ਅੰਗਰੇਜ਼ ਨੇ ਸ਼੍ਰੋਮਣੀ ਕਮੇਟੀ ਬਣਾਈ ਹੀ ਇਸ ਤਰ੍ਹਾਂ ਸੀ ਕਿ ਸਮਾਂ ਪਾ ਕੇ, ਇਥੇ ਆਕੜਖ਼ਾਂ ਨਵਾਬ ਹੀ ਬੈਠਣ, ਸੱਚੇ ਸੁੱਚੇ ਸੇਵਾਦਾਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਲਾਰਡ ਮਾਊਂਟਬੈਟਨ ਨੇ ਇਹ ਗੱਲ ਲਿਖਤੀ ਤੌਰ ਤੇ ਵੀ ਨਹਿਰੂ ਨੂੰ ਸਮਝਾ ਦਿਤੀ ਸੀ ਜੋ ਅੱਜ ਤਕ ਵੀ ਦਿੱਲੀ ਸਰਕਾਰ ਨੂੰ ਸਿੱਖਾਂ ਉਤੇ ਵਿਸ਼ਵਾਸ ਕਰਨੋਂ ਰੋਕ ਰਹੀ ਹੈ। 

British leaders and Shiromani Committee ..

ਅੰਗਰੇਜ਼ ਨੇ ਜਦ ਗੁਰਦਵਾਰਾ ਐਕਟ ਬਣਾਇਆ ਤਾਂ ਸਿੱਖ ਲੀਡਰ ਜੇਲ੍ਹਾਂ ਵਿਚ ਬੰਦ ਸਨ। ਅੰਗਰੇਜ਼ ਨੇ ਸ਼ਰਤ ਰੱਖੀ ਕਿ ਜਿਹੜਾ ਲੀਡਰ ਐਕਟ ਨੂੰ ਪ੍ਰਵਾਨ ਕਰਨ ਵਾਲੇ ਕਾਗ਼ਜ਼ ’ਤੇ ਦਸਤਖ਼ਤ ਕਰ ਦੇਵੇ, ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ ਤੇ ਜਿਹੜਾ ਨਹੀਂ ਕਰੇਗਾ, ਉਹ ਜੇਲ੍ਹ ਵਿਚ ਹੀ ਬੰਦ ਰਹੇਗਾ। ਅੱਧੇ ਦਸਤਖ਼ਤ ਕਰ ਕੇ ਬਾਹਰ ਆ ਗਏ ਤੇ ਅੱਧੇ ਅੰਦਰ ਹੀ ਰਹੇ। ਸੋਚੋ ਜੇ ਇਹ ਸਿੱਖਾਂ ਲਈ ਚੰਗਾ ਹੁੰਦਾ ਤਾਂ ਕੀ ਇਸ ਤਰ੍ਹਾਂ ਦੀ ਮੱਕਾਰੀ ਵਾਲੀ ਸ਼ਰਤ ਉਨ੍ਹਾਂ ਅੱਗੇ ਰੱਖੀ ਜਾਣੀ ਸੀ? ਅੰਗਰੇਜ਼ਾਂ ਨੇ ਸਿੱਖਾਂ ਹੱਥੋਂ ਬੁਰੀ ਤਰ੍ਹਾਂ ਮਾਰ ਖਾਧੀ ਹੋਈ ਸੀ ਤੇ ਉਨ੍ਹਾਂ ਸਹੁੰ ਪਾਈ ਹੋਈ ਸੀ ਕਿ ਸਿੱਖਾਂ ਨੂੰ ਹੋਰ ਭਾਵੇਂ ਜੋ ਚਾਹੋ ਦੇ ਦਿਉ, ਇਨ੍ਹਾਂ ਨੂੰ ਸਿਆਸੀ ਤਾਕਤ ਨਹੀਂ ਦੇਣੀ ਤੇ ਆਪਸ ਵਿਚ ਲੜਦੇ ਰਖਣਾ ਹੈ। ਗੁਰਦਵਾਰਾ ਐਕਟ ਸਿੱਖਾਂ ਨੂੰ ਸਦਾ ਲਈ ਲੜਦਾ ਰੱਖ ਕੇ ਕਮਜ਼ੋਰ ਹੀ ਕਰ ਗਿਆ। ਲਾਰਡ ਮਾਊਂਟਬੈਟਨ ਨੇ ਇਹ ਗੱਲ ਲਿਖਤੀ ਤੌਰ ਤੇ ਵੀ ਨਹਿਰੂ ਨੂੰ ਸਮਝਾ ਦਿਤੀ ਸੀ ਜੋ ਅੱਜ ਤਕ ਵੀ ਦਿੱਲੀ ਸਰਕਾਰ ਨੂੰ ਸਿੱਖਾਂ ਉਤੇ ਵਿਸ਼ਵਾਸ ਕਰਨੋਂ ਰੋਕ ਰਹੀ ਹੈ। 

ਮੈਂ ਅੱਜ ਤੋਂ ਨਹੀਂ, ਸ਼ੁਰੂ ਤੋਂ ਕਹਿੰਦਾ ਚਲਿਆ ਆ ਰਿਹਾ ਹਾਂ ਕਿ ਸੱਤਾ ਲਈ ਹਜ਼ਾਰ ਤਰ੍ਹਾਂ ਦੇ ਪਾਪ ਕਰਨ ਵਾਲੇ ਅਤੇ ਹਜ਼ਾਰ ਤਰ੍ਹਾਂ ਦੇ ਪਾਪੜ ਵੇਲਣ ਵਾਲੇ ਸਿਆਸਤਦਾਨਾਂ ਦੇ ਕਬਜ਼ੇ ਹੇਠ ਰਹਿ ਕੇ ਨਾ ਕੋਈ ਸ਼੍ਰੋਮਣੀ ਕਮੇਟੀ ਪੰਥ ਦਾ ਭਲਾ ਕਰ ਸਕਦੀ ਹੈ, ਨਾ ਅਕਾਲ ਤਖ਼ਤ ਤੇ ਬੈਠਣ ਵਾਲਾ ਕੋਈ ਜਥੇਦਾਰ ਹੀ ਚੰਗਾ ਕੰਮ ਕਰ ਕੇ ਵਿਖਾ ਸਕਦਾ ਹੈ। ਸਿਆਸਤਦਾਨ ਤਾਂ ਜੀ-ਹਜ਼ੂਰੀ ਕਰਨ ਵਾਲਿਆਂ ਨੂੰ ਹੀ ਇਥੇ ਬਹਿਣ ਦੇਵੇਗਾ ਜਿਨ੍ਹਾਂ ਬਾਰੇ ਉਸ ਨੂੰ ਯਕੀਨ ਹੋਵੇਗਾ ਕਿ ਸਿਆਸਤਦਾਨ ਦਿਨ ਨੂੰ ਦਿਨ ਕਹਿਣਗੇ ਤਾਂ ਉਹ ਵੀ ਦਿਨ ਕਹਿ ਦੇਣਗੇ ਤੇ ਸਿਆਸਤਦਾਨ ਦਿਨ ਨੂੰ ਰਾਤ ਕਹਿਣਗੇ ਤੇ ਇਹ ਵੀ ਰਾਤ ਕਹਿ ਦੇਣਗੇ।

ਅੰਗਰੇਜ਼ ਨੇ ਸਿੱਖਾਂ ਦੀ ਕੁਰਬਾਨੀ ਦੇਣ ਦੀ ਪ੍ਰਵਿਰਤੀ ਨੂੰ ਖ਼ੂਬ ਵਰਤਿਆ ਤੇ ਖ਼ੂਬ ਲਾਭ ਉਠਾਇਆ ਪਰ ਉਹ ਜਾਣਦੇ ਸਨ ਕਿ ਇਹ ਕੌਮ ਪੰਜਾਬ ਵਿਚ ਕਦੇ ਬਹੁਤੀ ਸ਼ਕਤੀਸ਼ਾਲੀ ਨਹੀਂ ਹੋਣ ਦੇਣੀ ਚਾਹੀਦੀ ਕਿਉਂਕਿ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਤੇ ਸਿੱਖ ਰਾਜ ਮੁੜ ਤੋਂ ਕਾਇਮ ਕਰਨ ਦੀ ਗੱਲ ਸਿੱਖ ਕਦੇ ਨਹੀਂ ਸਨ ਭੁੱਲੇ ਤੇ ਕਿਸੇ ਵੇਲੇ ਵੀ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਦੀ ਗੱਲ ਮੁੜ ਤੋਂ ਸੋਚ ਸਕਦੇ ਹਨ। (ਇਹੀ ਗੱਲ ਮਾਊਂਟਬੈਟਨ ਨੇ ਇਕ ਨੋਟ ਲਿਖ ਕੇ ਨਹਿਰੂ ਨੂੰ ਸਮਝਾਈ ਕਿ ਸਿੱਖਾਂ ਨੂੰ ਬਹੁਤਾ ਤਾਕਤਵਰ ਕਦੇ ਨਾ ਬਣਨ ਦੇਣਾ ਨਹੀਂ ਤਾਂ ਇਨ੍ਹਾਂ ਦਾ ਸਿੱਖ ਰਾਜ ਕਾਇਮ ਕਰਨ ਦਾ ਜਜ਼ਬਾ ਫਿਰ ਜਾਗ ਜਾਏਗਾ।

ਅੱਜ ਤਕ ਵੀ ਕੇਂਦਰ ਸਰਕਾਰਾਂ ਉਸੇ ਨੋਟ ਮੁਤਾਬਕ ਹੀ ਸਿੱਖ ਨੀਤੀ ਘੜਦੀਆਂ ਆ ਰਹੀਆਂ ਹਨ)। ਅੰਗਰੇਜ਼ ਨੇ ਸਿੱਖਾਂ ਨਾਲ ਦੋ ਤਿੰਨ ਵੱਡੀਆਂ ਜੰਗਾਂ ਲੜ ਕੇ ਉਨ੍ਹਾਂ ਦੀ ਤਾਕਤ ਵੇਖ ਲਈ ਸੀ ਤੇ ਭੁਲਿਆ ਨਹੀਂ ਸੀ ਕਿ ਚਲਾਕੀ, ਮੱਕਾਰੀ, ਡੋਗਰਿਆਂ ਦੀ ਗ਼ਦਾਰੀ ਤੇ ਹਜ਼ਾਰ ਕਿਸਮ ਦੀਆਂ ਹੋਰ ਬੇਈਮਾਨੀਆਂ ਖੇਡ ਖੇਡ ਕੇ ਸਿੱਖਾਂ ਕੋਲੋਂ ਅਪਣੇ ਆਪ ਨੂੰ ਕਿਵੇਂ ਬਚਾਇਆ ਸੀ ਉਨ੍ਹਾਂ ਨੇ ਤੇ ਇਕ ਹੋਰ ਖ਼ਤਰਾ ਮੁਲ ਲੈ ਕੇ ਅਪਣੀ ਮੌਤ ਨੂੰ ਵਾਜਾਂ ਨਹੀਂ ਮਾਰਨੀਆਂ ਚਾਹੀਦੀਆਂ। ਇਸੇ ਲਈ ਆਖ਼ਰੀ ਦਿਨ ਤਕ ਅੰਗਰੇਜ਼, ਸਿੱਖਾਂ ਨੂੰ ਦੇਣ ਲਈ ਤਾਂ ਧੇਲਾ ਵੀ ਤਿਆਰ ਨਹੀਂ ਸਨ ਪਰ ਉਨ੍ਹਾਂ ਨੂੰ ਬੇਵਕੂਫ਼ ਬਣਾ ਕੇ ਆਪਸ ਵਿਚ ਲੜਦੇ ਰੱਖਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਸਨ।
ਇਸੇ ਸੋਚ ਵਿਚੋਂ ਚੋਣਾਂ ਰਾਹੀਂ ਬਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਪਜੀ।

ਅੰਗਰੇਜ਼ ਚਾਹੁੰਦਾ ਸੀ ਕਿ ਸਿੱਖ ਆਪਸ ਵਿਚ ਹੀ ਲੜਦੇ ਰਹਿਣ ਤੇ ਸਾਰੀ ਤਾਕਤ ਆਪਸੀ ਲੜਾਈ ਵਿਚ ਹੀ ਨਸ਼ਟ ਕਰਦੇ ਰਹਿਣ। ਕਮੇਟੀ ਦੀ ਪਹਿਲੀ ਚੋਣ ਵੇਲੇ ਹੀ ਅੰਗਰੇਜ਼ ਨੇ ਵੇਖ ਲਿਆ ਕਿ ਸਿੱਖ ਆਪਸ ਵਿਚ ਗਹਿਗੱਚ ਲੜਾਈ ਲੜਨ ਲੱਗ ਪਏ ਸਨ। ਪਰ ਅੰਗਰੇਜ਼ ਸਰਕਾਰ ਨੇ ਅਪਣੇ ਚਮਚਿਆਂ ਰਾਹੀਂ ਇਹ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕਰਵਾਇਆ ਕਿ ਸਿੱਖ ਅਪਣੇ ਗੁਰਦਵਾਰਿਆਂ ਦੇ ਪ੍ਰਬੰਧਕ, ਲੋਕ-ਰਾਜੀ ਢੰਗਾਂ ਨਾਲ ਚੁਣਨ ਵਾਲੀ ਇਕੋ ਇਕ ਕੌਮ ਹੈ ਤੇ ਇਹ ਇਸ ਕੌਮ ਲਈ ਫ਼ਖ਼ਰ ਕਰਨ ਵਾਲੀ ਗੱਲ ਹੈ। ਇਹ ਮੂਰਖ ਬਣਾਉਣ ਵਾਲੀ ਗੱਲ ਸੀ ਕਿਉਂਕਿ ਜੇ ਅਸਲ ਵਿਚ ਇਸ ਵਿਚ ਕੋਈ ਸੱਚ ਹੁੰਦਾ ਤਾਂ ਅੰਗਰੇਜ਼ ਅਪਣੇ ਚਰਚਾਂ ਦਾ ਪ੍ਰਬੰਧ ਇਸ ਤਰ੍ਹਾਂ ਕਿਉਂ ਨਾ ਕਰਦੇ?

