ਚਲੋ ਖ਼ਤਮ ਕਰੀਏ ‘ਪੰਜਾਬੀ ਅਕਾਲੀ ਦਲ’ ਦੇ ਗਿਲੇ ਸ਼ਿਕਵੇ! 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਿਛਲੇ ਦੋ ਲੇਖਾਂ ਵਿਚ ਮੈਂ ਲਿਖਿਆ ਸੀ ਕਿ ‘ਅਕਾਲ ਤਖ਼ਤ ਦੇ ਪੁਜਾਰੀਆਂ ਦੇ ‘ਹੁਕਮਨਾਮੇ’ ਦੇ ਬਾਵਜੂਦ........

Parkash Singh Badal, Sukbir Badal

 

ਪਿਛਲੇ ਦੋ ਲੇਖਾਂ ਵਿਚ ਮੈਂ ਲਿਖਿਆ ਸੀ ਕਿ ‘ਅਕਾਲ ਤਖ਼ਤ ਦੇ ਪੁਜਾਰੀਆਂ ਦੇ ‘ਹੁਕਮਨਾਮੇ’ ਦੇ ਬਾਵਜੂਦ, 18 ਸਾਲ ਦੇ ਅਰਸੇ ਵਿਚ ਸਪੋਕਸਮੈਨ ਨਾਲ ਸਹਿਯੋਗ ਕਰਨ ਦਾ ‘ਪਾਪ’ ਕਰਦੇ ਰਹਿਣ ਵਾਲੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੂੰ ਸਾਡੇ ਵਿਚ ਕੋਈ ਇਕ ਵੀ ਨਵੀਂ ਗ਼ਲਤੀ ਨਾ ਲੱਭ ਸਕੀ ਤਾਂ ਉਸ ਵਿਚਾਰੇ ਨੇ ਹਾਈ ਕਮਾਨ ਦੇ ਹੁਕਮਾਂ ਦੀ ਤਾਮੀਲ ਕਰਦਿਆਂ 18 ਸਾਲ ਪਹਿਲਾਂ ਦੇ ਪੁਜਾਰੀ ਹੁਕਮਨਾਮੇ ਨੂੰ ਹੀ ਚੁਕ ਲਿਆ ਤੇ ਕਹਿ ਦਿਤਾ ਕਿ ਉਸ ਨੇ ਅਣਜਾਣਪੁਣੇ ਵਿਚ ਹੀ ਇਸ ਦੀ ਉਲੰਘਣਾ ਕਰ ਦਿਤੀ ਹਾਲਾਂਕਿ ਸੱਚ ਇਹ ਹੈ ਕਿ ਪਹਿਲੇ 3-4 ਸਾਲ ਤਾਂ ਪੁਜਾਰੀ (ਮਾਫ਼ ਕਰਨਾ ‘ਜਥੇਦਾਰ’) ਹਰ ਰੋਜ਼ ਗੁਰਦਵਾਰਾ ਸਟੇਜਾਂ ਤੋਂ ਗਲਾ ਪਾੜ ਪਾੜ ਕੇ ਕਿਹਾ ਕਰਦੇ ਸਨ ਕਿ ਇਹ ‘ਇਲਾਹੀ ਹੁਕਮਨਾਮਾ’ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੈ ਤੇ ਅਕਾਲੀ ਲੀਡਰ ਤਾਂ ਅਪਣੀਆਂ ਪ੍ਰੈੱਸ ਕਾਨਫ਼ਰੰਸਾਂ ਵਿਚ ਵੀ ਪਹਿਲਾ ਐਲਾਨ ਹੀ ਇਹ ਕਰਦੇ ਸਨ ਕਿ ‘‘ਰੋਜ਼ਾਨਾ ਸਪੋਕਸਮੈਨ ਦਾ ਜੇ ਕੋਈ ਰੀਪੋਰਟਰ ਇਥੇ ਬੈਠਾ ਹੋਵੇ ਤਾਂ ਉਠ ਕੇ ਬਾਹਰ ਨਿਕਲ ਜਾਵੇ ਨਹੀਂ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾਏਗਾ।’’

ਇਕ ਦਫ਼ਤਰੀ ਪੱਤਰਕਾਰ ਨੇ ‘ਸਪੋਕਸਮੈਨ’ ਦੇ ਚੰਡੀਗੜ੍ਹ ਦਫ਼ਤਰ ਵਿਚੋਂ ਅਸਤੀਫ਼ਾ ਦੇ ਦਿਤਾ ਤਾਂ ਉਸ ਨੂੰ ਅੰਮ੍ਰਿਤਸਰ ਬੁਲਾ ਕੇ ਇਸ ‘ਬਹਾਦਰੀ’ ਬਦਲੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਥਾਂ-ਥਾਂ ਤੇ ਸ਼ਰਤਾਂ ਲਗਾਈਆਂ ਜਾਂਦੀਆਂ ਸੀ ਕਿ ਹੋਰ ਛੇ ਮਹੀਨੇ ਨਹੀਂ ਕੱਢ ਸਕੇਗਾ ਜਾਂ ਸਾਲ ਪੂਰਾ ਨਹੀਂ ਕਰ ਸਕੇਗਾ ਸਪੋਕਸਮੈਨ। ਸ਼ਰਤਾਂ ਲਾਉਣ ਵਾਲੇ ‘ਬਾਦਲ ਅਕਾਲੀ’ ਦਲ ਵਾਲੇ ਤੇ ਉਨ੍ਹਾਂ ਦੇ ਭਾਈਵਾਲ ਹੀ ਹੁੰਦੇ ਸਨ। ਕਮਾਲ ਹੈ, ਏਨੇ ਸ਼ੋਰ ਸ਼ਰਾਬੇ ਦੌਰਾਨ ਵੀ ਵਿਰਸਾ ਸਿੰਘ ਵਲਟੋਹਾ ਜੀ ਦੇ ‘ਅਣਜਾਣਪੁਣੇ’ ਦੀ ਨੀਂਦ ਨਾ ਖੁਲ੍ਹੀ ਤੇ 18 ਸਾਲ ਬਾਅਦ, ਸਾਡੀ ਕੋਈ ਖ਼ਰਾਬੀ ਵੇਖੇ ਬਿਨਾਂ, ਉਹ ਕਹਿੰਦੇ ਹਨ ਕਿ ਹੁਣ ਸਾਰੇ ਸਿੱਖਾਂ ਨੂੰ ਉਹ 18 ਸਾਲ ਪੁਰਾਣਾ ‘ਹੁਕਮਨਾਮਾ’ ਮੰਨ ਲੈਣਾ ਚਾਹੀਦਾ ਹੈ।

ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ, ਜੋਗਿੰਦਰ ਸਿੰਘ ਵੇਦਾਂਤੀ ਸਮੇਤ ਸੈਂਕੜੇ ਜਥੇਦਾਰਾਂ ਤੇ ਲੀਡਰਾਂ ਦੀ ਨਾ ਸੁਣੀ, ਉਹ ਹੁਣ ਅੰਜਾਣੇ ਜਹੇ ਵਲਟੋਹਾ ਜੀ ਦੀ ਕਿਵੇਂ ਸੁਣ ਲੈਣਗੇ? ਇਕ ਤਰ੍ਹਾਂ ਨਾਲ ਮੰਨਿਆ ਤਾਂ ਹੈ ਸਿੱਖਾਂ ਨੇ ਵੀ ਉਹ ਹੁਕਮਨਾਮਾ ਤੇ ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ/ਕਰਵਾਇਆ, ਉਨ੍ਹਾਂ ਨੂੰ ਹੀ ਖ਼ਤਮ ਕਰ ਦਿਤਾ ਹੈ ਉਨ੍ਹਾਂ ਨੇ। ਮੈਂ ਤਾਂ 2003 ਦੇ ਕਥਿਤ ਹੁਕਮਨਾਮੇ ਨੂੰ ਭੁਲਾ ਹੀ ਚੁੱਕਾ ਹਾਂ ਪਰ ਇਹ ‘ਅਕਾਲੀ’ ਹੀ ਹਨ ਜੋ ਦੁਧ ਦੇਣੋਂ ਹੱਟ ਗਈ ਗਾਂ ਨੂੰ ਫਿਰ ਚੋਣ ਦਾ ਯਤਨ ਕਰ ਕੇ ਮੇਰਾ ਧਿਆਨ ਵੀ ਉਧਰ ਖਿੱਚ ਲੈਂਦੇ ਹਨ।

ਉਂਜ ਮੈਂ ਅਪਣੇ ਬਾਰੇ ਸੋਚ ਕੇ ਨਹੀਂ, ਅਕਾਲ ਤਖ਼ਤ ਅਤੇ ਅਕਾਲੀ ਦਲ ਬਾਰੇ ਸੋਚ ਕੇ ਕਦੇ ਕਦੇ ਦੁਖੀ ਜ਼ਰੂਰ ਹੋ ਜਾਂਦਾ ਹਾਂ ਕਿ ਸਿੱਖ ਇਤਿਹਾਸ ਦੇ ਜਿਸ ‘ਹਕਮਨਾਮੇ’ ਨੂੰ ਕੌਮ ਦੇ ਸੱਭ ਤੋਂ ਵੱਧ ਵਿਦਵਾਨਾਂ   (100 ਫ਼ੀਸਦੀ ਨਿਰਪੱਖ ਵਿਦਵਾਨਾਂ), ਧਰਮ ਪ੍ਰਚਾਰਕਾਂ ਅਤੇ ਦੇਸ਼-ਵਿਦੇਸ਼ ਦੀਆਂ ਮਹਾਨ ਸਿੱਖ ਹਸਤੀਆਂ ਨੇ ਨਿੰਦਿਆ ਹੋਵੇ, ਧੱਕੇ ਅਤੇ ਅਨਿਆਂ ਵਾਲਾ, ਨਿਜੀ ਕਿੜਾਂ ਕੱਢਣ ਵਾਲਾ ਕਿਹਾ ਹੋਵੇ ਤੇ ਅਖ਼ਬਾਰਾਂ ਵਿਚ ਬਿਆਨ ਛਪਵਾਏ ਹੋਣ ਤੇ ਜਿਸ ਨੂੰ ਵੇਦਾਂਤੀ ਤੇ ਗਿ: ਗੁਰਬਚਨ ਸਿੰਘ ਸਮੇਤ, ਅਕਾਲ ਤਖ਼ਤ ਦੇ ਜਥੇਦਾਰਾਂ ਨੇ ਖ਼ੁਦ ਵੀ ‘ਗ਼ਲਤ’ ਮੰਨ ਲਿਆ ਹੋਵੇ, ਉਸ ਨੂੰ ਅਕਾਲ ਤਖ਼ਤ ਵਰਗੇ ‘ਮਹਾਨ ਤਖ਼ਤ’ ਦੇ ਮੱਥੇ ਤੇ ਲੱਗਾ ਧੱਬਾ ਮੰਨ ਕੇ, ‘ਜਥੇਦਾਰ’ ਆਪ ਅਪਣਾ ਫ਼ਰਜ਼ ਸਮਝ ਕੇ ਉਸ ਧੱਬੇ ਨੂੰ ਮਿਟਾ ਕਿਉਂ ਨਹੀਂ ਦੇਂਦੇ?

