ਕਿਸਾਨ ਅੰਦੋਲਨ ਤੇ ਖ਼ਾਲਿਸਤਾਨੀ ਹਊਆ?
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
1947 ਤੋਂ ਬਾਅਦ ਜਦ ਵੀ ਕੋਈ ਮੰਗ ਸਿੱਖਾਂ ਵਲੋਂ ਰੱਖੀ ਗਈ ‘ਖ਼ਾਲਿਸਤਾਨ’ ਦਾ ਹਊਆ ਸਾਹਮਣੇ ਲਿਆ ਖੜਾ ਕੀਤਾ ਗਿਆ ਤਾਕਿ ਅਸਲ ਮਸਲੇ ਤੋਂ ਧਿਆਨ ਹਟਾ ਕੇ, ਮਸਲਾ ਗਧੀਗੇੜ ਵਿਚ..
1947 ਤੋਂ ਬਾਅਦ ਜਦ ਵੀ ਕੋਈ ਮੰਗ ਸਿੱਖਾਂ ਵਲੋਂ ਰੱਖੀ ਗਈ, ‘ਖ਼ਾਲਿਸਤਾਨ’ ਦਾ ਹਊਆ ਸਾਹਮਣੇ ਲਿਆ ਖੜਾ ਕੀਤਾ ਗਿਆ ਤਾਕਿ ਅਸਲ ਮਸਲੇ ਤੋਂ ਧਿਆਨ ਹਟਾ ਕੇ, ਮਸਲਾ ਗਧੀਗੇੜ ਵਿਚ ਪਾ ਦਿਤਾ ਜਾਏ। ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਕਿਹਾ ਗਿਆ ਤਾਂ ਸ਼ੋਰ ਪਾ ਦਿਤਾ ਗਿਆ ਕਿ ਅਕਾਲੀ ਤਾਂ ‘ਖ਼ਾਲਿਸਤਾਨ’ ਚਾਹੁੰਦੇ ਨੇ। ਪੰਜਾਬੀ ਸੂਬਾ ਮੰਗਿਆ----ਫਿਰ ਸ਼ੋਰ ਮਚਾ ਦਿਤਾ ਕਿ ਅਕਾਲੀ ਤਾਂ ਖ਼ਾਲਿਸਤਾਨ ਚਾਹੁੰਦੇ ਨੇ।
ਧਰਮ ਯੁਧ ਮੋਰਚਾ ਲੱਗਾ--- ਸਿੱਖ, ਖ਼ਾਲਿਸਤਾਨ ਚਾਹੁੰਦੇ ਨੇ। ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਅਨੰਦਪੁਰ ਮਤਾ ਪਾਸ ਕੀਤਾ--- ਫਿਰ ਤੋਂ ਸ਼ੋਰ ਕਿ ਸਿੱਖ ਤਾਂ ਖ਼ਾਲਿਸਤਾਨ ਚਾਹੁੰਦੇ ਨੇ। ਬਲੂ-ਸਟਾਰ ਆਪ੍ਰੇਸ਼ਨ ਹੋਇਆ, ਗਰਮ ਨੌਜੁਆਨਾਂ ਨੇ ਗੁੱਸੇ ਵਿਚ, ਪਸਤੌਲਾਂ ਫੜ ਲਈਆਂ-- ਹਰ ਵਾਰ ਵਾਂਗ, ਉਹੀ ਸ਼ੋਰ ਕਿ ਸਿੱਖ ਤਾਂ ਖ਼ਾਲਿਸਤਾਨ ਚਾਹੁੰਦੇ ਨੇ ਤੇ ਪਾਕਿਸਤਾਨ ਉਨ੍ਰਾਂ ਨੂੰ ਮਦਦ ਦੇ ਰਿਹੈ। ਹੁਣ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਅੰਦੋਲਨ ਛੇੜ ਦਿਤਾ ਹੈ ਤਾਂ ਫਿਰ ਉਹੀ ਰੌਲਾ ਕਿ ਇਹ ਕਿਸਾਨ ਨਹੀਂ, ਇਹ ਤਾਂ ਖ਼ਾਲਿਸਤਾਨੀ ਨੇ ਜਾਂ ਖ਼ਾਲਿਸਤਾਨੀਆਂ ਵਲੋਂ ਅੱਗੇ ਲਾਏ ਗਏ ਲੋਕ ਨੇ...।
ਲਗਾਤਾਰ ਧੱਕਾ ਹੁੰਦਾ ਵੇਖ ਕੇ, ਵਿਦੇਸ਼ਾਂ ਵਿਚ ਜ਼ਰੂਰ ਕੁੱਝ ਸਿੱਖ, ਆਜ਼ਾਦ ਖ਼ਾਲਿਸਤਾਨ ਦੀ ਗੱਲ 1984 ਦੇ ਘਲੂਘਾਰੇ ਮਗਰੋਂ ਕਰਨ ਲੱਗ ਪਏ ਸਨ ਤੇ ਅਮਰੀਕਾ ਵਿਚ ‘ਖ਼ਾਲਿਸਤਾਨ ਸਰਕਾਰ’ ਵੀ ਬਣੀ ਤੇ ਉਸ ਦਾ ਇਕ ‘ਰਾਸ਼ਟਰਪਤੀ’ ਵੀ ਵੇਖਣ ਨੂੰ ਮਿਲਿਆ, ਜੋ ਅਮਰੀਕੀ ਪਾਰਲੀਮੈਂਟ ਦੇ ਬਹੁਗਿਣਤੀ ਮੈਂਬਰਾਂ ਕੋਲੋਂ ‘ਖ਼ਾਲਿਸਤਾਨ’ ਦੇ ਹੱਕ ਵਿਚ ਮਤਾ ਪਾਸ ਕਰਵਾਉਣ ਵਿਚ ਵੀ ਕਾਮਯਾਬ ਰਿਹਾ ਪਰ 1984 ਵਿਚ ਤਾਂ ਹਰ ਸਿੱਖ ਜਜ਼ਬਾਤੀ ਹੋਇਆ ਪਿਆ ਸੀ। ਉਸ ਤੋਂ ਅੱਗੇ ਪਿੱਛੇ ਸਿੱਖ ਜਨਤਾ ਵਿਚ ਅਸੀ ਖ਼ਾਲਿਸਤਾਨ ਦੀ ਗੱਲ ਕਦੇ ਨਹੀਂ ਸੁਣੀ।
ਜਦੋਂ ਵੀ ਸੁਣਦੇ ਹਾਂ, ਭਾਰਤ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਤੋਂ ਹੀ ਸੁਣਦੇ ਹਾਂ ਕਿ ਖ਼ਾਲਿਸਤਾਨੀ, ਦੇਸ਼ ਵਿਚ ਗੜਬੜ ਕਰਨ ਦੀ ਵੱਡੀ ਯੋਜਨਾ ਬਣਾ ਰਹੇ ਹਨ ਤੇ ਫ਼ਲਾਣੀ ਥਾਂ ਚਾਰ ਖ਼ਾਲਿਸਤਾਨੀ ਹਥਿਆਰਾਂ ਸਮੇਤ ਫੜੇ ਗਏ ਹਨ ਆਦਿ.. ਆਦਿ। ਸਪੱਸ਼ਟ ਹੈ ਕਿ ‘ਖ਼ਾਲਿਸਤਾਨ’ ਦੇ ਹਊਏ ਨੂੰ ਕੇਵਲ ਕੇਂਦਰ ਸਰਕਾਰ ਹੀ ਜੀਵਤ ਰਖਣਾ ਚਾਹੁੰਦੀ ਹੈ--- ਵਰਨਾ ਕਿਸੇ ਸਿੱਖ ਸਿਆਸੀ ਪਾਰਟੀ, ਸੰਸਥਾ ਜਾਂ ਮੀਟਿੰਗ ਵਿਚ ਕਦੇ ਇਸ ਦਾ ਜ਼ਿਕਰ ਤਕ ਨਹੀਂ ਸੁਣਿਆ। ਪਰ ਕਿਸਾਨ ਅੰਦੋਲਨ ਨਾਲ 26 ਜਨਵਰੀ ਦੀ ਘਟਨਾ ਨੂੰ ਜੋੜ ਕੇ ‘ਖ਼ਾਲਿਸਤਾਨ’ ਤੇ ‘ਖ਼ਾਲਿਸਤਾਨੀਆਂ’ ਨੂੰ ਪਤਾ ਨਹੀਂ ਕਿਥੋਂ ਪੈਦਾ ਕਰ ਕੇ, ਨਵਾਂ ਇਤਿਹਾਸ ਹੀ ਸਿਰਜ ਦਿਤਾ ਗਿਆ ਹੈ।
ਸਾਨੂੰ ਵੀ ਪਹਿਲੀ ਵਾਰ ਹੀ ਪਤਾ ਲੱਗਾ ਹੈ ਕਿ ਬੰਗਲੌਰ, ਬੰਬਈ ਤੇ ਹੋਰ ਵੱਡੇ ਸ਼ਹਿਰਾਂ ਦੇ ਪੜ੍ਹੇ ਲਿਖੇ ਹਿੰਦੂ ਵੀ ‘ਖ਼ਾਲਿਸਤਾਨੀਆਂ’ ਦੇ ਹਮਾਇਤੀ ਬਣ ਗਏ ਹਨ ਤੇ ਉਨ੍ਹਾਂ ਲਈ ਕੰਮ ਕਰ ਰਹੇ ਹਨ!! ਲਉ ਪੰਜਾਬ ਵਿਚ ਤਾਂ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਹੀ ਨਹੀਂ ਹੋਣਾ। ਸਿੱਖਾਂ ਨੂੰ ਤਾਂ ਬਿਲਕੁਲ ਵੀ ਕੋਈ ਪਤਾ ਨਹੀਂ ਸੀ।
ਪਰ ਕੀ ਤੁਹਾਨੂੰ ਪਤਾ ਹੈ ਕਿ 1947 ਮਗਰੋਂ ਸਰਕਾਰੀ ਤੌਰ ਤੇ ਅਤੇ ਪ੍ਰਧਾਨ ਮੰਤਰੀ ਪੱਧਰ ਤੇ ‘ਖ਼ਾਲਿਸਤਾਨ’ ਦੀ ਸਾਜ਼ਸ਼ ਰਚਣ ਦਾ ਇਲਜ਼ਾਮ ਕਦੋਂ ਤੇ ਕਿਸ ਉਤੇ ਲੱਗਾ ਸੀ ਜਿਸ ਕਾਰਨ, ਮਗਰੋਂ ਪ੍ਰਧਾਨ ਮੰਤਰੀ ਨਹਿਰੂੁ ਨੂੰ ਮਾਫ਼ੀ ਵੀ ਮੰਗਣੀ ਪਈ ਸੀ?
