ਕਾਂਗਰਸ ਵਾਂਗ, ਬੀਜੇਪੀ ਵੀ ਪੰਜਾਬ ਵਿਚ ਇਕੱਲਿਆਂ ਰਾਜ ਕਰਨਾ ਚਾਹੁੰਦੀ ਹੈ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
1947 ਤੋਂ ਪਹਿਲਾਂ ਪੰਜਾਬ ਦੀ ਹਿੰਦੂ ਲੀਡਰਸ਼ਿਪ, ਧਾਰਮਕ ਅਤੇ ਸਿਆਸੀ ਖੇਤਰ ਵਿਚ ਸਿੱਖਾਂ ਨਾਲ ਮਿਲ ਕੇ ਚਲਿਆ ਕਰਦੀ ਸੀ
1947 ਤੋਂ ਪਹਿਲਾਂ ਪੰਜਾਬ ਦੀ ਹਿੰਦੂ ਲੀਡਰਸ਼ਿਪ, ਧਾਰਮਕ ਅਤੇ ਸਿਆਸੀ ਖੇਤਰ ਵਿਚ ਸਿੱਖਾਂ ਨਾਲ ਮਿਲ ਕੇ ਚਲਿਆ ਕਰਦੀ ਸੀ। ਬੇਸ਼ੱਕ ਆਰੀਆ ਸਮਾਜ ਦੇ ਬਾਨੀ ਨੇ ਬਾਬੇ ਨਾਨਕ ਅਤੇ ਗੁਰਬਾਣੀ ਵਿਰੁਧ ਲਿਖ ਕੇ ਹਿੰਦੂਆਂ ਨੂੰ ਗੁਰਬਾਣੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨੀ ਇਲਾਕੇ ਵਿਚ ਸ਼ਾਇਦ ਹੀ ਕੋਈ ਹਿੰਦੂ ਸੀ ਜੋ ਗੁਰਦਵਾਰੇ ਨਾ ਜਾਂਦਾ ਹੋਵੇ ਜਾਂ ਜਪੁਜੀ ਸਾਹਿਬ ਦਾ ਨਿਤ ਪਾਠ ਨਾ ਕਰਦਾ ਹੋਵੇ।
ਜੇ ਪਾਕਿਸਤਾਨੀ ਪੰਜਾਬ ਦੇ ਉਸ ਵਲੇ ਦੇ ਹਿੰਦੂਆਂ ਦੀ ਅੱਜ ਵੀ ਅਸਲ ਤਸਵੀਰ ਵੇਖਣੀ ਹੋਵੇ ਤਾਂ ਕਿਸੇ ਵੇਲੇ ਪਾਕਿਸਤਾਨ ਵਿਚ ਸਿੰਧ ਪ੍ਰਾਂਤ ਦੇ ਸਿੰਧੀ ਹਿੰਦੂਆਂ ਨੂੰ ਵੇਖ ਆਉ। ਉਹ ਅੱਜ ਵੀ ਘਰ ਵਿਚ ਗੁਰਬਾਣੀ ਦਾ ਪਾਠ ਕਰਦੇ ਹਨ, ਗੁਰਦਵਾਰੇ ਜਾਂਦੇ ਹਨ ਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਵਿਖੇ ਵੱਡੇ ਸਿੱਖ ਸਮਾਗਮਾਂ ਵਿਚ, ਘਰੋਂ ਲੰਗਰ ਲਿਜਾ ਕੇ ਸਿੱਖ ਸੰਗਤਾਂ ਨੂੰ ਛਕਾਂਦੇ ਹਨ ਤੇ ਅਜਿਹਾ ਕਰ ਕੇ ਅਪਣੇ ਆਪ ਨੂੰ ਧਨ ਧਨ ਸਮਝਦੇ ਹਨ।
ਏਧਰ ਭਾਰਤ ਵਿਚ ਆ ਚੁੱਕੇ ਸਿੰਧੀ ਹਿੰਦੂਆਂ ਵਲ ਹੀ ਵੇਖ ਲਉ। ਉਹ ਅਪਣੇ ਵਖਰੇ ਦੇਵੀ ਦੇਵਤਿਆਂ (ਝੂਲੇ ਲਾਲ ਆਦਿ) ਦੀ ਆਰਾਧਨਾ ਕਰਨ ਦੇ ਨਾਲ ਨਾਲ, ਗੁਰਬਾਣੀ ਦੇ, ਸਾਡੇ ਨਾਲੋਂ ਵੀ ਪੱਕੇ ਸ਼ਰਧਾਲੂ ਹਨ। ਮੈਨੂੰ ਜਵਾਨੀ ਦੇ ਸਮੇਂ ਦੀ ਗੱਲ ਯਾਦ ਆ ਗਈ। ਦਸਵੀਂ ਪਾਸ ਕਰਨ ਮਗਰੋਂ ਮੈਂ ਫ਼ੌਜ ਵਿਚ ਸੈਕੰਡ ਲੈਫ਼ਟੀਨੈਂਟ ਵਜੋਂ ਭਰਤੀ ਹੋਣ ਦਾ ਫ਼ੈਸਲਾ ਕੀਤਾ। ਪ੍ਰੀਖਿਆ ਲਈ ਮੇਰਠ ਜਾਣਾ ਸੀ। ਜਦ ਮੈਂ ਟਰੇਨ ਵਿਚ ਬੈਠਾ ਤਾਂ ਮੇਰੇ ਨਾਲ ਬੜਾ ਸੋਹਣਾ ਗੋਰਾ ਚਿੱਟਾ ਹਿੰਦੂ ਮੁੰਡਾ ਬੈਠਾ ਸੀ। ਉਸ ਨੇ ਸਿਰ ਉਤੇ ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ।
ਦੋ ਦੋ ਮਿੰਟ ਬਾਅਦ ਉਹ ਜੇਬ 'ਚੋਂ ਇਕ ਕਾਗ਼ਜ਼ ਕਢਦਾ, ਸਿਰ ਝੁਕਾਂਦਾ ਤੇ ਪੜ੍ਹਨ ਲੱਗ ਜਾਂਦਾ। ਮੈਂ ਉਸ ਨੂੰ ਪੁਛਿਆ, ਉਹ ਕੀ ਪੜ੍ਹਦਾ ਹੈ? ਉਹ ਕਹਿਣ ਲੱਗਾ, ''ਮੇਰੀ ਮਾਂ ਨੇ ਕਿਹਾ ਸੀ ਕਿ ਹੋਰ ਸੱਭ ਕੁੱਝ ਭੁੱਲ ਜਾਈਂ ਪਰ ਇਸ ਕਾਗ਼ਜ਼ ਨੂੰ ਛਾਤੀ ਤੋਂ ਦੂਰ ਨਾ ਕਰੀਂ ਤੇ ਵਾਰ ਵਾਰ ਪੜ੍ਹੀਂ। ਤੈਨੂੰ ਕੋਈ ਫ਼ੇਲ੍ਹ ਨਹੀਂ ਕਰ ਸਕੇਗਾ।''
ਮੈਂ ਜਾਣਨਾ ਚਾਹਿਆ, ਉਸ ਕਾਗ਼ਜ਼ 'ਤੇ ਕੀ ਲਿਖਿਆ ਹੋਇਆ ਸੀ?
ਉਸ ਉਤੇ ਜਪੁਜੀ ਸਾਹਿਬ ਦੀਆਂ ਪਹਿਲੀਆਂ ਇਕ ਦੋ ਪੌੜੀਆਂ ਉਸ ਦੀ ਮਾਂ ਨੇ ਲਿਖ ਦਿਤੀਆਂ ਸਨ। ਮੈਂ ਉਸ ਨੂੰ ਕਿਹਾ, ਕੀ ਉਹ ਸਿੱਖ ਹੈ? ਉਸ ਨੇ ਦਸਿਆ ਕਿ ਉਹ ਸਿੰਧੀ ਹੈ ਤੇ ਹਰ ਸਿੰਧੀ ਲਈ ਬਾਬੇ ਨਾਨਕ ਦੀ ਬਾਣੀ ਰੱਬੀ ਫ਼ੁਰਮਾਨ ਹੈ। ਉਹ ਘਰ ਵਿਚ ਵੀ ਰੋਜ਼ ਜਪੁਜੀ ਸਾਹਿਬ ਦਾ ਪਾਠ, ਸਾਰੇ ਪ੍ਰਵਾਰ ਨਾਲ ਰਲ ਕੇ ਕਰਦਾ ਹੈ ਪਰ ਇਹ ਮਾਂ ਦਾ ਲਿਖਿਆ, ਬਾਣੀ ਦਾ ਇਕ ਸ਼ਬਦ, ਉਸ ਦੀ ਕਮਾਯਾਬੀ ਦਾ ਜ਼ਾਮਨ ਸੀ ਤੇ ਉਹ ਇਸ ਨੂੰ ਇਕ ਪਲ ਲਈ ਵੀ ਅਪਣੇ ਤੋਂ ਦੂਰ ਨਹੀਂ ਸੀ ਕਰ ਸਕਦਾ।
ਸਿਆਸੀ ਖੇਤਰ ਵਿਚ ਵੀ, ਪਾਕਿਸਤਾਨੀ ਪੰਜਾਬ ਦਾ ਹਿੰਦੂ, ਪੂਰੀ ਤਰ੍ਹਾਂ ਸਿੱਖਾਂ ਦੇ ਨਾਲ ਖੜਾ ਸੀ।
ਮੁਸਲਿਮ ਲੀਗ ਗੁੜਗਾਉਂ ਤਕ ਸਾਰਾ ਪੰਜਾਬ ਪਾਕਿਸਤਾਨ ਲਈ ਮੰਗਦੀ ਸੀ ਕਿਉਂÎਕ ਸਾਰੇ ਪੰਜਾਬ (ਜਿਸ ਵਿਚ ਉਸ ਵੇਲੇ ਅੱਜ ਦੇ ਹਰਿਆਣਾ ਤੇ ਹਿਮਾਚਲ ਵੀ ਸ਼ਾਮਲ ਸਨ) ਵਿਚ ਮੁਸਲਮਾਨਾਂ ਦੀ ਗਿਣਤੀ 52% ਸੀ ਤੇ ਹਿੰਦੂ ਸਿੱਖ ਰਲ ਕੇ ਵੀ, ਉਸ ਦੇ ਮੁਕਾਬਲੇ ਘੱਟ ਸਨ। ਉਸ ਵੇਲੇ ਦੇ ਆਰੀਆ ਸਮਾਜੀਆਂ ਦੇ ਜੋ ਵਿਚਾਰ ਸਿੱਖਾਂ ਅਤੇ ਸਿੱਖ ਧਰਮ ਬਾਰੇ ਸਨ, ਉਸ ਦੀ ਝਲਕ ਤੁਸੀ ਉੱਚਾ ਦਰ ਬਾਬੇ ਨਾਨਕ ਦਾ ਵਿਚ ਛੇਤੀ ਹੀ ਵੇਖ ਸਕੋਗੇ। ਪੂਰੇ ਪੰਜਾਬ ਤੇ ਹਰਿਆਣਾ ਨੂੰ (ਗੁੜਗਾਉਂ ਤਕ) ਪਾਕਿਸਤਾਨ ਵਿਚ ਜਾਣੋਂ ਬਚਾਉਣ ਲਈ ਜਦ ਕਾਂਗਰਸ ਵੀ ਫ਼ੇਲ੍ਹ ਹੋ ਗਈ ਤਾਂ ਸਾਰੇ ਹਿੰਦੂਆਂ ਨੇ ਅਕਾਲੀ ਲੀਡਰ ਮਾ: ਤਾਰਾ ਸਿੰਘ ਨੂੰ ਅਪਣਾ ਸਾਂਝਾ ਲੀਡਰ ਚੁਣ ਲਿਆ।
ਅੱਜ ਦਾ ਸਾਡਾ ਪੰਜਾਬ ਜੇ ਅੱਜ ਸਾਡੇ ਕੋਲ ਹੈ ਤਾਂ ਇਹ ਮਾਸਟਰ ਤਾਰਾ ਸਿੰਘ ਕਰ ਕੇ ਹੀ ਹੈ ਵਰਨਾ ਅਸੀ ਯੂਪੀ, ਐਮਪੀ ਵਿਚ ਭਟਕ ਰਹੇ ਹੁੰਦੇ। ਉਸ ਵੇਲੇ ਕਿਤਾਬਾਂ ਵਿਚ ਵੀ ਮਾ: ਤਾਰਾ ਸਿੰਘ ਨੂੰ ਦੇਸ਼ ਦਾ ਵੱਡਾ ਹੀਰੋ ਕਹਿ ਕੇ ਪੁਕਾਰਿਆ ਜਾਂਦਾ ਸੀ ਪਰ ਜਿਉਂ ਹੀ ਮਾ: ਤਾਰਾ ਸਿੰਘ ਨੇ 1947 ਤੋਂ ਪਹਿਲਾਂ ਦੇ ਵਾਅਦੇ ਯਾਦ ਕਰਵਾਣੇ ਸ਼ੁਰੂ ਕੀਤੇ, ਉਹ ਇਕਦੰਮ ਫ਼ਿਰਕੂ ਤੇ ਪਾਕਿਸਤਾਨ ਨਾਲ ਮਿਲਿਆ ਹੋਇਆ ਦਸਿਆ ਜਾਣ ਲੱਗਾ।
ਪਰ 1947 ਤੋਂ ਬਾਅਦ ਇਕਦੰਮ ਹਵਾ ਉਲਟ ਪਾਸੇ ਚਲਣ ਲੱਗ ਪਈ। ਗੁਰਬਾਣੀ ਤਾਂ ਛੱਡ ਹੀ ਦਿਤੀ ਗਈ, ਪੰਜਾਬੀ ਤੋਂ ਵੀ ਕਿਨਾਰਾ ਕਰ ਲਿਆ ਗਿਆ। ਪਹਿਲੀ ਮਰਦਮ ਸ਼ੁਮਾਰੀ ਵਿਚ ਹਿੰਦੁਆਂ ਨੂੰ ਐਲਾਨੀਆ ਕਿਹਾ ਜਾਣ ਲੱਗ ਪਿਆ ਕਿ ਉਹ ਮਰਦਮ ਸ਼ੁਮਾਰੀ ਵਿਚ ਅਪਣੀ ਭਾਸ਼ਾ ਹਿੰਦੀ ਲਿਖਵਾਉਣ। ਮੈਂ ਸਕੂਲ ਵਿਚ ਪੜ੍ਹਦਾ ਸੀ ਪਰ ਛੋਟੀ ਉਮਰ ਤੋਂ ਹੀ ਹਰ ਸਿਆਸੀ ਕਰਵਟ ਨੂੰ ਮੈਂ ਪੂਰੀ ਦਿਲਚਸਪੀ ਲੈ ਕੇ ਵੇਖਦਾ ਤੇ ਉਹ ਘਟਨਾਵਾਂ ਮੇਰੀਆਂ ਯਾਦਾਂ ਵਿਚ ਜਿਵੇਂ ਸਦੀਵੀ ਥਾਂ ਮੱਲ ਕੇ ਰਹਿ ਗਈਆਂ।
ਅਕਾਲੀਆਂ ਨੇ ਪੰਜਾਬੀ ਸੂਬਾ ਮੰਗਿਆ ਕਿਉਂਕਿ ਹਰਿਆਣਾ, ਹਿਮਾਚਲ ਤੇ ਅੱਜ ਦੇ ਪੰਜਾਬ ਵਿਚ ਹਿੰਦੂਆਂ ਦੀ ਗਿਣਤੀ 70% ਸੀ ਤੇ ਉਨ੍ਹਾਂ ਨੂੰ ਪੰਜਾਬੀ ਨਾਲੋਂ ਤੋੜ ਕੇ, ਧਰਮ ਦੇ ਨਾਂ 'ਤੇ ਹਿੰਦੀ ਨਾਲ ਜੋੜਿਆ ਜਾ ਰਿਹਾ ਸੀ। ਜਲੰਧਰ ਮਿਊਂਸੀਪਲ ਕਮੇਟੀ ਤੇ ਪੰਜਾਬ ਯੂਨੀਵਰਸੀ ਨੇ ਵੀ ਹਿੰਦੀ ਦੇ ਹੱਕ ਵਿਚ ਮਤੇ ਪਾਸ ਕਰ ਦਿਤੇ। ਕੇਂਦਰ ਨੂੰ ਬਹਾਨਾ ਮਿਲ ਗਿਆ ਤੇ ਹਰ ਵਾਰ ਇਹ ਕਹਿ ਕੇ ਪੱਲਾ ਝਾੜ ਦੇਂਦੀ ਕਿ ''ਬਾਕੀ ਪ੍ਰਾਂਤਾਂ ਵਿਚ ਬਹੁਗਿਣਤੀ ਇਕ-ਭਾਸ਼ਾਈ ਰਾਜ ਮੰਗਦੀ ਹੈ ਪਰ ਪੰਜਾਬ ਵਿਚ 70% ਹਿੰਦੂ ਇਸ ਦਾ ਵਿਰੋਧ ਕਰਦੇ ਹਨ, ਤਾਂ ਕੇਵਲ 25-30% ਅਕਾਲੀਆਂ ਦੇ ਕਹਿਣ ਤੇ ਹੀ ਪੰਜਾਬੀ ਸੂਬਾ ਕਿਵੇਂ ਬਣਾ ਦਈਏ?''
