕਰਨ ਵਾਲੇ ਤਾਂ ਸਦਾ ਹੀ ਇਸ ਦੇਸ਼ ਤੇ ਹਾਵੀ ਰਹੇ ਹਨ। 

ਪਰ ਅੱਜ ਹਰ ਹਿੰਦੁਸਤਾਨੀ ਉਨ੍ਹਾਂ ਨੂੰ ਹੀ ਯਾਦ ਕਰਦਾ ਹੈ ਜਿਨ੍ਹਾਂ ਨੇ ਹਕੂਮਤ ਨੂੰ ਸੱਚ ਸੁਣਾਇਆ, ਵਿਦੇਸ਼ੀ ਹਾਕਮਾਂ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਹਰ ਹੀਲਾ ਕੀਤਾ, ਭਾਵੇਂ ਅਜਿਹਾ ਕਰਦਿਆਂ, ਉਨ੍ਹਾਂ ਨੂੰ ਅਪਣੀ ਜਾਨ ਵੀ ਗਵਾਣੀ ਪਈ ਅਤੇ ਜਿਸ ਸੰਸਥਾ ਦਾ ਨਾਂ ਹੀ ‘ਅਕਾਲ ਤਖ਼ਤ’ ਹੋਵੇ, ਉਸ ਦੇ ਸੇਵਾਦਾਰ ਵੀ ਹੁਣ ਹਾਕਮਾਂ ਨੂੰ ਖ਼ੁਸ਼ ਕਰਨ ਤੋਂ ਅੱਗੇ ਕੁੱਝ ਨਾ ਸੋਚ ਸਕਦੇ ਹੋਣ ਤਾਂ ‘‘ਤੈਂ ਕੀ ਦਰਦ ਨਾ ਆਇਆ’’ ਹੀ ਮੂੰਹ ’ਚੋਂ ਨਿਕਲਦਾ ਹੈ। ਜਿਨ੍ਹਾਂ ਸੰਸਥਾਵਾਂ ਨੇ ਇਤਿਹਾਸ ਦਾ ਸੱਭ ਤੋਂ ਵੱਡਾ ਜ਼ੁਲਮ ਮੀਡੀਆ ਨਾਲ ਆਪ ਕੀਤਾ ਹੋਵੇ ਤੇ ਹਾਕਮ ਨਾਲ ਮਿਲ ਕੇ ਕੀਤਾ ਹੋਵੇ (ਹਾਕਮ ਭਾਵੇਂ ਕੋਈ ਵੀ ਹੋਵੇ), ਉਹਨਾਂ ਨੂੰ ਕੀ ਲੋੜ ਸੀ ਮੀਡੀਆ ਦੇ ‘ਰਖਵਾਲੇ’ ਹੋਣ ਦਾ ਝੂਠਾ ਦਾਅਵਾ ਕਰਨ ਦੀ? ਇਨ੍ਹਾਂ ਦੇ ਤਾਂ ਅਪਣੇ ਹੱਥ ਮੀਡੀਆ ਦੇ ਖ਼ੂਨ ਨਾਲ ਲਿਬੜੇ ਹੋਏ ਹਨ। ਜਿੰਨਾ ਵੱਡਾ ਜ਼ੁਲਮ ‘ਪੰਥਕ’ ਅਖਵਾਉਂਦੀ ਸਰਕਾਰ ਨੇ ਇਕ ਪੰਥਕ ਅਖ਼ਬਾਰ ਨਾਲ ਕੀਤਾ, ਮੈਨੂੰ ਨਹੀਂ ਲਗਦਾ ਕਿ ਜੇ 21ਵੀਂ ਸਦੀ ਵਿਚ ਇਥੇ ਕੋਈ ਮੁਗ਼ਲ ਸਰਕਾਰ ਵੀ ਹੁੰਦੀ ਤਾਂ ਇਸ ਪੰਥਕ ਸਰਕਾਰ ਨਾਲੋਂ ਵੱਡਾ ਧੱਕਾ ਸਪੋਕਸਮੈਨ ਨਾਲ ਕਰ ਸਕਦੀ। ਸਪੋਕਸਮੈਨ ਨੇ ਕਿਹੜਾ ਏਨਾ ਵੱਡਾ ਪਾਪ ਕਰ ਦਿਤਾ ਸੀ? ਇਨ੍ਹਾਂ ਨੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਗ਼ਲਤ ਤੌਰ ਤੇ ਛੇਕ ਦਿਤਾ। ਅਸੀ ਵਰਲਡ ਸਿੱਖ ਕਨਵੈਨਸ਼ਨ ਬੁਲਾ ਕੇ ਸੱਭ ਨੂੰ ਅਪਣੀ ਰਾਏ ਦੇਣ ਲਈ ਕਿਹਾ। ਅੱਜ ਕਾਨਫ਼ਰੰਸ ਖ਼ਤਮ ਹੋਈ (ਨਵੰਬਰ 2003 ਵਿਚ) ਤੇ ਅਗਲੇ ਦਿਨ ਸਪੋਕਸਮੈਨ ਦੇ ਐਡੀਟਰ ਵਿਰੁਧ ਕਾਰਵਾਈ ਸ਼ੁਰੂ ਹੋ ਗਈ ਜੋ 2004 ਵਿਚ ਅਰਥਾਤ ਕੁੱਝ ਮਹੀਨਿਆਂ ਵਿਚ ਹੀ ਛੇਕਣ ਦੇ ਰੂਪ ਵਿਚ ਸਿਰੇ ਚੜ੍ਹਾ ਦਿਤੀ ਗਈ। ਇਸ ਦੇ ਬਾਵਜੂਦ ਸਪੋਕਸਮੈਨ, 2005 ਵਿਚ ਮਾਸਿਕ ਤੋਂ ਰੋਜ਼ਾਨਾ ਅਖ਼ਬਾਰ ਬਣ ਗਿਆ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਵਿਰੁਧ ਇਕ ਹੋਰ ਹੁਕਮਨਾਮਾ ਜਾਰੀ ਕਰ ਦਿਤਾ ਤੇ ਤੁਗ਼ਲਕੀ ਫ਼ਰਮਾਨ ਜਾਰੀ ਹੋਣ ਲੱਗ ਪਏ ਕਿ ਐਡੀਟਰ ਨੇ ਸੀਸ ਨਾ ਝੁਕਾਇਆ ਤਾਂ ਅਖ਼ਬਾਰ ਬੰਦ ਕਰਵਾ ਕੇ ਰਹਾਂਗੇ।

