ਅਜੋਕੇ ਪੰਜਾਬ ਨੂੰ ਬਚਾਅ ਲੈਣ ਵਾਲੀ 1947 ਦੀ ਵੱਡੀ ਤੇ ਬੇਮਿਸਾਲ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪੰਜਾਬ ਵਾਲੇ ਕੰਮ ਵੱਡੇ ਕਰਦੇ ਹਨ ਪਰ ਦੁਨੀਆਂ ਸਾਹਮਣੇ ਅਪਣਾ ਪੱਖ ਜਾਂ ਦਾਅਵਾ ਰੱਖਣ ਲਗਿਆਂ, ਹਮੇਸ਼ਾ ਮਾਰ ਖਾ ਜਾਂਦੇ ਹਨ।

1947

ਪੰਜਾਬ ਵਾਲੇ ਕੰਮ ਵੱਡੇ ਕਰਦੇ ਹਨ ਪਰ ਦੁਨੀਆਂ ਸਾਹਮਣੇ ਅਪਣਾ ਪੱਖ ਜਾਂ ਦਾਅਵਾ ਰੱਖਣ ਲਗਿਆਂ, ਹਮੇਸ਼ਾ ਮਾਰ ਖਾ ਜਾਂਦੇ ਹਨ। ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹੁਣ ਦਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ 'ਖ਼ਾਲਸਾ ਸਰਕਾਰ' ਦੁਨੀਆਂ ਦੀ ਸੱਭ ਤੋਂ ਵਧੀਆ ਸਰਕਾਰ ਸੀ ਤੇ ਹਰੀ ਸਿੰਘ ਨਲੂਆ ਹੁਣ ਤਕ ਦੇ ਦੁਨੀਆਂ ਦੇ ਸਾਰੇ ਜਰਨੈਲਾਂ ਵਿਚੋਂ ਸੱਭ ਤੋਂ ਉੱਤਮ ਜਰਨੈਲ ਹੋਇਆ ਹੈ।

ਪੰਜਾਬ ਜਾਂ ਸਿੱਖਾਂ ਨੇ ਅਜਿਹਾ ਦਾਅਵਾ ਕਦੇ ਨਹੀਂ ਸੀ ਕੀਤਾ। ਅਜਿਹਾ ਐਲਾਨ ਹੁਣੇ-ਹੁਣੇ ਇੰਗਲੈਂਡ ਤੇ ਆਸਟਰੇਲੀਆ ਦੀਆਂ ਸੰਸਥਾਵਾਂ ਨੇ, ਘੋਖ ਪੜਤਾਲ ਕਰਨ ਮਗਰੋਂ ਕੀਤਾ ਹੈ। ਹਿੰਦੁਸਤਾਨ ਨੇ ਇਨ੍ਹਾਂ ਐਲਾਨਾਂ 'ਤੇ ਕੋਈ ਖ਼ਾਸ ਖ਼ੁਸ਼ੀ ਨਹੀਂ ਪ੍ਰਗਟਾਈ। ਕਿਉਂ ਨਹੀਂ ਪ੍ਰਗਟਾਈ, ਇਹ ਗੱਲ ਸਮਝੀ ਵੀ ਤੇ ਅਨੁਭਵ ਵੀ ਕੀਤੀ ਜਾ ਸਕਦੀ ਹੈ। ਪਰ ਪੰਜਾਬ ਅਤੇ ਸਿੱਖਾਂ ਨੇ ਕਿਉਂ ਨਹੀਂ ਵਿਸ਼ੇਸ਼ ਖ਼ੁਸ਼ੀ ਮਨਾਈ?

ਇਹ ਵੀ ਗੱਲ ਸਮਝੀ ਜਾ ਸਕਦੀ ਹੈ ਕਿਉਂਕਿ ਇਹ ਅਪਣੇ ਚੰਗਾ ਕੰਮ ਕਰਨ ਵਾਲੇ ਨਾਇਕਾਂ ਨੂੰ ਮਾਰਨ ਵਾਲੀ ਕੌਮ ਹੈ, ਉਨ੍ਹਾਂ ਦੀਆਂ ਇਕ ਦੋ ਕਥਿਤ ਜਾਂ ਸੱਚੀਆਂ ਗ਼ਲਤੀਆਂ ਨੂੰ ਉਛਾਲਣ ਵਾਲੀ ਕੌਮ ਹੈ ਤੇ ਨਾਇਕਾਂ ਦੀਆਂ ਇਕ ਦੋ ਕਮੀਆਂ ਨੂੰ ਲੈ ਕੇ ਉਨ੍ਹਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਦੀ ਆਦੀ ਕੌਮ ਹੈ। ਬੰਦਾ ਬਹਾਦਰ ਅਤੇ ਰਾਣੀ ਜਿੰਦਾਂ ਤੋਂ ਲੈ ਕੇ ਉਨ੍ਹਾਂ ਸਾਰਿਆਂ ਦੀ ਸੂਚੀ ਬਣਾਈ ਜਾਏ ਜਿਨ੍ਹਾਂ ਦੇ ਨਾਂ ਨੂੰ ਸਿੱਖ ਕੌਮ ਨੇ ਇਕ ਜਾਂ/ਦੂਜਾ ਦੋਸ਼ ਲਾ ਕੇ, ਰੱਦੀ ਦੀ ਟੋਕਰੀ ਵਿਚ ਸੁਟ ਦਿਤਾ ਭਾਵੇਂ ਇਸ ਤਰ੍ਹਾਂ ਕਰ ਕੇ ਇਤਿਹਾਸ ਵਿਚ ਅਪਣਾ ਵੀ ਨੁਕਸਾਨ ਕਰਵਾ ਲਿਆ, ਤਾਂ ਸੂਚੀ ਬਹੁਤ ਲੰਮੀ ਬਣ ਜਾਏਗੀ।

ਅੱਜ ਗੱਲ ਕੇਵਲ 1947 ਦੀ ਇਤਿਹਾਸਕ ਲੜਾਈ ਦੀ ਹੀ ਕਰਾਂਗਾ ਜੋ ਸਿੱਖ ਲੀਡਰਾਂ ਨੂੰ ਇਕੱਲਿਆਂ ਹੀ ਦੋ ਵੱਡੀਆਂ ਤਾਕਤਾਂ ਨਾਲ ਲੜਨੀ ਪਈ। ਹਾਰ ਜਿੱਤ ਲਈ ਸਮਾਂ ਕੇਵਲ ਦੋ ਮਹੀਨੇ ਦਾ ਮਿਲਿਆ ਸੀ ਪਰ ਸਿੱਖ ਲੀਡਰਾਂ ਨੇ ਇਹ ਲੜਾਈ ਜਿਸ ਕਮਾਲ ਦੀ ਸੂਝ ਅਤੇ ਬਹਾਦਰੀ ਨਾਲ ਲੜੀ, ਦੁਨੀਆਂ ਵਿਚ ਉਸ ਵਰਗੀ ਮਿਸਾਲ ਸ਼ਾਇਦ ਹੋਰ ਕਿਧਰੋਂ ਨਹੀਂ ਮਿਲ ਸਕੇਗੀ।

ਝਗੜਾ ਇਹ ਸੀ ਕਿ ਮੁਸਲਿਮ ਲੀਗ ਜਿਹੜਾ ਪਾਕਿਸਤਾਨ ਚਾਹੁੰਦੀ ਸੀ, ਉਸ ਵਿਚ ਗੁੜਗਾਉਂ ਤਕ ਦਾ ਪੂਰਾ ਪੰਜਾਬ ਮੰਗਦੀ ਸੀ ਤੇ ਇਸੇ ਤਰ੍ਹਾਂ ਪੂਰਾ ਬੰਗਾਲ ਵੀ ਪਾਕਿਸਤਾਨ ਲਈ ਮੰਗਦੀ ਸੀ ਕਿਉਂਕਿ ਇਹ ਦੋਵੇਂ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਸਨ। ਬੰਗਾਲ ਵਿਚ 1946 ਦੇ ਡਾਇਰੈਕਟ ਐਕਸ਼ਨ ਵਿਚ 5000 ਬੰਦੇ ਮਾਰੇ ਗਏ ਸਨ, ਇਸ ਲਈ ਗਾਂਧੀ, ਨਹਿਰੂ, ਪਟੇਲ ਸਾਰੇ ਹੀ ਮੰਨ ਬੈਠੇ ਸਨ ਕਿ ਮੁਸਲਿਮ ਲੀਗ ਨੇ ਇਨ੍ਹਾਂ ਨੂੰ ਲਏ ਬਿਨਾਂ ਮੰਨਣਾ ਨਹੀਂ, ਇਸ ਲਈ ਇਹ ਉਸ ਨੂੰ ਦੇ ਦੇਣੇ ਚਾਹੀਦੇ ਹਨ ਤੇ ਬਾਕੀ ਦੇ ਭਾਰਤ ਵਿਚ ਤੁਰਤ ਰਾਜਸੱਤਾ ਸੰਭਾਲ ਲੈਣੀ ਚਾਹੀਦੀ ਹੈ।

ਪੰਜਾਬ ਵਿਚ ਮਾ: ਤਾਰਾ ਸਿੰਘ ਇਕੱਲੇ ਆਗੂ ਸਨ ਜੋ ਸਾਰਾ ਪੰਜਾਬ ਕਿਸੇ ਵੀ ਹਾਲਤ ਵਿਚ, ਪਾਕਿਸਤਾਨ ਨੂੰ ਦੇਣ ਲਈ ਤਿਆਰ ਨਹੀਂ ਸਨ। ਉਹ ਭਾਵੁਕ ਹੋ ਕੇ ਕਹਿੰਦੇ ਸਨ, ''ਜਿਥੇ ਸਾਡੇ ਗੁਰੂਆਂ ਨੇ ਜਨਮ ਲਿਆ ਤੇ ਜਿਥੇ ਅਸੀ ਰਾਜ ਕੀਤਾ, ਉਥੇ ਹੁਣ ਕੇਵਲ ਲੀਗੀ ਝੰਡਾ ਝੁੱਲੇਗਾ? ਮੇਰੇ ਕੋਲੋਂ ਤਾਂ ਇਹ ਗੱਲ ਬਰਦਾਸ਼ਤ ਨਹੀਂ ਹੋਣੀ।'' ਅੰਗਰੇਜ਼ ਨੇ ਬੜੀ ਕੋਸ਼ਿਸ਼ ਕੀਤੀ ਕਿ ਮਾਸਟਰ ਤਾਰਾ ਸਿੰਘ ਨੂੰ ਮਨਾਇਆ ਜਾਏ ਕਿ ਉਹ ਪਾਕਿਸਤਾਨ ਵਿਚ 'ਸਪੈਸ਼ਲ ਸਟੇਟਸ' ਲੈ ਕੇ ਮੁਸਲਿਮ ਲੀਗ ਦੀ ਮੰਗ ਮੰਨ ਲੈਣ।

ਜਿਨਾਹ ਆਪ ਵੀ ਮਾਸਟਰ ਜੀ ਦੇ ਘਰ ਉਨ੍ਹਾਂ ਨੂੰ ਮਿਲਣ ਗਿਆ ਪਰ ਗੱਲ ਨਾ ਬਣੀ। ਇਕੱਲੇ ਮਾਸਟਰ ਤਾਰਾ ਸਿੰਘ ਹੀ ਨਹੀਂ, ਸਾਰੇ ਦੇ ਸਾਰੇ ਸਿੱਖ ਜਾਣਦੇ ਸਨ ਕਿ ਇਕ ਇਸਲਾਮਿਕ ਦੇਸ਼ ਵਿਚ ਕਿਸੇ ਗ਼ੈਰ-ਮੁਸਲਿਮ ਕੌਮ ਨੂੰ ਬਰਾਬਰੀ ਦਾ ਦਰਜਾ ਮਿਲ ਹੀ ਨਹੀਂ ਸਕਦਾ। ਕਾਬੁਲ (ਅਫ਼ਗ਼ਾਨਿਸਤਾਨ) ਵਿਚ 400 ਸਾਲ ਤੋਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣ ਵਾਲੇ ਸਿੱਖ ਅਖ਼ੀਰ ਹੁਣ ਹਿੰਦੁਸਤਾਨ ਆਉਣ ਲਈ ਮਜਬੂਰ ਹੋ ਗਏ ਹਨ।

ਸਿੱਖ ਦੁਨੀਆਂ ਦੇ ਕੇਵਲ ਲੋਕ-ਰਾਜੀ ਤੇ 'ਸੈਕੁਲਰ' ਦੇਸ਼ਾਂ ਵਿਚ ਹੀ ਵਾਸਾ ਕਰ ਸਕੇ ਹਨ। ਹਿੰਦੁਸਤਾਨ ਕਿਉਂਕਿ ਇਕ 'ਸੈਕੁਲਰ' ਤੇ ਲੋਕ-ਰਾਜੀ ਦੇਸ਼ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਸੀ, ਇਸ ਲਈ ਦੋਹਾਂ ਪਾਸਿਆਂ ਦੇ 'ਖ਼ਤਰੇ' ਨੂੰ ਤਕੜੀ ਵਿਚ ਰੱਖ ਕੇ, ਅਖ਼ੀਰ ਸਿੱਖਾਂ ਨੇ ਹਿੰਦੂ-ਹਿੰਦੁਸਤਾਨ ਨੂੰ ਨੂੰ ਮੁਸਲਿਮ-ਪਾਕਿਸਤਾਨ ਨਾਲੋਂ ਬਿਹਤਰ ਸਮਝਿਆ। 'ਵਾਅਦਿਆਂ' ਦੀ ਪਟਾਰੀ ਤਾਂ ਦੁਹਾਂ ਪਾਸਿਆਂ ਦੀ ਭਰੀ ਹੋਈ ਸੀ। ਸਾਰੇ ਸਿੱਖ ਇਸ ਫ਼ੈਸਲੇ ਨਾਲ ਸਹਿਮਤ ਸਨ ਤੇ ਅਸਹਿਮਤੀ ਦੀ ਇਕ ਵੀ ਆਵਾਜ਼ ਨਹੀਂ ਸੀ ਉਠੀ।

