Ucha Dar Babe Nanak Da: ਅਸੀਂ ‘ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ!  ਉਹ ਗਰਜੇ, ‘‘ਛੇ ਮਹੀਨੇ ਨਹੀਂ ਚਲਣ ਦਿਆਂਗੇ!!’’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਸੀ ‘ਉੱਚਾ ਦਰ’ ਸ਼ੁਰੂ ਕੀਤਾ!! ਉਹ ਫਿਰ ਗਰਜੇ, ‘‘ਇਹ ਝੂਠ ਬੋਲਦੇ ਨੇ। ਇਨ੍ਹਾਂ ਨੇ ਕੋਈ ਨਹੀਂ ਬਣਾਣਾ। ਲੋਕਾਂ ਦੇ ਪੈਸੇ ਲੈ ਕੇ ਵਿਦੇਸ਼ ਭੱਜ ਜਾਣਗੇ।

File Photo

Ucha Dar Babe Nanak Da: ਉਨ੍ਹਾਂ ਦੀ ਗਰਜ ਹਰ ਵਾਰ ਕੰਨ-ਪਾੜਵੀਂ ਹੁੰਦੀ ਸੀ -- ‘‘ਅਖ਼ਬਾਰ ਨਹੀਂ ਚਲਣ ਦਿਆਂਗੇ। ... ਉੱਚਾ ਦਰ ਨਹੀਂ ਬਣਨ ਦਿਆਂਗੇ....।’’ਅਸੀ ਇਹ ਪ੍ਰਣ ਲੈ ਕੇ ਇਹ ਦੋਵੇਂ ਕੰਮ ਸ਼ੁਰੂ ਕੀਤੇ ਸਨ ਕਿ ਜਦ ਤਕ ਇਹ ਕਾਰਜ ਸਿਰੇ ਨਹੀਂ ਚੜ੍ਹਦੇ, ਅਸੀ ਇਕ ਪੈਸੇ ਦੀ ਜ਼ਮੀਨ ਜਾਇਦਾਦ ਵੀ ਅਪਣੀ ਨਹੀਂ ਬਣਾਵਾਂਗੇ, ਨਾ ਖ਼ਰੀਦਾਂਗੇ ਤੇ ਸਾਡੀ ਜੇਬ ਵਿਚ ਪਏ ਆਖ਼ਰੀ ਪੈਸੇ ਉਤੇ ਵੀ ਇਨ੍ਹਾਂ ਦੋਹਾਂ ਦਾ ਮੁਕੰਮਲ ਅਧਿਕਾਰ ਹੋਵੇਗਾ, ਸਾਡਾ ਨਹੀਂ।

ਜਦ ਵੀ ਇਹ ਕੋਈ ਨਵਾਂ ਬਿਖੇੜਾ ਸ਼ੁਰੂ ਕਰਦੇ (19 ਸਾਲਾਂ ਵਿਚ ਇਨ੍ਹਾਂ ਨੇ ਇਕ ਨਹੀਂ 19&100 : 1900 ਬਖੇੜੇ ਖੜੇ ਕੀਤੇ ਹੋਣਗੇ ਤਾਕਿ ਅਸੀ ਇਨ੍ਹਾਂ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਈਏ! ਅਸੀ ਹਰ ਵਾਰ ਰੱਬ ਨੂੰ ਹੀ ਪੁਕਾਰਦੇ, ‘‘ਜੇ ਤਾਂ ਸਾਡੇ ਕਿਸੇ ਵੀ ਉੱਦਮ ਵਿਚ ਇਕ ਪੈਸੇ ਜਿੰਨਾ ਵੀ ਕੋਈ ਲਾਲਚ ਜਾਂ ਐਬ ਨਜ਼ਰ ਆਵੇ ਤਾਂ ਬੇਸ਼ੱਕ ਸਫ਼ਲ ਨਾ ਹੋਣ ਦੇਵੀਂ ਦੁਨੀਆਂ ਦੇ ਮਾਲਕਾ!

