ਚੌਧਰੀ ਦੇਵੀ ਲਾਲ ਦੀ ਗੱਲ ਪੰਜਾਬੀ ਤੇ ਹਰਿਆਣਵੀ ਆਗੂ ਅੱਜ ਵੀ ਸੁਣ ਲੈਣ ਤਾਂ.....  (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪੰਜਾਬ ਅਤੇ ਹਰਿਆਣਾ ਦੋਵੇਂ ਹੀ ਦੇਸ਼ ਦੇ ਸੱਭ ਤੋਂ ਮਜ਼ਬੂਤ ਅਤੇ ਸਕੇ ਭਰਾਵਾਂ ਵਰਗੇ ਸੂਬੇ ਬਣ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਇਨ੍ਹਾਂ ਨੂੰ ਗੁਲਜ਼ਾਰੀ ਲਾਲ ਨੰਦਾ ਦੇ ..

Chaudhary Devi Lal

ਪੰਜਾਬ ਅਤੇ ਹਰਿਆਣਾ ਦੋਵੇਂ ਹੀ ਦੇਸ਼ ਦੇ ਸੱਭ ਤੋਂ ਮਜ਼ਬੂਤ ਅਤੇ ਸਕੇ ਭਰਾਵਾਂ ਵਰਗੇ ਸੂਬੇ ਬਣ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਇਨ੍ਹਾਂ ਨੂੰ ਗੁਲਜ਼ਾਰੀ ਲਾਲ ਨੰਦਾ ਦੇ ਵਿਛਾਏ 'ਚੱਕਰਵਿਊ' 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਰਲ ਮਿਲ ਕੇ ਆਪ ਕਰਨੀ ਹੋਵੇਗੀ ਜਦਕਿ ਕੇਂਦਰੀ ਸ਼ਕਤੀਆਂ ਇਨ੍ਹਾਂ ਨੂੰ  ਲੜਦਿਆਂ ਰਹਿਣ ਲਈ ਉਕਸਾਉਂਦੀਆਂ ਰਹਿਣਗੀਆਂ ...

1966 ਵਾਲਾ ਪੁਨਰਗਠਨ ਐਕਟ ਬਣਨ ਮਗਰੋਂ, ਅਕਲ ਦੀ ਮੰਗ ਇਹ ਸੀ ਕਿ ਅਕਾਲੀ ਲੀਡਰ ਸਾਂਝੀਆਂ ਕੜੀਆਂ ਤੁਰਤ ਖ਼ਤਮ ਕਰਨ ਲਈ ਅੜ ਜਾਂਦੇ ਪਰ 'ਗੱਦੀ-ਮੋਹ' ਵਿਚ ਉਹ ਇਸ ਤਰ੍ਹਾਂ ਗ੍ਰਸੇ ਗਏ ਕਿ ਦਿੱਲੀ ਵਾਲਿਆਂ ਨਾਲ 'ਪਤੀ-ਪਤਨੀ' ਵਾਲਾ ਰਿਸ਼ਤਾ ਵੀ ਜੋੜ ਲਿਆ, ਵਜ਼ੀਰੀਆਂ ਵੀ ਸਾਂਝੀਆਂ ਕਰ ਲਈਆਂ, ਅਕਾਲੀ ਦਲ ਦਾ 'ਪੰਥਕ' ਸਰੂਪ ਵੀ ਖ਼ਤਮ ਕਰ ਦਿਤਾ ਤੇ ਕੇਂਦਰ ਤੋਂ ਵਚਨ ਦੋ ਹੀ ਲਏ ਕਿ 'ਦਿੱਲੀ ਅਤੇ ਪੰਜਾਬ ਵਿਚ ਦੋਹੀਂ ਥਾਈਾ ਵਜ਼ੀਰੀਆਂ ਤੇ ਗੁਰਦਵਾਰਿਆਂ ਦੀਆਂ ਗੋਲਕਾਂ, ਬਾਦਲ ਪ੍ਰਵਾਰ ਲਈ ਸੁਰੱਖਿਅਤ ਰਹਿਣ ਦਿਤੀਆਂ ਜਾਣਗੀਆਂ |' 

ਸੋ 56 ਸਾਲ ਬਾਅਦ ਵੀ ਅੱਜ ਪੰਜਾਬ ਉਸ ਨਾਲੋਂ ਵੀ ਮਾੜੀ ਹਾਲਤ ਵਿਚ ਹੈ ਜੋ 1966 ਵਿਚ ਸੀ ਤੇ ਜੋ ਕੁੱਝ ਇਸ ਕੋਲ ਬਾਕੀ ਰਹਿ ਗਿਆ ਹੈ, ਉਹ ਵੀ ਖੋਹਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ ਪਰ ਅਕਾਲ ਤਖ਼ਤ ਦਾ 'ਜਥੇਦਾਰ' ਕਹਿੰਦਾ ਹੈ ਕਿ 'ਬਦਤਮੀਜ਼' ਵੋਟਰਾਂ ਕਾਰਨ, ਬਾਦਲ ਪ੍ਰਵਾਰ ਦੀ ਹਾਰ ਦਾ ਸਿੱਖਾਂ ਨੂੰ  ਬਹੁਤ ਨੁਕਸਾਨ ਹੋਵੇਗਾ |

ਨੁਕਸਾਨ ਤਾਂ ਉਦੋਂ ਹੁੰਦਾ ਹੈ ਜਦੋਂ ਸੱਤਾ ਵਿਚ ਰਹਿਣ ਸਮੇਂ ਉਨ੍ਹਾਂ ਕੋਲੋਂ ਪੰਜਾਬ ਅਤੇ ਪੰਥ ਨੂੰ  ਬਹੁਤ ਫ਼ਾਇਦਾ ਹੋਇਆ ਹੋਵੇ | ਮੈਂ ਉਪਰ ਬਹੁਤ ਥੋੜੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਪਰ 1966 ਤੋਂ 2022 ਤਕ ਦੀਆਂ ਪ੍ਰਾਪਤੀਆਂ ਤੇ ਨਾਕਾਮੀਆਂ ਦਾ ਪੂਰਾ ਵੇਰਵਾ ਤਿਆਰ ਕਰ ਲਿਆ ਜਾਏ ਤਾਂ ਇਹ ਕਹੇ ਬਿਨਾਂ ਕੋਈ ਨਹੀਂ ਰਹਿ ਸਕੇਗਾ ਕਿ ਐਸੀ ਲੀਡਰਸ਼ਿਪ ਨਾਲੋਂ ਤਾਂ ਅਸੀ 'ਨਿਖਸਮੇ' ਹੀ ਭਲੇ, ਜੋ ਸਾਡੇ ਆਸਰੇ, ਗੱਦੀ ਤੇ ਬੈਠ ਕੇ ਹੀ, ਅੰਦਰੋਂ ਪੰਜਾਬ ਤੇ ਪੰਥ ਦਾ ਹੀ ਨੁਕਸਾਨ ਕਰਦੀ ਆ ਰਹੀ ਹੈ ਤੇ ਲੋਕਾਂ ਦਾ ਵਿਸ਼ਵਾਸ ਖ਼ਤਮ ਕਰਨ ਲਈ ਜ਼ਿੰਮੇਵਾਰ ਹੈ!

