ਬਾਦਲ ਸਾਹਿਬ, ਇਕ ਚੀਜ਼ ਛੱਡ ਕੇ,'ਪੰਥਕ ਆਗੂ' ਵਜੋਂ ਕੀਤੀ ਅਪਣੀ ਬਾਕੀ ਦੀ ਸਾਰੀ 'ਕਮਾਈ' ਬਚਾਅ ਸਕਦੇ ਹੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਤਿਹਾਸ ਵਿਚ 'ਪੰਥਕ ਆਗੂ' ਵਜੋਂ, ਨਿਜ ਲਈ ਜਿੰਨੀ ਖੱਟੀ ਸ. ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲਾਂ ਵਿਚ ਖੱਟੀ, ਕਿਸੇ ਹੋਰ 'ਪੰਥਕ ਆਗੂ' ਜਾਂ 'ਪੰਥਕ ਆਗੂਆਂ ਦੇ ਸਮੂਹ'.......

Parkash Singh Badal With Other Leaders

ਇਤਿਹਾਸ ਵਿਚ 'ਪੰਥਕ ਆਗੂ' ਵਜੋਂ, ਨਿਜ ਲਈ ਜਿੰਨੀ ਖੱਟੀ ਸ. ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲਾਂ ਵਿਚ ਖੱਟੀ, ਕਿਸੇ ਹੋਰ 'ਪੰਥਕ ਆਗੂ' ਜਾਂ 'ਪੰਥਕ ਆਗੂਆਂ ਦੇ ਸਮੂਹ' ਨੇ ਰੱਲ ਕੇ ਵੀ ਨਹੀਂ ਕੀਤੀ ਹੋਵੇਗੀ¸5 ਵਾਰ ਮੁੱਖ ਮੰਤਰੀ ਬਣੇ, ਵਜ਼ੀਰੀਆਂ (ਪੰਜਾਬ ਵਿਚ ਵੀ ਤੇ ਦਿੱਲੀ ਵਿਚ ਵੀ) ਅਪਣੇ ਪ੍ਰਵਾਰ ਲਈ ਰਾਖਵੀਆਂ ਕਰ ਲਈਆਂ ਤੇ ਬਸਾਂ, ਹੋਟਲਾਂ ਦੇ ਨਾਲ ਨਾਲ ਰਾਜਸਥਾਨ, ਯੂ.ਪੀ. ਤੇ ਹਰਿਆਣਾ ਵਿਚ ਫ਼ਾਰਮ ਬਣਾ ਲਏ, ਚੰਡੀਗੜ੍ਹ ਵਿਚ ਵੀ ਮਹਿਲ ਖੜੇ ਕਰ ਲਏ (ਬਾਦਲ ਪਿੰਡ ਵਿਚਲੇ ਮਹੱਲ ਤੋਂ ਇਲਾਵਾ) ਅਤੇ ਪੰਜਾਬ ਸਰਕਾਰ, ਦਿੱਲੀ ਸਰਕਾਰ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ,

ਸ਼੍ਰੋਮਣੀ ਕਮੇਟੀ ਤੇ ਪੰਜਾਂ ਤਖ਼ਤਾਂ ਨੂੰ ਜਿਵੇਂ ਅਪਣੀ ਮੁੱਠੀ ਵਿਚ ਕਰੀ ਰਖਿਆ¸ਇਤਿਹਾਸ ਵਿਚ ਇਸ ਤੋਂ ਪਹਿਲਾਂ ਕਿਸੇ ਹੋਰ 'ਪੰਥਕ' ਆਗੂ ਨੇ 'ਰਾਜ ਨਹੀਂ ਸੇਵਾ' ਦੇ ਨਾਂ ਤੇ ਇਸ ਦੇ ਸੌਵੇਂ ਜਾਂ ਹਜ਼ਾਰਵੇਂ ਹਿੱਸੇ ਦੇ ਬਰਾਬਰ ਵੀ ਨਹੀਂ ਕਮਾਇਆ ਜਾਂ ਹਥਿਆਇਆ ਹੋਵੇਗਾ (ਰਾਜ ਦੀ ਸ਼ਕਤੀ ਨਾਲ ਕੀਤੀ ਕਮਾਈ ਨੂੰ 'ਹਥਿਆਈ' ਹੀ ਕਿਹਾ ਜਾਂਦਾ ਹੈ, ਕਮਾਈ ਨਹੀਂ)। ਪਰ ਉਸ ਤੋਂ ਵੀ ਵੱਡਾ ਪ੍ਰਸ਼ਨ ਹੈ ਕਿ ਬਦਲੇ ਵਿਚ ਇਸ ਇਤਿਹਾਸਕ ਹਸਤੀ ਨੇ ਪੰਜਾਬ ਅਤੇ ਪੰਥ ਨੂੰ ਕੁੱਝ ਦਿਤਾ ਵੀ¸ਜਾਂ ਸਿਰਫ਼ ਲਿਆ ਹੀ ਲਿਆ?

ਮੈਨੂੰ ਅੱਜ ਉਸ ਸੱਜਣ ਦੀ ਗੱਲ ਯਾਦ ਆਉਂਦੀ ਹੈ ਜੋ ਚੰਡੀਗੜ੍ਹ ਦੇ ਵੱਡੇ ਪ੍ਰਾਪਰਟੀ ਡੀਲਰਾਂ ਵਿਚੋਂ ਇਕ ਸੀ ਅਤੇ ਅੱਜ ਵੀ ਉਸ ਦੀ ਕੰਪਨੀ ਸੈਕਟਰ 17 ਵਿਚ ਚਲ ਰਹੀ ਹੈ। ਉਸ ਨੇ ਮੈਨੂੰ ਦਸਿਆ ਸੀ ਕਿ ਇਕ ਐਮ.ਐਲ.ਏ. ਵਜੋਂ ਸ. ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਵਿਚ ਸਾਈਕਲ ਚਲਾ ਕੇ ਉਸ ਕੋਲ ਆਉਂਦੇ ਹੁੰਦੇ ਸਨ ਤੇ ਮਕਾਨ ਲਈ ਕਿਸੇ ਛੋਟੇ ਤੇ ਸਸਤੇ ਪਲਾਟ ਦੀ ਪੁਛ ਕਰਦੇ ਹੁੰਦੇ ਸਨ (ਉਹਨੀਂ ਦਿਨੀਂ ਜੱਜ ਵੀ ਤੇ ਐਮ.ਐਲ.ਏ. ਵੀ ਆਮ ਸਾਈਕਲਾਂ ਤੇ ਘੁੰਮਦੇ ਮੈਂ ਆਪ ਵੀ ਵੇਖੇ ਸਨ)।

