Nijji Diary De Panne: ਘੱਟ-ਗਿਣਤੀ ਕੌਮਾਂ ਦੇ ਹੱਕਾਂ ਲਈ ਲੜਨ ਵਾਲੀਆਂ ਰਾਜਸੀ ਪਾਰਟੀਆਂ ਖਾਤਮੇ ਵਲ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Nijji Diary De Panne: ਅਕਾਲੀ ਦਲ ਦੇ ‘ਲਗਭਗ ਖ਼ਾਤਮੇ’ ਮਗਰੋਂ ਹੁਣ ਘੱਟ-ਗਿਣਤੀਆਂ ਲਈ ਜੂਝਣ ਵਾਲੀਆਂ ਰਾਜਸੀ ਪਾਰਟੀਆਂ ਦੀ ਅਣਹੋਂਦ ਚਿੰਤਾ ਵਾਲੀ ਗੱਲ!

Political parties fighting for the rights of minority nations towards elimination News in punjabi

Political parties fighting for the rights of minority nations towards elimination News in punjabi: 1947 ਵਿਚ ਹਿੰਦੁਸਤਾਨ ਨੂੰ ਆਜ਼ਾਦੀ ਮਿਲਦਿਆਂ ਹੀ ਪਤਾ ਨਹੀਂ, ਦਿੱਲੀ ਦੇ ਕਿਹੜੇ ‘ਥਿੰਕ ਟੈਂਕ’ ਨੇ ਫ਼ੈਸਲਾ ਕੀਤਾ ਕਿ ਘੱਟ-ਗਿਣਤੀ ਕੌਮਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਾਜਸੀ ਪਾਰਟੀਆਂ ਨੂੰ ਤਾਕਤ ਨਾ ਫੜਨ ਦਿਉ ਤੇ ਉਨ੍ਹਾਂ ਨੂੰ ਜਿਵੇਂ ਵੀ ਹੋ ਸਕੇ, ਵੱਧ ਤੋਂ ਵੱਧ ਕਮਜ਼ੋਰ ਕਰ ਦਿਉ। ਪਹਿਲੇ ਹੱਲੇ ਵਿਚ ਮੁਸਲਮਾਨ ਘੱਟ-ਗਿਣਤੀ ਦੀ ਰਾਜਸੀ ਪਾਰਟੀ ‘ਇੰਡੀਅਨ ਮੁਸਲਿਮ ਲੀਗ’ ਨੂੰ ਕਮਜ਼ੋਰ ਕਰਨ ਦੀ ਹਨੇਰੀ ਝੁੱਲੀ। ‘ਮੁਸਲਿਮ ਲੀਗ’ ਨੂੰ ਦੇਸ਼ ਦੇ ਦੋ ਟੁਕੜੇ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ।