ਚੋਣਾਂ ਵਿਚ ਤਾਂ ਸਿਆਸਤਦਾਨ, ਪੈਸੇ ਵਾਲੇ ਤੇ ਹੋਰ ਮਾੜੇ ਤੋਂ ਮਾੜੇ ਬੰਦੇ ਵੀ ਅੱਗੇ ਆ ਸਕਦੇ ਹਨ। ਸ਼੍ਰੋਮਣੀ ਕਮੇਟੀ ਪਹਿਲੇ 50 ਕੁ ਸਾਲਾਂ ਵਿਚ ਇਹ ਖ਼ਰਾਬੀ ਉਪਜਦੀ ਹੋਈ ਨਾ ਵੇਖ ਸਕੀ ਕਿਉਂਕਿ ਉਸ ਵੇਲੇ ਦੇ ਸਿਆਸੀ ਲੀਡਰ ਸੱਤਾ ਲਈ ਲੜਨ ਵਾਲੇ ਨਹੀਂ ਸਨ, ਕੇਵਲ ਕੁਰਬਾਨੀ ਕਰਨ ਖ਼ਾਤਰ ਸਿਆਸਤ ਵਿਚ ਆਏ ਸਨ। ਪਰ ਜਦ ਸੱਤਾ ਖ਼ਾਤਰ ਲੜਨ ਵਾਲੇ ਲੀਡਰ, ਗੁਰਦਵਾਰਾ ਪ੍ਰਬੰਧ ਉਤੇ ਛਾ ਗਏ, ਅੰਗਰੇਜ਼ ਦਾ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਸੁਪਨਾ ਪੂਰੀ ਤਰ੍ਹਾਂ ਸਾਕਾਰ ਹੋ ਗਿਆ। ਯਾਦ ਰਹੇ, ਅੰਗਰੇਜ਼ ਨੇ ਜਦ ਗੁਰਦਵਾਰਾ ਐਕਟ ਬਣਾਇਆ ਤਾਂ  ਸਿੱਖ ਲੀਡਰ ਜੇਲ੍ਹ ਵਿਚ ਬੰਦ ਸਨ। ਅੰਗਰੇਜ਼ ਨੇ ਸ਼ਰਤ ਰੱਖੀ ਕਿ ਜਿਹੜਾ ਲੀਡਰ ਐਕਟ ਨੂੰ ਪ੍ਰਵਾਨ ਕਰਨ ਵਾਲੇ ਕਾਗ਼ਜ਼ ’ਤੇ ਦਸਤਖ਼ਤ ਕਰ ਦੇਵੇ, ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ ਤੇ ਜਿਹੜਾ ਨਹੀਂ ਕਰੇਗਾ, ਉਹ ਜੇਲ੍ਹ ਵਿਚ ਹੀ ਬੰਦ ਰਹੇਗਾ। ਅੱਧੇ ਦਸਤਖ਼ਤ ਕਰ ਕੇ ਬਾਹਰ ਆ ਗਏ ਤੇ ਅੱਧੇ ਅੰਦਰ ਹੀ ਰਹੇ। ਸੋਚੋ ਜੇ ਇਹ ਸਿੱਖਾਂ ਲਈ ਚੰਗਾ ਹੁੰਦਾ ਤਾਂ ਕੀ ਇਸ ਤਰ੍ਹਾਂ ਦੀ ਮੱਕਾਰੀ ਵਾਲੀ ਸ਼ਰਤ ਉਨ੍ਹਾਂ ਅੱਗੇ ਰੱਖੀ ਜਾਣੀ ਸੀ? 

ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਪ੍ਰਚਾਰ ਤੋਂ ਪ੍ਰਭਾਵਤ ਕੁੱਝ ਲੋਕ ਜਦੋਂ ਕਹਿੰਦੇ ਹਨ ਕਿ ‘ਸਾਡੇ ਹੀ ਲੀਡਰਾਂ ਨੇ ਕੁੱਝ ਲੈਣ ਤੋਂ ਨਾਂਹ ਕਰ ਦਿਤੀ ਨਹੀਂ ਤਾਂ ਅੰਗਰੇਜ਼ ਤਾਂ ਸਾਨੂੰ ਸਿੱਖ ਰਾਜ ਵੀ ਦੇਣ ਨੂੰ ਤਿਆਰ ਸਨ’ ਤਾਂ ਮੈਨੂੰ ਇਨ੍ਹਾਂ ਦੀ ਅਕਲ ’ਤੇ ਹਾਸਾ ਆ ਜਾਂਦਾ ਹੈ। ਅੰਗਰੇਜ਼ ਸਿੱਖਾਂ ਨੂੰ ਹੋਰ ਸੱਭ ਕੁੱਝ ਦੇਣ ਨੂੰ ਤਿਆਰ  ਸੀ ਪਰ ‘ਸੱਤਾ’ ਤੇ ਤਾਕਤ ਦੇਣ ਦੀ ਗੱਲ ਸੁਣ ਕੇ ਵੀ ਕੰਨਾਂ ਨੂੰ ਹੱਥ ਲਾ ਲੈਂਦਾ ਸੀ ਕਿਉਂਕਿ ਉਹ ਇਨ੍ਹਾਂ ਦੀ ਤਾਕਤ ਦੀ ਮਾਰ ਸਹਿ ਚੁੱਕਾ ਸੀ ਤੇ ਸੁਪਨੇ ਵਿਚ ਵੀ ਇਨ੍ਹਾਂ ਦੀ ਮਾਰ ਯਾਦ ਕਰ ਕੇ ਕੰਬਣ ਲੱਗ ਜਾਂਦਾ ਸੀ।