ਪਰ ਸਾਡੇ ਮਨ ਵਿਚ ਜੇ ਇਕ ਪੈਸੇ ਜਿੰਨਾ ਵੀ ਕੋਈ ਲੋਭ ਲਾਲਚ ਜਾਂ ਨਿਜੀ ਗ਼ਰਜ਼ ਨਾ ਵੇਖੇਂ ਤਾਂ ਫਿਰ ਸਾਡੇ ਵਲੋਂ ਛੋਹੇ ਕੰਮ ਭਾਵੇਂ ਸਾਡੀ ਔਕਾਤ ਨਾਲੋਂ ਬਹੁਤ, ਬਹੁਤ ਤੇ ਬਹੁਤ ਵੱਡੇ ਨੇ ਪਰ ਤੂੰ ਅਪਣੇ ਬੱਚਿਆਂ ਦੀ ਲਾਜ ਜ਼ਰੂਰ ਰੱਖੀਂ ਨਹੀਂ ਤਾਂ ਪੈਸੇ ਅਤੇ ਸੱਤਾ ਦੇ ਹੰਕਾਰ ਨਾਲ ਆਫਰੇ ਹੋਏ ਲੋਕ ਤਾੜੀਆਂ ਮਾਰਨਗੇ ਤੇ ਤੇਰੇ ਭਰੋਸੇ ਲਾਡ ਲਡਾਉਣ ਵਾਲਿਆਂ ਦੇ ਦਿਲ ਟੁਟ ਜਾਣਗੇ।’’

ਕੌਣ ਕਹਿੰਦਾ ਹੈ, ਰੱਬ ਸੁਣਦਾ ਨਹੀਂ? ਇਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਤੋਂ ਵੀ ਪਹਿਲਾਂ ਸੁਣ ਲੈਂਦਾ ਹੈ ਜੇ ਅਸੀ ਰੱਬ ਨੂੰ ਆਵਾਜ਼ ਅਪਣੀ ਚਲਾਕੀ ਤੇ ਅਪਣੀ ਸ਼ਕਤੀ ਦੇ ਸਹਾਰੇ ਨਾ ਮਾਰੀ ਹੋਵੇ ਸਗੋਂ ਅਪਣੇ ਨਿਰਛਲ, ਅਭੋਲ ਤੇ ਸ਼ੁਧ ਹਿਰਦੇ ਨਾਲ ਮਾਰੀ ਹੋਵੇ। ਉਸ ਤੋਂ ਕੁੱਝ ਲੁਕਿਆ ਨਹੀਂ ਹੁੰਦਾ। ਸਾਡੀ ਫ਼ਰਿਆਦ ਵਿਚਲੇ ਮਾੜੇ ਜਿੰਨੇ ਝੂਠ, ਛੱਲ, ਲੋਭ ਅਤੇ ਹੰਕਾਰ ਨੂੰ ਉਸ ਤੋਂ ਲੁਕਾਇਆ ਨਹੀਂ ਜਾ ਸਕਦਾ।

ਜਦ ਪੈਸੇ ਦੀ ਡਾਢੀ ਤੰਗੀ ‘ਉੱਚਾ ਦਰ’ ਦਾ ਰਾਹ ਰੋਕ ਰਹੀ ਸੀ ਤਾਂ ਸਾਡੇ ਕੁੱਝ ਸਾਥੀਆਂ ਨੇ ਮੈਨੂੰ ਸਲਾਹ ਦਿਤੀ ਕਿ ਮੈਂ ਵਿਆਜੀ ਪੈਸਾ ਦੇਣ ਵਾਲੇ ਪਾਠਕਾਂ ਨੂੰ ਇਕ ਆਵਾਜ਼ ਮਾਰਾਂ ਕਿ ਉਹ ਬਾਬੇ ਨਾਨਕ ਦੇ ਬਣ ਰਹੇ ਉੱਚਾ ਦਰ ਲਈ ਵਿਆਜ ਨਾ ਮੰਗਣ, ਅਸਲ ਹੀ ਵਾਪਸ ਕਰਨ ਲਈ ਆਖਣ ਕਿਉਂਕਿ ਕਿਸੇ ਇਕ ਬੰਦੇ ਦੀ ਜਾਇਦਾਦ ਤਾਂ ਬਣ ਨਹੀਂ ਸੀ ਰਹੀ ਤੇ ਜੇ ਉਨ੍ਹਾਂ ਦੀ ਰਕਮ ਕਿਸੇ ਭਲੇ ਕੰਮ ਲਈ ਲੇਖੇ ਲੱਗ ਜਾਂਦੀ ਹੈ ਤਾਂ ਇਹ ਸਹਾਇਤਾ ਵਿਆਜ ਦੀ ਮੁਥਾਜ ਕਿਉਂ ਬਣਾਈ ਜਾਏ ਤੇ 