ਇਕ ਦਿਨ ਬਾਦਲ ਸਾਹਿਬ ਨੂੰ ਉਸ ਨੇ 9 ਸੈਕਟਰ ਵਾਲੀ ਉਨ੍ਹਾਂ ਦੀ ਹੁਣ ਵਾਲੀ ਕੋਠੀ ਦਾ ਵੱਡਾ ਪਲਾਟ ਵਿਖਾਇਆ ਤੇ ਕਿਹਾ, ''ਮੇਰੇ ਕਹਿਣ ਤੇ ਲੈ ਲਉ, ਸਾਰੀ ਉਮਰ ਮੈਨੂੰ ਯਾਦ ਕਰਿਆ ਕਰੋਗੇ।'' ਜਦ ਉਸ ਨੇ ਬਾਦਲ ਸਾਹਿਬ ਨੂੰ ਦਸਿਆ ਕਿ 15 ਲੱਖ ਰੁਪਏ ਹੁਣੇ ਦੇਣੇ ਪੈਣਗੇ ਤਾਂ ਬਾਦਲ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ''ਸਾਡੇ ਕੋਲ ਏਨੇ ਪੈਸੇ ਤਾਂ ਕਦੇ ਵੀ ਇਕੱਠੇ ਨਹੀਂ ਹੋਣ ਵਾਲੇ।''ਜੋ ਕੁੱਝ ਉਸ ਪ੍ਰਾਪਰਟੀ ਡੀਲਰ ਨੇ ਮੈਨੂੰ ਦਸਿਆ, ਉਸ ਅਨੁਸਾਰ ਉਸ ਨੇ ਪੇਸ਼ਕਸ਼ ਕੀਤੀ ਕਿ ਉਹ 15 ਲੱਖ ਦਾ ਕਰਜ਼ ਵੀ ਦਿਵਾ ਦੇਵੇਗਾ ਜਿਹੜਾ ਬਾਦਲ ਸਾਹਿਬ ਹੌਲੀ ਹੌਲੀ ਵਾਪਸ ਕਰ ਸਕਦੇ ਹਨ।

ਸੋ ਉਸ ਵਲੋਂ ਦਿਵਾਏ ਗਏ ਕਰਜ਼ ਨਾਲ ਬਾਦਲ ਸਾਹਬ ਨੇ ਪਹਿਲੀ ਸ਼ਹਿਰੀ ਜਾਇਦਾਦ ਖ਼ਰੀਦੀ। ਪ੍ਰਾਪਰਟੀ ਡੀਲਰ ਵਧਾ ਚੜ੍ਹਾ ਕੇ ਵੀ ਗੱਲਾਂ ਕਰਦੇ ਹੁੰਦੇ ਹਨ ਪਰ ਮੇਰਾ ਖ਼ਿਆਲ ਹੈ ਕਿ ਉਸ ਨੇ ਮੈਨੂੰ ਗ਼ਲਤ ਕੁੱਝ ਨਹੀਂ ਦਸਿਆ ਹੋਵੇਗਾ ਕਿਉਂਕਿ ਮੈਂ ਇਕ 'ਗਾਹਕ' ਵਜੋਂ ਉਸ ਕੋਲ ਨਹੀਂ ਸੀ ਗਿਆ ਸਗੋਂ ਇਕ ਸਮਾਜਕ ਸਮਾਗਮ ਵਿਚ ਮਿਲਿਆ ਸੀ।ਜੇ ਉਪ੍ਰੋਕਤ ਕਥਾ ਠੀਕ ਹੈ ਤਾਂ ਇਤਿਹਾਸਕਾਰਾਂ ਲਈ ਇਹ ਜਾਂਚ ਕਰਨੀ ਬੜੀ ਲਾਹੇਵੰਦੀ ਹੋਵੇਗੀ ਕਿ ਇਕ ਕਾਂਗਰਸੀ ਐਮ.ਐਲ.ਏ. ਵਜੋਂ ਪ੍ਰਕਾਸ਼ ਸਿੰਘ ਬਾਦਲ ਕਿਸ ਰੂਪ ਵਿਚ ਚੰਡੀਗੜ੍ਹ ਵਿਚ ਆਏ ਸੀ ਤੇ ਫਿਰ 'ਪੰਥਕ' ਆਗੂ ਬਣ ਕੇ, ਇਸ ਸ਼ਹਿਰ ਵਿਚ ਉਨ੍ਹਾਂ ਕੀ ਕੀ ਪ੍ਰਾਪਤੀਆਂ ਕੀਤੀਆਂ ਤੇ ਕਿੰਨੀ ਖੱਟੀ ਖੱਟੀ।

ਮੈਂ ਅੰਦਾਜ਼ੇ ਨਾਲ ਕਹਿ ਸਕਦਾ ਹਾਂ ਕਿ ਇਤਿਹਾਸ ਵਿਚ 'ਪੰਥਕ ਆਗੂ' ਵਜੋਂ, ਨਿਜ ਲਈ ਜਿੰਨੀ ਖੱਟੀ ਸ. ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲਾਂ ਵਿਚ ਖੱਟੀ, ਕਿਸੇ ਹੋਰ 'ਪੰਥਕ ਆਗੂ' ਜਾਂ 'ਪੰਥਕ ਆਗੂਆਂ ਦੇ ਸਮੂਹ' ਨੇ ਰੱਲ ਕੇ ਵੀ ਨਹੀਂ ਕੀਤੀ ਹੋਵੇਗੀ¸5 ਵਾਰ ਮੁੱਖ ਮੰਤਰੀ ਬਣੇ, ਵਜ਼ੀਰੀਆਂ (ਪੰਜਾਬ ਵਿਚ ਵੀ ਤੇ ਦਿੱਲੀ ਵਿਚ ਵੀ) ਅਪਣੇ ਪ੍ਰਵਾਰ ਲਈ ਰਾਖਵੀਆਂ ਕਰ ਲਈਆਂ ਤੇ ਬਸਾਂ, ਹੋਟਲਾਂ ਦੇ ਨਾਲ ਨਾਲ ਰਾਜਸਥਾਨ, ਯੂ.ਪੀ. ਤੇ ਹਰਿਆਣਾ ਵਿਚ ਫ਼ਾਰਮ ਬਣਾ ਲਏ, ਚੰਡੀਗੜ੍ਹ ਵਿਚ ਵੀ ਮਹਿਲ ਖੜੇ ਕਰ ਲਏ (ਬਾਦਲ ਪਿੰਡ ਵਿਚਲੇ ਮਹੱਲ ਤੋਂ ਇਲਾਵਾ) ਅਤੇ ਪੰਜਾਬ ਸਰਕਾਰ, ਦਿੱਲੀ ਸਰਕਾਰ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ,