ਮੁਸਲਿਮ ਲੀਗ ਜਾਂ ਕਿਸੇ ਹੋਰ ਵੀ ਮੁਸਲਿਮ ਪਾਰਟੀ ਦੇ ਨੇੜੇ ਜਾਣ ਵਾਲੇ ਮੁਸਲਮਾਨਾਂ ਨੂੰ ਦੇਸ਼ ਦੀ ਵੰਡ ਕਰਵਾਉਣ ਵਾਲੇ ਤੇ ‘ਪਾਕੀ ਪਿੱਠੂ’ ਕਹਿ ਕੇ ਬਦਨਾਮ ਕੀਤਾ ਜਾਣ ਲੱਗਾ ਤੇ ਆਮ ਕਿਹਾ ਜਾਣ ਲੱਗਾ ਕਿ ਮੁਸਲਮਾਨਾਂ ਨੂੰ ਖੁਲ੍ਹ ਦੇ ਦਿਤੀ ਗਈ ਸੀ ਕਿ ਪਾਕਿਸਤਾਨ ਜਾਣਾ ਚਾਹੁਣ ਤਾਂ ਉਥੇ ਚਲੇ ਜਾਣ ਪਰ ਜਿਨ੍ਹਾਂ ਨੇ ਹਿੰਦੁਸਤਾਨ ਵਿਚ ਰਹਿਣਾ ਪਸੰਦ ਕੀਤਾ ਹੈ, ਉਹ ਖ਼ਾਲਸ ‘ਹਿੰਦੁਸਤਾਨੀ ਸੋਚ’ ਨੂੰ ਅਪਨਾਉਣ ਨਹੀਂ ਤਾਂ....। ਕਸ਼ਮੀਰ ਭਾਰਤ ਨੂੰ ਲੈ ਕੇ ਦੇਣ ਵਾਲੇ ਸ਼ੇਖ਼ ਅਬਦੁੱਲਾ ਨੂੰ ਪਾਕ-ਪੱਖੀ ਕਹਿ ਕੇ ਜੇਲ ਵਿਚ ਪਾ ਦਿਤਾ ਗਿਆ। ਰਿਹਾਈ ਵੇਲੇ ਇਹ ਸ਼ਰਤ ਮਨਵਾ ਲਈ ਗਈ ਕਿ ਉਸ ਦੀ ਪਾਰਟੀ ਕਸ਼ਮੀਰ ਤੋਂ ਬਾਹਰ ਰਹਿੰਦੇ ਮੁਸਲਮਾਨਾਂ ਬਾਰੇ ਕੋਈ ਗੱਲ ਨਹੀਂ ਕਰੇਗੀ, ਨਾ ਕਸ਼ਮੀਰ ਤੋਂ ਬਾਹਰ ਕੋਈ ਬਰਾਂਚ ਹੀ ਖੋਲ੍ਹੇਗੀ।

ਸਿੱਖਾਂ ਵਿਚੋਂ ਜਾਂ ਅਕਾਲੀ ਲੀਡਰਾਂ ਵਿਚ ਬਹੁਤੇ ਤਾਂ ਕਾਂਗਰਸ ਵਿਚ ਹੀ ਸ਼ਾਮਲ ਹੋ ਗਏ। ਮਝੈਲ ਲੀਡਰਾਂ ਨੇ ਪਹਿਲ ਕੀਤੀ ਪਰ ਮਾਲਵੇ ਵਾਲਿਆਂ ਨੇ ਅਕਾਲੀ ਦਲ ਦਾ ਪੱਲਾ ਫੜੀ ਰਖਿਆ। ਲੀਡਰਾਂ ’ਚੋਂ ਮਾ. ਤਾਰਾ ਸਿੰਘ ਇਕੱਲੇ ਰਹਿ ਗਏ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਿਚੋਂ ਹਰਾ ਕੇ ਕਾਂਗਰਸ ਦਾ ਪ੍ਰੇਮ ਸਿੰਘ ਲਾਲਪੁਰਾ ਪ੍ਰਧਾਨ ਬਣ ਗਿਆ। ਅਕਾਲ ਤਖ਼ਤ ਦੇ ਦੋ ਜਥੇਦਾਰ ਵੀ ਕਾਂਗਰਸੀ ਲੱਗ ਗਏ -- ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਤੇ ਮੋਹਨ ਸਿੰਘ। ਉਦੋਂ ਬੜਾ ਸ਼ੋਰ ਮਚਿਆ ਕਿ ਮਾ: ਤਾਰਾ ਸਿੰਘ ਦੀ ਲੀਡਰੀ ਵੀ ਖ਼ਤਮ ਤੇ ਅਕਾਲੀ ਦਲ ਵੀ ਖ਼ਤਮ। ਟ੍ਰਿਬਿਊਨ ਤੇ ਹਿੰਦੁਸਤਾਨ ਟਾਈਮਜ਼ ਦੇ ਉਸ ਵੇਲੇ ਦੇ ਪਰਚੇ ਵੇਖ ਲਉ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਏਗੀ। ਪਰ ਮੁਸਲਮਾਨਾਂ  ਦੇ ਉਲਟ, ਮਾ. ਤਾਰਾ ਸਿੰਘ ਨੇ ‘ਬੀਰ ਖ਼ਾਲਸਾ ਦਲ’ ਨਾਂ ਦੀ ਨਵੀਂ ਜਥੇਬੰਦੀ ਖੜੀ ਕਰ ਕੇ ਅਤੇ ਪੰਥ ਬਚਾਉ ਦਾ ਵੱਡਾ ਨਾਹਰਾ ਮਾਰ ਕੇ ਅਕਾਲੀ ਦਲ ਨੂੰ ਫਿਰ ਪੈਰਾਂ ਸਿਰ ਕਰ ਦਿਤਾ। ਆਜ਼ਾਦ ਭਾਰਤ ਵਿਚ ਪਹਿਲੀਆਂ ਗੁਰਦਵਾਰਾ ਚੋਣਾਂ ਹੋਈਆਂ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਪੱਕਾ ਫ਼ੈਸਲਾ ਕਰ ਲਿਆ ਕਿ ਮਾ. ਤਾਰਾ ਸਿੰਘ ਨੂੰ ਹਰਾ ਕੇ, ਅਕਾਲੀ ਦਲ ਦਾ ਵੀ ਭੋਗ ਪਵਾ ਕੇ ਰਹਿਣਾ ਹੈ।

ਕਮਿਊਨਿਸਟ ਵੀ ਅਪਣਾ ਵਖਰਾ ਦਲ ਬਣਾ ਕੇ ਕੈਰੋਂ ਦੇ ਸਾਥੀ ਬਣ ਗਏ ਤੇ 140 ਸੀਟਾਂ ਤੇ ਗਹਿਗੱਚ ਲੜਾਈ ਹੋਈ। ਕੈਰੋਂ ਨੇ ਮਾ. ਤਾਰਾ ਸਿੰਘ ਵਿਰੁਧ ਪੋਸਟਰਾਂ ਦਾ ਹੜ੍ਹ ਲਿਆ ਦਿਤਾ। ਅਕਾਲੀ ਦਲ ਤਾਂ ਛੋਟੀਆਂ-ਛੋਟੀਆਂ ਪਰਚੀਆਂ ਹੀ ਵੰਡ ਰਿਹਾ ਸੀ ਪਰ ਕੈਰੋਂ ਦੀ ਪਾਰਟੀ ਦੇ ਵੱਡੇ-ਵੱਡੇ ਪੋਸਟਰ ਸ਼ਹਿਰਾਂ ਅਤੇ ਪੰਡਾਲਾਂ ਉਤੇ ਛਾਏ ਹੋਏ ਸਨ। ਪਰ ਜਦ ਨਤੀਜਾ ਨਿਕਲਿਆ ਤਾਂ 140 ’ਚੋਂ 136 ਸੀਟਾਂ ਉਤੇ ਮਾ. ਤਾਰਾ ਸਿੰਘ ਦਾ ਅਕਾਲੀ ਦਲ ਜੇਤੂ ਰਿਹਾ ਤੇ ਕਮਿਊਨਿਸਟ ਇਕ  ਸੀਟ ਵੀ ਨਾ ਜਿੱਤ ਸਕੇ। ਇਕ ਪੰਥਕ ਪਾਰਟੀ ਵਜੋਂ ਅਕਾਲੀ ਦਲ ਫਿਰ ਇਕ ‘ਫ਼ੋਰਸ’ ਬਣ ਕੇ ਮੈਦਾਨ ਵਿਚ ਆ ਗਿਆ। ਹੁਣ ਦਿੱਲੀ ਵਾਲਿਆਂ ਨੂੰ ਸਮਝ ਆ ਗਈ ਕਿ ਸਿੱਖਾਂ ਦੀ ਪੰਥਕ ਪਾਰਟੀ ਨੂੰ ਕਮਜ਼ੋਰ ਕਰਨਾ ਏਨਾ ਸੌਖਾ ਨਹੀਂ ਸੀ ਜਿੰਨਾ ਮੁਸਲਮਾਨਾਂ ਦੀ ਰਾਜਸੀ ਪਾਰਟੀ ਨੂੰ ਕਮਜ਼ੋਰ ਕਰਨਾ ਸੌਖਾ ਸਾਬਤ ਹੋਇਆ ਸੀ।

ਸੋ ਮਾਸਟਰ ਤਾਰਾ ਸਿੰਘ ਦੇ ਜਨਮ ਦਿਨ ’ਤੇ ਵੀ ਜਵਾਹਰ ਲਾਲ ਨਹਿਰੂ ਵਰਗੇ ਵੱਡੇ ਲੀਡਰ ਆਪ ਆ ਕੇ ਵਧਾਈਆਂ ਦੇਣ ਲੱਗੇ ਤੇ ਅਖ਼ੀਰ ਖ਼ੁਦ ਜਵਾਹਰ ਲਾਲ ਨਹਿਰੂ ਨੇ ਮਾ. ਤਾਰਾ ਸਿੰਘ ਨੂੰ ਪੰਜਾਬ ਛੱਡ ਕੇ ਸਾਰੇ ਦੇਸ਼ ਦਾ ਲੀਡਰ ਬਣਨ ਦੀ ਪੇਸ਼ਕਸ਼ ਇਹ ਕਹਿ ਕੇ ਕੀਤੀ ਕਿ ਪਹਿਲਾਂ ਉਨ੍ਹਾਂ ਨੂੰ ਉਪ-ਰਾਸ਼ਟਰਪਤੀ ਬਣਾ ਦਿਤਾ ਜਾਏਗਾ ਤੇ ਫਿਰ ਪਹਿਲੇ ਰਾਸ਼ਟਰਪਤੀ ਦੇ ਰੀਟਾਇਰ ਹੋਣ ’ਤੇ ਮਾਸਟਰ ਜੀ ਨੂੰ ਰਾਸ਼ਟਰਪਤੀ ਬਣਾ ਦਿਤਾ ਜਾਏਗਾ। ਪਰ ਮੌਕੇ ਦੇ ਚਸ਼ਮਦੀਦ ਗਵਾਹ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਅਨੁਸਾਰ, ਮਾਸਟਰ ਜੀ ਨੇ ਇਹ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿਤਾ ਤੇ ਏਨਾ ਹੀ ਕਿਹਾ, ‘‘ਤੁਹਾਡੇ ਕੋਲ ਬੜੇ ਲੋਕ ਹਨ ਜੋ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ ਪਰ ਮੇਰੀ ਲੋੜ ਪੰਥ ਨੂੰ ਜ਼ਿਆਦਾ   ਹੈ।’’