ਖੁਲ੍ਹ ਕੇ, ਹਿੰਦੂਆਂ ਨੂੰ ਪੰਜਾਬੀ ਤੋਂ ਦੂਰ ਕਰਨ ਦਾ ਕੰਮ ਉਸ ਵੇਲੇ ਦੀ 'ਜਨਸੰਘ' ਨੇ ਸ਼ੁਰੂ ਕੀਤਾ ਸੀ। ਉਹੀ ਜਨਸੰਘ ਅੱਜ ਦੀ ਬੀਜੇਪੀ ਹੈ। ਪਰ ਇਨ੍ਹਾਂ ਕੋਲ ਦਲੀਲ ਕੋਈ ਨਹੀਂ ਸੀ ਹੁੰਦੀ ਤੇ ਪੰਜਾਬੀ ਭਾਸ਼ਾ ਤੇ ਪੰਜਾਬੀ ਸੂਬੇ ਦਾ ਵਿਰੋਧ ਕਰਨ ਲਗਿਆਂ ਇਹ ਬੜੀਆਂ ਕਮਾਲ ਦੀਆਂ 'ਦਲੀਲਾਂ' ਦਿਆ ਕਰਦੇ ਸਨ। ਚਲੋ ਜ਼ਬਾਨੀ ਕਹੀਆਂ ਗੱਲਾਂ ਦਾ ਜ਼ਿਕਰ ਮੈਂ ਨਹੀਂ ਕਰਦਾ ਪਰ ਜਦ ਰਾਜ ਪੁਨਰਗਠਨ ਕਮਿਸ਼ਨ ਬਣਾ ਦਿਤਾ ਗਿਆ ਤੇ ਕਮਿਸ਼ਨ ਅੰਮ੍ਰਿਤਸਰ ਪੁੱਜਾ ਤਾਂ ਜਨਸੰਘੀਆਂ ਨੇ ਕਮਿਸ਼ਨ ਕੋਲ ਜੋ ਲਿਖਤੀ ਦਲੀਲ ਪੇਸ਼ ਕੀਤੀ, ਉਸ ਦੀ ਵਨਗੀ ਇਥੇ ਪੇਸ਼ ਹੈ।
ਕਮਿਸ਼ਨ ਨੂੰ ਲਿਖਤੀ ਤੌਰ 'ਤੇ ਮੈਮੋਰੈਂਡਮ ਦਿਤਾ ਗਿਆ ਜਿਸ ਵਿਚ ਕਿਹਾ ਗਿਆ ਕਿ ''ਜੇ ਪੰਜਾਬੀ ਸੂਬਾ ਬਣਾ ਦਿਤਾ ਗਿਆ ਤਾਂ ਸਿੱਖਾਂ ਦੀ ਇਥੇ ਬਹੁਗਿਣਤੀ ਹੋ ਜਾਏਗੀ ਤੇ ਉਹ ਹਿੰਦੂਆਂ ਨੂੰ ਸਿਗਰਟ ਬੀੜੀ ਨਹੀਂ ਪੀਣ ਦੇਣਗੇ। ਇਸ ਲਈ ਹਿੰਦੂ ਹਿਤਾਂ ਦੀ ਰਾਖੀ ਖ਼ਾਤਰ, ਪੰਜਾਬੀ ਸੂਬਾ ਨਾ ਬਣਾਇਆ ਜਾਵੇ।'' ਇਹੋ ਜਹੀਆਂ ਲਿਖਤੀ 'ਖ਼ੁਰਾਫ਼ਾਤਾਂ' ਦਾ ਭਰਪੂਰ ਖ਼ਜ਼ਾਨਾ ਮੇਰੇ ਕੋਲ ਮੌਜੂਦ ਹੈ।
ਇਸ ਲਿਖਤੀ ਮੈਮੋਰੈਂਡਮ ਨੂੰ ਮਗਰੋਂ ਮੁੱਖ ਮੰਤਰੀ ਬਣੇ ਜਸਟਿਸ ਗੁਰਨਾਮ ਸਿੰਘ ਨੇ ਅਪਣੀ ਇਕ ਅੰਗਰੇਜ਼ੀ ਪੁਸਤਕਾ ਵਿਚ ਵੀ ਦਰਜ ਕੀਤਾ ਸੀ। ਦੁਨੀਆਂ ਵਿਚ ਸ਼ਾਇਦ ਹੀ ਕੋਈ ਹੋਰ ਮਿਸਾਲ ਦਿਤੀ ਜਾ ਸਕੇ ਜਿਥੇ ਨਵਾਂ ਰਾਜ ਬਣਾਉਣ ਵਿਰੁਧ ਇਹੋ ਜਹੀ ਦਲੀਲ ਦਿਤੀ ਗਈ ਹੋਵੇ। ਹੁਣ ਤਾਂ ਸਰਕਾਰਾਂ ਨੇ ਜਨਤਕ ਥਾਵਾਂ 'ਤੇ ਵੀ ਤਮਾਕੂ ਪੀਣਾ ਮਨ੍ਹਾਂ ਕਰ ਦਿਤਾ ਹੈ ਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੀ ਇਸ ਬੁਰਾਈ ਵਿਰੁਧ ਡੰਡਾ ਚੁੱਕੀ ਫਿਰਦੀ ਹੈ ਪਰ ਉਸ ਵੇਲੇ ਵੀ ਇਹ 'ਦਲੀਲ' ਹੈਰਾਨ ਪ੍ਰੇਸ਼ਾਨ ਕਰ ਦੇਣ ਲਈ ਕਾਫ਼ੀ ਸੀ।
ਪਰ ਚਲੋ ਉਸ ਵੇਲੇ ਇਹ ਪਾਰਟੀ ਅਪਣੇ ਬਚਪਨੇ ਵਿਚੋਂ ਲੰਘ ਰਹੀ ਸੀ। ਹੁਣ ਤਾਂ ਸਾਰੇ ਭਾਰਤ ਦੀ ਮਾਲਕ ਬਣ ਚੁੱਕੀ ਹੈ ਤੇ ਪੰਜਾਬ ਵਿਚ ਵੀ ਕਾਂਗਰਸ ਵਾਂਗ, ਇਕੱਲਿਆਂ ਰਾਜ ਕਰਨਾ ਚਾਹੁੰਦੀ ਹੈ। ਅਜਿਹੀ ਸੋਚ ਵਿਚ ਕੋਈ ਖ਼ਰਾਬੀ ਨਹੀਂ। ਹਰ ਸਿਆਸੀ ਪਾਰਟੀ ਦਾ ਪਹਿਲਾ ਤੇ ਆਖ਼ਰੀ ਟੀਚਾ ਹੀ ਇਹ ਹੁੰਦਾ ਹੈ ਕਿ ਸੱਤਾ ਉਤੇ ਕਾਬਜ਼ ਹੋ ਕੇ ਅਪਣਾ ਜਲਵਾ ਵਿਖਾਏ। ਬੀਜੇਪੀ ਨੂੰ ਵੀ ਇਹ ਹੱਕ ਹਾਸਲ ਹੈ ਪਰ 1950 ਤੋਂ ਲੈ ਕੇ 2020 ਤਕ ਦੇ ਲੰਮੇ ਸਮੇਂ ਵਿਚ ਕੋਈ ਇਕ ਵੀ ਮੌਕਾ ਅਜਿਹਾ ਆਇਆ ਜਦੋਂ ਇਸ ਨੇ ਪੰਜਾਬ ਦੇ ਸਿੱਖਾਂ ਨਾਲ ਖੜੇ ਹੋ ਕੇ ਵਿਖਾਇਆ ਹੋਵੇ?
ਵਜ਼ੀਰੀਆਂ ਲੈਣ ਲਈ ਅਕਾਲੀਆਂ ਨਾਲ ਖੜੇ ਹੋਣਾ, ਸਿੱਖਾਂ ਨਾਲ ਖੜੇ ਹੋਣਾ ਨਹੀਂ ਮੰਨਿਆ ਜਾ ਸਕਦਾ। ਉਹ ਤਾਂ ਅਕਾਲੀਆਂ ਦਾ ਸੌਦਾ ਸਾਧ ਨਾਲ ਯਾਰੀ ਪਾਉਣ ਵਰਗਾ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲਿਆਂ ਨਾਲ, ਵੋਟਾਂ ਖ਼ਾਤਰ, ਭਾਈਵਾਲੀ ਪਾਉਣ ਵਰਗਾ ਹੀ ਹੈ। ਉਹ ਤਾਂ ਅਕਾਲੀਆਂ ਨੂੰ ਵੀ ਸਿੱਖਾਂ ਤੇ ਸਿੱਖੀ ਤੋਂ ਦੂਰ ਕਰਨ ਦਾ ਇਕ ਯਤਨ ਹੀ ਸਮਝਿਆ ਜਾਂਦਾ ਹੈ ਪਰ :
ਗੁਰੂ ਨਾਨਕ ਯੂਨੀਵਰਸਿਟੀ ਬਣੀ ਤਾਂ ਕਿਹਾ ਗਿਆ ਕਿ ਡੀਏਵੀ ਕਾਲਜ ਗੁਰੂ ਨਾਨਕ ਨਾਂ ਵਾਲੀ ਯੂਨੀਵਰਸਿਟੀ ਨਾਲ ਨਹੀਂ ਜੁੜਨਗੇ ਤੇ ਇਕ ਵਖਰੀ ਦਇਆਨੰਦ ਯੂਨੀਵਰਸਿਟੀ ਬਣਾਈ ਜਾਏ। ਮਰਦਮ ਸ਼ੁਮਾਰੀ ਵੇਲੇ ਕਿਹਾ ਗਿਆ ਕਿ ਪੰਜਾਬੀ ਹਿੰਦੂ, ਅਪਣੀ ਮਾਤ-ਭਾਸ਼ਾ ਹਿੰਦੀ ਲਿਖਵਾਉਣ। ਪੰਜਾਬੀ ਸੂਬੇ ਦੀ ਅੰਤ ਤਕ ਵਿਰੋਧਤਾ ਕੀਤੀ ਗਈ, ਮਰਨ ਵਰਤ ਰੱਖੇ ਗਏ ਤੇ ਜੇ ਬਣ ਗਿਆ ਤਾਂ ਪਾਨੀਪਤ ਵਿਚ ਦੋ ਕਾਂਗਰਸੀਆਂ ਨੂੰ ਜਾਨੋਂ ਵੀ ਮਾਰ ਦਿਤਾ।
