ਸਿਆਸੀ ਪਾਰਟੀਆਂ ਅਪਣੇ ਅਸਲ ਰੰਗ ਵਿਚ ਹੀ ਚੰਗੀਆਂ ਲਗਦੀਆਂ ਨੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਰ ਇਸ ਵੇਲੇ ਸ਼ਾਇਦ ਹੀ ਕੋਈ ਪਾਰਟੀ ਅਜਿਹੀ ਮਿਲੇ ਜਿਸ ਨੇ ਗਿਰਗਿਟ ਵਾਂਗ ਰੰਗ ਨਾ ਬਦਲਿਆ ਹੋਵੇ।

Political parties

ਲੋਕ-ਰਾਜ ਦਾ ਯੁਗ ਸ਼ੁਰੂ ਹੋਇਆ ਤਾਂ ਪੱਛਮ ਵਿਚ ਲਿਬਰਲ, ਡੈਮੋਕਰੈਟਸ, ਲੇਬਰ ਪਾਰਟੀ ਸਮੇਤ ਕਈ ਪਾਰਟੀਆਂ ਹੋਂਦ ਵਿਚ ਆਈਆਂ ਪਰ 100-100 ਸਾਲ ਬਾਅਦ ਵੀ ਵੇਖੋ ਤਾਂ ਉਹ ਪਾਰਟੀਆਂ ਜਿਸ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਹੋਂਦ ਵਿਚ ਆਈਆਂ ਸਨ, ਉਥੇ ਹੀ ਟਿਕੀਆਂ ਹੋਈਆਂ ਹਨ ਅਰਥਾਤ ਲੀਡਰ ਬਦਲ ਗਏ, ਰਾਜ ਵੀ ਕਰ ਲਿਆ, ਵਿਰੋਧੀ ਧਿਰ ਵਿਚ ਵੀ ਰਹਿ ਲਿਆ, ਕਈ ਲੀਡਰ ਛੱਡ ਗਏ, ਦੂਜੀਆਂ ਪਾਰਟੀਆਂ ਵਿਚੋਂ ਕਈ ਆ ਸ਼ਾਮਲ ਹੋਏ ਪਰ ਹਰ ਪਾਰਟੀ ਦੀ ਮੁਢਲੀ ਵਿਚਾਰਧਾਰਾ ਉਹੀ ਚਲੀ ਆ ਰਹੀ ਹੈ।

ਲੇਬਰ ਪਾਰਟੀ ਅੱਜ ਵੀ ਮਜ਼ਦੂਰ ਸ਼੍ਰੇਣੀ ਦੀ ਹਮਾਇਤੀ ਪਾਰਟੀ ਹੈ ਤੇ ਸੌ ਸਾਲ ਪਹਿਲਾਂ ਵੀ ਮਜ਼ਦੂਰ, ਤਨਖ਼ਾਹਦਾਰ ਮੁਲਾਜ਼ਮ ਦੀ ਹਮਾਇਤੀ ਹੀ ਸੀ। ਕੰਜ਼ਰਵੇਟਿਵ ਪਾਰਟੀ ਸਮਰਾਏਦਾਰਾਂ ਤੇ ਅਮੀਰਾਂ ਦੇ ਹੱਕ ਵਿਚ ਸੀ ਤੇ ਅੱਜ ਵੀ ਉਥੇ ਹੀ ਖੜੀ ਹੈ। ਸਮਾਂ ਬਦਲਣ ਨਾਲ ਪਾਰਟੀਆਂ ਦੀ ਵਿਚਾਰਧਾਰਾ ਨਹੀਂ ਬਦਲ ਜਾਣੀ ਚਾਹੀਦੀ। ਵੋਟ ਦੇ ਰਾਜ ਅਥਵਾ ਆਜ਼ਾਦ ਸੋਚ ਵਾਲੇ ਲੋਕ-ਰਾਜ ਵਿਚ, ਸਾਰੀਆਂ ਪਾਰਟੀਆਂ ਦਾ ਵਿਸ਼ਵਾਸ, ਇਕੋ ਇਕ ਸਾਂਝੀ ਗੱਲ ਹੈ ਉਨ੍ਹਾਂ ਪਾਰਟੀਆਂ ਦੀ। 

ਪਰ ਸਾਡੇ ਦੇਸ਼ ਵਿਚ ਆਜ਼ਾਦੀ ਕੀ ਆਈ, ਕਾਂਗਰਸ ਦਾ ਰੰਗ ਹੀ ਬਦਲ ਗਿਆ। ਕੱਟੜ ਹਿੰਦੂ, ਕੱਟੜ ਕਾਮਰੇਡ, ਕੱਟੜ ਸੋਸ਼ਲਿਸਟ ਤੇ ਕੱਟੜ ਅਕਾਲੀ ਵੀ ਇਸ ਪਾਰਟੀ ਵਿਚ ਸ਼ਾਮਲ ਹੋ ਗਏ ਤਾਕਿ ਵਜ਼ੀਰੀਆਂ ਹਾਸਲ ਕਰ ਸਕਣ। ਸਾਰੀਆਂ ਹੀ ਪਾਰਟੀਆਂ ਕੁਰਸੀ ਦੌੜ ਵਿਚ ਲੱਗ ਗਈਆਂ। ਲੀਡਰ ਲੋਕ ਕੁਰਸੀਆਂ ਪ੍ਰਾਪਤ ਕਰੀ ਜਾਂਦੇ ਤੇ ਅਪਣੀ ਮਾਂ-ਪਾਰਟੀ ਨੂੰ ਖ਼ਤਮ ਕਰੀ ਜਾਂਦੇ। ਨਹਿਰੂ ਨੇ ਕਾਂਗਰਸ ਦਾ ਸੈਕੁਲਰ ਰੰਗ ਬਦਲ ਕੇ ‘ਨਹਿਰੂਆ’ ਰੰਗ ਇਸ ਉਤੇ ਚੜ੍ਹਾ ਦਿਤਾ ਤੇ ਅੱਜ ਇਹ ਪਾਰਟੀ ਓਨੀ ਕੁ ਹੀ ਜ਼ਿੰਦਾ ਹੈ ਜਿੰਨੀ ਕੁ ਕਿ ਨਹਿਰੂਏ ਰੰਗ ਵਿਚ ਰੰਗੀ ਹੋਈ ਦਿਸਦੀ ਹੈ।

ਇਹ ਸਵੇਰੇ ਸੋਸ਼ਲਿਸਟ ਹੁੰਦੀ ਹੈ, ਸ਼ਾਮ ਨੂੰ ਪੂਜੀਵਾਦੀ, ਅਗਲੀ ਸਵੇਰ ਨੂੰ ਸੈਕੁਲਰ ਤੇ ਫਿਰ ਸ਼ਾਮ ਨੂੰ ਕੱਟੜ ਹਿੰਦੂ ਪਾਰਟੀ ਬਣ ਜਾਂਦੀ ਹੈ। ਨਿਸ਼ਾਨਾ ਇਕ ਹੀ ਰਹਿ ਗਿਆ ਹੈ ਇਸ ਦਾ ਕਿ ਸਿਧਾਂਤ ਜਾਂ ਵਿਚਾਰਧਾਰਾ ਮੋਮ ਦੇ ਨੱਕ ਵਰਗੀਆਂ ਚੀਜ਼ਾਂ ਹਨ ਤੇ ਸੱਤਾ ਹੀ ਅਸਲ ਚੀਜ਼ ਹੈ, ਇਸ ਲਈ ਰੰਗ ਭਾਵੇਂ ਸਵੇਰੇ ਸ਼ਾਮ ਬਦਲ ਲਵੋ ਪਰ ਨਹਿਰੂ ਪ੍ਰਵਾਰ ਨਾਲ ਜੁੜੇ ਰਹਿ ਕੇ ਸੱਤਾ ਪ੍ਰਾਪਤੀ ਨੂੰ ਸਦਾ ਪਹਿਲ ਦਿਉ। 

ਇਸੇ ਡਗਰ ਤੇ ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨਾਰਾਇਣ ਦੀਆਂ ਸੋਸ਼ਲਿਸਟ ਪਾਰਟੀਆਂ ਵੀ ਚੱਲ ਪਈਆਂ ਤੇ ਬਾਅਦ ਵਿਚ ਕਮਿਊਨਿਸਟ ਪਾਰਟੀਆਂ ਵੀ ਜੋ ਹੌਲੀ-ਹੌਲੀ ਇਕ ਇਕ ਕਰ ਕੇ ਖ਼ਤਮ ਵੀ ਹੋ ਗਈਆਂ। ਬੀ.ਜੇ.ਪੀ. ਅਪਣੇ ਹਿੰਦੂਤਵਾ ਦੇ ਭਗਵੇਂ ਰੰਗ ਵਿਚ ਕਾਇਮ ਦਾਇਮ ਰਹਿ ਕੇ ਦਾਅਵਾ ਕਰ ਰਹੀ ਹੈ ਕਿ ਨਿਰਾ ਕਾਂਗਰਸ-ਮੁਕਤ ਹੀ ਨਹੀਂ, ਭਾਰਤ ਨੂੰ ਸਾਰੀਆਂ ਪਾਰਟੀਆਂ ਤੋਂ ਮੁਕਤ ਕਰਾ ਕੇ ਦਮ ਲਵੇਗੀ। ਅਜੇ ਤਾਂ ਭਗਵਾਂ ਰੋਡ ਰੋਲਰ ਚੱਲ ਰਿਹਾ ਹੈ, ਵੇਖੋ ਇਤਿਹਾਸ ਕੀ ਫ਼ੈਸਲਾ ਦੇਂਦਾ ਹੈ। 

ਪਰ ਪੰਜਾਬ ਵਿਚ ਅਕਾਲੀ ਦਲ ਨੇ ਤਾਂ ਰੰਗ ਬਦਲਣ ਵਿਚ ਕਮਾਲ ਹੀ ਕਰ ਕੇ ਵਿਖਾ ਦਿਤਾ ਹੈ। 1921 ਵਿਚ ਅਰਥਾਤ 100 ਸਾਲ ਪਹਿਲਾਂ ਇਹ ਨਿਰੋਲ ਸਿੱਖਾਂ ਦੀ ਪਾਰਟੀ, ਸਿੱਖ ਹਿਤਾਂ ਦੀ ਰਖਵਾਲੀ ਕਰਨ ਵਾਲੀ ਪਾਰਟੀ ਵਜੋਂ ਅਕਾਲ ਤਖ਼ਤ ਤੇ ਹੋਂਦ ਵਿਚ ਆਈ ਸੀ ਤੇ ਇਸ ਦਾ ਦਫ਼ਤਰ ਵੀ ਸ਼੍ਰੋਮਣੀ ਕਮੇਟੀ ਦੇ ਹਾਤੇ ਵਿਚ ਰਖਿਆ ਗਿਆ ਸੀ ਤਾਕਿ ਇਹ ਅਪਣੇ ਕੇਂਦਰੀ ਆਸ਼ੇ ਨਾਲੋਂ ਕਦੇ ਨਾ ਟੁੱਟੇ। ਨਹਿਰੂ, ਪਟੇਲ, ਗਾਂਧੀ ਤੇ ਮਾ. ਤਾਰਾ ਸਿੰਘ ਵਿਚਕਾਰ ਹੋਇਆ ਚਿੱਠੀ-ਪੱਤਰ ਪੜ੍ਹ ਕੇ ਵੇਖ ਲਉ, ਜਿਸ ਕਿਸੇ ਨੇ ਵੀ ਅਕਾਲੀ ਦਲ ਨੂੰ ਸਿੱਖਾਂ, ਸਿੱਖੀ ਤੇ ਸਿੱਖ ਹਿਤਾਂ ਨਾਲੋਂ ਵੱਖ ਕਰਨ ਦੀ ਮਾੜੀ ਜਹੀ ਗੱਲ ਵੀ ਕੀਤੀ, ਉਸ ਨੂੰ ਕੜਕਵਾਂ ਉੱਤਰ ਮਿਲਿਆ ਕਿ ਇਹ ਪਾਰਟੀ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੇ ਨਹੀਂ ਸੀ ਬਣਾਈ ਬਲਕਿ ਸਿੱਖ ਪੰਥ ਨੇ ਅਪਣੇ ਹਿਤਾਂ ਦੀ ਰਾਖੀ ਲਈ ਬਣਾਈ ਸੀ ਤੇ ਅਕਾਲ ਤਖ਼ਤ ਤੇ ਜੁੜ ਕੇ ਬਣਾਈ ਸੀ, ਇਸ ਲਈ ਇਸ ਦਾ ਅਕਾਲੀ (ਸੁਰਮਈ) ਰੰਗ ਕੋਈ ਨਹੀਂ ਬਦਲ ਸਕਦਾ। ਸਾਰੇ ਅਕਾਲੀ ਲੀਡਰ ਇਸ ਫ਼ੈਸਲੇ ਤੇ ਪਹਿਰਾ ਦੇਂਦੇ ਰਹੇ।