ਨਹਿਰੂ ਨੂੰ ਏਨੇ ਰੁੱਖੇ ਜਵਾਬ ਦੀ ਆਸ ਨਹੀਂ ਸੀ। ਕੈਰੋਂ ਨੇ ਕਿਹਾ, ‘‘ਕੋਈ ਨਾ ਮੈਂ ਮਾ. ਤਾਰਾ ਸਿੰਘ ਨੂੰ ਹਰਾ ਵਿਖਾਵਾਂਗਾ। ਤੁਸੀ ਇਹ ਕੰਮ ਮੇਰੇ ’ਤੇ ਛੱਡੋ।’’
ਨਹਿਰੂ ਨੇ ਕਿਹਾ, ‘‘ਇਹ ਕੰਮ ਕਰ ਦੇਵੇਂ ਤਾਂ ਜੋ ਵੱਡੇ ਤੋਂ ਵੱਡਾ ਅਹੁਦਾ ਮੰਗੇਂਗਾ, ਮੈਂ ਦੇ ਦੇਵਾਂਗਾ।’’ ਕੈਰੋਂ ਨੇ ‘ਡੀਫ਼ੈਂਸ ਮਨਿਸਟਰ’ ਬਣਾਉਣ ਦਾ ਵਾਅਦਾ ਲੈ ਲਿਆ ਤੇ ਅਪਣਾ ਕੰਮ ਸ਼ੁਰੂ ਕਰ ਦਿਤਾ।   ਮਾ. ਤਾਰਾ ਸਿੰਘ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਲੜਾਈ ਤੇਜ਼ ਤੋਂ ਤੇਜ਼ ਹੀ ਹੁੰਦੀ ਗਈ। ਮਾ. ਤਾਰਾ ਸਿੰਘ ਦੇ ਅਕਾਲੀ ਦਲ ਨੂੰ ਦੋਫਾੜ ਕਰ ਕੇ ਤੇ ਜੱਟ-ਭਾਪੇ ਦਾ ਸਵਾਲ ਬੜੇ ਜ਼ੋਰ ਨਾਲ ਚੁਕਣ ਕਰ ਕੇ ਅਖ਼ੀਰ ਕੈਰੋਂ ਮਾ. ਤਾਰਾ ਸਿੰਘ ਨੂੰ ਹਰਾਉਣ ਵਿਚ ਕਾਮਯਾਬ ਹੋ ਗਿਆ ਪਰ ਨਹਿਰੂ ਨੇ ਕੈਰੋਂ ਨਾਲ ਵਾਅਦਾ ਪੂਰਾ ਨਾ ਕੀਤਾ ਸਗੋਂ ਮਿਲਣ ਤੋਂ ਹੀ ਇਨਕਾਰ ਕਰ ਦਿਤਾ। ਰਘਬੀਰ ਸਿੰਘ ਪੰਜ ਹਜ਼ਾਰੀ ਦੀ ਕੋਠੀ ਵਿਚ ਪੰਜ ਦਿਨ ਬੈਠ ਕੇ, ਮੁਲਾਕਾਤ ਲਈ ਸਮਾਂ ਮੰਗਦੇ ਮੰਗਦੇ ਹਾਰ ਗਿਆ ਤਾਂ ਕੈਰੋਂ ਉਦਾਸ ਹੋ ਕੇ ਮੇਰੇ ਪਿਤਾ ਦੇ ਘਰ ਆਇਆ। ਮੇਰੇ ਸਾਹਮਣੇ ਉਸ ਨੇ ਨਹਿਰੂ ਤੇ ਸੰਤ ਫ਼ਤਿਹ ਸਿੰਘ ਨੂੰ ਹਜ਼ਾਰ ਹਜ਼ਾਰ ਗਾਲਾਂ ਕੱਢੀਆਂ ਤੇ ਮਾ. ਤਾਰਾ ਸਿੰਘ ਨੂੰ ਹਰਾਉਣ ਲਈ ਕੀਤੇ ਕੰਮਾਂ ਨੂੰ ਜ਼ਿੰਦਗੀ ਦੀ ਸੱਭ ਤੋਂ ਵੱਡੀ ਗ਼ਲਤੀ ਮੰਨਿਆ। ਮੈਂ ਪਹਿਲੀ ਵਾਰ ਕਿਸੇ ਲੀਡਰ ਦੀਆਂ ਅੱਖਾਂ ਵਿਚ ਅਥਰੂ ਛਲਕਦੇ ਵੇਖੇ।