ਇਹੀ ਗੱਲ ਲਾਰਡ ਮਾਊਂਟਬੈਟਨ ਨੇ ਲਿਖਤੀ ਤੌਰ ਤੇ ਨਹਿਰੂ ਨੂੰ ਵੀ ਸਮਝਾਈ ਸੀ ਕਿਉਂਕਿ ਨਹਿਰੂ ਤੇ ਮਾਊਂਟਬੇਟਨ ਦੀ ਚੰਗੀ ਦੋਸਤੀ ਸੀ ਤੇ ਲੇਡੀ ਮਾਊਂਟਬੇਟਨ ਦੇ ਤਾਂ ਨਹਿਰੂ ਨਾਲ ਦੋਸਤੀ ਤੋਂ ਚਾਰ ਕਦਮ ਅੱਗੇ ਵਾਲੇ ਸਬੰਧ ਸਨ। ਜੇ ਅੰਗਰੇਜ਼ ਦੇ ਦਿਲ ਵਿਚ ਕਦੇ ਇਕ ਪਲ ਲਈ ਵੀ ਸਿੱਖਾਂ ਨੂੰ ਸੱਤਾ ਜਾਂ ਤਾਕਤ ਦੇਣ ਦੀ ਗੱਲ ਆਈ ਹੁੰਦੀ ਤਾਂ ਮਹਾਰਾਜੇ ਦਲੀਪ ਸਿੰਘ ਨਾਲ ਕੀਤੀ ਸੰਧੀ ਅਨੁਸਾਰ, 1947 ਵਿਚ, ਪੁਰਾਣੇ ਸਿੱਖ ਰਾਜ ਦੇ ਇਲਾਕੇ ਸਿੱਖਾਂ ਨੂੰ ਵਾਪਸ ਕਰ ਸਕਦਾ ਸੀ। ਸੰਧੀ ਅਨੁਸਾਰ ਹੀ ਉਹ ਪੰਜਾਬ ’ਤੇ ਕਾਬਜ਼ ਹੋਇਆ ਸੀ।

ਪਰ ਕਿਥੇ ਜੀ, ਉਹ ਤਾਂ ਸਿੱਖਾਂ ਨੂੰ ਕਦੇ ਸੁਪਨੇ ਵਿਚ ਵੀ ਤਾਕਤਵਰ ਹੁੰਦੇ ਨਹੀਂ ਸੀ ਵੇਖ ਸਕਦਾ ਸਗੋਂ ਸਿੱਖਾਂ ਨੂੰ ਮੁਸਲਿਮ ਲੀਗ ਦੇ ਰਾਜ ਦਾ ਅੰਗ ਬਣਾਉਣ ਲਈ ਟਿਲ ਦਾ ਜ਼ੋਰ ਲਾ ਰਿਹਾ ਸੀ ਤਾਕਿ ਮੁਸਲਿਮ ਲੀਗੀ ਅਪਣੀ ਹੀ ਨਹੀਂ, ਅੰਗਰੇਜ਼ਾਂ ਦੀ ਹਸਰਤ ਵੀ ਪੂਰੀ ਕਰ ਦਿਖਾਣ। ਇਹ ਹੋ ਜਾਣਾ ਸੀ ਜੇਕਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਇਸ ਚਾਲ ਵਿਚ ਫੱਸ ਗਈ ਹੁੰਦੀ ਤੇ ਉਸ ਨੇ ਕਪੂਰ ਸਿੰਘ ਆਈ.ਸੀ.ਐਸ ਵਰਗੇ ਅੰਗਰੇਜ਼ੀ ਰਾਜ ਦੇ ਨੌਕਰਸ਼ਾਹਾਂ ਦੀ ਗੱਲ ਮੰਨ ਲਈ ਹੁੰਦੀ। ਖ਼ੁੰਦਕੀ ਅੰਗਰੇਜ਼ ਕਿਸੇ ਐਸੇ ਨੂੰ ਮਾਫ਼ ਨਹੀਂ ਸੀ ਕਰਦਾ ਜਿਸ ਦੇ ਹੱਥੋਂ ਉਸ ਨੂੰ ਜ਼ਿੱਲਤ ਸਹਿਣੀ ਪਈ ਸੀ। 