ਪਰ ਪੰਜਾਬੀ ਸੂਬਾ ਬਣਨ ਮਗਰੋਂ, ਜਿਉਂ ਹੀ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਇਸ ਪਾਰਟੀ ਤੇ ਹੋ ਗਿਆ, ਉਸ ਨੇ ਇਕੋ ਝਟਕੇ ਨਾਲ ਪਾਰਟੀ ਦਾ ਪੰਥਕ ਰੰਗ ਬਦਲ ਕੇ ਰੱਖ ਦਿਤਾ, ਪਾਰਟੀ ਦਾ ਦਫ਼ਤਰ ਚੁੱਕ ਕੇ ਅਪਣੀ ਜਾਇਦਾਦ ਵਿਚ ਚੰਡੀਗੜ੍ਹ ਲੈ ਆਏ ਤੇ ਫਿਰ ‘ਸੱਤਾ ਹੀ ਭਗਵਾਨ ਹੈ’ ਦਾ ਨਾਹਰਾ ਮਾਰ ਕੇ ਇਸ ਦਾ ਰੰਗ ਹਰ ਚੋਣ ਵਿਚ ਇਸ ਤਰ੍ਹਾਂ ਬਦਲਦੇ ਗਏ ਕਿ ਗਿਰਗਿਟ ਵੀ ਰੰਗ ਬਦਲਣ ਵਿਚ ਇਸ ਦੇ ਸਾਹਮਣੇ ਹਾਰ ਮੰਨ ਗਈ। ਵੇਖੋ ਕੁੱਝ ਬਦਲੇ ਹੋਏ ਰੰਗ:-

1. ਅਕਾਲੀ ਦਲ + ਸੌਦਾ ਸਾਧ ਜੋ ਪੰਥ ਦਾ ਸੱਭ ਤੋਂ ਵੱਡਾ ਨੁਕਸਾਨ ਕਰਨ ਵਾਲਾ ਸਿੱਧ ਹੋਇਆ ਹੈ, ਉਸ ਨੂੰ ਵੀ ਜਾ ਮੱਥੇ ਟੇਕੇ ਪੰਥ ਦੇ ਸਿਪਾਹ ਸਾਲਾਰਾਂ ਨੇ।
2. ਅਕਾਲੀ ਦਲ + ਸੰਤ ਸਮਾਜ ਜੋ ਸਿੱਖੀ ਨੂੰ ਬ੍ਰਾਹਮਣਵਾਦ ਨਾਲ ਰਲਗੱਡ ਕਰ ਕੇ ਪੇਸ਼ ਕਰਦਾ ਹੈ ਤੇ ਇਸੇ ਨੀਤੀ ਵਿਰੁਧ ਤਗੜਾ ਮੁਹਾਜ਼ ਬਣਾਉਣ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਹੋਂਦ ਵਿਚ ਆਏ ਸਨ। 3. ਅਕਾਲੀ ਦਲ + ਬੀਜੇਪੀ: ਅਰਥਾਤ ਉਹ ਪਾਰਟੀ ਜਿਸ ਨੇ ਸਦਾ ਹੀ ਹਰ ਸਿੱਖ ਮੰਗ ਦੀ ਵਿਰੋਧਤਾ ਕੀਤੀ, ਮਰਨ ਵਰਤ ਰੱਖੋ ਤੇ ਅੱਜ ਵੀ ਕਿਸੇ ਸਿੱਖ ਮੰਗ ਦੇ ਹੱਕ ਵਿਚ ਬੋਲਣ ਲਈ ਤਿਆਰ ਨਹੀਂ। ਇਸ ਪਾਰਟੀ ਨਾਲ ਤਾਂ ਪਤੀ ਪਤਨੀ ਵਾਲਾ ਰਿਸ਼ਤਾ ਕਾਇਮ ਕਰਨ ਦੇ ਵੱਡੇ ਐਲਾਨ ਵੀ ਕਰ ਦਿਤੇ ਗਏ। 