ਤਖ਼ਤ ਦੇ ਹਮਦਰਦਾਂ ਦਾ ਤਾਂ ਫ਼ਰਜ਼ ਬਣ ਜਾਂਦਾ ਹੈ ਕਿ ਪੰਥ ਦੇ ਸਿਆਣੇ ਵਰਗ ਦੀ ਆਵਾਜ਼ ਸੁਣ ਕੇ ਆਪ ਤਖ਼ਤ ਦੇ ਨਾਂ ਤੇ ਪੁਜਾਰੀਆਂ ਵਲੋਂ ਕੀਤੀ ਗਈ ਧੱਕੇਸ਼ਾਹੀ ਅਤੇ ਜ਼ਿਆਦਤੀ ਨੂੰ ਖ਼ਤਮ ਕਰਨ ਪਰ ਪੰਥ ਦੇ ਸਿਆਣੇ ਤੇ ਨਿਰਪੱਖ ਲੋਕਾਂ ਦੀ ਰਾਏ ਦੀ ਕਦਰ ਕਰਨਾ, ਉਨ੍ਹਾਂ ਨੂੰ ਸ਼ਾਇਦ ਕਦੇ ਵੀ ਨਹੀਂ ਭਾਏਗਾ। ਜਿੰਨੀ ਦੇਰੀ ਕਰਨਗੇ, ਨੁਕਸਾਨ ਤਖ਼ਤ ਦਾ ਹੀ ਕਰਨਗੇ। ਦੁਨੀਆਂ ਦੇ ਵੱਡੇ ਵੱਡੇ ਤਖ਼ਤ ਅਪਣੀਆਂ ਧੱਕੇਸ਼ਾਹੀਆਂ ਤੇ ਅੜ ਕੇ ਅਪਣਾ ਵਜੂਦ ਹੀ ਖ਼ਤਮ ਕਰ ਗਏ। ਇਹ ਭੁਲੇਖਾ ਮਨ ਵਿਚ ਨਹੀਂ ਪਾਲਣਾ ਚਾਹੀਦਾ ਕਿ ਸਾਡਾ ਕਿਉਂਕਿ ਧਾਰਮਕ ਤਖ਼ਤ ਹੈ, ਇਸ ਲਈ ਇਸ ਉਤੇ ਕੁਦਰਤ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਨਹੀਂ, ਸਗੋਂ ਦੂਜਿਆਂ ਮੁਕਾਬਲੇ ਦੁਗਣੇ ਚੌਗੁਣੇ ਜ਼ੋਰ ਨਾਲ ਕੁਦਰਤ ਦਾ ਕਾਨੂੰਨ ਲਾਗੂ ਹੋਵੇਗਾ ਕਿਉਂਕਿ ਧਰਮ ਦੇ ਨਾਂ ’ਤੇ ਕਿਸੇ ਨਿਰਦੋਸ਼ ਨਾਲ ਧੱਕਾ, ਰੱਬ ਨੂੰ ਬਿਲਕੁਲ ਪ੍ਰਵਾਨ ਨਹੀਂ ਹੋ ਸਕਦਾ। ਅਕਾਲੀ ਦਲ, ਜਿਸ ਨੇ ਇਹ ਸੱਭ ਕਰਵਾਇਆ, ਇਸ ਹੁਕਮਨਾਮੇ ਦੇ ਜਾਰੀ ਹੋਣ ਤੋਂ ਲੈ ਕੇ ਹੁਣ ਤਕ ਦਾ ਉਸ ਦਾ ਹਸ਼ਰ ਸੱਭ ਦੇ ਸਾਹਮਣੇ ਹੀ ਹੈ।