ਬਲੂ ਸਟਾਰ ਆਪ੍ਰੇਸ਼ਨ ਕਾਂਗਰਸ ਨੇ ਕੀਤਾ ਪਰ ਐਲ. ਕੇ. ਅਡਵਾਨੀ ਨੇ ਕਿਤਾਬ (ਸਵੈ ਜੀਵਨੀ) ਲਿਖ ਕੇ ਦਾਅਵਾ ਠੋਕ ਦਿਤਾ ਕਿ ਇੰਦਰਾ ਗਾਂਧੀ ਤਾਂ ਹਿੰਮਤ ਨਹੀਂ ਸੀ ਕਰ ਰਹੀ ਪਰ ਮੈਂ (ਅਡਵਾਨੀ) ਨੇ ਹੀ ਉਸ ਨੂੰ ਦਰਬਾਰ ਸਾਹਿਬ ਅੰਦਰ ਫ਼ੌਜ ਭੇਜਣ ਲਈ ਤਿਆਰ ਕੀਤਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਮਿਲੇ, ਇਸ ਬਾਰੇ ਕਦੇ ਮੂੰਹ ਵੀ ਨਹੀਂ ਖੋਲ੍ਹਿਆ ਗਿਆ।
ਜੇਲਾਂ ਵਿਚ ਤੂਸੇ ਸਿੱਖ, ਜਵਾਨ ਤੋਂ ਬੁੱਢੇ ਹੋ ਗਏ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਕਦੇ ਆਵਾਜ਼ ਵੀ ਮੂੰਹ 'ਚੋਂ ਨਹੀਂ ਕੱਢੀ। ਦਿੱਲੀ ਸਿੱਖ ਕਤਲੇਆਮ ਕਾਂਗਰਸ ਨੇ ਕੀਤਾ। ਬੀਜੇਪੀ ਨੇ ਅੱਜ ਤਕ ਪਾਰਲੀਮੈਂਟ ਵਿਚ ਇਸ ਦੀ ਨਿਖੇਧੀ ਦਾ ਮਤਾ ਨਹੀਂ ਲਿਆਂਦਾ, ਨਾ ਸਿੱਖ ਪੰਥ ਲਈ ਪਾਰਲੀਮੈਂਟ ਕੋਲੋਂ ਮਾਫ਼ੀ ਮੰਗਵਾਈ ਗਈ ਹੈ। ਪੰਜਾਬ ਬੀਜੇਪੀ ਵਾਲਿਆਂ ਵੀ ਕਦੇ ਸਿੱਖ ਮੰਗ ਦੀ ਹਮਾਇਤ ਨਹੀਂ ਕੀਤੀ। ਰਾਏਪੇਰੀਅਨ ਲਾਅ ਦੇ ਉਲਟ ਜਾ ਕੇ, ਪੰਜਾਬ ਦਾ ਪਾਣੀ (ਕੁਦਰਤੀ ਦੌਲਤ) ਮੁਫ਼ਤ ਵਿਚ ਲੁਟਾਉਣ ਵਿਰੁਧ ਕਦੇ ਆਵਾਜ਼ ਨਹੀਂ ਕੱਢੀ ਜਦਕਿ ਅੰਗਰੇਜ਼ਾਂ ਵੇਲੇ, ਇਸੇ ਕਾਨੂੰਨ ਅਧੀਨ, ਰਾਜਸਥਾਨ ਪੰਜਾਬ ਨੂੰ ਪੈਸੇ ਦੇਂਦਾ ਰਿਹਾ ਸੀ।
ਹੋਰ ਗੱਲਾਂ ਛੱਡ ਕੇ, ਕਿਸਾਨਾਂ ਨੂੰ ਘਸਿਆਰੇ ਬਣਾਉਣ ਲਈ ਜਿਵੇਂ ਕਾਨੂੰਨ ਪਾਸ ਕੀਤੇ ਗਏ ਹਨ, ਉਨ੍ਹਾਂ ਬਾਰੇ ਬੇਸ਼ੱਕ ਵੋਟਾਂ ਪਵਾ ਕੇ ਵੇਖ ਲਉ, ਪੰਜਾਬ ਦਾ 99 ਫ਼ੀ ਸਦੀ ਸਿੱਖ, ਇਨ੍ਹਾਂ ਕਾਨੂੰਨਾਂ ਨੂੰ ਕਿਸਾਨ-ਮਾਰੂ ਤੇ ਪੰਜਾਬ-ਮਾਰੂ ਸਮਝਦਾ ਹੈ ਤੇ ਖ਼ੁਸ਼ੀ ਦੀ ਗੱਲ ਹੈ ਕਿ ਇਸ ਵਾਰ 50% ਪੰਜਾਬੀ ਹਿੰਦੂ ਵੀ ਇਸ ਮਸਲੇ ਤੇ ਸਿੱਖਾਂ ਵਾਂਗ ਹੀ ਸੋਚਦਾ ਹੈ।
