ਜੇ ਅਕਾਲ ਤਖ਼ਤ ਦਾ 'ਜਥੇਦਾਰੀ' ਸਿਸਟਮ ਅੰਗਰੇਜ਼ ਨੇ ਸਿੱਖਾਂ ਉਤੇ ਥੋਪਿਆ ਨਾ ਹੁੰਦਾ...v

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਨੀਊਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਨੂੰ ਪੰਥ 'ਚੋਂ ਛੇਕ ਕੇ ਜਥੇਦਾਰੀ ਸਿਸਟਮ ਨੇ 'ਰੋਸ ਨ ਕੀਜੈ ਉਤਰ ਦੀਜੈ' ਦਾ ਭੋਗ ਪਾਇਆ...

Khushwant Singh

ਮੈਨੂੰ ਖ਼ੁਸ਼ਵੰਤ ਸਿੰਘ ਦੀ ਉਹ ਚਿੱਠੀ ਯਾਦ ਆ ਜਾਂਦੀ ਹੈ ਜੋ ਉਸ ਨੇ ਮੈਨੂੰ 'ਛੇਕੇ ਜਾਣ' ਵੇਲੇ ਲਿਖੀ ਸੀ। ਉਹਨੇ ਲਿਖਿਆ ਸੀ, ''ਪ੍ਰਵਾਹ ਨਾ ਕਰੋ ਇਨ੍ਹਾਂ ਜਥੇਦਾਰਾਂ ਦੀ। ਮੈਂ ਆਪ ਇਨ੍ਹਾਂ ਨੂੰ ਕਦੇ ਕੋਈ ਅਹਿਮੀਅਤ ਨਹੀਂ ਦਿਤੀ।'' ਸਿੱਖੀ ਵਿਚ ਬਾਹਰੋਂ ਆ ਰਲੇ 'ਪ੍ਰਦੂਸ਼ਣ' ਨੂੰ ਕੱਢਣ ਦੀ ਇੱਛਾ ਰੱਖਣ ਵਾਲਿਆਂ ਨੂੰ ਵੀ ਮੇਰਾ ਇਹੀ ਮਸ਼ਵਰਾ ਹੈ ਕਿ ਖ਼ੁਸ਼ਵੰਤ ਸਿੰਘ ਦੀ ਸਲਾਹ ਵਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ।

ਪਿਛਲੇ 3-4 ਦਿਨ ਤੋਂ ਹਵਾ ਵਿਚ ਮਿੱਟੀ ਲਟਕ ਰਹੀ ਸੀ ਤੇ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਅੱਜ ਸਵੇਰੇ (ਸਨਿਚਰਵਾਰ) ਉਠਦਿਆਂ ਹੀ, ਦਰਵਾਜ਼ਾ ਖੋਲ੍ਹ ਕੇ, ਬਾਹਰ ਦਾ ਹਾਲ ਚਾਲ ਜਾਣਨਾ ਚਾਹਿਆ ਤਾਂ ਇਕ ਖ਼ੁਸ਼ਗਵਾਰ ਜਹੀ ਤਬਦੀਲੀ ਨਜ਼ਰ ਆਈ। ਠੰਢੀ ਠੰਢੀ ਹਵਾ ਰੁਮਕ ਰਹੀ ਸੀ ਜੋ ਬਿਲਕੁਲ ਸਾਫ਼ ਸੁਥਰੀ ਸੀ ਕਿਉਂਕਿ ਰਾਤ ਤੋਂ ਹਲਕੀ ਹਲਕੀ ਬਾਰਸ਼ ਵੀ ਹੋ ਰਹੀ ਸੀ ਜਿਸ ਨੇ ਹਵਾ ਵਿਚ ਲਟਕਦੇ ਮਿੱਟੀ ਦੇ ਕਣ ਧੋ ਦਿਤੇ ਸਨ ਜਾਂ ਧਰਤੀ ਉਤੇ ਪਟਕਾ ਮਾਰੇ ਸਨ।