ਫਿਰ 10 ਸਾਲ ਤਕ ਸਰਕਾਰੀ ਇਸ਼ਤਿਹਾਰਾਂ ’ਤੇ ਪਾਬੰਦੀ ਲਗਾਈ ਰੱਖੀ। 150 ਕਰੋੜ ਦੇ ਇਸ਼ਤਿਹਾਰ ਮਾਰ ਲਏ।
ਐਡੀਟਰ ਵਿਰੁਧ ਪੰਜਾਬ ਦੇ ਕੋਨੇ ਕੋਨੇ ਵਿਚ ਪੁਲਿਸ ਕੇਸ ਪਾ ਦਿਤੇ ਗਏ ਤਾਕਿ ਉਹ ਆਰਾਮ ਨਾਲ ਬੈਠ ਵੀ ਨਾ ਸਕੇ, ਨਾ ਲਿਖ ਸਕੇ ਤੇ ਅਖ਼ੀਰ ਹਾਕਮਾਂ ਦੇ ਪੈਰਾਂ ਤੇ ਸਿਰ ਰੱਖਣ ਲਈ ਮਜਬੂਰ ਹੋ ਜਾਏ। ਇਹ ਕੇਸ ਲੜਨ ਤੇ ਹੀ 17 ਸਾਲਾਂ ਵਿਚ 2 ਕਰੋੜ ਤੋਂ ਵੱਧ ਦਾ ਖ਼ਰਚਾ ਹੋ ਚੁੱਕਾ ਹੈ।

ਸਾਰੇ ਪੰਜਾਬ ਵਿਚ ਇਕੋ ਦਿਨ, ਇਕੋ ਸਮੇਂ ਸਪੋਕਸਮੈਨ ਦੇ ਦਫ਼ਤਰਾਂ ਤੇ ਹਮਲੇ ਕਰਵਾ ਕੇ ਸੱਭ ਕੁੱਝ ਭੰਨ ਤੋੜ ਕੇ ਤਬਾਹ ਕਰ ਦਿਤਾ। ਲੋਕਾਂ ਨੇ ਲਾਈਵ ਟੀਵੀ ਤੇ ਸਾਰਾ ਕੁੱਝ ਵੇਖਿਆ ਪਰ ਸਰਕਾਰ ਨੇ ਨਾ ਹਮਦਰਦੀ ਦਾ ਇਕ ਲਫ਼ਜ਼ ਬੋਲਿਆ, ਨਾ ਕੋਈ ਹਰਜਾਨਾ ਹੀ ਦਿਤਾ। ਮੁਕੰਮਲ ਚੁੱਪੀ ਧਾਰ ਲਈ।

