ਬਾਦਲ-ਜੱਫੇ ਤੋਂ ਮੁਕਤੀ ਪ੍ਰਾਪਤ ਕੀਤੇ ਬਿਨਾਂ ਅਕਾਲੀ ਦਲ ਪੰਥਕ ਪਾਰਟੀ ਬਣ ਨਹੀਂ ਸਕਦਾ.....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਤੇ ਪੰਥਕ ਪਾਰਟੀ ਬਣੇ ਬਿਨਾਂ ਇਹ ਪੰਜਾਬ ਤੇ ਸਿੱਖਾਂ ਦਾ ਸਵਾਰ ਕੁੱਝ ਨਹੀਂ ਸਕਦਾ

File Photo

ਸਾਰੀਆਂ ਹੀ ਪਾਰਟੀਆਂ ਕੁੱਝ ਉੱਚੇ ਆਦਰਸ਼ਾਂ ਤੇ ਉਦੇਸ਼ਾਂ ਨੂੰ ਲੈ ਕੇ ਤੇ ਕੁੱਝ ਵੱਡੇ ਕੌਮੀ ਪ੍ਰੋਗਰਾਮ ਸਾਹਮਣੇ ਰੱਖ ਕੇ ਜਨਮ ਲੈਂਦੀਆਂ ਹਨ ਤੇ ਕੁੱਝ ਸਮਾਂ ਬੜੇ ਵਧੀਆ ਕੰਮ ਕਰਦੀਆਂ ਹਨ। ਮੈਂ ਬਚਪਨ ਤੋਂ ਹੀ ਕਾਂਗਰਸ, ਅਕਾਲੀ ਦਲ, ਜਨਸੰਘ, ਕਮਿਊਨਿਸਟਾਂ, ਸੋਸ਼ਲਿਸਟਾਂ, ਜਨਤਾ ਪਾਰਟੀ, ਭਾਜਪਾ ਤੇ ‘ਆਪ’ ਪਾਰਟੀਆਂ ਨੂੰ ਬਹੁਤ ਚੰਗੇ ਕੰਮ ਕਰਦਿਆਂ ਤੇ ਚੰਨ ਤਾਰਿਆਂ ਨੂੰ ਹੱਥ ਪਾਉਂਦੇ ਵੇਖਿਆ ਹੈ।

ਇਨ੍ਹਾਂ ਸਾਰੀਆਂ ਪਾਰਟੀਆਂ ਦੇ ਪਹਿਲੇ ਸਾਲਾਂ ਵਿਚ ਇਹੀ ਲਗਦਾ ਸੀ ਕਿ ਹੁਣ ਭਵਿੱਖ ਇਸੇ ਪਾਰਟੀ ਦੇ ਹੱਥ ਹੀ ਰਹੇਗਾ ਤੇ ਹੋਰ ਕੋਈ ਇਸ ਦੀ ਥਾਂ ਨਹੀਂ ਲੈ ਸਕੇਗਾ ਪਰ ਸੱਤਾ ਚੀਜ਼ ਹੀ ਐਸੀ ਹੈ ਜੋ ਚੰਗੇ ਭਲੇ ਬੰਦੇ ਨੂੰ ਵੀ ਬੇਈਮਾਨ ਬਣਾ ਦੇਂਦੀ ਹੈ ਤੇ ਜ਼ਿਆਦਾ ਤਗੜੀ ਸੱਤਾ, ਜ਼ਿਆਦਾ ਵੱਡੇ ਤੇ ਤਗੜੇ ਬੇਈਮਾਨ ਹੀ ਪੈਦਾ ਕਰਦੀ ਹੈ।
ਸੋ ਕੀ ਪਾਰਟੀਆਂ ਨੂੰ ਸੱਤਾ ਦੇ ਉਰਲੇ ਪਾਸੇ ਹੀ ਰੁਕ ਜਾਣਾ ਚਾਹੀਦਾ ਹੈ?

ਸਿਆਸਤਦਾਨ ਦਾ ਜਵਾਬ ਹੋਵੇਗਾ ਕਿ ਸੱਤਾ ਤੋਂ ਬਿਨਾ ਸਮਾਜ ਵਿਚ ਤਬਦੀਲੀ ਤੇ ਖ਼ੁਸ਼ਹਾਲੀ ਲਿਆ ਕੌਣ ਸਕਦਾ ਹੈ? ਸੱਤਾ ਦੀ ਕਲਮ ਚਲਾ ਕੇ ਹੀ ਤਰੱਕੀ ਦੇ ਪਹੀਏ ਨੂੰ ਗੇੜਿਆ ਜਾ ਸਕਦਾ ਹੈ ਤੇ ਉਸ ਗੇੜੇ ਵਿਚੋਂ ਹੀ ਖ਼ੁਸ਼ਹਾਲੀ ਪ੍ਰਾਪਤ ਹੋ ਸਕਦੀ ਹੈ। ਇਹ ਦਲੀਲ ਵੀ ਗ਼ਲਤ ਨਹੀਂ ਆਖੀ ਜਾ ਸਕਦੀ ਕਿ ਪੈਸਾ ਅਤੇ ਹੋਰ ਵਸੀਲੇ ਸੱਤਾ ਵਾਲਿਆਂ ਕੋਲ ਹੀ ਹੁੰਦੇ ਹਨ ਤੇ ਸਿਆਸੀ ਪਾਰਟੀਆਂ ਠੀਕ ਕਹਿੰਦੀਆਂ ਹਨ ਕਿ ਸੱਤਾ ਤੋਂ ਬਿਨਾਂ ਹਕੂਮਤੀ ਸਾਧਨਾਂ ਤੇ ਵਸੀਲਿਆਂ ਨੂੰ ਦੇਸ਼ ਦੀ ਹਾਲਤ ਬਦਲਣ ਲਈ ਨਹੀਂ ਵਰਤਿਆ ਜਾ ਸਕਦਾ।

ਪਰ ਇਹ ਵੀ ਸੱਚ ਹੈ ਕਿ ਥੋੜੀ ਦੇਰ ਬਾਅਦ ਸੱਤਾ ਦੇ ਘੋੜੇ ਤੇ ਸਵਾਰ ਸਿਆਸਤਦਾਨ ਭ੍ਰਿਸ਼ਟਾਚਾਰੀ ਬਣ ਜਾਂਦੇ ਹਨ ਤੇ ਸੱਤਾ ਵਲੋਂ ਮਿਲੇ ਸਾਧਨ, ਦੇਸ਼ ਅਤੇ ਗ਼ਰੀਬ ਦੀ ਗ਼ਰੀਬੀ ਦੂਰ ਕਰਨ ਦੀ ਬਜਾਏ, ਅਪਣੀ ਅਮੀਰੀ ਦੇ ਮਹਿਲ ਉਸਾਰਨ ਤੇ ਦੌਲਤ ਦੇ ਪਹਾੜ ਖੜੇ ਕਰਨ ਲਈ ਵਰਤੇ ਜਾਣੇ ਸ਼ੁਰੂ ਕਰ ਦਿਤੇ ਜਾਂਦੇ ਹਨ ਜਿਸ ਮਗਰੋਂ ਕਲ ਦੇ ਲੋਕ-ਪ੍ਰਿਅ ਨੇਤਾ, ਅਪਣੇ ਹੀ ਲੋਕਾਂ ਨਾਲੋਂ ਕੱਟੇ ਜਾਂਦੇ ਹਨ।

ਹੋਰ ਕਈ ਪਾਰਟੀਆਂ ਦੇ ਨਾਲ-ਨਾਲ ਅਕਾਲੀ ਦਲ ਨਾਲ ਵੀ ਇਹੀ ਭਾਣਾ ਵਰਤਿਆ ਕਿਉਂਕਿ 1966 ਤੋਂ ਪਹਿਲਾਂ ਅਕਾਲੀ ਪਾਰਟੀ ਸਦਾ ‘ਵਿਰੋਧੀ ਪਾਰਟੀ’ ਹੋਇਆ ਕਰਦੀ ਸੀ ਤੇ ਇਸ ਦੇ ਲੀਡਰ ਅਤਿ ਦੇ ਸ਼ਰੀਫ਼, ਗ਼ਰੀਬ, ਟੁੱਟੀਆਂ ਚਪਲਾਂ ਘਸੀਟ ਕੇ ਚਲਣ ਵਾਲੇ ਸੇਵਾਦਾਰ ਤੇ ਹਰ ਗ਼ਰੀਬ ਸਿੱਖ ਦੀ ਪੁਕਾਰ ਸੁਣ ਕੇ ਉਸ ਕੋਲ ਪਹੁੰਚਣ ਵਾਲੇ ਹੁੰਦੇ ਸਨ। 1966 ਮਗਰੋਂ ਪਹਿਲੀ ਵਾਰ ਅਕਾਲੀ ਦਲ ਇਕ ਸੱਤਾਧਾਰੀ ਪਾਰਟੀ ਬਣਿਆ।

ਮੈਂ ਇਸ ਨੂੰ ਉਚਾਈਆਂ ਤੋਂ ਨਿਵਾਣਾਂ ਵਲ ਜਾਂਦਿਆਂ ਨੇੜਿਉਂ ਹੋ ਕੇ ਵੇਖਿਆ। ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਚੰਗੀ ਨੇੜਤਾ ਬਣ ਗਈ ਪਰ ਮੈਨੂੰ  ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਹੁਣ ‘ਅਕਾਲੀ ਲੀਡਰ’ ਨਹੀਂ ਸਨ ਬਣੇ ਰਹਿਣਾ ਚਾਹੁੰਦੇ ਸਗੋਂ ਸਦਾ ਲਈ ਮੁੱਖ ਮੰਤਰੀ ਬਣੇ ਰਹਿਣਾ ਹੀ ਉਨ੍ਹਾਂ ਨੇ ਅਪਣੇ ਜੀਵਨ ਦਾ ਇਕੋ ਇਕ ਮਕਸਦ ਬਣਾ ਲਿਆ ਸੀ ਤੇ ਅਕਾਲੀ ਦਲ ਨੂੰ ਉਹ ਇਸ ਸੁਪਨੇ (ਸਦਾ ਲਈ ਮੁੱਖ ਮੰਤਰੀ ਬਣੇ ਰਹਿਣ ਦੇ ਸੁਪਨੇ) ਨੂੰ ਸਾਕਾਰ ਕਰਨ ਵਿਚ ਸਹਾਈ ਹੋਣ ਵਾਲੀ ਬੱਘੀ ਵਜੋਂ ਹੀ ਵਰਤਣਾ ਚਾਹੁੰਦੇ ਸਨ। ਇਸੇ ਲਈ ਉਹ ਚੁਪ ਚਪੀਤੇ ਅਕਾਲੀ ਦਲ ਦਾ ਮੁੱਖ ਦਫ਼ਤਰ ਚੁਕ ਕੇ ਅਪਣੇ ਘਰ ਅਥਵਾ ਚੰਡੀਗੜ੍ਹ ਲੈ ਆਏ ਤੇ ਮੋਗੇ ਵਿਚ ਕਾਨਫ਼ਰੰਸ ਕਰ ਕੇ ਇਸ ਨੂੰ ਪੰਥਕ ਪਾਰਟੀ ਤੋਂ ‘ਪੰਜਾਬੀ’ ਪਾਰਟੀ ਬਣਾ ਦਿਤਾ।

ਕੀ ਪੰਥ ਵਲੋਂ ਅਕਾਲ ਤਖ਼ਤ ਤੇ ਜੁੜ ਕੇ ਬਣਾਈ ਗਈ ਪਾਰਟੀ ਦਾ ‘ਧਰਮ ਪ੍ਰੀਵਰਤਨ’ ਕਰਨ ਦਾ ਅਧਿਕਾਰ ਕਿਸੇ ਲੀਡਰ ਨੂੰ ਹੋ ਸਕਦਾ ਹੈ? ਫਿਰ ਤਾਂ ਕਲ ਨੂੰ ਫ਼ਰੀਦਕੋਟ, ਦਿੱਲੀ ਜਾਂ ਮਾਝੇ ਦਾ ਕੋਈ ‘ਅਕਾਲੀ ਜਰਨੈਲ’ ਇਸ ਨੂੰ ਚੁਕ ਕੇ ਅਪਣੇ ਵਾੜੇ ਵਿਚ ਵੀ ਲਿਜਾ ਸਕਦਾ ਹੈ ਤੇ ਇਸ ਦਾ ‘ਧਰਮ’ (ਆਦਰਸ਼) ਫਿਰ ਤੋਂ ਵੀ ਬਦਲ ਸਕਦਾ ਹੈ। ਅਜਿਹਾ ਨਹੀਂ ਸੀ ਹੋ ਸਕਣਾ ਜੇ ਇਹ ਪਾਰਟੀ ਉਥੇ ਹੀ ਰੱਖੀ ਜਾਂਦੀ ਜਿਥੇ ਇਹ ਸਾਰੇ ਪੰਥ ਨੇ ਬਣਾਈ ਸੀ ਤੇ ਜੋ ਸਿੱਖੀ ਦਾ ਕੇਂਦਰੀ ਸਥਾਨ ਵੀ ਮੰਨਿਆ ਜਾਂਦਾ ਹੈ।

ਅਤੇ ਫਿਰ ਅਕਾਲੀ ਦਲ ਦਾ ‘ਧਰਮ ਪ੍ਰੀਵਰਤਨ’ ਕਰਨ ਮਗਰੋਂ ਪੰਥ-ਪ੍ਰਸਤਾਂ ਨੂੰ ਤਾਂ ਚੁਣ ਚੁਣ ਕੇ ਹਾਕਮ ਦੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾਣ ਲੱਗਾ। ਕਿਉਂ ਕੀਤਾ ਇਸ ਤਰ੍ਹਾਂ? ਕਿਉਂਕਿ ‘ਪੰਥ-ਪ੍ਰਸਤ’ ਸਿੱਖ, ਅਕਾਲੀ ਦਲ ਨੂੰ ਪੰਥ ਤੋਂ ਦੂਰ ਕਰਨ ਦੇ ਸਖ਼ਤ ਖ਼ਿਲਾਫ਼ ਸਨ ਤੇ ਉਹ ਹਰ ਮਸਲੇ ਤੇ ਪੰਥ ਦਾ ਝੰਡਾ ਖੜਾ ਕਰ ਦੇਂਦੇ ਸਨ। ਇਹ ਗੱਲ ਅਕਾਲੀ ਦਲ ਦੇ ਨਵੇਂ ‘ਬਾਦਲੀ ਅਵਤਾਰ’ ਵਾਲਿਆਂ ਨੂੰ ਪਸੰਦ ਨਹੀਂ ਸੀ।

ਉਹ ‘ਪੰਥ ਪੰਥ’ ਕੂਕਣ ਵਾਲਿਆਂ ਤੋਂ ਮੰਗ ਕਰਦੇ ਸਨ ਕਿ ‘‘ਤੁਸੀ ਬਾਦਲ ਬਾਦਲ’’ ਉਚਾਰੋ ਤੇ ਜੋ ਵੀ ਉਹ ਕਰਨ (ਪੰਥ ਵਿਰੁਧ ਵੀ) ਉਸ ਨੂੰ ਜੀਅ ਆਇਆਂ ਆਖੋ। ਕੁੱਝ ਮੰਨ ਵੀ ਗਏ (ਅਪਣਾ ਭਲਾ ਸੋਚ ਕੇ) ਪਰ ਜਿਹੜੇ ਨਾ ਮੰਨੇ, ਉਨ੍ਹਾਂ ਨਾਲ ਜੋ ਵੱਧ ਤੋਂ ਵੱਧ ਜ਼ਿਆਦਤੀ ਇਹ ਕਰ ਸਕਦੇ ਸਨ, ਇਨ੍ਹਾਂ ਨੇ ਕੀਤੀ ਤੇ ਬਖ਼ਸ਼ਿਆ ਕੇਵਲ ਉਸ ਨੂੰ ਹੀ ਜਿਹੜਾ ‘ਪੰਥ ਕੀ ਜੀਤ’ ਦੇ ਜੈਕਾਰੇ ਨੂੰ ਭੁੱਲ ਕੇ ‘‘ਬਾਦਲਾਂ ਦੀ ਜੀਤ’’ ਦੇ ਨਾਹਰੇ ਮਾਰਨ ਲੱਗ ਪਿਆ। ਲੰਮੀ ਕਹਾਣੀ ਹੈ ਪਰ ਪੰਥ ਨੂੰ ਬਚਾਣਾ ਚਾਹੁਣ ਵਾਲਿਆਂ ਨੂੰ ਇਸ ਦਾ ਪੂਰਾ ਇਲਮ ਹੋਣਾ ਚਾਹੀਦਾ ਹੈ। ਸੋ ਬਾਕੀ ਦੀ ਗੱਲ ਅਗਲੇ ਐਤਵਾਰ। 
(ਚਲਦਾ)