4. ਅਕਾਲੀ ਦਲ + ਬਸਪਾ ਅਤੇ ਹੁਣ ਗੱਲਬਾਤ ਛੇੜੀ ਗਈ ਹੈ ਬੀ.ਐਸ.ਪੀ. ਨਾਲ ਗਠਜੋੜ ਕਰਨ ਦੀ ਕਿਉਂਕਿ ਹੋਰ ਕੋਈ ਪਾਰਟੀ ਬਚੀ ਹੀ ਨਹੀਂ ਜੋ ਸੱਤਾ ਉਤੇ ਬਾਦਲ ਪ੍ਰਵਾਰ ਦਾ ਖ਼ੁਦਾਈ ਅਧਿਕਾਰ ਮੰਨ ਲਵੇ ਤੇ ‘ਵੱਡੇ ਸਰਦਾਰਾਂ’ ਦੇ ਹੁਕਮ ਮੰਨ ਕੇ ਹੀ ਖ਼ੁਸ਼ ਹੋ ਲਿਆ ਕਰੇ। ਵੇਖੋ ਦਲਿਤ ਵੀਰ ਕੀ ਜਵਾਬ ਦੇਂਦੇ ਹਨ। 
ਸੋ ਹੈ ਕੋਈ ਜੋ ਰੰਗ ਬਦਲਣ ਵਿਚ ਅਕਾਲੀ ਦਲ ਤੋਂ ਵੀ ਅੱਗੇ ਲੰਘ ਕੇ ਵਿਖਾ ਸਕੇ? ਅਕਾਲ ਤਖ਼ਤ ਦੇ ‘ਜਥੇਦਾਰ’ ਐਵੇਂ ਗ਼ਰੀਬ ਸਿੱਖਾਂ ਨੂੰ ਘੂਰ-ਘੂਰ ਕੇ ਡਰਾਉਂਦੇ ਰਹਿੰਦੇ ਨੇ, ਇਕ ਵਾਰ ਅਕਾਲ ਤਖ਼ਤ ਦੀ ਜਾਇਦਾਦ (ਅਕਾਲੀ ਦਲ) ਨੂੰ ਉਧਾਲ ਕੇ ਅਪਣੇ ਘਰ ਵਿਚ ਬੰਦ ਰੱਖਣ ਵਾਲਿਆਂ ਨੂੰ ਕੁੱਝ ਕਹਿਣ ਦੀ ਹਿੰਮਤ ਕਰ ਵਿਖਾਣ ਤਾਂ ਪਤਾ ਲੱਗੇ ਕਿ ਉਨ੍ਹਾਂ ਵਿਚ ਵੀ ਕੋਈ ਜਾਨ ਹੈ।

ਇਕ ਗੱਲ ਬੜੀ ਸਪੱਸ਼ਟ ਹੈ ਕਿ ਦੂਜੀਆਂ ਰੰਗ ਬਦਲਣ ਵਾਲੀਆਂ ਪਾਰਟੀਆਂ ਵਾਂਗ ਹੀ, ਅਕਾਲੀ ਦਲ ਵੀ ਅਪਣੇ ਅਸਲ ਰੰਗ ਵਿਚ ਨਾ ਪਰਤਿਆ ਤਾਂ ਇਸ ਦਾ ਹਾਲ ਵੀ ਸੋਸ਼ਲਿਸਟਾਂ, ਕਾਮਰੇਡਾਂ ਤੇ ਕਾਂਗਰਸ ਵਾਲਾ ਹੀ ਹੋ ਕੇ ਰਹਿਣਾ ਹੈ  (ਹੋ ਹੀ ਰਿਹਾ ਹੈ। ਮਾਂਗਵੀਆਂ ਰੋਟੀਆਂ ਨਾਲ ਕਦ ਤਕ ਢਿਡ ਭਰ ਸਕਣਗੇ)? ਤੇ ਅਪਣਾ ਰੰਗ ਨਾ ਬਦਲਣ ਵਾਲੀ ਬੀ.ਜੇ.ਪੀ. ਦਾ ਭਗਵਾਂ ਰੰਗ ਹੀ, ਸਾਡੀਆਂ ਗਿਰਗਿਟ ਮਾਰਕਾ ਪਾਰਟੀਆਂ ਨੇ, ਸਾਰੇ ਹਿੰਦੁਸਤਾਨ ਦਾ ਰੰਗ ਬਣਵਾ ਕੇ ਰਹਿਣਾ ਹੈ। 

                                                                                                                                                                   ਜੋਗਿੰਦਰ ਸਿੰਘ