ਹੱਲ ਕੀ ਨਿਕਲੇ? ਇਥੇ ਹੀ ਮੈਨੂੰ ਯਾਦ ਆਉਂਦੀ ਹੈ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਦੀ ਇਕ ਘਟਨਾ | ਮੈਂ ਉਸ ਵੇਲੇ ਪੱਤਰਕਾਰੀ ਵਿਚ ਨਵਾਂ ਨਵਾਂ ਪੈਰ ਧਰਿਆ ਸੀ ਤੇ ਇਕ ਮਾਸਕ ਪਰਚਾ ਕਢਿਆ ਕਰਦਾ ਸੀ | ਮਾਸਕ ਪਰਚਾ ਵੀ ਕਿਉਂਕਿ ਗ਼ੈਰ-ਸਿਆਸੀ ਪਰਚਾ ਸੀ, ਇਸ ਲਈ ਸਿਆਸਤਦਾਨਾਂ ਨਾਲ ਮੇਰਾ ਕੋਈ ਵਾਹ-ਵਾਸਤਾ ਨਹੀਂ ਸੀ ਹੁੰਦਾ ਪਰ ਅੰਗਰੇਜ਼ੀ ਟਰੀਬਿਊਨ ਦੇ ਸੀਨੀਅਰ ਪੱਤਰਕਾਰ ਪ੍ਰੇਮ ਮਹਿੰਦਰਾ ਅਤੇ ਇਸੇ ਅਖ਼ਬਾਰ ਦੇ ਚਰਚਿਤ ਫ਼ੋਟੋਗਰਾਫ਼ਰ ਯੋਗ ਜਾਏ ਮੇਰੀ ਲਿਖਤ ਨੂੰ  ਪਸੰਦ ਕਰਦੇ ਸਨ, ਇਸ ਲਈ ਮੇਰੇ ਕੋਲ ਆ ਜਾਇਆ ਕਰਦੇ ਸਨ ਤੇ ਕਦੇ ਕਦੇ ਮੈਨੂੰ ਸਿਆਸਤਦਾਨਾਂ ਕੋਲ ਵੀ ਲੈ ਜਾਂਦੇ ਸਨ |

ਇਕ ਦਿਨ ਪ੍ਰੇਮ ਮਹਿੰਦਰਾ ਮੇਰੇ ਕੋਲ ਆਏ ਤੇ ਕਹਿਣ ਲੱਗੇ, ''ਦੇਵੀ ਲਾਲ ਨੂੰ  ਮਿਲਣ ਜਾ ਰਿਹਾ ਹਾਂ, ਤੁਸੀ ਵੀ ਨਾਲ ਚੱਲੋ | ਤੁਹਾਨੂੰ ਬਹੁਤ ਚੰਗਾ ਲੱਗੇਗਾ | ਆਮ ਸਿਆਸਤਦਾਨਾਂ ਨਾਲੋਂ ਬਿਲਕੁਲ ਵਖਰੀ ਕਿਸਮ ਦਾ ਬੰਦਾ ਹੈ | ਉਹਨੂੰ ਮਿਲ ਕੇ ਤੁਸੀ ਬਹੁਤ ਖ਼ੁਸ਼ ਹੋਵੋਗੇ |'' ਮੈਂ ਚਲਾ ਗਿਆ | ਮੇਰੇ ਘਰ ਦੇ ਨੇੜੇ ਹੀ ਉਹ ਇਕ ਕੋਠੀ ਵਿਚ ਅਕਸਰ ਬੈਠਿਆ ਕਰਦੇ ਸਨ | ਪ੍ਰੇਮ ਮਹਿੰਦਰਾ ਨੇ ਅਪਣੇ ਖ਼ਾਸ ਅੰਦਾਜ਼ ਵਿਚ ਪਹਿਲਾਂ ਕੁੱਝ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਤੇ ਫਿਰ ਬੋਲੇ, ''ਚੌਧਰੀ ਸਾਹਬ, ਪੰਜਾਬੀ ਸੂਬੇ ਦੇ ਤੁਸੀ ਵੱਡੇ ਹਮਾਇਤੀ ਹੋ | ਪੰਜਾਬੀ ਸੂਬਾ ਬਣ ਜਾਏ ਤਾਂ ਤੁਹਾਨੂੰ ਕੀ ਮਿਲੇਗਾ?''