'ਸ਼ਕਤੀਸ਼ਾਲੀ' ਮਨੁੱਖ ਤਾਂ ਅਪਣੇ ਆਲੇ-ਦੁਆਲੇ ਦੀ ਹਵਾ ਵਿਚ ਰਲ ਗਏ ਮਿੱਟੀ ਦੇ ਬਾਰੀਕ ਕਣਾਂ ਨੂੰ ਵੀ ਹਵਾ ਤੋਂ ਵੱਖ ਕਰਨ ਵਿਚ ਨਾਕਾਮ ਰਿਹਾ ਸੀ ਤੇ 'ਬਾਹਰ ਨਾ ਨਿਕਲੋ', 'ਮੂੰਹ ਢੱਕ ਕੇ ਨਿਕਲੋ', 'ਸੈਰ ਨਾ ਕਰੋ' ਆਦਿ ਵਰਗੀਆਂ ਸਲਾਹਾਂ ਹੀ ਦਈ ਜਾ ਰਿਹਾ ਸੀ ਜਦਕਿ ਇਕ ਛੋਟੀ ਜਹੀ, ਹਲਕੀ ਜਹੀ ਬਾਰਸ਼ ਦੀਆਂ ਕੁੱਝ ਕਣੀਆਂ ਨੇ ਮਿੱਟੀ ਨੂੰ ਹੱਥ ਲਾਏ ਬਿਨਾਂ ਹੀ ਤੇ ਅਪਣੀ ਆਮਦ ਨਾਲ ਹੀ, ਭਜਾ ਦਿਤਾ ਹੈ। ਸੋਚਦਾ ਹਾਂ ਕਿੰਨਾ ਕਮਜ਼ੋਰ ਤੇ ਨਿਰਬਲ ਹੈ ਮਨੁੱਖ! ਹਵਾ ਵਿਚ ਮਿੱਟੀ ਲਟਕ ਜਾਏ ਤਾਂ ਕਰੋੜਾਂ ਮਨੁੱਖ ਵੀ ਹਵਾ ਨੂੰ ਮਿੱਟੀ-ਮੁਕਤ ਨਹੀਂ ਕਰ ਸਕਦੇ ਤੇ ਕਮਰਿਆਂ ਅੰਦਰ ਲੁਕਦੇ ਫਿਰਦੇ ਹਨ

ਜਦਕਿ ਇਕ ਛੋਟੀ ਜਹੀ ਬੱਦਲੀ ਦੀਆਂ ਕੁੱਝ ਕੁ ਕਣੀਆਂ ਵੀ ਕਰੋੜਾਂ ਮਨੁੱਖਾਂ ਤੇ ਉਨ੍ਹਾਂ ਦੀਆਂ ਮਸ਼ੀਨਾਂ ਨਾਲੋਂ ਜ਼ਿਆਦਾ ਤਾਕਤਵਰ ਸਾਬਤ ਹੋ ਨਿਬੜਦੀਆਂ ਹਨ। ਕਿਉਂ ਅਪਣੀ ਤਾਕਤ ਦਾ ਨਾਂ ਲੈ ਕੇ ਮਨੁੱਖ ਏਨਾ ਆਕੜਦਾ ਹੈ? ਚਲੋ ਖ਼ੈਰ, ਸਾਫ਼ ਹਵਾ ਵਿਚ ਸਾਹ ਲੈਣ ਤੇ ਸੈਰ ਕਰਨ ਦਾ ਰਾਹ ਤਾਂ ਖੁਲ੍ਹਿਆ। ਧਨਵਾਦ! ਕੁਦਰਤ ਰਾਣੀ ਤੇਰਾ ਬਹੁਤ ਬਹੁਤ ਧਨਵਾਦ!! ਮਨੁੱਖ ਤੇਰੇ ਸਾਹਮਣੇ ਕੁੱਝ ਵੀ ਨਹੀਂ। ਤੂੰ ਹੀ ਮਿਹਰਬਾਨ ਹੋਈ ਰਿਹਾ ਕਰ ਇਸ ਆਕੜਖ਼ਾਨ ਮਨੁੱਖ ਉਤੇ! ਨੀਊਜ਼ੀਲੈਂਡ ਦੇ ਹਰਨੇਕ ਸਿੰਘ ਨੂੰ 'ਜਥੇਦਾਰਾਂ' ਨੇ ਕਿਉਂ ਛੇਕਿਆ? 

ਨਿਊਜ਼ੀਲੈਂਡ ਤੋਂ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇ ਹਰਨੇਕ ਸਿੰਘ ਨੇ ਅਪਣੀ ਕੌਮ ਦੀ ਤੇ ਅਪਣੇ ਧਰਮ ਦੀ ਗੱਲ ਕਰਨ ਲਈ ਇਕ ਰੇਡੀਓ ਵਿਰਸਾ ਵੀ ਚਾਲੂ ਕੀਤਾ ਹੋਇਆ ਹੈ। ਵਿਦੇਸ਼ ਵਿਚ ਜਾ ਕੇ ਤਾਂ ਅਪਣੀ ਰੋਟੀ ਰੋਜ਼ੀ ਦਾ ਪ੍ਰਬੰਧ ਕਰਨਾ ਵੀ ਬੜਾ ਔਖਾ ਹੁੰਦਾ ਹੈ (ਦਸਿਆ ਗਿਆ ਹੈ ਕਿ ਹਰਨੇਕ ਸਿੰਘ ਇਕ ਕੰਪਨੀ ਵਿਚ ਮੁਲਾਜ਼ਮਤ ਕਰ ਕੇ ਅਪਣੀ ਰੋਟੀ ਦਾ ਪ੍ਰਬੰਧ ਕਰਦਾ ਹੈ ਪਰ ਨਾਲ ਹੀ ਅਪਣੀ ਕੌਮ ਅਤੇ ਅਪਣੀ ਧਰਮ ਦੀ ਗੱਲ ਕਰਨ ਲਈ ਰੇਡੀਉ ਵਿਰਸਾ ਵੀ ਚਾਲੂ ਕੀਤਾ ਹੋਇਆ ਹੈ) ਤੇ ਕੋਈ ਯੋਧਾ ਹੀ ਉਥੇ ਅਪਣੀ ਕੌਮ ਅਤੇ ਧਰਮ ਬਾਰੇ ਕੁੱਝ ਕਰਨ ਦੀ ਸੋਚ ਸਕਦਾ ਹੈ।

