ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਸਿਆਸਤ-ਮੁਕਤ ਕਰ ਲੈਣਗੇ? ਪਰ ਕਿਵੇਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਰਗਾੜੀ ਮੋਰਚੇ ਦੇ ਮੁਖੀਆਂ ਬਾਰੇ ਮੈਂ ਜੂਨ ਵਿਚ ਹੀ ਲਿਖ ਦਿਤਾ ਸੀ ਕਿ ਇਨ੍ਹਾਂ ਤੋਂ ਕੋਈ ਉਮੀਦ ਨਾ ਰੱਖੀ ਜਾਵੇ...

H. S. Phoolka

-: ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰ ਨਹੀਂ ਲੈਂਦੇ। ਲੋਕਾਂ ਦੀਆਂ ਵੋਟਾਂ ਲੈ ਕੇ ਕਬਜ਼ਾ ਕਰਦੇ ਹਨ। ਜਿਸ ਕੋਲ ਵੋਟਾਂ ਹੋਣ, ਉਹ ਤਾਂ ਦੇਸ਼ ਉਤੇ ਵੀ ਕਬਜ਼ਾ ਕਰ ਲੈਂਦਾ ਹੈ (ਭਾਵੇਂ ਕਿੰਨਾ ਵੀ ਨਾਅਹਿਲ ਕਿਉਂ ਨਾ ਹੋਵੇ)। ਸੋ ਅਸਲ ਸਮੱਸਿਆ ਗੁਰਦਵਾਰਾ ਚੋਣਾਂ ਦੀ ਹੈ ਜੋ ਅੰਗਰੇਜ਼ ਨੇ ਜਬਰੀ ਸਾਡੇ ਉਤੇ ਠੋਸੀਆਂ ਸਨ।

-: ਬਰਗਾੜੀ ਮੋਰਚੇ ਬਾਰੇ ਮੈਂ ਤਾਂ 24 ਜੂਨ, 2018 ਦੀ 'ਡਾਇਰੀ' ਵਿਚ ਹੀ ਲਿਖ ਦਿਤਾ ਸੀ ਕਿ ਏਨੇ ਵੱਡੇ ਮੋਰਚੇ ਦੀ ਕਾਮਯਾਬੀ ਦੀ ਏਨੇ ਛੋਟੇ 'ਚੋਲਿਆਂ ਵਾਲਿਆਂ' ਤੋਂ ਆਸ ਨਾ ਰਖਿਉ। ਮੈਨੂੰ ਤਾਂ ਨਤੀਜਾ ਵੇਖ ਕੇ ਕੋਈ ਹੈਰਾਨੀ ਨਹੀਂ ਹੋਈ ਪਰ ਸਿੱਖ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੇ ਛੋਟੇ ਜਹੇ ਬੰਦਿਆਂ ਤੋਂ ਬਹੁਤ ਵੱਡੀਆਂ ਆਸਾਂ ਲਗਾ ਲਈਆਂ ਸਨ।

ਪਿਛਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਮੇਰੇ ਕੋਲ ਆਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਵੀ ਸੀ। ਉਨ੍ਹਾਂ ਜਦ ਮੈਨੂੰ ਇਹ ਦਸਿਆ ਕਿ ਉਹ ਅਸੈਂਬਲੀ ਦੀਆਂ ਚੋਣਾਂ ਲੜ ਰਹੇ ਹਨ ਤਾਂ ਰਿਵਾਜ ਦੇ ਉਲਟ, ਮੈਂ ਵਧਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਇਹ ਕਹਿ ਦਿਤਾ ਕਿ, ''ਫੂਲਕਾ ਸਾਹਬ, ਤੁਹਾਡਾ ਚੰਗਾ ਨਾਂ ਹੈ, ਤੁਸੀ ਕਾਹਨੂੰ ਇਸ ਖਲਜਗਣ ਵਿਚ ਪੈਣਾ ਚਾਹੁੰਦੇ ਹੋ? ਇਹ ਚੋਣਾਂ ਲੜਨ ਦਾ ਕੰਮ ਤੁਹਾਡੇ ਮੇਰੇ ਵਰਗਿਆਂ ਦਾ ਕੰਮ ਨਹੀਂ, ਸਿਆਸਤਦਾਨਾਂ ਦਾ ਕੰਮ ਹੈ। ਤੁਸੀ ਕਾਨੂੰਨ ਦੇ ਖੇਤਰ ਵਿਚ ਰਹਿ ਕੇ ਚੰਗੀ ਸੇਵਾ ਕਰੀ ਜਾ ਰਹੇ ਹੋ...।''

ਫੂਲਕਾ ਜੀ ਨੂੰ ਮੇਰੀ ਸਲਾਹ ਪਸੰਦ ਨਾ ਆਈ ਤੇ ਕਹਿਣ ਲੱਗੇ ਕਿ ਉਨ੍ਹਾਂ ਚੰਗੀ ਤਰ੍ਹਾਂ ਸੋਚ ਸਮਝ ਕੇ ਫ਼ੈਸਲਾ ਕੀਤਾ ਹੈ ਤੇ ਉਹ 'ਸਪੋਕਸਮੈਨ' ਦੀ ਮਦਦ ਲੈਣ ਲਈ ਆਏ ਹਨ। ਮੈਂ ਕਿਹਾ, ''ਮਦਦ ਤਾਂ ਜੋ ਵੀ ਹੋ ਸਕੀ, ਸਪੋਕਸਮੈਨ ਜ਼ਰੂਰ ਕਰੇਗਾ ਪਰ ਮੈਂ ਫਿਰ ਵੀ ਕਹਾਂਗਾ ਕਿ ਇਸ ਗੰਦੇ ਟੋਭੇ ਵਿਚ ਛਾਲ ਮਾਰ ਕੇ, ਅਪਣੇ ਆਪ ਨੂੰ ਚਿੱਕੜ ਨਾਲ ਲਿਬੇੜ ਲੈਣ ਤੋਂ ਪਹਿਲਾਂ, ਇਸ ਬਾਰੇ ਸੌ ਵਾਰ ਸੋਚ ਜ਼ਰੂਰ ਲਿਆ ਜਾਏ।'' ਖ਼ੈਰ, ਫੂਲਕਾ ਜੀ ਨੇ ਚੋਣ ਲੜੀ, ਜਿੱਤ ਵੀ ਗਏ ਅਤੇ ਉਹ ਸੱਭ ਕੁੱਝ ਵੇਖ ਵੀ ਲਿਆ ਜੋ ਸਿਆਸਤ ਦੇ ਪਿੜ ਵਿਚ ਵੇਖਣ ਨੂੰ ਮਿਲਦਾ ਹੈ।

ਹੁਣ ਉਨ੍ਹਾਂ ਦਾ ਇਕ ਬਿਆਨ ਅਖ਼ਬਾਰਾਂ ਵਿਚ ਛਪਿਆ ਹੈ ਜੋ ਕੁੱਝ ਇਸ ਤਰ੍ਹਾਂ  ਹੈ ਕਿ¸''ਮੈਂ ਨਾ ਤਾਂ ਹੁਣ ਅਸੈਂਬਲੀ ਚੋਣਾਂ ਲੜਾਂਗਾ, ਨਾ ਪਾਰਲੀਮੈਂਟ ਦੀ ਚੋਣ। ਦਰਅਸਲ, ਇਕ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਕੇ ਚੋਣਾਂ ਲੜਨਾ ਪਹਿਲਾਂ ਵੀ ਗ਼ਲਤ ਹੀ ਸੀ ਤੇ ਮੈਂ ਹੁਣ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨੂੰ ਸਿਆਸਤਦਾਨਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਦਾ ਵੱਡਾ ਅੰਦੋਲਨ ਸ਼ੁਰੂ ਕਰ ਰਿਹਾ ਹਾਂ। ਜਸਟਿਸ ਕੁਲਦੀਪ ਸਿੰਘ ਸਾਡੇ ਸਰਪ੍ਰਸਤ ਬਣਨਾ ਮੰਨ ਗਏ ਹਨ।'' ਚਲੋ ਮੈਨੂੰ ਖ਼ੁਸ਼ੀ ਹੋਈ ਕਿ ਜਿਹੜੀ ਸਲਾਹ ਮੈਂ ਫੂਲਕਾ ਜੀ ਨੂੰ ਦਿਤੀ ਸੀ, ਉਸ ਨੂੰ ਉਹ ਉਸ ਵੇਲੇ ਤਾਂ ਨਾ ਮੰਨ ਸਕੇ ਪਰ ਹੁਣ ਦੋ ਸਾਲ ਬਾਅਦ ਮੰਨਣ ਲਈ ਤਿਆਰ ਹੋ ਗਏ ਹਨ।

