ਬਾਦਲਾਂ ਦੀ ਨਜ਼ਰ ਵਿਚ ਅਕਾਲੀ ਦਲ ਦਾ ਮਤਲਬ ਹੈ ਉਹ ਪਾਰਟੀ ਜੋ ਬਾਦਲਾਂ ਤੇ ਕੇਵਲ ਬਾਦਲਾਂ ਨੂੰ ਵਜ਼ੀਰੀਆਂ ਲੈ ਦੇਵੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਨਹੀਂ ਲੈ ਕੇ ਦੇ ਸਕਦੀ ਤਾਂ ਬੇਸ਼ੱਕ ਭਸਮਾ ਭੂਤ ਹੋ ਜਾਏ!!

Parkash Singh Badal, Sukhbir Badal

 

ਹਿੰਦੁਸਤਾਨ ‘ਭਾਈ ਭਤੀਜਿਆਂ’ ਦਾ ਖ਼ਿਆਲ ਰੱਖਣ ਵਾਲੇ ਹਾਕਮਾਂ ਦਾ ਦੇਸ਼, ਸ਼ੁਰੂ ਤੋਂ ਹੀ ਬਣਿਆ ਚਲਿਆ ਆ ਰਿਹਾ ਹੈ। ਜਿਥੇ ਕੋਈ ਰਿਸ਼ਤੇਦਾਰ ਮਿਲ ਜਾਏ, ਬਾਕੀ ਸੱਭ ਨੂੰ ਪਿੱਛੇ ਸੁਟ ਦਿਤਾ ਜਾਂਦਾ ਹੈ। ਵਜ਼ੀਰੀਆਂ ਤੇ ਅਹੁਦੇ ਵੰਡਣ ਵੇਲੇ ਵੀ ਰਿਸ਼ਤੇਦਾਰੀਆਂ ਨੂੰ ਪਹਿਲ ਦਿਤੀ ਜਾਂਦੀ ਹੈ। ਪਰ ਰਿਸ਼ਤੇਦਾਰਾਂ ਨੂੰ ਅਪਣੀ ਕੈਬਨਿਟ ਵਿਚ ਸਜਾਉਣ ਦਾ ਜੋ ਰੀਕਾਰਡ ਬਾਦਲ ਦੌਰ ਵਿਚ ਅਕਾਲੀਆਂ ਨੇ ਕਾਇਮ ਕੀਤਾ ਹੈ, ਉਸ ਨੂੰ ਤੋੜਨ ਦੀ ‘ਹਿੰਮਤ’ ਤਾਂ ਸਾਰੇ ਹਿੰਦੁਸਤਾਨ ਵਿਚ ਕਿਸੇ ਹੋਰ ਸਰਕਾਰ ਨੇ ਨਹੀਂ ਕੀਤੀ ਹੋਵੇਗੀ।

ਜਵਾਹਰ ਲਾਲ ਨਹਿਰੂ ਅਪਣੀ ਬੇਟੀ ਇੰਦਰਾ ਗਾਂਧੀ ਨੂੰ ਵਜ਼ੀਰ ਬਣਾਉਣਾ ਚਾਹੁੰਦਾ ਸੀ ਪਰ ਉਹ ਬੜਾ ਡਰ ਡਰ ਕੇ ਉਹਨੂੰ ਹਰ ਥਾਂ ਅਪਣੇ ਨਾਲ ਲਿਜਾਂਦਾ ਸੀ ਤੇ ਅੱਗੇ ਅੱਗੇ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਅਪਣੇ ਜੀਵਨ ਵਿਚ ਤਾਂ ਉਹ ਕਿਸੇ ਇਕ ਵੀ ਰਿਸ਼ਤੇਦਾਰ ਨੂੰ ਅਪਣੀ ਕੈਬਨਿਟ ਵਿਚ ਵਜ਼ੀਰ ਨਹੀਂ ਬਣਾ ਸਕਿਆ ਹੋਣਾ। ਹੋਰ ਵੀ ਜਿਸ ਪਾਸੇ ਨਜ਼ਰ ਮਾਰਦਾ ਹਾਂ, ਕਿਸੇ ਹੋਰ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਏਨੀ ‘ਹਿੰਮਤ’ ਨਹੀਂ ਵਿਖਾਈ ਹੋਵੇਗੀ ਕਿ ਅਪਣੇ ਸਾਰੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਕੈਬਨਿਟ ਵਜ਼ੀਰ ਬਣਾ ਦੇਵੇ।

ਇਹ ‘ਹਿੰਮਤ’ ਸਾਡੇ ਬਾਦਲਾਂ ਦੇ ਹਿੱਸੇ ਹੀ ਆਈ ਹੈ ਤੇ ਹੁਣ ਜਦ ਅਕਾਲੀ ਦਲ, ਅਪਣੇ ਇਤਿਹਾਸ ਦੇ ਸੱਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ, ਤਾਂ ਵੀ ਬਾਦਲ ਕਿਸੇ ਕੋਲੋਂ ਇਹ ਸੁਣਨ ਨੂੰ ਤਿਆਰ ਨਹੀਂ ਕਿ ‘ਤੁਸੀ ਪਿੱਛੇ ਹਟ ਜਾਉ ਤਾਂ ਸਾਰਾ ਪੰਥ ਇਕੱਠਾ ਹੋ ਸਕਦਾ ਹੈ।’ ਬਾਦਲ ਬੜੇ ਸਪੱਸ਼ਟ ਹਨ ਕਿ ਜੇ ਅਕਾਲੀ ਦਲ, ਬਾਦਲਾਂ ਲਈ ਕੇਂਦਰ ਤੇ ਪੰਜਾਬ ਵਿਚ ਅਰਥਾਤ ਦੋਹੀਂ ਥਾਈਂ ਵਜ਼ੀਰੀਆਂ ਦਾ ਪ੍ਰਬੰਧ ਕਰ ਸਕਦਾ ਹੈ ਤਾਂ ਤੇ ਇਹ ਅਕਾਲੀ ਦਲ ਹੈ ਵਰਨਾ ਬੇਸ਼ੱਕ ਭਸਮਾ ਭੂਤ ਹੋ ਜਾਏ। ਨਤੀਜੇ ਵਜੋਂ ਪਾਰਟੀ ਨੇ ਪੰਥ ਤੇ ਪੰਜਾਬ ਦੀ ਸੇਵਾ ਤਾਂ ਬੰਦ ਕਰ ਦਿਤੀ ਪਰ ਇਕੱਲੇ ਬਾਦਲਾਂ ਦੀ ਸੇਵਾ ਲਈ ਸਦਾ ਹੱਥ ਬੰਨ੍ਹੀ ਖੜੀ ਨਜ਼ਰ ਆਉਂਦੀ ਰਹੀ। ਹੋਰ ਤਾਂ ਹੋਰ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਾਲੇ ਵੀ ਕਦੇ ਨਹੀਂ ਕੁਸਕੇ ਕਿ ਪੰਥ ਦੇ ਭਲੇ ਲਈ ਬਣਾਈ ਗਈ ਪਾਰਟੀ ਅੱਜ ਇਕ ਪ੍ਰਵਾਰ ਦੀ ‘ਚਮਚੀ’ ਕਿਉਂ ਬਣਾਈ ਜਾ ਰਹੀ ਹੈ?

ਬਾਦਲਾਂ ਨੇ ਬਥੇਰੇ ਹੱਥ-ਪੈਰ ਮਾਰੇ ਕਿ ਬੀਜੇਪੀ ਨਾਲ ਸਮਝੌਤਾ ਕਰ ਕੇ ਤੇ ਪਾਰਟੀ ਨੂੰ ਵਰਤ ਕੇ ਅਪਣੇ ਪ੍ਰਵਾਰ ਲਈ ਇਕ ਵਜ਼ੀਰੀ ਤਾਂ ਬਚਾ ਕੇ ਰੱਖ ਲਈ ਜਾਏ। ਕਿਸਾਨੀ ਅੰਦੋਲਨ ਨੇ ਇਨ੍ਹਾਂ ਦਾ ਉਹ ਸੁਪਨਾ ਵੀ ਚੂਰ-ਚੂਰ ਕਰ ਦਿਤਾ। ਵੱਡੇ ਬਾਦਲ ਨੇ ਵੀ ‘ਕਾਲੇ ਕਾਨੂੰਨਾਂ’ ਦੀ ਹਮਾਇਤ ਵਿਚ ਉਚੇਚੀ ਪ੍ਰੈੱਸ ਕਾਨਫ਼ਰੰਸ ਕੀਤੀ ਪਰ ਅਖ਼ੀਰ ਮਜਬੂਰ ਹੋ ਕੇ ਵਜ਼ੀਰੀ ਛਡਣੀ ਹੀ ਪਈ। ਉਸ ਦੇ ਬਾਅਦ ਮਾਇਆਵਤੀ ਦੀ ਬੀਐਪੀ ਨਾਲ ਗੰਢ ਚਤਰਾਵਾ ਕੀਤਾ ਕਿ ਪੰਜਾਬ ਵਿਚ ਤਾਂ ਇਕ ਅੱਧ ਵਜ਼ੀਰੀ ਮਿਲ ਜਾਏ ਪਰ ਉਹ ਵੀ ਸਕੀਮ ਕਾਮਯਾਬ ਨਾ ਹੋ ਸਕੀ।

ਹੁਣ ਫਿਰ ਐਲਾਨ ਕਰ ਦਿਤਾ ਗਿਆ ਹੈ ਕਿ ‘ਅਕਾਲੀ ਦਲ’ ਹੋਰ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰ ਸਕਦਾ ਤੇ ਜੇ ਕਰੇਗਾ ਤਾਂ ਕੇਵਲ ਬੀਜੇਪੀ ਨਾਲ ਹੀ ਕਰੇਗਾ। ਚਲੋ ਕਰ ਲਉ ਪਰ ਨਿਸ਼ਾਨਾ ਕੀ ਹੈ? ਸਿਰਫ਼ ਬਾਦਲ ਪ੍ਰਵਾਰ ਲਈ ਵਜ਼ੀਰੀਆਂ ਜਾਂ ਹੋਰ ਕੁੱਝ ਵੀ? ਪੰਜਾਬ ਵਿਚ ਤਾਂ ਅਗਲੀਆਂ ਚੋਣਾਂ 2027 ਵਿਚ ਹੀ ਹੋਣੀਆਂ ਹਨ। ਸੋ ਇਥੇ ਤਾਂ ਬੀਜੇਪੀ ਵਜ਼ੀਰੀ ਨਹੀਂ ਦਿਵਾ ਸਕਦੀ। ਦਿੱਲੀ ਵਿਚ ਹੀ ਕੋਈ ਟੁੱਟੀ ਭੱਜੀ ਵਜ਼ੀਰੀ ਦੇ ਕੇ, ਕਾਰ ਕੋਠੀ ਦੇ ਸਕਦੀ ਹੈ। ਬੱਸ ਇਹੀ ਟੀਚਾ ਰਹਿ ਗਿਆ ਹੈ ਅਕਾਲੀ ਦਲ ਦਾ?  ਚਲੋ ਏਨੀ ਹੀ ਸ਼ਰਤ ਰੱਖ ਲਉ ਕਿ ਬੰਦੀ ਸਿੰਘ ਰਿਹਾਅ ਕਰ ਦੇਵੇ ਤੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਵੇ ਤਾਂ ਬੀਜੇਪੀ ਨਾਲ ਸਮਝੌਤਾ ਕਰ ਲਵਾਂਗੇ। ਪਰ ਸ਼ਰਤ ਕੇਵਲ ਵਜ਼ੀਰੀ ਦੀ ਹੈ ਜੋ ਮੂੰਹੋਂ ਬੋਲ ਕੇ ਕਹੀ ਵੀ ਨਹੀਂ ਜਾ ਸਕਦੀ।