ਅਪਣੇ ਧਰਮ ਤੇ ਅਪਣੀ ਕੌਮ ਬਾਰੇ ਗੱਲ ਕਰਨ ਵਾਲਿਆਂ ਸਾਹਮਣੇ ਵੱਡੀ ਮੁਸ਼ਕਲ ਇਹ ਆ ਖੜੀ ਹੁੰਦੀ ਹੈ ਕਿ ਉਹ ਜਦੋਂ ਬਾਬੇ ਨਾਨਕ ਦੀ ਬਾਣੀ ਹੀ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਾਬੇ ਨਾਨਕ ਨੇ ਹਿੰਦੂ, ਮੁਸਲਿਮ, ਜੈਨ, ਯੋਗੀ ਅਤੇ ਹੋਰ ਮੱਤਾਂ ਦੀਆਂ ਗ਼ਲਤ ਮਨੌਤਾਂ ਦੀ ਰੱਜ ਕੇ ਆਲੋਚਨਾ ਕੀਤੀ ਤੇ ਕਿਸੇ ਨੂੰ ਵੀ ਨਾ ਬਖ਼ਸ਼ਿਆ ਜਦਕਿ ਅੱਜ ਅਪਣੇ ਧਰਮ ਵਿਚ ਵੀ ਉਹੀ ਪੁਰਾਤਨ ਮਨੌਤਾਂ ਹਾਵੀ ਹੋਈਆਂ ਵੇਖੀਆਂ ਜਾ ਸਕਦੀਆਂ ਹਨ ਤੇ ਰੱਬ ਨੂੰ ਇਕ ਗ਼ੈਰ-ਜ਼ਰੂਰੀ  ਤੇ ਬੇਕਾਰ ਜਿਹਾ ਬਜ਼ੁਰਗ ਬਣਾ ਕੇ ਤੇ ਇਕ ਪਾਸੇ ਬਿਠਾ ਕੇ 'ਹੈਲੋ' ਕਹਿ ਦਿਤਾ ਜਾਂਦਾ ਹੈ

ਕਿਉਂਕਿ ਬੰਦੇ ਦੇ ਸਾਰੇ ਕੰਮ ਤਾਂ ਪੁਜਾਰੀਆਂ ਤੇ ਉਨ੍ਹਾਂ ਦੇ ਦੇਵਤਿਆਂ, ਗੁਰੂਆਂ ਨੇ ਹੀ ਕਰਨੇ ਹੁੰਦੇ ਹਨ। ਆਰਾਮ ਨਾਲ ਰਹਿਣਾ ਚਾਹੁਣ ਵਾਲਾ ਤੇ ਧਰਮ ਨੂੰ ਧੰਦਾ ਬਨਾਉਣ ਵਾਲਾ ਤਾਂ ਚਲ ਰਹੀ ਰੀਤ ਮੁਤਾਬਕ ਚਲਣ ਲੱਗ ਪੈਂਦਾ ਹੈ ਤੇ ਸੁਖੀ ਰਹਿੰਦਾ ਹੈ। ਨਾ ਉਸ ਨੂੰ ਕੋਈ ਟੋਕਦਾ ਹੈ, ਨਾ ਕੁੱਝ ਕਹਿੰਦਾ ਹੈ (ਬਾਕੀਆਂ ਵਾਂਗ ਤੂੰ ਵੀ ਲੁੱਟੀ ਜਾ, ਹਵਾਈ ਜਹਾਜ਼ਾਂ ਤੇ ਸੈਰ ਕਰ, ਵਧੀਆ ਕਾਰਾਂ ਵਿਚ ਘੁੰਮਿਆ ਕਰ ਤੇ ਨਾਂ ਦਾ ਧਰਮ ਪ੍ਰਚਾਰਕ ਬਣਿਆ ਰਹਿ) ਪਰ ਜਿਹੜਾ ਕੋਈ ਅਪਣੇ ਧਰਮ ਵਿਚ ਵੜ ਆਈਆਂ ਕਰਮ-ਕਾਂਡੀ ਤੇ ਅੰਧ ਵਿਸ਼ਵਾਸੀ ਰਸਮਾਂ ਰੀਤਾਂ ਦੀ ਸਾਫ਼ ਸਫ਼ਾਈ ਕਰਨ ਦੀ ਸੋਚਣ ਲਗਦਾ ਹੈ, ਉਸ ਵਿਰੁਧ ਸਥਾਪਤ ਪੁਜਾਰੀ ਲਾਣਾ ਡਾਂਗ ਚੁਕ ਲੈਂਦਾ ਹੈ

ਤੇ ਕਹਿਣ ਲੱਗ ਜਾਂਦਾ ਹੈ ਕਿ ਇਹ ਤਾਂ ਗੁਰੂ ਨਿੰਦਕ ਹੈ, ਪੰਥ-ਦੋਖੀ ਹੈ, ਨਾਸਤਕ ਹੈ ਆਦਿ ਆਦਿ। ਜੇ ਉਹ ਛੇਤੀ ਕੀਤਿਆਂ ਨਹੀਂ ਲਿਫ਼ਦਾ ਤਾਂ ਸਿੱਖਾਂ ਕੋਲ ਤਾਂ ਅਕਾਲ ਤਖ਼ਤ ਦਾ 'ਜਥੇਦਾਰ' ਵੀ ਹੈ ਜੋ ਵਿਦੇਸ਼ੀ ਅੰਗਰੇਜ਼ੀ ਸਰਕਾਰ ਸਾਡੇ 'ਪੁਜਾਰੀਆਨ' ਨੂੰ ਪੋਪ ਵਾਲੀਆਂ ਪੁਰਾਣੇ ਜ਼ਮਾਨੇ ਦੀਆਂ ਰੱਦ ਕੀਤੀਆਂ ਸ਼ਕਤੀਆਂ ਨਾਲ ਲੈਸ ਕਰ ਕੇ, ਗੁਰਦਵਾਰਾ ਐਕਟ ਤੋਂ ਵੀ ਪਹਿਲਾਂ ਦੇ ਗਈ ਸੀ। ਉਹ ਹੋਰ ਕੁੱਝ ਕਰੇ ਨਾ ਕਰੇ ਪਰ ਇਸ ਅਸੂਲ ਨੂੰ ਕਦੇ ਨਹੀਂ ਭੁਲਦਾ ਕਿ  ਜਿਹੜਾ ਝੂਠ ਸੱਚ ਪਹਿਲਾਂ ਚਲ ਰਿਹਾ ਹੈ, ਉਸ ਨੂੰ ਚਲਦਾ ਰਹਿਣ ਦਿਉ ਤੇ ਜਿਹੜਾ ਕੋਈ ਬਾਬੇ ਨਾਨਕ ਵਾਂਗ ਗਲੇ ਸੜੇ ਝੂਠ ਵਿਰੁਧ ਬੋਲਦਾ ਹੈ, ਉਸ ਦਾ ਸਿਰ ਫੇਹ ਦਿਉ।

ਨਿਊਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਸਬੰਧੀ ਵੀ 'ਸਿਰ ਫੇਹ ਦੇਣ' ਦਾ ਫ਼ੈਸਲਾ ਅਰਥਾਤ ਛੇਕ ਦੇਣ ਦਾ ਫ਼ੈਸਲਾ ਪੁਜਾਰੀਵਾਦ ਵਲੋਂ ਧਰਮ ਵਿਚ ਤਾਜ਼ਾ ਹਵਾ ਦਾ ਬੁਲ੍ਹਾ ਅੰਦਰ ਆਉਣੋਂ ਰੋਕਣ ਦੀ ਤਾਜ਼ਾ ਉਦਾਹਰਣ ਹੈ। ਬਾਬੇ ਨਾਨਕ ਨੂੰ ਅਜਿਹਾ ਯਤਨ ਕਰਨ ਬਦਲੇ ਕੁਰਾਹੀਆ, ਬੇਤਾਲਾ, ਭੂਤਨਾ, ਨਾਸਤਕ ਤੇ ਪਤਾ ਨਹੀਂ ਕੀ ਕੀ ਆਖਿਆ ਗਿਆ ਤੇ ਉਸ ਦੇ ਜਿਸ ਵੀ ਸਿੱਖ ਨੇ ਧਰਮ ਵਿਚ ਦਾਖ਼ਲ ਹੋ ਚੁੱਕੇ ਅਧਰਮ ਜਾਂ ਝੂਠ ਵਲ ਉਂਗਲ ਚੁੱਕੀ, ਉਸ ਨਾਲ ਮਾੜੇ ਤੋਂ ਮਾੜਾ ਸਲੂਕ ਹੀ ਹੁੰਦਾ ਆ ਰਿਹਾ ਹੈ। ਸਿੰਘ ਸਭਾ ਲਹਿਰ ਦੇ ਬਾਨੀਆਂ ਨਾਲ ਹੋਇਆ ਸਲੂਕ ਵੇਖੋ,