ਜਸਟਿਸ ਕੁਲਦੀਪ ਸਿੰਘ ਦੀ ਹਮਾਇਤ ਵੀ ਫੂਲਕਾ ਸਾਹਬ ਲਈ ਬੜੀ ਲਾਹੇਵੰਦ ਰਹੇਗੀ। ਪਰ ਮੈਨੂੰ ਅਜੇ ਤਕ ਇਹ ਸਮਝ ਨਹੀਂ ਆ ਸਕੀ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਸਰ ਤੋਂ ਆਜ਼ਾਦ ਕਰਨ ਦਾ ਟੀਚਾ ਉਹ ਪ੍ਰਾਪਤ ਕਿਵੇਂ ਕਰਨਗੇ? ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਨਹੀਂ ਹੁੰਦੇ। ਉਹ ਕਾਨੂੰਨ ਵਲੋਂ ਦੱਸੇ ਗਏ ਰਸਤੇ ਤੇ ਚਲ ਕੇ ਤੇ ਚੋਣ ਲੜ ਕੇ ਜਾਂ ਅਪਣੀ ਪਾਰਟੀ ਦੇ ਬੰਦਿਆਂ ਨੂੰ ਚੋਣਾਂ ਲੜਾ ਕੇ ਸ਼੍ਰੋਮਣੀ ਕਮੇਟੀ ਵਿਚ ਪਹੁੰਚਦੇ ਹਨ। ਚੋਣਾਂ ਜਿੱਤ ਕੇ ਤਾਂ ਬੰਦੇ ਦੇਸ਼ ਉਤੇ ਵੀ ਕਾਬਜ਼ ਹੋ ਜਾਂਦੇ ਹਨ (ਭਾਵੇਂ ਕਿੰਨੇ ਵੀ ਨਾਅਹਿਲ ਕਿਉਂ ਨਾ ਹੋਣ), ਤਾਂ ਫਿਰ ਸ਼੍ਰੋਮਣੀ ਕਮੇਟੀ ਤੇ ਕਿਉਂ ਨਾ ਕਾਬਜ਼ ਹੋਣਗੇ? 

ਸੋ ਸਮੱਸਿਆ ਦੀ ਜੜ੍ਹ ਨੂੰ ਫੜਿਆ ਜਾਏ ਤਾਂ ਅਸਲ ਮਸਲਾ ਗੁਰਦਵਾਰਾ ਐਕਟ ਦਾ ਹੈ ਜਿਸ ਦੇ ਜਾਲ ਵਿਚ ਸਿੱਖਾਂ ਨੂੰ ਫਸਾ ਕੇ ਅੰਗਰੇਜ਼ ਤਾਂ ਚਲੇ ਗਏ ਪਰ ਇਸ 'ਚੋਂ ਬਾਹਰ ਨਿਕਲਣ ਦੀ ਸਿੱਖਾਂ ਨੂੰ ਜਾਚ ਕੋਈ ਨਾ ਦੱਸੀ। ਗੁਰਦਵਾਰਾ ਐਕਟ, ਅੰਗਰੇਜ਼ ਨੇ ਜ਼ਬਰਦਸਤੀ ਸਿੱਖ ਲੀਡਰਾਂ ਦੇ ਹਲਕ ਹੇਠ ਉਤਾਰਿਆ ਸੀ ਕਿਉਂਕਿ ਅੰਗਰੇਜ਼ ਚਾਹੁੰਦੇ ਸਨ ਕਿ ਸਿੱਖ ਆਪਸ ਵਿਚ ਲੜ ਕੇ ਹੀ ਲਹੂ-ਲੁਹਾਨ ਹੁੰਦੇ ਰਿਹਾ ਕਰਨ ਤੇ ਗੁਰਦਵਾਰਿਆਂ ਵਿਚ ਪਈ ਗੋਲਕ ਦੁਆਲੇ ਟਿਕੇ ਰਹਿ ਕੇ ਹੀ ਅਪਣੀ ਤਾਕਤ ਨਸ਼ਟ ਕਰਦੇ ਰਿਹਾ ਕਰਨ।

ਇਸੇ ਲਈ ਅੰਗਰੇਜ਼ ਨੇ ਸ਼ਰਤ ਰੱਖ ਦਿਤੀ ਕਿ ਕੇਵਲ ਉਸ ਹੀ ਸਿੱਖ ਆਗੂ ਨੂੰ ਰਿਹਾਅ ਕੀਤਾ ਜਾਏਗਾ ਜਿਹੜਾ ਗੁਰਦਵਾਰਾ ਐਕਟ ਦੇ ਖਰੜੇ ਉਤੇ ਦਸਤਖ਼ਤ ਕਰ ਦੇਵੇਗਾ। ਇਸ ਤਰ੍ਹਾਂ ਅੰਗਰੇਜ਼ ਨੇ ਚਲਾਕੀ ਨਾਲ, ਅਪਣੇ ਗਲੋਂ ਲੜਾਈ ਲਾਹ ਕੇ ਗੋਲਕਾਂ ਤੇ ਗੁਰਦਵਾਰਿਆਂ ਦੁਆਲੇ ਸੀਮਤ ਕਰ ਦਿਤੀ। ਫੂਲਕਾ ਸਾਹਬ, ਕੀ ਗੁਰਦਵਾਰਾ ਐਕਟ ਨੂੰ ਰੱਦ ਕਰ ਕੇ, ਸਿੱਖ ਹੁਣ ਗੁਰਦਵਾਰਿਆਂ ਦਾ ਪ੍ਰਬੰਧ ਅਪਣੇ ਸਾਫ਼ ਸੁਥਰੇ, ਧਰਮੀ ਤੇ ਗੁਰਮੁਖ ਸਿੰਘਾਂ ਦੇ ਹੱਥ ਦੇਣ ਨੂੰ ਤਿਆਰ ਹੋ ਗਏ ਹਨ? ਵਿਦੇਸ਼ਾਂ ਵਿਚ ਗੁਰਦਵਾਰਾ ਪ੍ਰਬੰਧ ਇਸੇ ਤਰ੍ਹਾਂ ਸਿੱਖ ਆਪ ਹੀ ਕਰਦੇ ਹਨ।

ਪਰ ਜੇ ਚੋਣਾਂ ਰਾਹੀਂ ਹੀ ਗੁਰਦਵਾਰਾ ਪ੍ਰਬੰਧਕ ਚੁਣਨੇ ਹਨ ਤਾਂ ਵੋਟਾਂ ਤਾਂ ਸਿਆਸਤਦਾਨਾਂ ਨੂੰ ਹੀ ਗੁਰਦਵਾਰਾ ਪ੍ਰਬੰਧ ਉਤੇ ਕਾਬਜ਼ ਕਰਵਾ ਸਕਦੀਆਂ ਹਨ। ਵੋਟਾਂ ਨਾਲ ਧਰਮੀ ਸਿੱਖ ਤਾਂ ਨਹੀਂ ਚੁਣੇ ਜਾ ਸਕਦੇ, ਸਿਆਸਤਦਾਨ ਜਾਂ ਉਨ੍ਹਾਂ ਦੇ ਯਾਰ ਬੇਲੀ ਹੀ ਚੁਣੇ ਜਾ ਸਕਦੇ ਹਨ। ਦੁਨੀਆਂ ਦੇ ਕਿਸੇ ਵੀ ਦੂਜੇ ਧਰਮ ਵਾਲਿਆਂ ਨੂੰ ਪੁੱਛ ਕੇ ਵੇਖ ਲਉ। ਫੂਲਕਾ ਜੀ ਦਾ ਟੀਚਾ ਬਹੁਤ ਵਧੀਆ ਹੈ ਪਰ ਲੋਕਾਂ ਨੂੰ ਲਾਮਬੰਦ ਕਰਨ ਤੋਂ ਪਹਿਲਾਂ ਆਪ ਸਪੱਸ਼ਟ ਹੋਣਾ ਪਵੇਗਾ ਕਿ ਸਾਡਾ ਅਸਲ ਮਕਸਦ ਕੀ ਹੈ ਤੇ ਉਸ ਨੂੰ ਲੋਕ-ਲਹਿਰ ਵਿਚ ਕਿਸ ਤਰ੍ਹਾਂ ਬਦਲਿਆ ਜਾ ਸਕਦਾ ਹੈ।

ਜੇ ਜੜ੍ਹ ਨੂੰ ਨਾ ਫੜ ਸਕੇ ਤਾਂ ਸਾਡੇ ਹਵਾਈ ਫ਼ਾਇਰ ਕੁੱਝ ਪੱਤੇ ਝਾੜਨ ਤੋਂ ਵੱਧ ਕੁੱਝ ਨਹੀਂ ਕਰ ਸਕਣਗੇ। ਪਰ ਸ਼੍ਰੋਮਣੀ ਕਮੇਟੀ ਨੂੰ ਸਿਆਸਤਦਾਨਾਂ ਤੋਂ ਮੁਕਤ ਕਰਾਉਣ ਤੋਂ ਪਹਿਲਾਂ ਫੂਲਕਾ ਜੀ ਨੂੰ ਆਪ ਵੀ ਸਿਆਸਤਦਾਨਾਂ ਤੋਂ ਅਪਣਾ ਸਨਮਾਨ ਕਰਾਉਣ ਤੋਂ ਪ੍ਰਹੇਜ਼ ਕਰਨਾ ਪਵੇਗਾ। ਬੀ.ਜੇ.ਪੀ. ਨੇਤਾਵਾਂ ਕੋਲੋਂ ਸਨਮਾਨ ਕਰਵਾ ਕੇ ਉਨ੍ਹਾਂ ਨੇ ਅਪਣੇ ਮਿਸ਼ਨ ਨੂੰ ਕਮਜ਼ੋਰ ਹੀ ਕੀਤਾ ਹੈ।

ਸ਼੍ਰੋਮਣੀ ਕਮੇਟੀ ਨੇ ਅਪਣੇ ਸਨਮਾਨ ਸਮਾਰੋਹ 'ਚੋਂ ਉਨ੍ਹਾਂ ਨੂੰ ਬਾਹਰ ਕਰ ਦਿਤਾ ਤਾਂ ਇਸੇ ਲਈ ਕਿਸੇ ਸਿੱਖ ਨੇ ਸ਼੍ਰੋਮਣੀ ਕਮੇਟੀ ਦੀ ਆਲੋਚਨਾ ਨਹੀਂ ਕੀਤੀ ਸ਼ਾਇਦ। ਮਿਸ਼ਨ ਵੱਡਾ ਹੋਵੇ ਤਾਂ ਪਹਿਲਾਂ ਅਪਣੇ ਆਪ ਨੂੰ ਉੱਚਾ ਸੁੱਚਾ ਤੇ ਮਾਨ-ਅਪਮਾਨ ਤੋਂ ਬੇਨਿਆਜ਼ ਹੋ ਕੇ ਟੀਚਾ ਸਰ ਹੋਣ ਤਕ ਕੰਮ ਕਰਦੇ ਰਹਿਣ ਵਾਲਾ ਬਣ ਕੇ ਵਿਖਾਣਾ ਪੈਂਦਾ ਹੈ। 

