ਕੁੱਝ ਕਿਸਾਨ ਆਗੂ ਕਾਹਲੇ ਨਾ ਪੈ ਜਾਂਦੇ ਤਾਂ ਅੱਜ ਕਿਸਾਨ ਮੋਰਚਾ ਪੰਜਾਬ ਦੇ ਹੀ ਨਹੀਂ, ਸਾਰੇ ਭਾਰਤ  ਦੇ ਚੋਣ ਮੋਰਚੇ ’ਤੇ ਛਾਇਆ ਦਿਸਦਾ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦਿੱਲੀ ਵਿਚ ਸਾਲ ਭਰ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਜਿਸ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ‘ਇਕ’ ਕਰ ਦਿਤਾ

Farmers Victory

 

ਦਿੱਲੀ ਵਿਚ ਸਾਲ ਭਰ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਜਿਸ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ‘ਇਕ’ ਕਰ ਦਿਤਾ ਤੇ ਅਖ਼ੀਰ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ, ਸਾਰੀ ਦੁਨੀਆਂ ਤੋਂ ਵਾਹਵਾਹ ਖੱਟੀ ਤੇ ਹੱਠੀ ਤੇ ਹਠੀਲੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਤਾ, ਉਸ ਦਾ ਨਾਂ ਭਾਵੇਂ ‘ਅੰਦੋਲਨ’ ਹੀ ਸੀ ਪਰ ਕਿਸੇ ਤਰ੍ਹਾਂ ਵੀ ਰੂਸੀ ਇਨਕਲਾਬ ਤੋਂ ਘੱਟ ਨਹੀਂ ਸੀ। ਬਾਬੇ ਨਾਨਕ ਦਾ ਨਾਂ ਲੈ ਕੇ, ਨਿਮਾਣੇ ਤੇ ਨਿਤਾਣੇ ਕਿਸਾਨਾਂ ਨੇ ‘ਨਾਨਕੀ ਇਨਕਲਾਬ’ ਲਿਆ ਦਿਤਾ ਸੀ ਜਿਸ ਵਿਚ ‘ਬੇਗਾਨਾ’ ਕਿਸੇ ਨੂੰ ਨਹੀਂ ਸੀ ਰਹਿਣ ਦਿਤਾ ਤੇ ‘ਸਗਲ ਸੰਗ ਹਮ ਕੋ ਬਨ ਆਈ’ ਦੇ ਹਥਿਆਰ ਨਾਲ, ਖ਼ੂਨ ਦਾ ਇਕ ਕਤਰਾ ਡੋਲ੍ਹੇ ਬਗ਼ੈਰ, ‘ਰਾਜਿਆਂ’ ਨੂੰ ‘ਰੰਕਾਂ’ ਅੱਗੇ ਸਿਰ ਝੁਕਾ ਦੇਣ ਲਈ ਮਜਬੂਰ ਕਰ ਦਿਤਾ ਸੀ। ‘ਰੋਜ਼ਾਨਾ ਸਪੋਕਸਮੈਨ’ ਅਤੇ ‘ਸਪੋਕਸਮੈਨ ਟੀਵੀ’ ਨੇ ਕਈ ਤਰ੍ਹਾਂ ਦੇ ਨੁਕਸਾਨ ਉਠਾ ਕੇ ਵੀ ਇਸ ਇਨਕਲਾਬ ਦੀ ਕਾਮਯਾਬੀ ਵਿਚ ਅਪਣਾ ਹਿੱਸਾ ਪਾਇਆ ਤੇ ਇਸ ਦੀ ਸਫ਼ਲਤਾ ਨੂੰ ਅਪਣੀ ਸਫ਼ਲਤਾ ਵਜੋਂ ਲਿਆ।