ਦੇਵੀ ਲਾਲ ਜੀ ਬੋਲੇ, ''ਹਰਿਆਣਾ ਮਿਲੇਗਾ, ਹੋਰ ਕੀ ਚਾਹੀਦੈ ਸਾਨੂੰ?''
ਪ੍ਰੇਮ ਮਹਿੰਦਰਾ ਬੋਲੇ, ''ਪਿੱਦੀ ਜਿੰਨਾ ਹਰਿਆਣਾ ਲੈ ਕੇ ਕੀ ਕਰੋਗੇ? ਨਾ ਤੁਹਾਨੂੰ ਭਾਖੜਾ ਮਿਲੇਗਾ, ਨਾ ਸਤਲੁਜ, ਨਾ ਬਿਆਸ ਤੇ ਨਾ ਰਾਵੀ | ਉਦਯੋਗ ਤੁਹਾਡੇ ਕੋਲ ਨਹੀਂ, ਖੇਤੀ ਤੁਹਾਡੀ ਚੰਗੀ ਨਹੀਂ, ਵੱਖ ਹੋ ਕੇ ਭੁੱਖੇ ਮਰੋਗੇ? ਪੰਜਾਬ ਦੇ ਸਿਰ ਤੇ ਤਾਂ ਜੀਅ ਰਹੇ ਹੋ |''
ਦੇਵੀ ਲਾਲ ਤਣ ਕੇ ਬੈਠ ਗਏ ਤੇ ਬੋਲੇ, ''ਸਾਨੂੰ ਮੂਰਖ ਨਾ ਸਮਝੋ, ਸਾਨੂੰ ਪਤਾ ਹੈ ਜਦ ਤਕ ਅਸੀ ਪੰਜਾਬ ਨਾਲ ਬੰਨ੍ਹੇ ਹੋਏ ਹਾਂ, ਤਦ ਤਕ ਅਸੀ ਇਸੇ ਤਰ੍ਹਾਂ ਭੁੱਖੇ ਨੰਗੇ ਰਹਾਂਗੇ | ਪਰ ਜਿਸ ਦਿਨ ਹਰਿਆਣਾ ਬਣ ਗਿਆ, ਅਸੀ ਪੰਜਾਬ ਦੀ ਬਰਾਬਰੀ ਤੇ ਆ ਜਾਵਾਂਗੇ ਕਿਉਂਕਿ ਯੂ.ਪੀ. ਦੇ ਮੇਰਠ ਡਵੀਜ਼ਨ ਦੇ ਜਾਟ ਜੋ ਸਾਡੇ ਤੋਂ ਵੱਖ ਕੀਤੇ ਹੋਏ ਹਨ, ਉਹ ਸਾਡੇ ਨਾਲ ਆ ਰਲਣਗੇ ਤੇ ਮਹਾਂ ਹਰਿਆਣਾ ਬਣ ਜਾਏਗਾ | ਅਕਾਲੀ ਵੀ ਸਾਡਾ ਸਾਥ ਦੇਣਗੇ ਤੇ ਯੂ.ਪੀ. ਵਾਲੇ ਤਾਂ ਤਿਆਰ ਹੀ ਬੈਠੇ ਹਨ | ਜਮਨਾ ਦਾ ਪਾਣੀ ਸਾਡੇ ਲਈ ਕਾਫ਼ੀ ਹੋਵੇਗਾ ਪਰ ਕਮੀ ਹੋਈ ਤਾਂ ਯੂਪੀ ਵੀ ਸਾਨੂੰ ਹੋਰ ਪਾਣੀ ਦੇ ਦੇਵੇਗਾ | ਪੰਜਾਬ ਵਾਲੇ ਵੀ ਸਾਡੇ ਭਾਈ ਹਨ | ਉਹ ਜੇ ਰਾਜਸਥਾਨ ਨੂੰ  ਮੁਲ ਲੈ ਕੇ ਪਾਣੀ ਦੇ ਸਕਦੇ ਨੇ ਤਾਂ ਸਾਨੂੰ ਵੀ ਦੇ ਦੇਣਗੇ | ਹੁਣ ਨਾਲੋਂ 100 ਗੁਣਾਂ ਖ਼ੁਸ਼ਹਾਲ ਬਣ ਜਾਏਗਾ ਸਾਡਾ ਹਰਿਆਣਾ | ਤੁਸੀ ਇਸ ਦੀ ਫ਼ਿਕਰ ਨਾ ਕਰੋ... |''