ਸਿੱਖਾਂ ਅੰਦਰ ਨਿਰਾਸ਼ਾ-ਭਰੀ ਚਰਚਾ ਦਾ ਇਕ ਵੱਡਾ ਵਿਸ਼ਾ ਬਰਗਾੜੀ ਮੋਰਚੇ ਦੀ 'ਅਸਫ਼ਲਤਾ' ਬਣਿਆ ਹੋਇਆ ਹੈ। ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਇਸ ਮੋਰਚੇ ਨੂੰ ਰੁਪਏ ਪੈਸੇ ਦੀ ਵੀ ਭਰਵੀਂ ਸਹਾਇਤਾ ਭੇਜੀ ਤੇ ਸਥਾਨਕ ਸਿੱਖਾਂ ਨੇ ਵੀ ਧਰਮ-ਯੁਧ ਮੋਰਚੇ ਮਗਰੋਂ ਪਹਿਲੀ ਵਾਰ ਕਿਸੇ ਮੋਰਚੇ ਦੀ ਇਸ ਤਰ੍ਹਾਂ ਖੁਲ੍ਹ ਕੇ ਤੇ ਏਨੇ ਲੰਮੇ ਸਮੇਂ ਤਕ ਲਈ ਪਿਠ ਥਪਕੀ ਤੇ ਇਸ ਦੇ ਸਾਧਾਰਣ ਜਹੇ 'ਲੀਡਰਾਂ' (ਮੰਡ ਤੇ ਦਾਦੂਵਾਲ) ਦੀ ਹਰ ਗੱਲ ਮੰਨੀ ਤੇ ਇਕ ਪਲ ਲਈ ਵੀ ਸਾਥ ਨਾ ਛਡਿਆ। ਇਸ ਲਈ ਜਦ ਮੋਰਚੇ ਦੇ ਖ਼ਾਤਮੇ ਦਾ ਅਚਾਨਕ ਐਲਾਨ ਕਰ ਦਿਤਾ ਗਿਆ ਤਾਂ ਸਾਰਾ ਸਿੱਖ ਜਗਤ ਭੌਂਚੱਕਾ ਰਹਿ ਗਿਆ।

ਪੂਰਾ ਸੱਚ ਤਾਂ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਪਰ ਇਲਜ਼ਾਮ ਲਗਣੇ ਸ਼ੁਰੂ ਹੋ ਗਏ ਕਿ ਮੋਰਚੇ ਦੇ ਮੁਖੀ 'ਵਿਕ ਗਏ' ਤੇ ਬਿਨਾਂ ਕੁੱਝ ਪ੍ਰਾਪਤ ਕੀਤਿਆਂ ਹੀ ਝੱਟ ਉਠ ਗਏ। ਲੋਕਾਂ ਨੇ ਉਸ ਸਮੇਂ ਵੀ ਟੋਕਿਆ ਸੀ ਕਿ 'ਇਸ ਤਰ੍ਹਾਂ ਮੋਰਚਾ ਖ਼ਤਮ ਨਾ ਕਰੋ' ਪਰ ਮੁਖੀ ਕਾਹਲੇ ਪਏ ਹੋਏ ਸਨ, ਸੋ ਕਿਸੇ ਨਾਲ ਸਲਾਹ ਕੀਤੇ ਬਗ਼ੈਰ ਅਤੇ ਸੰਗਤ ਦੀ ਪ੍ਰਵਾਨਗੀ ਵੀ ਲਏ ਬਗ਼ੈਰ ਔਹ ਗਏ ਔਹ ਗਏ ਹੋ ਗਏ। ਸਿੱਖ ਹੈਰਾਨ ਹਨ, ਪ੍ਰੇਸ਼ਾਨ ਹਨ ਪਰ ਮੈਂ ਬਿਲਕੁਲ ਵੀ ਹੈਰਾਨ ਨਹੀਂ ਹੋਇਆ। ਇਹ ਜ਼ਮਾਨਾ 'ਜਥੇਦਾਰਾਂ' ਦਾ ਜਾਂ ਚੋਲਿਆਂ ਵਾਲਿਆਂ ਦਾ ਜ਼ਮਾਨਾ ਨਹੀਂ ਰਿਹਾ।

