ਬਾਦਲ ਪਿੰਡ ਦੇ ਮਹਾਂਪੁਰਸ਼ਾਂ ਵਲੋਂ ਬਖ਼ਸ਼ਵਾਈਆਂ ਗਈਆਂ ਭੁੱਲਾਂ ਦਾ ਢੰਗ ਤਾਂ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਦਲ ਪਿੰਡ ਦੇ ਮਹਾਂਪੁਰਸ਼ਾਂ ਵਲੋਂ ਬਖ਼ਸ਼ਵਾਈਆਂ ਗਈਆਂ ਭੁੱਲਾਂ ਦਾ ਢੰਗ ਤਾਂ ਪ੍ਰੋ. ਦਰਸ਼ਨ ਸਿੰਘ ਤੇ ਕਾਲਾ ਅਫ਼ਗਾਨਾ ਵੀ ਮਨਜ਼ੂਰ ਕਰ ਲੈਣਗੇ...

Parkash Singh Badal During Seva

- ਪ੍ਰੋ. ਦਰਸ਼ਨ ਸਿੰਘ, ਅਕਾਲ ਤਖ਼ਤ ਉਤੇ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿਚ ਬੈਠ ਗਏ ਪਰ ਕਿਹਾ ਗਿਆ, ਇਹ ਅਕਾਲ ਤਖ਼ਤ ਨਹੀਂ, ਅਕਾਲ ਤਖ਼ਤ ਤਾਂ ਅੰਦਰ ਜਥੇਦਾਰਾਂ ਦੇ ਕਮਰੇ ਵਿਚ ਹੈ। 

- ਭਾਈ ਰਣਜੀਤ ਸਿੰਘ ਨੇ ਬਾਦਲ ਅਤੇ ਉਨ੍ਹਾਂ ਦੇ ਇਕ ਚਹੇਤੇ ਪੱਤਰਕਾਰ ਨੂੰ ਪੇਸ਼ੀ ਲਈ ਸੱਦ ਲਿਆ ਤਾਂ ਕੁੱਝ ਘੰਟਿਆਂ ਵਿਚ ਹੀ ਜਥੇਦਾਰ ਦੀ ਜਥੇਦਾਰੀ ਖੋਹ ਲਈ ਗਈ।

- ਕਾਲਾ ਅਫ਼ਗਾਨਾ ਨੂੰ 'ਵੀਡੀਉ ਕਾਨਫ਼ਰੰਸਿੰਗ ਰਾਹੀਂ' ਸਵਾਲ ਪੁੱਛਣ ਦੀ ਮਿਤੀ ਦੇ ਕੇ ਵੀ, ਮਿਤੀ ਤੋਂ ਪਹਿਲਾਂ ਹੀ ਛੇਕ ਵੀ ਦਿਤਾ ਗਿਆ। 

- ਸਪੋਕਸਮੈਨ ਦੇ ਮਾਮਲੇ ਵਿਚ ਮਗਰਲੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਆਪ ਮੰਨ ਲਿਆ ਕਿ ਸਪੋਪਸਮੈਨ ਨੇ ਕੋਈ ਭੁਲ ਨਹੀਂ ਸੀ ਕੀਤੀ... ਪਰ ਫਿਰ ਵੀ 'ਪੁਜਾਰੀ ਹੱਠ' ਕਾਇਮ ਹੈ। 

- ਸਿੰਘ ਸਭਾ ਲਹਿਰ ਦੇ ਬਾਨੀਆਂ (ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿਤ ਸਿੰਘ) ਨੂੰ ਵੀ ਛੇਕ ਦਿਤਾ ਗਿਆ ਪਰ ਉਹ ਕਦੇ ਪੇਸ਼ ਨਾ ਹੋਏ। ਅੰਗਰੇਜ਼ ਵਲੋਂ ਸਿੱਖ

ਪੁਜਾਰੀਆਂ ਨੂੰ ਪੋਪ ਦੇ ਪੁਰਾਣੇ ਸਮਿਆਂ ਦੇ ਅਧਿਕਾਰਾਂ ਨਾਲ ਲੈਸ ਕਰਨ ਦੀ ਭੈੜੀ ਚਾਲ ਉਦੋਂ ਹੀ ਖ਼ਤਮ ਹੋ ਜਾਣੀ ਸੀ ਜੇ ਸਿੱਖ ਲੀਡਰ, ਅੰਗਰੇਜ਼ਾਂ ਵਾਂਗ, ਅਪਣੇ ਰਾਜਸੀ ਹਿਤਾਂ ਲਈ ਵਰਤਣ ਦਾ ਫ਼ੈਸਲਾ ਨਾ ਕਰ ਲੈਂਦੇ।

 ਪਰ ਹੁਣ ਬਾਦਲ ਪ੍ਰਵਾਰ ਨੇ ਨਾ ਅਕਾਲ ਤਖ਼ਤ, ਨਾ ਜਥੇਦਾਰ, ਨਾ ਪੇਸ਼ੀ, ਨਾ ਕੁੱਝ ਹੋਰ ਤੇ 'ਆਪੇ ਅਖੰਡ ਪਾਠ ਕਰਵਾਉ ਤੇ ਆਪੇ ਐਲਾਨ ਕਰ ਦਿਉ ਕਿ ਭੁੱਲਾਂ ਬਖ਼ਸ਼ੀਆਂ ਗਈਆਂ' ਵਾਲੀ ਮਰਿਆਦਾ ਸ਼ੁਰੂ ਕਰ ਕੇ ਤਾਂ ਨਵਾਂ ਇਤਿਹਾਸ ਹੀ ਸਿਰਜ ਦਿਤਾ ਹੈ। ਪਰ ਕੀ ਇਹੀ ਮਰਿਆਦਾ ਉਨ੍ਹਾਂ ਦੇ ਵਿਰੋਧੀਆਂ ਤੇ ਆਮ ਸਿੱਖਾਂ ਲਈ ਵੀ 'ਜਥੇਦਾਰ' ਪ੍ਰਵਾਨ ਕਰ ਲੈਣਗੇ? ਨਹੀਂ, 'ਗੁਰੂ ਪੰਥ' ਕਹਿਣ ਨੂੰ ਮਹਾਨ ਰਹੇਗਾ ਪਰ ਅਸਲ ਵਿਚ 'ਲੀਡਰ ਪੰਥ' ਵੱਡਾ ਤੇ 'ਗੁਰੂ ਪੰਥ' ਛੋਟਾ ਹੀ ਰਹੇਗਾ ਤੇ ਦੋਹਾਂ ਲਈ ਭੁੱਲਾਂ ਬਖ਼ਸ਼ਾਉਣ ਦੀ ਮਰਿਆਦਾ ਵੀ ਵਖਰੀ ਹੀ ਰਹੇਗੀ।