ਪ੍ਰੋ. ਦਰਸ਼ਨ ਸਿੰਘ (ਸਾਬਕਾ ਜਥੇਦਾਰ), ਗਿ. ਭਾਗ ਸਿੰਘ ਤੋਂ ਲੈ ਕੇ ਸਪੋਕਸਮੈਨ ਅਖ਼ਬਾਰ ਅਤੇ ਇਸ ਦੇ ਐਡੀਟਰ ਨਾਲ ਕੀਤਾ ਗਿਆ ਸਲੂਕ ਵੇਖ ਲਉ। ਛੇਕਣ ਦੀ ਸਜ਼ਾ ਮੌਤ ਦੀ ਸਜ਼ਾ ਦੇਣ ਵਰਗੀ ਹੁੰਦੀ ਹੈ। ਵੱਡਾ ਜੱਜ ਵੀ ਜਦ ਕਿਸੇ ਨੂੰ ਮੌਤ ਦੀ ਸਜ਼ਾ ਦੇਂਦਾ ਹੈ ਤਾਂ ਅਪਣੇ ਪੈੱਨ ਦੀ ਨਿਬ ਤੋੜ ਦੇਂਦਾ ਹੈ (ਅੱਜ ਵੀ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ) ਤਾਕਿ ਇਹ ਪੈੱਨ ਕਿਸੇ ਹੋਰ ਨੂੰ ਇਹ ਸੱਭ ਤੋਂ ਵੱਡੀ ਸਜ਼ਾ ਨਾ ਦੇਵੇ। ਇਸ ਤੋਂ ਪਹਿਲਾਂ ਜਿਸ ਨੂੰ ਮੌਤ ਦੀ ਸੱਭ ਤੋਂ ਵੱਡੀ ਸਜ਼ਾ ਦਿਤੀ ਜਾਂਦੀ ਹੈ, ਉਸ ਬਾਰੇ 100, 200 ਸਫ਼ਿਆਂ ਦਾ ਪੂਰਾ ਵੇਰਵਾ ਲਿਖਿਆ ਜਾਂਦਾ ਹੈ ਕਿ ਇਸ ਨੇ ਗ਼ਲਤੀ ਕੀ ਕੀਤੀ ਸੀ।

ਜ਼ਰਾ ਆਖੋ ਜਥੇਦਾਰ ਕੋਲੋਂ ਕਿ ਜਿਨ੍ਹਾਂ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ ਹੈ, ਉਨ੍ਹਾਂ ਦੀਆਂ 'ਪੰਥ-ਵਿਰੋਧੀ' ਕਾਰਵਾਈਆਂ ਦਾ ਕੋਈ ਵੇਰਵਾ ਤਾਂ ਵਿਖਾਉ।' ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ ਕਿਉਂਕਿ ਜਿਵੇਂ ਮਨ ਕੀਤਾ ਜਾਂ ਜਿਵੇਂ ਉਪਰੋਂ ਹੁਕਮ ਆਇਆ, ਸਜ਼ਾ ਦੇ ਦਿਤੀ। ਇਹੀ ਹੈ ਅਕਾਲ ਤਖ਼ਤ ਨੂੰ ਥਾਣੇ ਵਜੋਂ ਵਰਤਣ ਵਾਲਿਆਂ ਦਾ ਰੀਕਾਰਡ। ਮੈਨੂੰ ਤਾਂ ਆਪ ਜਥੇਦਾਰ ਨੇ ਕਿਹਾ ਕਿ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਕਹਿੰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਉਸ ਵੇਲੇ ਦੇ ਜਥੇਦਾਰ ਵੇਦਾਂਤੀ ਦੀ ਸੀ...।''

ਚਲੋ ਹੁਣ ਹਰਨੇਕ ਸਿੰਘ ਨੇਕੀ ਦੀ ਭੁੱਲ ਦਾ ਰੀਕਾਰਡ ਹੀ 'ਸਪੋਕਸਮੈਨ' ਨੂੰ ਦੇ ਦਿਉ, ਅਸੀ ਮੁਫ਼ਤੋ ਮੁਫ਼ਤੀ ਛਾਪ ਦਿਆਂਗੇ। ਕਿਸੇ ਨੇ ਜਵਾਬ ਨਹੀਂ ਦੇਣਾ ਕਿਉਂਕਿ ਹਨੇਰਗਰਦੀ ਮਚੀ ਹੋਈ ਹੈ ਤੇ ਕੋਈ ਦਲੀਲ, ਵਕੀਲ, ਅਪੀਲ, ਕੰਮ ਨਹੀਂ ਕਰਦੇ। ਵਿਦਵਾਨ ਪੁਛਦੇ ਰਹਿੰਦੇ ਹਨ ਕਿ ਇਹ 'ਜਥੇਦਾਰ' ਪੈਦਾ ਕਿਥੋਂ ਹੋਇਆ¸ਗੁਰਬਾਣੀ ਵਿਚੋਂ, ਗੁਰਦਵਾਰਾ ਐਕਟ ਵਿਚੋਂ, ਸਿੱਖ ਰਹਿਤ ਮਰਿਆਦਾ ਵਿਚੋਂ ਜਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਮਤੇ ਵਿਚੋਂ? ਕੋਈ ਜਵਾਬ ਨਹੀਂ। ਜਿਸ ਸਵਾਲ ਦਾ ਜਵਾਬ ਹੀ ਕੋਈ ਨਹੀਂ, ਉਹ ਸਾਡੇ ਤੇ 'ਇਲਾਹੀ ਹੁਕਮ' ਕਰ ਕੇ ਠੋਸਿਆ ਜਾ ਰਿਹਾ ਹੈ।

ਮੈਂ ਖ਼ੁਦ ਅਦਾਲਤ ਵਿਚ ਇਹੀ ਸਵਾਲ ਪੁੱਛੇ। ਸ਼੍ਰੋਮਣੀ ਕਮੇਟੀ ਨੇ ਇਕੋ ਜਵਾਬ ਦਿਤਾ ਕਿ 'ਪੁਰਾਤਨ ਚਲੀ ਆ ਰਹੀ ਰੀਤ ਅਨੁਸਾਰ, ਜਥੇਦਾਰ ਨਿਯੁਕਤ ਕਰ ਦਿਤਾ ਜਾਂਦਾ ਹੈ।' ਪੁਰਾਤਨ ਰੀਤਾਂ ਨੂੰ ਖ਼ਤਮ ਕਰਨ ਲਈ ਹੀ ਤਾਂ ਸਿੱਖ ਰਹਿਤ ਮਰਿਆਦਾ ਬਣਾਈ ਗਈ ਸੀ (ਉਸ ਵਿਚ ਹੀ 'ਜਥੇਦਾਰ' ਨੂੰ ਵੀ ਮਾਨਤਾ ਦੇ ਦੇਂਦੇ) ਤੇ ਇਹ ਵਿਧਾਨ ਬਣਾ ਦਿਤਾ ਗਿਆ ਸੀ ਕਿ ਜਿਸ ਗੱਲ ਦੀ ਪ੍ਰੋੜ੍ਹਤਾ ਗੁਰਬਾਣੀ ਨਹੀਂ ਕਰਦੀ, ਉਸ ਨੂੰ ਰੱਦ ਕਰ ਦਿਤਾ ਜਾਵੇ ਤੇ 'ਗੁਰਮਤਾ' ਕਰ ਕੇ ਲਿਆ ਗਿਆ ਫ਼ੈਸਲਾ ਹੀ ਪੰਥ ਉਤੇ ਲਾਗੂ ਹੋਵੇ। 'ਜਥੇਦਾਰ' ਕੋਈ ਛੋਟੀ ਜਹੀ ਕਲਰਕੀ ਵਾਲੀ ਨੌਕਰੀ ਤਾਂ ਹੈ ਨਹੀਂ ਕਿ ਇਸ ਬਾਰੇ ਸਿੱਖੀ ਦੇ ਕਿਸੇ ਸ੍ਰੋਤ ਵਿਚ ਜ਼ਿਕਰ ਵੀ ਨਾ ਹੋਵੇ।

ਉਪਰੋਂ ਕਹਿੰਦੇ ਹਨ ਕਿ ਜੋ ਵੀ ਹੈ, ਇਸ ਦੇ ਗ਼ਲਤ ਠੀਕ, ਹਰ ਫ਼ੈਸਲੇ ਨੂੰ 'ਇਲਾਹੀ ਹੁਕਮ' ਕਹਿ ਕੇ ਮੰਨੀ ਜ਼ਰੂਰ ਜਾਉ। ਸਿੱਖਾਂ ਨੇ ਤਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਬਾਰੇ ਵੀ 'ਪੁਜਾਰੀਆਨ' ਅਥਵਾ ਜਥੇਦਾਰਾਂ ਦੇ ਫ਼ੈਸਲੇ ਮੰਨ ਲਏ ਸਨ ਪਰ 100 ਸਾਲ ਬਾਅਦ ਉਨ੍ਹਾਂ ਨੂੰ ਵਾਪਸ ਕਿਉਂ ਲਿਆ? ਜਥੇਦਾਰ ਵੇਲੇ ਸਿਰ ਗ਼ਲਤੀ ਨਹੀਂ ਮੰਨਦੇ, 100 ਸਾਲ ਠਹਿਰ ਕੇ ਮੰਨ ਲੈਂਦੇ ਹਨ। ਕੀ ਮਤਲਬ ਹੋਇਆ ਇਸ ਦਾ? ਇਹੀ ਕਿ ਉਹ ਸਦਾ ਹੀ ਗ਼ਲਤ ਫ਼ੈਸਲੇ ਲੈਂਦੇ ਹਨ ਤੇ ਖ਼ਾਹਮਖਾਹ ਭਲੇ ਪੁਰਸ਼ਾਂ ਨੂੰ ਤੰਗ ਕਰਨ ਲਈ ਤੇ ਅਪਣੇ ਮਾਲਕਾਂ ਨੂੰ ਖ਼ੁਸ਼ ਕਰਨ ਲਈ ਅੜ ਬੈਠਦੇ ਹਨ। 