ਸ਼੍ਰੋਮਣੀ ਕਮੇਟੀ ਤੇ ਪੰਜਾਂ ਤਖ਼ਤਾਂ ਨੂੰ ਜਿਵੇਂ ਅਪਣੀ ਮੁੱਠੀ ਵਿਚ ਕਰੀ ਰਖਿਆ¸ਇਤਿਹਾਸ ਵਿਚ ਇਸ ਤੋਂ ਪਹਿਲਾਂ ਕਿਸੇ ਹੋਰ 'ਪੰਥਕ' ਆਗੂ ਨੇ 'ਰਾਜ ਨਹੀਂ ਸੇਵਾ' ਦੇ ਨਾਂ ਤੇ ਇਸ ਦੇ ਸੌਵੇਂ ਜਾਂ ਹਜ਼ਾਰਵੇਂ ਹਿੱਸੇ ਦੇ ਬਰਾਬਰ ਵੀ ਨਹੀਂ ਕਮਾਇਆ ਜਾਂ ਹਥਿਆਇਆ ਹੋਵੇਗਾ (ਰਾਜ ਦੀ ਸ਼ਕਤੀ ਨਾਲ ਕੀਤੀ ਕਮਾਈ ਨੂੰ 'ਹਥਿਆਈ' ਹੀ ਕਿਹਾ ਜਾਂਦਾ ਹੈ, ਕਮਾਈ ਨਹੀਂ)। ਪਰ ਉਸ ਤੋਂ ਵੀ ਵੱਡਾ ਪ੍ਰਸ਼ਨ ਇਹ ਹੈ ਕਿ ਬਦਲੇ ਵਿਚ ਇਸ ਇਤਿਹਾਸਕ ਹਸਤੀ ਨੇ ਪੰਜਾਬ ਅਤੇ ਪੰਥ ਨੂੰ ਕੁੱਝ ਦਿਤਾ ਵੀ¸ਜਾਂ ਸਿਰਫ਼ ਲਿਆ ਹੀ ਲਿਆ?

ਇਸ ਬਾਰੇ ਬਾਦਲ ਸਾਹਬ ਦੇ ਸ਼ਰਧਾਲੂ ਚੇਲਿਆਂ ਦੇ ਬਿਆਨਾਂ ਦਾ ਢੇਰ ਮਿਲ ਜਾਏਗਾ ਜੋ ਕਹਿ ਦੇਣਗੇ ਕਿ 'ਬਾਦਸ਼ਾਹ ਦਰਵੇਸ਼' ਨੇ ਆਪ ਤਾਂ ਕੁੱਝ ਲਿਆ ਹੀ ਨਹੀਂ ਤੇ ਪੰਜਾਬ ਨੂੰ ਏਨਾ ਕੁੱਝ ਦੇ ਦਿਤਾ ਕਿ... ਪੰਜਾਬ ਪਹਿਲੇ ਨੰਬਰ ਤੋਂ 14ਵੇਂ ਨੰਬਰ ਤੇ ਆ ਗਿਆ ਤੇ 95% ਕੇਸਾਧਾਰੀ ਸਿੰਘ, ਬਾਦਲ ਸਾਹਬ ਦੇ ਪੰਥਕ ਰਾਜ ਵਿਚ 15% ਤਕ ਰਹਿ ਗਏ ਹਨ ਤੇ ...।

ਸਾਰੀਆਂ ਗੱਲਾਂ ਇਕ ਲੇਖ ਵਿਚ ਦਰਜ ਨਹੀਂ ਕੀਤੀਆਂ ਜਾ ਸਕਦੀਆਂ (ਕਈ ਕਿਤਾਬਾਂ ਲਿਖਣੀਆਂ ਪੈਣਗੀਆਂ) ਪਰ ਕੁੱਝ ਮੋਟੀਆਂ ਮੋਟੀਆਂ ਗੱਲਾਂ ਦਾ ਸੰਖੇਪ ਵਰਨਣ ਕਰ ਕੇ ਬਾਦਲ ਸਾਹਬ ਕੋਲੋਂ ਇਕ ਮੰਗ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਉਹ ਅਪਣੀ ਆਤਮਾ ਕੋਲੋਂ ਹੀ ਪੁਛ ਕੇ ਦੱਸਣ ਕਿ ਉਨ੍ਹਾਂ ਲਈ ਹੁਣ ਕੀ ਕਰਨਾ ਬਣਦਾ ਹੈ।

ਪੰਜਾਬ ਦਾ ਪਾਣੀ ਤੇ ਪੰਜਾਬੀ ਇਲਾਕੇ : ਬਾਦਲ ਸਾਹਿਬ ਨੇ ਉਸ ਹਰਿਆਣਾ ਦੀ ਸਰਕਾਰ ਕੋਲੋਂ ਅਪਣੇ ਬਾਲਾਸਰ ਦੇ ਫ਼ਾਰਮ ਹਾਊਸ ਤਕ ਪਾਣੀ ਪਹੁੰਚਾਉਣ ਲਈ ਨਹਿਰ ਬਣਵਾ ਲਈ ਜਿਸ ਨੂੰ ਪੰਜਾਬ ਦਾ ਅੱਧ ਤੋਂ ਵੱਧ ਪਾਣੀ, ਕਾਨੂੰਨ ਦੇ ਉਲਟ ਜਾ ਕੇ, ਦਿੱਲੀ ਵਾਲਿਆਂ ਨੇ ਦੇ ਦਿਤਾ ਸੀ। ਬੜੇ ਨਿਰਪੱਖ ਮਾਹਰਾਂ ਦਾ ਕਹਿਣਾ ਹੈ ਕਿ ਹਰਿਆਣਾ-ਪੰਜਾਬ ਤਨਾਜ਼ੇ ਵਿਚ ਜੇ ਪ੍ਰਕਾਸ਼ ਸਿੰਘ ਬਾਲਾਸਰ ਫ਼ਾਰਮ ਦਾ ਮੋਹ ਛੱਡ ਕੇ ਉਸ ਨੂੰ ਵੇਚ ਦੇਂਦੇ ਤੇ ਗੁੜਗਾਉਂ ਵਿਚ ਹੋਟਲ ਦਾ ਸਸਤਾ ਪਲਾਟ ਲੈਣ ਦਾ ਲਾਲਚ ਠੁਕਰਾ ਦੇਂਦੇ ਤਾਂ ਪੰਜਾਬ ਦੇ ਪਾਣੀ ਵੀ ਪੰਜਾਬ ਨੂੰ ਮਿਲ ਜਾਣੇ ਸਨ,