ਪ੍ਰੇਮ ਮਹਿੰਦਰਾ ਬੋਲਿਆ, ''ਚੰਡੀਗੜ੍ਹ ਗਵਾ ਲਉਗੇ, ਭਾਖੜਾ ਗਵਾ ਲਉਗੇ, ਸੱਭ ਕੁੱਝ ਹੀ ਗਵਾ ਲਉਗੇ ਤਾਂ ਅੱਧਾ-ਅੱਧਾ ਪੰਜਾਬ ਵੰਡਣ ਦੀ ਗੱਲ ਕਿਉਂ ਨਹੀਂ ਕਰਦੇ? ਬਰਾਬਰ-ਬਰਾਬਰ ਵੰਡ ਲਉ ਸੱਭ ਕੁੱਝ | ਪਰ ਤੁਸੀ ਤਾਂ ਮੰਗ ਹੀ ਨਹੀਂ ਕਰ ਰਹੇ.... |''
ਚੌਧਰੀ ਦੇਵੀ ਲਾਲ ਤਣ ਕੇ ਬੈਠ ਗਏ ਤੇ ਬੋਲੇ, ''ਸੁਣ ਮੇਰੇ ਭਾਈ, ਪੰਜਾਬੀ ਸੂਬਾ ਸਿੱਖਾਂ ਨੇ ਮੰਗਿਆ ਸੀ | ਪਹਿਲਾਂ ਉਨ੍ਹਾਂ ਨੂੰ  ਮੁਕੰਮਲ ਸੂਬਾ ਦੇ ਦਿਉ | ਹਰਿਆਣੇ ਨੂੰ  ਪਿੱਦੀ ਸੂਬਾ ਕਹਿ ਕੇ ਪੰਜਾਬ ਦੇ ਸਿੱਖਾਂ ਨਾਲ ਲੜਾਉਗੇ ਤਾਂ ਉਹ ਕਿਥੇ ਜਾਣਗੇ? ਪਾਕਿਸਤਾਨ ਵਲ ਕਿਉਂ ਧਕੇਲਦੇ ਹੋ ਸਿੱਖਾਂ ਨੂੰ ? ਪਹਿਲ ਉਨ੍ਹਾਂ ਦੀ ਹੈ | ਉਹ ਪੰਜਾਬੀ ਸੂਬਾ ਉਨ੍ਹਾਂ ਨੂੰ  ਦੇ ਦਿਉ ਜੋ ਮੁਕੰਮਲ ਤੇ ਮੁਨਾਫ਼ੇ ਵਾਲਾ ਸੂਬਾ ਹੋਵੇ ਤੇ ਉਨ੍ਹਾਂ ਦੀ ਤਸੱਲੀ ਕਰਦਾ ਹੋਵੇ | ਤੁਸੀ ਦਿਉਗੇ ਵੀ ਪਰ ਨਾਲ ਇਹ ਗਿਲਾ ਵੀ ਬਣਿਆ ਰਹਿਣ ਦਿਉਗੇ ਕਿ ਤੁਹਾਡਾ ਮਨ ਸਾਫ਼ ਨਹੀਂ ਸੀ | ਸਿੱਖਾਂ ਮਗਰੋਂ ਸਾਡੀ ਵਾਰੀ ਆਵੇਗੀ ਤਾਂ ਸਾਰਾ ਹਿੰਦੁਸਤਾਨ ਪਿਆ ਹੈ ਸਾਡੇ ਲਈ | ਯੂ.