ਬਾਬੇ ਨਾਨਕ ਦਾ 550ਵਾਂ ਜਨਮ-ਪੁਰਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਤੁਸੀ ਗੋਲਕਧਾਰੀਆਂ ਤੇ ਅਰਬਪਤੀਆਂ ਦਾ 'ਮਾਇਆ ਨਾਚ' ਵੇਖ ਲਿਐ

Guru Nanak Dev Ji

ਬਾਬੇ ਨਾਨਕ ਦੀ ਪੰਜਵੀਂ ਜਨਮ ਸ਼ਤਾਬਦੀ ਵੀ ਵੇਖੀ ਤੇ 550ਵਾਂ ਜਨਮ ਪੁਰਬ ਵੀ ਵੇਖਿਆ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਜਾਂ ਵਹਾਇਆ ਜਾਂਦਾ ਵਿਖਾਇਆ ਗਿਆ। ਜਦ ਸੰਗਤ ਦੇ ਬੈਠਣ ਲਈ ਹੀ 12-12 ਕਰੋੜ, ਕੇਵਲ ਪੰਡਾਲਾਂ 'ਤੇ ਹੀ ਖ਼ਰਚਿਆ ਵਿਖਾ ਦਿਤਾ ਗਿਆ ਤਾਂ ਬਾਕੀ ਦੇ ਖ਼ਰਚਿਆਂ ਦਾ ਕੀ ਹਿਸਾਬ ਲਗਾਇਆ ਜਾ ਸਕਦਾ ਹੈ? ਵਿਦੇਸ਼ਾਂ ਤੋਂ ਫੁੱਲ ਮੰਗਵਾ ਕੇ ਵੀ ਕਰੋੜਾਂ ਰੁਪਏ ਖ਼ਰਚਣ ਦੇ ਐਲਾਨ ਕੀਤੇ ਗਏ। ਪਰ ਬਾਬੇ ਨਾਨਕ ਦੀ ਬਾਣੀ ਲੋਕਾਂ ਦੇ ਘਰ ਘਰ ਵਿਚ ਪਹੁੰਚਾਉਣ ਦਾ ਵੀ ਕੋਈ ਯਤਨ ਕੀਤਾ ਗਿਆ? ਦੁਨੀਆਂ ਜਾਂ ਭਾਰਤ ਦੇ ਵੱਡੇ ਵਿਦਵਾਨਾਂ ਤੇ ਲੇਖਕਾਂ ਦੀਆਂ ਅੰਤਰ-ਰਾਸ਼ਟਰੀ ਪੱਧਰ ਦੀਆਂ ਕੋਈ ਕਿਤਾਬਾਂ ਜ਼ਹੂਰ ਵਿਚ ਆ ਸਕੀਆਂ? ਨੌਜੁਆਨਾਂ ਨੂੰ ਪਤਿਤਪੁਣੇ ਤੋਂ ਹਟਾ ਕੇ ਬਾਬੇ ਨਾਨਕ ਦੇ ਸੰਦੇਸ਼ ਨਾਲ ਜੋੜਿਆ ਜਾ ਸਕਿਆ? ਗ਼ਰੀਬਾਂ, ਖ਼ੁਦਕੁਸ਼ੀਆਂ ਕਰਨ ਵਾਲਿਆਂ ਤੇ ਵਿਦਵਾਨਾਂ ਦੀ ਕੀ ਤੇ ਕਿੰਨੀ ਮਦਦ ਕੀਤੀ ਗਈ?