ਖ਼ੈਰ, ਅਸੀ ਗੱਲ ਕਰ ਰਹੇ ਸੀ ਸ਼੍ਰੋਮਣੀ ਕਮੇਟੀ ਦੀ। ਅੰਗਰੇਜ਼ ਨੇ ਇਸ ਨੂੰ ਬਣਾਇਆ ਹੀ ਇਸ ਤਰ੍ਹਾਂ ਸੀ ਕਿ ਪੁਜਾਰੀਵਾਦ (ਜਿਸ ਨੂੰ ਬਾਬੇ ਨਾਨਕ ਨੇ ਨੇੜੇ ਵੀ ਨਹੀਂ ਸੀ ਢੁਕਣ ਦਿਤਾ) ਮੁੜ ਤੋਂ ਸਿੱਖੀ ਵਿਚ ਸੁਰਜੀਤ ਹੋ ਜਾਏ ਤੇ ਗੁਰਦਵਾਰਾ ਪ੍ਰਬੰਧਕ, ਸੇਵਾ ਦਾ ਜਜ਼ਬਾ ਭੁੱਲ ਕੇ ਨਵਾਬੀ ਜਜ਼ਬਾ ਗ੍ਰਹਿਣ ਕਰ ਲੈਣ ਤੇ ਨਵਾਬਾਂ ਦੀ ਤਰ੍ਹਾਂ ਹੀ ਇਕ ਦੂਜੇ ਨਾਲ ਲੜਦੇ ਭਿੜਦੇ ਰਹਿਣ। ਇਹ ਨਵਾਬੀ ਜਜ਼ਬਾ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਅਕਾਲ ਤਖ਼ਤ ਉਤੇ ਬੈਠਣ ਵਾਲੇ ‘ਜਥੇਦਾਰਾਂ’ ਦਾ ਖ਼ਾਸਾ ਹੀ ਬਣ ਗਿਆ ਹੈ। ਉਹ ਨਹੀਂ ਜਾਣਦੇ ਕਿ ਸਿੱਖੀ ਵਿਚ ਜਿੰਨਾ ਵੱਡਾ ਧਾਰਮਕ ਰੁਤਬਾ ਕਿਸੇ ਕੋਲ ਹੋਵੇ, ਓਨਾ ਹੀ ਉਹ ਹਲੀਮੀ, ਮਿਠਾਸ ਤੇ ਨਿਮਰਤਾ ਦਾ ਪੁੰਜ ਬਣ ਜਾਂਦਾ ਹੈ ਕਿਉਂਕਿ ਸੇਵਾ ਤਾਂ ਇਨ੍ਹਾਂ ਗੁਣਾਂ ਦੇ ਧਾਰਨੀ ਬਣੇ ਬਿਨਾ ਕੀਤੀ ਹੀ ਨਹੀਂ ਜਾ ਸਕਦੀ। 

ਹਰਿਆਣਵੀ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਦੇ ਵਿਤਕਰੇ, ਧੱਕੇ ਅਤੇ ਨਵਾਬੀ ਰੋਅਬ ਵਾਲੇ ਰਵਈਏ ਤੋਂ ਤੰਗ ਆ ਕੇ ਤੇ ਲੰਮਾ ਸੰਘਰਸ਼ ਕਰ ਕੇ ਵਖਰਾ ਹਰਿਆਣਾ ਗੁਰਦਵਾਰਾ ਐਕਟ ਬਣਵਾਇਆ। ਨਵਾਬੀ ਰੋਅਬ ਵਾਲੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੀਡਰਾਂ ਨੇ ਕਿਹਾ, ‘‘ਇਹ ਐਕਟ ਗ਼ੈਰ ਕਾਨੂੰਨੀ ਹੈ।’’  ਐਕਟ ਨੂੰ ਰੱਦ ਕਰਵਾਉਣ ਲਈ ਗੋਲਕ ’ਚੋਂ ਵੱਡਾ ਖ਼ਰਚਾ ਕਰ ਕੇ ਬਾਦਲ ਸੁਪ੍ਰੀਮ ਕੋਰਟ ਚਲੇ ਗਏ। ਹੁਣ ਕਈ ਸਾਲਾਂ ਮਗਰੋਂ ਸੁਪ੍ਰੀਮ ਕੋਰਟ ਨੇ ਫ਼ੈਸਲਾ ਦਿਤਾ ਹੈ ਕਿ ਐਕਟ ਬਿਲਕੁਲ ਠੀਕ ਹੈ ਤੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕਰਦਾ। ਗੋਲਕ ਦੀ ਬੇਅੰਤ ਮਾਇਆ ਖ਼ਰਚ ਕੇ ਫਿਰ ਸੁਪ੍ਰੀਮ ਕੋਰਟ ਜਾ ਰਹੇ ਹਨ ਕਿ ਸੁਪ੍ਰੀਮ ਕੋਰਟ ਅਪਣਾ ਫ਼ੈਸਲਾ ਬਦਲ ਦੇਵੇ।