ਅਕਾਲ ਤਖ਼ਤ ਦੇ ਜਥੇਦਾਰੀ ਸਿਸਟਮ ਨੇ ਸਿੱਖ ਧਰਮ ਦਾ, ਖੋਜ ਦਾ, ਵਿਦਵਤਾ ਦਾ ਤੇ ਹੋਰ ਬਹੁਤ ਕੁੱਝ ਦਾ ਕਾਫ਼ੀ ਨੁਕਸਾਨ ਕੀਤਾ ਹੈ। ਹਰਨੇਕ ਸਿੰਘ ਨੇਕੀ ਦੇ ਮਾਮਲੇ ਵਿਚ ਹੀ ਜੇ 'ਜਥੇਦਾਰ' ਦਾ ਫ਼ੈਸਲਾ ਨਾ ਹੁੰਦਾ ਤਾਂ ਕੀ ਹੋਣਾ ਸੀ? ਵਿਦਵਾਨਾਂ ਵਿਚ ਚਰਚਾ ਹੋਣੀ ਸੀ, ਹਰਨੇਕ ਸਿੰਘ ਦੇ ਹੱਕ ਵਿਚ ਤੇ ਵਿਰੋਧ ਵਿਚ ਵਿਦਵਾਨਾਂ ਦੀਆਂ ਪੁਸਤਕਾਂ ਆਉਣੀਆਂ ਸਨ ਤੇ ਪੰਥਕ ਗਿਆਨ ਦਾ ਖ਼ਜ਼ਾਨਾ ਅਮੀਰ ਹੋਣਾ ਸੀ।

ਜਥੇਦਾਰੀ ਸਿਸਟਮ ਤਾਂ ਹਰ ਨਵੀਂ ਗੱਲ ਕਰਨ ਵਾਲੇ ਦੇ ਸਿਰ ਵਿਚ ਹਥੌੜਾ ਦੇ ਮਾਰਦਾ ਹੈ। ਇਸ ਨਾਲ 'ਰੋਸ ਨ ਕੀਜੈ ਉਤਰ ਦੀਜੈ' ਅਤੇ 'ਕਿਛ ਕਹੀਐ ਕਿਛ ਸੁਣੀਐ' ਦੇ ਸੁਨਹਿਰੀ ਸਿਧਾਂਤ ਮਿੱਟੀ ਵਿਚ ਮਿਲ ਜਾਂਦੇ ਹਨ ਤੇ ਬੁਰਛਾਗਰਦੀ ਪਨਪਣ ਲੱਗ ਜਾਂਦੀ ਹੈ। ਬਾਬੇ ਨਾਨਕ ਨੇ ਇਸੇ ਲਈ ਹਰ ਤੋਹਮਤ ਬਰਦਾਸ਼ਤ ਕੀਤੀ ਤੇ ਸਵਾਲ ਪੁਛਣੇ ਜਾਰੀ ਰੱਖੇ ਤਾਕਿ ਅਸੀ ਵੀ ਕਿਸੇ ਤੋਂ ਵੀ ਡਰ ਕੇ, ਗ਼ਲਤ ਮਨੌਤਾਂ ਬਾਰੇ, ਸਵਾਲ ਕਰਨੋਂ ਨਾ ਹਟ ਜਾਈਏ। ਈਸਾਈ ਸਾਹਿਤ ਵਿਚ ਈਸਾ ਮਸੀਹ ਸਮੇਤ, ਹਰ ਮਨੌਤ ਨੂੰ ਦਿਤੀ ਚੁਨੌਤੀ ਤੇ ਉਸ ਦਾ ਜਵਾਬ ਕਿਤਾਬੀ ਰੂਪ ਵਿਚ ਮਿਲਦਾ ਹੈ।