ਦੂਜੇ ਧਰਮਾਂ ਵਿਚ ਭੁੱਲ ਕਿਵੇਂ ਬ.ਖਸ਼ਵਾਈ ਜਾਂਦੀ ਹੈ

ਇਹ ਤਾਂ ਪੰਥ ਦੇ ਅੱਜ ਦੇ 'ਮਾਲਕਾਂ' ਨੇ ਬੜਾ ਵਧੀਆ ਢੰਗ ਦਸ ਦਿਤਾ ਹੈ ਭੁੱਲਾਂ ਬਖ਼ਸ਼ਾਉਣ ਦਾ। ਮੈਂ ਤਾਂ ਸ਼ੁਰੂ ਤੋਂ ਹੀ ਲਿਖਦਾ ਆ ਰਿਹਾ ਹਾਂ ਕਿ ਭੁੱਲ ਅਪਣੇ ਰੱਬ ਤੋਂ ਬਖ਼ਸ਼ਵਾਈਦੀ ਹੈ, ਤਨਖ਼ਾਹਦਾਰ ਜਥੇਦਾਰਾਂ ਤੋਂ ਨਹੀਂ। ਮੱਕੇ ਵਿਚ ਮੁਸਲਮਾਨ ਜਾਂਦੇ ਹਨ ਤੇ ਮੁਕੱਦਸ ਦੀਵਾਰ ਨਾਲ ਲੱਗ ਕੇ ਅਪਣੇ ਅਪਣੇ ਗੁਨਾਹ ਕਬੂਲਦੇ ਹਨ ਤੇ ਦੀਵਾਰ ਨਾਲ ਸਿਰ ਮਾਰ ਮਾਰ ਕੇ ਅਪਣੇ ਗੁਨਾਹ ਬਖ਼ਸ਼ ਦੇਣ ਦੀ ਅਰਜ਼ੋਈ ਕਰਦੇ ਹਨ। ਚਰਚ ਵਿਚ ਈਸਾਈ ਅਪਣੇ, ਪਾਦਰੀ ਸਾਹਮਣੇ ਗੁਨਾਹ ਕਬੂਲ ਕਰਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਪ੍ਰਮਾਤਮਾ ਕੋਲ ਅਰਦਾਸ ਕਰ ਕਿ ਉਨ੍ਹਾਂ ਦੇ ਗੁਨਾਹ ਬਖ਼ਸ਼ ਦਿਤੇ ਜਾਣ।

ਪਾਦਰੀ ਨੂੰ ਗੁਨਾਹਗਾਰ ਦਾ ਚਿਹਰਾ ਨਹੀਂ ਵੇਖਣ ਦਿਤਾ ਜਾਂਦਾ। ਉਹ ਪਰਦੇ ਪਿੱਛੇ ਰਹਿ ਕੇ ਹੀ ਅਪਣੇ ਗੁਨਾਹ ਕਬੂਲਦਾ ਹੈ। ਮਤਲਬ ਕਿ ਦੋਹਾਂ ਪੁਰਾਣੇ ਧਰਮਾਂ ਵਿਚ ਵੀ 'ਗੁਨਾਹਗਾਰ' ਨੂੰ ਬਦਨਾਮ ਤੇ ਜ਼ਲੀਲ ਨਹੀਂ ਕੀਤਾ ਜਾਂਦਾ ਤੇ ਨਾ ਹੀ ਪੁਜਾਰੀਆਂ ਦੇ ਰਹਿਮ ਉਤੇ ਛਡਿਆ ਜਾਂਦਾ ਹੈ। ਪਰ ਨਵੇਂ ਯੁਗ ਦੇ ਸਿੱਖ ਧਰਮ ਵਿਚ ਪੁਜਾਰੀਆਂ ਨੂੰ 'ਜਥੇਦਾਰ' ਕਹਿ ਕੇ, ਉਨ੍ਹਾਂ ਨੂੰ ਭੁੱਲ 'ਬਖ਼ਸ਼ਵਾਉਣ ਆਏ' ਨੂੰ ਹਰ ਤਰ੍ਹਾਂ ਨਾਲ ਜ਼ਲੀਲ ਤੇ ਖਵਾਰ ਕਰਨ ਦੀ ਖੁਲ੍ਹ ਦੇ ਦਿਤੀ ਗਈ ਹੈ। ਪੁਜਾਰੀਆਂ ਨੂੰ (ਅੰਗਰੇਜ਼ ਦੇ ਵੇਲੇ ਇਨ੍ਹਾਂ ਨੂੰ 'ਪੁਜਾਰੀਆਨ' ਹੀ ਲਿਖਿਆ ਜਾਂਦਾ ਸੀ) ਇਹ ਖੁਲ੍ਹ ਦਿਤੀ ਕਿਸੇ ਨੇ?

ਅੰਗਰੇਜ਼ਾਂ ਨੇ ਹੀ ਦਿਤੀ ਕਿਉਂਕਿ ਉਹ ਇਨ੍ਹਾਂ ਰਾਹੀਂ ਦੇਸ਼-ਭਗਤਾਂ ਬਾਰੇ, ''ਇਹ ਤਾਂ ਸਿੱਖ ਹੀ ਨਹੀਂ'' ਦੇ ਫ਼ਤਵੇ ਜਾਰੀ ਕਰਵਾਉਣੇ ਚਾਹੁੰਦੇ ਸਨ ਤੇ ਜਨਰਲ ਡਾਇਰ ਵਰਗਿਆਂ ਨੂੰ 'ਵਧੀਆ ਸਿੱਖ' ਦੱਸ ਕੇ ਅਕਾਲ ਤਖ਼ਤ ਤੋਂ ਸਿਰੋਪਾ ਦਿਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸਿੱਖ ਪੁਜਾਰੀਆਂ ਨੂੰ ਉਨ੍ਹਾਂ ਤਾਕਤਾਂ ਨਾਲ ਲੈਸ ਕਰ ਦਿਤਾ ਜਿਹੜੀਆਂ ਕਿਸੇ ਸਮੇਂ ਪੋਪ ਕੋਲ ਹੁੰਦੀਆਂ ਸਨ