ਇਨ੍ਹਾਂ ਸਾਰੇ ਸਵਾਲਾਂ ਦਾ ਕੋਈ ਸਬੂਤ ਬਾਕੀ ਰਹਿ ਗਿਆ ਮਿਲਦਾ ਹੈ ਜਿਸ ਤੋਂ ਪਤਾ ਲੱਗੇ ਕਿ ਅਰਬਾਂ ਰੁਪਏ ਖ਼ਰਚ ਕੇ ਬਾਬੇ ਨਾਨਕ ਦੇ ਦੋ ਇਤਿਹਾਸਕ ਜਨਮ ਪੁਰਬ, 50 ਸਾਲਾਂ ਦੇ ਵਕਫ਼ੇ ਵਿਚ, ਮਨਾਏ ਵੀ ਗਏ ਸਨ ਤੇ ਸਿੱਖ ਸਮਾਜ ਦੀ ਹਾਲਤ ਵਿਚ ਕੋਈ ਫ਼ਰਕ ਵੀ ਪਿਆ ਸੀ? ਸਿੱਖੀ ਢਹਿੰਦੀ ਕਲਾ ਵਲੋਂ ਹਟ ਕੇ ਚੜ੍ਹਦੀ ਕਲਾ ਵਲ ਜਾਂਦੀ ਵਿਖਾਈ ਦਿਤੀ? ਏਨੇ ਵੱਡੇ ਸਮਾਗਮਾਂ ਨੇ ਕੋਈ ਸਿੱਖ ਲੇਖਕ, ਇਤਿਹਾਸਕਾਰ, ਬਾਣੀ ਦੇ ਨਵੇਂ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਦੀਆਂ ਲਿਖਤਾਂ ਵਲ ਸਿੱਖ ਹੀ ਨਹੀਂ, ਦੁਨੀਆਂ ਦੇ ਲੋਕ, ਸਤਿਕਾਰ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਜਾਣ? ਜੇ ਕੋਸ਼ਿਸ਼ ਕੀਤੀ ਹੁੰਦੀ ਤਾਂ ਕੁੱਝ ਨਤੀਜਾ ਤਾਂ ਜ਼ਰੂਰ ਨਿਕਲ ਆਉਂਦਾ ਪਰ ਕੋਸ਼ਿਸ਼ ਤਾਂ ਕੇਵਲ ਸਿਆਸਤਦਾਨਾਂ ਦੀ ਬੱਲੇ ਬੱਲੇ ਕਰਵਾਉਣ ਤੇ ਵੱਡੇ ਅਡੰਬਰ ਰੱਚ ਕੇ ਮਾਇਆ ਦੇ ਢੇਰਾਂ ਨਾਲ ਅਪਣੇ ਘਰ ਭਰਨ ਵਲ ਹੀ ਲੱਗਾ ਹੋਇਆ ਸੀ। ਬਾਬੇ ਨਾਨਕ ਦਾ ਜਨਮ ਪੁਰਬ ਤਾਂ ਮਹਿਜ਼ ਇਕ ਓਹਲਾ ਹੀ ਸੀ।

ਅਸੀ ਕੁੱਝ ਲੋਕ ਇਕੱਠੇ ਬੈਠਦੇ ਤਾਂ ਬਾਬੇ ਨਾਨਕ ਦੇ ਨਾਂ 'ਤੇ ਉਜਾੜੇ ਜਾ ਰਹੇ ਧਨ ਅਤੇ ਏਨੇ ਉਜਾੜੇ ਵਿਚੋਂ ਵੀ ਕੁੱਝ ਨਾ ਨਿਕਲਦਾ ਵੇਖ ਕੇ ਕਾਫ਼ੀ ਦੁਖੀ ਹੁੰਦੇ। ਅਸੀ ਇਸ ਗੱਲੋਂ ਵੀ ਦੁਖੀ ਹੁੰਦੇ ਕਿ ਪੈਸੇ ਦੇ ਏਨੇ ਵੱਡੇ ਉਜਾੜੇ ਦੇ ਬਾਵਜੂਦ, ਲੋਕ 'ਉੱਚਾ ਦਰ' ਨੂੰ ਲਗਭਗ ਮੁਕੰਮਲ ਹੋਇਆ ਵੇਖ ਕੇ ਵੀ, ਜਿਹੜਾ ਪੰਜ ਫ਼ੀ ਸਦੀ ਕੰਮ ਰਹਿ ਗਿਆ ਹੈ, ਉਸ ਨੂੰ ਪੂਰਾ ਕਰਨ ਲਈ ਵੀ ਪੈਸਾ ਨਹੀਂ ਦੇਂਦੇ। ਚਲੋ ਲੋਕਾਂ ਦੀ ਛੱਡੋ, ਜਿਹੜੇ ਮਾਈ ਭਾਈ 'ਉੱਚਾ ਦਰ' ਦੇ ਮੈਂਬਰ ਬਣ ਚੁੱਕੇ ਹਨ, ਉਹ ਵੀ ਨਹੀਂ ਸੋਚਦੇ ਕਿ ਜਿਹੜਾ ਬੂਟਾ ਅਸੀ ਪੰਜ ਸੱਤ ਸਾਲ ਪਹਿਲਾਂ ਉਗਾਇਆ ਸੀ, ਉਹ ਹੁਣ ਫੱਲ ਦੇਣ ਦੇ ਨੇੜੇ ਪੁੱਜ ਗਿਆ ਹੈ ਤਾਂ ਫੱਲ ਚੰਗਾ ਲੱਗ ਜਾਏ, ਉਸ ਲਈ ਆਖ਼ਰੀ ਸਮੇਂ ਜੜ੍ਹਾਂ ਵਿਚ ਥੋੜੀ ਜਹੀ ਖਾਦ ਤੇ ਪਾਣੀ ਜਾਂ ਪੱਤਿਆਂ ਉਤੇ ਦਵਾਈ ਦਾ ਛਿੜਕਾਅ ਵੀ ਕਰ ਦਿਤਾ ਜਾਏ ਅਰਥਾਤ ਆਖ਼ਰੀ ਸਮੇਂ ਦਾ ਥੋੜਾ ਜਿਹਾ ਖ਼ਰਚਾ ਕਰ ਦਿਤਾ ਜਾਏ ਤਾਂ ਕਈ ਗੁਣਾਂ ਫ਼ਾਇਦਾ ਤਾਂ ਸਾਨੂੰ ਹੀ ਮਿਲੇਗਾ।

ਨਾ ਕਿਸੇ ਪ੍ਰਬੰਧਕ ਨੇ ਕੁੱਝ ਲੈ ਸਕਣਾ ਹੈ, ਨਾ ਕਿਸੇ ਹੋਰ ਨੇ। ਗ਼ਰੀਬਾਂ, ਲੋੜਵੰਦਾਂ ਤੇ ਤਨਖ਼ਾਹ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ ਮੈਂਬਰ ਹੀ ਹਨ ਜਿਨ੍ਹਾਂ ਨੂੰ ਸਾਰੀ ਉਮਰ ਲਈ ਕੁੱਝ ਫ਼ਾਇਦੇ ਮਿਲਦੇ ਰਹਿਣੇ ਹਨ ਜਿਵੇਂ ਕਿ : ਮੁਫ਼ਤ ਟਿਕਟ, ਮੁਫ਼ਤ ਰਿਹਾਇਸ਼, ਹਰ ਚੀਜ਼ ਲਾਗਤ ਮੁਲ 'ਤੇ, ਮੁਫ਼ਤ ਇਲਾਜ ਆਦਿ ਆਦਿ। ਸੋ ਉਨ੍ਹਾਂ ਨੂੰ ਚੁੱਪ ਹੋ ਕੇ ਨਹੀਂ ਬਹਿ ਜਾਣਾ ਚਾਹੀਦਾ ਤੇ ਹਰ ਪਲ ਸੋਚਦੇ ਰਹਿਣਾ ਚਾਹੀਦਾ ਹੈ ਕਿ ''ਬਾਕੀ ਦਾ ਕੰਮ ਕਿਵੇਂ ਸੰਪੂਰਨ ਕੀਤਾ ਜਾਵੇ ਤੇ ਮੈਂ ਉਸ ਲਈ ਹੋਰ ਕੀ ਕਰ ਸਕਦਾ/ਸਕਦੀ ਹਾਂ?'' ਇਹ ਬੜਾ ਉਦਾਸੀ ਵਾਲਾ ਦੌਰ ਸੀ। ਪੈਸਾ ਮਿਲ ਵੀ ਨਹੀਂ ਸੀ ਰਿਹਾ ਤੇ ਜਿਨ੍ਹਾਂ ਨੇ ਉਧਾਰੇ ਪੈਸੇ ਦਿਤੇ ਸਨ, ਉਹ ਵੀ ਜ਼ੋਰ ਪਾ ਰਹੇ ਸਨ ਤੇ 'ਉੱਚਾ ਦਰ' ਸ਼ੁਰੂ ਹੋਣ ਤਕ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਸਨ।

ਇਸੇ ਉਦਾਸੀ ਵਾਲੇ ਮਾਹੌਲ ਵਿਚ ਇਕ ਦਿਨ ਇਕ ਸੱਜਣ ਨੇ ਬੜੀ ਵਧੀਆ ਗੱਲ ਕੀਤੀ, ''ਉਦਾਸ ਨਾ ਹੋਇਆ ਕਰੋ। ਰੱਬ ਦੀ ਸ਼ਾਇਦ ਇੱਛਾ ਹੀ ਇਹ ਹੈ ਕਿ ਗੋਲਕਾਂ ਵਾਲੇ, ਮਾਇਆ ਦੇ ਜ਼ੋਰ ਨਾਲ ਜੋ ਵੀ ਕਰ ਕੇ ਵਿਖਾ ਸਕਦੇ ਹਨ, ਉਨ੍ਹਾਂ ਨੂੰ ਪਹਿਲਾਂ ਵਿਖਾ ਲੈਣ ਦਿਉ। ਵਾਹਿਗੁਰੂ ਭਾਈ ਲਾਲੋਆਂ ਨੂੰ ਅੰਤ ਵਿਚ ਮੌਕਾ ਦਏਗਾ ਕਿ ਹੁਣ ਆਨੇ ਆਨੇ ਟਕੇ ਟਕੇ ਵਾਲੇ ਭਾਈ ਲਾਲੋ ਵਿਖਾ ਦੇਣ ਕਿ ਬਾਬੇ ਨਾਨਕ ਨੂੰ, ਕੌਮ, ਦੇਸ਼ ਤੇ ਮਾਨਵਤਾ ਨੂੰ ਉਹ ਕੀ ਭੇਂਟ ਕਰਦੇ ਹਨ। ਰੱਬ ਦੀ ਇਹੀ ਮਰਜ਼ੀ ਹੈ ਤਾਂ ਇਸੇ ਨੂੰ ਪ੍ਰਵਾਨ ਕਰ ਲਉ।'' ਹੁਣ ਜਦ ਅਰਬਾਂ ਦਾ ਅੰਨ੍ਹਾ ਖ਼ਰਚਾ ਕਰਨ ਵਾਲਿਆਂ ਦਾ 'ਮਾਇਆ ਨਾਚ' ਦੁਨੀਆਂ ਨੇ ਵੇਖ ਲਿਆ ਹੈ ਤੇ ਭਾਈ ਲਾਲੋਆਂ ਦਾ 'ਉੱਚਾ ਦਰ' ਅਪਣੀ ਫਟੀ ਪੁਰਾਣੀ ਗੋਦੜੀ ਵਿਚੋਂ ਸ਼ਰਧਾ ਅਤੇ ਸਬਰ ਦੇ ਸਹਾਰੇ, ਆਨਾ ਆਨਾ ਟਕਾ ਟਕਾ ਜੋੜ ਕੇ, ਜੋ ਕੁੱਝ ਦੇ ਰਿਹਾ ਹੈ, ਉਸ ਨੂੰ ਵੇਖ ਕੇ ਮੈਨੂੰ ਯਕੀਨ ਹੋ ਗਿਆ ਹੈ ਕਿ ਭਾਈ ਲਾਲੋ, ਅਪਣੇ ਆਨਿਆਂ ਟਕਿਆਂ ਨਾਲ ਉੱਚਾ ਦਰ ਰਾਹੀਂ ਜੋ ਦੇਣ ਜਾ ਰਹੇ ਹਨ

ਉਹ ਯਕੀਨਨ ਗੋਲਕਧਾਰੀਆਂ ਤੇ ਅਰਬਪਤੀਆਂ ਦੇ 'ਦਿਤੇ' ਸਾਰਾ ਕੁੱਝ ਨਾਲੋਂ ਬਿਹਤਰ ਹੋਵੇਗਾ, ਸਮਾਜ ਅੰਦਰ ਵੱਡੀ ਤਬਦੀਲੀ ਵੀ ਲਿਆਏਗਾ ਤੇ 'ਖਾਧਾ ਪੀਤਾ ਹਜ਼ਮ' ਵਾਲੀ ਹਾਲਤ ਨਹੀਂ ਹੋਵੇਗੀ। ਠੀਕ ਹੈ, ਗੋਲਕਧਾਰੀਆਂ ਨੇ 100 ਪ੍ਰਕਾਰ ਦੇ ਮਲਿਕ ਭਾਗੋ ਵਾਲੇ ਦੇਸੀ ਪ੍ਰਦੇਸੀ ਖਾਣਿਆਂ ਨੂੰ ਲੰਗਰ ਕਹਿ ਕੇ ਪਰੋਸ ਦਿਤਾ ਜਦਕਿ ਉੱਚਾ ਦਰ' 'ਚੋਂ ਕੇਵਲ ਕੋਧਰੇ ਦੀ ਰੋਟੀ ਦਾ ਪ੍ਰਸ਼ਾਦ ਹੀ ਮਿਲੇਗਾ। ਉਧਰ 12-ਕਰੋੜੀ ਪੰਡਾਲ ਸਨ ਤਾਂ ਇਧਰ ਭਾਈ ਲਾਲੋ ਦਾ ਬਗ਼ੀਚਾ ਹੀ ਆਰਾਮ ਕਰਨ ਨੂੰ ਮਿਲੇਗਾ। ਪਰ ਜੋ ਵੀ ਹੈ, ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਰੇ ਗੋਲਕਧਾਰੀਆਂ ਦਾ 'ਮਾਇਆ ਨਾਚ' ਇਕ ਪਾਸੇ ਜੋੜ ਲਵੋ, ਤਾਂ ਵੀ ਉੱਚਾ ਦਰ ਦਾ 'ਰੁੱਖਾ ਮਿੱਸਾ' ਜ਼ਿਆਦਾ ਪਸੰਦ ਕਰੋਗੇ।

ਹੁਣ ਅਸੀ ਦੋ ਮਹੀਨੇ ਵਿਚ 'ਉੱਚਾ ਦਰ' ਨੂੰ ਚਾਲੂ ਕਰਨ ਵਾਲੀ ਹਾਲਤ ਵਿਚ ਪਹੁੰਚ ਚੁੱਕੇ ਹਾਂ ਤੇ ਤੋੜ ਤਕ ਪਹੁੰਚਣ ਲਈ ਤੇ ਚਾਲੂ ਕਰਨ ਲਈ ਲੋੜੀਂਦੀਆਂ ਸਰਕਾਰੀ ਪ੍ਰਵਾਨਗੀਆਂ ਲੈਣ ਲਈ ਕੰਮ ਕਰ ਰਹੇ ਹਾਂ। ਇਨ੍ਹਾਂ ਪ੍ਰਵਾਨਗੀਆਂ ਬਿਨਾਂ ਅਸੀ 'ਉੱਚਾ ਦਰ' ਚਾਲੂ ਨਹੀਂ ਕਰ ਸਕਦੇ। ਇਸ ਵਕਤ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਹੱਥ ਖੜੇ ਕਰ ਕਰ ਕੇ, ਸਾਰਾ ਖ਼ਰਚਾ ਅਪਣੇ ਕੋਲੋਂ ਦੇਣ ਦਾ ਵਿਸ਼ਵਾਸ ਦਿਵਾਇਆ ਸੀ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਆਖ਼ਰੀ ਹੱਲੇ ਨੂੰ ਓਨੇ ਹੀ ਜੋਸ਼ ਨਾਲ ਆਖ਼ਰੀ ਧੱਕਾ ਲਾ ਦਿਉ ਜਿੰਨੇ ਜੋਸ਼ ਨਾਲ ਤੁਸੀ ਅਸੀ ਰਲ ਕੇ ਕੰਮ ਸ਼ੁਰੂ ਕੀਤਾ ਸੀ। ਸ਼ੁਰੂ ਤੋਂ ਹੀ ਜੋ ਪ੍ਰੋਗਰਾਮ ਬਣਾਇਆ ਗਿਆ ਸੀ, ਉਹ ਇਹੀ ਸੀ ਕਿ ਉੱਚਾ ਦਰ ਦੇ 10 ਹਜ਼ਾਰ ਮੈਂਬਰ ਬਣਾਏ ਜਾਣਗੇ, 5 ਹਜ਼ਾਰ ਸ਼ੁਰੂ ਕਰਨ ਤੋਂ ਪਹਿਲਾਂ (ਰਿਆਇਤੀ ਚੰਦਿਆਂ ਤੇ) ਅਤੇ 5000 ਚਾਲੂ ਹੋਣ ਮਗਰੋਂ (ਪੂਰੇ ਰੇਟਾਂ 'ਤੇ)। ਉਦੋਂ ਕਿਸੇ ਨੂੰ ਕੋਈ ਰਿਆਇਤ ਨਹੀਂ ਮਿਲਣੀ। ਚਲੋ ਉਹ ਸਮਾਂ ਵੀ ਹੁਣ ਥੋੜ੍ਹੇ ਦਿਨ ਦੂਰ ਰਹਿ ਗਿਆ ਹੈ।

ਮੈਂ ਚਾਹੁੰਦਾ ਹਾਂ ਕਿ ਸਪੋਕਸਮੈਨ ਨਾਲ ਜੁੜੇ ਹੋਏ ਸਾਰੇ ਪੁਰਾਣੇ ਪਾਠਕ, ਰਿਆਇਤੀ ਚੰਦੇ ਦੇ ਕੇ, ਉਮਰ ਭਰ ਲਈ 'ਉੱਚਾ ਦਰ' ਨਾਲ ਜ਼ਰੂਰ ਜੁੜ ਜਾਣ। ਇਸ ਹਫ਼ਤੇ ਉਨ੍ਹਾਂ ਲਈ ਕੁੱਝ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕਰਨਾ ਸੀ ਪਰ ਹੁਣ ਅਗਲੇ ਹਫ਼ਤੇ ਸਾਰਿਆਂ ਨਾਲ ਸਲਾਹ ਕਰ ਕੇ ਕੀਤਾ ਜਾਵੇਗਾ। ਇਸ ਦੌਰਾਨ ਮੇਰੀ ਦਿਲੀ ਇੱਛਾ ਹੈ ਕਿ ਥੋੜੇ ਪੈਸੇ ਦੇ ਕੇ, ਸਪੋਕਸਮੈਨ ਨਾਲ ਜੁੜੇ ਹੋਏ ਸਪੋਕਸਮੈਨ ਦੇ ਸਾਰੇ ਪੁਰਾਣੇ ਪਾਠਕ, ਜ਼ਰੂਰ ਇਸ ਨਾਲ ਉਮਰ ਭਰ ਲਈ ਜੁੜ ਜਾਣ ਤੇ ਉਮਰ ਭਰ ਲਈ ਫ਼ਾਇਦੇ ਵੀ ਉਠਾਉਣ। ਇਹ ਸੱਚ ਹੈ ਕਿ ਸਿੱਖ ਅਪਣੀਆਂ ਚੰਗੀਆਂ ਸੰਸਥਾਵਾਂ ਨੂੰ ਪੈਸੇ ਦੀ ਕਮੀ ਖ਼ਾਤਰ ਤੜਪਦਿਆਂ ਵੇਖ ਕੇ ਹਰਕਤ ਵਿਚ ਨਹੀਂ ਆਉਂਦੇ। ਉਹ ਸਿਰਫ਼ ਗੁਰਦਵਾਰਿਆਂ ਤੇ ਡੇਰਿਆਂ ਨੂੰ ਹੀ ਪੈਸੇ ਦੇਂਦੇ ਹਨ ਪਰ ਚੰਗੀ ਥਾਂ ਪੈਸੇ ਦੇਣ ਤੋਂ ਸਦਾ ਕੰਨੀ ਕਤਰਾਅ ਜਾਂਦੇ ਹਨ।