ਮੇਰੇ ਸਾਹਮਣੇ ਹਰੀ ਰਤਨ ਯੁਕਤਾ ਦੀ ਲਿਖੀ ਕਿਤਾਬ ਪਈ ਹੈ ਜਿਸ ਵਿਚ ਇਕ ਲੇਖ ਦਾ ਮੁਖੜਾ ਹੀ ਇਹ ਹੈ ਕਿ ‘‘20ਵੀਂ 21ਵੀਂ ਸਦੀ ਵਿਚ ਇਕ ਅਖ਼ਬਾਰ ਦਾ ਗਲਾ ਘੋਟਣ ਦਾ ਯਤਨ ਕਰਨ ਦਾ ਸ਼ਰਫ਼ ਸਿਰਫ਼ ਅਕਾਲ ਤਖ਼ਤ ਅਤੇ ਕਮੇਟੀ ਉਤੇ ਕਾਬਜ਼ ਅਕਾਲੀ ਪਾਰਟੀ ਨੂੰ ਹੀ ਪ੍ਰਾਪਤ ਹੋਇਆ ਹੈ।’’ ਜਿਉਂ ਜਿਉਂ ਸਮਾਂ ਬੀਤਦਾ ਜਾਏਗਾ, ਅਕਾਲ ਤਖ਼ਤ ਤੇ ਅਕਾਲੀ ਦਲ, ਦੁਹਾਂ ਦਾ ਨਾਂ ਖ਼ਰਾਬ ਹੋਵੇਗਾ। ਇਹੀ ਮੇਰੀ ਚਿੰਤਾ ਹੈ। ਦੁਹਾਂ ਨੂੰ ਉਹ ਪੀੜ ਝਲਣੀ ਪਵੇਗੀ ਜੋ ਉਨ੍ਹਾਂ ਸਾਡੇ ਸਮੇਤ ਹੋਰ ਨਿਰਦੋਸ਼ ਸਿੱਖਾਂ ਪ੍ਰੋ. ਦਰਸ਼ਨ ਸਿੰਘ, ਕਾਲਾ ਅਫ਼ਗਾਨਾ, ਗਿ: ਭਾਗ ਸਿੰਘ ਆਦਿ ਨੂੰ ਪਹੁੰਚਾਈ। ਇਸੇ ਲਈ ਮੈਂ ਇਨ੍ਹਾਂ ਨੂੰ ਅਣ-ਮੰਗੀ ਰਾਏ ਦੇਂਦਾ ਰਹਿੰਦਾ ਹਾਂ ਕਿ ਪੁਜਾਰੀਆਂ ਤੇ ਸਿਆਸਤਦਾਨਾਂ ਦੀ ਗ਼ਲਤੀ ਮੰਨ ਲਉ, ਪਰ ਅਕਾਲ ਤਖ਼ਤ ਅਤੇ ਅਕਾਲੀ ਦਲ ਨੂੰ ਹੋਰ ਬਦਨਾਮੀ ਨਾ ਦਿਵਾਉ। 

ਜਿਥੋਂ ਤਕ ਇਹ ਸਵਾਲ ਸੀ ਕਿ ਇਨ੍ਹਾਂ ਦੀ ਠੰਢੀ ਯਖ਼ ਬਹੀ ਕੜ੍ਹੀ ਵਿਚ ਇਕਦੰਮ ਉਬਾਲਾ ਕਿਵੇਂ ਆ ਗਿਆ? ਤਾਂ ਮੈਂ ਅਪਣਾ ਲੇਖ ਵਾਰ ਵਾਰ ਪੜ੍ਹ ਕੇ ਵੇਖਿਆ ਹੈ, ਉਸ ਵਿਚ ਅਜਿਹਾ ਕੁੱਝ ਵੀ ਨਹੀਂ ਸੀ ਜੋ ਇਨ੍ਹਾਂ ਨੂੰ 18 ਸਾਲ ਪੁਰਾਣੇ ਪੁਜਾਰੀ-ਫ਼ੈਸਲੇ ਨੂੰ ਕੱਢ ਕੇ ਨਵੇਂ ਸਿਰਿਉਂ ਲੜਾਈ ਸ਼ੁਰੂ ਕਰਨ ਲਈ ਉਕਸਾਏ। ਉਸ ਵਿਚ ਤਿੰਨ ਗੱਲਾਂ ਹੀ ਲਿਖੀਆਂ ਸਨ ਕਿ : 