ਪਰ ਮਾਰਟਿਨ ਲੂਥਰ ਵਲੋਂ ਕੀਤੀ ਬਗ਼ਾਵਤ ਮਗਰੋਂ ਪੋਪ ਦੀਆਂ ਉਹ ਸ਼ਕਤੀਆਂ ਖ਼ਤਮ ਕਰ ਦਿਤੀਆਂ ਗਈਆਂ ਸਨ। ਅੰਗਰੇਜ਼ਾਂ ਨੇ ਈਸਾਈ ਧਰਮ ਵਿਚ ਰੱਦ ਹੋ ਚੁੱਕੀਆਂ ਪੋਪ ਦੀਆਂ ਸ਼ਕਤੀਆਂ, ਸਿੱਖ ਪੁਜਾਰੀਆਂ ਨੂੰ ਦਿਵਾ ਦਿਤੀਆਂ ਤੇ ਹੋਰਨਾਂ ਤੋਂ ਇਲਾਵਾ, ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿਤ ਸਿੰਘ ਨੂੰ ਵੀ ਪੰਥ ਵਿਚੋਂ ਛੇਕਵਾ ਦਿਤਾ।

ਅਕਾਲੀ ਦਲ ਦੇ ਮਹਾਨ ਨੇਤਾਵਾਂ ਨੇ ਜਦ ਇਹ ਐਲਾਨ ਕਰ ਦਿਤਾ ਕਿ ਲੋਕਾਂ ਦੇ ਤਾਹਨਿਆਂ ਮਿਹਣਿਆਂ ਦਾ ਜਵਾਬ ਦੇਣ ਲਈ ਉਹ ਅਕਾਲ ਤਖ਼ਤ ਤੇ ਜਾ ਕੇ 'ਜਥੇ ਦੇ ਰੂਪ ਵਿਚ' ਭੁੱਲਾਂ ਬਖ਼ਸ਼ਵਾ ਆਉਣਗੇ ਤਾਂ ਮੇਰੇ ਕੰਨ ਖੜੇ ਹੋ ਗਏ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਿਆਨ ਦੇ ਦਿਤਾ ਕਿ ਨਵੇਂ ਜਥੇਦਾਰ ਕੋਲ ਨਿਮਾਣੇ ਸਿੱਖ ਬਣ ਕੇ ਪੇਸ਼ ਹੋਣ ਤੇ ਉਸ ਵਲੋਂ ਮਾਫ਼ ਕਰ ਦੇਣ ਦਾ ਨਾਟਕ ਦੁਹਰਾਉਣ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਗਿਆ ਹੈ। ਅੱਗੇ ਇਕ ਵਾਰ ਪ੍ਰੋ. ਮਨਜੀਤ ਸਿੰਘ ਨੇ ਵੱਡੇ ਬਾਦਲ ਸਾਹਬ ਨੂੰ ਅਕਾਲ ਤਖ਼ਤ ਉਤੇ ਪੇਸ਼ ਹੋਣ ਦਾ ਹੁਕਮ ਚਾੜ੍ਹਿਆ ਸੀ

ਤਾਂ 10 ਹਜ਼ਾਰ ਅਕਾਲੀ ਫ਼ੌਜਾਂ ਦਰਬਾਰ ਸਾਹਿਬ ਜਾ ਪਹੁੰਚੀਆਂ ਸਨ ਤੇ ਮਾਰਨ ਲੱਗ ਪਈਆਂ ਸਨ 'ਜਥੇਦਾਰ' ਨੂੰ ਲਲਕਾਰੇ। ਵਿਚਾਰੇ 'ਜਥੇਦਾਰ' ਨੂੰ ਜੋ ਗਾਲ੍ਹਾਂ ਤੇ ਸਲਵਾਤਾਂ ਸੁਣਨੀਆਂ ਪਈਆਂ, ਉਨ੍ਹਾਂ ਨੂੰ ਦੂਰੋਂ ਹੀ ਸੁਣ ਕੇ ਉਸ ਨੇ ਤਖ਼ਤਗੀਰੀ ਛੱਡੀ ਤੇ ਗੁਸਲਖ਼ਾਨੇ ਦੀ ਜਾ ਓਟ ਲਈ। ਅੰਦਰੋਂ ਕੁੰਡੀ ਲਾ ਕੇ ਉਦੋਂ ਤਕ ਬਾਹਰ ਨਾ ਨਿਕਲਿਆ ਜਦ ਤਕ ਅਕਾਲੀ ਫ਼ੌਜਾਂ ਨੇ 'ਖ਼ਾਲਸਾ ਪਿੱਛੇ ਮੁੜ' ਦੀ ਹਾਕ ਨਾ ਸੁਣੀ ਤੇ ਅਕਾਲੀ ਫ਼ੌਜਾਂ, ''ਤੈਨੂੰ ਫਿਰ ਵੇਖ ਲਵਾਂਗੇ ਜੇ ਤੂੰ ਮੁੜ ਕੇ ਇਹੋ ਜਹੀ ਗ਼ਲਤੀ ਕੀਤੀ...'' ਕਹਿ ਕੇ ਦਰਬਾਰ ਸਾਹਿਬ 'ਚੋਂ ਬਾਹਰ ਨਾ ਨਿਕਲ ਗਈਆਂ।