ਬਾਬੇ ਨਾਨਕ ਦੇ ਘਰ ਦੀ ਉਸਾਰੀ ਲਈ ਕੋਈ ਸਿੱਖ ਅਪਣੀ ਸਹਾਇਤਾ ਲਈ ਵਿਆਜ ਕਿਉਂ ਮੰਗੇ? ਮੈਂ ਅਜਿਹੀ ਅਪੀਲ ਕਰਨ ਤੋਂ ਇਨਕਾਰ ਕਰ ਦਿਤਾ। ਮੈਂ ਕਿਹਾ, ਮੈਂ ਤਾਂ ਜੋ ਵੀ ਮੰਗਣਾ ਹੈ, ਰੱਬ ਕੋਲੋਂ ਹੀ ਮੰਗਾਂਗਾ। ਤੁਸੀ ਇਸ ਨੂੰ ਚਮਤਕਾਰ ਆਖੋ ਜਾਂ ਕੁੱਝ ਹੋਰ ਪਰ ਥੋੜੇ ਦਿਨਾਂ ਮਗਰੋਂ ਹੀ ਟਰੱਸਟ ਨੂੰ ਮੇਰੇ ਪਾਠਕਾਂ ਦੀਆਂ ਚਿੱਠੀਆਂ ਅਪਣੇ ਆਪ ਆਉਣ ਲਗੀਆਂ ਕਿ ਸਰਕਾਰ ਵਲੋਂ ‘ਉੱਚਾ ਦਰ’ ਨੂੰ ਰੋਕਣ ਲਈ ਢਾਹੇ ਜਾ ਰਹੇ ਅੰਨ੍ਹੇ ਜ਼ੁਲਮ ਕਾਰਨ ਅਸੀ ਅਪਣੇ ਬਾਂਡ ਵਾਪਸ ਕਰਦੇ ਹਾਂ ਜੋ ਅਸੀ ਮੁਨਾਫ਼ਾ ਕਮਾਉਣ ਲਈ ਲਏ ਸੀ

ਪਰ ਹੁਣ ਅਸੀ ਇਹ ਬਾਂਡ ਬਾਬੇ ਨਾਨਕ ਦੇ ਚਰਨਾਂ ਵਿਚ ਭੇਟ ਕਰਦੇ ਹਾਂ ਤੇ ਕੋਈ ਪੈਸਾ ਵਾਪਸ ਨਹੀਂ ਮੰਗਾਂਗੇ (ਨਾ ਅਸਲ ਨਾ ਵਿਆਜ) ਕੁੱਝ ਹੋਰ ਪਾਠਕਾਂ ਨੇ ਟਰੱਸਟ ਨੂੰ ਲਿਖਿਆ ਕਿ ਅਸਲ ਰਕਮ ਤਾਂ ਲੈ ਲੈਣਗੇ (ਜਦੋਂ ਉੱਚਾ ਦਰ ਸਫ਼ਲ ਹੋ ਗਿਆ) ਪਰ ਵਿਆਜ ਕਦੇ ਨਹੀਂ ਮੰਗਣਗੇ। ਮੈਂ ਜਾਂ ਟਰੱਸਟ ਵਾਲਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਇਕ ਵਾਰ ਵੀ ਨਹੀਂ ਸੀ ਆਖਿਆ।

ਇਸ ਨੂੰ ਕਿਸ ਦਾ ਚਮਤਕਾਰ ਆਖਾਂ? ਇਨ੍ਹਾਂ ਸੈਂਕੜੇ ਚੰਗੇ ਧਰਮੀਆਂ ਦੀ ਵੱਡੀ ਸੂਚੀ ਛਾਪ ਕੇ ਦਫ਼ਤਰ ਵਿਚ ਦੀਵਾਰ ਉਤੇ ਲਗਾ ਦਿਤੀ ਗਈ ਹੈ। ਬੇਸ਼ੱਕ ਉਨ੍ਹਾਂ ਤੋਂ ਪੁਛ ਲਉ ਜੋ ਮੈਂ ਲਿਖਿਆ ਹੈ, ਠੀਕ ਹੈ ਜਾਂ ਨਹੀਂ। ਨਿਜੀ ਤੌਰ ’ਤੇ ਮੈਂ ਕਿਸੇ ਨੂੰ ਨਹੀਂ ਜਾਣਦਾ। ਰੱਬ ਨੂੰ ਯਾਦ ਕਰਦਿਆਂ ਜਦ ਸੈਂਕੜੇ ਚੰਗੇ ਲੋਕਾਂ ਨੇ ਮੇਰੀ ਗੱਲ ਸੁਣ ਲਈ ਤਾਂ ਮੈਂ ਵਿਆਜ ਦੇ ਲੋਭੀਆਂ ਨੂੰ ਕਿਉਂ ਕੁੱਝ ਆਖਾਂ?

