ਪ੍ਰਤਾਪ ਸਿੰਘ ਕੈਰੋਂ ‘ਨਹਿਰੂ ਦਾ ਸ਼ੇਰ’ ਕਿ ਪੰਜਾਬ ਦਾ ਸ਼ੇਰ?(3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਿਛਲੀਆਂ ਦੋ ਕਿਸਤਾਂ ਵਿਚ ਮੈਂ ਨਿਜੀ ਤਜਰਬੇ ਦੇ ਆਧਾਰ ’ਤੇ ਦਸ ਰਿਹਾ ਸੀ...........

Partap Singh Kairon With jawaharlal nehru

ਪਿਛਲੀਆਂ ਦੋ ਕਿਸਤਾਂ ਵਿਚ ਮੈਂ ਨਿਜੀ ਤਜਰਬੇ ਦੇ ਆਧਾਰ ’ਤੇ ਦਸ ਰਿਹਾ ਸੀ ਕਿ ਭਾਵੇਂ ਨਹਿਰੂ ਇਕ ਖ਼ਾਸ ਕਾਰਨ ਕਰ ਕੇ ਕੈਰੋਂ ਨੂੰ ‘ਆਉ ਮੇਰੇ ਸ਼ੇਰੇ ਪੰਜਾਬ’ ਕਹਿ ਕੇ ਬੁਲਾਇਆ ਕਰਦਾ ਸੀ ਕਿਉਂਕਿ ਪੰਜਾਬ ਨੂੰ ਕੁੱਝ ਵੀ ਨਾ ਦੇਣ ਅਤੇ ਇਸ ਕੋਲੋਂ ਸੱਭ ਕੁੱਝ ਖੋਹ ਲੈਣ ਦੀ ਨੀਤੀ ਨੂੰ ਕਾਮਯਾਬ ਕਰਨ ਲਈ ਉਸ ਨੂੰ ਇਕ ਸਿੱਖ ਆਗੂ ਦੀ ਲੋੜ ਸੀ। 

ਪੰਜਾਬ ਨੂੰ ‘ਕੁੱਝ ਨਾ ਦੇਣ ਤੇ ਸੱਭ ਕੁੱਝ ਖੋਹ ਲੈਣ’ ਦੀ ਨੀਤੀ ਉਸ ਪੰਜਾਬ ਵਿਰੁਧ ਕਿਉਂ ਬਣੀ ਜਿਸ ਨੇ ਦੇਸ਼ ਦੀ ਆਜ਼ਾਦੀ ਲਈ, ਸਾਰੇ ਦੇਸ਼ ਦੇ ਮੁਕਾਬਲੇ ਜ਼ਿਆਦਾ ਕੁਰਬਾਨੀਆਂ ਕੀਤੀਆਂ ਸਨ ਜਦਕਿ ਹਿੰਦੁਸਤਾਨ ਕੋਲ ਵੀ ਪੰਜਾਬ ਦੇ ਅਨਾਜ ਤੇ ਪੰਜਾਬ ਦੇ ਸਿੱਖ ਫ਼ੌਜੀ ਤੋਂ ਬਿਨਾਂ, ਉਸ ਵੇਲੇ ਦੇਸ਼ ਨੂੰ ਬਚਾਉਣ ਲਈ, ਹੋਰ ਕੁੱਝ ਵੀ ਨਹੀਂ ਸੀ?

ਉਹ ਇਕ ਵਖਰਾ ਤੇ ਵੱਡਾ ਵਿਸ਼ਾ ਹੈ ਤੇ ਸੰਖੇਪ ਵਿਚ ਉਸ ਦਾ ਪਿਛੋਕੜ ਇਹ ਸੀ ਕਿ ਚਲਾਕ ਅੰਗਰੇਜ਼, ਜਾਂਦਾ-ਜਾਂਦਾ, ਹਿੰਦੁਸਤਾਨ ਤੇ ਪਾਕਿਸਤਾਨ ਦੇ ਉਨ੍ਹਾਂ ਆਗੂਆਂ ਦੇ ਕੰਨਾਂ ਵਿਚ, ਜਿਨ੍ਹਾਂ ਨੂੰ ਉਸ ਨੇ ਸੁਭਾਸ਼ ਚੰਦਰ ਬੋਸ ਵਰਗਿਆਂ ਨੂੰ ਰਸਤੇ ਵਿਚੋਂ ਹਟਾ ਕੇ ਰਾਜਗੱਦੀ ਤੇ ਬਿਠਾਇਆ ਸੀ, ਕੁੱਝ ‘ਦੋਸਤਾਨਾ ਸੁਝਾਅ’ ਵੀ ਪਾ ਗਿਆ ਤਾਕਿ ਨਵੇਂ ਭਾਰਤੀ ਹਾਕਮਾਂ ਦੇ ਦਿਲ ਜਿੱਤ ਕੇ ਉਨ੍ਹਾਂ ਨੂੰ ਬਰਤਾਨਵੀ ‘ਸਲਾਹ ਮਸ਼ਵਰੇ’ ਉਤੇ ਨਿਰਭਰ ਬਣਾ ਦਿਤਾ ਜਾਏ।

ਨਹਿਰੂ ਇਹ ‘ਮਸ਼ਵਰੇ’ ਸੁਣ ਕੇ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਲਾਰਡ ਮਾਊਂਟ ਬੇਟਨ ਨੂੰ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਾ ਕੇ ‘ਸਲਾਹ ਮਸ਼ਵਰੇ’ ਲਈ ਇਥੇ ਹੀ ਟਿਕਾਅ ਲਿਆ। ਪੰਜਾਬ ਬਾਰੇ ਮਾਊਂਟ ਬੈਟਨ ਨੇ ਜਿਹੜਾ ‘ਗੁਪਤ ਨੋਟ’ ਨਹਿਰੂ ਨੂੰ ਭੇਜਿਆ (ਬਿਨਾਂ ਦਸਤਖ਼ਤਾਂ ਦੇ) ਉਸ ਵਿਚ ਲਿਖਿਆ:
‘ਹਿੰਦੁਸਤਾਨ ਦੀ ਸਾਲਮੀਅਤ (ਅਖੰਡਤਾ) ਨੂੰੰ ਜਦ ਵੀ ਖ਼ਤਰਾ ਪੈਦਾ ਹੋਵੇਗਾ, ਪੰਜਾਬ ਵਲੋਂ ਹੀ ਹੋਵੇਗਾ

ਕਿਉਂਕਿ ਇਥੋਂ ਦੇ ਸਿੱਖ ਖ਼ਾਲਿਸਤਾਨ ਦਾ ਵਿਚਾਰ ਭੁੱਲੇ ਨਹੀਂ ਤੇ ਉਹ ਕਿਸੇ ਵੀ ਸਮੇਂ ਅਪਣਾ ਵਖਰਾ ਦੇਸ਼ ਮੰਗ ਸਕਦੇ ਹਨ ਤੇ ਲੈਣ ਵਿਚ ਕਾਮਯਾਬ ਵੀ ਹੋ ਸਕਦੇ ਹਨ। ਅਸੀ ਤਾਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੀ ਮੰਨੀ ਪਰ ਤੁਸੀ ਉਨ੍ਹਾਂ ਨਾਲ ਕੁੱਝ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਲਾਗੂ ਕਰਨ ਸਮੇਂ ਤੁਹਾਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਕਦਮ ਚੁਕਣੇ ਪੈਣਗੇ ਕਿਉਂਕਿ ਪੰਜਾਬ ਜਿੰਨੀ ਛੇਤੀ ਸਿੱਖ ਸ਼ਕਤੀ ਦਾ ਕੇਂਦਰ ਬਣ ਗਿਆ, ਉਨਾ ਹੀ ਵਖਰੇ ਦੇਸ਼ ਦਾ ਵਿਚਾਰ ਸਿੱਖਾਂ ਦੇ ਦਿਲਾਂ ਵਿਚ ਜ਼ੋਰ ਫੜਦਾ ਜਾਏਗਾ।’ 

ਇਹ ਗੁਪਤ ਨੋਟ ਚੋਣਵੇਂ ਵਜ਼ੀਰਾਂ ਨੂੰ ਪੜ੍ਹਾਇਆ ਗਿਆ। ਜਿਨ੍ਹਾਂ ਨੇ ਇਹ ਨੋਟ ਨਹੀਂ ਸੀ ਪੜਿ੍ਹਆ, ਉਹ ਹਿੰਦੂ ਆਗੂ, ਪੱਤਰਕਾਰ ਤੇ ਆਮ ਸ਼ਹਿਰੀ ਵੀ ਹੈਰਾਨ ਸਨ ਕਿ ਦੇਸ਼ ਲਈ ਏਨੀਆਂ ਕੁਰਬਾਨੀਆਂ ਕਰਨ ਵਾਲੇ ਅਤੇ ਦੇਸ਼ ਦੇ ਰਖਵਾਲੇ ਸਿੱਖਾਂ ਨਾਲ, ਨਹਿਰੂ ਵਲੋਂ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ? ਪਰ ਜਿਹੜੇ ਇਸ ਸਲੂਕ ਵਿਰੁਧ ਕੁਸਕਦੇ ਵੀ ਨਹੀਂ ਸਨ ਸਗੋਂ ਹਮਾਇਤ ਵਿਚ ਖੜੇ ਹੋ ਜਾਂਦੇ ਸਨ, ਸਿੱਖਾਂ ਵਿਚ, ਉਨ੍ਹਾਂ ਦਾ ਮੁਖੀਆ ਸ. ਪ੍ਰਤਾਪ ਸਿੰਘ ਕੈਰੋਂ ਹੀ ਸੀ।

ਦੂਜੇ ਪਾਸੇ ਜਿਹੜਾ ਇਕ ਲੀਡਰ, ਕਿਸੇ  ਕੀਮਤ ਤੇ ਵੀ 1947 ਤੋਂ ਪਹਿਲਾਂ ਦੇ ਨਹਿਰੂ, ਗਾਂਧੀ ਤੇ ਕਾਂਗਰਸ ਦੇ ਵਾਅਦਿਆਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀ, ਉਹ ਮਾਸਟਰ ਤਾਰਾ ਸਿੰਘ ਹੀ ਸੀ। ਸੋ ਬਹੁਤ ਸਾਰੇ ਤਜਰਬੇ ਕਰਨ ਮਗਰੋਂ, ਮਾ. ਤਾਰਾ ਸਿੰਘ ਨੂੰ ਸਿਆਸੀ ਤੌਰ ਤੇ ਖ਼ਤਮ ਕਰਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸਾਰਾ ਜ਼ਿੰਮਾ ਪ੍ਰਤਾਪ ਸਿੰਘ ਕੈਰੋਂ ਨੂੰ ਸੌਂਪ ਦਿਤਾ ਗਿਆ ਤੇ ਇਸੇ ਲਈ ਜਵਾਹਰ ਲਾਲ ਨਹਿਰੂ ਉਸ ਨੂੰ ‘ਆਉ ਮੇਰਾ ਸ਼ੇਰ’ ਕਹਿ ਕੇ ਬੁਲਾਉਂਦਾ ਸੀ। 

ਪੰਜਾਬ ਦੇ ਪਾਣੀ ਲੁੱਟੇ ਜਾਣ ਵਿਰੁਧ ਕੈਰੋਂ ਨੇ ਇਕ ਲਫ਼ਜ਼ ਵੀ ਨਾ ਬੋਲਿਆ ਤੇ ਕਾਂਸਟੀਚੂਐਂਟ ਅਸੈਂਬਲੀ (ਸੰਵਿਧਾਨ ਘੜਨੀ ਸਭਾ) ਵਲੋਂ ਸੰਵਿਧਾਨ ਬਣਾਉਣ ਲਗਿਆਂ, ਸਿੱਖਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਾ ਕਰਨ ਤੇ ਵੀ ਕੈਰੋਂ ਤੇ ਉਸ ਦਾ ਪੂਰਾ ਧੜਾ (ਦਰਸ਼ਨ ਸਿੰਘ ਫੇਰੂਮਾਨ ਸਮੇਤ) ਸਿੱਖਾਂ ਦੇ ਹੱਕ ਵਿਚ ਨਹੀਂ ਸਗੋਂ ਕੇਂਦਰ ਦੇ ਹੱਕ ਵਿਚ ਬਿਆਨ ਜਾਰੀ ਕਰਦਾ ਰਿਹਾ।

ਸਾਰੇ ਦੇਸ਼ ਵਿਚ ਭਾਸ਼ਾ ਦੇ ਆਧਾਰ ’ਤੇ ਸੂਬੇ ਬਣਾਏ ਜਾ ਰਹੇ ਸਨ ਪਰ ਪੰਜਾਬ ਵਿਚ ਪੰਜਾਬੀ ਭਾਸ਼ਾ ਦਾ ਰਾਜ ਬਣਾਉਣ ਤੋਂ ਸਾਫ਼ ਨਾਂਹ ਕਰ ਦਿਤੀ ਗਈ। ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਬਸ ਇਕੋ ਰੱਟ ਲਗਾਈ ਰਖਦੇ ਸਨ ਕਿ ਜੇ ਪੰਜਾਬੀ ਸੂਬਾ ਬਣ ਗਿਆ ਤਾਂ ਦੇਸ਼ ਦੇ ਇਕ ਹੋਰ ਸੂਬੇ ਵਿਚ ਹਿੰਦੂ ਘੱਟ-ਗਿਣਤੀ ਵਿਚ ਹੋ ਜਾਣਗੇ (ਪਹਿਲਾਂ ਕਸ਼ਮੀਰ ਅਤੇ ਨਾਰਥ ਈਸਟ ਰਾਜਾਂ ਵਿਚ ਹਿੰਦੂ, ਘੱਟ-ਗਿਣਤੀ ਵਿਚ ਸਨ)। ਇਹ ਗੱਲ ਪਟੇਲ ਨੂੰ ਸੱਭ ਤੋਂ ਵੱਧ ਚੁਭਦੀ ਸੀ, ਇਸ ਲਈ ਕੋਈ ਦਲੀਲ ਨਾ ਹੋਣ ਦੇ ਬਾਵਜੂਦ, ‘‘ਪੰਜਾਬੀ ਸੂਬਾ ਨਹੀਂ ਬਣਾਵਾਂਗੇ ਭਾਵੇਂ ਕੁੱਝ ਵੀ ਹੋ ਜਾਏ’’ ਦੀ ਰੱਟ ਹੀ ਲੱਗੀ ਰਹਿੰਦੀ ਸੀ।

ਮੈਨੂੰ ਯਾਦ ਹੈ, ਮਾ: ਤਾਰਾ ਸਿੰਘ ਤੇ ਨਹਿਰੂ ਵਿਚਕਾਰ ਗੱਲਬਾਤ ਦੌਰਾਨ, ਨਹਿਰੂ ਨੇ ਇਕ ਵਾਰ ਕਿਹਾ, ‘‘ਮਾਸਟਰ ਜੀ ਆਪ ਮਾਂਗਤੇ ਤੋ ਪੰਜਾਬੀ ਸੂਬਾ ਹੈਂ ਪਰ ਆਪ ਕੇ ਦਿਲ ਮੇਂ ਸਿੱਖ ਸੂਬਾ ਲੇਨੇ ਕੀ ਚਾਹਤ ਛੁਪੀ ਹੂਈ ਹੈ।’’ ਮਾਸਟਰ ਤਾਰਾ ਸਿੰਘ ਨੇ ਜਵਾਬ ਵਿਚ ਕਿਹਾ, ‘‘ਮੈਨੂੰ ਵੀ ਪਤਾ ਹੈ ਕਿ ਕਹਿੰਦੇ ਤੁਸੀ ਵੀ ਇਹੀ ਹੋ ਕਿ ਪੰਜਾਬ ਦੇ 70 ਫ਼ੀ ਸਦੀ ਹਿੰਦੂ (ਉਦੋਂ ਸਾਂਝੇ ਪੰਜਾਬ ਵਿਚ ਹਿੰਦੂ 70 ਫ਼ੀ ਸਦੀ ਹੀ ਸਨ) ਕਿਉਂਕਿ ਪੰਜਾਬੀ ਸੂਬੇ ਦੇ ਹੱਕ ਵਿਚ ਨਹੀਂ, ਇਸ ਲਈ ਪੰਜਾਬੀ ਸੂਬਾ ਨਹੀਂ ਬਣਾਇਆ ਜਾ ਸਕਦਾ ਪਰ ਅਸਲ ਵਿਚ ਤੁਸੀ ਵੀ ਸਿੱਖ ਬਹੁਗਿਣਤੀ ਵਾਲਾ ਸੂਬਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਇਸ ਲਈ ਤੁਸੀ ਹਿੰਦੂਆਂ ਨੂੰ ਬਹਾਨੇ ਵਜੋਂ ਵਰਤ ਲੈਂਦੇ ਹੋ।

ਪਰ ਛੱਡੋ ਇਸ ਗੱਲ ਨੂੰ ਕਿ ਤੁਹਾਡੇ ਦਿਲ ਵਿਚ ਕੀ ਹੈ ਤੇ ਮੇਰੇ ਦਿਲ ਵਿਚ ਕੀ ਹੈ, ਤੁਸੀ ਬਸ ਇਹ ਯਾਦ ਰੱਖੋ ਕਿ ਤੁਸੀ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾ ਰਹੇ ਹੋ, ਪੰਜਾਬ ਵਿਚ ਵੀ ਬਣਾ ਦਿਉ। ਭੁਲ ਜਾਉ ਕਿ ਸਾਰੇ ਭਾਰਤ ਵਿਚ ਲਾਗੂ ਕੀਤਾ ਗਿਆ ਅਸੂਲ ਪੰਜਾਬ ਵਿਚ ਲਾਗੂ ਕੀਤਿਆਂ, ਸਿੱਖਾਂ ਦੀ ਗਿਣਤੀ ਵੱਧ ਜਾਏਗੀ ਜਾਂ ਕਿਸੇ ਹੋਰ ਦੀ ਗਿਣਤੀ ਘੱਟ ਜਾਏਗੀ। ਤੁਸੀ ਬਸ, ਬਿਨਾ ਕਿਸੇ ਨਾਲ ਵਿਤਕਰਾ ਕੀਤਿਆਂ, ਅਪਣਾ ਅਸੂਲ ਸਾਰੇ ਦੇਸ਼ ਵਿਚ ਇਕੋ ਜਿਹਾ ਲਾਗੂ ਕਰ ਦਿਉ। ਤੁਸੀ ਵੀ ਸੁਖੀ ਰਹੋਗੇ ਤੇ ਅਸੀ ਵੀ ਸੁਖੀ ਹੋ ਜਾਵਾਂਗੇ।’’

ਨਹਿਰੂ ਨੇ ਗਿ: ਗੁਰਮੁਖ ਸਿੰਘ ਮੁਸਾਫ਼ਰ ਰਾਹੀਂ ਮਾਸਟਰ ਤਾਰਾ ਸਿੰਘ ਨੂੰ ਬੁਲਾ ਕੇ ਪਹਿਲਾਂ ਉਪ-ਰਾਸ਼ਟਰਪਤੀ ਤੇ ਫਿਰ ਰਾਸ਼ਟਰਪਤੀ ਬਣਾਉਣ ਦਾ ਦਾਣਾ ਵੀ ਸੁਟਿਆ ਪਰ ਮਾ: ਤਾਰਾ ਸਿੰਘ ਇਕੋ ਇਕ ਸਿੱਖ ਲੀਡਰ ਨਿਕਲਿਆ ਜਿਸ ਨੂੰ ਕੋਈ ਵੱਡੇ ਤੋਂ ਵੱਡਾ ਲਾਲਚ ਵੀ ਅਪਣੇ ਵਲ ਨਾ ਖਿਚ ਸਕਿਆ। ਨਹਿਰੂ ਨੇ ਪੰਜਾਬੀ ਸੂਬਾ ਅੰਦੋਲਨ ਉਤੇ ਕੈਰੋਂ ਕੋਲੋਂ ਅੰਨ੍ਹਾ ਤਸ਼ੱਦਦ ਵੀ ਕਰਵਾਇਆ ਤੇ ਬਠਿੰਡਾ ਜੇਲ੍ਹ ਵਿਚ ਵੀ ਅਕਾਲੀ ਕੈਦੀਆਂ ਨੂੰ ਗੋਲੀਆਂ ਮਰਵਾ ਕੇ ਖ਼ਤਮ ਕੀਤਾ ਤੇ ਕਰਨਾਲ ਵਿਚ ਇਕ ਸਿੱਖ ਬੱਚੇ ਨੂੰ ਵੀ ਮਾਰ ਕੇ ਖੂਹ ਵਿਚ ਸੁੱਟ ਦਿਤਾ ਸੀ।

ਹੋਰ ਵੀ ਹਰ ਹੁਰਬਾ ਵਰਤ ਕੇ ਵੇਖ ਲਿਆ ਪਰ ਕੋਈ ਗੱਲ ਨਾ ਬਣੀ। ਉਸ ਸਮੇਂ ਦਾ ਇਕ ਬਿਆਨ ਮੈਨੂੰ ਯਾਦ ਆਉਂਦਾ ਹੈ ਜੋ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਸੀ. ਰਾਜਗੋਪਾਲਾਚਾਰੀਆ ਨੇ ਕੈਰੋਂ ਦੀ ਪੁਲਿਸ ਦੇ ਜ਼ੁਲਮ ਨੂੰ ਵੇਖ ਕੇ ਦਿਤਾ ਸੀ ਤੇ ਕਿਹਾ ਸੀ, ‘‘ਏਨੀਆਂ ਗੋਲੀਆਂ ਤਾਂ ਅੰਗਰੇਜ਼ੀ ਰਾਜ ਵਿਚ ਵੀ ਹਿੰਦੁਸਤਾਨੀਆਂ ਨੂੰ ਨਹੀਂ ਸਨ ਲਗੀਆਂ ਜਿੰਨੀਆਂ ਪੰਜਾਬੀ ਸੂਬਾ ਮੰਗਣ ਬਦਲੇ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ਖਾਣੀਆਂ ਪੈ ਰਹੀਆਂ ਹਨ।’’

ਕੈਰੋਂ ਨੂੰ ਜੋ ਚਾਹੇ, ਕਰਨ ਦੀ ਖੁਲ੍ਹ ਦੇ ਦਿਤੀ ਗਈ ਸੀ। ਬਦਲੇ ਵਿਚ ਕੈਰੋਂ ਦੀ ਮੰਗ ਇਹੀ ਸੀ ਕਿ ਉਸ ਨੂੰ ਭਾਰਤ ਦਾ ਡੀਫ਼ੈਂਸ ਮਨਿਸਟਰ ਬਣਾ ਦਿਤਾ ਜਾਏ। ਨਹਿਰੂ ਨੇ ਸਾਰਿਆਂ ਸਾਹਮਣੇ ਇਹ ਵਾਅਦਾ ਕੈਰੋਂ ਨਾਲ ਕਰ ਦਿਤਾ ਸੀ। ਇਸ ਆਸ ਨਾਲ ਕਿ ਉਹ ਮਾ: ਤਾਰਾ ਸਿੰਘ ਤੋਂ ਕੇਂਦਰ ਸਰਕਾਰ ਨੂੰ ਛੁਟਕਾਰਾ ਦਿਵਾ ਦੇਵੇਗਾ, ਨਹਿਰੂ ਕੈਰੋਂ ਨੂੰ ‘ਸ਼ੇਰੇ ਪੰਜਾਬ’ ਕਹਿ ਕੇ ਉਸ ਦੀ ਲੋਕਾਂ ਸਾਹਮਣੇ ਕਾਫ਼ੀ ਤਾਰੀਫ਼ ਕਰਦਾ ਸੀ। ਪਰ ਹਕੀਕਤ ਵਿਚ ਉਹ ਕੈਰੋਂ ਨੂੰ ਕੇਵਲ ਵਰਤ ਰਿਹਾ ਸੀ, ਦੇਣਾ ਉਸ ਨੇ ਕੈੋਰੋਂ ਨੂੰ ਵੀ ਕੁੱਝ ਨਹੀਂ ਸੀ। ਇਸ ਗੱਲ ਦਾ ਅੰਤ ਜਦ ਕੈਰੋਂ ਨੂੰ ਵੀ ਯਕੀਨ ਹੋ ਗਿਆ ਤਾਂ ਮੈਂ ਉਸ ਨੂੰ ਰੋਂਦਿਆਂ ਵੀ ਵੇਖਿਆ।

ਕੈਰੋਂ ਨੇ ਡੀਫ਼ੈਂਸ ਮਨਿਸਟਰ ਬਣਨ ਦਾ ਅਪਣਾ ਸੁਪਨਾ ਪੂਰਾ ਹੁੰਦਾ ਵੇਖਣ ਦੀ ਆਸ ਵਿਚ, ਸਿੱਖ ਰਾਜਨੀਤੀ ਨੂੰ ਉਲਟਾ ਕੇ ਰੱਖ ਦਿਤਾ। ਵਰਤਾਂ ਦੀ ਰਾਜਨੀਤੀ ਪਿੱਛੇ ਵੀ ਕੈਰੋਂ ਦਾ ਦਿਮਾਗ਼ ਹੀ ਕੰਮ ਕਰਦਾ ਸੀ। ਇਕ ਪੰਜਾਬੀ ਅਖ਼ਬਾਰ ਦਾ ਐਡੀਟਰ ਜੋ ਅਖ਼ਬਾਰੀ ਲਾਈਨ ਵਿਚ ਫ਼ੇਲ੍ਹ ਹੋ ਜਾਣ ਕਾਰਨ, ਅਪਣੇ ਸਾਰੇ ਪ੍ਰਵਾਰ ਨੂੰ ਹੀ ਜ਼ਹਿਰ ਖਵਾ ਕੇ ਮਾਰ ਦੇਣ ਤੇ ਆਪ ਮਰ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ, ਉਸ ਨੂੰ ਕੈਰੋਂ ਨੇ ਬਚਾ ਲਿਆ ਤੇ ਪੈਸੇ ਵਲੋਂ ਰਜਾ ਕੇ, ਉਸ ਨੂੰ ਅਪਣੇ ਮਕਸਦ ਲਈ ਖ਼ੂਬ ਵਰਤਿਆ। ਪਰ ਸੱਭ ਤੋਂ ਮਾੜੀ ਗੱਲ ਜੋ ਉਸ ਨੇ ਕੀਤੀ,

ਉਹ ਇਹ ਸੀ ਕਿ ਜੱਟ-ਭਾਪੇ ਦਾ ਸਵਾਲ ਖੜਾ ਕਰ ਦਿਤਾ। ਇਸ ਵਾਰ ਉਸ ਨੇ ‘ਅੰਗਰੇਜ਼ ਤਾਂ ਸੱਭ ਕੁੱਝ ਦੇਂਦੇ ਸਨ’ ਵਾਲਾ ਝੂਠ ਬਿਲਕੁਲ ਨਾ ਦੁਹਰਾਇਆ ਕਿਉਂਕਿ ਸਿੱਖ ਵੋਟਰ ਇਸ ਨੂੰ ਕਈ ਵਾਰ ਨਕਾਰ ਚੁੱਕੇ ਸਨ ਤੇ ਇਤਿਹਾਸਕਾਰ ਵੀ ਇਸ ਝੂਠ ਨੂੰ ਰੱਦ ਕਰ ਚੁੱਕੇ ਸਨ। ਪਰ ਇਸ ਵਾਰ ਉਸ ਨੇ ਛੋਟੀ ਜਹੀ ਕੌਮ ਨੂੰ ਬ੍ਰਾਹਮਣ ਦੇ ਸੱਭ ਤੋਂ ਖ਼ਤਰਨਾਕ ਹਥਿਆਰ ਜਾਤ-ਪਾਤ ਦੇ ਵਖਰੇਵੇਂ ਨਾਲ ਵੰਡ ਕੇ, ਨਹਿਰੂ ਦੀ ਜਿੱਤ ਕਰਾਉਣ ਦਾ ਜੋ ਮਾੜਾ ਕੰਮ ਕੀਤਾ, ਉਹ ਬਹੁਤ ਹੀ ਘਿਨਾਉਣਾ ਸੀ। ਪਿੰਡ ਪਿੰਡ ਫਿਰ ਕੇ ਉਸ ਦੇ ਬੰਦੇ ਪ੍ਰਚਾਰ ਕਰਦੇ ਰਹੇ ਕਿ ‘‘ਮਹਾਰਾਜਾ ਰਣਜੀਤ ਸਿੰਘ ਮਗਰੋਂ ਪਹਿਲੀ ਵਾਰ ਸਿੱਖਾਂ ਦੀ ਲੀਡਰਸ਼ਿਪ ਜੱਟਾਂ ਦੇ ਹੱਥ ਆਉਣ ਲੱਗੀ ਹੈ ਤਾਂ ਤੁਸੀ ਸੋਚਾਂ ਵਿਚ ਕਿਉਂ ਪਏ ਹੋ? ਭਾਪੇ ਨੂੰ ਲਾਹ ਸੁੱਟੋ ਤੇ ਜੱਟ ਨੂੰ ਉਪਰ ਲੈ ਆਉ।’’

ਜਜ਼ਬਾਤੀ ਜਹੀ ਕੌਮ ਵਿਚ ਨਾਹਰਾ ਚਲ ਗਿਆ ਤੇ ਕੈਰੋਂ ਖ਼ੁਸ਼ੀ ਵਿਚ ਖੀਵਾ ਹੋਇਆ ਹੋਇਆ, ਨਹਿਰੂ ਤੋਂ ਵੱਡਾ ਇਨਾਮ ਲੈਣ ਦੇ ਸੁਪਨੇ ਵੇਖਣ ਲੱਗ ਪਿਆ। ਨਹਿਰੂ ਨੇ ਵੀ ਮਾ: ਤਾਰਾ ਸਿੰਘ ਦੀ ਹਾਰ ਤੇ ਸੁੱਖ ਦਾ ਸਾਹ ਲਿਆ। ਨਹਿਰੂ ਨੂੰ ਮਿਲਣ ਲਈ ਜਾਂਦੇ ਸਮੇਂ, ਕੈਰੋਂ ਮੇਰੇ ਪਿਤਾ ਨੂੰ, ਹਮੇਸ਼ਾ ਵਾਂਗ, ਦੋ ਮਿੰਟ ਰੁਕ ਕੇ, ਮਿਲ ਗਿਆ ਸੀ। ਉਹ ਇਸ ਗੱਲੋਂ ਥੋੜਾ ਉਦਾਸ ਵੀ ਸੀ ਕਿ ਕਈ ਦਿਨਾਂ ਤੋਂ ਪ੍ਰਧਾਨ ਮੰਤਰੀ ਦੇ ਦਫ਼ਤਰ ਵਾਲੇ, ਕੈਰੋਂ ਦੀ ਪ੍ਰਧਾਨ ਮੰਤਰੀ (ਨਹਿਰੂ) ਨਾਲ ਗੱਲਬਾਤ ਨਹੀਂ ਸੀ ਕਰਵਾ ਰਹੇ ਤੇ ਮੁਲਾਕਾਤ ਦਾ ਸਮਾਂ ਮੁਕਰਰ ਕਰਨ ਦੀ ਗੱਲ ਨੂੰ ਟਾਲ ਛਡਦੇ ਸਨ। ਸੋ ਉਹ ਬਿਨਾਂ ਸਮਾਂ ਨਿਸ਼ਚਿਤ ਕੀਤੇ, ਪਹਿਲੀ ਵਾਰ ਪ੍ਰਧਾਨ ਮੰਤਰੀ ਨਹਿਰੂ ਨੂੰ ਮਿਲਣ ਜਾ ਰਿਹਾ ਸੀ।

ਦਿੱਲੀ ਵਿਚ ਪ੍ਰਤਾਪ ਸਿੰਘ ਕੈਰੋਂ ਮੈਂਬਰ ਪਾਰਲੀਮੈਂਟ ਸ: ਰਘਬੀਰ ਸਿੰਘ ਪੰਜ ਹਜ਼ਾਰੀ ਕੋਲ ਠਹਿਰੇ। ਦੋਹਾਂ ਨੇ ਭਰਪੂਰ ਕੋਸ਼ਿਸ਼ ਕੀਤੀ ਕਿ ਨਹਿਰੂ ਨਾਲ ਮੁਲਾਕਾਤ ਦਾ ਸਮਾਂ ਮਿਲ ਜਾਏ। ਸਵੇਰ ਤੋਂ ਸ਼ਾਮ ਤਕ ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਟੈਲੀਫ਼ੋਨ ਖੜਕਾਂਦੇ ਰਹਿੰਦੇ ਸਨ। ਸਾਰੇ ਉਨ੍ਹਾਂ ਦੇ ਜਾਣੂ ਸਨ। ਪਰ ਨਹਿਰੂ ਨੇ ਮੁਲਾਕਾਤ ਦਾ ਸਮਾਂ ਨਾ ਦਿਤਾ। ਪੰਜ ਦਿਨ ਮਗਰੋਂ ਅਖ਼ੀਰ ਸ: ਪੰਜ ਹਜ਼ਾਰੀ ਨੇ ਕੈਰੋਂ ਨੂੰ ਕਹਿ ਦਿਤਾ, ‘‘ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਰਿਹਾ। ਹੋਰ ਜ਼ਲੀਲ ਹੋਣ ਦੀ ਲੋੜ ਨਹੀਂ। ਬੜੀਆਂ ਅਰਜ਼ੀਆਂ ਤੇ ਅਰਜ਼ੋਈਆਂ ਨਹਿਰੂ ਕੋਲ ਪੁਜ ਚੁਕੀਆਂ ਨੇ। ਜੇ ਉਹਨੇ ਮਿਲਣਾ ਹੋਇਆ ਤਾਂ ਆਪੇ ਬੁਲਾ ਲਵੇਗਾ। ਹੋਰ ਟੱਕਰਾਂ ਮਾਰਾਂਗੇ ਤਾਂ ਹੇਠਲਿਆਂ ਦੇ ਮਨੋਂ ਵੀ ਲਹਿ ਜਾਵਾਂਗੇ।’’

5 ਦਿਨ ਬਾਅਦ ਕੈਰੋਂ ਵਾਪਸ ਆ ਗਿਆ। ਵਾਪਸੀ ਤੇ ਮੇਰੇ ਪਿਤਾ ਜੀ ਕੋਲ ਰੁਕ ਗਿਆ। ਇਹ ਉਹ ‘ਸ਼ੇਰ’ ਲਗਦਾ ਹੀ ਨਹੀਂ ਸੀ ਜੋ ਕਲ ਤਕ ਅਸੀ ਵੇਖਦੇ ਆ ਰਹੇ ਸੀ। ਭਿੱਜੀ ਬਿੱਲੀ ਤੋਂ ਵੀ ਮਾੜੀ ਹਾਲਤ ਸੀ। ਮੈਨੂੰ ਕਹਿ ਕੇ ਕਮਰਾ ਬੰਦ ਕਰਵਾ ਲਿਆ। ਮੈਂ ਅੰਦਰ ਹੀ ਬੈਠਾ ਰਿਹਾ। ਨਹਿਰੂ ਵਿਰੁਧ ਰੱਜ ਕੇ ਗੁੱਸਾ ਕੱਢਣ ਮਗਰੋਂ, ਅਖ਼ੀਰ ਉਹ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਿਆ ਤੇ ਬੋਲੀ ਜਾਏ, ‘‘ਗ਼ਲਤੀ ਮੇਰੀ ਹੀ ਸੀ। ਮੈਨੂੰ ਸਜ਼ਾ ਮਿਲ ਗਈ ਏ। ਡੀਫ਼ੈਂਸ ਮਨਿਸਟਰੀ ਦਾ ਲਾਰਾ ਲਾ ਕੇ ਮੈਨੂੰ ਨਹਿਰੂ ਨੇ ਵਰਤਿਆ ਤੇ ਚੂਪ ਕੇ ਗਿਟਕ ਵਾਂਗ ਸੁਟ ਦਿਤਾ।

ਪਰ ਮੈਂ ਹੀ ਮੂਰਖ ਨਿਕਲਿਆ। ਉਹਦੇ ਵਾਅਦੇ ’ਤੇ ਇਤਬਾਰ ਹੀ ਕਿਉਂ ਕੀਤਾ? ਮਾ: ਤਾਰਾ ਸਿੰਘ ਸਿੱਖਾਂ ਦਾ ਲੀਡਰ ਸੀ ਤਾਂ ਉਸ ਦਾ ਏਨਾ ਡਰ ਬਣਿਆ ਹੋਇਆ ਸੀ ਕਿ ਅਸੀ ਉਸ ਦੇ ਵਿਰੁਧ ਬੋਲ ਕੇ ਵੀ ਕਾਂਗਰਸ ਹਾਈ ਕਮਾਨ ਕੋਲੋਂ ਕੁੱਝ ਲੈ ਲੈਂਦੇ ਸੀ ਤੇ ਉਸ ਦੇ ਹੱਕ ਵਿਚ ਇਕ ਲਫ਼ਜ਼ ਬੋਲ ਦੇਂਦੇ ਤਾਂ ਵੀ ਹਾਈ ਕਮਾਨ ਘਬਰਾ ਕੇ ਸਾਨੂੰ ਪੁੱਛਣ ਲਗਦਾ ਸੀ ਕਿ ‘‘ਨਰਾਜ਼ ਕਿਉਂ ਹੋ, ਬੋਲੋ ਤੁਹਾਨੂੰ ਕੀ ਚਾਹੀਦੈ?’’ ... ਪਰ ਇਹ ਪੱਥਰ ਮੈਂ ਅਜਿਹਾ ਲਿਆ ਬਿਠਾਇਐ ਕਿ ਇਹਦੇ ਵਿਰੁਧ ਬੋਲ ਲਉ, ਭਾਵੇਂ ਹੱਕ ਵਿਚ ਬੋਲ ਲਉ, ਹਾਈ ਕਮਾਨ ਨੂੰ ਕੋਈ ਫ਼ਰਕ ਈ ਨਹੀਂ ਪੈਂਦਾ। ਡੀਫ਼ੈਂਸ ਮਨਿਸਟਰੀ ਦੇ ਲਾਲਚ ਵਿਚ ਫੱਸ ਕੇ ਮੈਂ ਅਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲਿਆ। ਰੱਬ ਵੀ ਮੈਨੂੰ ਕਿਵੇਂ ਮਾਫ਼ ਕਰੇਗਾ...!!’’ 

ਕੈਰੋਂ ਵਾਰ ਵਾਰ ਅਪਣੇ ਵਗਦੇ ਹੰਝੂ ਪੂੰਝ ਰਿਹਾ ਸੀ। ਉਠਣ ਲਗਿਆਂ ਉਹ ਹੌਲਾ ਹੌਲਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਇਹ ਗੱਲਾਂ ਉਹ ਹਰ ਕਿਸੇ ਨਾਲ ਨਹੀਂ ਸੀ ਕਰ ਸਕਦਾ ਤੇ ਕੋਈ ਥਾਂ ਲੱਭ ਰਿਹਾ ਸੀ ਜਿਥੇ ਬੋਲ ਕੇ ਉਹ ਮਨ ਹਲਕਾ ਕਰ ਲਵੇ। ਵਾਪਸ ਚੰਡੀਗੜ੍ਹ ਜਾ ਕੇ ਕੈਰੋਂ, ਗਾਹੇ ਬਗਾਹੇ ਨਹਿਰੂ ਵਿਰੁਧ ਆਮ ਬੋਲਣ ਲੱਗ ਪਿਆ ਸੀ। ਅਖ਼ੀਰ ਉਸ ਨੂੰ ਜੀ ਟੀ ਰੋਡ ਉਤੇ ਕਤਲ ਕਰ ਦਿਤਾ ਗਿਆ ਤਾਂ ਚਰਚੇ ਇਹੀ ਚਲਦੇ ਰਹੇ ਕਿ ਦਿੱਲੀ ਦੇ ਇਸ਼ਾਰੇ ’ਤੇ ਉਸ ਦੀ ਜ਼ਬਾਨ ਬੰਦ ਕਰਨ ਲਈ ਕਤਲ ਕਰਵਾ ਦਿਤਾ ਗਿਆ ਸੀ। ਉਦੋਂ ਹਿੰਦੀ ਵਿਚ ਇਕ ਵਕੀਲ ਦੀ ਲਿਖੀ ਕਿਤਾਬ ਵੀ ਮੇਰੇ ਹੱਥ ਲੱਗੀ ਸੀ ਜਿਸ ਵਿਚ ਵੀ ਇਹੀ ਇਸ਼ਾਰਾ ਕੀਤਾ ਗਿਆ ਸੀ। 

ਅਪਣੇ ਪਿਤਾ ਦੇ ਕਰੀਬੀ ਰਹੇ ਸ: ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰ ਕੇ ਮੈਨੂੰ ਅਫ਼ਸੋਸ ਹੀ ਹੁੰਦਾ ਹੈ ਕਿ ਇਕ ਲਾਲਚ ਪਾਲ ਕੇ ਉਸ ਨੇ ਦੀਨ ਵੀ ਗਵਾ ਲਿਆ ਤੇ ਦੁਨੀ ਵੀ ਨਾਲ ਨਾ ਨਿੱਭੀ। ਲਾਲਚ ਵਿਚ ਫੱਸ ਕੇ  ਉਸ ਨੇ ਪੰਜਾਬ ਨੂੰ ਵੀ ਡੁਬੋ ਦਿਤਾ ਤੇ ਸਿੱਖਾਂ ਦਾ ਭਵਿੱਖ ਵੀ ਧੁੰਦਲਾ ਕਰ ਦਿਤਾ। ਪੰਜਾਬ ਨਾਲ ਜੋ ਧੱਕੇ ਕੈਰੋਂ ਵੇਲੇ ਹੋਏ ਸਨ, ਉਹ ਅੱਜ ਵੀ ਜਿਉਂ ਦੇ ਤਿਉਂ ਕਾਇਮ ਹਨ।

ਇਕ ਪੰਜਾਬੀ ਸੂਬਾ ਹੀ ਮਿਲ ਸਕਿਆ, ਉਹ ਵੀ ਅਕਾਲੀਆਂ ਨੇ ਹੁਕਮਰਾਨ ਬਣ ਕੇ, ਆਪ ਹੀ ਅਜਿਹਾ ਬਣਾ ਦਿਤਾ ਕਿ ਉਸ ਦੇ ਜੋ ਫ਼ਾਇਦੇ ਪੰਜਾਬ, ਪੰਜਾਬੀ ਤੇ ਸਿੱਖਾਂ ਨੂੰ ਹੋਣੇ ਸਨ, ਇਕ ਵੀ ਨਾ ਹੋਇਆ ਤੇ ਜੋ ਨੁਕਸਾਨ ਚਿਤਵੇ ਵੀ ਨਹੀਂ ਸਨ ਗਏ, ਉਹ ਪੰਜਾਬ ਦੀ ਝੋਲੀ ਵਿਚ ਦਿੱਲੀ ਵਾਲਿਆਂ ਤੇ ਨਾਗਪੁਰ ਵਾਲਿਆਂ ਦੀ ਕ੍ਰਿਪਾ ਸਦਕਾ ਪੈ ਗਏ। ਕੈਰੋਂ ਤੇ ਬਾਦਲ (ਦੋਵੇਂ ਕੁੜਮ) ਨਿਜੀ ਲਾਭ ਖ਼ਾਤਰ ਪੰਜਾਬ ਅਤੇ ਪੰਥ ਲਈ ਉਹ ਕੰਡੇ ਬੀਜ ਗਏ ਹਨ ਜਿਨ੍ਹਾਂ ਨੂੰ ਚੁਗਣਾ ਹਰ ਕਿਸੇ ਲਈ ਸੰਭਵ ਨਹੀਂ ਹੋਵੇਗਾ। ਅੱਗੋਂ ਰੱਬ ਜਾਣੇ!