ਹਾਂ, ਮੈਨੂੰ ਨਹਿਰੂ ਵੇਲੇ ਦੀ ਗੱਲ ਯਾਦ ਆ ਰਹੀ ਹੈ। ਮੌਕਾ ਸੀ ਮਾਸਟਰ ਤਾਰਾ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੀ ਯਾਤਰਾ ਕਰਨ ਦਾ। ਦੋਸ਼ ਮੜ੍ਹ ਦਿਤਾ ਗਿਆ ਕਿ ‘ਖ਼ਾਲਿਸਤਾਨ’ ਦੀ ਸਾਜ਼ਿਸ਼ ਰਚਣ ਲਈ ਮਾ. ਤਾਰਾ ਸਿੰਘ ਨੂੰ ਰਾਤੋ ਰਾਤ ਪਾਕਿਸਤਾਨੀ ਪ੍ਰਧਾਨ ਅਯੂਬ ਖ਼ਾਨ ਨਾਲ ਮਿਲਾਇਆ ਗਿਆ ਸੀ ਜਿਥੇ ਦੁਹਾਂ ਨੇ ਖ਼ਾਲਿਸਤਾਨ ਲਹਿਰ ਚਲਾਉਣ ਦੀ ਸਾਜ਼ਸ਼ ਤਿਆਰ ਕੀਤੀ ਸੀ।.....ਕਿਸਾਨ ਅੰਦੋਲਨ ਨਾਲ ਜੋੜ ਕੇ ਜਿਵੇਂ ਖ਼ਾਲਿਸਤਾਨ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਦਾ ਹਊਆ, ਪ੍ਰੈੱਸ ਰਾਹੀਂ, ਉਦੋਂ ਬੜੇ ਜ਼ੋਰ ਸ਼ੋਰ ਨਾਲ ਖੜਾ ਕੀਤਾ ਗਿਆ ਸੀ। ਆਉ ਆਜ਼ਾਦੀ ਮਗਰੋਂ ਦੀ ਉਸ ਪਹਿਲੀ ‘ਖ਼ਾਲਿਸਤਾਨੀ ਸਾਜ਼ਿਸ਼’ ਦਾ ਸੱਚ ਯਾਦ ਕਰ ਲਈਏ।
ਪਾਠਕਾਂ ਨੂੰ ਯਾਦ ਹੋਵੇਗਾ, 1947 ਤੋਂ ਬਾਅਦ, ਹਿੰਦੁਸਤਾਨ ਦੇ ਲੋਕ ਪਾਕਿਸਤਾਨ ਵਿਚ ਅਪਣੇ ਗੁਰਦਵਾਰਿਆਂ, ਮੰਦਰਾਂ ਦੀ ਯਾਤਰਾ ਤੇ ਨਹੀਂ ਸਨ ਜਾ ਸਕਦੇ, ਨਾ ਪਾਕਿਸਤਾਨ ਦੇ ਮੁਸਲਮਾਨ, ਇਧਰ ਅਪਣੀਆਂ ਛੱਡੀਆਂ ਮਸਜਿਦਾਂ ਦੇ ਹੀ ਦਰਸ਼ਨ ਦੀਦਾਰੇ ਕਰ ਸਕਦੇ ਸਨ।
ਹਾਲਾਤ ਸੁਧਰੇ ਤਾਂ ਕੁੱਝ ਸਾਲ ਬੀਤਣ ਮਗਰੋਂ, ਫ਼ੈਸਲਾ ਹੋਇਆ ਕਿ ਕੁੱਝ ਲੋਕਾਂ ਨੂੰ ਇੱਕ ਦੂਜੇ ਦੇ ਦੇਸ਼ ਵਿਚ ਜਾ ਕੇ ‘ਧਾਰਮਕ ਯਾਤਰਾ’ ਕਰਨ ਦਿਤੀ ਜਾਣੀ ਚਾਹੀਦੀ ਹੈ। ਸੋ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਫ਼ੈਸਲਾ ਕੀਤਾ ਕਿ ਉਹ ਵੀ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣਗੇ। ਵੀਜ਼ਾ ਮਿਲ ਗਿਆ ਤੇ ਮਾਸਟਰ ਤਾਰਾ ਸਿੰਘ, ਦੂਜੇ ਯਾਤਰੀਆਂ ਨਾਲ ਪੰਜਾ ਸਾਹਿਬ ਪਹੁੰਚ ਗਏ। ਉਥੇ ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਨੂੰ ਕਿਹਾ ਕਿ ਨੇੜੇ ਹੀ ਰਾਵਲਪਿੰਡੀ ਦੇ ਅਪਣੇ ਜੱਦੀ ਪਿੰਡ ਢੁਡਿਆਲ ਜਾ ਕੇ ਉਹ ਅਪਣਾ ਘਰ ਵੇਖਣਾ ਚਾਹੁੰਦੇ ਹਨ, ਕੀ ਆਗਿਆ ਮਿਲ ਸਕਦੀ ਹੈ?
ਅਫ਼ਸਰਾਂ ਨੇ ਉਪਰ ਗੱਲ ਕੀਤੀ ਤੇ ਮਾ: ਤਾਰਾ ਸਿੰਘ ਨੂੰ ਅਪਣਾ ਘਰ ਵੇਖਣ ਦੀ ਆਗਿਆ ਦੇ ਦਿਤੀ ਗਈ। ਯਾਦ ਰਹੇ, 1947 ਵਿਚ ਮੁਸਲਿਮ ਲੀਗ ਦੀ ਮੰਗ ਇਹ ਸੀ ਕਿ ਅੱਜ ਦਾ ਪੰਜਾਬ ਤੇ ਹਰਿਆਣਾ ਸਾਰਾ ਪਾਕਿਸਤਾਨ ਨੂੰ ਦੇ ਦਿਤਾ ਜਾਏ ਕਿਉਂਕਿ ਇਥੇ ਮੁਸਲਮਾਨਾਂ ਦੀ ਗਿਣਤੀ, ਹਿੰਦੂਆਂ ਸਿੱਖਾਂ, ਦੁਹਾਂ ਨੂੰ ਰਲਾ ਕੇ ਵੀ ਕੀਤੀ ਜਾਏ ਤਾਂ ਵੀ ਉਨ੍ਹਾਂ ਦੋਹਾਂ ਨਾਲੋਂ ਜ਼ਿਆਦਾ ਸੀ। ਉਹ ਪਾਕਿਸਤਾਨ ਦੀ ਹੱਦ ਗੁੜਗਾਉਂ ਤਕ ਲਿਜਾਣਾ ਚਾਹੁੰਦੇ ਸਨ। ਲੀਗੀ ਨਕਸ਼ੇ ਵਿਚ ਉਦੋਂ ਪਾਕਿਸਤਾਨ ਦੀ ਹੱਦ ਗੁੜਗਾਉਂ ਹੀ ਵਿਖਾਈ ਗਈ ਸੀ। ਮੁਸਲਿਮ ਲੀਗ ਇਸ ਗੱਲ ਤੇ ਏਨੀ ਅੜੀ ਹੋਈ ਸੀ ਕਿ ਸਿੱਖਾਂ ਦਾ ਹਿੱਸਾ ਦੇਣ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਸੀ।
ਉਹ ਕਹਿੰਦੀ ਸੀ ਕਿ ਸਿੱਖ ਜਿਥੇ ਹਨ, ਉਥੇ ਹੀ ਟਿਕੇ ਰਹਿਣ, ਪਾਕਿਸਤਾਨ ਵਿਚ ਉਨ੍ਹਾਂ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ ਤੇ ਹਿੰਦੂ ਚਾਹੁਣ ਤਾਂ ਬੇਸ਼ੱਕ ਹਿੰਦੁਸਤਾਨ ਵਿਚ ਚਲੇ ਜਾਣ। ਕਾਂਗਰਸ ਵੀ ਅਖ਼ੀਰ ਗੋਡੇ ਟੇਕ ਗਈ ਕਿਉਂਕਿ ਨਹਿਰੂ, ਪਟੇਲ ਜਲਦੀ ‘ਹੁਕਮਰਾਨ’ ਬਣਨਾ ਚਾਹੁੰਦੇ ਸਨ ਤੇ ਪੰਜਾਬ ਨੂੰ ਬਚਾਉਣ ਲਈ ਉਹ ‘ਆਜ਼ਾਦੀ’ ਨੂੰ ਹੋਰ ਅੱਗੇ ਨਹੀਂ ਸੀ ਪਾਉਣਾ ਚਾਹੁੰਦੇ।
ਛੇਤੀ ਹੁਕਮਰਾਨ ਬਣਨ ਦੀ ਇੱਛਾ ਪੂਰੀ ਕਰਨ ਲਈ ਉਹ ਪੰਜਾਬ-ਹਰਿਆਣਾ ਦੀ ਕੁਰਬਾਨੀ ਦੇਣ ਨੂੰ ਦੇਸ਼ ਲਈ ਕੋਈ ਵੱਡਾ ‘ਨੁਕਸਾਨ’ ਨਹੀਂ ਸਨ ਸਮਝਦੇ। ਇਧਰ ਸਿੱਖ ਜਾਣਦੇ ਸਨ ਕਿ ਜੇ ਮੁਸਲਿਮ ਲੀਗ ਦੀ ਗੱਲ ਮੰਨੀ ਗਈ ਤਾਂ ਸਿੱਖਾਂ ਦੀ ਹਸਤੀ ਪਾਕਿਸਤਾਨ ਵਿਚ ਵੀ ਮਿਟ ਜਾਵੇਗੀ ਤੇ ਹਿੰਦੁਸਤਾਨ ਵਿਚ ਵੀ ਉਨ੍ਹਾਂ ਦੀ ਅਪਣੀ ਥਾਂ ਕੋਈ ਨਹੀਂ ਹੋਣੀ। ਪੰਜਾਬੀ ਹਿੰਦੂ ਵੀ ਪੰਜਾਬ ਨੂੰ ਪਾਕਿਸਤਾਨ ਵਿਚ ਜਾਣੋਂ ਰੋਕਣਾ ਚਾਹੁੰਦੇ ਸਨ। ਅਖ਼ੀਰ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਮਾ: ਤਾਰਾ ਸਿੰਘ ਨੂੰ ਹਿੰਦੂਆਂ ਸਿੱਖਾਂ ਦਾ ਸਾਂਝਾ ਲੀਡਰ ਚੁਣ ਕੇ, ਪੰਜਾਬ ਬਚਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿਤੀ ਜਾਵੇ।