ਉਸ ਮਗਰੋਂ ਅਕਾਲੀ ਦਲ ਕਮਜ਼ੋਰ ਹੁੰਦਾ ਹੀ ਗਿਆ ਤੇ ਬਲੂ-ਸਟਾਰ ਆਪ੍ਰੇਸ਼ਨ ਨੇ ਤਾਂ ਉਸ ਦੀ ਜਿਵੇਂ ਜਾਨ ਹੀ ਕੱਢ ਦਿਤੀ। ਪਾਠਕਾਂ ਨੂੰ ਸੱਭ ਪਤਾ ਹੈ। ਅਖ਼ੀਰ ਬਾਦਲਾਂ ਨੇ ਕੇਂਦਰ ਨਾਲ ਸਮਝੌਤਾ ਕੀਤਾ ਕਿ ਨਾ ਉਹ ਬਲੂ-ਸਟਾਰ ਆਪ੍ਰੇਸ਼ਨ ਦੀ ਇਨਕੁਆਇਰੀ ਹੋਣ ਦੇਣਗੇ, ਨਾ ਪੰਥਕ ਮੰਗਾਂ ਦੀ ਮੁੜ ਤੋਂ ਗੱਲ ਹੀ ਕਰਨਗੇ। ਕੇਂਦਰ ਨੇ ਸ਼ਰਤ ਰੱਖੀ ਕਿ ਅਕਾਲੀ ਦਲ ਦਾ ਪੰਥਕ ਸਰੂਪ ਖ਼ਤਮ ਕਰੋ, ਫਿਰ ਯਕੀਨ ਕਰ ਲਵਾਂਗੇ। ਸੋ ਮੋਗਾ ਕਾਨਫ਼ਰੰਸ ਵਿਚ ਅਕਾਲੀ ਦਲ ‘ਪੰਜਾਬੀ’ ਪਾਰਟੀ ਬਣ ਗਿਆ ਜੋ ਗੁਰਦਵਾਰਾ ਚੋਣਾਂ ਵੇਲੇ ‘ਪੰਥਕ’ ਬਣ ਜਾਂਦਾ ਹੈ ਤੇ ਅੱਗੇ ਪਿੱਛੇ ਕਿਸੇ ਪੰਥਕ ਮੰਗ ਦਾ ਜ਼ਿਕਰ ਵੀ ਕਰਨਾ ਪੈ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਰਸਮੀ ਜਿਹਾ ਬਿਆਨ ਦਿਵਾ ਕੇ ਮਾਮਲਾ ਠੱਪ ਕਰ ਦਿਤਾ ਜਾਂਦਾ ਹੈ। ਅੱਜ ਹੀ ਵੇਖ ਲਉ, ਪੰਜਾਬ ਵਿਚ ਗ਼ੈਰ-ਪੰਜਾਬੀਆਂ ਨੂੰ ਧੜਾਧੜ ਨੌਕਰੀਆਂ ਦੇ ਕੇ ਪੰਜਾਬ ਦਾ ਰਾਜਸੀ ਤੇ ਪ੍ਰਸ਼ਾਸਕੀ ਸੰਤੁਲਨ ਵਿਗਾੜਿਆ ਜਾ ਰਿਹੈ। ਕਿਸੇ ਅਕਾਲੀ ਨੇ ਜ਼ੁਬਾਨ ਨਹੀਂ ਖੋਲ੍ਹੀ, ਕੇਵਲ ਕਾਂਗਰਸੀ ਲੀਡਰਾਂ ਨੇ ਰੋਸ ਪ੍ਰਗਟ ਕੀਤਾ ਹੈ। ਅਕਾਲੀ ਦਲ ਸਿਰਫ਼ ਵਜ਼ੀਰੀਆਂ ਤੇ ਕੁੱਝ ਫ਼ਾਇਦੇ ਇਕ-ਦੋ ਪ੍ਰਵਾਰਾਂ ਲਈ ਲੈਣ ਤਕ ਹੀ ਮਹਿਦੂਦ ਰਹਿੰਦਾ ਹੈ।