ਮਗਰੋਂ ਪ੍ਰੋ. ਰਣਜੀਤ ਸਿੰਘ ਨਾਲ ਵੀ ਇਹੀ ਕੁੱਝ ਕੀਤਾ ਗਿਆ ਜਦੋਂ ਕੁੱਝ ਘੰਟਿਆਂ ਵਿਚ ਹੀ ਉਨ੍ਹਾਂ ਦੀ 'ਜਥੇਦਾਰੀ' ਹੀ ਖੋਹ ਲਈ ਗਈ। ਮੈਨੂੰ ਉਦੋਂ ਵੀ ਅਕਾਲੀ ਫੂਲਾ ਸਿੰਘ ਦੀ ਯਾਦ ਆਈ ਸੀ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਮੁਸਲਮਾਨ ਨਾਚੀ ਨਾਲ ਪਿਆਰ ਕਰਨ ਬਦਲੇ ਸੱਦ ਤਾਂ ਲਿਆ ਤੇ ਮਹਾਰਾਜਾ ਪਹਿਲਾਂ ਲੋਹਾ ਲਾਖਾ ਹੋਣ ਮਗਰੋਂ, ਸਲਾਹਕਾਰਾਂ ਦੀ 'ਨੇਕ ਸਲਾਹ' ਮੰਨ ਕੇ ਆ ਤਾਂ ਗਿਆ ਪਰ 'ਨਿਮਾਣੇਪਨ' ਦਾ ਵਿਖਾਵਾ ਕਰਨ ਮਗਰੋਂ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਨੂੰ ਮੁੜ ਕੇ ਅੰਮ੍ਰਿਤਸਰ ਵਿਚ ਪੈਰ ਨਹੀਂ ਸਨ ਰੱਖਣ ਦਿਤੇ ਤੇ ਦੂਰ ਦੂਰ ਦੇ ਮਾੜੇ ਥਾਵਾਂ ਤੇ ਘੁੰਮਦੇ ਰਹਿਣ ਲਈ ਮਜਬੂਰ ਕਰ ਦਿਤਾ ਸੀ।

ਅਕਾਲੀ ਫੂਲਾ ਸਿੰਘ ਬਾਰੇ ਇਤਿਹਾਸਕਾਰ ਦਸਦੇ ਹਨ ਕਿ ਉਸ ਦੇ ਵੀ ਅੰਤਲੇ ਦਿਨ ਬੜੇ ਔਖੇ ਬੀਤੇ ਤੇ ਮਹਾਰਾਜੇ ਨੇ ਅਕਾਲੀ ਜੀ ਨੂੰ ਬਹੁਤ ਤੰਗ ਕੀਤਾ। ਉਂਜ ਇਹ ਗ਼ਲਤ ਹੈ ਕਿ ਅਕਾਲੀ ਜੀ, ਅਕਾਲ ਤਖ਼ਤ ਦੇ 'ਜਥੇਦਾਰ' ਸਨ। ਉਹ ਤਾਂ ਅੰਮ੍ਰਿਤਸਰ ਸ਼ਹਿਰ ਅਤੇ ਖ਼ਾਸ ਤੌਰ ਤੇ ਦਰਬਾਰ ਸਾਹਿਬ ਦੀ ਰਾਖੀ ਲਈ ਤਾਈਨਾਤ ਕੀਤੇ ਗਏ ਨਿਹੰਗ ਜੱਥੇ ਦੇ 'ਜਥੇਦਾਰ' ਸਨ ਤੇ ਉਨ੍ਹਾਂ ਨੇ ਸਿੱਖ ਮਰਿਆਦਾ ਅਨੁਸਾਰ ਨਹੀਂ, ਨਿਹੰਗ ਮਰਿਆਦਾ ਅਨੁਸਾਰ ਹੀ ਮਹਾਰਾਜੇ ਨੂੰ 'ਤਨਖ਼ਾਹ' ਲਾਉਣ ਲਈ ਬੁਲਾਇਆ ਸੀ।

'ਤਨਖ਼ਾਹ' ਲਫ਼ਜ਼ ਸਿੱਖ ਸਭਿਆਚਾਰ ਦੀ ਸ਼ਬਦਾਵਲੀ ਵਿਚ ਕਿਤੇ ਨਹੀਂ ਮਿਲਦਾ, ਇਹ ਖ਼ਾਲਸ ਨਿਹੰਗ 'ਬੋਲੇ' ਦਾ ਸ਼ਬਦ ਹੈ, ਜਿਵੇਂ ਨਿਹੰਗ ਬੋਲੇ ਵਿਚ ਛੋਲਿਆਂ ਨੂੰ 'ਬਦਾਮ' ਤੇ ਮਿਰਚ ਨੂੰ 'ਲੜਾਕੀ' ਕਹਿੰਦੇ ਹਨ। ਖ਼ੈਰ, ਇਸ ਵਾਰ ਸਾਰਾ ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਅਕਾਲੀ ਹਮਾਇਤੀਆਂ ਬਾਰੇ ਅੰਮ੍ਰਿਤਸਰ ਪੁੱਜਣ ਦੀ ਖ਼ਬਰ ਮਿਲਣ ਤੇ ਮੇਰੇ ਦਿਲ ਵਿਚ ਆਉਂਦਾ ਕਿ ਸਾਡੇ ਲੀਡਰਾਂ ਨੇ ਜਿਵੇਂ ਚੰਡੀਗੜ੍ਹ ਜਾਂ ਪੰਜਾਬ ਵਿਚ ਗ਼ਰੀਬਾਂ ਲਈ ਕਾਨੂੰਨ ਹੋਰ ਤੇ ਅਮੀਰਾਂ ਲਈ ਹੋਰ ਬਣਾ ਰੱਖੇ ਹਨ, ਇਸੇ ਤਰ੍ਹਾਂ ਲੀਡਰਾਂ ਲਈ ਵੀ ਅਕਾਲ ਤਖ਼ਤ ਦੀ 'ਮਰਿਆਦਾ' ਹੋਰ ਹੁੰਦੀ ਹੈ ਤੇ ਆਮ ਸਿੱਖ ਲਈ ਹੋਰ, ਇਸ ਲਈ ਵੇਖਣਾ ਚਾਹੀਦੈ