ਇਸੇ ਦਾਈਏ ਨਾਲ ਸਪੋਕਸਮੈਨ ਨੇ, ਕੁੱਝ ਕਿਸਾਨ ਆਗੂਆਂ ਦੀ ਨਾਰਾਜ਼ਗੀ ਸਹਿ ਕੇ ਵੀ, ਸੁਨੇਹਾ ਦਿਤਾ ਕਿ ਮੰਗਾਂ ‘ਮਨਵਾ ਕੇ’ ਨਹੀਂ, ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾ ਕੇ ਉਠਿਉ। ਪਰ ਕੁੱਝ ਕਿਸਾਨ ਨੇਤਾ ਅੰਦੋਲਨ ਵਿਚ ਮਿਲੀ ਪ੍ਰਸਿੱਧੀ ਤੇ ਹਰਮਨ-ਪਿਆਰਤਾ ਨੂੰ ‘‘ਕੈਸ਼ ਕਰਨ’’ ਲਈ ਏਨੇ ਕਾਹਲੇ ਪੈ ਗਏ ਸਨ ਕਿ ਉਹ ਕਹਿਣ ਲੱਗ ਪਏ ਕਿ ‘‘ਹੁਣ ਚੋਣਾਂ ਹੋਣ ਵਾਲੀਆਂ ਹਨ ਤਾਂ ਅਸੀ ਏਥੇ ਹੀ ਬੈਠੇ ਰਹੀਏ ਤੇ ਵਜ਼ੀਰ ਉਨ੍ਹਾਂ ਨੂੰ ਬਣਨ ਦਈਏ ਜਿਨ੍ਹਾਂ ਨੇ ਕਿਸਾਨਾਂ ਲਈ ਕੱਖ ਨਹੀਂ ਕੀਤਾ? ਕਿਸਾਨਾਂ ਨੇ ਵੱਡੀ ਕੁਰਬਾਨੀ ਦੇ ਕੇ ਮੋਰਚਾ ਜਿਤਿਆ ਹੈ ਤੇ ਇਸ ਵੇਲੇ ਚੋਣਾਂ ਵਿਚ ਕਿਸਾਨਾਂ ਦੇ ਆਗੂ ਆਸਾਨੀ ਨਾਲ ਐਮ.ਐਲ.ਏ. ਤੇ ਵਜ਼ੀਰ ਬਣ ਸਕਦੇ ਨੇ ਤੇ ਅਸੈਂਬਲੀ ਵਿਚ ਜਾ ਕੇ ਸੱਤਾ ਨੂੰ ਕਿਸਾਨਾਂ ਦੇ ਦੁੱਖ ਕਲੇਸ਼ ਖ਼ਤਮ ਕਰਨ ਦਾ ਕੰਮ ਅਪਣੇ ਹੱਥੀਂ ਕਰ ਸਕਦੇ ਨੇ।

ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਏ ਅਸੀ ਇਥੇ ਬੈਠੇ ਰਹੀਏ ਤੇ ਕਿਸਾਨਾਂ ਦੇ ਦੁਸ਼ਮਣਾਂ ਨੂੰ ਫਿਰ ਤੋਂ ਪੰਜਾਬ ਵਿਚ ਸੱਤਾ ਸੰਭਾਲ ਦਈਏ, ਇਹ ਕਿਥੋਂ ਦੀ ਸਿਆਣਪ ਹੈ? ਮੋਦੀ ਦੀ ਏਨੀ ਹਿੰਮਤ ਨਹੀਂ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਿੱਛੇ ਹੱਟ ਜਾਏ। ਸਾਰੀ ਦੁਨੀਆਂ ਉਸ ਨੂੰ ਲਾਹਨਤਾਂ ਪਾਏਗੀ ਤੇ ਪੰਜਾਬ ਅਸੈਂਬਲੀ ਵਿਚ ਸਾਡੀ ਵਧੀ ਹੋਈ ਤਾਕਤ ਸਾਹਮਣੇ ਉਹ ਕੋਈ ਜ਼ਿਆਦਤੀ ਕਰਨ ਦੀ ਸੋਚੇਗਾ ਵੀ ਤਾਂ ਸਾਡੇ ਕੋਲ ਲੜਨ ਜੋਗੀ ਦੁਗਣੀ ਤਾਕਤ ਇਕੱਠੀ ਹੋ ਚੁੱਕੀ ਹੋਵੇਗੀ।’’ 