(1)     ਅਕਾਲੀ ਦਲ ਨੂੰ ਪੰਥ ਨੇ ਅਪਣੀ ਰਾਖੀ ਲਈ ਸਿਆਸੀ ਯੁਗ ਦੇ ਹਥਿਆਰ ਵਜੋਂ ਸਿਰਜਿਆ ਸੀ ਤੇ ਇਸ ਨੂੰ ਅਕਾਲ ਤਖ਼ਤ ਦੇ ਅਧੀਨ ਹੀ ਕੰਮ ਕਰਨਾ ਚਾਹੀਦਾ ਹੈ, ਕਿਸੇ ਇਕ ਸਿਆਸਤਦਾਨ ਦਾ ‘ਰੋਬੋਟ’ ਨਹੀਂ ਬਣਨ ਦਿਤਾ ਜਾਣਾ ਚਾਹੀਦਾ।
(2) ਅਕਾਲ ਤਖ਼ਤ ਦੇ ‘ਜਥੇਦਾਰ’ ਸਿਆਸਤਦਾਨਾਂ ਦੇ ਫ਼ਰਮਾਬਰਦਾਰ ਨਹੀਂ ਹੋਣੇ ਚਾਹੀਦੇ ਤੇ ‘ਸਚ ਕੀ ਬੇਲਾ’ ਸੱਚ ਕਹਿਣ ਵਾਲੇ ਹੋਣੇ ਚਾਹੀਦੇ ਹਨ, ਭਾਵੇਂ ਸੱਭ ਕੁੱਝ ਗਵਾਣਾ ਹੀ ਕਿਉਂ ਨਾ ਪੈ ਜਾਏ।
(3)     ਪੰਜਾਬੀ ਅਖ਼ਬਾਰਾਂ ਨੂੰ ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਪੰਥ ਦੀ ਸੇਵਾ ਤੋਂ ਹਟਾ ਕੇ, ਚਮਚਾਗੀਰੀ ਕਰਨ ਦੇ ਕੰਮ ਤੇ ਲਾ ਦੇਣਾ ਚਾਹੁਣ ਵਾਲੇ, ਅਪਣੇ ਪੈਰਾਂ ਤੇ ਵੀ ਕੁਹਾੜੀ ਮਾਰ ਲੈਂਦੇ ਹਨ ਤੇ ਪੰਜਾਬੀ ਪੱਤਰਕਾਰੀ ਨੂੰ ਵੀ ਖ਼ਤਮ ਕਰਨ ਦਾ ਕਾਰਨ ਬਣਦੇ ਹਨ।

ਸਪੋਕਸਮੈਨ ਇਹੀ ਗੱਲਾਂ ਕਹਿਣ ਲਈ ਤਾਂ ਚਾਲੂ ਕੀਤਾ ਗਿਆ ਸੀ ਤੇ ਸਾਡੇ ਸਟੈਂਡ ਵਿਚ ਕਦੇ ਵੀ ਕੋਈ ਤਬਦੀਲੀ ਨਹੀਂ ਆਈ। ਪਰ ਪਿਛਲੀ ਵਾਰ ਮੈਂ ਵਾਅਦਾ ਕੀਤਾ ਸੀ ਕਿ ਉਹ ਮੇਰੀ ਇਕ ਸ਼ਰਤ ਮੰਨ ਲੈਣ, ਮੈਂ ਉਨ੍ਹਾਂ ਸਾਰੀਆਂ ਗੱਲਾਂ ਜੋ ‘ਪੰਜਾਬੀ ਅਕਾਲੀਆਂ’ ਤੇ ਉਨ੍ਹਾਂ ਦੇ ਕਰੀਬੀ ‘ਜਥੇਦਾਰਾਂ’ ਨੂੰ ਪ੍ਰੇਸ਼ਾਨ ਕਰਦੀਆਂ ਹਨ, ਉਨ੍ਹਾਂ ਬਾਰੇ ਕਦੇ ਇਕ ਸ਼ਬਦ ਵੀ ਨਹੀਂ ਲਿਖਾਂਗਾ। ਮੇਰੀ ਸ਼ਰਤ ਇਹੀ ਹੈ ਕਿ ਇਨ੍ਹਾਂ ਸਵਾਲਾਂ ਬਾਰੇ ਅਕਾਲ ਤਖ਼ਤ ਦੇ ਪੁਜਾਰੀ ਇਕ ਨਵਾਂ ਹੁਕਮਨਾਮਾ ਜਾਰੀ ਕਰ ਦੇਣ ਕਿ 