ਸ਼੍ਰੋਮਣੀ ਕਮੇਟੀ ਨੇ ਵੀ 17 ਸਾਲ ਤੋਂ ਇਸ਼ਤਿਹਾਰਾਂ ਉਤੇ ਪਾਬੰਦੀ ਲਾਈ ਹੋਈ ਹੈ।

ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਅਖ਼ੀਰ ਆਪ ਟੈਲੀਫ਼ੋਨ ਕਰ ਕੇ ਮੰਨ ਲਿਆ ਕਿ, ‘‘ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮੈਂ ਐਲਾਨ ਕਰਦਾ ਹਾਂ ਕਿ ਐਡੀਟਰ ਨੇ ਕੋਈ ਗ਼ਲਤੀ ਨਹੀਂ ਸੀ ਕੀਤੀ ਤੇ ਗ਼ਲਤੀ ਜਥੇਦਾਰ ਦੀ ਸੀ ਜਿਸ ਨੂੰ ਕਿੜ ਕੱਢਣ ਲਈ ਗ਼ਲਤ ਹੁਕਮਨਾਮਾ ਜਾਰੀ ਕੀਤਾ ਸੀ।’’ ਇਸ ਦੇ ਬਾਵਜੂਦ, ਉਨ੍ਹਾਂ ਦਾ ਜ਼ੁਲਮ ਜਬਰ ਜਾਰੀ ਹੈ।

ਜਿਨ੍ਹਾਂ ਦਾ ਮੀਡੀਆ ਪ੍ਰਤੀ ਰਵਈਆ ਏਨਾ ਜਾਰਹਾਨਾ, ਪੱਥਰ ਯੁਗ ਵਾਲਾ ਤੇ ਮੀਡੀਆ ਨੂੰ ਜੁੱਤੀ ਦੀ ਨੋਕ ’ਤੇ ਰੱਖਣ ਵਾਲਾ ਹੋਵੇ, ਉਨ੍ਹਾਂ ਨੂੰ ਘੱਟੋ-ਘੱਟ ਇਸ ਤਰ੍ਹਾਂ ਦੇ ਦਾਅਵੇ ਨਹੀਂ ਕਰਨੇ ਚਾਹੀਦੇ-- ਉਹ ਵੀ ਧਰਮ ਤੇ ਪੰਥ ਦਾ ਨਾਂ ਵਰਤ ਕੇ। ਪਹਿਲਾਂ ਬੀਤੇ ਦੀ ਧੱਕੇਸ਼ਾਹੀ ਦਾ ਪਸ਼ਚਾਤਾਪ ਕਰ ਲੈਣ ਤੇ ਇਹ ਵੀ ਦੱਸਣ ਕਿ ਪਿਛਲੀਆਂ ਚਾਰ ਸਦੀਆਂ ’ਚ ਵਿਦਵਾਨਾਂ, ਐਡੀਟਰਾਂ, ਪੱਤਰਕਾਰਾਂ ਨੂੰ ਕਿਹੜੇ ਧਰਮ ਦੇ ਪੁਜਾਰੀਆਂ ਨੇ ਪੇਸ਼ੀਆਂ ’ਤੇ ਸੱਦਿਆ ਅਤੇ ਛੇਕਿਆ? ਕੇਵਲ ਸਿੱਖ ਧਰਮ ਦੇ ‘ਧਰਮੀ ਬਾਬਲ’ ਹੀ ਅਜਿਹਾ ਅਨਰਥ ਕਰਨ ਲਈ ਕਿਉਂ ਬਜ਼ਿੱਦ ਹਨ? ਦੂਜੇ ਧਰਮ ਤਾਂ ਪਿਛਲੀਆਂ ਸਦੀਆਂ ਦੀਆਂ ਧੱਕੇਸ਼ਾਹੀਆਂ ਬਦਲੇ ਮਾਫ਼ੀਆਂ ਮੰਗ ਰਹੇ ਹਨ ਤੇ ਪਸ਼ਚਾਤਾਪ ਕਰ ਰਹੇ ਹਨ। ਸਿੱਧਾ ਐਲਾਨ ਕਰਦੇ ਕਿ ਇਹ ਬਾਦਲਾਂ ਤੇ ਉਨ੍ਹਾਂ ਦੇ ਸੇਵਕਾਂ ਦੀ ਹਰ ਔਕੜ ਵਿਚ ਮਦਦ ਕਰਦੇ ਆਏ ਹਨ ਤੇ ਕਰਦੇ ਰਹਿਣਗੇ। ਮੇਰੇ ਸਮੇਤ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ।