ਬਾਬੇ ਦਾ ਪ੍ਰਕਾਸ਼ ਪੁਰਬ ਕਿਵੇਂ ਨਾ ਮਨਾਈਏ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮਹੀਨੇ ਭਰ ਤੋਂ ਬਾਬੇ ਨਾਨਕ ਦਾ ਜਨਮ ਪੁਰਬ ਮਨਾਇਆ ਜਾਂਦਾ ਵੇਖਿਆ ਹੈ। ਇਸ ਵਾਰ ਇਮਰਾਨ ਖ਼ਾਨ ਦੀ ਪਾਕਿਸਤਾਨ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ...

Guru Granth Sahib Ji

ਮਹੀਨੇ ਭਰ ਤੋਂ ਬਾਬੇ ਨਾਨਕ ਦਾ ਜਨਮ ਪੁਰਬ ਮਨਾਇਆ ਜਾਂਦਾ ਵੇਖਿਆ ਹੈ। ਇਸ ਵਾਰ ਇਮਰਾਨ ਖ਼ਾਨ ਦੀ ਪਾਕਿਸਤਾਨ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਖੁਲ੍ਹਦਿਲੀ ਨਾਲ ਪੈਸਾ ਖ਼ਰਚ ਕਰ ਕੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸ਼ਾਹੀ ਸਮਾਗਮਾਂ ਦੀ ਰੰਗਤ ਦੇ ਦਿਤੀ। ਸਰਕਾਰਾਂ ਕੋਈ ਯਤਨ ਅਜਿਹਾ ਨਹੀਂ ਸੀ ਛੱਡ ਰਹੀਆਂ ਜਿਸ ਨਾਲ ਯਾਤਰੂਆਂ ਨੂੰ ਪੂਰਾ ਸੁੱਖ ਆਰਾਮ ਮਿਲ ਸਕਦਾ ਹੋਵੇ।

ਏਧਰਲੇ ਚੜ੍ਹਦੇ ਪੰਜਾਬ ਵਿਚ ਬਸਾਂ, ਗੱਡੀਆਂ ਦਾ ਵਿਸ਼ੇਸ਼ ਪ੍ਰੋਗਰਾਮ, ਈ-ਰਿਕਸ਼ਿਆਂ ਤੇ ਮੁਫ਼ਤ ਸਵਾਰੀ, ਰਹਿਣ ਲਈ ਸ਼ਾਹੀ ਟੈਂਟ ਨਗਰੀਆਂ, ਤਕਰੀਰਾਂ ਸੁਣਨ ਲਈ ਸ਼ਾਹੀ ਟੈਂਟ ਅਤੇ ਲਹਿੰਦੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਵਿਖੇ ਸਵਰਗ ਦੇ ਨਜ਼ਾਰੇ ਵਿਖਾਉਣ ਦੇ ਪੂਰੇ ਪ੍ਰਬੰਧ। ਏਧਰਲੇ ਪੰਜਾਬ ਨਾਲੋਂ ਵੀ ਉਧਰ ਜ਼ਿਆਦਾ ਚੁਸਤੀ, ਮੁਸਤੈਦੀ ਅਤੇ ਸ਼ਰਧਾ-ਭਾਵਨਾ ਨਾਲ ਸੱਭ ਕੁੱਝ ਕੀਤਾ ਗਿਆ। ਪਰ ਦੋਵੇਂ ਪਾਸਿਆਂ ਦੇ ਇਸ 'ਸ਼ਾਹੀ ਪ੍ਰਬੰਧ' ਤੋਂ ਬਾਅਦ ਜੇ ਸਿੱਖਾਂ ਦੇ ਅਪਣੇ ਆਗੂਆਂ ਵਲ ਵੇਖੀਏ ਤਾਂ ਗਰਦਨ ਝੁਕਾ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ 'ਚੋਂ ਕੁੱਝ ਤਾਂ 'ਨਗਰ ਕੀਰਤਨਾਂ' ਰਾਹੀਂ ਅਰਬਾਂ ਰੁਪਏ ਇਕੱਠੇ ਕਰਨ ਵਿਚ ਰੁੱਝ ਗਏ ਸਨ।