ਇਹ ‘ਦਲੀਲਾਂ’ ਕਿਸਾਨਾਂ ਨੂੰ ਜਦ ਇਹ ਸੰਦੇਸ਼ਾ ਦੇਂਦੀਆਂ ਸਨ ਕਿ ਪੰਜਾਬ ਦੀ ਸੱਤਾ ਹੁਣ ਕਿਸਾਨਾਂ ਦਾ ਹੁਕਮ ਮੰਨਣ ਵਾਲੀ ਗੋਲੀ ਬਣਨ ਲਈ ਤਿਆਰ ਹੈ ਤਾਂ ਆਮ ਕਿਸਾਨ ਵੀ ਸੱਤਾ ਦੇ ਨਸ਼ੇ ਦਾ ਹੁਲਾਰਾ ਲੈਣ ਲਗਦੇ ਸਨ ਤੇ ਦੂਜੀ ਗੱਲ ਕਰਨ ਵਾਲਿਆਂ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਸਨ ਕਰਦੇ। ਪਰ ਦਿੱਲੀ ਦੇ ਹਾਕਮ ਕਿਸਾਨਾਂ ਨੂੰ ਵਾਰ ਵਾਰ ‘ਬੇਨਤੀਆਂ’ ਕਰਨ ਵਿਚ ਮਸਰੂਫ਼ ਸਨ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ, ਹੁਣ ਘਰ ਜਾਉ ਤੇ ਬਾਲ ਬੱਚਿਆਂ ਵਿਚ ਬੈਠ ਕੇ ਖ਼ੁਸ਼ੀਆਂ ਮਨਾਉ, ਦਿੱਲੀ ਜਾਂ ਹਰਿਆਣੇ ਦੀਆਂ ਸੜਕਾਂ ’ਤੇ ਬੈਠ ਕੇ ਕਸ਼ਟ ਝੱਲਣ ਦਾ ਕੀ ਫ਼ਾਇਦਾ? ਦਰਅਸਲ ਉਨ੍ਹਾਂ ਨੇ ਕੁੱਝ ਕਿਸਾਨ ਲੀਡਰਾਂ ਦੇ ‘ਵਜ਼ੀਰ ਬਣਨ’ ਦੇ ਸੁਪਨੇ ਨੂੰ ਭਾਂਪ ਲਿਆ ਸੀ ਤੇ ਉਹ ਚਾਹੁੰਦੇ ਸਨ ਕਿ ਇਹ ਚੋਣਾਂ ਲੜਨ, ਇਨ੍ਹਾਂ ਵਿਚ ਫੁੱਟ ਪਵੇ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ, ਜੋ ਇਨ੍ਹਾਂ ਦੇ ਹੱਕ ਵਿਚ ਭੁਗਤ ਰਹੀਆਂ ਸਨ, ਉਨ੍ਹਾਂ ਨਾਲ ਇਨ੍ਹਾਂ ਦਾ ਟਕਰਾਅ ਸ਼ੁਰੂ ਹੋ ਜਾਏ।

ਮੈਂ ਇਸ ਰਾਏ ਦਾ ਸੀ ਕਿ ਏਨੀ ਵੱਡੀ ਕਾਮਯਾਬੀ ਹਾਸਲ ਕਰਨ ਮਗਰੋਂ, ਪੰਜਾਬ ਦੇ ਕਿਸਾਨ ਲੀਡਰ, ਹਮੇਸ਼ਾ ਲਈ, ਦੇਸ਼ ਦੇ ਬਾਕੀ ਕਿਸਾਨ ਲੀਡਰਾਂ ਨਾਲ ਇਕ ਸਾਂਝਾ ‘ਦਬਾਅ ਮੰਚ’ (pressure group) ਬਣਾ ਲੈਣ ਜੋ ਆਪ ਕਦੇ ਵੀ ਚੋਣਾਂ ਨਾ ਲੜਨ ਪਰ ਦੇਸ਼ ਉਤੇ ਮੁੱਠੀ ਭਰ ਪੂੰਜੀਪਤੀਆਂ ਨੂੰ ਕਾਬਜ਼ ਨਾ ਹੋਣ ਦੇਣ (ਜਿਵੇਂ ਹੁਣ ਹੋਏ ਪਏ ਹਨ) ਤੇ ਕਿਸੇ ਇਕ ਪਾਰਟੀ ਵਲ ਝੁਕੇ ਬਗ਼ੈਰ, ਸਾਰੀਆਂ ਪਾਰਟੀਆਂ ਉਤੇ ਹੀ ਅਪਣਾ ਦਬਾਅ ਬਣਾ ਕੇ ਗ਼ਰੀਬ ਦੇ ਹੱਕ ਵਿਚ ਹਵਾ ਖੜੀ ਕਰ ਦੇਣ। ਇਸ ਤੋਂ ਪਹਿਲਾਂ ਇਹ ਦਿੱਲੀ ਵਿਚੋਂ ਉਦੋਂ ਹੀ ਉਠਣ ਜਦੋਂ ਮੰਨੀਆਂ ਗਈਆਂ ਮੰਗਾਂ ਲਾਗੂ ਕਰ ਦਿਤੀਆਂ ਜਾਣ। (ਪੰਜਾਬ ਨਾਲ ਕੀਤੇ ਜਾਂਦੇ ਵਾਅਦੇ ਕਦੇ ਵੀ ਪੂਰੇ ਨਾ ਕਰਨ ਦਾ ਇਤਿਹਾਸ ਏਨਾ ਵੱਡਾ ਹੈ ਕਿ ਇਸ ਤਜਰਬੇ ਨੂੰ ਯਾਦ ਕਰਵਾਉਣ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ) ਜੇ ਇਕ ਮਹੀਨਾ ਹੀ ਕਿਸਾਨ ਰੁਕ ਜਾਂਦੇ ਤਾਂ ਯੂਪੀ ਦੀਆਂ ਚੋਣਾਂ ਵਿਚ ਹਾਰ ਦੇ ਡਰ ਕਾਰਨ, ਮੰਗਾਂ ਲਾਗੂ ਕਰ ਦਿਤੀਆਂ ਜਾਣੀਆਂ ਸਨ।