ਕਿਸੇ ਪੋਪ ਨੇ ਉਨ੍ਹਾਂ ਨੂੰ ਨਹੀਂ ਸੀ ਰੋਕਿਆ ਜਾਂ ਛੇਕਿਆ। ਧਰਮ ਦਾ ਵਿਕਾਸ ਵੀ ਉਨ੍ਹਾਂ ਨੇ ਹੀ ਕੀਤਾ ਹੈ, ਸਾਡੀ ਛੇਕੂ ਨੀਤੀ ਨੇ ਤਾਂ ਸਿੱਖੀ ਨੂੰ ਚੁਨੌਤੀ ਦੇਣ ਵਾਲੇ ਰਾਧਾ ਸੁਆਮੀ ਤੇ ਨਿਰੰਕਾਰੀ ਮਤਾਂ ਬਾਰੇ ਵੀ ਸਿੱਖ ਦ੍ਰਿਸ਼ਟੀਕੋਣ ਬਿਆਨ ਕਰਨ ਵਾਲੀ ਕੋਈ ਉੱਤਮ ਪੁਸਤਕ ਬਾਜ਼ਾਰ ਵਿਚ ਨਹੀਂ ਆਉਣ ਦਿਤੀ। ਮੈਂ ਹਰਨੇਕ ਸਿੰਘ ਨੂੰ ਕਦੇ ਨਹੀਂ ਮਿਲਿਆ, ਨਾ ਕਦੇ ਉਸ ਦਾ ਰੇਡੀਉ ਵਿਰਸਾ ਹੀ ਸੁਣਿਆ ਹੈ ਪਰ ਪਾਠਕਾਂ 'ਚੋਂ ਕਈ ਹਨ ਜੋ ਦਸਦੇ ਰਹਿੰਦੇ ਹਨ ਕਿ ਉਸ ਕੋਲ ਕਈ ਬੜੇ ਜ਼ਰੂਰੀ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਉਹ ਮੰਗਦਾ ਹੈ। ਕਿਉਂ ਡਰਦੇ ਹਾਂ ਅਸੀ ਸਵਾਲਾਂ ਤੋਂ?

ਹਰ ਇਕ ਤੋਂ ਸਵਾਲ ਮੰਗੋ ਤੇ ਦਲੀਲ ਨਾਲ ਉਸ ਦੇ ਉੱਤਰ ਦਿਉ। ਇਸ ਤਰ੍ਹਾਂ ਸਿੱਖੀ ਦਾ ਵਿਕਾਸ ਹੋਵੇਗਾ ਪਰ ਜੇ ਹੁਣ ਵਾਲਾ 'ਸਿਰ ਫੇਹ ਦੇਣ ਵਾਲਾ' ਜਥੇਦਾਰੀ ਸਿਸਟਮ ਜਾਰੀ ਰਿਹਾ ਤਾਂ ਸਿੱਖੀ ਦਾ ਬੂਟਾ ਕੁਮਲਾ ਜਾਏਗਾ ਤੇ ਧਰਮ ਢਹਿ ਜਾਏਗਾ। ਨਵੀਂ ਪੀੜ੍ਹੀ ਕੋਲ ਬਹੁਤ ਸਾਰੇ ਸਵਾਲ ਹਨ। ਉਹ ਝੂਠ ਅੱਗੇ ਸਿਰ ਨਿਵਾਉਣ ਤੋਂ ਇਨਕਾਰ ਕਰਦੀ ਹੈ। ਜਥੇਦਾਰ, ਝੂਠ ਨੂੰ 'ਸਤਿ ਬਚਨ' ਕਹਿਣ ਲਈ ਕਹਿੰਦੇ ਹਨ। ਇਨ੍ਹਾਂ ਵਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ, ਸਿੱਖੀ ਦੇ ਭਵਿੱਖ ਬਾਰੇ ਧਿਆਨ ਦੇਣ ਦੀ ਲੋੜ ਹੈ।

ਮੈਨੂੰ ਖ਼ੁਸ਼ਵੰਤ ਸਿੰਘ ਦੀ ਉਹ ਚਿੱਠੀ ਯਾਦ ਆ ਜਾਂਦੀ ਹੈ ਜੋ ਉਸ ਨੇ ਮੈਨੂੰ 'ਛੇਕੇ ਜਾਣ' ਵੇਲੇ ਲਿਖੀ ਸੀ। ਉਹਨੇ ਲਿਖਿਆ ਸੀ, ''ਪ੍ਰਵਾਹ ਨਾ ਕਰੋ ਇਨ੍ਹਾਂ ਜਥੇਦਾਰਾਂ ਦੀ। ਮੈਂ ਆਪ ਇਨ੍ਹਾਂ ਨੂੰ ਕਦੇ ਕੋਈ ਅਹਿਮੀਅਤ ਨਹੀਂ ਦਿਤੀ।'' ਸਿੱਖੀ ਵਿਚ ਬਾਹਰੋਂ ਆ ਰਲੇ 'ਪ੍ਰਦੂਸ਼ਣ' ਨੂੰ ਕੱਢਣ ਦੀ ਇੱਛਾ ਰੱਖਣ ਵਾਲਿਆਂ ਨੂੰ ਵੀ ਮੇਰਾ ਇਹੀ ਮਸ਼ਵਰਾ ਹੈ ਕਿ ਖ਼ੁਸ਼ਵੰਤ ਸਿੰਘ ਦੀ ਸਲਾਹ ਵਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ।