ਦੇਸ਼ ਵਿਚ 2020 ਤੋੜੇਗਾ ਭੁੱਖਮਰੀ ਦੇ ਸਾਰੇ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਭਾਰਤ ਵਿਚ ਸਿਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਸੁਵਿਧਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ।

Poor People

 ਨਵੀਂ ਦਿੱਲੀ: ਵਿਸ਼ਵ ਵਿਚ ਭੁੱਖਮਰੀ ਸੂਚਕ ਅੰਕ ਚਾਰ ਆਧਾਰਾਂ ਤੇ ਤਿਆਰ ਕੀਤਾ ਜਾਂਦਾ ਹੈ। (1) ਕੁਪੋਸ਼ਣ (2) ਅਪਣੇ ਕੱਦ ਮੁਤਾਬਕ ਘੱਟ ਭਾਰ ਵਾਲੇ ਪੰਜ ਸਾਲ ਦੀ ਉਮਰ ਦੇ ਬੱਚੇ ਜੋ ਕੁਪੋਸ਼ਣ ਦੇ ਬੁਰੀ ਤਰ੍ਹਾ ਸ਼ਿਕਾਰ ਹੁੰਦੇ ਹਨ। (3) ਅਪਣੀ ਉਮਰ ਨਾਲੋਂ ਘੱਟ ਲੰਬਾਈ ਵਾਲੇ ਬੱਚੇ ਜੋ ਕਿ ਲੰਬੇ ਸਮੇਂ ਤੋ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਹਨ। (4) ਬਾਲ ਮੌਤ ਦਰ ਭਾਵ ਪੰਜ ਸਾਲ ਦੀ ਉਮਰ ਤਕ ਪਹੁੰਚਦੇ ਜਿੰਨੇ ਬੱਚੇ ਮੌਤ ਨੂੰ ਪਿਆਰੇ ਹੋ ਜਾਂਦੇ ਹਨ। ਇਸ ਲਈ ਕਿਸੇ ਦੇਸ਼ ਵਿਚਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਪਾਏ ਜਾਂਦੇ ਕੁਪੋਸ਼ਣ, ਬਾਲ ਮੌਤ ਦਰ ਤੇ ਲੋੜੀਂਦੇ ਤੋਂ ਘੱਟ ਵਜ਼ਨ ਤੇ ਘੱਟ ਲੰਬਾਈ ਵਾਲੇ ਬੱਚਿਆਂ ਦੇ ਇਸ ਉਮਰ ਵਰਗ ਦੇ ਕੱੁਝ ਬੱਚਿਆਂ ਵਿਚ ਪਾਏ ਜਾਂਦੇ ਹਿੱਸੇ ਤੋਂ ਭੁੱਖਮਰੀ ਸੂਚਕ ਅੰਕ ਤਿਆਰ ਕੀਤਾ ਜਾਂਦਾ ਹੈ। ਪੋਸ਼ਟਿਕ ਖ਼ੁਰਾਕ ਦੀ ਕਮੀ ਦੇ ਕਾਰਨ ਬੱਚੇ ਸਹਿਜ ਹੀ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਸਰਕਾਰਾਂ ਨੂੰ ਨਵ ਜਨਮੇ ਬੱਚਿਆਂ ਦੀਆਂ ਜ਼ਿੰਦਗੀਆਂ ਦੀ ਕੋਈ ਚਿੰਤਾ ਨਹੀਂ। ਇਕ ਹਜ਼ਾਰ ਮਗਰ 38 ਬੱਚੇ ਜਨਮ ਦੇ ਪਹਿਲੇ ਦਿਨ ਹੀ ਮਰ ਜਾਂਦੇ ਹਨ।