ਪੰਜਾਬੀ ਇਲਾਕੇ ਵੀ ਤੇ ਚੰਡੀਗੜ੍ਹ ਵੀ। ਸਤਲੁਜ-ਜਮਨਾ ਨਹਿਰ ਦੀ ਤਾਂ ਗੱਲ ਵੀ ਕਿਸੇ ਨੇ ਨਹੀਂ ਸੀ ਕਰ ਸਕਣੀ ਪਰ ਹਰਿਆਣੇ ਕੋਲੋਂ ਨਹਿਰ ਦੀ ਖੁਦਾਈ ਲਈ ਪਹਿਲਾ ਚੈੱਕ ਵੀ ਤਾਂ ਬਾਦਲ ਸਾਹਿਬ ਨੇ ਹੀ ਲਿਆ ਸੀ ਜਿਸ ਨਾਲ ਸਾਰਾ ਕੇਸ ਕਮਜ਼ੋਰ ਹੋ ਗਿਆ ਤੇ ਮਗਰੋਂ ਦੇ 'ਰੋਸ ਵਿਖਾਵੇ' ਨਿਰੇ ਵਿਖਾਵੇ ਦੇ ਹੰਝੂ ਹੀ ਸਾਬਤ ਹੋਏ ਹਨ। ਵਿਖਾਵੇ ਦੇ ਇਸ ਲਈ ਕਿ ਬਾਦਲ ਸਾਹਿਬ ਤੇ ਉਨ੍ਹਾਂ ਦਾ ਪ੍ਰਵਾਰ ਇਸ ਸਾਰੇ ਸਮੇਂ ਵਿਚੋਂ, ਬਹੁਤਾ ਸਮਾਂ, ਦਿੱਲੀ ਅਤੇ ਪੰਜਾਬ ਦੀਆਂ ਹਕੂਮਤਾਂ ਵਿਚ 'ਹਾਕਮ' ਬਣ ਕੇ ਬੈਠੇ ਰਹੇ ਹਨ ਤੇ ਹਰਿਆਣੇ ਵਿਚ ਉਨ੍ਹਾਂ ਦਾ ਪੱਗ-ਵੱਟ ਭਰਾ, ਮੁੱਖ ਮੰਤਰੀ ਰਿਹਾ ਸੀ। 

ਜੇ ਗੁਰੂ ਦਾ ਆਜ਼ਾਦ ਅਕਾਲ ਤਖ਼ਤ ਅੱਜ ਕਿਤੇ ਹੁੰਦਾ ਜਾਂ ਕੋਈ ਪੰਥਕ ਟਰੀਬਿਊਨਲ ਕਾਇਮ ਹੋਇਆ ਹੁੰਦਾ ਤਾਂ ਬਾਦਲ ਸਾਹਿਬ ਨੂੰ ਇਹ ਸਵਾਲ ਜ਼ਰੂਰ ਕਰਦਾ ਕਿ ਹਰਿਆਣੇ, ਰਾਜਸਥਾਨ ਸਮੇਤ ਜਿਨ੍ਹਾਂ ਰਾਜਾਂ ਕੋਲੋਂ ਤੁਸੀ ਤੇ ਤੁਹਾਡਾ ਪ੍ਰਵਾਰ ਕਰੋੜਾਂ ਨਹੀਂ, ਅਰਬਾਂ ਦੇ ਲਾਭ ਲੈਂਦੇ ਰਹੇ, ਜੇ ਤੁਸੀ ਉਹ ਲਾਭ ਛੱਡ ਦੇਂਦੇ ਤਾਂ ਕੀ ਪੰਜਾਬ ਨਾਲ ਉਹ ਧੱਕਾ ਹੋਣਾ ਸੀ

ਜੋ ਅੱਜ ਤਕ ਹੁੰਦਾ ਚਲਿਆ ਜਾ ਰਿਹਾ ਹੈ ਤੇ ਕੀ ਇਸ ਦਾ ਦੋਸ਼ੀ, ਤੁਹਾਡੇ ਤੋਂ ਬਿਨਾਂ ਕਿਸੇ ਹੋਰ ਨੂੰ ਠਹਿਰਾਇਆ ਜਾ ਸਕਦਾ ਹੈ? ਪੰਜਾਬ ਦੀ ਆਰਥਕ ਮੰਦਹਾਲੀ ਕੀ ਇਸੇ 'ਨਿਜੀ ਲੋਭ ਲਾਲਚ' ਵਿਚੋਂ ਹੀ ਨਹੀਂ ਉਪਜੀ ਵਰਨਾ ਇਹ ਤਾਂ ਹਿੰਦੁਸਤਾਨ ਦੇ ਸਾਰੇ ਸੂਬਿਆਂ 'ਚੋਂ ਇਕ ਨੰਬਰ ਦਾ ਸੂਬਾ ਸੀ (ਪੰਜਾਬੀ ਸੂਬਾ ਬਣਨ ਮਗਰੋਂ ਵੀ)?

ਬਲੂ-ਸਟਾਰ ਆਪ੍ਰੇਸ਼ਨ: ਬਾਦਲ ਵਿਰੋਧੀ ਤਾਂ ਇਹ ਵੀ ਕਹਿੰਦੇ ਹਨ ਕਿ ਕੇਂਦਰ ਨੇ ਇਹ ਜ਼ੁਲਮ, ਅਕਾਲੀ ਲੀਡਰਾਂ ਦੀ ਰਜ਼ਾਮੰਦੀ ਪ੍ਰਾਪਤ ਕਰ ਕੇ ਕੀਤਾ ਸੀ ਕਿਉਂਕਿ ਅਕਾਲੀ ਲੀਡਰ, ਸੰਤ ਜਰਨੈਲ ਸਿਘ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਸਨ। ਪਰ ਇਸ ਬਾਰੇ ਅੰਤਮ ਨਿਰਣਾ ਤਾਂ ਇਤਿਹਾਸਕਾਰ ਹੀ ਦੇਣਗੇ। ਸਾਡੇ ਸਾਹਮਣੇ ਜੋ ਹੋਇਆ, ਉਹ ਇਹੀ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਅਕਾਲੀ ਸੱਤਾ ਵਿਚ ਇਹ ਕਹਿ ਕੇ ਆ ਗਏ ਕਿ ਸੱਤਾ ਵਿਚ ਆ ਕੇ ਉਹ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਸੱਚ ਵੀ ਦੁਨੀਆਂ ਸਾਹਮਣੇ ਲਿਆਉਣਗੇ

ਤੇ ਕਸੂਰਵਾਰਾਂ ਨੂੰ ਸਜ਼ਾਵਾਂ ਵੀ ਦੇਣਗੇ। ਸੱਤਾ ਵਿਚ ਆਉਣ ਮਗਰੋਂ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਇਹ ਕਹਿ ਕੇ ਹੀ ਪੱਲਾ ਛੁਡਾ ਲਿਆ ਕਿ ''ਛੱਡੋ ਜੀ, ਹੁਣ ਬੀਤੀਆਂ ਗੱਲਾਂ ਵਲ ਹੀ ਵੇਖਦੇ ਰਹਿਣਾ ਹੈ ਜਾਂ ਅੱਗੇ ਵਧਣ ਲਈ ਭਵਿੱਖ ਦਾ ਫ਼ਿਕਰ ਵੀ ਕਰਨਾ ਹੈ?'' ਜਦ ਜਸਟਿਸ ਕੁਲਦੀਪ ਸਿੰਘ ਦੀ ਕੋਸ਼ਿਸ਼ ਨਾਲ ਤਿੰਨ ਜੱਜਾਂ ਦਾ ਪ੍ਰਾਈਵੇਟ ਕਮਿਸ਼ਨ, ਪੜਤਾਲ ਕਰਨ ਲਈ ਬੈਠ ਗਿਆ ਤੇ ਹਜ਼ਾਰਾਂ ਲੋਕ ਸੱਚ ਦੱਸਣ ਲਈ ਚੰਡੀਗੜ੍ਹ ਪਹੁੰਚ ਗਏ ਤਾਂ ਬਾਦਲ ਸਰਕਾਰ ਨੇ ਹਾਈ ਕੋਰਟ ਵਿਚ ਜਾ ਕੇ ਕਮਿਸ਼ਨ ਦੇ ਕੰਮ ਤੇ ਪਾਬੰਦੀ ਲਵਾ ਦਿਤੀ।

ਨਾ ਆਪ ਪੜਤਾਲ ਕਰਵਾਈ ਨਾ ਜੱਜਾਂ ਨੂੰ ਕਰਨ ਦਿਤੀ। ਨਾ ਧਰਮੀ ਫ਼ੌਜੀਆਂ ਦਾ ਕੁੱਝ ਬਣਨ ਦਿਤਾ, ਨਾ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਤੇ ਨਾ ਘਰੋਂ ਚੁੱਕੇ ਗਏ ਮੁੰਡਿਆਂ ਦਾ। ਜਿਨ੍ਹਾਂ ਪੁਲਸੀਆਂ ਨੇ ਨਕਲੀ ਮੁਕਾਬਲੇ ਬਣਾ ਕੇ ਹਜ਼ਾਰਾਂ ਸਿੱਖ ਮਾਰ ਮੁਕਾਏ ਸਨ, ਉਨ੍ਹਾਂ 'ਚੋਂ ਕਿਸੇ ਨੂੰ ਤੱਤੀ ਵਾਅ ਵੀ ਨਾ ਲੱਗਣ ਦਿਤੀ ਤੇ ਸਗੋਂ ਤਰੱਕੀਆਂ ਦੇ ਕੇ ਅਪਣੀ ਸਰਕਾਰ ਵਿਚ ਉਚ ਰੁਤਬੇ ਬਖ਼ਸ਼ ਦਿਤੇ।

ਗੁਰੂ ਦਾ ਅਸਲ ਅਕਾਲ ਤਖ਼ਤ ਅੱਜ ਕਿਧਰੇ ਹੁੰਦਾ ਤਾਂ ਫ਼ੈਸਲਾ ਕਰਦਾ ਕਿ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਮਗਰੋਂ ਦੇ ਉਪ੍ਰੋਕਤ ਹਾਲਾਤ ਲਈ ਕਿਸ ਨੂੰ ਦੋਸ਼ੀ ਮੰਨਿਆ ਜਾਏਗਾ?

ਅਕਾਲ ਤਖ਼ਤ ਦੀ ਮਾੜੀ ਹਾਲਤ : ਅਕਾਲ ਤਖ਼ਤ ਦਾ ਜੋ ਰੁਤਬਾ ਅਪਣੇ ਆਪ ਸਿੱਖਾਂ ਦੇ ਦਿਲਾਂ ਵਿਚ ਬਣਿਆ ਹੋਇਆ ਸੀ, ਉਸ ਵਿਚ ਪਹਿਲੀ ਵਾਰ ਕਮੀ ਆਉਣੀ ਸ਼ੁਰੂ ਹੋਈ ਤਾਂ ਉਹ ਬਾਦਲ ਰਾਜ ਦੌਰਾਨ ਹੀ ਆਈ। ਜਿਸ ਤਰ੍ਹਾਂ 'ਜਥੇਦਾਰਾਂ ਨੂੰ ਅਪਣੇ ਇਸ਼ਾਰਿਆਂ ਤੇ ਨਚਾਇਆ ਗਿਆ ਤੇ ਵਿਰੋਧੀਆਂ ਦਾ ਮੂੰਹ ਬਦ ਕਰਨ ਲਈ ਵਰਤਿਆ ਗਿਆ, ਉਸ ਨਾਲ ਅਕਾਲ ਤਖ਼ਤ ਦਾ ਰੁਤਬਾ, ਸ. ਬਾਦਲ ਦੇ ਅਹਿਦ ਵਿਚ ਦਿਨ ਬਦਿਨ ਘਟਦਾ ਗਿਆ

ਤੇ ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਜਿਸ ਤਰ੍ਹਾਂ ਜਥੇਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਅਤੇ ਮੁੱਖ ਮੰਤਰੀ ਦੀ ਕੋਠੀ ਵਿਚ ਪੇਸ਼ ਹੋ ਕੇ ਹੁਕਮ ਸੁਣਨ ਲਈ ਕਿਹਾ ਗਿਆ, ਉਸ ਮਗਰੋਂ ਅੱਜ ਅਕਾਲ ਤਖ਼ਤ ਦੀ ਸੰਸਥਾ ਖ਼ਤਮ ਜਹੀ ਹੀ ਹੋ ਕੇ ਰਹਿ ਗਈ ਹੈ। ਸ਼ੁਰੂ ਵਿਚ ਲੋਕ ਬੁੜਬੁੜ ਕਰਦੇ ਤੇ ਗਾਲਾਂ ਕਢਦੇ, ਅੰਮ੍ਰਿਤਸਰ ਪੇਸ਼ੀ ਭੁਗਤ ਆਉਂਦੇ ਸਨ ਤਾਕਿ ਵੋਟਾਂ ਵਿਚ ਘਾਟਾ ਨਾ ਪੈ ਜਾਵੇ ਪਰ ਅੱਜ ਜਿਹੜੇ ਮੰਨੇ ਪ੍ਰਮੰਨੇ ਸਿੱਖ, ਸਿਆਸੀ ਲੋਕਾਂ ਦੇ ਫ਼ਰਮਾਬਰਦਾਰਾਂ ਨੂੰ 'ਜਥੇਦਾਰ' ਮੰਨਣ ਤੋਂ ਇਨਕਾਰ ਕਰਦੇ ਹੋਏ, ਉਨ੍ਹਾਂ ਕੋਲ ਪੇਸ਼ੀ ਭੁਗਤਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਵਿਚ ਅਕਾਲ ਤਖ਼ਤ ਦਾ ਇਕ ਸਾਬਕਾ ਜਥੇਦਾਰ ਤੇ ਬਹੁਤੇ ਸਿੱਖ ਵਿਦਵਾਨ ਸ਼ਾਮਲ ਹਨ।

ਅੱਜ ਗੁਰੂ ਦਾ ਅਕਾਲ ਤਖ਼ਤ ਜੇ ਕਿਤੇ ਹੁੰਦਾ ਤਾਂ ਗੁਰੂ ਦਾ ਤਖ਼ਤ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦਾ?

ਆਜ਼ਾਦ ਸਿੱਖ ਪ੍ਰੈੱਸ ਦਾ ਗਲਾ ਘੋਟਣਾ: ਜਿਥੇ ਵੀ ਚਾਰ ਸਿੱਖ ਬੈਠਦੇ, ਇਹ ਕਹਿ ਕੇ ਝੂਰਨ ਲੱਗ ਜਾਂਦੇ ਕਿ ਸਿੱਖਾਂ ਦੀ ਗੱਲ ਕਰਨ ਵਾਲਾ ਕਈ ਰੋਜ਼ਾਨਾ ਅਖ਼ਬਾਰ ਪੰਜਾਬ ਵਿਚ ਵੀ ਨਹੀਂ ਰਹਿ ਗਿਆ ਜਿਸ ਕਾਰਨ ਸਿੱਖਾਂ ਨੂੰ ਹਰ ਪਾਸੇ ਮਾਰ ਵੀ ਪੈ ਰਹੀ ਹੈ ਤੇ ਇਸ ਦਾ ਜ਼ਿਕਰ ਵੀ ਕਿਸੇ ਥਾਂ ਨਹੀਂ ਹੁੰਦਾ। 1994 ਵਿਚ ਸ਼ੁਰੂ ਹੋਏ ਮਾਸਕ ਸਪੋਕਸਮੈਨ ਦੀ ਆਜ਼ਾਦ ਪੰਥਕ ਨੀਤੀ ਨੂੰ ਵੇਖ ਕੇ ਹਰ ਕਿਸੇ ਨੇ ਚਾਹਿਆ ਕਿ ਇਹ ਰੋਜ਼ਾਨਾ ਅਖ਼ਬਾਰ ਬਣ ਜਾਏ ਤਾਂ ਸਿੱਖਾਂ ਦਾ ਬੜਾ ਭਲਾ ਹੋ ਸਕਦਾ ਹੈ। ਇਕ ਦਸੰਬਰ, 2005 ਨੂੰ ਇਹ ਰੋਜ਼ਾਨਾ ਅਖ਼ਬਾਰ ਬਣ ਗਿਆ ਪਰ ਸਿੱਖਾਂ ਦੇ ਆਗੂਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਇਹ ਰਹੀ ਹੈ

ਕਿ 'ਚਮਚਾ ਪ੍ਰੈੱਸ' ਤੋਂ ਇਲਾਵਾ ਕਿਸੇ ਆਜ਼ਾਦ ਸਿੱਖ ਅਖ਼ਬਾਰ ਨੂੰ ਸਫ਼ਲ ਨਹੀਂ ਹੋਣਾ ਦੇਣਾ। ਦਿੱਲੀ ਵਾਲਿਆਂ ਦੀ ਤਾਂ ਆਜ਼ਾਦ ਸਿੱਖ ਪ੍ਰੈੱਸ ਬਾਰੇ ਸ਼ੁਰੂ ਤੋਂ ਹੀ ਇਹੀ ਨੀਤੀ ਚਲਦੀ ਆ ਰਹੀ ਸੀ। ਪਹਿਲੇ ਦਿਨ ਅਰਥਾਤ ਇਕ ਦਸੰਬਰ, 2005 ਨੂੰ ਹੀ ਅਕਾਲ ਤਖ਼ਤ ਦਾ ਨਾਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਇਕ ਮੁਲਾਜ਼ਮ ਨੇ 'ਹੁਕਮਨਾਮਾ' ਜਾਰੀ ਕਰ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ ਨੂੰ ਇਸ਼ਤਿਹਾਰ ਨਾ ਦੇਵੇ ਤੇ ਕੋਈ ਇਸ ਵਿਚ ਨੌਕਰੀ ਨਾ ਕਰੇ ਆਦਿ ਆਦਿ। ਅਖ਼ਬਾਰ ਦੇ ਐਡੀਟਰ ਤੇ ਲੇਖਕਾਂ ਉਤੇ 295-ਏ ਅਧੀਨ 8-10 ਕੇਸ ਦੂਰ ਦੂਰ ਦੇ ਜ਼ਿਲ੍ਹਿਆਂ ਵਿਚ ਪਾ ਦਿਤੇ ਗਏ, ਮੁੱਖ ਦਫ਼ਤਰ ਉਤੇ ਪੁਲਿਸ ਕੋਲੋਂ ਰੇਡ ਕਰਵਾਇਆ ਗਿਆ,

ਪੰਜਾਬ ਦੇ 7 ਦਫ਼ਤਰ ਇਕੋ ਦਿਨ, ਇਕੋ ਸਮੇਂ, ਗੁੰਡੇ ਭੇਜ ਕੇ ਤਬਾਹ ਕਰ ਦਿਤੇ ਗਏ ਤੇ ਕਿਸੇ ਹਮਲਾਵਰ ਨੂੰ ਹੱਥ ਵੀ ਨਾ ਪਾਇਆ ਗਿਆ। ਤੇਜਾ ਸਿੰਘ ਸਮੁੰਦਰੀ ਹਾਲ 'ਚੋਂ ਐਡੀਟਰ ਨੂੰ ਮਾਰ ਮੁਕਾਉਣ ਦੇ ਸੰਦੇਸ਼ ਦਿਤੇ ਗਏ। ਲਗਾਤਾਰ 10 ਸਾਲ ਤਕ ਇਸ ਅਖ਼ਬਾਰ ਦੇ 150 (ਡੇਢ ਸੌ) ਕਰੋੜ ਦੇ ਇਸ਼ਤਿਹਾਰ ਰੋਕੇ ਗਏ ਤੇ ਆਰਥਕ ਨਾਕੇਬੰਦੀ ਏਨੀ ਜ਼ੋਰਦਾਰ ਕੀਤੀ ਗਈ ਕਿ ਹਰ ਕੋਈ ਕਹਿਣ ਲੱਗ ਪਿਆ