ਕਿ ਇਸ ਵਾਰ ਅਕਾਲ ਤਖ਼ਤ ਵਾਲੇ 'ਪੰਥ ਦੇ ਮਹਾਨ ਨੇਤਾਵਾਂ' ਦੀਆਂ 'ਭੁੱਲਾਂ' ਕਿਵੇਂ ਬਖ਼ਸ਼ਦੇ ਹਨ। ਆਮ ਬੰਦੇ ਨੂੰ ਤਾਂ 'ਜਥੇਦਾਰ' ਬੜੇ ਕੁਰੱਖ਼ਤ ਜਹੇ ਲਹਿਜੇ ਵਿਚ ਪੁਛਦਾ ਹੈ: ''ਹਾਂ ਬਈ ਫ਼ਲਾਣਾ ਸਿੰਹਾਂ, ਅਕਾਲ ਤਖ਼ਤ ਦਾ ਹਰ ਹੁਕਮ ਮੰਨੇਂਗਾ?'' ਕੌਣ ਆਖੇ ਨਹੀਂ ਮੰਨਾਂਗਾ। ਚਾਰੇ ਪਾਸੇ ਲਾਠੀਆਂ ਵਾਲੇ ਖੜੇ ਹੁੰਦੇ ਹਨ। ਉਸ ਵਲੋਂ 'ਹਾਂ ਜੀ' ਕਹਿਣ ਦੀ ਦੇਰ ਹੁੰਦੀ ਹੈ ਕਿ ਝੱਟ 'ਤਨਖ਼ਾਹ' ਲਾ ਦਿਤੀ ਜਾਂਦੀ ਹੈ, ਅਰਦਾਸ ਕਰ ਕੇ ਤੇ 'ਤਨਖ਼ਾਹ' ਪੂਰੀ ਕਰ ਕੇ, ਫਿਰ ਆਉਣ ਦੀ ਤਾਕੀਦ ਕਰ ਦਿਤੀ ਜਾਂਦੀ ਹੈ। ਕੀ ਇਸੇ ਢੰਗ ਨਾਲ ਅਕਾਲੀ ਲੀਡਰਾਂ ਨੂੰ ਵੀ ਸੱਦਿਆ ਜਾਏਗਾ?

ਵਿਚਾਰੇ ਨਵੇਂ ਨਵੇਂ ਬਣੇ 'ਜਥੇਦਾਰ' ਦੀ ਸ਼ਾਮਤ ਆਈ ਕਿ ਆਈ, ਮੈਂ ਸੋਚਦਾ। ਪਰ ਫਿਰ ਖ਼ਬਰ ਆ ਗਈ ਕਿ 'ਜਥੇਦਾਰ' ਜੀ ਤਾਂ ਅਕਾਲ ਤਖ਼ਤ ਤੋਂ ਹੀ ਉਠ ਕੇ ਅਪਣੇ ਦੂਜੇ ਟਿਕਾਣੇ ਤੇ ਚਲੇ ਗਏ ਤੇ ਕਹਿ ਗਏ ਕਿ ਉਨ੍ਹਾਂ ਨੇ ਤਾਂ ਦੂਜੀ ਥਾਂ ਇਕ ਜ਼ਰੂਰੀ ਸਮਾਗਮ ਵਿਚ ਸ਼ਾਮਲ ਹੋਣਾ ਹੈ। ਨਵੇਂ ਜਥੇਦਾਰ ਤਾਂ ਫਿਰ ਪ੍ਰੋ. ਮਨਜੀਤ ਸਿੰਘ ਨਾਲੋਂ ਜ਼ਿਆਦਾ ਸਿਆਣੇ ਨਿਕਲੇ। ਨਾ ਹੋਵੇਗਾ ਬਾਂਸ, ਨਾ ਵਜੇਗੀ ਬੰਸਰੀ। ਅਤੇ ਜਿਵੇਂ ਕਿ ਸ਼ਾਇਦ ਸੱਭ ਕੁੱਝ ਪਹਿਲਾਂ ਤੋਂ ਹੀ ਤੈਅ ਸੀ, ਅਕਾਲੀ ਲੀਡਰ 'ਭੁਲ ਬਖ਼ਸ਼ਾਊ ਤਖ਼ਤ' ਵਲ ਜਾਣ ਦੀ ਥਾਂ ਸਿੱਧੇ ਜੋੜਾ ਘਰ ਜਾ ਪਹੁੰਚੇ ਤੇ ਸਾਫ਼ ਕੀਤੀਆਂ ਜੁੱਤੀਆਂ (ਸਪੋਰਟਸ ਸ਼ੂਜ਼) ਨੂੰ ਪੂੰਝਣ ਦੀਆਂ ਤਸਵੀਰਾਂ ਖਿਚਵਾ ਚੁੱਕਣ ਮਗਰੋਂ,

ਲੰਗਰ ਦੇ ਭਾਂਡਿਆਂ ਦੀ 'ਸੇਵਾ' ਕਰਨ ਅਤੇ ਫ਼ੋਟੋ ਖਿਚਵਾਉਣ ਮਗਰੋਂ 'ਅਖੰਡ ਪਾਠ' ਦੇ ਭੋਗ ਸਮਾਗਮ ਵਿਚ ਪੁਜ ਗਏ ਤੇ ਐਲਾਨ ਕਰ ਦਿਤਾ ਕਿ ਭੁੱਲਾਂ ਬਖ਼ਸ਼ੀਆਂ ਗਈਆਂ ਹਨ। ਨਾ ਅਕਾਲ ਤਖ਼ਤ ਦੀਆਂ ਪੌੜੀਆਂ ਚੜ੍ਹਨੀਆਂ ਪਈਆਂ, ਨਾ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਕਿ ''ਸੁਖਬੀਰ ਸਿੰਘਾ, ਅਕਾਲ ਤਖ਼ਤ ਦਾ ਹਰ ਹੁਕਮ ਮੰਨੇਂਗਾ?'' ਨਾ ਤਨਖ਼ਾਹ, ਨਾ ਜਥੇਦਾਰਾਂ ਸਾਹਮਣੇ ਪੇਸ਼ੀ, ਨਾ ਭੁੱਲਾਂ ਦਾ ਕੋਈ ਵੇਰਵਾ... ਇਹ ਤਾਂ ਪੰਥ ਦੇ ਅੱਜ ਦੇ 'ਮਾਲਕਾਂ' ਨੇ ਬੜਾ ਵਧੀਆ ਢੰਗ ਦਸ ਦਿਤਾ ਹੈ ਭੁੱਲਾਂ ਬਖ਼ਸ਼ਾਉਣ ਦਾ। ਮੈਂ ਤਾਂ ਸ਼ੁਰੂ ਤੋਂ ਹੀ ਲਿਖਦਾ ਆ ਰਿਹਾ ਹਾਂ ਕਿ ਭੁੱਲ ਅਪਣੇ ਰੱਬ ਤੋਂ ਬਖ਼ਸ਼ਵਾਈਦੀ ਹੈ, ਤਨਖ਼ਾਹਦਾਰ ਜਥੇਦਾਰਾਂ ਤੋਂ ਨਹੀਂ।