ਰੋਜ਼ਾਨਾ ਸਪੋਕਸਮੈਨ ਨੂੰ ਸਰਕਾਰੀ, ਪੁਜਾਰੀ ਤੇ ਈਰਖਾਲੂ ਸ਼ਕਤੀਆਂ ਦੇ ਅੰਨ੍ਹੇ ਵਿਰੋਧ ਅਤੇ ਜਬਰ ਵਾਲੇ ਮਾਹੌਲ ’ਚੋਂ ਜਿਵੇਂ 19 ਸਾਲ ਤੋਂ ਰੱਬ ਨੇ ਬਚਾਈ ਰਖਿਆ ਹੈ, ਕੀ ਇਸ ਨੂੰ ਚਮਤਕਾਰ ਨਾ ਆਖਾਂ? ਕਿਸ ਦਾ ਚਮਤਕਾਰ? ਇਕੋ ਹੀ ਸ਼ਕਤੀ ਹੈ ਜੋ ਚਮਤਕਾਰ ਵਿਖਾ ਸਕਦੀ ਹੈ ਤੇ ਉਸ ਨੂੰ ਰੱਬ ਕਹਿੰਦੇ ਹਨ। ਮੈਂ ਹੋਰ ਹਰ ‘ਚਮਤਕਾਰੀ’ ਹੋਣ ਦੇ ਦਾਅਵੇਦਾਰ ਨੂੰ ਬਾਬਾ ਨਾਨਕ ਦੇ ਸ਼ਬਦਾਂ ’ਚ ‘ਛੋਡੀਲੇ ਪਾਖੰਡਾ’ ਹੀ ਕਹਿ ਸਕਦਾ ਹਾਂ।

ਉਪਰ ਵਰਣਤ ਜਬਰ ਢਾਹੁਣ ਵਾਲੀਆਂ ਸ਼ਕਤੀਆਂ ਨੂੰ ਇਸ ਸਮੇਂ ਮੈਂ ਇਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ‘ਉੱਚਾ ਦਰ’ ਮਗਰੋਂ ਅਸੀ ਹੋਰ ਵੀ ਵੱਡੀਆਂ ਚੁਨੌਤੀਆਂ ਨੂੰ ਹੱਥ ਪਾਉਣ ਦਾ ਨਿਰਣਾ ਲਿਆ ਹੈ। ਰੱਬ ਦਾ ਵਾਸਤਾ ਜੇ, ਇਸ ਵਾਰ ਸਾਡੇ ਯਤਨਾਂ ਦੀ ਆਦਤੋਂ ਮਜਬੂਰ ਹੋ ਕੇ ਵਿਰੋਧਤਾ ਨਾ ਕਰਿਉ ਕਿਉਂਕਿ ਰੱਬ ਇਸ ਵਾਰ ਤੁਹਾਨੂੰ ਬਖ਼ਸ਼ੇਗਾ ਨਹੀਂ। ਅਸੀ ਰੱਬ ਨੂੰ ਅਪਣਾ ਆਪ ਸੌਂਪ ਕੇ ਤੇ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਕੰਮ ਅਰੰਭਦੇ ਹਾਂ ਤੇ ਉਸ ਰੱਬ ਦੇ ਓਟ ਆਸਰੇ ਬਿਨਾਂ ਹੋਰ ਕਿਸੇ ਵਲ ਨਹੀਂ ਵੇਖਦੇ। ਹੁਣ ਤਕ ਤੁਸੀ ਸਾਡੀ ਔਕਾਤ ਵਲ ਹੀ ਵੇਖਦੇ ਆ ਰਹੇ ਹੋ।

ਹਾਂ ਅਸੀ ਸਾਰੇ ਗ਼ਰੀਬ ਹਾਂ, ਪੈਸੇ ਵਾਲੇ ਨਹੀਂ। ਸਾਡੀ ਔਕਾਤ ਤੁਹਾਡੇ ਸਾਹਮਣੇ ਬਹੁਤ ਬਹੁਤ ਤੇ ਬਹੁਤ ਹੀ ਛੋਟੀ ਹੈ ਪਰ ਸਾਡੇ ਰੱਬ ਦੀ ਔਕਾਤ ਦੇ ਸਾਹਮਣੇ ਦੁਨੀਆਂ ਦੀ ਕਿਸੇ ਵੀ ਹੋਰ ਤਾਕਤ ਦੀ ਕੋਈ ਔਕਾਤ ਨਹੀਂ। ਸਾਡੀ ਔਕਾਤ ਵਲ ਨਾ ਵੇਖਣਾ, ਸਾਡੇ ਨਿਸ਼ਚੇ ਤੇ ਸਾਡੇ ਇਸ਼ਟ ਦੀ ਔਕਾਤ ਜਾਣਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਮਿਟ ਜਾਉਗੇ। ਪੈਸੇ ਉਦੋਂ ਵੀ ਸਾਡੇ ਕੋਲ ਨਹੀਂ ਸਨ, ਅੱਜ ਵੀ ਨਹੀਂ ਹਨ ਪਰ ਇਰਾਦੇ ਉਦੋਂ ਵੀ ਨੇਕ ਸਨ, ਅੱਜ ਵੀ ਨੇੇੇਕ ਹਨ। ਰੱਬ ਜ਼ਰੂਰ ਮਦਦ ਕਰੇਗਾ। 