ਕਿ ਅਖ਼ਬਾਰ ਦੋ ਚਾਰ ਮਹੀਨੇ ਵੀ ਨਹੀਂ ਕੱਢ ਸਕੇਗਾ। ਪਰ ਪਾਠਕਾਂ ਨੇ ਸਾਥ ਦਿਤਾ ਤੇ ਰੱਬ ਨੇ ਮਿਹਰ ਭਰਿਆ ਹੱਥ ਦੇ ਕੇ ਬਚਾਈ ਰਖਿਆ। ਹਾਕਮ ਲੋਕ, ਅਖ਼ਬਾਰ ਨੂੰ ਬੰਦ ਕਰਵਾਉਣ ਵਿਚ ਕਾਮਯਾਬ ਤਾਂ ਨਾ ਹੋਏ ਪਰ ਆਰਥਕ ਤੰਗੀ ਏਨੀ ਜ਼ਬਰਦਸਤ ਪੈਦਾ ਕਰ ਦਿਤੀ ਕਿ ਪੈਸੇ ਦੀ ਕਮੀ ਕਾਰਨ, ਅਖ਼ਬਾਰ, ਕਾਗ਼ਜ਼ ਖ਼ਰੀਦਣ ਜੋਗੇ ਪੈਸੇ ਵੀ ਬੜੀ ਮੁਸ਼ਕਲ ਨਾਲ ਜੁਟਾਂਦਾ ਰਿਹਾ ਪਰ ਝੁਕਿਆ ਨਾ।

 ਅੱਜ ਕੋਈ ਗੁਰੂ ਦਾ ਅਸਲ ਅਕਾਲ ਤਖ਼ਤ ਕਿਤੇ ਹੁੰਦਾ ਤਾਂ ਫ਼ੈਸਲਾ ਦੇਂਦਾ ਕਿ ਆਜ਼ਾਦ ਲੋਕ-ਰਾਜੀ ਦੁਨੀਆਂ ਵਿਚ ਕੋਈ ਇਕ ਵੀ ਅਜਿਹਾ ਮਾਮਲਾ ਨਹੀਂ ਲਭਿਆ ਜਾ ਸਕਦਾ ਜਿਥੇ ਆਜ਼ਾਦ ਪ੍ਰੈੱਸ ਨੂੰ ਮਾਰਨ ਲਈ ਏਨਾ ਜ਼ੁਲਮ ਕੀਤਾ ਗਿਆ ਹੋਵੇ। ਪੰਜਾਬ ਦੇ ਇਕ ਆਜ਼ਾਦ ਸਿੱਖ ਅਖ਼ਬਾਰ ਨਾਲ ਏਨਾ ਜ਼ੁਲਮ ਕਰਨ ਦਾ ਦੋਸ਼ੀ ਜੇ ਕਿਸੇ ਇਕ ਆਗੂ ਨੂੰ ਠਹਿਰਾਏ ਜਾਣ ਲਈ ਕਿਹਾ ਜਾਂਦਾ ਤਾਂ ਗੁਰੂ ਦਾ ਅਸਲੀ ਅਕਾਲ ਤਖ਼ਤ ਕਿਸ ਨੂੰ ਦੋਸ਼ੀ ਠਹਿਰਾਉਂਦਾ ਤੇ ਦੋਸ਼ੀਆਂ ਨੂੰ ਪਸ਼ਚਾਤਾਪ ਕਰਨ ਲਈ ਕੀ ਆਖਦਾ?

ਸ਼੍ਰੋਮਣੀ ਅਕਾਲੀ ਦਲ : 1920 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਸਿੱਖਾਂ ਦੀ ਇਸ ਸਿਆਣਪ ਦਾ ਸਬੂਤ ਸੀ ਕਿ ਨਵੇਂ ਯੁਗ ਵਿਚ ਸਿੱਖ ਮਸਲੇ ਚੁੱਕਣ ਲਈ, ਤਲਵਾਰ ਤੇ ਧਾਰਮਕ ਆਗੂ ਨਹੀਂ ਬਲਕਿ ਇਕ ਸਿਆਸੀ ਪਾਰਟੀ ਚਾਹੀਦੀ ਹੋਵੇਗੀ। ਅਕਾਲੀ ਦਲ ਦੇ ਨਿਸ਼ਾਨੇ, ਸਿੱਖਾਂ ਦੇ ਹਿਤਾਂ ਦੀ, ਹਰ ਮੈਦਾਨ ਰਾਖੀ ਕਰਨ ਦੇ ਹੀ ਮਿਥੇ ਗਏ। ਸ. ਪ੍ਰਕਾਸ਼ ਸਿੰਘ ਬਾਦਲ ਨੇ ਉਸ ਪਾਰਟੀ ਦੇ ਸਿਰ ਤੋਂ ਪੱਗ ਲਾਹ ਕੇ, ਇਸ ਨੂੰ ਪੰਜਾਬੀ ਪਾਰਟੀ ਬਣਾ ਦਿਤਾ ਜਿਸ ਨੂੰ ਅਕਾਲ ਤਖ਼ਤ ਉਤੇ ਬੈਠ ਕੇ ਸਿੱਖਾਂ ਨੇ ਨਿਰੋਲ ਪੰਥਕ ਪਾਰਟੀ ਵਜੋਂ ਸਿਰਜਿਆ ਸੀ। ਫਿਰ ਇਸ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਿਆ ਕੇ ਅਪਣੀ ਜਾਇਦਾਦ ਦਾ ਹਿੱਸਾ ਹੀ ਬਣਾ ਲਿਆ

ਤੇ ਇਤਿਹਾਸ ਵਿਚ ਪਹਿਲੀ ਵਾਰ ਐਲਾਨ ਕਰ ਦਿਤਾ ਕਿ ਸਿੱਖਾਂ ਦੀ ਹਰ ਮੰਗ ਦੀ ਵਿਰੋਧਤਾ ਕਰਦੀ ਚਲੀ ਆ ਰਹੀ ਪਾਰਟੀ ਨਾਲ 'ਪੰਜਾਬੀ ਪਾਰਟੀ' ਦਾ ਪਤੀ-ਪਤਨੀ ਵਾਲਾ ਰਿਸ਼ਤਾ ਹੈ। ਅਖ਼ੀਰ ਇਹ ਵੀ ਕਹਿ ਦਿਤਾ ਕਿ ''ਮੈਂ ਤਾਂ ਪੁੱਤਰ ਨੂੰ ਵੀ ਕਹਿ ਦਿਤਾ ਹੈ ਕਿ ਮੇਰੇ ਬਾਅਦ ਵੀ ਇਸ ਪਾਰਟੀ ਨਾਲ ਰਿਸ਼ਤਾ ਕਦੇ ਨਹੀਂ ਤੋੜਨਾ।'' ਕਿਹੜੀ ਗੱਲੋਂ? ਕਿਹੜੀ ਸਿੱਖ ਮੰਗ ਇਸ ਨੇ ਮਨਵਾਈ ਹੈ?