ਸੋ ਮਾਸਟਰ ਤਾਰਾ ਸਿੰਘ ਨੇ ਬੜੀ ਸਿਆਣਪ, ਦੂਰ-ਦ੍ਰਿਸ਼ਟੀ, ਬਹਾਦਰੀ ਅਤੇ ਸਿਆਸੀ ਸੂਝ ਨਾਲ ਪੰਜਾਬ ਬਚਾਉਣ ਦੀ ਲੜਾਈ ਦੀ ਕਮਾਨ ਸੰਭਾਲ ਲਈ ਤੇ ਅੰਗਰੇਜ਼ਾਂ ਨੂੰ ਕਿਹਾ ਕਿ ਸਿੱਖਾਂ ਨੇ ਪੰਜਾਬ ਵਿਚ ਰਾਜ ਵੀ ਕਾਇਮ ਕੀਤਾ ਸੀ, ਇਸ ਲਈ ਦੇਸ਼-ਵੰਡ ਜੇ ਜ਼ਰੂਰੀ ਹੀ ਹੋ ਗਈ ਹੈ ਤਾਂ ਸਿੱਖਾਂ ਨੂੰ ਉਨ੍ਹਾਂ ਦਾ ਹਿੱਸਾ ਦੇਣ ਲਈ ਅੱਧਾ ਪੰਜਾਬ ਉਸ ਪਾਸੇ ਦੇ ਦਿਤਾ ਜਾਵੇ ਜਿਸ ਪਾਸੇ ਸਿੱਖ ਜਾਣਾ ਚਾਹੁਣਗੇ। ਪੰਜਾਬ ਨੂੰ ਬਚਾਉਣ ਦੀ ਇਹ ਲੜਾਈ ਏਨੀ ਸਿਆਣਪ ਨਾਲ ਲੜੀ ਗਈ ਕਿ ਅੰਗਰੇਜ਼ ਨੂੰ ਝੁਕਣਾ ਪਿਆ ਤੇ ਪਾਕਿਸਤਾਨ ਦੇ ਨਕਸ਼ੇ ਵਿਚੋਂ ਅੱਧਾ ਪੰਜਾਬ ਕੱਢ ਕੇ ਸਿੱਖਾਂ ਦੇ ਹਿੱਸੇ ਵਜੋਂ, ਹਿੰਦੁਸਤਾਨ ਨੂੰ ਦੇਣਾ ਪਿਆ। ਲੀਗ ਨੇ ਦੰਗੇ ਫ਼ਸਾਦ ਕੀਤੇ ਤੇ ਕਈ ਸਿੱਖ ਮਾਰੇ ਗਏ ਪਰ ਅੱਧਾ ਪੰਜਾਬ ਬੱਚ ਗਿਆ।
ਮੁਸਲਿਮ ਲੀਗੀਆਂ ਨੂੰ ਮਾਸਟਰ ਤਾਰਾ ਸਿੰਘ ਨਾਲ ਤਾਢੀ ਨਫ਼ਰਤ ਹੋ ਗਈ ਤੇ ਉਨ੍ਹਾਂ ਨੇ ਫ਼ਿਰਕੂ ਨਾਹਰਾ ਬੁਲੰਦ ਕਰ ਦਿਤਾ ਕਿ ‘‘ਤਾਰਾ ਸਿੰਘ ਨੇ ਪਾਕਿਸਤਾਨ ਨੂੰ ਲੰਗੜਾ ਕਰ ਦਿਤਾ ਹੈ, ਇਸ ਲਈ ਇਸ ਦੀ ਸਜ਼ਾ ਇਹ ਦਿਤੀ ਜਾਵੇ ਕਿ ਕਿਸੇ ਵੀ ਸਿੱਖ ਨੂੰ ਜ਼ਿੰਦਾ ਬੱਚ ਕੇ ਇਥੋਂ ਨਾ ਜਾਣ ਦਿਤਾ ਜਾਏ।’’ ਸਿੱਖਾਂ ਉਤੇ ਉਸ ਪਾਸੇ ਬਹੁਤ ਅਤਿਆਚਾਰ ਕੀਤੇ ਗਏ। ਮਾਸਟਰ ਤਾਰਾ ਸਿੰਘ ਦੇ ਪਿੰਡ ਜਾ ਕੇ ਉਨ੍ਹਾਂ ਦਾ ਘਰ ਢਾਹ ਦਿਤਾ ਗਿਆ ਤੇ ਫਿਰ ਹਰ ਮੁਸਲਿਮ ਲੀਗੀ ਨੇ ਮਲਬੇ ਉਤੇ 10-10 ਜੁੱਤੀਆਂ ਮਾਰੀਆਂ।