ਬੀਜੇਪੀ ਜੀਅ ਸਦਕੇ ਪੰਜਾਬ ਵਿਚ ਅਪਣੀ ਸਰਕਾਰ ਬਣਾਉਣ ਦੀ ਸੋਚੇ ਕਿਉਂਕਿ ਅਜਿਹਾ ਸੋਚਣਾ ਉਸ ਦਾ ਹੱਕ ਹੈ ਪਰ ਇਹ ਤਾਂ ਉਸ ਨੂੰ ਦਸਣਾ ਹੀ ਪਵੇਗਾ ਕਿ ਉਹ ਹਰ ਮਸਲੇ ਉਤੇ ਸਿੱਖਾਂ ਅਤੇ ਪੰਜਾਬ ਦਾ ਵਿਰੋਧ ਕਰਦੇ ਰਹਿ ਕੇ ਕਿੰਨਾ ਚਿਰ ਚਲਾ ਸਕੇਗੀ ਅਪਣੀ ਸਰਕਾਰ? ਜੇ ਤੁਸੀ ਅੱਧੇ ਨਾਲੋਂ ਵੱਧ ਪੰਜਾਬ ਵਾਸੀਆਂ ਦੀ ਹਰ ਗੱਲ ਦਾ ਵਿਰੋਧ ਕਰਨ ਦੀ ਨੀਤੀ ਹੀ ਜਾਰੀ ਰਖਣੀ ਹੈ ਤਾਂ ਪੰਜਾਬ ਵਿਚ ਕਿੰਨੇ ਦਿਨ ਰਾਜ ਕਰ ਸਕੋਗੇ? ਤੁਹਾਡੇ ਲਈ ਮੌਕਾ ਹੈ, ਤੁਸੀ ਪੁਰਾਣੀਆਂ ਗੱਲਾਂ ਭੁਲਾ ਕੇ ਪੰਜਾਬ ਦੇ ਤੇ ਸਿੱਖਾਂ ਦੇ ਹਿਤ ਵਿਚ ਵੱਡੇ ਕਦਮ ਚੁਕੋ ਤੇ ਇਨ੍ਹਾਂ ਨੂੰ ਜਿੱਤੋ।
ਤਾਂ ਹੀ ਇਹ ਕਾਂਗਰਸ ਤੋਂ ਦੂਰ ਜਾ ਸਕਣਗੇ ਵਰਨਾ ਬਲੂ-ਸਟਾਰ ਅਤੇ ਦਿੱਲੀ ਕਤਲੇਆਮ (1984) ਮਗਰੋਂ ਵੀ ਸਿੱਖ, ਕਾਂਗਰਸ ਤੋਂ ਦੂਰ ਨਹੀਂ ਸਨ ਹਟੇ ਕਿਉਂਕਿ ਉਹ ਜਾਣਦੇ ਸਨ ਕਿ ਕਾਂਗਰਸ 10 ਵਿਚੋਂ 5 ਵਾਰੀ ਸਿੱਖਾਂ ਦੀ ਗੱਲ ਮੰਨ ਲੈਂਦੀ ਹੈ ਜਦਕਿ ਬੀਜੇਪੀ 10 'ਚੋਂ 10 ਵਾਰੀ ਹੀ ਸਿੱਖਾਂ ਦੀ ਹਰ ਮੰਗ ਰੱਦ ਕਰ ਦੇਂਦੀ ਹੈ। ਕਾਂਗਰਸ, ਘੱਟ ਗਿਣਤੀਆਂ ਵਿਰੋਧੀ ਨੀਤੀ ਵੀ ਕਦੇ-ਕਦੇ ਬੀਜੇਪੀ ਨੂੰ ਅੱਗੇ ਵਧਣੋਂ ਰੋਕਣ ਲਈ ਹੀ ਬਣਾਂਦੀ ਹੈ, ਉਂਜ ਨਹੀਂ। ਜੰਮੂ ਕਸ਼ਮੀਰ ਵਿਚ ਹੁਣ ਪੰਜਾਬੀ ਦਾ ਦਰਜਾ ਖ਼ਤਮ ਕੀਤਾ ਗਿਆ ਹੈ। ਪੰਜਾਬ ਦੇ ਬੀਜੇਪੀ ਲੀਡਰ ਵੀ ਪੰਜਾਬੀ ਨੂੰ ਕੋਈ ਮਹੱਤਵ ਹੀ ਨਹੀਂ ਦੇਂਦੇ। ਹਰਿਆਣੇ, ਦਿੱਲੀ ਅਤੇ ਹਿਮਾਚਲ ਵਿਚ ਪੰਜਾਬੀ ਦੂਜੀ ਭਾਸ਼ਾ ਦੇ ਤੌਰ 'ਤੇ ਪ੍ਰਵਾਨ ਹੈ ਪਰ ਸਿਰਫ਼ ਕਾਗ਼ਜ਼ਾਂ ਵਿਚ ਹੀ।
ਈਮਾਨਦਾਰੀ ਨਾਲ ਪੰਜਾਬੀ ਨੂੰ ਕਿਧਰੇ ਵੀ ਮਾਨਤਾ ਨਹੀਂ ਦਿਤੀ ਜਾਂਦੀ। ਹਰਿਆਣੇ ਵਿਚ ਕਾਂਗਰਸ ਸਰਕਾਰ ਵੇਲੇ ਪੰਜਾਬੀ ਅਖ਼ਬਾਰਾਂ ਨੂੰ ਵੀ ਇਸ਼ਤਿਹਾਰ ਮਿਲਦੇ ਸੀ। ਹੁਣ ਬੀਜੇਪੀ ਸਰਕਾਰ ਨੇ ਪੰਜਾਬੀ ਅਖ਼ਬਾਰਾਂ ਨੂੰ ਇਸ਼ਤਿਹਾਰ ਦੇਣੇ ਬਿਲਕੁਲ ਬੰਦ ਕਰ ਦਿਤੇ ਹਨ ਹਾਲਾਂਕਿ ਪੰਜਾਬ ਸਰਕਾਰ ਅਪਣਾ ਹਰ ਇਸ਼ਤਿਹਾਰ ਸਾਰੇ ਹਿੰਦੀ ਅਖ਼ਬਾਰਾਂ ਨੂੰ ਵੀ ਦੇਂਦੀ ਹੈ। ਮਿਸਾਲਾਂ ਤਾਂ ਸੈਂਕੜੇ ਦਿਤੀਆਂ ਜਾ ਸਕਦੀਆਂ ਹਨ ਪਰ ਅਜੇ ਏਨਾ ਹੀ ਕਾਫ਼ੀ ਹੈ। ਇਹ ਵੀ ਯਾਦ ਕਰਾ ਦਈਏ ਕਿ ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਕੈਬਨਿਟ ਦੇ ਸਾਰੇ ਬੀਜੇਪੀ ਮੈਂਬਰਾਂ ਨੂੰ ਇਕੱਠਿਆਂ ਰਾਤਰੀ ਭੋਜ 'ਤੇ ਬੁਲਾਇਆ ਸੀ ਤਾਕਿ ਉਨ੍ਹਾਂ ਨੂੰ ਸਿੱਖ ਖ਼ਦਸ਼ਿਆਂ ਤੋਂ ਜਾਣੂ ਕਰਵਾ ਸਕੀਏ।
ਅੱਗੇ ਵੀ ਸਾਡਾ ਰਵਈਆ ਉਨ੍ਹਾਂ ਪ੍ਰਤੀ ਦੋਸਤੀ ਵਾਲਾ ਹੀ ਰਹੇਗਾ ਬਸ਼ਰਤੇ ਕਿ ਉਹ ਸਿੱਖਾਂ ਨਾਲ 1947 ਤੋਂ ਪਹਿਲਾਂ ਵਾਲੇ ਸਬੰਧ ਬਣਾਉਣੇ ਚਾਹੁਣ ਤੇ ਅਪਣੇ ਕੇਂਦਰੀ ਲੀਡਰਾਂ ਨੂੰ ਵੀ ਸਿੱਖਾਂ ਬਾਰੇ ਸਹੀ ਸਲਾਹ ਦੇਣੀ ਮੰਨ ਲੈਣ। ਇਹ ਵੀ ਯਾਦ ਰਖਿਆ ਜਾਵੇ ਕਿ ਵਿਦੇਸ਼ੀ ਹਮਲਾਵਰਾਂ ਕੋਲੋਂ ਹਿੰਦੂ ਕੁੜੀਆਂ ਛੁਡਵਾ ਕੇ ਸਿੱਖ ਹੀ ਲਿਆਏ ਸਨ ਤੇ ਉਸ ਵੇਲੇ ਦੇ ਇਤਿਹਾਸ ਨੂੰ ਕੋਈ ਨਾ ਵੀ ਯਾਦ ਰਖਣਾ ਚਾਹੇ ਤਾਂ ਸਿੱਖ ਹੁਣ ਵੀ ਦੇਸ਼ ਦੇ ਸੱਭ ਤੋਂ ਮਜ਼ਬੂਤ ਰਖਵਾਲੇ ਹਨ। ਇਸ ਲਈ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਇਹ ਤਾਂ ਹਰ ਮਾਮਲੇ ਵਿਚ ਸਿੱਖਾਂ ਦੀ ਵਿਰੋਧਤਾ ਕਰ ਕੇ ਹੀ ਰਹੇਗੀ।
ਜੇ ਸਿੱਖਾਂ ਨੇ ਬੀਜੇਪੀ ਨੂੰ ਗ਼ਲਤ ਵੀ ਸਮਝਿਆ ਹੈ, ਤਾਂ ਵੀ ਉਨ੍ਹਾਂ ਦੇ ਮਨਾਂ ਵਿਚ ਬਣੇ ਪੱਕੇ ਪ੍ਰਭਾਵ ਨੂੰ ਗੱਲਾਂ ਨਾਲ ਨਹੀਂ ਅਮਲਾਂ ਰਾਹੀਂ ਖ਼ਤਮ ਕਰਨਾ ਦੇਸ਼ ਦੇ ਹਿਤ ਵਿਚ ਹੋਵੇਗਾ। ਪੰਜਾਬ ਭਾਜਪਾ ਦੇ ਆਗੂ ਇਸ ਕੰਮ ਵਿਚ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ। ਵਜ਼ਾਰਤੀ ਵੰਡ ਵਿਚ ਹਿੱਸਾ ਵੰਡਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸਿੱਖਾਂ ਅੰਦਰ ਬੇਗਾਨਗੀ ਦਾ ਬਣ ਚੁੱਕਾ ਅਹਿਸਾਸ ਖ਼ਤਮ ਕਰਨ ਦਾ ਯਤਨ ਕੀਤਾ ਜਾਵੇ।