ਜੇ ਸੁਪ੍ਰੀਮ ਕੋਰਟ ਅਪਣਾ ਫ਼ੈਸਲਾ ਉਲਟਾ ਵੀ ਦੇਵੇਗੀ ਤਾਂ ਕੀ ਹਰਿਆਣੇ ਦੇ ਸਿੱਖਾਂ ਦੇ ਦਿਲ ਜਿੱਤੇ ਜਾਣਗੇ? ਨਹੀਂ, ਉਹ ਹੋਰ ਵੀ ਦੁਖੀ ਹੋ ਜਾਣਗੇ। ਨਵਾਬੀ ਆਕੜ ਵਾਲਿਆਂ ਨੂੰ ਹਰਿਆਣੇ ਦੇ ਸਿੱਖਾਂ ਨਾਲ ਕੀ ਮਤਲਬ? ਹੋਏ ਰਹਿਣ ਦੁਖੀ ਤੇ ਹੋਏ ਰਹਿਣ ਨਾਰਾਜ਼। ਨਵਾਬੀ ਆਕੜ ਵਾਲਿਆਂ ਨੂੰ ਤਾਂ ਹਰਿਆਣੇ ਦੇ ਗੁਰਦਵਾਰਿਆਂ ਦੀਆਂ 52 ਗੋਲਕਾਂ ਨਾਲ ਮਤਲਬ ਹੈ। ਇਸੇ ਲਈ ਤਾਂ ਸੁਪ੍ਰੀਮ ਕੋਰਟ ਦਾ ਫ਼ੈਸਲਾ ਸੁਣ ਕੇ ਉਹ ਚੀਕ ਉਠੇ ਸਨ ਕਿ ਗੋਲਕਾਂ ਖੋਹ ਕੇ, ਸੁਪ੍ਰੀਮ ਕੋਰਟ ਨੇ ਬਲੂ-ਸਟਾਰ ਆਪ੍ਰੇਸ਼ਨ ਨਾਲੋਂ ਵੀ ਵੱਡਾ ਹਮਲਾ ਇਨ੍ਹਾਂ ਦੇ ‘ਬਾਦਲ ਪੰਥ’ ਉਤੇ ਕਰ ਦਿਤਾ ਹੈ!

ਜੇ ਨਵਾਬੀ ਆਕੜ ਨਾ ਹੁੰਦੀ ਤਾਂ ਹਰਿਆਣੇ ਦੇ ਸਿੱਖਾਂ ਕੋਲ ਜਾਂਦੇ ਤੇ ਪੈਰ ਫੜ ਕੇ ਆਖਦੇ, ‘‘ਜੋ ਤੁਹਾਡੀਆਂ ਮੰਗਾਂ ਨੇ, ਕਾਗ਼ਜ਼ ਤੇ ਲਿਖ ਦਿਉ, ਅਸੀ ਹੁਣੇ ਮੰਨਜ਼ੂਰ ਕਰ ਦੇੇਂਦੇ ਹਾਂ। ਤਹਾਡੀ ਹਰ ਗੱਲ ਮੰਨਾਂਗੇ ਪਰ ਸਾਡੇ ਤੋਂ ਵੱਖ ਨਾ ਹੋਵੋ।’’ ਇਹ ਕਰ ਦੇਂਦੇ ਤਾਂ ਹੋਰ ਕੁੱਝ ਕਰਨ ਦੀ ਲੋੜ ਹੀ ਨਹੀਂ ਸੀ ਰਹਿਣੀ। ਪਰ ਕਦੀ ‘ਨਵਾਬ’ ਵੀ ਇਸ ਤਰ੍ਹਾਂ ਕਰਦੇ ਹਨ? ਇੰਜ ਤਾਂ ‘ਸੇਵਾਦਾਰ’ ਲੋਕ ਕਰਦੇ ਹਨ ਤੇ ਉਹ ਅੰਬਰਸਰ, ਚੰਡੀਗੜ੍ਹ ਦੇ ਧਾਰਮਕ ਤੇ ਸਿਆਸੀ ਗਲਿਆਰਿਆਂ ’ਚ ਨਹੀਂ ਮਿਲਦੇ।