ਮੱਕੇ ਵਿਚ ਮੁਸਲਮਾਨ ਜਾਂਦੇ ਹਨ ਤੇ ਮੁਕੱਦਸ ਦੀਵਾਰ ਨਾਲ ਲੱਗ ਕੇ ਅਪਣੇ ਅਪਣੇ ਗੁਨਾਹ ਕਬੂਲਦੇ ਹਨ ਤੇ ਦੀਵਾਰ ਨਾਲ ਸਿਰ ਮਾਰ ਮਾਰ ਕੇ ਅਪਣੇ ਗੁਨਾਹ ਬਖ਼ਸ਼ ਦੇਣ ਦੀ ਅਰਜ਼ੋਈ ਕਰਦੇ ਹਨ। ਚਰਚ ਵਿਚ ਈਸਾਈ ਅਪਣੇ, ਪਾਦਰੀ ਸਾਹਮਣੇ ਗੁਨਾਹ ਕਬੂਲ ਕਰਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਪ੍ਰਮਾਤਮਾ ਕੋਲ ਅਰਦਾਸ ਕਰ ਕਿ ਉਨ੍ਹਾਂ ਦੇ ਗੁਨਾਹ ਬਖ਼ਸ਼ ਦਿਤੇ ਜਾਣ। ਪਾਦਰੀ ਨੂੰ ਗੁਨਾਹਗਾਰ ਦਾ ਚਿਹਰਾ ਨਹੀਂ ਵੇਖਣ ਦਿਤਾ ਜਾਂਦਾ। ਉਹ ਪਰਦੇ ਪਿੱਛੇ ਰਹਿ ਕੇ ਹੀ ਅਪਣੇ ਗੁਨਾਹ ਕਬੂਲਦਾ ਹੈ।

ਮਤਲਬ ਕਿ ਦੋਹਾਂ ਪੁਰਾਣੇ ਧਰਮਾਂ ਵਿਚ ਵੀ 'ਗੁਨਾਹਗਾਰ' ਨੂੰ ਬਦਨਾਮ ਤੇ ਜ਼ਲੀਲ ਨਹੀਂ ਕੀਤਾ ਜਾਂਦਾ ਤੇ ਨਾ ਹੀ ਪੁਜਾਰੀਆਂ ਦੇ ਰਹਿਮ ਉਤੇ ਛਡਿਆ ਜਾਂਦਾ ਹੈ। ਪਰ ਨਵੇਂ ਯੁਗ ਦੇ ਸਿੱਖ ਧਰਮ ਵਿਚ ਪੁਜਾਰੀਆਂ ਨੂੰ 'ਜਥੇਦਾਰ' ਕਹਿ ਕੇ, ਉਨ੍ਹਾਂ ਨੂੰ ਭੁੱਲ 'ਬਖ਼ਸ਼ਵਾਉਣ ਆਏ' ਨੂੰ ਹਰ ਤਰ੍ਹਾਂ ਨਾਲ ਜ਼ਲੀਲ ਤੇ ਖਵਾਰ ਕਰਨ ਦੀ ਖੁਲ੍ਹ ਦੇ ਦਿਤੀ ਗਈ ਹੈ। ਪੁਜਾਰੀਆਂ ਨੂੰ (ਅੰਗਰੇਜ਼ ਦੇ ਵੇਲੇ ਇਨ੍ਹਾਂ ਨੂੰ 'ਪੁਜਾਰੀਆਨ' ਹੀ ਲਿਖਿਆ ਜਾਂਦਾ ਸੀ) ਇਹ ਖੁਲ੍ਹ ਦਿਤੀ ਕਿਸ ਨੇ? ਅੰਗਰੇਜ਼ਾਂ ਨੇ ਹੀ ਦਿਤੀ ਕਿਉਂਕਿ ਉਹ ਇਨ੍ਹਾਂ ਰਾਹੀਂ ਦੇਸ਼-ਭਗਤਾਂ ਬਾਰੇ, ''ਇਹ ਤਾਂ ਸਿੱਖ ਹੀ ਨਹੀਂ'' ਦੇ ਫ਼ਤਵੇ ਜਾਰੀ ਕਰਵਾਉਣੇ ਚਾਹੁੰਦੇ ਸਨ

ਤੇ ਜਨਰਲ ਡਾਇਰ ਵਰਗਿਆਂ ਨੂੰ 'ਵਧੀਆ ਸਿੱਖ' ਦੱਸ ਕੇ ਅਕਾਲ ਤਖ਼ਤ ਤੋਂ ਸਿਰੋਪਾ ਦਿਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸਿੱਖ ਪੁਜਾਰੀਆਂ ਨੂੰ ਉਨ੍ਹਾਂ ਤਾਕਤਾਂ ਨਾਲ ਲੈਸ ਕਰ ਦਿਤਾ ਜਿਹੜੀਆਂ ਕਿਸੇ ਸਮੇਂ ਪੋਪ ਕੋਲ ਹੁੰਦੀਆਂ ਸਨ ਪਰ ਮਾਰਟਿਨ ਲੂਥਰ ਵਲੋਂ ਕੀਤੀ ਬਗ਼ਾਵਤ ਮਗਰੋਂ ਪੋਪ ਦੀਆਂ ਉਹ ਸ਼ਕਤੀਆਂ ਖ਼ਤਮ ਕਰ ਦਿਤੀਆਂ ਗਈਆਂ ਸਨ। ਅੰਗਰੇਜ਼ਾਂ ਨੇ ਈਸਾਈ ਧਰਮ ਵਿਚ ਰੱਦ ਹੋ ਚੁੱਕੀਆਂ ਪੋਪ ਦੀਆਂ ਸ਼ਕਤੀਆਂ, ਸਿੱਖ ਪੁਜਾਰੀਆਂ ਨੂੰ ਦਿਵਾ ਦਿਤੀਆਂ ਤੇ ਹੋਰਨਾਂ ਤੋਂ ਇਲਾਵਾ, ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿਤ ਸਿੰਘ ਨੂੰ ਵੀ ਪੰਥ ਵਿਚੋਂ ਛੇਕਵਾ ਦਿਤਾ।