ਸੋ ਅਕਾਲੀ ਦਲ ਨੇ ਮੰਗ ਕਰ ਦਿਤੀ ਕਿ ਜੇ ਦੇਸ਼ ਨੂੰ ਵੰਡਣਾ ਹੀ ਹੈ ਤਾਂ ਸਿੱਖਾਂ ਦਾ ਹਿੱਸਾ ਸਮਝ ਕੇ ਅੱਧਾ ਪੰਜਾਬ ਪਾਕਿਸਤਾਨ ਨੂੰ ਦੇ ਦਿਤਾ ਜਾਏ ਤੇ ਅੱਧਾ ਹਿੰਦੁਸਤਾਨ ਨੂੰ। ਅੰਗਰੇਜ਼ ਅਪਣੇ ਭਵਿੱਖੀ ਹਿਤਾਂ ਖ਼ਾਤਰ ਹਿੰਦੂ ਲੀਡਰਾਂ ਦੀ ਗੱਲ ਹਿੰਦੁਸਤਾਨ ਵਾਲੇ ਇਲਾਕੇ ਵਿਚ ਸੁਣਦਾ ਸੀ ਤੇ ਮੁਸਲਿਮ ਲੀਗ ਦੀ ਪਾਕਿਸਤਾਨ ਦੇ ਇਲਾਕੇ ਵਿਚ। ਸਿੱਖ, ਉਸ ਲਈ ਭਵਿੱਖੀ ਹਾਲਾਤ ਵਿਚ ਕੋਈ ਅਰਥ ਨਹੀਂ ਸਨ ਰਖਦੇ ਕਿਉਂਕਿ ਉਨ੍ਹਾਂ ਦੀ ਗਿਣਤੀ ਬਹੁਤ ਥੋੜੀ ਸੀ ਤੇ ਆਜ਼ਾਦ ਭਾਰਤ ਵਿਚ, ਉਹ ਕਿਸੇ ਪਾਸੇ ਵੀ ਅੰਗੇਰਜ਼ੀ ਹਿਤਾਂ ਦੇ ਰਖਵਾਲੇ ਨਹੀਂ ਸੀ ਬਣ ਸਕਦੇ।

ਸੋ ਜਦ ਨਹਿਰੂ, ਪਟੇਲ ਨੇ ਵੀ ਸਾਰਾ ਪੰਜਾਬ, ਪਾਕਿਸਤਾਨ ਨੂੰ ਦੇਣਾ ਮੰਨ ਲਿਆ ਤੇ ਮੁਸਲਿਮ ਲੀਗ ਵੀ ਅੜ ਗਈ ਤਾਂ ਅੰਗਰੇਜ਼ ਨੇ ਮਾਰਚ 1947 ਵਿਚ ਪੰਜਾਬ ਵਿਚ ਖ਼ਿਜ਼ਰ ਹਯਾਤ ਦੀ ਸਾਂਝੀ ਮਾਂਝੀ ਯੂਨੀਅਨਿਸਟ ਸਰਕਾਰ ਤੋੜ ਕੇ ਮੁਸਲਿਮ ਲੀਗ ਨੂੰ ਸੱਦਾ ਦੇ ਦਿਤਾ ਕਿ ਉਹ ਪੰਜਾਬ ਵਿਚ ਆਰਜ਼ੀ ਸਰਕਾਰ ਬਣਾ ਲਵੇ ਤੇ ਅਗੱਸਤ ਵਿਚ ਸਾਰੇ ਪੰਜਾਬ ਦਾ ਪ੍ਰਬੰਧ ਸੰਭਾਲਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇ।

ਇਸ ਵੇਲੇ ਸਿੱਖਾਂ ਦਾ ਲੀਡਰ ਇਕੱਲਾ ਮਾਸਟਰ ਤਾਰਾ ਸਿੰਘ ਅੜ ਗਿਆ ਕਿ ਮੈਂ ਸਾਰਾ ਪੰਜਾਬ ਪਾਕਿਸਤਾਨ ਵਿਚ ਨਹੀਂ ਜਾਣ ਦਿਆਂਗਾ। ਕਾਂਗਰਸੀ ਲੀਡਰਾਂ ਨੇ ਪੁਛਿਆ, ''ਬਹੁਗਿਣਤੀ ਮੁਸਲਮਾਨਾਂ ਦੀ ਹੈ ਤਾਂ ਕਿਵੇਂ ਰੋਕ ਲਉਗੇ?'' ਮਾਸਟਰ ਤਾਰਾ ਸਿੰਘ ਦਾ ਜਵਾਬ ਸੀ, ''ਮੇਰੇ ਗੁਰੂ ਦਾ ਹੁਕਮ ਹੈ, ਮੈਨੂੰ ਕੋਈ ਨਹੀਂ ਰੋਕ ਸਕਦਾ।''
ਹਾਰ ਕੇ ਸਾਰੇ ਹਿੰਦੂ ਸਿੱਖ ਅਸੈਂਬਲੀ ਮੈਂਬਰਾਂ ਨੇ ਪੰਜਾਬ ਬਚਾਉਣ ਲਈ ਮਾ: ਤਾਰਾ ਸਿੰਘ ਨੂੰ ਸਾਂਝਾ ਲੀਡਰ ਚੁਣ ਲਿਆ ਤੇ ਉਨ੍ਹਾਂ ਨੂੰ ਪੂਰੇ ਅਧਿਕਾਰ ਦੇ ਦਿਤੇ ਕਿ ਉਹ ਜੋ ਚਾਹੁਣ ਕਰ ਸਕਦੇ ਸਨ।

ਉਂਜ ਇਨ੍ਹਾਂ ਮੈਂਬਰਾਂ ਨੂੰ ਵੀ ਯਕੀਨ ਸੀ ਕਿ ਮਾ: ਤਾਰਾ ਸਿੰਘ ਕੁੱਝ ਨਹੀਂ ਕਰ ਸਕਣਗੇ ਤੇ ਸਿਆਸੀ ਤੌਰ 'ਤੇ ਖ਼ਤਮ ਹੋ ਜਾਣਗੇ। ਕਾਂਗਰਸ ਨੇ ਆਪ ਨਿਰਪੱਖ ਰਹਿ ਕੇ ਦੋ ਮਹੀਨੇ ਦਾ ਸਮਾਂ ਦਿਤਾ। ਦੁਨੀਆਂ ਵਿਚ ਬੜੀਆਂ ਅਸਾਵੀਆਂ ਲੜਾਈਆਂ ਵੇਖੀਆਂ ਹਨ ਪਰ ਪੰਜਾਬ ਬਚਾਉਣ ਦੀ ਇਸ ਅਸਾਵੀਂ ਲੜਾਈ ਵਰਗੀ ਕੋਈ ਹੋਰ ਲੜਾਈ ਵੀ ਕਿਸੇ ਨੇ ਨਹੀਂ ਵੇਖੀ ਹੋਣੀ।

ਅੰਗਰੇਜ਼ ਸਰਕਾਰ ਤੇ ਮੁਸਲਿਮ ਲੀਗ ਇਕ ਪਾਸੇ, ਕਾਂਗਰਸ ਨਿਰਪੱਖ ਤੇ ਮੂਕ ਦਰਸ਼ਕ ਬਣ ਗਈ ਤੇ ਪੰਜਾਬ ਲਈ ਲੜਨ ਵਾਲਾ ਇਕੱਲਾ ਮਾ: ਤਾਰਾ ਸਿੰਘ ਦੂਜੇ ਪਾਸੇ। ਸਮਾਂ ਕੇਵਲ ਦੋ ਮਹੀਨੇ ਦਾ ਮਿਲਿਆ। ਮਾ: ਤਾਰਾ ਸਿੰਘ ਨੇ ਜਿਸ ਬਹਾਦਰੀ, ਸਿਆਸੀ ਸੂਝ ਬੂਝ ਅਤੇ ਦੂਰ-ਦ੍ਰਿਸ਼ਟੀ ਵਾਲੀ ਡਿਪਲੋਮੇਸੀ ਨਾਲ ਇਹ ਲੜਾਈ ਕੁੱਝ ਦਿਨਾਂ ਵਿਚ ਹੀ ਜਿੱਤ ਵਿਖਾਈ,

