Nijji Diary De Panne : ਸ਼ਰਾਬ ਪੀ ਲਉ ਤਾਂ 10 ਹਜ਼ਾਰ ਡਾਲਰ ਦਾ ਚੈੱਕ ਲੈ ਲਉ ਨਹੀਂ ਤਾਂ ਸਿਰਫ਼ ਪੰਜ ਸੌ ਡਾਲਰ ਹੀ ਮਿਲੇਗਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Nijji Diary De Panne: ਸਿੱਖਾਂ ਤੇ ਸਿੱਖੀ ਦੀਆਂ ਸਾਰੀਆਂ ਚੰਗਿਆਈਆਂ ਸ਼ਰਾਬ ਦੀ ਬੋਤਲ ਨੇ ਡਕਾਰ ਲਈਆਂ!

Nijji Diary De Panne

ਮੈਂ ਸਮਝਦਾ ਹਾਂ, ਅਮੀਰ ਸਿੱਖ ਫ਼ਲਸਫ਼ੇ ਦੇ ਰੂਪ ਵਿਚ ਰੱਬ ਨੇ ਸਿੱਖਾਂ ਨੂੰ ਨਿਹਾਲੋ ਨਿਹਾਲ ਕੀਤਾ ਹੋਇਆ ਹੈ। ਸ਼ਾਨਦਾਰ ਇਤਿਹਾਸ ਦਾ ਵੱਡਾ ਖ਼ਜ਼ਾਨਾ ਵੀ ਇਨ੍ਹਾਂ ਕੋਲ ਹੈ। ਮਿਹਨਤ, ਸਿਰੜ ਤੇ ਸਰਬੱਤ ਦੇ ਭਲੇ ਦੀ ਸੋਚ ਦੀ ਗੁੜ੍ਹਤੀ ਇਨ੍ਹਾਂ ਨੂੰ ਬਾਬੇ ਨਾਨਕ ਵਲੋਂ ਮਿਲੀ ਹੋਈ ਹੈ। ਏਨੇ ਭਰਪੂਰ ਗੁਣਾਂ ਦੇ ਖ਼ਜ਼ਾਨੇ ਨਾਲ ਇਹ ਦੁਨੀਆਂ ਦੀ ਅੱਵਲ ਦਰਜੇ ਦੀਆਂ ਸਿਆਣੀਆਂ ਕੌਮਾਂ ਵਿਚ ਗਿਣੇ ਜਾ ਸਕਦੇ ਹਨ ਪਰ ਚੰਦਰੀ ਸ਼ਰਾਬ ਨੇ ਇਨ੍ਹਾਂ ਨੂੰ ਇਸ ਤਰ੍ਹਾਂ ਗਲੇ ਤੋਂ ਫੜਿਆ ਹੋਇਆ ਹੈ (ਹੁਣ ਨਸ਼ਿਆਂ ਨੇ ਵੀ ਆ ਦਬੋਚਿਆ ਹੈ) ਕਿ ਸੱਭ ਕੁੱਝ ਹੁੰਦਿਆਂ ਸੁੰਦਿਆਂ ਵੀ ਇਹ ਦੁਨੀਆਂ ਦੀਆਂ ਅੱਵਲ ਰਹਿਣ ਵਾਲੀਆਂ ਕੌਮਾਂ ਵਿਚ ‘ਪਛੜੇ ਹੋਏ ਲੋਕਾਂ’ ਵਜੋਂ ਹੀ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ‘ਮਜ਼ਦੂਰ’ ਵਜੋਂ ਤਾਂ ਕਈ ਦੇਸ਼ ਮਜ਼ਦੂਰੀ ਕਰਨ ਲਈ ਬੁਲਾ ਲੈਂਦੇ ਹਨ

(ਕਿਸੇ ਇਜ਼ਰਾਈਲੀ ਯਹੂਦੀ ਨੂੰ ਕੋਈ ਵੀ ਮਜ਼ਦੂਰ ਵਜੋਂ ਨਹੀਂ ਜਾਣਦਾ, ਸਿਆਣੇ ਵਿਗਿਆਨੀਆਂ ਜਾਂ ਵਪਾਰੀਆਂ ਵਜੋਂ ਹੀ ਜਾਣਦੇ ਹਨ) ਪਰ ਵਿਦਵਤਾ, ਵਿਗਿਆਨ ਤੇ ਦੂਰ-ਦ੍ਰਿਸ਼ਟੀ ਨਾਲ ਸਬੰਧਤ ਖੇਤਰਾਂ ਵਿਚ ਸਿੱਖਾਂ ਦੇ ਕੁੱਝ ਇਕ ਸਚਮੁਚ ਦੇ ਚੰਗੇ ਲਾਇਕ ਲੋਕਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਚਾਰ ਸਿੱਖ ਰਲ ਕੇ ਸ਼ਰਾਬ ਪੀਂਦੇ, ਲੜਦੇ, ਬਕਰੇ ਬੁਲਾਉਂਦੇ ਤੇ ਅਖ਼ੀਰ ਗੋਲੀਬਾਰੀ ਕਰਨ ’ਤੇ ਆ ਜਾਂਦੇ ਹਨ, ਦੂਜੀਆਂ ਕੌਮਾਂ ਉਤੇ ਇਨ੍ਹਾਂ ਦਾ ਚੰਗਾ ਪ੍ਰਭਾਵ ਬਿਲਕੁਲ ਨਹੀਂ ਬਣਦਾ -- ਉਸੇ ਤਰ੍ਹਾਂ ਜਿਵੇਂ ਯੂਪੀ, ਬਿਹਾਰ ਤੋਂ ਆਏ ਪੰਜਾਬ ਤੇ ਚੰਡੀਗੜ੍ਹ ਵਿਚ ਆ ਕੇ ਰਹਿੰਦੇ ਲੋਕਾਂ ਨੂੰ ਸ਼ਰਾਬ ਪੀ ਕੇ ਲੜਦੇ, ਮਰਦੇ ਤੇ ਗੰਦ ਬੋਲਦੇ ਵੇਖ ਕੇ ਉਨ੍ਹਾਂ ਨੂੰ ਅਪਣੇ ਨੌਕਰ ਜਾਂ ਖੇਤੀ ਕਾਮੇ ਰੱਖਣ ਤੋਂ ਬਿਨਾਂ ਪੰਜਾਬੀਆਂ ਦੀ, ਉਨ੍ਹਾਂ ਨਾਲ ਕੋਈ ਨੇੜਤਾ ਨਹੀਂ ਬਣਦੀ।

ਸੋ ਮੈਂ ਤਾਂ ਪਹਿਲੇ ਤੋਂ ਸ਼ੁਰੂ ਹੋ ਕੇ ਹੁਣ ਦੇ 83ਵੇਂ ਸਾਲ ਦੇ ਸਫ਼ਰ ਵਿਚ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰ ਰਿਹਾ ਹਾਂ। ਲੋਕ ਕਹਿੰਦੇ ਹਨ ਕਿ ਅੱਜ ਦੇ ਜ਼ਮਾਨੇ ਵਿਚ ਸ਼ਰਾਬ ਪੀ ਕੇ ਤੇ ਪਿਆ ਕੇ ਜਿੰਨੇ ਕੰਮ ਆਸਾਨੀ ਨਾਲ ਕਰਵਾਏ ਜਾ ਸਕਦੇ ਹਨ, ਉਹ ਹੋਰ ਕਿਸੇ ਤਰ੍ਹਾਂ ਨਹੀਂ ਕਰਵਾਏ ਜਾ ਸਕਦੇ। ਇਹ ‘ਸਚਾਈ’ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ ਹਨ ਤੇ ਕਈ ਵਾਰ ਡਾਢੇ ਨੁਕਸਾਨ ਉਠਾ ਕੇ ਵੀ ਮੇਰੀ ਇਸ ਚੰਦਰੀ ਸ਼ਰਾਬ ਨਾਲ ਦੋਸਤੀ ਨਹੀਂ ਬਣ ਸਕੀ ਸਗੋਂ ਦੁਸ਼ਮਣੀ ਵਧਦੀ ਹੀ ਗਈ ਹੈ।  ਘਾਟੇ ਦੀ ਗੱਲ ਕਰਦਿਆਂ ਮੈਨੂੰ ਅਪਣੀ ਅਮਰੀਕੀ ਯਾਤਰਾ ਸਮੇਂ ਦੀ ਇਕ ਹਾਸੇ ਭਰੀ ਗੱਲ ਯਾਦ ਆ ਗਈ। 

ਮੈਂ ਫ਼ਰੈਜ਼ਨੋ (ਅਮਰੀਕਾ) ਇਕ ਗੁਰਦਵਾਰੇ ਗਿਆ। ਦੋ ਦਿਨ ਤੋਂ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਸਪੋਕਸਮੈਨ ਦਾ ਐਡੀਟਰ ਭਾਰਤ ਤੋਂ ਆ ਰਿਹਾ ਹੈ। ਮੈਨੂੰ ਸੁਣਨ ਲਈ ਹਾਲ ਖਚਾਖਚ ਭਰਿਆ ਹੋਇਆ ਸੀ। ਮੈਂ ਛੋਟੀ ਜਹੀ ਤਕਰੀਰ ਕੀਤੀ। ਬਾਹਰ ਆਏ ਤਾਂ ਇਕ ਸਰਦਾਰ ਸਾਹਿਬ ਕਹਿਣ ਲੱਗੇ, ‘‘ਤੁਹਾਡੇ ਭਾਸ਼ਨ ਦਾ ਮੇਰੇ ’ਤੇ ਬਹੁਤ ਅਸਰ ਹੋਇਐ। ਤੁਸੀ ਮੇਰੀ ਬੇਨਤੀ ਮੰਨ ਕੇ ਮੇਰੇ ਘਰ ਚਰਨ ਪਾਉ।’’ ਮੈਂ ਉਨ੍ਹਾਂ ਨੂੰ ਨਹੀਂ ਜਾਣਦਾ ਸੀ। ਜਿਨ੍ਹਾਂ ਨੇ ਮੈਨੂੰ ਅਮਰੀਕਾ ਬੁਲਾਇਆ ਸੀ, ਉਨ੍ਹਾਂ ਨੂੰ ਪੁਛਿਆ ਤਾਂ ਉਹ ਕਹਿਣ ਲੱਗੇ, ‘‘ਇਹ ਤਾਂ ਅਰਬਪਤੀ ਸਰਦਾਰ ਹੈ। ਤੁਸੀ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਲਈ ਛੋਟੇ ਛੋਟੇ ਮੈਂਬਰ ਬਣਾ ਰਹੇ ਹੋ। ਇਹ ਤਾਂ ਇਥੋਂ ਦਾ ‘.......ਕਿੰਗ’ ਹੈ ਚਾਹੇ ਤਾਂ ਇਕੱਲਾ ਹੀ ਅਖ਼ਬਾਰ ਲਈ ਪੂਰੀ ਮਾਇਆ ਹੁਣੇ ਖੜਾ ਖਲੋਤਾ ਦੇ ਸਕਦਾ ਹੈ। ਜੇ ਘਰ ਬੁਲਾਉਂਦਾ ਹੈ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ?’’ ਸੋ ਅਸੀ ਉਨ੍ਹਾਂ ਦੇ ਫ਼ਾਰਮ ਹਾਊਸ ਵਲ ਚਲ ਪਏ ਜੋ ਨੇੜੇ ਹੀ ਸੀ। ਰਸਤੇ ਵਿਚ ਉਹ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਹਿਣ ਲੱਗੇ, ‘‘ਮੈਨੂੰ ਪਤਾ ਹੈ, ਤੁਸੀ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਲਈ ਮੈਂਬਰ ਬਣਾ ਰਹੇ ਹੋ ਪਰ ਦਾਨ ਨਹੀਂ ਲੈਂਦੇ। ਤੁਹਾਡੀ ਸੱਭ ਤੋਂ ਵੱਡੀ ਮੈਂਬਰਸ਼ਿਪ ਕਿੰਨੀ ਹੈ?’’ ਮੈਂ ਕਿਹਾ, ‘‘ਭਾਰਤ ਵਿਚ 10 ਹਜ਼ਾਰ ਰੁਪਏ ਤੇ ਅਮਰੀਕਾ ਵਿਚ 10 ਹਜ਼ਾਰ ਡਾਲਰ।’’

ਉਨ੍ਹਾਂ ਸਾਥੀ ਨੂੰ ਕਿਹਾ, ‘‘ਕੱਟ ਦੇ ਬਈ 10 ਹਜ਼ਾਰ ਡਾਲਰ ਦਾ ਚੈੱਕ।’’ ਏਨੇ ਨੂੰ ਮਹਿਲ ਵਰਗੇ ਫ਼ਾਰਮ ਹਾਊਸ ਅੰਦਰ ਪਹੁੰਚ ਗਏ। ਦਰਜਨਾਂ ਮਹਿੰਗੇ ਪਕਵਾਨਾਂ ਦੀ ਖ਼ੁਸ਼ਬੂ ਬੜੀ ਮਨ ਲੁਭਾਉਣੀ ਸੀ। ਮੈਨੂੰ ਕੁਰਸੀ ’ਤੇ ਬੈਠਣ ਲਈ ਕਿਹਾ ਗਿਆ ਤੇ ਹੁਕਮ ਦਿਤਾ ਗਿਆ, ‘‘ਲਿਆ ਬਈ ਸਰਦਾਰ ਜੀ ਲਈ ਵਧੀਆ ਪੀਟਰਜ਼ਬਰ....।’’  ਸ਼ਰਾਬ? ਮੈਂ ਬੋਲ ਪਿਆ, ‘‘ਜੀ ਮੈਂ ਸ਼ਰਾਬ ਨਹੀਂ ਪੀਂਦਾ।’’ ਮੇਰੀ ਗੱਲ ਸੁਣ ਕੇ ਸਰਦਾਰ ਸਾਹਿਬ ਬੋਲੇ, ‘‘ਓਏ ਏਸ ਵੇਲੇ ਸਰਦਾਰ ਜੀ ਇਹ ਨਹੀਂ ਪੀਂਦੇ ਤਾਂ ਲੈ ਆ ਫ਼ਰੈਂਚ ਬੀਅਰ....।’’ ਮੈਂ ਕਿਹਾ, ‘‘ਜੀ ਮੈਂ ਕਿਸੇ ਵੀ ਸ਼ਰਾਬ ਨੂੰ ਕਦੇ ਹੱਥ ਵੀ ਨਹੀਂ ਲਾਇਆ। ਮੈਂ ਕਦੇ ਨਹੀਂ ਪੀਤੀ।’’ ਸਰਦਾਰ ਸਾਹਿਬ ਅਥਵਾ ‘.......ਕਿੰਗ’ ਤਣ ਕੇ ਖੜੇ ਹੋ ਗਏ ਤੇ ਬੋਲੇ, ‘‘ਫਿਰ ਸਾਡੇ ਕੋਲ ਆਏ ਕਿਉਂ ਓ?’’ ਮੈਂ ਕਿਹਾ, ‘‘ਜੀ ਮੈਂ ਤਾਂ ਗੁਰਦਵਾਰੇ ਆਇਆ ਸੀ। ਉਥੇ ਤੁਸੀ ਅਪਣੇ ਘਰ ਆਉਣ ਲਈ ਬੁਲਾ ਲਿਆ।’’

ਸਰਦਾਰ ਸਾਹਿਬ ਨੇ ਗੁੱਸੇ ਭਰੀ ਆਵਾਜ਼ ਵਿਚ ਸਾਥੀ ਨੂੰ ਵਾਜ ਮਾਰੀ, ‘‘ਉਹ 10 ਹਜ਼ਾਰ ਡਾਲਰ ਦਾ ਚੈੱਕ ਕੈਂਸਲ ਕਰ ਦੇ ਤੇ 500 ਡਾਲਰ ਦਾ ਚੈੱਕ ਬਣਾ ਦੇ।’’ ਦਿਲ ਕਰਦਾ ਸੀ, 500 ਦਾ ਚੈੱਕ ਵੀ ਵਾਪਸ ਕਰ ਦਿਆਂ ਪਰ ਨਾਲ ਗਏ ਸਾਥੀਆਂ ਦੇ ਕਹਿਣ ’ਤੇ ਚੁੱਪ ਕਰ ਗਿਆ ਤੇ ਇਕ ਅੱਧ ਪਕੌੜਾ ਖਾ ਕੇ ਵਾਪਸ ਚਲ ਪਏ।
ਮੇਰੇ ਸਾਥੀ ਕਹਿਣ, ‘‘ਤੁਹਾਨੂੰ ਸਮਝ ਆ ਗਈ ਸੀ ਕਿ ਇਹਨੇ ਸ਼ਰਾਬ ਪਿਆਏ ਬਿਨਾਂ ਪੈਸੇ ਨਹੀਂ ਦੇਣੇ ਤਾਂ ਤੁਸੀ ਇਕ ਘੁਟ ਮੂੰਹ ਵਿਚ ਪਾ ਕੇ ‘ਬਾਥਰੂਮ’ ਜਾਣ ਦਾ ਬਹਾਨਾ ਕਰ ਕੇ ਕੁਰਲੀ ਕਰ ਲੈਂਦੇ ਤਾਂ ਇਹਨੂੰ ਪਤਾ ਵੀ ਨਹੀਂ ਸੀ ਲਗਣਾ। 10 ਹਜ਼ਾਰ ਡਾਲਰ ਦੀ ਰਕਮ ਕੋਈ ਛੋਟੀ ਰਕਮ ਤਾਂ ਨਹੀਂ ਹੁੰਦੀ। ਥੋੜੀ ਡਿਪਲੋਮੇਸੀ ਵਰਤ ਕੇ ਲੈ ਲੈਣੀ ਸੀ ਤੇ ਅਪਣਾ ਪ੍ਰਣ ਵੀ ਬਚਾ ਲੈਣਾ ਸੀ।’’  ਮੈਂ ਕਿਹਾ, ‘‘ਝੂਠ ਬੋਲ ਕੇ 10 ਹਜ਼ਾਰ ਡਾਲਰ ਲੈਣ ਦੀ ਡਿਪਲੋਮੇਸੀ ਜਾਂ ਚਲਾਕੀ ਮੇਰੀ ਮਾਂ ਮੈਨੂੰ ਸਿਖਾਣੀ ਭੁਲ ਗਈ ਸੀ ਸ਼ਾਇਦ। ਪਰ ਹੁਣ ਇਹ ਪ੍ਰਣ ਤਾਂ ਜੀਵਨ ਭਰ ਇਸੇ ਤਰ੍ਹਾਂ ਹੀ ਨਿਭੇਗਾ।’’