ਬੜਾ ਸੌਖਾ ਤਰੀਕਾ ਲੱਭ ਲਿਆ ਉਨ੍ਹਾਂ ਨੇ ਹਿੰਦੂ ਸ਼ੋਭਾ ਯਾਤਰਾਵਾਂ ਵਲ ਵੇਖ ਕੇ। ਗੁਰੂ ਗ੍ਰੰਥ ਸਾਹਿਬ ਨੂੰ ਝਾਕੀਆਂ ਵਾਂਗ ਸੜਕਾਂ ਤੇ ਘੁਮਾਉਣਾ ਸ਼ੁਰੂ ਕਰ ਦਿਤਾ। 5-10 ਹਜ਼ਾਰ ਦੇ ਪੀਲੇ ਗੇਂਦੇ ਦੇ ਫੁੱਲ ਬੱਸ ਦੁਆਲੇ ਲਟਕਾ ਲਉ ਤੇ ਮੱਥੇ ਟਿਕਵਾਉਣੇ ਸ਼ੁਰੂ ਕਰ ਦਿਉ ਸਿੱਖਾਂ ਕੋਲੋਂ। ਕਰੋੜਾਂ ਤੇ ਅਰਬਾਂ ਰੁਪਏ ਇਕੱਠੇ ਕਰ ਲਉ। ਨਾ ਕੋਈ ਹਿਸਾਬ, ਨਾ ਕੋਈ ਜਵਾਬਦੇਹੀ ਕਿ ਪੈਸਿਆਂ ਦਾ ਬਣਿਆ ਕੀ? ਇਸੇ ਕਾਰਨ ਇਸ ਵਾਰ ਤਾਂ ਗਿਣਤੀ ਕਰਨੀ ਵੀ ਔਖੀ ਹੋ ਗਈ ਕਿ ਕਿੰਨੇ ਨਗਰ ਕੀਰਤਨ ਨਿਕਲੇ ਤੇ ਕਿਸ ਕਿਸ ਨੇ ਕੱਢੇ।

ਜਦ ਸਰਕਾਰਾਂ ਲੰਗਰਾਂ, ਪੰਡਾਲਾਂ, ਆਰਜ਼ੀ ਰਿਹਾਇਸ਼ ਅਤੇ ਟਰਾਂਸਪੋਰਟ ਤੋਂ ਲੈ ਕੇ ਸਫ਼ਾਈ ਤਕ ਦੇ ਪ੍ਰੋਗਰਾਮਾਂ ਉਤੇ ਬੇਬਹਾ ਪੈਸਾ ਖ਼ਰਚ ਰਹੀਆਂ ਸਨ ਤਾਂ ਸ੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਸਰਕਾਰਾਂ ਦਾ ਧਨਵਾਦ ਕਰਦੀ ਹੋਈ, ਅਪਣਾ ਜ਼ੋਰ ਧਰਮ ਪ੍ਰਚਾਰ ਕਰਨ ਉਤੇ ਲਗਾ ਦੇਂਦੀ। ਹਰ ਆਏ ਯਾਤਰੀ ਨੂੰ ਬਾਬੇ ਨਾਨਕ ਦੀ ਬਾਣੀ ਦੇ ਸੁਨੇਹੇ ਨਾਲ ਜੋੜਨ ਲਈ ਬੜੇ ਵਿਗਿਆਨਕ ਢੰਗ ਵਾਲੇ ਪ੍ਰੋਗਰਾਮ ਤਿਆਰ ਕਰਦੀ ਤੇ ਸਕੂਲਾਂ, ਕਾਲਜਾਂ ਵਿਚ ਛੇ ਛੇ ਮਹੀਨੇ ਪਹਿਲਾਂ ਨੌਜਵਾਨਾਂ ਤੇ ਬੱਚਿਆਂ ਦੇ ਸਿਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਨ ਵਾਲੇ ਜੱਥੇ ਭੇਜ ਕੇ ਉਨ੍ਹਾਂ ਨੂੰ ਬਾਬੇ ਨਾਨਕ ਨਾਲ ਸਬੰਧਤ ਫ਼ਿਲਮਾਂ ਵਿਖਾ ਕੇ, ਨਾਲ ਛੋਟੀ ਜਹੀ ਪ੍ਰੀਖਿਆ 'ਚੋਂ ਪਾਸ ਹੋਣ ਵਾਲਿਆਂ ਨੂੰ ਲੱਖਾਂ ਦੇ ਇਨਾਮ ਦੇ ਕੇ, ਉਨ੍ਹਾਂ ਦੇ ਦਿਲਾਂ ਵਿਚ ਬਾਬੇ ਨਾਨਕ ਬਾਰੇ ਹੋਰ ਜਾਣਨ ਦੀ ਇਕ ਚਿਣਗ ਜਗਾ ਦੇਂਦੇ।