ਮਾਸਟਰ ਤਾਰਾ ਸਿੰਘ ਅਪਣੇ ਉਸੇ ਘਰ ਦੀ ਹਾਲਤ ਵੇਖਣਾ ਚਾਹੁੰਦੇ ਸਨ। ਉਹ ਅਪਣੇ ਪਿੰਡ ਵਿਚ ਪੁੱਜੇ ਤਾਂ ਉਨ੍ਹਾਂ ਦਾ ਮੁਸਲਮਾਨਾਂ ਵਲੋਂ ਬਹੁਤ ਸਤਿਕਾਰ ਕੀਤਾ ਗਿਆ (ਜਿਵੇਂ ਅਸੀ ਭਾਰਤ ਵਿਚ ਆਏ ਸਰਹੱਦੀ ਗਾਂਧੀ ਕਰ ਕੇ ਜਾਣੇ ਜਾਂਦੇ ਖ਼ਾਨ ਅਬਦੁਲ ਗੁਫ਼ਾਰ ਖ਼ਾਂ ਦਾ ਕੀਤਾ ਸੀ) ਤੇ ਮਾਸਟਰ ਜੀ ਦਾ ਮਕਾਨ ਵੀ ਫਿਰ ਤੋਂ ਉਸਾਰ ਦਿਤਾ।
ਪਾਕਿਸਤਾਨੀ ਮੁਸਲਮਾਨਾਂ ਵਲੋਂ ਮਾਸਟਰ ਤਾਰਾ ਸਿੰਘ ਦੇ ਸ਼ਾਨਦਾਰ ਸਵਾਗਤ ਨੇ ਇਥੇ ਚਰਚਾ ਛੇੜ ਦਿਤੀ ਤੇ ਅਖ਼ਬਾਰਾਂ ਨੇ ਇਹ ਗੱਪ ਵੀ ਹਾਂਕ ਦਿਤੀ ਕਿ ਮਾ. ਤਾਰਾ ਸਿੰਘ ਅਤੇ ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖ਼ਾ ਦੀ ਰਾਤੋ-ਰਾਤ ਰਾਵਲਪਿੰਡੀ ਵਿਚ ਮੁਲਾਕਾਤ ਕਰਵਾਈ ਗਈ ਜਿਸ ਵਿਚ ਖ਼ਾਲਿਸਤਾਨ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਤੇ ਪਾਕਿਸਤਾਨ ਨੇ ਫ਼ੌਜੀ ਮਦਦ ਦਾ ਭਰੋਸਾ ਵੀ ਦਿਤਾ।
ਦੇਸ਼ ਵਿਚ ਤੂਫ਼ਾਨ ਮਚ ਗਿਆ ਤੇ ਹੱਦ ਉਦੋਂ ਹੋ ਗਈ ਜਦੋਂ ਪੰਡਤ ਜਵਾਹਰ ਨਾਲ ਨਹਿਰੂ ਨੇ ਇਸ ‘ਅਖ਼ਬਾਰੀ ਗੱਪ’ ਨੂੰ ਸਹੀ ਮੰਨ ਕੇ ਕਹਿ ਦਿਤਾ ਕਿ ਮਾ. ਤਾਰਾ ਸਿੰਘ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਸਟਰ ਜੀ ਨੇ ਬਿਆਨ ਜਾਰੀ ਕੀਤਾ ਕਿ ਉਹ ਪਾਕਿਸਤਾਨ ਵਿਚ ਕੇਵਲ ਗੁਰਧਾਮਾਂ ਦੀ ਯਾਤਰਾ ਤੇ ਗਏ ਸਨ ਤੇ ਕਿਸੇ ਵੀ ਸਿਆਸਤਦਾਨ ਨਾਲ ਉਨ੍ਹਾਂ ਨੇ ਨਾ ਕੋਈ ਗੱਲਬਾਤ ਕੀਤੀ ਤੇ ਨਾ ਕੋਈ ਮੇਲ ਜੋਲ ਹੀ ਬਣਾਇਆ। ਅਪਣੇ ਪਿੰਡ ਵਿਚ ਉਹ ਜ਼ਰੂਰ ਗਏ ਸਨ ਪਰ ਉਥੇ ਵੀ ਕੋਈ ਸਿਆਸੀ ਬੰਦਾ ਮੌਜੂਦ ਨਹੀਂ ਸੀ।
ਜਵਾਹਰ ਲਾਲ ਨਹਿਰੂ ਨੇ ਖ਼ੁਫ਼ੀਆ ਏਜੰਸੀਆਂ ਨੂੰ ਸੱਚ ਲੱਭਣ ਲਈ ਕਹਿ ਦਿਤਾ। ਖ਼ੁਫ਼ੀਆ ਏਜੰਸੀਆਂ ਨੇ ਪੂਰੀ ਛਾਣ ਬੀਣ ਮਗਰੋਂ ਰੀਪੋਰਟ ਦਿਤੀ ਕਿ ਮਾ. ਤਾਰਾ ਸਿੰਘ ਠੀਕ ਕਹਿੰਦੇ ਹਨ ਕਿ ਉਹ ਪਾਕਿਸਤਾਨ ਵਿਚ ਕਿਸੇ ਸਿਆਸੀ ਬੰਦੇ ਨੂੰ ਨਹੀਂ ਮਿਲੇ ਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਤੇ ਜਵਾਹਰ ਲਾਲ ਨਹਿਰੂ ਨੂੰ ਬੜਾ ਅਫ਼ਸੋਸ ਹੋਇਆ ਕਿ ਉਸ ਨੇ ਗ਼ਲਤ ਅਖ਼ਬਾਰੀ ਖ਼ਬਰਾਂ ਉਤੇ ਵਿਸ਼ਵਾਸ ਕਰ ਕੇ, ਮਾ. ਤਾਰਾ ਸਿੰਘ ਵਰਗੇ ਵੱਡੇ ਕੌਮਪ੍ਰਸਤ ਆਗੂ ਉਤੇ ਗ਼ਲਤ ਇਲਜ਼ਾਮ ਲਾ ਦਿਤਾ ਸੀ। ਸੋ ਨਹਿਰੂ ਨੇ ਗਿ. ਗੁਰਮੁਖ ਸਿੰਘ ਮੁਸਾਫ਼ਰ ਨੂੰ ਕਿਹਾ ਕਿ ਜਿਵੇਂ ਵੀ ਹੋਵੇ, ਉਹ ਮਾ. ਤਾਰਾ ਸਿੰਘ ਨੂੰ ਉਸ ਕੋਲ ਲੈ ਆਉਣ।
ਨਹਿਰੂ ਵਲੋਂ ਮਾਫ਼ੀ ਤੇ ਮਾ: ਤਾਰਾ ਸਿੰਘ ਵਲੋਂ ਜਵਾਬ
ਗਿ: ਗੁਰਮੁਖ ਸਿੰਘ ਮੁਸਾਫ਼ਰ ਨੇ ਬੜੀ ਮੁਸ਼ਕਲ ਨਾਲ ਮਾ: ਤਾਰਾ ਸਿੰਘ ਨੂੰ ਨਹਿਰੂ- ਤਾਰਾ ਸਿੰਘ ਮਿਲਣੀ ਲਈ ਤਿਆਰ ਕੀਤਾ। ਨਹਿਰੂ ਨੇ ਕੋਈ ਲੱਗ ਲਪੇਟ ਰੱਖੇ ਬਗ਼ੈਰ, ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਿਆਂ ਕਿਹਾ, ‘‘ਮਾਸਟਰ ਜੀ ਆਪ ਦੇਸ਼ ਕੇ ਬਹੁਤ ਬੜੇ ਨੇਤਾਉਂ ਮੇਂ ਸੇ ਏਕ ਹੈਂ। ਪਤਾ ਨਹੀਂ ਕੈਸੇ ਮੈਨੇ ਅਖ਼ਬਾਰੀ ਖ਼ਬਰੋਂ ਪਰ ਵਿਸ਼ਵਾਸ ਕਰ ਕੇ, ਆਪ ਪਰ ਲਗਾਏ ਗਏ ਝੂਠੇ ਦੋਸ਼ ਦੁਹਰਾ ਦੀਏ।
ਆਪ ਨੇ ਤੋ ਪੰਜਾਬ ਕੋ ਮੁਸਲਮ ਲੀਗੀਉਂ ਸੇ ਛੀਨ ਕਰ ਹਿੰਦੁਸਤਾਨ ਕੋ ਦਿਲਵਾ ਦੀਆ ਥਾ ਔਰ ਹਮ ਆਪ ਪਰ ਹੀ ਸ਼ੱਕ ਕਰ ਰਹੇ ਹੈਂ। ਬਹੁਤ ਬੁਰੀ ਬਾਤ ਕੀ ਹਮ ਨੇ, ਆਪ ਸੇ ਦੁਬਾਰਾ ਮਾਫ਼ੀ ਮਾਂਗਤਾ ਹੂੰ ਔਰ ਆਪ ਕੋ ਦੇਸ਼ ਕਾ ਉਪ ਰਾਸ਼ਟਰਪਤੀ ਬਨ ਕੇ ਸਾਰੇ ਦੇਸ਼ ਕੀ ਸੇਵਾ ਕਰਨੇ ਕਾ ਨਿਮੰਤਰਨ ਦੇਤਾ ਹੂੰ। ਜਬ ਰਾਸ਼ਟਰਪਤੀ ਕਾ ਅਹੁਦਾ ਖ਼ਾਲੀ ਹੋ ਗਿਆ, ਆਪ ਕੋ ਰਾਸ਼ਟਰਪਤੀ ਬਨਾ ਦੀਆ ਜਾਏਗਾ। ਆਪ ਜੈਸੇ ਮਹਾਨ ਨੇਤਾ ਕੋ ਯਹਾਂ ਆ ਕਰ ਸਾਰੇ ਦੇਸ਼ ਕੀ ਸੇਵਾ ਕਰਨੀ ਚਾਹੀਏ। ਇਸ ਤਰ੍ਹਾਂ ਹਮਸੇ ਜੋ ਗ਼ਲਤੀ ਹੋ ਗਈ, ਉਸ ਕੇ ਲੀਏ ਭੀ ਹਮ ਸਮਝੇਂਗੇ, ਆਪ ਨੇ ਹਮੇਂ ਮਾਫ਼ ਕਰ ਦੀਆ।’’
ਨਹਿਰੂ ਡਰਿਆ ਪਰ ਅਕਾਲੀ ਲੀਡਰ ਨੇ ਵਡੱਪਣ ਵਿਖਾਇਆ
ਮਾ: ਤਾਰਾ ਸਿੰਘ ਏਨਾ ਕਹਿ ਕੇ ਹੀ ਉਠ ਪਏ ਕਿ, ‘‘ਰਾਸ਼ਟਰਪਤੀ ਭਵਨ ਮੇਂ ਬਿਠਾਨੇ ਕੇ ਲੀਏ ਆਪ ਕੇ ਪਾਸ ਬਹੁਤ ਕਾਬਲ ਲੋਗ ਹੈਂ ਪਰ ਪੰਜਾਬ ਕੀ ਸੇਵਾ ਔਰ ਸਿੱਖ ਕੌਮ ਕੀ ਸੇਵਾ ਮੁਝੇ ਹੀ ਕਰਨੇ ਦੀਜੀਏ। ਆਪ ਕੀ ਬਹੁਤ ਬਹੁਤ ਮਿਹਰਬਾਨੀ।’’