ਉਨ੍ਹਾਂ ਨੇ ਪੁਜਾਰੀਆਂ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿਤੀ। ਇਹ ਗ਼ਲਤ ਰਸਮ ਉਥੇ ਹੀ ਖ਼ਤਮ ਹੋ ਜਾਣੀ ਸੀ ਜੇ ਸਿੱਖ ਸਿਆਸਤਦਾਨਾਂ ਨੇ ਪੁਜਾਰੀਆਂ ਨੂੰ ਅੰਗਰੇਜ਼ ਵਾਂਗ ਹੀ ਵਰਤਣ ਦਾ ਫ਼ੈਸਲਾ ਕਰ ਕੇ ਸਿੱਖੀ ਨੂੰ ਫਿਰ ਤੋਂ 500 ਸਾਲ ਪਹਿਲਾਂ ਵਾਲੇ ਸਮੇਂ ਦਾ ਧਰਮ ਬਣਾਉਣ ਦਾ ਯਤਨ ਨਾ ਸ਼ੁਰੂ ਕਰ ਦਿਤਾ ਹੁੰਦਾ। 
ਖ਼ੈਰ, ਗੱਲ ਚਲ ਰਹੀ ਸੀ, ਬਾਦਲ ਪ੍ਰਵਾਰ ਦੀ 'ਭੁੱਲਾਂ ਬਖ਼ਸ਼ਵਾਉਣ' ਦੀ। ਬਾਦਲ ਪ੍ਰਵਾਰ ਨੇ ਅੰਮ੍ਰਿਤਸਰ ਪਹੁੰਚ ਕੇ ਵੀ ਨਾ ਅਕਾਲ ਤਖ਼ਤ ਵਲ ਮੂੰਹ ਕੀਤਾ, ਨਾ 'ਜਥੇਦਾਰਾਂ' ਵਲ ਤੇ ਆਪੇ ਹੀ ਅਖੰਡ ਪਾਠ ਕਰਵਾ ਕੇ ਕਹਿ ਦਿਤਾ ਕਿ ਭੁੱਲਾਂ ਬਖ਼ਸ਼ੀਆਂ ਗਈਆਂ ਹਨ।

ਜ਼ਰਾ ਵੇਖੋ, ਇਸ ਤੋਂ ਪਹਿਲਾਂ ਦੇ ਦੋ ਤਿੰਨ ਮਾਮਲੇ: 

- ਪ੍ਰੋ. ਦਰਸ਼ਨ ਸਿੰਘ ਨੇ ਕੋਈ ਭੁੱਲ ਨਹੀਂ ਸੀ ਕੀਤੀ ਪਰ ਫਿਰ ਵੀ ਉਹ ਅਕਾਲ ਤਖ਼ਤ ਦੀਆਂ ਪੌੜੀਆਂ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼-ਅਸਥਾਨ ਤੇ ਮੱਥਾ ਟੇਕ ਕੇ ਬਹਿ ਗਏ ਤੇ ਐਲਾਨ ਕਰ ਦਿਤਾ ਕਿ, ''ਹੁਕਮ ਅਨੁਸਾਰ ਮੈਂ ਅਕਾਲ ਤਖ਼ਤ ਤੇ ਆ ਗਿਆ ਹਾਂ। ਪੁਛ ਲਉ ਜੋ ਪੁਛਣਾ ਜੇ।'' ਜਥੇਦਾਰਾਂ ਦਾ ਜਵਾਬ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੁਜਣਾ, ਅਕਾਲ ਤਖ਼ਤ ਤੇ ਪੇਸ਼ ਹੋਣਾ ਨਹੀਂ ਹੁੰਦਾ ਸਗੋਂ ਜਥੇਦਾਰਾਂ ਦੇ ਕਮਰੇ ਵਿਚ ਪੇਸ਼ ਹੋਣਾ, ਅਕਾਲ ਤਖ਼ਤ ਤੇ ਪੇਸ਼ ਹੋਣਾ ਹੁੰਦਾ ਹੈ!!!

- ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੇ ਵੀ ਭੁੱਲ ਕੋਈ ਨਹੀਂ ਸੀ ਕੀਤੀ ਪਰ ਗਿ. ਜੋਗਿੰਦਰ ਸਿੰਘ ਵੇਦਾਂਤੀ ਦੀ 'ਗੁਰਬਿਲਾਸ ਪਾਤਸ਼ਾਹੀ 6' ਦੇ ਜਵਾਬ ਵਿਚ ਇਕ ਕਿਤਾਬ ਜ਼ਰੂਰ ਲਿਖੀ ਸੀ। ਪੇਸ਼ੀ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਆਉਣਾ, ਸਿਹਤ ਅਤੇ ਕਮਜ਼ੋਰੀ ਕਾਰਨ ਸੰਭਵ ਨਹੀਂ, ਇਸ ਲਈ ਵੀਡੀਉ-ਕਾਨਫ਼ਰੰਸਿੰਗ ਰਾਹੀਂ ਜੋ ਪੁਛਣਾ ਜੇ, ਪੁਛ ਲਉ। ਵੀਡੀਉ ਕਾਨਫ਼ਰੰਸ ਕੀਤੀ ਵੀ ਗਈ ਪਰ ਆਵਾਜ਼ ਸਾਫ਼ ਨਹੀਂ ਸੀ ਆ ਰਹੀ, ਸੋ ਵੀਡੀਉ ਕਾਨਫ਼ਰੰਸ ਦੀ ਅਗਲੀ ਤਾਰੀਖ਼ ਰੱਖ ਦਿਤੀ ਗਈ ਪਰ ਤਾਰੀਖ਼ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਛੇਕ ਵੀ ਦਿਤਾ ਗਿਆ। 

- ਸਪੋਕਸਮੈਨ ਦੇ ਮਾਮਲੇ ਵਿਚ ਮਗਰੋਂ ਗਿ. ਗੁਰਬਚਨ ਸਿੰਘ (ਜਥੇਦਾਰ ਅਕਾਲ ਤਖ਼ਤ) ਨੇ ਆਪ ਮੰਨਿਆ ਵੀ ਕਿ ਹੁਕਮਨਾਮਾ ਗ਼ਲਤ ਸੀ ਤੇ ਵੇਦਾਂਤੀ ਨੇ ਕਿੜ ਕੱਢਣ ਲਈ ਜਾਰੀ ਕੀਤਾ ਸੀ ਪਰ ਜਥੇਦਾਰਾਂ ਦੀ ਧੱਕੇਸ਼ਾਹੀ ਜਿਉਂ ਦੀ ਤਿਉਂ ਕਾਇਮ ਹੈ।