ਪਰ ਜ਼ਿਆਦਾ ਸਿਆਣਪ ਵਾਲਾ ਤੇ ਸੌਖਾ ਤਰੀਕਾ ਇਹ ਹੈ ਕਿ ਸਿੱਖਾਂ ਨਾਲ ਸਮਝੌਤਾ ਕਰ ਲਉ ਜੋ ਅਕਾਲੀ ਦਲ ਦੇ ਅਸਲ ਮਾਲਕ ਹਨ ਤੇ ਹੁਣ ਤਕ ਬਾਦਲਾਂ ਸਮੇਤ, ਸਾਰੇ ਸਿੱਖ ਲੀਡਰਾਂ ਨੂੰ ਵਜ਼ੀਰੀਆਂ ਬਖ਼ਸ਼ਦੇ ਆਏ ਹਨ। ਉਨ੍ਹਾਂ ਵਲ ਬਾਦਲਾਂ ਦਾ ਧਿਆਨ ਕਿਉਂ ਨਹੀਂ ਜਾਂਦਾ? ਉਹ ਤਾਂ ਮੁੱਖ ਮੰਤਰੀ ਵੀ ਬਣਾ ਸਕਦੇ ਹਨ ਤੇ ਬਣਾਂਦੇ ਆਏ ਵੀ ਹਨ। ਪਰ ਜਿਨ੍ਹਾਂ ਨੂੰ ਦਿੱਲੀ ਦੇ ਹਾਕਮਾਂ ਦੀ ਗ਼ੁਲਾਮੀ ਕਰਨ ’ਚੋਂ ਸੁੱਖ ਪ੍ਰਾਪਤ ਕਰਨ ਦੀ ਆਦਤ ਪੈ ਜਾਏ, ਉਹ ਅਪਣਿਆਂ ਦੇ ਗਲੇ ਲੱਗ ਕੇ ਸੁੱਖ ਲੈਣ ਦਾ ਸਵਾਦ ਹੀ ਭੁਲ ਜਾਂਦੇ ਹਨ। ਸਾਰੇ ਪੰਥ ਨੂੰ ਏਕੇ ਦੀ ਲੜੀ ਵਿਚ ਪਰੋ ਲਉ ਤਾਂ ਸ਼੍ਰੋਮਣੀ ਕਮੇਟੀ ਉਤੋਂ ਖ਼ਤਰਾ ਵੀ ਟਲ ਜਾਏਗਾ ਤੇ ਪੰਜਾਬ ਅਤੇ ਪੰਥ ਦੀ ਆਜ਼ਾਦੀ ਵਿਚੋਂ ਅਪਣੀ ਸ਼ਾਹੀ ਆਜ਼ਾਦੀ ਵੀ ਸੌਖਿਆਂ ਮਿਲ ਜਾਏਗੀ। ਅਕਾਲ ਤਖ਼ਤ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਸਿਆਣੇ ਹੋਣ ਤਾਂ ਉਹ ਵੀ ਇਨ੍ਹਾਂ ਨੂੰ ਸਮਝਾ ਲੈਣ ਕਿ ਸਾਰੇ ਪਾਸੇ ਟੱਕਰਾਂ ਮਾਰ ਕੇ, ਅਪਣਿਆਂ ਤੋਂ ਟੁਟ ਚੁਕੇ ਹੋ, ਹੁਣ ਤਾਂ ਸੰਭਲੋ ਤੇ ਸਾਰੇ ਪੰਥ ਨੂੰ ਇਕ ਕਰਨ ਦੀਆਂ ਤਦਬੀਰਾਂ ਸੋਚ ਕੇ ਹਕੀਕੀ ਰਾਜ ਕਾਇਮ ਕਰਨ ਵਲ ਧਿਆਨ ਦਿਉ।