ਪਰ ਸ਼੍ਰੋਮਣੀ ਕਮੇਟੀ ਦਾ ਧਿਆਨ ਤਾਂ ਇਕੋ ਗੱਲ ਵਲ ਲੱਗਾ ਹੋਇਆ ਸੀ ਕਿ ਸ਼ਰਧਾ ਨਾਲ ਗੁਰੂ ਨੂੰ ਟੇਕੇ ਪੈਸੇ ਨੂੰ ਬੇਦਰਦੀ ਨਾਲ ਖ਼ਰਚ ਕੇ ਕੇਂਦਰ ਦੇ ਬੀ.ਜੇ.ਪੀ. ਹਾਕਮਾਂ ਨੂੰ ਖ਼ੁਸ਼ ਕਿਵੇਂ ਕੀਤਾ ਜਾਵੇ ਤੇ ਗੁਮਨਾਮੀ 'ਚ ਜਾ ਚੁੱਕੇ ਬਾਦਲ ਪ੍ਰਵਾਰ ਦੇ ਹਰ ਜੀਅ ਨੂੰ ਤੜਕ ਭੜਕ ਵਾਲੇ ਸਮਾਗਮ ਰੱਚ ਕੇ, ਉਨ੍ਹਾਂ ਦੀ ਲੀਡਰੀ ਬਹਾਲ ਕਿਵੇਂ ਕੀਤੀ ਜਾਵੇ। ਸਪੋਕਸਮੈਨ ਦੀ ਨਹੀਂ 'ਟ੍ਰਿਬਿਊਨ' ਦੀ ਖ਼ਬਰ ਹੈ ਕਿ ਪੰਜਾਬ ਸਰਕਾਰ ਨਾਲ ਰਲ ਕੇ ਇਕ ਸਾਂਝੀ ਸਟੇਜ ਦੀ ਗੱਲ ਕੇਵਲ ਤੇ ਕੇਵਲ ਇਸ ਲਈ ਨਹੀਂ ਸੀ ਮੰਨੀ ਗਈ ਕਿਉਂਕਿ ਸਰਕਾਰ, ਸਾਬਕਾ ਮੁੱਖ ਮੰਤਰੀ ਨੂੰ ਸਟੇਜ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਬਿਠਾਉਣ ਲਈ ਤਿਆਰ ਨਹੀਂ ਸੀ ਹੋਈ।

ਸੋ ਇਕ 'ਸਾਬਕਾ' ਅਕਾਲੀ ਆਗੂ ਨੂੰ ਸਟੇਜ ਤੇ ਬਿਠਾਉਣ ਲਈ 10 ਕਰੋੜ ਦਾ ਖ਼ਰਚਾ ਕਰ ਦਿਤਾ ਗਿਆ। ਜੇ ਇਹ 10 ਕਰੋੜ ਨਾ ਖ਼ਰਚਿਆ ਜਾਂਦਾ ਤਾਂ ਕੁੱਝ ਵੀ ਫ਼ਰਕ ਨਹੀਂ ਸੀ ਪੈਣਾ, ਸਿਵਾਏ ਇਸ ਦੇ ਕਿ ਸਟੇਜ ਉਤੇ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਸੀ ਬੈਠੇ ਹੋਣਾ ਤੇ ਨਾ ਉਨ੍ਹਾਂ ਨੂੰ ਲੰਮਾ, ਅਕਾਊ ਤੇ ਅਪਣੀਆਂ ਤਾਰੀਫ਼ਾਂ ਵਾਲਾ ਭਾਸ਼ਨ ਦੇਣ ਦੀ ਆਗਿਆ ਮਿਲਣੀ ਸੀ। ਸਿੱਖ ਸਿਆਣੇ ਹੋਣ ਤਾਂ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿਚ ਖੜੀ ਕਰ ਕੇ ਪੁੱਛਣ ਕਿ ਅਪਣੇ ਇਕ 'ਮਾਲਕ' ਨੂੰ ਸਟੇਜ ਤੇ ਬਿਠਾਉਣ ਲਈ ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਵਲੋਂ ਗੁਰੂ-ਨਮਿਤ ਦਿਤਾ 10 ਕਰੋੜ ਨਾਲੀ ਵਿਚ ਕਿਉਂ ਸੁਟ ਦਿਤਾ?