ਮਾ: ਤਾਰਾ ਸਿੰਘ ਚਲੇ ਗਏ ਤੇ ਮੁਸਾਫ਼ਰ ਜੀ ਉਨ੍ਹਾਂ ਨੂੰ ਗੇਟ ਤਕ ਛੱਡ ਕੇ ਵਾਪਸ ਆਏ ਤਾਂ ਨਹਿਰੂ ਬੜੇ ਉਦਾਸ ਜਹੇ ਹੋ ਕੇ ਬੋਲੇ, ‘‘ਅਬ ਯੇਹ ਮਾਸਟਰ ਜੀ ਬਾਹਰ ਅਖ਼ਬਾਰੋਂ ਕੋ ਬਤਾ ਦੇਂਗੇ ਕਿ ਮੈਨੇ ਉਨਸੇ ਮਾਫ਼ੀ ਮਾਂਗ ਲੀ ਹੈ ਔਰ ਉਪ-ਰਾਸ਼ਟਰਪਤੀ ਬਨਾਨੇ ਕੀ ਪੇਸ਼ਕਸ਼ ਕੀ ਹੈ।’’
ਮੁਸਾਫ਼ਰ ਜੀ ਬੋਲੇ, ‘‘ਪੰਡਤ ਜੀ, ਅਗਰ ਮੈਂ ਮਾਸਟਰ ਤਾਰਾ ਸਿੰਘ ਕੋ ਠੀਕ ਤਰ੍ਹਾਂ ਸੇ ਜਾਨਤਾ ਹੂੰ ਤੋ ਯੇਹ ਬਹੁਤ ਬੜਾ ਇਨਸਾਨ ਹੈ ਔਰ ਯੇਹ ਪੱਤਰਕਾਰੋਂ ਕੋ ਕੁਛ ਨਹੀਂ ਬਤਾਏਗਾ।’’
ਉਹੀ ਹੋਇਆ। ਪੱਤਰਕਾਰਾਂ ਨੇ ਮਾ: ਤਾਰਾ ਸਿੰਘ ਨੂੰ ਪੁਛਿਆ ‘‘ਨਹਿਰੂ ਜੀ ਨਾਲ ਤੁਹਾਡੀ ਕੀ ਗੱਲਬਾਤ ਹੋਈ?’’ ਤਾਂ ਮਾਸਟਰ ਜੀ ਨੇ ਏਨਾ ਹੀ ਕਿਹਾ, ‘‘ਕੋਈ ਖ਼ਾਸ ਗੱਲ ਨਹੀਂ ਹੋਈ। ਨਹਿਰੂ ਜੀ ਦੇਸ਼ ਦੇ ਕੁੱਝ ਜ਼ਰੂਰੀ ਮਸਲਿਆਂ ਬਾਰੇ ਮੇਰੇ ਵਿਚਾਰ ਜਾਣਨਾ ਚਾਹੁੰਦੇ ਸਨ। ਦੋਸਤਾਨਾ ਮਾਹੌਲ ਵਿਚ ਗੱਪਸ਼ਪ ਹੋਈ ਤੇ ਬੱਸ।’’
ਇਸ ਤਰ੍ਹਾਂ ‘ਖ਼ਾਲਿਸਤਾਨ’ ਦਾ ਨਾਂ ਲੈ ਕੇ ਬੋਲਿਆ ਗਿਆ ਸਿੱਖ-ਵਿਰੋਧੀ ਪਹਿਲਾ ਝੂਠ, ਮਾਫ਼ੀ ਮੰਗ ਲੈਣ ਨਾਲ ਖ਼ਤਮ ਹੋਇਆ ਪਰ ਇਸ ਦੇ ਬਾਵਜੂਦ ਇਹ ਹਰ ਸਿੱਖ ਮੰਗ ਦਾ ਵਿਰੋਧ ਕਰਨ ਲਈ ਫਿਰ ਤੋਂ ਜੰਮ ਪੈਂਦਾ ਰਿਹਾ ਹੈ। ਇਸ ਵਾਰ ਤਾਂ ਕਿਸਾਨਾਂ ਦੇ ਅੰਦੋਲਨ ਤੋਂ ਪਿੱਛਾ ਛੁਡਾਉਣ ਲਈ ਵੀ ਇਹ ਝੂਠ ਦਾ ਹਊਆ ਖੜਾ ਕਰ ਦਿਤਾ ਗਿਆ ਹੈ ਤੇ ਵੱਖ ਵੱਖ ਰਾਜਾਂ ਵਿਚ ਰਹਿੰਦੇ ਹਿੰਦੂ ਨੌਜੁਆਨਾਂ ਨੂੰ ਵੀ ‘ਖ਼ਾਲਿਸਤਾਨ-ਪੱਖੀ’ ਬਣਾ ਦਿਤਾ ਗਿਆ ਹੈ। ਇਹੀ ਹਾਲ ਰਿਹਾ ਤਾਂ ਬੀਜੇਪੀ ਸਰਕਾਰ ਇਕ ਦਿਨ ਮੋਦੀ-ਵਿਰੋਧੀ ਸਾਰੇ ਭਾਰਤੀ ਨੌਜੁਆਨਾ ਨੂੰ ਹੀ ‘ਖ਼ਾਲਿਸਤਾਨ-ਪੱਖੀ’ ਘੋਸ਼ਿਤ ਕਰ ਕੇ ਰਹੇਗੀ।
ਮੇਰੀ ਨਿਜੀ ਡਾਇਰੀ ਦੇ ਪੰਨੇ
-ਜੋਗਿੰਦਰ ਸਿੰਘ