ਉਸ ਨੇ ਦਿੱਲੀ ਦੇ ਨੇਤਾਵਾਂ ਨੂੰ ਵੀ ਹੈਰਾਨ ਕਰ ਦਿਤਾ ਕਿਉਂਕਿ ਉਹ ਤਾਂ ਪੰਜਾਬ ਦੀ ਲੜਾਈ ਨੂੰ 'ਹਾਰੀ ਹੋਈ ਲੜਾਈ' ਸਮਝ ਚੁੱਕੇ ਸਨ। ਪਾਕਿਸਤਾਨੀ ਮਾ: ਤਾਰਾ ਸਿੰਘ ਦੀ ਜਿੱਤ ਤੋਂ ਏਨੇ ਖਿੱਝ ਗਏ ਕਿ ਉਹਨਾਂ ਮਾ: ਤਾਰਾ ਸਿੰਘ ਦਾ ਘਰ ਢਾਹ ਦਿਤਾ ਤੇ ਮਲਬੇ ਉਤੇ ਹਰ ਮੁਸਲਮਾਨ ਨੇ ਸੌ ਸੌ ਜੁੱਤੀਆਂ ਮਾਰੀਆਂ ਤੇ ਕਿਹਾ ਕਿ ਮਾ: ਤਾਰਾ ਸਿੰਘ ਨੇ ਪਾਕਿਸਤਾਨ ਨੂੰ ਲੰਗੜਾ ਬਣਾ ਦਿਤਾ ਹੈ, ਇਸ ਲਈ ਕਿਸੇ ਸਿੱਖ ਨੂੰ ਜ਼ਿੰਦਾ ਨਾ ਜਾਣ ਦਿਉ। ਕਿਸੇ ਹੋਰ ਹਿੰਦੂ ਸਿੱਖ ਲੀਡਰ ਪ੍ਰਤੀ ਪਾਕਿਸਤਾਨੀਆਂ ਨੇ ਏਨੀ ਨਫ਼ਰਤ ਨਹੀਂ ਸੀ ਪ੍ਰਗਟਾਈ।

ਮੈਨੂੰ ਯਾਦ ਹੈ, ਮੈਂ ਸਕੂਲ ਵਿਚ ਪੜ੍ਹਦਾ ਸੀ ਤਾਂ ਸਾਨੂੰ ਇਤਿਹਾਸ ਦੀ ਜਿਹੜੀ ਕਿਤਾਬ ਲੱਗੀ ਹੋਈ ਸੀ, ਉਹ ਮੁਨਸ਼ੀ ਗੁਲਾਬ ਸਿੰਘ ਐਂਡ ਕੰਪਨੀ ਵਲੋਂ ਛਾਪੀ ਗਈ ਸੀ ਜਿਸ ਵਿਚ ਦੇਸ਼ ਦੇ ਪ੍ਰਮੁਖ ਨੇਤਾਵਾਂ ਬਾਰੇ ਚੈਪਟਰ ਵਿਚ ਸੱਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਫ਼ੋਟੋ ਨਾਲ ਉਨ੍ਹਾਂ ਬਾਰੇ ਜਾਣਕਾਰੀ ਦਿਤੀ ਸੀ ਤੇ ਦੂਜੇ ਨੰਬਰ 'ਤੇ ਮਾਸਟਰ ਤਾਰਾ ਸਿੰਘ ਦੀ ਫ਼ੋਟੋ ਦੇ ਕੇ ਲਿਖਿਆ ਸੀ, ਅੱਧਾ ਪੰਜਾਬ ਤੇ ਅੱਧਾ ਬੰਗਾਲ ਬਚਾ ਕੇ ਹਿੰਦੁਸਤਾਨ ਨੂੰ ਦੇਣ ਵਾਲਾ ਦੇਸ਼ ਦਾ ਮਹਾਨ ਨੇਤਾ।

ਪੰਜਾਬ ਵਿਚ ਜਿਹੜਾ ਅਸੂਲ ਮਾਸਟਰ ਤਾਰਾ ਸਿੰਘ ਨੇ ਮਨਵਾ ਦਿਤਾ, ਉਹ ਫਿਰ ਬੰਗਾਲ ਵਿਚ ਵੀ ਲਾਗੂ ਕਰਨਾ ਪਿਆ ਤੇ ਅੱਧਾ ਪੰਜਾਬ ਹੀ ਨਹੀਂ, ਅੱਧਾ ਬੰਗਾਲ ਵੀ ਮਾਸਟਰ ਤਾਰਾ ਸਿੰਘ ਦੀ ਮਿਹਨਤ ਅਤੇ ਸਿਆਣਪ ਸਦਕਾ, ਹਿੰਦੁਸਤਾਨ ਨੂੰ ਮਿਲ ਗਿਆ। ਉਸ ਵੇਲੇ ਸਿੱਖ ਵੀ ਇਸ ਗੱਲ 'ਤੇ ਬੜਾ ਫ਼ਖ਼ਰ ਕਰਦੇ ਸਨ ਤੇ ਕਹਿੰਦੇ ਸਨ, ''ਕਾਂਗਰਸੀ ਲੀਡਰਾਂ ਨੇ ਤਾਂ ਸਾਰਾ ਪੰਜਾਬ ਪਾਕਿਸਤਾਨ ਨੂੰ ਦੇਣਾ ਮੰਨ ਲਿਆ ਸੀ।