ਪਰ ਕੁੱਝ ਕਿਸਾਨ ਆਗੂਆਂ ਨੇ ‘‘ਛੇਤੀ ਚਲੋ ਪੰਜਾਬ ਵਿਚ ਸੱਤਾ ’ਤੇ ਕਬਜ਼ਾ ਕਰ ਲਈਏ ਤੇ ਅਪਣੀ ਹੋਣੀ ਦੇ ਮਾਲਕ ਆਪ ਬਣੀਏ’’ ਦਾ ਨਾਹਰਾ ਇਸ ਜੋਸ਼ ਨਾਲ ਲਾਇਆ ਕਿ ਸਾਰੇ ਕਿਸਾਨ ਮੋਰਚਾ ਬੰਦ ਕਰਨ ਲਈ ਤਿਆਰ ਹੋ ਗਏ। ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਅਜੇ ਵੀ ਪੁਤਲੇ ਸਾੜੇ ਜਾ ਰਹੇ ਹਨ ਤੇ.......। ਉਧਰ ਚੋਣ ਮੋਰਚੇ ਵਲ ਵੇਖੋ ਤਾਂ ਅੱਜ ਹਾਲਤ ਇਹ ਹੈ ਕਿ ਕੋਈ ਪਾਰਟੀ ਲਟਕਵੀਂ ਅਸੈਂਬਲੀ ਲਈ ਕੰਮ ਕਰ ਰਹੀ ਹੈ ਤਾਕਿ ਗਵਰਨਰੀ ਰਾਜ ਮਗਰੋਂ ਦੁਬਾਰਾ ਚੋਣਾਂ ਕਰਵਾ ਸਕੇ, ਕੋਈ ਮੁਫ਼ਤ ਵਿਚ ਛਣਕਣੇ ਵੰਡ ਕੇ ਜਿਤਣਾ ਚਾਹੁੰਦੀ ਹੈ, ਕੋਈ ਸੱਪ ਤੇ ਨਿਉਲੇ ਦੇ ਗਠਜੋੜ ’ਚੋਂ ਸੱਤਾ ਲੱਭ ਰਹੀ ਹੈ, ਕੋਈ ਪੰਜਾਬ ਅਤੇ ਪੰਥਕ ਏਜੰਡੇ ਨੂੰ ਬਰਫ਼ ਵਿਚ ਲਗਾ ਕੇ ਸੱਤਾ ਪ੍ਰਾਪਤੀ ਲਈ ਜੂਝ ਰਹੀ ਹੈ, ਕੋਈ ਬਾਬਿਆਂ ਦੇ ਚਰਨੀਂ ਢਹਿ ਕੇ ਸੱਤਾ ਲੈਣੀ ਚਾਹੁੰਦੀ ਹੈ। 

ਇਹ ਹਾਲਤ ਬਿਲਕੁਲ ਹੋਰ ਤਰ੍ਹਾਂ ਦੀ ਹੋਣੀ ਸੀ ਜੇ ਕਿਸਾਨ ਮੋਰਚੇ ਦੇ ਸਾਰੇ ਆਗੂ ਅਪਣੀ ਜਿੱਤ ਦੇ ਇਤਿਹਾਸਕ ਅਰਥਾਂ ਨੂੰ ਸਮਝਦੇ ਤੇ ਪੰਜਾਬ ਦੀ ਸੱਤਾ ਉਤੇ ਨਹੀਂ, ਹਿੰਦੁਸਤਾਨ ਦੀ ਸੱਤਾ ਉਤੇ ‘ਕਿਸਾਨ ਸ਼ਕਤੀ’ ਦਾ ਕਬਜ਼ਾ ਕਰਵਾਉਣ ਦਾ ਪ੍ਰੋਗਰਾਮ ਬਣਾ ਕੇ ਉਠਦੇ। ਦੁਨੀਆਂ ਵਿਚ ਚਰਚਿਤ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲਾ ਕਿਸਾਨ ਆਗੂ ਇਸ ਵੇਲੇ ਕਿਧਰੇ ਨਜ਼ਰ ਨਹੀਂ ਆ ਰਿਹਾ, ਨਾ ਪੰਜਾਬ ਦੇ ਅਸਲ ਮੁੱਦਿਆਂ ਦੀ ਹੀ ਕੋਈ ਗੱਲ ਹੋ ਰਹੀ ਹੈ।