ਨਵੀਂ ਦਿੱਲੀ ਸਥਿਤ ਕੌਮਾਂਤਰੀ ਖ਼ੁਰਾਕ ਨੀਤੀ ਖੋਜ ਸੰਸਥਾਨ ਵਿਚ ਸੀਨੀਅਰ ਖੋਜ ਕਰਤਾ ਪੂਰਨਿਮਾ ਮੈਨਨ ਨੇ ਕਿਹਾ ਕਿ ਭਾਰਤ ਦੀ ਦਰਜਾਬੰਦੀ ਵਿਚ ਸਮੁੱਚੀ ਤਬਦੀਲੀ ਲਈ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਪ੍ਰਦਰਸ਼ਨ ਵਿਚ ਬੱਚਿਆਂ ਦੇ ਸੁਧਾਰ ਦੀ ਜ਼ਰੂਰਤ ਹੈ। ਜੇ ਉੱਚ ਆਬਾਦੀ ਵਾਲੇ ਸੂਬੇ ਵਿਚ ਕੁਪੋਸ਼ਣ ਦਾ ਪੱਧਰ ਜ਼ਿਆਦਾ ਹੈ ਤਾਂ ਉਹ ਸੂਬਾ ਭਾਰਤ ਵਿਚ ਔਸਤਨ ਬਹੁਤ ਯੋਗਦਾਨ ਦੇਵੇਗਾ।

 

ਨਿਊਟ੍ਰੀਸ਼ਨ ਰੀਸਰਚ ਦੀ ਪ੍ਰਮੁੱਖ ਸਵੇਤਾ ਖੰਡੇਲਵਾਲ ਨੇ ਕਿਹਾ ਕਿ ਦੇਸ਼ ਵਿਚ ਕੁਪੋਸ਼ਣ ਲਈ ਕਈ ਨੀਤੀਆਂ ਤੇ ਪ੍ਰੋਗਰਾਮ ਹਨ ਪਰ ਜ਼ਮੀਨੀ ਹਕੀਕਤ ਕਾਫ਼ੀ ਨਿਰਾਸ਼ਾਜਨਕ ਹੈ। ਦੇਸ਼ ਵਿਚ ਅਨਾਜ ਦੀ ਬੰਪਰ ਪੈਦਾਵਾਰ ਹੋ ਰਹੀ ਹੈ। ਲੋੜੀਂਦੇ ਨਾਲੋਂ ਤਿੰਨ ਗੁਣਾਂ ਵੱਧ ਅਨਾਜ ਸਰਕਾਰ ਨੇ ਜਮ੍ਹਾਂ ਕਰ ਰਖਿਆ ਹੈ। ਫਿਰ ਵੀ ਭਾਰਤ ਦੀ 14 ਫ਼ੀ ਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ। ਇਹ ਸਰਕਾਰ ਦੇ ਨਿਕੰਮੇਪਣ ਦਾ ਸਬੂਤ ਹੈ। ਭਾਰਤ ਦੀ ਸਰਕਾਰ ਦੇਸ਼ ਦੇ ਆਮ ਲੋਕਾਂ ਨੂੰ ਚੱਜ ਦੀ ਰੋਟੀ ਖੁਆਉਣ ਦੇ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ। ਵੱਡੇ ਪੱਧਰ ਤੇ ਗ਼ਰੀਬੀ ਤੇ ਭੁੱਖਮਰੀ ਦਾ ਸ਼ਿਕਾਰ ਆਬਾਦੀ ਰੱਖਣ ਵਾਲਾ ਕੋਈ ਵੀ ਮੁਲਕ ਕੌਮਾਤਰੀ ਪਿੜ ਵਿਚ ਵਕਾਰ ਹਾਸਲ ਨਹੀਂ ਕਰ ਸਕਦਾ।

ਕੁਪੋਸ਼ਣ ਦੇ ਬਹੁਤ ਸਾਰੇ ਕਾਰਨ ਹਨ। ਬੇਤਹਾਸ਼ਾ ਵਧਦੀ ਗ਼ਰੀਬੀ, ਔਰਤਾਂ ਦੀ ਖ਼ਰਾਬ ਸਥਿਤੀ, ਸਮਾਜਕ ਸੁਰੱਖਿਆ ਯੋਜਨਾਵਾਂ ਦਾ ਬੁਰਾ ਹਾਲ, ਪੋਸ਼ਣ ਦੀ ਜ਼ਰੂਰੀ ਨਿਊਟ੍ਰੀਸ਼ੀਅਨ ਦਾ ਹੇਠਲਾ ਪੱਧਰ, ਲੜਕੀਆਂ ਦੀ ਹੇਠਲੇ ਪੱਧਰ ਦੀ ਸਿਖਿਆ ਤੇ ਨਾਬਾਲਗ ਵਿਆਹ, ਅਨਪੜ੍ਹਤਾ, ਬੇਰੁਜ਼ਗਾਰੀ ਆਦਿ ਭਾਰਤ ਵਿਚ ਬੱਚਿਆਂ ਵਿਚ ਕੁਪੋਸ਼ਣ ਦੇ ਕਾਰਨ ਹਨ। ਇਕ ਪਾਸੇ ਸਾਡੇ ਅਤੇ ਤੁਹਾਡੇ ਘਰਾਂ ਵਿਚ ਰੋਜ਼ ਸਵੇਰੇ ਰਾਤ ਦਾ ਬਚਿਆ ਹੋਇਆ ਖਾਣਾ ਬੇਹਾ ਕਹਿ ਕੇ ਸੁੱਟ ਦਿਤਾ ਜਾਂਦਾ ਹੈ ਤੇ ਦੂਜੇ ਪਾਸੇ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਡੰਗ ਦੀ ਰੋਟੀ ਤਕ ਨਸੀਬ ਨਹੀਂ ਹੁੰਦੀ। ਇਹ ਲੋਕ ਭੁੱਖ ਨਾਲ ਮਰ ਰਹੇ ਹਨ। ਸਰਕਾਰ ਨੇ ਦੇਸ਼ ਵਿਚ ਭੁੱਖਮਰੀ ਮਿਟਾਉਣ ਤੇ ਬਹੁਤ ਪੈਸਾ ਖ਼ਰਚ ਕੀਤਾ ਹੈ। ਕੇਂਦਰ ਸਰਕਾਰ ਦੇ ਹਰ ਬਜਟ ਦਾ ਵੱਡਾ ਹਿੱਸਾ ਆਰਥਕ ਅਤੇ ਸਮਾਜਕ ਨਜ਼ਰੀਏ ਤੋਂ ਪਛੜੇ ਵਰਗ ਦੀ ਭਲਾਈ ਲਈ ਅਲਾਟ ਕੀਤਾ ਜਾਂਦਾ ਰਿਹਾ ਹੈ। ਪਰ ਲੋੜੀਂਦੇ ਨਤੀਜੇ ਵੇਖਣ ਨੂੰ ਨਹੀਂ ਮਿਲਦੇ। ਅਜਿਹਾ ਲਗਦਾ ਹੈ ਕਿ ਯਤਨਾਂ ਵਿਚ ਜਾਂ ਤਾਂ ਪ੍ਰਤੀਬੱਧਤਾ ਨਹੀਂ ਹੈ ਜਾਂ ਉਨ੍ਹਾਂ ਦੀ ਦਿਸ਼ਾ ਹੀ ਗ਼ਲਤ ਹੈ। ਇਕ ਪਾਸੇ ਭਾਰਤ ਦੇ ਲੋਕ ਦੁਨੀਆਂ ਭਰ ਵਿਚ ਅਰਬ ਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਰਹੇ ਹਨ, ਦੂਜੇ ਪਾਸੇ ਇਸੇ ਦੇਸ਼ ਦੇ ਲੋਕ ਭੁੱਖ ਨਾਲ ਤੜਫ਼ ਕੇ ਜਾਨ ਦੇਣ ਲਈ ਮਜਬੂਰ ਹਨ।

ਲੋਕ ਗ਼ਰੀਬੀ, ਭੁੱਖਮਰੀ ਤੇ ਇਲਾਜ ਖੁਣੋਂ ਮਰ ਰਹੇ ਹਨ। ਗ਼ਰੀਬੀ, ਭੁੱਖਮਰੀ ਤੋ ਤੰਗ ਆ ਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹਨ। ਇਕ ਪਾਸੇ ਅਮੀਰ ਲੋਕ ਐਸ਼ ਕਰ ਰਹੇ ਹਨ। ਐਸ਼ ਪ੍ਰਸਤੀ ਦਾ ਜੀਵਨ ਜਿਊਣ ਵਾਲਿਆ ਦਾ ਹੋਰ ਭਾਰਤ ਹੈ। ਜਦੋਕਿ ਗ਼ਰੀਬ, ਘਾਣ ਹੋਇਆ, ਨਿਮਾਣਿਆਂ, ਨਿਤਾਨਿਆਂ ਤੇ ਜੀਵਨ ਦੀਆਂ ਮੁਢਲੀਆਂ ਲੋੜਾਂ ਤੋ ਸੱਖਣੇ ਆਮ ਲੋਕਾਂ ਦਾ ਭਾਰਤ ਹੋਰ ਹੈ। ਆਰਥਕ ਪਾੜਾ ਏਨਾ ਵੱਧ ਚੁੱਕਾ ਹੈ ਕਿ ਕਰੋੜਾਂ ਲੋਕ ਗ਼ਰੀਬੀ ਦੀ ਦਲਦਲ ਵਿਚ ਧਸੇ ਹੋਏ ਹਨ। ਇਕ ਅਨੁਮਾਨ ਅਨੁਸਾਰ ਭਾਰਤ ਵਿਚ ਦੁਨੀਆਂ ਦੀ ਸੱਭ ਤੋਂ ਵੱਧ ਭੁੱਖਮਰੀ ਹੈ। 