- ਡਾ. ਪਿਆਰ ਸਿੰਘ ਨੂੰ ਇਕ ਪੁਸਤਕ ਦੇ ਬਹਾਨੇ ਪੇਸ਼ੀ ਲਈ ਬੁਲਾਇਆ ਗਿਆ। ਉਹ ਪੇਸ਼ ਹੋ ਗਏ ਤੇ ਪੁਕਾਰ ਕਰਦੇ ਰਹੇ, ''ਮੈਨੂੰ ਦਸ ਤਾਂ ਦਿਉ ਕਿ ਮੈਂ ਪੁਸਤਕ ਵਿਚ ਗ਼ਲਤ ਕੀ ਲਿਖ ਦਿਤਾ ਹੈ?'' ਪੁਜਾਰੀਆਂ ਨੇ ਇਕ ਤਿੰਨ ਮੈਂਬਰੀ ਕਮੇਟੀ ਬਣਾ ਦਿਤੀ ਜੋ ਕਿਤਾਬ ਦੇ ਇਤਰਾਜ਼ਯੋਗ ਹਿੱਸੇ ਲੱਭੇਗੀ। ਪ੍ਰੋ. ਪਿਆਰ ਸਿੰਘ ਪ੍ਰਲੋਕ ਵੀ ਸਿਧਾਰ ਗਏ ਪਰ ਅੱਜ ਤਕ 20 ਸਾਲ ਵਿਚ ਕਮੇਟੀ ਦੀ ਇਕ ਮੀਟਿੰਗ ਵੀ ਨਹੀਂ ਬੁਲਾਈ ਗਈ। 

ਪਰ ਜੇ ਸੁਖਬੀਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵਾਲਾ ਢੰਗ ਸਾਰਿਆਂ ਨੂੰ ਹੀ ਅਪਨਾਉਣ ਦੀ ਖੁਲ੍ਹ ਦੇ ਦਿਤੀ ਜਾਏ ਅਰਥਾਤ ਸਾਰੇ ਸਿੱਖਾਂ ਨੂੰ ਇਕ ਬਰਾਬਰ ਮੰਨਿਆ ਜਾਏ ਤਾਂ ਮੈਨੂੰ ਯਕੀਨ ਹੈ ਕਿ ਕਾਲਾ ਅਫ਼ਗਾਨਾ ਤੇ ਪ੍ਰੋ. ਦਰਸ਼ਨ ਸਿੰਘ ਵਰਗੇ ਵੀ ਜਿਨ੍ਹਾਂ ਨੇ ਕੋਈ ਭੁੱਲ ਨਹੀਂ ਕੀਤੀ, ਉਹ ਵੀ ਅਖੰਡ ਪਾਠ ਰਖਵਾ ਕੇ ਤੇ ਭਾਂਡੇ, ਜੋੜੇ ਸਾਫ਼ ਕਰ ਕੇ ਭੁੱਲ ਬਖ਼ਸ਼ੀ ਗਈ ਦਾ ਐਲਾਨ ਕਰਨ ਵਿਚ ਕੋਈ ਦਿੱਕਤ ਨਹੀਂ ਸਮਝਣਗੇ ਕਿਉਂਕਿ ਇਹੀ ਢੰਗ ਤਾਂ ਹੁਣ ਪੁਰਾਣੇ ਧਰਮਾਂ ਵਿਚ ਵੀ ਪ੍ਰਵਾਨ ਹੋ ਚੁੱਕਾ ਹੈ ਤੇ ਭੁੱਲਾਂ (ਗੁਨਾਹ) ਮਾਫ਼ ਕਰਵਾਉਣ ਵਿਚ ਰੱਬ ਅਤੇ ਬੰਦੇ ਵਿਚਕਾਰ, ਪੁਜਾਰੀ ਦੀ ਕੋਈ ਤਾਕਤ ਨਹੀਂ ਮੰਨੀ ਜਾਂਦੀ।

ਪਰ ਕੀ ਸਾਡੇ 'ਜਥੇਦਾਰ' ਆਮ ਸਿੱਖ ਦੇ ਮਾਮਲੇ ਵਿਚ ਵੀ ਉਹੀ ਮਰਿਆਦਾ ਪ੍ਰਵਾਨ ਕਰ ਲੈਣਗੇ ਜੋ ਅਕਾਲੀ ਲੀਡਰਾਂ ਦੇ ਮਾਮਲੇ ਵਿਚ ਪ੍ਰਵਾਨ ਕੀਤੀ ਗਈ ਹੈ ਤੇ ਜਿਸ ਬਾਰੇ ਕਿਸੇ ਨੇ ਕਿੰਤੂ ਪ੍ਰੰਤੂ ਕਰਨ ਦੀ ਹਿੰਮਤ ਨਹੀਂ ਕੀਤੀ? ਨਹੀਂ, ਮੂੰਹੋਂ ਭਾਵੇਂ 'ਗੁਰੂ ਪੰਥ ਸੱਭ ਤੋਂ ਮਹਾਨ' ਕਹਿੰਦੇ ਰਹਿਣਗੇ ਪਰ ਅਮਲ ਵਿਚ 'ਲੀਡਰ ਪੰਥ' ਇਨ੍ਹਾਂ ਲਈ ਸਦਾ 'ਗੁਰੂ ਪੰਥ' ਤੋਂ ਉੱਚਾ ਰਹੇਗਾ ਤੇ 'ਲੀਡਰ ਪੰਥ' ਅਪਣੀ ਮਰਜ਼ੀ ਅਨੁਸਾਰ, ਅਪਣੀ ਮਰਿਆਦਾ ਘੜਨ ਵਿਚ ਆਜ਼ਾਦ ਰਹੇਗਾ। ਆਮ ਸਿੱਖ ਲਈ ਮਰਿਆਦਾ ਸਿੱਖ ਪੁਜਾਰੀ ਹੀ ਘੜਦੇ ਰਹਿਣਗੇ, ਜਦ ਤਕ ਪੋਪ ਵਾਂਗ ਇਨ੍ਹਾਂ ਦਾ ਵੀ ਬਿਸਤਰ ਬੋਰੀਆ ਗੋਲ ਨਹੀਂ ਕਰ ਦਿਤਾ ਜਾਂਦਾ।