ਉਹ ਤਾਂ ਕਹਿੰਦੀ ਹੈ ਕਿ ਜਿਸ ਨੇ ਹਿੰਦੁਸਤਾਨ ਵਿਚ ਰਹਿਣਾ ਹੈ, ਉਸ ਨੂੰ ਕਹਿਣਾ ਪਵੇਗਾ ਕਿ ਉਹ ਹਿੰਦੂ ਹੈ। ਅਕਾਲੀ ਦਲ ਇਕ ਪ੍ਰਵਾਰ ਦੀ ਜਗੀਰ ਬਣ ਗਿਆ ਹੈ ਤੇ ਲੋਕ-ਰਾਜੀ ਪ੍ਰਕ੍ਰਿਰਿਆ ਜਾਂ ਪੰਥਕ ਮੁਫ਼ਾਦ ਐਵੇਂ ਨਾਂ ਦੀਆਂ ਗੱਲਾਂ ਹੀ ਰਹਿ ਗਈਆਂ ਹਨ। ਵਰਕਰ ਤੇ ਬਾਕੀ ਦੇ ਲੀਡਰ ਬੇਜ਼ੁਬਾਨ ਬਕਰਿਆਂ ਵਰਗੇ ਬਣਾ ਕੇ ਰੱਖ ਦਿਤੇ ਹਨ ਜਿਨ੍ਹਾਂ ਦੀ ਬਲੀ ਕਿਸੇ ਵੀ ਸਮੇਂ ਦਿਤੀ ਜਾ ਸਕਦੀ ਹੈ।

ਕੋਈ ਗੁਰੂ ਦਾ ਸੱਚਾ ਅਕਾਲ ਤਖ਼ਤ ਕਿਤੇ ਮੌਜੂਦ ਹੁੰਦਾ ਤਾਂ ਅੱਜ ਫ਼ੈਸਲਾ ਦੇਂਦਾ ਕਿ ਅਕਾਲ ਤਖ਼ਤ ਉਤੇ ਇਕ ਖ਼ਾਸ ਨਿਸ਼ਾਨੇ ਦੀ ਪੂਰਤੀ ਲਈ ਬਣਾਈ ਪਾਰਟੀ ਨੂੰ ਮੌਜੂਦਾ ਹਾਲ ਵਿਚ ਲਿਆਉਣ ਦਾ ਸੱਭ ਤੋਂ ਵੱਡਾ ਦੋਸ਼ੀ ਕੌਣ ਹੈ ਤੇ ਉਸ ਨੂੰ ਪਸ਼ਚਾਤਾਪ ਕਿਵੇਂ ਕਰਨਾ ਚਾਹੀਦਾ ਹੈ?

ਮੈਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ 10-15 ਸਾਲ ਵਿਚ ਇਕ ਵਾਰ ਵੀ ਨਹੀਂ ਮਿਲਿਆ¸ਸਿਵਾਏ ਉਨ੍ਹਾਂ ਦੀ ਪਤਨੀ ਦੇ ਚਲਾਣੇ ਤੇ, ਇਕ ਦੋ ਸਕਿੰਟ ਦੇ ਅਫ਼ਸੋਸ ਦੇ ਪਲਾਂ ਦੇ। ਪਰ ਜੇ ਮੈਂ ਉਨ੍ਹਾਂ ਨੂੰ ਕਦੇ ਮਿਲਾਂ ਤਾਂ ਇਹੀ ਕਹਾਂਗਾ ਕਿ ਬਾਕੀ ਦੀ ਉਨ੍ਹਾਂ ਦੀ ਸਾਰੀ ਕਮਾਈ ਉਨ੍ਹਾਂ ਨੂੰ ਮੁਬਾਰਕ ਪਰ ਇਕ ਚੀਜ਼¸ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਅੰਮ੍ਰਿਤਸਰ ਲਿਜਾ ਕੇ ਅਕਾਲ ਤਖ਼ਤ ਨੂੰ ਸੌਂਪ ਦੇਣ ਤੇ ਕਹਿ ਦੇਣ ਕਿ ''ਇਹ ਪੰਥ ਦੀ ਅਮਾਨਤ ਹੈ, ਪੰਥ ਦੇ ਹਵਾਲੇ ਕਰਦਾ ਹਾਂ। ਅੱਜ ਤੋਂ ਮੇਰੇ ਪ੍ਰਵਾਰ ਦਾ ਕੋਈ ਮੈਂਬਰ, ਇਸ ਦਾ ਅਹੁਦੇਦਾਰ ਨਹੀਂ ਰਹੇਗਾ।''

ਮੈਨੂੰ ਯਕੀਨ ਹੈ, ਪੰਥ ਬਾਕੀ ਸੱਭ ਜ਼ਿਆਦਤੀਆਂ ਤੇ ਭੁੱਲਾਂ ਨੂੰ ਭੁਲਾ ਦੇਵੇਗਾ। ਬਾਦਲ ਸਾਹਿਬ ਉਹ ਸੱਭ ਕੁੱਝ ਅਪਣੇ ਕੋਲ ਰੱਖ ਸਕਣਗੇ ਜਿਸ ਨੂੰ ਉਹ ਅਪਣੀ 'ਕਮਾਈ' ਕਹਿੰਦੇ ਹਨ¸ਸਿਵਾਏ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਨੂੰ ਉਨ੍ਹਾਂ ਨੇ ਅਕਾਲ ਤਖ਼ਤ ਤੋਂ ਖੋਹ ਕੇ ਅਪਣੇ ਮਹਿਲਾਂ ਵਿਚ ਕੈਦ ਕਰ ਰਖਿਆ ਹੈ। ਉਮਰ ਦੇ ਆਖ਼ਰੀ ਮਰਹਲੇ ਤੇ, ਮੇਰੇ ਖ਼ਿਆਲ ਵਿਚ ਉਹ ਏਨੀ ਕੁ ਕੁਰਬਾਨੀ ਕਰਨ ਲਈ ਤਿਆਰ ਹੋ ਹੀ ਜਾਣਗੇ। ਨਹੀਂ ਤਾਂ ਫਿਰ ਰੱਬ ਰਾਖਾ।