ਅਕਾਲ ਤਖ਼ਤ ਦੇ 'ਜਥੇਦਾਰ' ਨੂੰ ਵੀ ਇਸ ਕੰਮ ਲਈ ਵਰਤ ਕੇ, ਉਸ ਨੂੰ ਵੀ 'ਪਾਰਟੀ ਹੁਕਮਾਂ ਦਾ ਬੱਝਾ' ਸਾਬਤ ਕਰ ਦਿਤਾ ਵਰਨਾ ਜੇ ਸਿੱਖ ਰਵਾਇਤਾਂ ਨੂੰ ਉਹ ਯਾਦ ਕਰ ਲੈਂਦਾ ਤਾਂ ਦੋਹਾਂ ਧਿਰਾਂ ਨੂੰ ਅਕਾਲ ਤਖ਼ਤ ਤੇ ਸੱਦ ਕੇ ਕਹਿੰਦਾ, ''ਹੁਣ ਇਥੋਂ ਉਠਣ ਤਾਂ ਦਿਆਂਗਾ ਜੇ ਆਪੋ ਵਿਚ ਇਕ ਸਹਿਮਤੀ ਤੇ ਪੁਜ ਕੇ ਅਕਾਲ ਤਖ਼ਤ ਤੋਂ ਐਲਾਨ ਕਰ ਜਾਉਗੇ''¸ਪਰ ਆਪ ਅਪਣੇ ਉਤੇ ਕੋਈ ਗੱਲ ਨਾ ਲੈਂਦਾ। ਸਿੱਖ ਧਰਮ ਅਨੁਸਾਰ, ਅਕਾਲ ਤਖ਼ਤ ਦਾ ਜਥੇਦਾਰ ਕੋਈ ਜੱਜ ਜਾਂ ਡਿਕਟੇਟਰ ਨਹੀਂ ਹੁੰਦਾ

ਬਲਕਿ ਲੜ ਰਹੀਆਂ ਧਿਰਾਂ ਨੂੰ ਇਕ ਸਾਂਝੇ ਫ਼ੈਸਲੇ ਤੇ ਪੁੱਜਣ ਵਿਚ ਸਹਾਈ ਹੋਣ ਵਾਲਾ ਦਾਨਾ ਬੀਨਾ ਨਿਰਪੱਖ ਵਡੇਰਾ ਹੁੰਦਾ ਹੈ ਜੋ ਆਪ 'ਫ਼ੈਸਲੇ' ਨਹੀਂ ਦਿਆ ਕਰਦਾ, ਏਕਤਾ ਬਣਾਉਣ ਵਾਲੇ, ਦੂਜਿਆਂ ਦੇ ਫ਼ੈਸਲੇ, ਅਕਾਲ ਤਖ਼ਤ ਤੋਂ ਕੇਵਲ ਸੁਣਾਉਂਦਾ ਹੀ ਹੈ। ਗਿ: ਹਰਪ੍ਰੀਤ ਸਿੰਘ ਪਹਿਲੀ ਪ੍ਰੀਖਿਆ ਵਿਚ ਹੀ ਸਿਆਸੀ ਮਾਲਕਾਂ ਨਾਲ ਢੁਕ ਕੇ ਖੜੇ ਹੋਣ ਵਾਲੇ ਹੀ ਸਾਬਤ ਹੋਏ ਹਨ।

