ਜਲਿਆਂਵਾਲਾ ਗੋਲੀ ਕਾਂਡ (1919) ਦੇ 'ਅੰਗਰੇਜ਼ ਜ਼ਾਲਮਾਂ' ਵਿਰੁਧ ਸਾਰਾ ਭਾਰਤ ਇਕੱਠਾ ਵੇਖ ਕੇ ਖ਼ੁਸ਼ੀ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਿਛਲੇ ਹਫ਼ਤੇ ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਸਾਰੇ ਪੰਜਾਬੀਆਂ ਤੇ ਦੇਸ਼ਵਾਸੀਆਂ ਨੇ 1919 ਵਿਚ ਹੋਏ ਨਿਰਦੋਸ਼ ਲੋਕਾਂ ਦੇ ਕਤਲੇਆਮ ਦੀ ਨਿੰਦਾ, ਇਕ ਆਵਾਜ਼ ਨਾਲ ਕੀਤੀ...

Operation Blue Star

ਪਿਛਲੇ ਹਫ਼ਤੇ ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਸਾਰੇ ਪੰਜਾਬੀਆਂ ਤੇ ਦੇਸ਼ਵਾਸੀਆਂ ਨੇ 1919 ਵਿਚ ਹੋਏ ਨਿਰਦੋਸ਼ ਲੋਕਾਂ ਦੇ ਕਤਲੇਆਮ ਦੀ ਨਿੰਦਾ, ਇਕ ਆਵਾਜ਼ ਨਾਲ ਕੀਤੀ ਤੇ ਅੰਗਰੇਜ਼ ਸਰਕਾਰ ਨੂੰ ਵੀ ਆਖਿਆ ਕਿ ਉਹ ਵੀ ਮਾਫ਼ੀ ਮੰਗ ਕੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਵੇ। ਬਹੁਤ ਚੰਗਾ, ਬਹੁਤ ਵਧੀਆ ਪਰ 50 ਗਜ਼ ਦੂਰ ਅਥਵਾ ਸਾਹਮਣੇ ਹੀ, 1984 ਦੇ ਗੋਲੀ ਕਾਂਡ ਦੀ ਨਹੀਂ, ਤੋਪਾਂ-ਟੈਂਕਾਂ ਤੇ ਗਰਨੇਡ ਕਾਂਡ ਦੇ ਨਿਰਦੋਸ਼ ਲੋਕਾਂ ਦੇ ਕਤਲੇਆਮ ਅਤੇ ਉਨ੍ਹਾਂ ਉਤੇ ਢਾਹੇ ਹਜ਼ਾਰ ਗੁਣਾਂ ਵੱਧ ਜ਼ੁਲਮ (ਉਹ ਵੀ ਇਕ ਗੁਰਦਵਾਰੇ ਵਿਚ) ਵਿਰੁਧ ਇਕ ਵਆਜ਼ ਹੋ ਕੇ ਕਿਉਂ ਨਹੀਂ ਬੋਲਦੇ ਤੇ ਫ਼ਿਰਕੂ ਨਜ਼ਰੀਏ ਤੋਂ ਕਿਉਂ ਸੋਚਦੇ ਹਨ? ਕੀ ਗੁਰਦਵਾਰੇ ਵਿਚ ਕੀਤਾ ਜ਼ੁਲਮ ਜਾਂ ਕੇਵਲ ਇਕ ਧਰਮ ਦੇ ਲੋਕਾਂ ਤੇ ਕੀਤਾ ਜ਼ੁਲਮ ਦੂਜੀ ਤਰ੍ਹਾਂ ਦੇ ਜ਼ੁਲਮ ਨਾਲੋਂ ਘੱਟ ਮਾੜਾ ਹੁੰਦਾ ਹੈ? ਮਤਭੇਦ ਤਾਂ ਹਰ ਵੱਡੀ ਘਟਨਾ ਜਾਂ ਦੁਰਘਟਨਾ ਵਿਚ ਕੁਰਦਤੀ ਹੁੰਦੇ ਹਨ ਪਰ ਜ਼ੁਲਮ, ਜਬਰ ਦਾ ਵਿਰੋਧ ਤਾਂ, ਬਾਕੀ ਮਤਭੇਦਾਂ ਨੂੰ ਇਕ ਪਾਸੇ ਰੱਖ ਕੇ, ਇਕ ਜ਼ੁਬਾਨ ਨਾਲ ਹੀ ਹੋਣਾ ਚਾਹੀਦਾ ਹੈ। ਅੰਮ੍ਰਿਤਸਰ ਦੇ ਦੋ ਕਤਲੇਆਮਾਂ (1919 ਤੇ 1984) ਦੇ ਪਿਛੋਕੜ ਤੇ ਕਾਰਨਾਂ ਨੂੰ ਇਕ ਪਾਸੇ ਰੱਖ ਕੇ ਜੇ 'ਜ਼ੁਲਮ ਤੇ ਤਾਕਤ ਦੀ ਨਾਜਾਇਜ਼ ਵਰਤੋਂ ਤਕ ਹੀ ਰਹੀਏ ਤਾਂ 1984 ਦਾ ਜ਼ੁਲਮ ਤਾਂ 1919 ਦੇ ਜ਼ੁਲਮ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਵੱਡਾ ਸੀ। ਨਿਰਪੱਖ ਹੋ ਕੇ, ਦੋਹਾਂ ਸਾਕਿਆਂ ਦੇ ਫ਼ਰਕ ਦਾ ਪਤਾ ਲਾਈਏ ਤਾਂ ਇਹ ਤਸਵੀਰ ਉਭਰ ਕੇ ਸਾਹਮਣੇ ਆਵੇਗੀ : 

ਦਫ਼ਾ 144 ਦੀ ਉਲੰਘਣਾ ਉਦੋਂ ਤੇ ਹੁਣ: 1919 ਦਾ ਸਾਕਾ, ਲੋਕਾਂ ਦੀ ਇਕੱਤਰਤਾ ਉਤੇ ਲੱਗੀ ਪਾਬੰਦੀ ਨੂੰ ਤੋੜ ਕੇ ਜਨ ਸਭਾ ਕਰਨ ਵਾਲਿਆਂ ਨੂੰ ਤਿੱਤਰ ਬਿੱਤਰ ਕਰਨ ਲਈ ਚਲਾਈ ਗੋਲੀ ਕਾਰਨ ਵਾਪਰਿਆ ਸਾਕਾ ਸੀ। ਹਿੰਦੁਸਤਾਨ ਵਿਚ ਦਫ਼ਾ 144 ਤੋੜਨ ਵਾਲੀਆਂ ਭੀੜਾਂ ਉਤੇ ਗੋਲੀ ਚਲਾਉਣ ਦੇ ਹੀ ਏਨੇ ਸਾਕੇ ਹੋ ਚੁਕੇ ਹਨ ਕਿ ਇਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੋ ਗਈ ਹੈ। ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਸੀ. ਰਾਜਗੋਪਾਲਚਾਰੀਆ ਨੇ ਪੰਜਾਬੀ ਸੂਬਾ ਅੰਦੋਲਨ ਦੌਰਾਨ ਅਕਾਲੀ ਸਤਿਆਗ੍ਰਹੀਆਂ ਉਤੇ ਇਸੇ ਤਰ੍ਹਾਂ ਚਲਾਈ ਗਈ ਗੋਲੀ ਬਾਰੇ ਇਕ ਬਿਆਨ ਵਿਚ ਕਿਹਾ ਸੀ, ''ਅੰਗਰੇਜ਼ਾਂ ਨੇ ਅਪਣੇ ਸਾਰੇ ਰਾਜ ਵਿਚ ਏਨੀਆਂ ਗੋਲੀਆਂ ਨਹੀਂ ਚਲਾਈਆਂ ਹੋਣੀਆਂ ਜਿੰਨੀਆਂ ਕਿ ਆਜ਼ਾਦ ਭਾਰਤ ਦੀ ਸਰਕਾਰ ਨੇ ਸਿੱਖਾਂ ਉਤੇ ਚਲਾ ਦਿਤੀਆਂ ਹਨ।'' ਰਾਜਗੋਪਾਲਚਾਰੀਆ ਨੇ ਸੁਤੰਤਰ ਪਾਰਟੀ ਦੇ ਪ੍ਰਧਾਨ ਵਜੋਂ ਇਹ ਗੱਲ ਆਖੀ ਸੀ।

ਜਲਿਆਂ ਵਾਲੇ ਬਾਗ਼ ਅੰਦਰ ਜ਼ੁਲਮ ਤੇ ਦਰਬਾਰ ਸਾਹਿਬ ਅੰਦਰ ਜ਼ੁਲਮ : ਦੂਜੇ ਪਾਸੇ ਦਰਬਾਰ ਸਾਹਿਬ ਵਿਚ ਹਜ਼ਾਰਾਂ ਸ਼ਰਧਾਲੂਆਂ ਉਤੇ ਉਸ ਸਮੇਂ ਫ਼ੌਜ ਟੁਟ ਕੇ ਪੈ ਗਈ ਜਦੋਂ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਸਨ ਅਤੇ ਉਨ੍ਹਾਂ ਦੇ ਗੁਰਦਵਾਰੇ ਵਿਚ ਇਕੱਤਰ ਹੋਣ ਉਤੇ ਕੋਈ ਪਾਬੰਦੀ ਵੀ ਨਹੀਂ ਸੀ ਲੱਗੀ ਹੋਈ। ਸੈਂਕੜੇ ਨਿੱਹਥੇ ਸ਼ਰਧਾਲੂਆਂ ਦੀਆਂ ਲਾਸ਼ਾਂ ਸਰੋਵਰ ਵਿਚ ਤੈਰ ਰਹੀਆਂ ਸਨ ਅਤੇ ਸੈਂਕੜੇ ਸ਼ਰਧਾਲੂਆਂ ਦੀਆਂ ਬਾਹਾਂ ਪਿੱਠ ਪਿੱਛੇ ਬੰਨ੍ਹ ਕੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ ਤੇ ਉਨ੍ਹਾਂ ਦੀਆਂ ਲਾਸ਼ਾਂ, ਕੂੜਾ ਗੱਡੀਆਂ ਵਿਚ ਢੋਹ ਕੇ ਅੱਗ ਦੇ ਹਵਾਲੇ ਕਰ ਦਿਤੀਆਂ ਗਈਆਂ ਸਨ। ਛੋਟੇ ਬੱਚਿਆਂ ਨੂੰ ਵੀ ਦਰਬਾਰ ਸਾਹਿਬ ਅੰਦਰ ਪਾਣੀ ਮੰਗਦਿਆਂ ਨੂੰ ਸੰਗੀਨਾਂ ਨਾਲ ਮਾਰ ਦਿਤਾ ਗਿਆ ਸੀ। ਜਲ੍ਹਿਆਂਵਾਲੇ ਬਾਗ਼ ਦਾ ਜ਼ੁਲਮ ਤਾਂ '84 ਦੇ ਜ਼ੁਲਮ ਦੇ ਮੁਕਾਬਲੇ ਕੁੱਝ ਵੀ ਨਹੀਂ ਸੀ। 

ਦੋਹਾਂ ਸਾਕਿਆਂ ਮਗਰੋਂ ਜ਼ੁਲਮ: ਜਲਿਆਂਵਾਲੇ ਬਾਗ਼ ਦੇ ਸਾਕੇ ਮਗਰੋਂ, ਇਸ ਦਾ ਵਿਰੋਧ ਸਾਰੇ ਭਾਰਤ ਵਿਚ ਸ਼ੁਰੂ ਹੋ ਗਿਆ ਪਰ ਵਿਰੋਧ ਕਰਨ ਵਾਲਿਆਂ ਨੂੰ ਕੁੱਝ ਨਾ ਕਿਹਾ ਗਿਆ ਜਦਕਿ ਸਾਕਾ 'ਨੀਲਾ ਤਾਰਾ' ਵਿਰੁਧ ਆਵਾਜ਼ ਉੱਚੀ ਕਰਨ ਵਾਲਿਆਂ ਨੂੰ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਮਾਰਿਆ ਵੀ ਗਿਆ ਅਤੇ 'ਹਮਾਇਤੀ' ਹੋਣ ਦਾ ਦੋਸ਼ ਲਾ ਕੇ ਥਾਣਿਆਂ ਵਿਚ ਵੀ ਭਾਰੀ ਤਸੀਹੇ ਦਿਤੇ ਗਏ। ਭਰਾਵਾਂ ਨੂੰ ਨੰਗੇ ਕਰ ਕੇ ਤੇ ਫਿਰ ਉਨ੍ਹਾਂ ਸਾਹਮਣੇ ਭੈਣਾਂ ਨੂੰ ਨੰਗਿਆ ਕਰ ਕੇ ਮਨ-ਮਰਜ਼ੀ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ ਜੀਪਾਂ ਪਿਛੇ ਬੰਨ੍ਹ ਕੇ ਰੜੇ ਮੈਦਾਨ ਵਿਚ ਘਸੀਟਿਆ ਗਿਆ ਤਾਕਿ ਉਹ ਮਾਫ਼ੀ ਮੰਗ ਲੈਣ। ਉਨ੍ਹਾਂ ਵਿਚੋਂ ਕਈ ਤਾਂ ਅਜੇ ਵੀ ਜੇਲਾਂ ਵਿਚ ਰੁਲ ਰਹੇ ਹਨ, ਕਈ ਫਾਂਸੀਆਂ 'ਤੇ ਚੜ੍ਹ ਗਏ ਤੇ ਕਈਆਂ ਦੇ ਖ਼ਾਨਦਾਨ ਹੀ ਖ਼ਤਮ ਕਰ ਦਿਤੇ ਗਏ। ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਮਗਰੋਂ ਤਾਂ ਅਜਿਹਾ ਕੁੱਝ ਨਹੀਂ ਸੀ ਹੋਇਆ।

ਅਫ਼ਸਰਾਂ, ਲੇਖਕਾਂ, ਵਿਦਵਾਨਾਂ ਤੇ ਲੀਡਰਾਂ ਦਾ ਜ਼ੋਰਦਾਰ ਰੋਸ : '84 ਦੇ ਸਾਕੇ ਮਗਰੋਂ ਲੇਖਕਾਂ, ਵਿਦਵਾਨਾਂ ਨੇ ਪਦਮਸ਼੍ਰੀ ਵਾਪਸ ਕੀਤੇ, ਸਰਕਾਰੀ ਪਦਵੀਆਂ ਤੋਂ ਅਸਤੀਫ਼ੇ ਦੇ ਦਿਤੇ ਅਤੇ ਇਸ ਤਰ੍ਹਾਂ ਦਸ ਦਿਤਾ ਕਿ ਇਸ ਸਾਕੇ ਨੇ ਘੱਟੋ ਘੱਟ ਇਕ ਪੂਰੀ ਕੌਮ ਦੇ ਹਿਰਦੇ ਤਾਂ ਛਲਣੀ ਛਲਣੀ ਕਰ ਹੀ ਦਿਤੇ ਹਨ। ਪਰ ਸਰਕਾਰ ਨੇ ਸਿੱਖਾਂ ਦੇ ਜਜ਼ਬਾਤ ਨੂੰ ਸ਼ਾਂਤ ਕਰਨ ਲਈ ਕੁੱਝ ਨਾ ਕੀਤਾ ਬਲਕਿ ਫ਼ੌਜ ਰਾਹੀਂ 'ਅਣਪਛਾਤੀਆਂ ਲਾਸ਼ਾਂ' ਦੇ ਢੇਰ ਲਾ ਦਿਤੇ ਤੇ ਚੋਰੀ ਛੁਪੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਵੀ ਕਰ ਦਿਤਾ। ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਮਗਰੋਂ ਤਾਂ ਅਜਿਹਾ ਕੁੱਝ ਨਹੀਂ ਸੀ ਹੋਇਆ।

ਫ਼ੌਜੀਆਂ ਨੇ ਬੈਰਕਾਂ ਛੱਡ ਕੇ ਰੋਸ ਪ੍ਰਗਟ ਕੀਤਾ : '84 ਦੇ ਸਾਕੇ ਮਗਰੋਂ ਸਿੱਖ ਫ਼ੌਜੀਆਂ ਨੇ ਵੀ ਬੈਰਕਾਂ ਛੱਡ ਕੇ ਅੰਮ੍ਰਿਤਸਰ ਵਲ ਕੂਚ ਕੀਤਾ ਤੇ ਉਨ੍ਹਾਂ 'ਧਰਮੀ ਫ਼ੌਜੀਆਂ' ਨੂੰ ਵੀ ਕੋਰਟ ਮਾਰਸ਼ਲ ਕਰ ਕੇ ਅਕਹਿ ਤਸੀਹੇ ਦਿਤੇ ਗਏ ਤੇ ਕਈਆਂ ਨੂੰ ਰਸਤੇ ਵਿਚ ਹੀ ਮਾਰ ਦਿਤਾ ਗਿਆ। ਜਲਿਆਂਵਾਲੇ ਬਾਗ਼ ਦੇ ਸਾਕੇ ਮਗਰੋਂ ਤਾਂ ਅਜਿਹਾ ਕੁੱਝ ਨਹੀਂ ਸੀ ਹੋਇਆ।

ਅੰਗਰੇਜ਼ਾਂ ਅਤੇ  ਅਪਣੇ ਪੱਤਰਕਾਰਾਂ, ਲੋਕਾਂ ਦਾ ਪ੍ਰਤੀਕਰਮ : ਜਲਿਆਂਵਾਲੇ ਬਾਗ਼ ਦੇ ਸਾਕੇ ਮਗਰੋਂ ਮਾਮਲੇ ਦੀ ਘੋਖ ਪੜਤਾਲ ਦੀ ਮੰਗ ਹੋਈ। ਬਰਤਾਨੀਆ ਵਿਚ ਪਹਿਲਾਂ ਪਹਿਲ ਤਾਂ ਡਾਇਰ ਦੀ ਪਿੱਠ ਹੀ ਥਾਪੜੀ ਗਈ ਪਰ ਜਦ ਲੰਦਨ ਦੇ ਅੰਗਰੇਜ਼ੀ ਅਖ਼ਬਾਰ 'ਡੇਲੀ ਹੈਰਾਲਡ' ਨੇ ਬੰਬਈ ਤੋਂ ਕੰਮ ਕਰਦੇ ਅੰਗਰੇਜ਼ ਪੱਤਰਕਾਰ ਬੈਂਜਾਮਨ ਗੂਈ ਹਾਰਨੀਮੈਨ ਦੀਆਂ ਰੀਪੋਰਟਾਂ ਛਾਪ ਕੇ ਅੰਗਰੇਜ਼ੀ ਕੌਮ ਨੂੰ ਦਸਿਆ ਕਿ ਅੰਮ੍ਰਿਤਸਰ ਵਿਚ ਕਿਸ ਤਰ੍ਹਾਂ ਲੋਕਾਂ ਦੇ ਬੁਨਿਆਦੀ ਹੱਕਾਂ ਉਤੇ ਛਾਪਾ ਮਾਰ ਕੇ, ਨਿਹੱਥੇ ਭੱਜੇ ਜਾਂਦੇ ਸ਼ਹਿਰੀਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ ਤਾਂ ਅੰਗਰੇਜ਼ੀ ਕੌਮ ਅੰਦਰ ਉਬਾਲ ਆ ਗਿਆ, ਬਰਤਾਨਵੀ ਪਾਰਲੀਮੈਂਟ ਵਿਚ ਮਾਮਲਾ ਉਠਿਆ, ਪੜਤਾਲ ਕੀਤੀ ਗਈ ਤੇ ਡਾਇਰ ਨੂੰ ਦੋਸ਼ੀ ਮੰਨਿਆ ਗਿਆ। ਹਾਰਨੀਮੈਨ ਅੰਗਰੇਜ਼ੀ ਕੌਮ ਨੂੰ ਸੱਚ ਨਾ ਦਸਦਾ ਤਾਂ ਅੰਗਰੇਜ਼ਾਂ ਨੂੰ ਭਾਰਤੀ ਅਖ਼ਬਾਰਾਂ ਤੇ ਲੀਡਰਾਂ ਦੇ ਬਿਆਨਾਂ ਤੋਂ ਕੁੱਝ ਨਹੀਂ ਸੀ ਪਤਾ ਲਗਣਾ। ਇਸੇ ਲਈ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ 'ਹਾਰਨੀਮੈਨ ਨੇ ਸਾਨੂੰ 'ਆਜ਼ਾਦੀ' ਦਿਤੀ। ਬੰਬਈ ਵਿਚ ਹਾਰਨੀਮੈਨ ਦੀ ਯਾਦ ਵਿਚ ਹਾਰਨੀਮੈਨ ਸਰਕਲ ਗਾਰਡਨ ਵੀ ਫ਼ੋਰਟ ਇਲਾਕੇ ਵਿਚ ਬਣਾਇਆ ਗਿਆ। ਇਧਰ '84 ਦੇ ਸਾਕੇ ਬਾਰੇ ਕਿਸੇ ਨੇ ਪੜਤਾਲ ਤਾਂ ਕੀ ਕਰਨੀ ਸੀ, ਜਸਟਿਸ ਕੁਲਦੀਪ ਸਿੰਘ ਦੇ ਯਤਨਾਂ ਨਾਲ ਜਦ ਰੀਟਾਇਰਡ ਜੱਜਾਂ ਦੇ ਇਕ ਕਮਿਸ਼ਨ ਨੇ ਪੜਤਾਲ ਆਰੰਭੀ ਵੀ ਤਾਂ ਦੂਜੇ ਹੀ ਦਿਨ, ਬਾਦਲ ਦੀ ਅਕਾਲੀ ਸਰਕਾਰ ਕੋਲੋਂ ਹਾਈ ਕੋਰਟ ਵਿਚ ਅਰਜ਼ੀ ਪਵਾ ਕੇ ਉਸ ਉਤੇ ਪਾਬੰਦੀ ਲਵਾ ਦਿਤੀ ਗਈ।

ਹਮਲਾਵਰਾਂ ਤੇ ਜ਼ੁਲਮ ਕਰਨ ਵਾਲਿਆਂ ਨੇ ਦਿਲ ਵੀ ਦੁਖਾਏ : ਜਲਿਆਂਵਾਲੇ ਬਾਗ਼ ਦੇ ਸਾਕੇ ਵਿਚ ਕਿਸੇ ਅੰਗਰੇਜ਼ ਨੇ ਵੀ ਭਾਰਤੀਆਂ ਦੇ ਦਿਲ ਦੁਖਾਉਣ ਵਾਲੀ ਕੋਈ ਗੱਲ ਨਹੀਂ ਸੀ ਕੀਤੀ ਪਰ ਸਾਕਾ ਨੀਲਾ ਤਾਰਾ ਵਿਚ ਤਾਂ ਫ਼ੌਜੀ, ਬੂਟਾਂ ਸਣੇ ਦਰਬਾਰ ਸਾਹਿਬ ਵਿਚ ਘੁੰਮਦੇ ਰਹੇ, ਸਿਗਰਟ ਪੀਂਦੇ ਰਹੇ ਤੇ ਪ੍ਰਕਰਮਾ ਵਿਚ ਖੜੇ ਹੋ ਕੇ ਰਾਵਣ ਵਾਲੇ ਅੰਦਾਜ਼ ਵਿਚ ਕਹਿੰਦੇ ਰਹੇ, ''ਅਬ 'ਰਾਜ ਕਰੇਗਾ ਖ਼ਾਲਸਾ' ਨਹੀਂ, ਸਿੱਖ 'ਯਾਦ ਕਰੇਂਗੇ ਖ਼ਾਲਸਾ' ਬੋਲਾ ਕਰੇਂਗੇ।'' ਹਿੰਦੂ ਆਗੂਆਂ ਵਲੋਂ ਪਹਿਲਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਲੱਗੀ ਗੁਰੂ ਰਾਮਦਾਸ ਦੀ ਤਸਵੀਰ ਲਾਹ ਕੇ ਤੋੜੀ ਗਈ ਤੇ ਪੈਰਾਂ ਵਿਚ ਰੋਲੀ ਗਈ ਤੇ ਇਕ ਚੰਗਾ ਜਾਣਿਆ ਜਾਂਦਾ ਹਿੰਦੂ ਕੱਟੜਵਾਦੀ, ਫ਼ੌਜੀਆਂ ਦੀ ਆਗਿਆ ਨਾਲ, ਸਰੋਵਰ ਦੇ ਕੰਢੇ ਖੜਾ ਹੋ ਕੇ, ਉਹਨੀਂ ਦਿਨੀਂ ਸਰੋਵਰ ਵਿਚ ਪਿਸ਼ਾਬ ਕਰਦਾ ਰਿਹਾ। ਇਸ ਤੋਂ ਪਹਿਲਾਂ ਡਾਂਗਾਂ ਨਾਲ ਸਿਗਰਟਾਂ ਦੇ ਗੁੱਛੇ ਬੰਨ੍ਹ ਕੇ ਜਲੂਸ ਕਢਿਆ ਗਿਆ ਤੇ ਨਾਹਰੇ ਮਾਰੇ ਗਏ ਕਿ ਅੰਮ੍ਰਿਤਸਰ ਵਿਚ ਜਨਤਕ ਤੌਰ ਉਤੇ ਤਮਾਕੂ ਪੀਣ ਉਤੇ ਪਾਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਚਾਰ ਗੋਲੀਆਂ ਬਨਾਮ ਲੱਖਾਂ ਗੋਲੀਆਂ : ਜਲਿਆਂਵਾਲੇ ਬਾਗ਼ ਵਿਚ ਚਾਰ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਹੋਏ ਹਨ ਜਦਕਿ ਦਰਬਾਰ ਸਾਹਿਬ ਦਾ ਚੱਪਾ ਚੱਪਾ ਗੋਲੀਆਂ ਤੇ ਗੋਲਿਆਂ ਦੇ ਕਹਿਰ ਦੀ ਕਹਾਣੀ ਸੁਣਾ ਰਿਹਾ ਸੀ ਤੇ ਅਕਾਲ ਤਖ਼ਤ ਤਾਂ ਢਹਿ ਢੇਰੀ ਹੀ ਕਰ ਦਿਤਾ ਗਿਆ ਸੀ।

ਸੰਖੇਪ ਵਿਚ ਗੱਲ ਕਰੀਏ ਤਾਂ ਦੋਵੇਂ ਸਾਕੇ ਨਿੰਦਣਯੋਗ, ਅਤਿ ਬੁਰੇ, ਘਿਨਾਉਣੇ ਅਤੇ ਸ਼ੈਤਾਨੀ ਸਨ ਪਰ ਜੇ ਦੁਹਾਂ ਦਾ ਮੁਕਾਬਲਾ ਕਰਨਾ ਜ਼ਰੂਰੀ ਹੋਵੇ ਤਾਂ ਜਲਿਆਂਵਾਲਾ ਬਾਗ਼ ਦਾ ਸਾਕਾ, ਨੀਲਾ ਤਾਰਾ ਸਾਕੇ ਦੇ ਸੇਰ ਵਿਚੋਂ ਛਟਾਂਕ ਜਿੰਨਾ ਵੀ ਨਹੀਂ ਬਣਦਾ। ਪੰਜਾਬ ਦੇ ਨੌਜੁਆਨਾਂ ਨੇ ਦੁਹਾਂ ਦਾ ਬਦਲਾ ਇਕੋ ਤਰ੍ਹਾਂ ਨਾਲ ਲਿਆ ਪਰ ਵਿਦੇਸ਼ੀ ਸਰਕਾਰ ਦਾ  ਰਵਈਆ, ਜਵਾਬੀ ਤੌਰ ਤੇ, ਅਪਣੀ ਸਰਕਾਰ ਨਾਲੋਂ ਕਿਤੇ ਜ਼ਿਆਦਾ ਚੰਗਾ ਤੇ ਸਾਊਆਂ ਵਾਲਾ ਨਿਕਲਿਆ। ਉਨ੍ਹਾਂ ਉਦੋਂ ਵੀ ਅਫ਼ਸੋਸ ਪ੍ਰਗਟ ਕਰ ਦਿਤਾ ਤੇ ਹੁਣ ਪਿੱਛੇ ਜਹੇ ਬਰਤਾਨਵੀ  ਪ੍ਰਧਾਨ ਮੰਤਰੀ ਤੇ ਮਹਾਰਾਣੀ ਵੀ ਜਲਿਆਂਬਾਗ਼ ਵਿਚ ਫੁੱਲ ਭੇਟ ਕਰ ਕੇ ਤੇ ਸਿਰ ਝੁਕਾ ਕੇ ਗਏ ਤੇ ਹੁਣੇ ਬਰਤਾਨਵੀ ਪ੍ਰਧਾਨ ਮੰਤਰੀ ਮੇਅ ਨੇ ਵੀ ਫਿਰ ਆਖਿਆ ਹੈ ਕਿ ਜਲਿਆਂਵਾਲੇ ਬਾਗ਼ ਦਾ ਸਾਕਾ ਇੰਗਲੈਂਡ ਦੇ ਇਤਿਹਾਸ ਉਤੇ ਇਕ ਕਾਲਾ ਸਿਆਹ ਧੱਬਾ ਹੈ। ਏਧਰ ਸਾਡੇ ਹਾਕਮ ਤਾਂ ਗ਼ਲਤੀ ਵੀ ਨਹੀਂ ਮੰਨਦੇ, ਪਾਰਲੀਮੈਂਟ ਵਿਚ ਮਤਾ ਤਕ ਨਹੀਂ ਪਾਸ ਕਰਦੇ ਤੇ ਜ਼ਿਆਦਾ ਜ਼ੋਰ ਦਿਤਾ ਜਾਏ ਤਾਂ ਕਹਿ ਦੇਂਦੇ ਹਨ, ''ਡਾ. ਮਨਮੋਹਨ ਸਿੰਘ ਨੇ 'ਸੌਰੀ' ਕਹਿ ਤਾਂ ਦਿਤਾ ਸੀ।''

ਸਿੱਖਾਂ ਦੇ ਲੀਡਰਾਂ ਦਾ ਹਾਲ ਵੀ ਘੱਟ ਮਾੜਾ ਨਹੀਂ। ਕੁਰਸੀ ਲੈਣ ਦੀ ਕਾਹਲ ਵਿਚ, ਸਾਡੇ ਲੀਡਰਾਂ ਨੇ ਆਪ ਫ਼ੌਜੀ ਤਬਾਹੀ ਦੀਆਂ ਨਿਸ਼ਾਨੀਆਂ ਮਿਟਾਈਆਂ ਤੇ ਅਕਾਲ ਤਖ਼ਤ ਦੀ ਇਮਾਰਤ ਕਾਰ-ਸੇਵਾ ਵਾਲਿਆਂ ਕੋਲੋਂ ਨਵੀਂ ਬਣਵਾ ਲਈ। ਦੁਨੀਆਂ ਭਰ ਵਿਚ ਅਜਿਹੇ ਘਲੂਘਾਰਿਆਂ ਦੀਆਂ ਸ਼ਾਨਦਾਰ ਯਾਦਗਾਰਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਅੰਦਰ ਜਾ ਕੇ ਦੁਨੀਆਂ ਨੂੰ ਜ਼ੁਲਮ ਦਾ ਸਾਰਾ ਵੇਰਵਾ ਪਤਾ ਲੱਗ ਜਾਂਦਾ ਹੈ। ਸਾਡੇ ਲੀਡਰਾਂ ਕੋਲ ਝੱਟ ਇਕੋ ਹੀ ਇਲਾਜ ਹੁੰਦਾ ਹੈ ਕਿ ਅਸਲ ਨਿਸ਼ਾਨੀਆਂ ਰਹਿਣ ਨਾ  ਦਿਉ ਤੇ ਗੋਲਕ ਭਰਨ ਲਈ ਇਕ ਹੋਰ ਗੁਰਦਵਾਰਾ ਜਾਂ ਗੁਰਦਵਾਰੇ ਅੰਦਰ ਗੁਰਦਵਾਰਾ ਬਣਾ ਦਿਉ (ਕਾਰ ਸੇਵਾ ਦੇ ਵਪਾਰ ਰਾਹੀਂ) ਤੇ ਮਾਮਲਾ ਖ਼ਤਮ। ਨਾ ਦੁਨੀਆਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਕੁੱਝ ਬੁਰਾ ਵੀ ਹੋਇਆ ਸੀ ਤੇ ਨਾ ਪੈਸੇ ਨਾਲ ਗੋਲਕਾਂ ਤੇ ਗੋਗੜਾਂ ਭਰਨ ਦਾ ਕੰਮ ਇਕ ਦਿਨ ਲਈ ਵੀ ਮੱਠਾ ਪਵੇ।

ਪਰ ਜੋ ਵੀ ਹੈ, ਅੰਮ੍ਰਿਤਸਰ ਵਿਚ ਸਾਕਾ ਨੀਲਾ ਤਾਰਾ ਦੀ ਵਹਿਸ਼ੀਆਨਾ ਕਾਰਵਾਈ ਵਲੋਂ ਅੱਖਾਂ ਫੇਰ ਕੇ, ਕਿਸੇ ਹੋਰ ਘਟਨਾ ਜਾਂ ਮੰਦ-ਘਟਨਾ ਨੂੰ ਲੈ ਕੇ ਅਪਣੇ ਆਪ ਨੂੰ 'ਜਬਰ-ਵਿਰੋਧੀ' ਸਾਬਤ ਕਰਨਾ, ਮੇਰੇ ਮਨ ਨੂੰ ਤਾਂ ਰਾਸ ਨਹੀਂ ਆਉਂਦਾ। ਮੈਂ ਤਾਂ ਕਹਾਂਗਾ, ਅੰਮ੍ਰਿਤਸਰ ਵਿਚ ਵਾਪਰੇ ਕਿਸੇ ਹੋਰ ਸਾਕੇ ਬਾਰੇ ਤੁਹਾਡੀ 'ਚਿੰਤਾ' ਦੀ ਗੱਲ ਮਗਰੋਂ ਕਰ ਲਵਾਂਗੇ, 35 ਸਾਲ ਪਹਿਲਾਂ ਵਾਪਰੇ ਭਿਆਨਕ ਸਾਕੇ ਵਿਚ ਲਿਬੜੇ ਅਪਣੇ ਹੱਥ ਤਾਂ ਧੋ ਲਉ। 9 ਸੌ ਚੂਹੇ ਖਾ ਕੇ ਹੱਜ ਜਾਣ ਵਾਲੀਆਂ 'ਸਿਆਸੀ ਬਿੱਲੀਆਂ' ਮੈਨੂੰ ਤਾਂ ਪ੍ਰਭਾਵਤ ਨਹੀਂ ਕਰ ਸਕਦੀਆਂ।  - ਜੋਗਿੰਦਰ ਸਿੰਘ