40 ਕਰੋੜ ਤੋ ਵੱਧ ਲੋਕ ਗ਼ਰੀਬੀ ਰੇਖਾ ਤੋਂ ਹੇਠ ਜੀਵਨ ਦੇ ਦਿਨ ਕੱਟ ਰਹੇ ਹਨ। ਕਰੋੜਾਂ ਲੋਕ ਕੀੜੀਆਂ ਵਰਗੀ ਜੂਨ ਹੰਢਾਅ ਰਹੇ ਹਨ। ਦੂਜੇ ਪਾਸੇ ਆਸਮਾਨ ਛੂੰਹਦੀਆਂ ਇਮਾਰਤਾਂ ਹਨ, ਆਲੀਸ਼ਾਨ ਹਸਪਤਾਲ ਤੇ ਹੋਟਲ ਹਨ, ਕੀਮਤੀ ਸ਼ਰਾਬਾਂ ਹਨ, ਅੱਤ ਮਹਿੰਗੀਆਂ ਕਾਰਾਂ ਹਨ। ਦੇਸੀ ਤੇ ਵਿਦੇਸੀ ਕੰਪਨੀਆਂ ਦੇ ਬਣਾਏ ਮਾਰੂ ਜੰਗੀ ਹਥਿਆਰ ਹਨ। ਪ੍ਰੰਤੂ ਮਜ਼ਦੂਰ ਦਾ ਚੁੱਲ੍ਹਾ ਠੰਢਾ ਹੈ। ਸੰਸਾਰ ਦਾ ਢਿੱਡ ਭਰਨ ਵਾਲਾ ਕਿਸਾਨ ਕਰਜ਼ੇ ਦੀ ਮਾਰ ਹੇਠ ਹੈ। ਕਿਰਤੀ ਦਾ ਨੰਗ-ਧੜੰਗ ਬੱਚਾ ਸਕੂਲ ਜਾਣ ਦੀ ਥਾਂ ਗੰਦਗੀ ਦੇ ਢੇਰਾਂ ਉਪਰ ਕਿਸੇ ਦੀ ਤਲਾਸ਼ ਵਿਚ ਰੁੱਝਾ ਹੋਇਆ ਹੈ।

ਵਿਸ਼ਵ ਬੈਂਕ ਅਨੁਸਾਰ ਸਾਲ 2020 ਵਿਚ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵ ਕਾਰਨ ਗ਼ਰੀਬੀ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦੇਵੇਗੀ। ਇਸ ਮਹਾਂਮਾਰੀ ਦੇ ਪ੍ਰਭਾਵ ਕਾਰਨ 88 ਤੋਂ 115 ਮਿਲੀਅਨ ਨਵੇਂ ਹੋਰ ਲੋਕ ਅਤਿ ਗ਼ਰੀਬੀ ਦੀ ਹਾਲਤ ਵਿਚ ਹੋਣਗੇ। 2021 ਤਕ ਇਹ ਗਿਣਤੀ 150 ਮਿਲੀਅਨ ਤਕ ਪਹੁੰਚ ਜਾਵੇਗੀ। ਪ੍ਰਾਪਤ ਅੰਕੜਿਆਂ ਅਨੁਸਾਰ ਵਿਸ਼ਵ ਦੇ ਸੱਭ ਤੋਂ ਗ਼ਰੀਬ 20 ਫ਼ੀ ਸਦੀ ਲੋਕਾਂ ਕੋਲ ਵਿਸ਼ਵ ਦੀ ਕੁਲ ਆਮਦਨ ਦਾ 1 ਫ਼ੀ ਸਦੀ ਪਹੁੰਚ ਰਿਹਾ ਹੈ ਜਦਕਿ ਦੂਜੇ ਪਾਸੇ ਵਿਸ਼ਵ ਦੇ ਸੱਭ ਤੋਂ ਅਮੀਰ 20 ਫ਼ੀ ਸਦੀ ਲੋਕ ਵਿਸ਼ਵ ਦੀ ਕੁੱਲ ਆਮਦਨ ਦਾ 86 ਫ਼ੀ ਸਦੀ ਹਿੱਸਾ ਹੜੱਪ ਰਹੇ ਹਨ। ਵਿਸ਼ਵ ਦੇ ਸੱਭ ਤੋਂ ਵੱਡੇ ਤਿੰਨ ਅਮੀਰ ਵਿਅਕਤੀਆਂ ਕੋਲ ਜਿੰਨੀ ਸੰਪਤੀ ਹੈ, ਉਹ ਗ਼ਰੀਬ ਦੇਸ਼ਾਂ ਵਿਚ ਰਹਿਣ ਵਾਲੇ ਵਿਸ਼ਵ ਦੇ 60 ਕਰੋੜ ਲੋਕਾਂ ਦੀ ਸਲਾਨਾ ਆਮਦਨ ਦੇ ਬਰਾਬਰ ਹੈ। ਸਾਰਾ ਪੈਸਾ ਤੇ ਸਾਧਨ ਇਨ੍ਹਾਂ ਲੋਕਾਂ ਦੇ ਕਬਜ਼ੇ ਵਿਚ ਹਨ ਜਦਕਿ ਬਾਕੀ ਲੋਕ ਕਿਸੇ ਤਰ੍ਹਾਂ ਨਾਲ ਸਿਰਫ਼ ਅਪਣਾ ਗੁਜਾਰਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀਬਾੜੀ ਸੰਗਠਨ ਦੀ ਰੀਪੋਰਟ ਅਨੁਸਾਰ ਦੁਨੀਆ ਵਿਚ ਅਨਾਜ ਦਾ ਏਨਾ ਭੰਡਾਰ ਹੈ ਜੋ ਹਰ ਇਸਤਰੀ, ਮਰਦ ਤੇ ਬੱਚੇ ਦਾ ਢਿੱਡ ਭਰਨ ਲਈ ਉਚਿਤ ਹੈ। ਪਰ ਇਸ ਦੇ ਬਾਵਜੂਦ ਕਰੋੜਾਂ ਲੋਕ ਅਜਿਹੇ ਹਨ, ਜੋ ਲੰਮੇ ਸਮੇਂ ਤੋਂ ਭੁੱਖਮਰੀ ਤੇ ਕੁਪੋਸ਼ਣ ਜਾਂ ਥੋੜੇ ਪੋਸ਼ਣ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਭਾਰਤ ਵਿਚ ਦੇਸ਼ ਦੀ ਕੱੁਲ ਆਮਦਨ ਦਾ 73 ਫ਼ੀ ਸਦੀ ਹਿੱਸਾ ਕੇਵਲ ਇਕ ਫ਼ੀ ਸਦੀ ਅਮੀਰਾਂ ਕੋਲ ਹੈ। ਆਕਸਫ਼ੈਮ ਦੀ ਰੀਪੋਰਟ ਅਨੁਸਾਰ ਦੇਸ਼ ਦੇ ਕੇਵਲ 57 ਫ਼ੀ ਸਦੀ ਧਨਾਢਾਂ ਕੋਲ ਦੇਸ਼ ਦੀ 70 ਫ਼ੀ ਸਦੀ ਅਬਾਦੀ ਦੇ ਬਰਾਬਰ ਦੌਲਤ ਦੇ ਭੰਡਾਰ ਹਨ। ਭਾਰਤ ਦੇ ਇਕ ਫ਼ੀ ਸਦੀ ਅਰਬਪਤੀਆਂ ਨੇ ਹੀ ਦੇਸ਼ ਦਾ 58 ਫ਼ੀ ਸਦੀ ਸਰਮਾਇਆ ਹੜੱਪਿਆ ਹੋਇਆ ਹੈ। ਇਕ ਪਾਸੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਤੇ ਭੁੱਖਮਰੀ ਨਾਲ ਮਰ ਰਹੇ ਹਨ। 60 ਕਰੋੜ ਤੋਂ ਵੱਧ ਲੋਕ ਸਾਫ਼ ਤੇ ਸ਼ੁੱਧ ਪਾਣੀ ਪੀਣ ਲਈ ਤੜਪ ਰਹੇ ਹਨ। ਦੂਜੇ ਪਾਸੇ ਵਡੇ ਉਦਯੋਪਤੀਆਂ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਤੇ ਸੁਨੀਲ ਮਿੱਤਲ ਦੀ ਆਮਦਨ ਛੜੱਪੇ ਮਾਰ ਕੇ ਵਧੀ ਹੈ। ਗੋਲਬਲ ਸਲੇਵਰੀ ਇੰਡੈਕਸ 2016 ਅਨੁਸਾਰ ਭਾਰਤ ਵਿਚ 1.93 ਕਰੋੜ ਲੋਕ ਗ਼ੁਲਾਮ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 1.4 ਫ਼ੀ ਸਦੀ ਹਨ। ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਗ਼ਰੀਬ ਲੋਕਾਂ ਦਾ ਨਾ ਸ੍ਰੀਰਕ ਵਿਕਾਸ ਹੋ ਰਿਹਾ ਹੈ ਅਤੇ ਨਾ ਹੀ ਮਾਨਸਕ। ਗ਼ਰੀਬ ਲੋਕ ਸਾਰੀ ਉਮਰ ਰੋਟੀ ਲਈ ਖੱਪਦੇ ਮਰ ਜਾਂਦੇ ਹਨ। 