ਮਲਿਕ ਭਾਗੋਆਂ ਦੇ 'ਲੰਗਰ'
ਬਾਬਿਆਂ ਦੀ ਗੱਲ ਕਰੀਏ ਤਾਂ ਅੰਨ੍ਹੀ ਦੌਲਤ ਦੇ ਮਾਲਕ ਬਣ ਕੇ ਵੀ ਉਹ ਸਿੱਖੀ ਦੀ ਚੜ੍ਹਦੀ ਕਲਾ ਦਾ ਕੋਈ ਪ੍ਰੋਗਰਾਮ ਨਹੀਂ ਬਣਾ ਸਕੇ ਤੇ ਅੱਜਕਲ੍ਹ ਲੰਗਰਾਂ ਵਿਚ ਭਾਂਤ-ਭਾਂਤ ਦੇ ਪੀਜ਼ੇ, ਨੂਡਲਾਂ, ਹਾਟ ਡਾਗ ਤੇ ਬਰਗਰ ਲੈ ਕੇ ਪੁਜਦੇ ਹਨ ਜਿਨ੍ਹਾਂ ਨੂੰ ਖਾਣ ਤੋਂ ਡਾਕਟਰ ਵੀ ਵਰਜਦੇ ਰਹਿੰਦੇ ਹਨ ਤੇ ਮਾਪੇ ਵੀ ਬੱਚਿਆਂ ਨੂੰ ਟੋਕਦੇ ਵੇਖੇ ਜਾਂਦੇ ਹਨ। ਗੁਰੂ ਦੇ ਲੰਗਰ ਵਿਚ ਇਨ੍ਹਾਂ ਨੂੰ ਵੇਖ ਕੇ 'ਮਲਿਕ ਭਾਗੋ' ਦਾ ਛੱਤੀ ਪਦਾਰਥਾਂ ਵਾਲਾ 'ਸ਼ਾਹੀ ਭੋਜ' ਯਾਦ ਆ ਜਾਂਦਾ ਹੈ ਜਿਸ ਨੂੰ ਬਾਬੇ ਨਾਨਕ ਨੇ ਮੂੰਹ ਲਾਉਣਾ ਵੀ ਪਸੰਦ ਨਹੀਂ ਸੀ ਕੀਤਾ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਪ੍ਰਸੰਨ ਹੋਏ ਸਨ।

ਅੱਜ ਉਸੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਲੰਗਰ ਵਿਚ ਮਲਿਕ ਭਾਗੋ ਦੇ ਛੱਤੀ ਪਦਾਰਥ ਵਰਤਾਏ ਜਾ ਰਹੇ ਸਨ ਤੇ ਕਿਹਾ ਜਾ ਰਿਹਾ ਸੀ ਕਿ 'ਵੱਡੀ ਸੇਵਾ ਕਰ ਰਹੇ ਹਾਂ ਜੀ।' ਲੱਖ ਲਾਹਨਤ ਹੈ ਬਾਬੇ ਨਾਨਕ ਦੇ ਸੁੱਚੇ ਲੰਗਰ ਨੂੰ ਪ੍ਰਦੂਸ਼ਿਤ ਕਰਨ ਵਾਲੇ ਮਲਿਕ ਭਾਗੋਆਂ ਨੂੰ!! ਉਹ ਬਾਬੇ ਨਾਨਕ ਨੂੰ ਤਾਂ ਬੁਲਾ ਨਹੀਂ ਸਨ ਸਕੇ ਪਰ ਹੁਣ ਬਾਬੇ ਨਾਨਕ ਦੇ ਅਖੌਤੀ ਸਿੱਖਾਂ ਨੂੰ ਭਰਮਾਉਣ ਲੱਗ ਪਏ ਹਨ।