ਇਹ ਤਾਂ ਅਸੀ ਅਪਣੇ ਲੀਡਰ ਦੀ ਸਿਆਣਪ ਸਦਕਾ, ਅਪਣੇ ਲਈ ਅਪਣੀ ਜ਼ਮੀਨ ਆਪ ਲੈ ਆਏ ਹਾਂ। ਇਥੇ ਸਾਨੂੰ ਬਰਾਬਰੀ ਦੇ ਅਧਿਕਾਰ ਕਿਉਂ ਨਹੀਂ ਦੇਂਦੇ? ਇਥੇ ਸਾਡੀ ਗੱਲ ਕਿਉਂ ਨਹੀਂ ਸੁਣਦੇ? ਅਸੀ ਹਿੰਦੁਸਤਾਨ ਕੋਲੋਂ ਤਾਂ ਕੁੱਝ ਨਹੀਂ ਮੰਗਦੇ। ਅਪਣੇ ਲਈ ਧਰਤੀ ਪਾਕਿਸਤਾਨ ਕੋਲੋਂ ਖੋਹ ਕੇ ਨਾਲ ਲੈ ਆਏ ਹਾਂ। ਇਥੇ ਤਾਂ ਸਾਨੂੰ ਜ਼ਲੀਲ ਨਾ ਕਰੋ।''

ਅੱਜ ਬੜਾ ਦੁਖ ਹੁੰਦਾ ਹੈ ਜਦ 15 ਅਗੱਸਤ ਵਾਲੇ ਦਿਨ ਇਸ ਵੱਡੀ ਸਫ਼ਲਤਾ ਅਤੇ ਪ੍ਰਾਪਤੀ ਦਾ ਸਿੱਖ ਆਪ ਵੀ ਜ਼ਿਕਰ ਨਹੀਂ ਕਰਦੇ - ਦੂਜਿਆਂ ਨੇ ਤਾਂ ਕੀ ਕਰਨਾ ਹੈ। ਸਿੱਖਾਂ ਅਤੇ ਮਾਸਟਰ ਤਾਰਾ ਸਿੰਘ ਦੀ ਚੜ੍ਹਤ ਅਤੇ ਖ਼ੁਸ਼ੀ ਵੇਖ ਕੇ ਸੜਨ ਵਾਲੀਆਂ ਤਾਕਤਾਂ ਨੇ ਆਜ਼ਾਦ ਹਿੰਦੁਸਤਾਨ ਦੀਆਂ ਪਹਿਲੀਆਂ ਗੁਰਦਵਾਰਾ ਚੋਣਾਂ ਵਿਚ ਸ: ਪ੍ਰਤਾਪ ਸਿੰਘ ਕੈਰੋਂ ਦੇ 'ਸਾਧ ਸੰਗਤ ਬੋਰਡ' ਕੋਲੋਂ ਇਹ ਸ਼ੋਸ਼ਾ ਛਡਵਾ ਦਿਤਾ ਕਿ ''ਅੰਗਰੇਜ਼ ਤਾਂ ਸਿੱਖਾ ਨੂੰ ਸੱਭ ਕੁੱਝ ਦੇਂਦੇ ਸਨ, ਮਾਸਟਰ ਤਾਰਾ ਸਿੰਘ ਨੇ ਹੀ ਨਾ ਲਿਆ।'' ਇਹ ਖਾਲਿਸਤਾਨ ਨਾ ਲੈਣ ਦਾ ਸ਼ੋਸ਼ਾ ਉਹ ਛੱਡ ਰਹੇ ਸਨ ਜਿਹੜੇ ਪੰਜਾਬੀ ਸੂਬੇ ਦੀ ਡਟ ਕੇ ਵਿਰੋਧਤਾ ਕਰ ਰਹੇ ਸਨ।

ਮਕਸਦ ਇਹੀ ਸੀ ਕਿ ਸਿੱਖ ਜਿਹੜੀ ਗੱਲ 'ਤੇ ਫ਼ਖ਼ਰ ਕਰ ਰਹੇ ਸਨ, ਉਸ ਬਾਰੇ ਕੋਈ ਸ਼ੰਕਾ ਖੜਾ ਕਰ ਦਿਉ। ਸਿੱਖਾਂ ਨੇ ਉਸ ਵੇਲੇ ਤਾਂ ਸਾਧ ਸੰਗਤ ਬੋਰਡ ਨੂੰ ਬੁਰੀ ਤਰ੍ਹਾਂ ਹਰਾ ਕੇ ਇਸ ਸ਼ੋਸ਼ੇ ਨੂੰ ਰੱਦ ਕਰ ਦਿਤਾ ਪਰ ਬਾਅਦ ਵਿਚ ਕੈਰੋਂ ਅਕਾਲੀਆਂ ਨੂੰ ਦੋਫਾੜ ਕਰਨ ਵਿਚ ਕਾਮਯਾਬ ਹੋ ਗਿਆ ਤਾਂ ਮਾਸਟਰ ਤਾਰਾ ਸਿੰਘ ਦੇ ਵਿਰੋਧੀ ਧੜੇ ਨੇ ਵੀ ਕੈਰੋਂ ਵਲੋਂ ਫੈਲਾਇਆ ਝੂਠ ਉਸੇ ਹੀ ਮਕਸਦ ਨਾਲ ਚੁਕ ਲਿਆ ਜਿਸ ਮਕਸਦ ਨਾਲ ਕੈਰੋਂ ਨੇ ਇਸ ਝੂਠ ਨੂੰ ਸਿੱਖਾਂ ਦੇ ਵਿਹੜੇ ਵਿਚ ਸੁਟਿਆ ਸੀ