ਭਾਰਤ ਵਿਚ ਸਿਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਸੁਵਿਧਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਹਰ ਪੱਧਰ ਤੇ ਭ੍ਰਿਸ਼ਟਾਚਾਰ ਫ਼ੈਲਿਆ ਹੋਇਆ ਹੈ ਜਿਸ ਕਾਰਨ ਸਰਕਾਰੀ ਸੁਵਿਧਾਵਾਂ ਦਾ ਲਾਭ ਵੀ ਅਕਸਰ ਆਮ ਲੋਕਾਂ ਤਕ ਨਹੀਂ ਪਹੁੰਚਦਾ। ਗ਼ਰੀਬਾਂ ਦੀ ਹਾਲਤ ਅਤਿ ਖ਼ਸਤਾ ਹੈ। ਇਕ ਪਾਸੇ ਅਸਲੀ ਗ਼ਰੀਬ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ। ਦੂਸਰੇ ਪਾਸੇ ਕਈ ਨਕਲੀ ਗ਼ਰੀਬ ਸਰਕਾਰੀ ਭਲਾਈ ਸਕੀਮਾਂ ਦਾ ਨਾਜਾਇਜ਼ ਲਾਭ ਉਠਾ ਰਹੇ ਹਨ। ਦੇਸ਼ ਨੂੰ ਮਨਮਾਨੇ ਤੇ ਤਾਨਾਸ਼ਾਹੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਵਿਸ਼ਵੀਕਰਨ ਦੀ ਆੜ ਵਿਚ ਬਹੁਕੌਮੀ ਕੰਪਨੀਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਸਰਕਾਰ ਨੇ ਨਿਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਨੂੰ ਹੀ ਵਿਕਾਸ ਮੰਨ ਲਿਆ ਹੈ। ਜ਼ਰੂਰੀ ਵਸਤਾਂ, ਦਵਾਈਆਂ ਤੇ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਚੜ੍ਹ ਗਈਆਂ ਹਨ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਬੇਰੁਜ਼ਗਾਰੀ ਨੇ ਵੀ ਵਿਕਰਾਲ ਰੂਪ ਧਾਰ ਲਿਆ ਹੈ। ਸਰਕਾਰ ਨੂੰ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਕੇ ਗ਼ਰੀਬ ਲੋਕਾਂ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਚਾਹੀਦਾ ਹੈ।  ਸਰਕਾਰ ਨੂੰ ਗ਼ਰੀਬੀ ਦੂਰ ਕਰਨ ਲਈ ਬਣਾਈਆਂ ਜਾਂਦੀਆਂ ਯੋਜਨਾਵਾਂ ਜੋ ਕਿ ਅਕਸਰ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੀਆਂ ਹਨ, ਨੂੰ ਅਮਲੀ ਜਾਮਾ ਪਹੁਚਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਆਉਣ ਵਾਲੇ ਸਮੇਂ ਵਿਚ ਭੁੱਖਮਰੀ ਤੇ ਗ਼ਰੀਬੀ ਘੱਟ ਸਕਦੀ ਹੈ।
                                                               ਨਰਿੰਦਰ ਸਿੰਘ ਜ਼ੀਰਾ,ਸੰਪਰਕ : 98146-62260