ਬਾਬੇ ਨਾਨਕ ਨੇ ਇਕ ਖ਼ਾਸ ਮਕਸਦ ਨੂੰ ਮੁੱਖ ਰਖ ਕੇ ਅਪਣਾ ਕੁੱਝ ਸਮੇਂ ਲਈ ਧਾਰਨ ਕੀਤਾ ਚੋਲਾ ਵੀ, ਘਰ ਪਰਤ ਕੇ ਸੱਭ ਤੋਂ ਪਹਿਲਾਂ ਲਾਹ ਸੁਟਿਆ ਸੀ। ਸਿੱਖਾਂ ਨੇ ਇਸ ਸੰਕੇਤ ਦੇ ਗੁੱਝੇ ਅਰਥ ਕਦੇ ਵੀ ਸਮਝਣ ਦੀ ਕਸ਼ਿਸ਼ ਨਹੀਂ ਕੀਤੀ, ਇਸੇ ਲਈ ਹਰ ਵਾਰ ਕਿਸੇ ਚੋਲਿਆਂ ਵਾਲੇ ਤੇ ਗੋਲ ਪੱਗ ਵਾਲੇ ਨੂੰ ਅੱਗੇ ਲੈ ਆਉਂਦੇ ਹਨ ਤੇ ਮੂੰਹ ਦੀ ਖਾ ਕੇ, ਅਖ਼ੀਰ ਉਸ ਨੂੰ ਗਾਲਾਂ ਕੱਢਣ ਲਗਦੇ ਹਨ। ਮੈਂ ਅਪਣੀ ਨਿਜੀ ਡਾਇਰੀ ਵਿਚ ਪਹਿਲਾਂ ਹੀ ਇਸ ਬਾਰੇ ਲਿਖ ਦਿਤਾ ਸੀ ਕਿ ਇਨ੍ਹਾਂ 'ਜਥੇਦਾਰਾਂ' ਤੋਂ ਕੋਈ ਆਸ ਨਾ ਰੱਖ ਬੈਠਿਉ।

ਐਤਵਾਰ 24 ਜੂਨ 2018 ਦੇ ਰੋਜ਼ਾਨਾ ਸਪੋਕਸਮੈਨ ਵਿਚ ਛਪੀ ਮੇਰੀ ਨਿਜੀ ਡਾਇਰੀ ਦਾ ਅਨੁਵਾਨ ਸੀ, ''ਸਿੱਖਾਂ ਨੂੰ ਵਧੀਆ ਲੀਡਰ ਚਾਹੀਦੇ ਹਨ ਜਾਂ 'ਜਥੇਦਾਰ' ਤੇ 'ਮਤਵਾਜ਼ੀ ਜਥੇਦਾਰ'?'' ਇਸ ਵਿਚ ਮੈਂ ਲਿਖਿਆ ਸੀ: ''ਜਥੇਦਾਰੀ ਜਾਂ ਪੁਜਾਰੀ ਕਲਚਰ ਹੀ ਇਹੋ ਜਿਹਾ ਹੈ ਕਿ ਇਹ ਲੋਕ ਭਾਵੇਂ ਸਿਆਸੀ ਲਿਫ਼ਾਫ਼ਿਆਂ ਵਿਚੋਂ ਨਿਕਲਣ ਤੇ ਭਾਵੇਂ ਰੋਸ-ਰੈਲੀਆਂ ਦੇ ਜੈਕਾਰਿਆਂ 'ਚੋਂ ਨਿਕਲਣ, ਇਹ ਅਪਣੇ ਆਪ ਨੂੰ ਜਨਤਾ ਦੇ ਸੇਵਕ ਨਹੀਂ ਸਮਝਦੇ (ਜੋ ਲੋਕ-ਰਾਜੀ ਯੁਗ ਦੀ ਪਹਿਲੀ ਸ਼ਰਤ ਹੈ) ਸਗੋਂ ਦੂਜਿਆਂ ਨੂੰ ਸਜ਼ਾ ਦੇਣ ਵਾਲੇ ਤੇ 'ਹੁਕਮਨਾਮੇ' ਜਾਰੀ ਕਰਨ ਵਾਲੇ ਲੋਕ ਹੁੰਦੇ ਹਨ