- ਮਾਸਟਰ ਤਾਰਾ ਸਿੰਘ ਅਤੇ ਪੰਥਕ ਸੋਚ ਵਾਲੀਆਂ ਤਾਕਤਾਂ ਨੂੰ ਹਰਾਉਣ ਲਈ। ਚਲੋ ਹੋਰ ਜੋ ਵੀ ਹੈ, ਏਨੀ ਵੱਡੀ ਜਿੱਤ ਦਾ ਸਿੱਖ ਜਦੋਂ 15 ਅਗੱਸਤ ਵਾਲੇ ਦਿਨ ਜ਼ਿਕਰ ਵੀ ਨਹੀਂ ਕਰਦੇ ਤਾਂ ਮੈਨੂੰ ਬੜੀ ਤਕਲੀਫ਼ ਹੁੰਦੀ ਹੈ। ਇਸ ਜਿੱਤ ਦਾ ਸਿਹਰਾ ਸਾਰੇ ਸਿੱਖਾਂ ਦੇ ਸਿਰ ਬੰਨ੍ਹ ਕੇ ਉਹ ਅੱਜ ਦੇ ਸਿੱਖਾਂ ਦਾ ਕੇਸ ਮਜ਼ਬੂਤ ਕਰ ਸਕਦੇ ਹਨ ਪਰ ਨਹੀਂ, ਅਪਣਾ ਭਲਾ ਉਹ ਕਦੇ ਵੀ ਨਹੀਂ ਸੋਚਣਗੇ ਤੇ ਦੁਸ਼ਮਣ ਦੇ ਫੈਲਾਏ ਜਾਲ 'ਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਣਗੇ।

ਜਾਂ ਕੀ ਉਹ ਚਾਹੁੰਦੇ ਹਨ ਕਿ ਇੰਗਲੈਂਡ ਤੇ ਆਸਟਰੇਲੀਆ ਹੀ ਖੋਜ ਕਰ ਕੇ ਉਨ੍ਹਾਂ ਨੂੰ ਦੱਸਣ ਕਿ 1947 ਵਿਚ ਸਿੱਖਾਂ ਨੇ ਰੀਕਾਰਡ ਸਮੇਂ ਵਿਚ ਪੰਜਾਬ ਬਚਾਉਣ ਦੀ ਅਸੰਭਵ ਜਹੀ ਲੜਾਈ ਇਕੱਲਿਆਂ ਹੀ, ਅਪਣੇ ਲੀਡਰ ਦੀ ਸਿਆਣਪ ਨਾਲ ਜਿੱਤ ਕੇ ਦੁਨੀਆਂ ਵਿਚ ਰੀਕਾਰਡ ਕਾਇਮ ਕਰ ਦਿਤਾ ਸੀ? ਸਾਰੇ ਪੰਜਾਬ ਨੂੰ ਹੀ ਇਸ ਦਿਨ ਤਾਂ, ਹੋਰ ਸਾਰੇ ਮਤਭੇਦ ਇਕ ਪਾਸੇ ਰੱਖ ਕੇ, ਮਾਰਚ 1947 ਵਾਲੀ ਹਿੰਦੂ ਸਿੱਖ ਸਾਂਝ ਯਾਦ ਕਰ ਕੇ, ਪੰਜਾਬ ਦੇ ਬਚਈਆ ਮਾ. ਤਾਰਾ ਸਿੰਘ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਅੱਜ ਜਿਸ ਪੰਜਾਬ ਉਤੇ ਅਸੀ ਰਾਜ ਕਰ ਰਹੇ ਹਾਂ, ਇਹ ਇਕੱਲੇ ਮਾ. ਤਾਰਾ ਸਿੰਘ ਦਾ ਦਿਤਾ ਹੋਇਆ ਪੰਜਾਬ ਹੈ ਵਰਨਾ ਹੋਰ ਸਾਰੇ ਤਾਂ ਇਸ ਨੂੰ ਪਾਕਿਸਤਾਨ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਹੀ ਬੈਠੇ ਸਨ।