ਗੋਲਕਾਂ ਪਿਆਰੀਆਂ ਜਾਂ ਹਰਿਆਣੇ ਦੇ ਸਿੱਖ?
 ਐਕਟ ਨੂੰ ਰੱਦ ਕਰਵਾਉਣ ਲਈ ਗੋਲਕ ’ਚੋਂ ਵੱਡਾ ਖ਼ਰਚਾ ਕਰ ਕੇ ਬਾਦਲ ਸੁਪ੍ਰੀਮ ਕੋਰਟ ਚਲੇ ਗਏ। ਹੁਣ ਕਈ ਸਾਲਾਂ ਮਗਰੋਂ ਸੁਪ੍ਰੀਮ ਕੋਰਟ ਨੇ ਫ਼ੈਸਲਾ ਦਿਤਾ ਹੈ ਕਿ ਐਕਟ ਬਿਲਕੁਲ ਠੀਕ ਹੈ ਤੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕਰਦਾ। ਗੋਲਕ ਦੀ ਬੇਅੰਤ ਮਾਇਆ ਖ਼ਰਚ ਕੇ ਫਿਰ ਸੁਪ੍ਰੀਮ ਕੋਰਟ ਜਾ ਰਹੇ ਹਨ ਕਿ ਸੁਪ੍ਰੀਮ ਕੋਰਟ ਅਪਣਾ ਫ਼ੈਸਲਾ ਬਦਲ ਦੇਵੇ। ਜੇ ਸੁਪ੍ਰੀਮ ਕੋਰਟ ਅਪਣਾ ਫ਼ੈਸਲਾ ਉਲਟਾ ਵੀ ਦੇਵੇਗੀ ਤਾਂ ਕੀ ਹਰਿਆਣੇ ਦੇ ਸਿੱਖਾਂ ਦੇ ਦਿਲ ਜਿੱਤੇ ਜਾਣਗੇ? ਨਹੀਂ, ਉਹ ਹੋਰ ਵੀ ਦੁਖੀ ਹੋ ਜਾਣਗੇ। ਨਵਾਬੀ ਆਕੜ ਵਾਲਿਆਂ ਨੂੰ ਹਰਿਆਣੇ ਦੇ ਸਿੱਖਾਂ ਨਾਲ ਕੀ ਮਤਲਬ?

ਹੋਏ ਰਹਿਣ ਦੁਖੀ ਤੇ ਹੋਏ ਰਹਿਣ ਨਾਰਾਜ਼। ਨਵਾਬੀ ਆਕੜ ਵਾਲਿਆਂ ਨੂੰ ਤਾਂ ਹਰਿਆਣੇ ਦੇ ਗੁਰਦਵਾਰਿਆਂ ਦੀਆਂ 52 ਗੋਲਕਾਂ ਨਾਲ ਮਤਲਬ ਹੈ। ਇਸੇ ਲਈ ਤਾਂ ਸੁਪ੍ਰੀਮ ਕੋਰਟ ਦਾ ਫ਼ੈਸਲਾ ਸੁਣ ਕੇ ਉਹ ਚੀਕ ਉਠੇ ਸਨ ਕਿ ਗੋਲਕਾਂ ਖੋਹ ਕੇ, ਸੁਪ੍ਰੀਮ ਕੋਰਟ ਨੇ ਬਲੂ-ਸਟਾਰ ਆਪ੍ਰੇਸ਼ਨ ਨਾਲੋਂ ਵੀ ਵੱਡਾ ਹਮਲਾ ਇਨ੍ਹਾਂ ਦੇ ‘ਬਾਦਲ ਪੰਥ’ ਉਤੇ ਕਰ ਦਿਤਾ ਹੈ! ਜੇ ਨਵਾਬੀ ਆਕੜ ਨਾ ਹੁੰਦੀ ਤਾਂ ਹਰਿਆਣੇ ਦੇ ਸਿੱਖਾਂ ਕੋਲ ਜਾਂਦੇ ਤੇ ਪੈਰ ਫੜ ਕੇ ਆਖਦੇ, ‘‘ਜੋ ਤੁਹਾਡੀਆਂ ਮੰਗਾਂ ਨੇ, ਕਾਗ਼ਜ਼ ਤੇ ਲਿਖ ਦਿਉ, ਅਸੀ ਹੁਣੇ ਮੰਨਜ਼ੂਰ ਕਰ ਦੇੇਂਦੇ ਹਾਂ। ਤਹਾਡੀ ਹਰ ਗੱਲ ਮੰਨਾਂਗੇ ਪਰ ਸਾਡੇ ਤੋਂ ਵੱਖ ਨਾ ਹੋਵੋ।’’ 

ਇਹ ਕਰ ਦੇਂਦੇ ਤਾਂ ਹੋਰ ਕੁੱਝ ਕਰਨ ਦੀ ਲੋੜ ਹੀ ਨਹੀਂ ਸੀ ਰਹਿਣੀ। ਪਰ ਕਦੀ ‘ਨਵਾਬ’ ਵੀ ਇਸ ਤਰ੍ਹਾਂ ਕਰਦੇ ਹਨ? ਇੰਜ ਤਾਂ ‘ਸੇਵਾਦਾਰ’ ਲੋਕ ਕਰਦੇ ਹਨ ਤੇ ਉਹ ਅੰਬਰਸਰ, ਚੰਡੀਗੜ੍ਹ ਦੇ ਧਾਰਮਕ ਤੇ ਸਿਆਸੀ ਗਲਿਆਰਿਆਂ ’ਚ ਨਹੀਂ ਮਿਲਦੇ।