ਲੰਗਰ ਕੋਈ ਸ਼ਾਹੀ ਠਾਠ ਤੇ ਅਮੀਰੀ ਦਾ ਵਿਖਾਵਾ ਕਰਨ ਵਾਲਾ ਭੋਜਨ ਨਹੀਂ ਹੁੰਦਾ ਜੋ ਰਾਜੇ ਮਹਾਰਾਜੇ ਸਾਲ ਵਿਚ ਇਕ ਵਾਰੀ ਇਸ ਦੇਸ਼ ਵਿਚ 'ਸ਼ਾਹੀ ਭੋਜ' ਸਜਾ ਕੇ ਗ਼ਰੀਬ ਜਨਤਾ ਅੱਗੇ ਪਰੋਸ ਕੇ ਉਸ ਅੰਦਰ ਅਪਣੀ ਦਰਿਆ-ਦਿਲੀ ਤੇ ਅਮੀਰੀ ਦੀ ਧਾਂਕ ਬਿਠਾ ਲਿਆ ਕਰਦੇ ਸਨ। ਇਹ ਤਾਂ ਸ਼ੁਧ ਘਰੇਲੂ ਤੇ ਸਾਦਾ ਭੋਜਨ ਰਲ ਕੇ ਖਾਣ ਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਦੇ ਇਕ ਸਾਧਨ ਵਜੋਂ ਸ਼ੁਰੂ ਕੀਤਾ ਗਿਆ ਸੀ। ਸਾਡੇ ਮਲਿਕ ਭਾਗੋ ਇਸ ਦਾ ਅਸਲ ਮਕਸਦ ਖ਼ਤਮ ਕਰਨ ਲਈ ਅੱਜ ਅਪਣਾ 'ਕਾਲਾ ਧਨ' ਵਰਤ ਰਹੇ ਹਨ। ਸਿੱਖੋ, ਖ਼ਬਰਦਾਰ! ਹੋਸ਼ਿਆਰ!!

10, 12 ਕਰੋੜ ਦੇ ਪੰਡਾਲਾਂ ਦੀ ਗੱਲ
ਇਕ ਫੇਰੀ 10, 12 ਕਰੋੜ ਦੇ ਪੰਡਾਲ ਵਲ ਵੀ ਮਾਰ ਆਈਏ। ਬੇਸ਼ੱਕ ਗ਼ਰੀਬ ਦੇ, ਗੁਰੂ ਨਮਿਤ ਦਿਤੇ ਪੈਸੇ ਦੀ ਬੇਦਰਦੀ ਨਾਲ ਦੁਰਵਰਤੋਂ ਅਪਣੇ ਸਿਆਸੀ ਮਾਲਕਾਂ ਨੂੰ ਦਿੱਲੀ ਦੇ ਹਾਕਮਾਂ ਦੇ ਨਾਲ ਵਾਲੀ ਕੁਰਸੀ ਤੇ ਬਿਠਾਉਣ ਲਈ ਹੀ ਕੀਤੀ ਗਈ ਸੀ (ਹਾਏ ਰੱਬਾ ਇਹ ਮਸ਼ਹੂਰੀ ਦੀ ਹਸਰਤ 90-95 ਸਾਲ ਦੇ ਹੋ ਜਾਣ ਤਕ ਵੀ ਕਿਉਂ ਨਹੀਂ ਮਰਦੀ ਤੇ ਕੌਮ ਦੇ ਪੈਸੇ, ਗੁਰਦਵਾਰੇ ਦੇ ਪੈਸੇ, ਗੋਲਕ ਦੇ ਪੈਸੇ ਨਾਲ ਅਪਣੀ ਮਸ਼ਹੂਰੀ ਕਰਵਾਉਣ ਦਾ ਝੱਸ ਕਿਹੜੀ ਉਮਰ ਵਿਚ ਜਾ ਕੇ ਖ਼ਤਮ ਹੁੰਦਾ ਹੈ?) ਪਰ ਟਾਈਮਜ਼ ਆਫ਼ ਇੰਡੀਆ ਤੇ ਇੰਡੀਅਨ ਐਕਸਪ੍ਰੈੱਸ ਦੀਆਂ ਰੀਪੋਰਟਾਂ ਦਸਦੀਆਂ ਹਨ ਕਿ ਸ਼ਰਧਾਲੂ ਤਾਂ ਸ਼੍ਰੋਮਣੀ ਕਮੇਟੀ ਦੇ ਪੰਡਾਲ ਵਿਚ ਗਏ ਹੀ ਨਹੀਂ।