ਜੋ ਵਕਤ ਦੀ ਸਰਕਾਰ ਨਾਲ ਮਿਲ ਕੇ ਹੀ ਠੰਢੀਆਂ ਤੱਤੀਆਂ ਫੂਕਾਂ ਮਾਰਦੇ ਰਹਿੰਦੇ ਹਨ। ਕੀ ਕਿਸੇ ਇਕ ਵੀ 'ਜਥੇਦਾਰ' ਦਾ ਨਾਂ ਲੈ ਸਕਦੇ ਹੋ ਜਿਸ ਨੇ ਪਾਰਟੀ-ਯੁਗ ਸ਼ੁਰੂ ਹੋਣ ਮਗਰੋਂ (1920 ਮਗਰੋਂ) ਕਿਸੇ ਮਾੜੇ ਤੋਂ ਮਾੜੇ ਸਿੱਖ ਲੀਡਰ ਨਾਲੋਂ ਵੀ ਚੰਗਾ ਕਿਰਦਾਰ ਨਿਭਾਅ ਵਿਖਾਇਆ ਹੋਵੇ? ਰੱਬ ਖ਼ੈਰ ਕਰੇ ਤੇ ਸਿੱਖਾਂ ਨੂੰ ਸੁਮੱਤ ਬਖ਼ਸ਼ੇ!! ਜੇ ਕੌਮ 'ਮੁਤਵਾਜ਼ੀ ਪੰਥਕ ਲੀਡਰਾਂ' ਦੀ ਭਾਲ ਕਰ ਰਹੀ ਹੈ ਤਾਂ ਇਹ ਸਿਆਣਪ ਵਾਲੀ ਗੱਲ ਹੋਵੇਗੀ ਪਰ ਜੇ ਇਹ ਜਥੇਦਾਰਾਂ ਜਾਂ ਮੁਤਵਾਜ਼ੀ ਜਥੇਦਾਰਾਂ ਦੀ ਭਾਲ ਕਰ ਰਹੀ ਹੈ ਤਾਂ ਇਹ ਖੂਹ ਵਿਚ ਛਾਲ ਮਾਰਨ ਵਾਲੀ ਗੱਲ ਹੋਵੇਗੀ

ਕਿਉਂਕਿ ਇਹ ਕੌਮ ਦਾ ਭਲਾ ਕਰਨ ਦੀ ਸਮਰੱਥਾ ਹੀ ਨਹੀਂ ਰਖਦੇ¸ਭਾਵੇਂ ਕਿੰਨੇ ਵੀ ਗਰਮ ਬੋਲ ਕਿਉਂ ਨਾ ਬੋਲ ਰਹੇ ਹੋਣ।'' ਸੋ ਮੇਰੀ ਤਾਂ ਹਮੇਸ਼ਾ ਹੀ ਇਕੋ ਸਲਾਹ ਰਹੇਗੀ ਕਿ ਤੁਸੀ ਪਹਿਲੇ ਦੌਰ ਵਿਚ ਬੜੇ ਚੰਗੇ ਲੀਡਰ ਪੈਦਾ ਕੀਤੇ ਸਨ। ਉਹ ਨਹੀਂ ਰਹੇ ਤਾਂ ਉਨ੍ਹਾਂ ਵਰਗੇ ਨਵੇਂ ਲੀਡਰ ਲੱਭੋ ਪਰ ਤੁਸੀ ਜਦ ਚੰਗੇ ਲੀਡਰ ਲੱਭਣ ਦੀ ਬਜਾਏ ਅਗਵਾਈ ਲਈ 'ਜਥੇਦਾਰ' ਜਾਂ 'ਮਤਵਾਜ਼ੀ ਜਥੇਦਾਰ' ਲੱਭਣ ਲੱਗ ਜਾਂਦੇ ਹੋ ਤਾਂ ਅਪਣੇ ਪੈਰਾਂ ਤੇ ਕੁਹਾੜੀ ਹੀ ਮਾਰ ਰਹੇ ਹੁੰਦੇ ਹੋ। ਇਹ ਲੋਕ ਧੱਕਾ ਮਾਰ ਕੇ ਤੁਹਾਨੂੰ ਅੰਨ੍ਹੇ ਖੂਹ ਵਿਚ ਤਾਂ ਸੁਟ ਸਕਦੇ ਹਨ ਪਰ ਖੂਹ ਵਿਚ ਡਿੱਗਿਆਂ ਨੂੰ ਬਾਹਰ ਨਹੀਂ ਕੱਢ ਸਕਦੇ।