ਪੀ ਇਕੱਲਾ ਹੀ ਬਹੁਤ ਵੱਡਾ ਹੈ | ਸਾਨੂੰ ਉਥੋਂ ਸੱਭ ਕੁੱਝ ਮਿਲ ਜਾਏਗਾ ਪਰ ਸਿੱਖਾਂ ਨੂੰ  ਹੋਰ ਕਿਸੇ ਪਾਸਿਉਂ ਕੁੱਝ ਨਹੀਂ ਮਿਲ ਸਕਦਾ | ਮੇਰੇ ਕਈ ਸਾਥੀ ਵੀ ਕੇਂਦਰ ਵਾਲਿਆਂ ਦੀ ਸ਼ਹਿ ਤੇ ਪੰਜਾਬ ਦੇ ਬਣਦੇ ਹਿੱਸੇ ਨੂੰ  ਅਪਣੇ ਲਈ ਖੋਹਣਾ ਮੰਗਦੇ ਹਨ |

ਇਹ ਨਹੀਂ ਸਮਝਦੇ ਕਿ ਪੰਜਾਬ ਨੂੰ  ਵੀ ਉੱਤਮ ਸੂਬਾ ਬਣਾਈ ਰਖਣਾ ਸਾਡਾ ਤੇ ਸਾਰੇ ਹਿੰਦੁਸਤਾਨ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਦੀ ਤਸੱਲੀ ਹੋ ਜਾਣ ਮਗਰੋਂ, ਅਸੀ ਹਿੰਦੁਸਤਾਨ ਕੋਲੋਂ ਤੇ ਯੂ.ਪੀ ਕੋਲੋਂ ਜੋ ਮੰਗਾਂਗੇ, ਸਾਨੂੰ ਮਿਲ ਜਾਏਗਾ | ਪੰਜਾਬ ਤੋਂ ਵੀ ਜਿੰਨੀ ਮਦਦ ਮੰਗਾਂਗੇ, ਮਿਲ ਜਾਏਗੀ | ਭਰਾਵਾਂ ਦੀ ਤਰ੍ਹਾਂ ਅਲੱਗ ਹੋਵਾਂਗੇ ਤਾਂ ਦੋਹਾਂ ਨੂੰ  ਕੋਈ ਸਮੱਸਿਆ ਨਹੀਂ ਆਵੇਗੀ, ਦੁਸ਼ਮਣ ਬਣ ਕੇ ਅਲੱਗ ਹੋਵਾਂਗੇ ਤਾਂ ਦੋਵੇਂ ਰਾਜ ਨੁਕਸਾਨ ਉਠਾਉਣਗੇ | ਦਿੱਲੀ ਵਾਲੇ ਇਹੀ ਚਾਹੁੰਦੇ ਹਨ | ਮੇਰੇ ਕੁੱਝ ਸਾਥੀ ਵੀ ਇਹੀ ਚਾਹੁੰਦੇ ਹਨ | ਮੈਂ ਉਨ੍ਹਾਂ ਨੂੰ  ਸਮਝਾ ਲਵਾਂਗਾ... |''

ਮੈਂ ਸਚਮੁਚ ਦੇਵੀ ਲਾਲ ਨੂੰ  ਪਹਿਲੀ ਵਾਰ ਮਿਲ ਕੇ ਹੀ ਨਿਹਾਲ ਹੋ ਗਿਆ | ਅੱਜ ਵੀ ਦੇਵੀ ਲਾਲ ਦਾ ਇਕ ਇਕ ਫ਼ਿਕਰਾ ਯਾਦ ਰੱਖਣ ਵਾਲਾ ਹੈ | ਦੋਹਾਂ ਰਾਜਾਂ ਦੇ ਸਿਆਣੇ ਲੋਕਾਂ ਨੂੰ  ਇਹ ਨਾਹਰਾ ਲਾ ਕੇ ਕਿ ''ਪੰਜਾਬ ਨੂੰ  ਪੰਜਾਬ 'ਚੋਂ ਉਸ ਦਾ ਪੂਰਾ ਹੱਕ ਦਿਉ,  ਹਰਿਆਣੇ ਨੂੰ  ਹਿੰਦੁਸਤਾਨ 'ਚੋਂ ਪੂਰਾ ਹੱਕ ਦੇ ਕੇ ਆਤਮ-ਨਿਰਭਰ ਤੇ ਸੰਤੁਸ਼ਟ ਬਣਾਉ, ਦੋਵੇਂ ਸੂਬੇ ਹਿੰਦੁਸਤਾਨ ਦੇ ਹਨ, ਦੋਹਾਂ ਨੂੰ  ਖ਼ੁਦ ਕਫ਼ੈਲ, ਸੰਤੁਸ਼ਟ ਤੇ ਭਰਾ ਭਰਾ ਬਣੇ ਰਹਿਣ ਵਿਚ ਮਦਦ ਕਰਨਾ ਸਾਰੇ ਹਿੰਦੁਸਤਾਨ ਦਾ ਫ਼ਰਜ਼ ਬਣਦਾ ਹੈ, 56 ਸਾਲਾਂ ਦੀ ਕਿੜ-ਕਿੜ ਖ਼ਤਮ ਕਰ ਇਕੋ ਵਾਰੀ ਦੋ ਮਜ਼ਬੂਤ ਗਵਾਂਢੀ ਰਾਜ ਬਣਾ ਕੇ ਇਨ੍ਹਾਂ ਦਾ ਨਕਲੀ ਝਗੜਾ ਸਦਾ ਲਈ ਖ਼ਤਮ ਕਰੋ, ਦੋ ਗਵਾਂਢੀ ਸੂਬੇ ਸੰਤੁਸ਼ਟ ਅਤੇ ਪ੍ਰਸੰਨ-ਚਿਤ ਬਣਾਉਣ ਲਈ ਘਰ ਘਰ ਜਾ ਕੇ ਇਹ ਧੱਕਾ ਵੀ ਖ਼ਤਮ ਕਰਵਾਉਣ ਲਈ ਦੋਹਾਂ ਗਵਾਂਢੀ ਰਾਜਾਂ ਦੇ ਲੋਕਾਂ ਨੂੰ  ਜਗਾਉਣਾ ਚਾਹੀਦਾ ਹੈ ਕਿਉਂਕਿ ਇਹ ਧੱਕਾ ਪਾਪ 'ਚੋਂ ਨਿਕਲਿਆ ਹੈ ਤੇ ਇਸ ਪਿੱਛੇ ਗੰਦੀ ਰਾਜਨੀਤੀ ਕੰਮ ਕਰਦੀ ਆ ਰਹੀ ਹੈ ਜਿਸ ਦਾ ਬੂਥਾ ਭੰਨ ਕੇ 'ਭਰਾ-ਭਰਾ' ਵਾਲਾ ਮਾਹੌਲ ਦੋਹਾਂ ਰਾਜਾਂ ਵਿਚ ਸਦਾ ਲਈ ਸਿਰਜਿਆ ਜਾ ਸਕਦਾ ਹੈ ਜਿਸ ਨਾਲ 100 ਫ਼ੀ ਸਦੀ ਸੰਤੁਸ਼ਟ ਪੰਜਾਬ, 100 ਫ਼ੀ ਸਦੀ ਸੰਤੁਸ਼ਟ ਹਰਿਆਣਾ ਇਕੋ ਸਮੇਂ ਹੋਂਦ ਵਿਚ ਆ ਸਕਦੇ ਹਨ | ਚੌਧਰੀ ਦੇਵੀ ਲਾਲ ਨੂੰ  ਪੰਜਾਬ-ਹਰਿਆਣੇ ਦੀ ਇਹ ਸੱਚੀ ਸ਼ਰਧਾਂਜਲੀ ਹੋਵੇਗੀ |                    (ਚਲਦਾ)