ਟਾਈਮਜ਼ ਆਫ਼ ਇੰਡਆ ਨੇ ਦੋ ਤਸਵੀਰਾਂ ਛਾਪੀਆਂ ਹਨ। ਇਕ ਪੰਜਾਬ ਸਰਕਾਰ ਦੇ ਪੰਡਾਲ ਦੀ ਤਸਵੀਰ ਹੈ ਜਿਸ ਵਿਚ ਲੋਕ ਮੌਜੂਦ ਹਨ ਤੇ ਦੂਜੀ ਸ਼੍ਰੋਮਣੀ ਕਮੇਟੀ ਦੇ ਪੰਡਾਲ ਦੀ ਉਸੇ ਸਮੇਂ ਦੀ ਤਸਵੀਰ ਹੈ ਜੋ ਬਿਲਕੁਲ ਖ਼ਾਲੀ ਪਿਆ ਸੀ। ਅਗਲੇ ਦਿਨ ਵੀ ਇਹੀ ਹਾਲਤ ਸੀ ਤੇ ਇਹ ਗੱਲ ਦੂਜੇ ਅੰਗਰੇਜ਼ੀ ਅਖ਼ਬਾਰਾਂ ਨੇ ਵੀ ਨੋਟ ਕੀਤੀ। ਲੋਕ ਮੱਥੇ ਟੇਕ ਕੇ, ਪਿਛਲੇ ਦਰਵਾਜ਼ਿਉਂ ਬਾਹਰ ਨਿਕਲ ਜਾਂਦੇ ਸਨ ਪਰ ਸ਼੍ਰੋਮਣੀ ਕਮੇਟੀ ਦੇ ਪੰਡਾਲ ਵਿਚ ਨਹੀਂ ਸਨ ਜਾਂਦੇ (ਮੈਂ ਨਹੀਂ ਕਹਿ ਰਿਹਾ, ਅੰਗਰੇਜ਼ੀ ਅਖ਼ਬਾਰਾਂ ਕਹਿੰਦੀਆਂ ਨੇ)।

ਸ਼ਾਇਦ ਸ਼ਰਧਾਲੂਆਂ ਨੇ ਵੀ ਸਮਝ ਲਿਆ ਹੋਵੇਗਾ ਕਿ ਇਹ ਪੰਡਾਲ ਕੇਵਲ ਬਾਦਲਾਂ ਦੀ 'ਕੁਰਸੀ ਇੱਛਾ' ਦੀ ਪੂਰਤੀ ਲਈ ਉਸਾਰਿਆ ਗਿਆ ਸੀ, ਸ਼ਰਧਾਲੂਆਂ ਲਈ ਨਹੀਂ। ਪਹਿਲਾਂ ਐਲਾਨ ਕੀਤੇ ਜਾਂਦੇ ਰਹੇ ਕਿ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਕੋਈ ਸਿਆਸੀ ਗੱਲ ਨਹੀਂ ਕਹਿਣ ਦਿਤੀ ਜਾਵੇਗੀ ਤੇ ਕੇਵਲ ਧਾਰਮਕ ਲੈਕਚਰ ਹੀ ਦਿਤੇ ਜਾਣਗੇ ਪਰ ਜਿਉਂ ਹੀ 'ਪ੍ਰਧਾਨ ਮੰਤਰੀ ਜੀ' ਆ ਬਿਰਾਜੇ, ਸਾਰੇ ਐਲਾਨ ਛੂ ਮੰਤਰ ਹੋ ਗਏ ਤੇ ਚਮਚਾਗਿਰੀ ਦੀ ਹੱਦ ਤਕ ਜਾਣ ਵਾਲੀ ਤਾਰੀਫ਼ ਹੀ ਇਸ ਸਟੇਜ ਦਾ ਮੁੱਖ ਰਾਗ ਬਣ ਗਈ। ਪ੍ਰਧਾਨ ਮੰਤਰੀ ਇਕ ਵੀ ਮੰਗ ਮੰਨੇ ਬਗ਼ੈਰ ਚਲੇ ਗਏ ਤੇ ਇਹ ਗਿਣਾ ਕੇ ਹੀ ਬੱਸ ਕਰ ਗਏ ਕਿ ਉਨ੍ਹਾਂ ਨੇ ਕਿੰਨੀ ਵਾਰ ਫ਼ਾਈਲਾਂ ਉਤੇ, ਸਿੱਖਾਂ ਦਾ ਨਾਂ ਲੈ ਕੇ ਕਲਮ ਘਸਾਈ ਸੀ ਤੇ ਦਸਤਖ਼ਤ ਕੀਤੇ ਸਨ। ਬਸ ਖੇਲ ਖ਼ਤਮ, ਪੈਸਾ ਹਜ਼ਮ!!

ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦੇ ਜਥੇਦਾਰਾਂ ਤੇ ਨਗਰ-ਕੀਰਤਨਾਂ ਦੇ ਨਾਂ ਤੇ ਕਰੋੜਾਂ ਰੁਪਏ ਸਿੱਖਾਂ ਦੀਆਂ ਜੇਬਾਂ ਵਿਚੋਂ ਕਢਵਾ ਕੇ ਆਪ ਅਮੀਰ ਬਣ ਜਾਣ ਵਾਲੇ ਸਿੱਖਾਂ ਨੇ ਅਪਣੇ ਬਾਨੀ ਪ੍ਰਤੀ ਜਿਸ ਵਤੀਰੇ ਦੀ ਪ੍ਰਦਰਸ਼ਨੀ ਕੀਤੀ ਹੈ ਤੇ ਮੁਕਾਬਲੇ ਤੇ ਦੋਹਾਂ ਪੰਜਾਬਾਂ ਦੀਆਂ ਸਰਕਾਰਾਂ ਨੇ ਜੋ ਕਰ ਵਿਖਾਇਆ ਹੈ, ਉਸ ਦਾ ਟਾਕਰਾ ਕਰ ਕੇ ਵੇਖੋ ਤਾਂ ਸਿੱਖ ਪੰਥ ਦੇ, ਅਪਣੇ ਆਪ ਨੂੰ 'ਮਾਲਕ' ਸਮਝਣ ਵਾਲਿਆਂ ਨੂੰ ਪੰਥ ਤੋਂ ਮਾਫ਼ੀ ਮੰਗ ਕੇ ਆਪ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਪਰ ਅਸਤੀਫ਼ੇ ਤਾਂ ਉਹ ਤਾਂ ਦੇਣ ਜੇ ਇਕ ਵਾਰ ਗ਼ਲਤੀ ਕੀਤੀ ਹੋਵੇ।

ਇਹ ਤਾਂ ਹਰ ਗੁਰਪੁਰਬ ਤੇ ਇਸੇ ਤਰ੍ਹਾਂ ਹੀ ਕਰਦੇ ਆਏ ਹਨ ਤੇ ਕਰਦੇ ਰਹਿਣਗੇ ਵੀ। 'ਧਰਮ ਪੰਖ ਕਰ ਊਡਰਿਆ' ਵਾਲੀ ਹਾਲਤ ਬਣ ਚੁੱਕੀ ਹੈ ਤੇ ਸਿਆਸਤ ਤੁਹਾਨੂੰ ਗੁਰਦਵਾਰਿਆਂ ਅਥਵਾ ਧਰਮ ਦੇ ਵਿਹੜੇ ਵਿਚ ਦਾਖ਼ਲ ਹੋ ਕੇ ਹੋਰ ਦੇ ਵੀ ਕੀ ਸਕਦੀ ਹੈ? ਪਰ ਸੱਚ ਪੁਛੋ ਤਾਂ ਪਹਿਲੇ ਦਿਨ ਤੋਂ ਹੀ ਸ਼ਤਾਬਦੀ ਸਮਾਗਮਾਂ ਦਾ ਰਸਤਾ ਬਿੱਲੀ ਕੱਟ ਗਈ ਸੀ (ਜਿਵੇਂ ਲੋਕ-ਅਖੌਤਾਂ ਵਿਚ ਕਿਹਾ ਜਾਂਦਾ ਹੈ, ਮੈਂ ਭਾਵੇਂ ਨਾ ਵੀ ਮੰਨਾ) ਤੇ ਅਖ਼ੀਰ ਤਕ ਇਨ੍ਹਾਂ ਸਮਾਗਮਾਂ ਨੂੰ ਬਾਬੇ ਨਾਨਕ ਤੋਂ ਦੂਰ ਲਿਜਾਣ ਵਾਲੀਆਂ ਸ਼ਕਤੀਆਂ ਦਾ ਗ਼ਲਬਾ ਬਣਿਆ ਰਿਹਾ। ਪੂਰੀ ਗੱਲ ਅਗਲੇ ਹਫ਼ਤੇ ਦੱਸਾਂਗਾ।  (ਚਲਦਾ)