ਸੋ ਕਈ ਜ਼ਮੀਰ ਵਾਲੇ ਆਗੂ, ਬਗ਼ਾਵਤ ਕਰ ਕੇ ਬਾਹਰ ਆ ਗਏ। ਬਾਹਰ ਆ ਕੇ ਵੀ ਕੁੱਝ ਨਾ ਬਣਦਾ ਵੇਖ ਕੇ ਘਰ-ਵਾਪਸੀ ਕਰ ਰਹੇ ਹਨ। ਪਰ ਕੋਈ ਸ਼ਰਤ ਵੀ ਮਨਵਾਈ ਹੈ ਉਨ੍ਹਾਂ ਨੇ? ਨਹੀਂ, ਅਕਾਲੀ ਦਲ ਗ਼ੈਰ-ਪੰਥਕ ਪੰਜਾਬੀ ਪਾਰਟੀ ਹੀ ਬਣਿਆ ਰਹੇਗਾ। ਨੀਤੀਆਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ। ਚੰਡੀਗੜ੍ਹ ਵਿਚ ਇਕ ਪ੍ਰਵਾਰ ਦੇ ਮੁਕੰਮਲ ਕਬਜ਼ੇ ਹੇਠ ਰਹੇਗਾ। ਮਤਲਬ ਜਿਸ ਤਰ੍ਹਾਂ ਦਾ ਅਕਾਲੀ ਦਲ ਕੇਂਦਰ ਚਾਹੁੰਦਾ ਸੀ, ਉਸੇ ਤਰ੍ਹਾਂ ਦਾ ਬਣ ਗਿਆ ਹੈ ਅਰਥਾਤ ਬੇਜਾਨ, ਕੌਮ ਦੀ ਗੱਲ ਤੇ ਪੰਜਾਬ ਦੀ ਗੱਲ ਰਸਮੀ ਤੌਰ ’ਤੇ ਕਰਨ ਤੋਂ ਅੱਗੇ ਨਾ ਜਾਣ ਵਾਲਾ ਤੇ ਨਿਜੀ ਫ਼ਾਇਦੇ ਲੈ ਕੇ ਗੱਲ ਖ਼ਤਮ ਕਰ ਦੇਣ ਵਾਲਾ ਕਾਗ਼ਜ਼ੀ ਅਕਾਲੀ ਦਲ ਤਾਂ ਬਣਿਆ ਰਹੇਗਾ ਪਰ ਪੰਥ ਜਾਂ ਸਿੱਖਾਂ ਨੇ ਜਿਸ ਮਕਸਦ ਲਈ ਬਣਾਇਆ ਸੀ, ਉਹ ਖ਼ਤਮ। ਬੀਬੀ ਜਗੀਰ ਕੌਰ ਵਰਗੇ ਲੀਡਰਾਂ ਨੇ ਸ਼ਰਤਾਂ ਰਖੀਆਂ ਵੀ ਪਰ ਅੰਤ ਦਿੱਲੀ ਵਾਲਿਆਂ ਦੀ ਜਿੱਤ ਹੋ ਕੇ ਰਹੀ। ਦਿੱਲੀ ਵਾਲੇ ਜੋ ਚਾਹੁੰਦੇ ਸਨ, ਉਹ ਉਨ੍ਹਾਂ ਨੇ ਹਾਸਲ ਕਰ ਲਿਆ ਹੈ। ਭੁਲ ਜਾਉ ਅਨੰਦਪੁਰ ਮਤੇ ਨੂੂੰ, ਚੰਡੀਗੜ੍ਹ ਨੂੰ, ਦਰਿਆਈ ਪਾਣੀਆਂ ਨੂੰ, ਕਿਸਾਨਾਂ ਨੂੰ ਤੇ ਨੌਕਰੀਆਂ ਵਿਚ ਵਿਤਕਰੇ ਨੂੰ। ਯਾਦ ਰੱਖੋ ਸਿਰਫ਼ ਅਪਣੇ ਇਕ ਦੋ ਪ੍ਰਵਾਰਾਂ ਲਈ ਵਜ਼ੀਰੀਆਂ ਦੀ ਨਿਵਾਜ਼ਿਸ਼ ਨੂੰ! ਐਸੇ ਅਕਾਲੀ ਦਲ ਵਿਚ ਹਜ਼ਾਰ ਲੀਡਰਾਂ ਦੀ ਘਰ-ਵਾਪਸੀ ਵੀ ਪਾਰਟੀ ਨੂੰ ਖ਼ਤਮ ਹੋਣੋਂ ਨਹੀਂ ਬਚਾ ਸਕੇਗੀ।