ਸਾਡੇ ਖ਼ਾਲਸਾ ਸਕੂਲ ਤੇ ਕਾਲਜ ਇਸੇ ਕਾਰਨ, ਡੀਏਵੀ ਸਕੂਲਾਂ/ਕਾਲਜਾਂ ਦੇ ਸਾਹਮਣੇ ਦਮ ਤੋੜ ਗਏ ਹਨ। ਸਿੱਖਾਂ ਨੇ ਕਦੇ ਮਿਲ ਬੈਠ ਕੇ ਉਨ੍ਹਾਂ ਨੂੰ ਬਚਾ ਲੈਣ ਦੀ ਗੱਲ ਵੀ ਨਹੀਂ ਸੋਚੀ। ਹੁਣ ਸਿੱਖਾਂ ਦੇ ਸਿਰਾਂ ਤੋਂ ਕੇਸ ਉਡ ਰਹੇ ਹਨ, ਕੀ ਕਿਸੇ ਮਾਲਦਾਰ/ਗੋਲਕਧਾਰੀ ਜਥੇਬੰਦੀ ਨੇ ਇਕ ਵਾਰੀ ਵੀ ਇਸ ਬਾਰੇ ਵਿਚਾਰ ਕੀਤੀ ਹੈ ਕਿ ਇਸ ਨੂੰ ਰੋਕਿਆ ਕਿਵੇਂ ਜਾਏ? ਅਜਿਹੇ ਵਿਚ 'ਉੱਚਾ ਦਰ' ਵਰਗਾ ਅਜੂਬਾ ਸਿਰਜਣਾ ਵੀ ਕੋਈ ਆਸਾਨ ਗੱਲ ਨਹੀਂ ਸੀ ਪਰ ਜੇ ਸਿਰਜਿਆ ਹੀ ਗਿਆ ਹੈ ਤਾਂ ਸਪੋਕਸਮੈਨ ਦੇ ਹਰ ਪਾਠਕ ਨੂੰ ਇਸ ਨਾਲ ਉਮਰ ਭਰ ਲਈ ਜੁੜ ਜ਼ਰੂਰ ਜਾਣਾ ਚਾਹੀਦਾ ਹੈ ਤੇ ਸਾਬਤ ਕਰ ਦੇਣਾ ਚਾਹੀਦਾ ਹੈ ਕਿ ਸਿੱਖ ਪਹਿਲਾਂ ਵਰਗੇ ਨਹੀਂ ਰਹੇ, ਸਪੋਕਸਮੈਨ ਪੜ੍ਹਨ ਮਗਰੋਂ ਸਿੱਖ ਬਦਲ ਗਏ ਹਨ। ਕਰੋਗੇ ਇਸ ਤਰ੍ਹਾਂ? ਤਿੰਨ ਚਾਰ ਕਰੋੜ ਦਾ ਆਖ਼ਰੀ ਵੇਲੇ ਦਾ ਕੰਮ ਹੀ ਰਹਿ ਗਿਆ ਹੈ। ਬਹੁਤਿਆਂ ਨੇ ਹੁਣ ਅੰਤਮ ਪੜਾਅ ਵਿਚ ਵੀ ਕੋਈ ਮਦਦ ਨਹੀਂ ਦੇਣੀ। ਉਨ੍ਹਾਂ ਥੋੜ੍ਹਿਆਂ ਨੇ ਹੀ ਫਿਰ ਅਪਣੀ ਜ਼ਿੰਮੇਵਾਰੀ ਮਹਿਸੂਸ ਕਰਨੀ ਹੈ ਜਿਨ੍ਹਾਂ ਨੇ ਪਹਿਲਾਂ ਵੀ ਦਿਲ ਖੋਲ੍ਹਿਆ ਸੀ। ਉਹੀ ਅੱਗੇ ਆ ਕੇ ਇਸ ਨੂੰ ਚਾਲੂ ਕਰਨ ਤੇ ਸਫ਼ਲ ਕਰਨ ਲਈ ਲੋੜੀਂਦੇ ਯਤਨ ਕਰਨਗੇ।