‘‘ਅਕਾਲੀ ਦਲ ਪੰਥਕ ਰਹੇ ਜਾਂ ਪੰਜਾਬੀ ਪਾਰਟੀ ਬਣਾ ਦਿਤਾ ਜਾਏ, ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਤੋਂ ਬਿਨਾਂ ਕਿਸੇ ਹੋਰ ਨੂੰ ਕੁੱਝ ਕਹਿਣ ਜਾਂ ਲਿਖਣ ਦਾ ਕੋਈ ਅਧਿਕਾਰ ਨਹੀਂ, ਨਾ ਹੀ ਇਹ ਲਿਖਣ ਦੀ ਹੀ ਆਗਿਆ ਹੋਵੇਗੀ ਕਿ ਅਕਾਲ ਤਖ਼ਤ ਦਾ ਜਥੇਦਾਰ ਸਿਆਸੀ ਲੀਡਰਾਂ ਦਾ ਫ਼ਰਮਾਬਰਦਾਰ ਨਾ ਹੋਵੇ। 5 ਜਥੇਦਾਰ ਜੋ ਫ਼ੈਸਲਾ ਕਰ ਦੇਣਗੇ, ਉਹੀ ਲਾਗੂ ਹੋਵੇਗਾ। ਕਿਸੇ ਅਖ਼ਬਾਰ ਨੂੰ (ਖ਼ਾਸ ਤੌਰ ਤੇ ਸਪੋਕਸਮੈਨ ਨੂੰ) ਇਸ ਬਾਰੇ ਕੋਈ ਟਿਪਣੀ ਕਰਨ ਦੀ ਆਗਿਆ ਨਹੀਂ ਹੋਵੇਗੀ।’’
ਮੈਂ ਭਾਵੇਂ ਅਕਾਲ ਤਖ਼ਤ ਨੂੰ ਪੰਥ ਦਾ ਤਖ਼ਤ ਮੰਨਦਾ ਹਾਂ ਜਿਥੋਂ ਕੇਵਲ ਸਮੁੱਚੇ ਪੰਥ ਦੇ ਫ਼ੈਸਲੇ ਹੀ ਐਲਾਨੇ ਜਾ ਸਕਦੇ ਹਨ, (ਜਥੇਦਾਰਾਂ ਦੇ ਨਹੀਂ) ਪਰ ਉਪ੍ਰੋਕਤ ਹੁਕਮਨਾਮਾ ਜੇ ਉਹ ਜਾਰੀ ਕਰਦੇ ਹਨ ਤਾਂ ਮੈਂ ਐਡੀਟਰ ਨੂੰ ਕਹਿ ਕੇ ਹਰ ਰੋਜ਼ ਅਖ਼ਬਾਰ ਦੇ ਪਹਿਲੇ ਪੰਨੇ ਤੇ ਛਪਵਾ ਦਿਆ ਕਰਾਂਗਾ ਅਤੇ ਉਨ੍ਹਾਂ ਮਾਮਲਿਆਂ ਬਾਰੇ ਕੁੱਝ ਨਹੀਂ ਲਿਖਾਂਗਾ ਜਿਨ੍ਹਾਂ ਨੂੰ ਪੜ੍ਹ ਕੇ ਪੰਥ ਦੇ ਲੀਡਰ ਤੇ ਜਥੇਦਾਰ, ਹਰ ਨਵੀਂ ਹਾਰ ਦਾ ਮੂੰਹ ਵੇਖਣ ਮਗਰੋਂ, ਮੇਰੇ ਉਤੇ ਗੁੱਸਾ ਕੱਢਣ ਲੱਗ ਜਾਂਦੇ ਨੇ।