19 ਸਾਲਾਂ ਵਿਚ ਦੋ ਤਿੰਨ ਲੱਖ ਰੁਪਏ, ਸਾਲ ਦੇ ਬਚਾ ਲੈਣੇ ਮੇਰੇ ਲਈ ਔਖੇ ਨਹੀਂ। ਇਨ੍ਹਾਂ ਨਾਲ ਮੈਂ ਇਕ ਚੰਗਾ ਮਕਾਨ ਖ਼ਰੀਦ ਸਕਦਾ ਸੀ। ਪਰ ਮੈਂ ਅਪਣੇ ਰੱਬ ਅੱਗੇ ਪ੍ਰਣ ਧਾਰ ਕੇ ਕੰਮ ਸ਼ੁਰੂ ਕੀਤਾ ਸੀ ਕਿ ਤੇਰੇ ਸੌਂਪੇ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਅਪਣੀ ਕਿਸੇ ਲੋੜ ਬਾਰੇ ਕਦੀ ਮਨ ਵਿਚ ਵਿਚਾਰ ਵੀ ਨਹੀਂ ਆਉਣ ਦੇਵਾਂਗਾ। 83 ਸਾਲ ਦੀ ਉਮਰ ਵਿਚ ਮੈਂ ਹਰ ਦੋ ਤਿੰਨ ਸਾਲ ਬਾਅਦ ਕਿਰਾਏ ਦਾ ਨਵਾਂ ਘਰ ਲਭਦਾ ਫਿਰਦਾ ਹਾਂ ਪਰ ਮੇਰੇ ਲਈ ਇਹੀ ਰੱਬੀ ਹੁਕਮ ਹੈ।

ਉਹ ਮੇਰੀ ਸੁਣਦਾ ਹੈ, ਮੈਂ ਉਸ ਦੀ ਰਜ਼ਾ ਕਿਉਂ ਨਾ ਮੰਨਾਂ? ਸਾਡੇ ਸਾਹਮਣੇ ਬੈਠੇ ਖੁੰਦਕੀ ਲੋਕ ਕਿਸੇ ਦੀ ਲਗਨ, ਨਿਸ਼ਕਾਮਤਾ ਤੇ ਮੁਕੰਮਲ ਈਮਾਨਦਾਰੀ ਨੂੰ ਨਹੀਂ ਵੇਖ ਸਕਦੇ ਪਰ ਰੱਬ ਸੱਭ ਵੇਖ ਸਕਦਾ ਹੈ ਤੇ ਸੱਚੇ ਲੋਕਾਂ ਦਾ ਹੌਸਲਾ ਡਿਗਣ ਨਹੀਂ ਦੇਂਦਾ। ਇਸ ਸੱਚ ਨੂੰ ਹੁਣ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਹੈ। ਅਗਲੇ ਵੱਡੇ ਪ੍ਰੋਗਰਾਮ ਸਾਰੀ ਮਨੁੱਖ ਜਾਤੀ ਦੇ ਭਲੇ ਵਾਲੇ ਕਾਰਜ ਹੋਣਗੇ, ਉਨ੍ਹਾਂ ਵਿਚ ਵੀ ਮੇਰਾ ਜਾਂ ਮੇਰੇ ਪ੍ਰਵਾਰ ਦਾ ਇਕ ਪੈਸੇ ਜਿੰਨਾ ਵੀ ਕੋਈ ਹਿਤ ਛੁਪਿਆ ਹੋਇਆ ਨਹੀਂ ਹੋਵੇਗਾ। ਅਗਲੇ ਐਤਵਾਰ ਵਿਸਥਾਰ ਨਾਲ ਗੱਲ ਕਰਾਂਗੇ।             
(ਚਲਦਾ)