ਇਕ ਸੀ ਯਹੂਦੀਆਂ ਦਾ ਹਾਲੋਕਾਸਟ ਮਿਊਜ਼ੀਅਮ ਤੇ ਇਕ ਹੈ ਬਾਬੇ ਨਾਨਕ ਦਾ ਉੱਚਾ ਦਰ - ਜ਼ਰਾ ਫ਼ਰਕ ਤਾਂ ਵੇਖੋ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦਿਲ ਟੁਟ ਜਾਂਦਾ ਹੈ ਜਦੋਂ ਅਪਣਾ ਸੱਭ ਕੁੱਝ ਦੇ ਕੇ ਵੀ ਪਾਠਕਾਂ ਨੂੰ ਮਾਇਆ ਦੀ ਛੋਟੀ ਜਹੀ ਕੁਰਬਾਨੀ ਦੇਣੋਂ ਵੀ ਪਾਸਾ ਵਟਦੇ ਵੇਖਦਾ ਹਾਂ।

Ucha Dar Babe Nanak Da

ਦਿਲ ਟੁਟ ਜਾਂਦਾ ਹੈ ਜਦੋਂ ਅਪਣਾ ਸੱਭ ਕੁੱਝ ਦੇ ਕੇ ਵੀ ਪਾਠਕਾਂ ਨੂੰ ਮਾਇਆ ਦੀ ਛੋਟੀ ਜਹੀ ਕੁਰਬਾਨੀ ਦੇਣੋਂ ਵੀ ਪਾਸਾ ਵਟਦੇ ਵੇਖਦਾ ਹਾਂ। ਰੱਬ ਹੀ ਜਾਣਦਾ ਹੈ, 95% ਕੰਮ ਅਸੀ ਕਿਵੇਂ ਪੂਰਾ ਕੀਤਾ ਤੇ ਕਿਹੜੇ-ਕਿਹੜੇ ਮਾੜੇ ਦਿਨ ਵੇਖੇ-- ਪਰ 5% ਬਾਕੀ ਰਹਿੰਦੇ ਕੰਮ ਨੂੰ ਸਾਰੇ ਬਣ ਚੁੱਕੇ ਮੈਂਬਰ ਤੇ ਸਪੋਕਸਮੈਨ ਦੇ ਪਾਠਕ ਵੀ ਚੱਪਾ ਚੱਪਾ ਹਿੱਸਾ ਦੇ ਕੇ ਪੂਰਾ ਕਰਨ ਦੀ ਹਿੰਮਤ ਨਹੀਂ ਜੁਟਾ ਸਕਦੇ?

ਅਪਣੀ ਅਮਰੀਕਾ ਯਾਤਰਾ ਦੌਰਾਨ ਮੈਂ ਯਹੂਦੀਆਂ ਦਾ ਹਾਲੋਕਾਸਟ (ਘਲੂਘਾਰਾ) ਮਿਊਜ਼ੀਅਮ ਵੇਖਣ ਚਲਾ ਗਿਆ। ਨਿਮਰਤ ਵੀ ਮੇਰੇ ਨਾਲ ਸੀ। ਅਸੀ ਪੌੜੀਆਂ ਚੜ੍ਹ ਕੇ ਹਾਲ ਦੇ ਬਾਹਰ ਪਹੁੰਚੇ ਤਾਂ ਸਾਹਮਣੇ ਦੀਵਾਰ ਉਤੇ ਇਕ ਵਿਅਕਤੀ ਦੀ ਆਦਮ ਕਦ ਜਾਂ ਉਸ ਤੋਂ ਵੀ ਵੱਡੀ ਫ਼ੋਟੋ ਲੱਗੀ ਹੋਈ ਸੀ। ਉਸ ਦੇ ਹੇਠਾਂ ਲਿਖਿਆ ਹੋਇਆ ਸੀ ਕਿ ਇਹ ਵਿਅਕਤੀ 'ਹਾਲੋਕਾਸਟ' ਮਿਊਜ਼ੀਅਮ ਦਾ ਬਾਨੀ ਹੈ ਤੇ ਇਸ ਨੇ ਮਿਊਜ਼ੀਅਮ ਦਾ ਵਿਚਾਰ ਕੌਮ ਨੂੰ ਦੇ ਕੇ ਦਾਅਵਾ ਕੀਤਾ ਸੀ ਕਿ ਉਸ ਦਾ ਇਹ ਯਤਨ ਕਾਮਯਾਬ ਹੋ ਜਾਏ ਤਾਂ ਯਹੂਦੀ ਕੌਮ ਦਾ ਅਕਸ, ਜੋ ਈਸਾਈਆਂ (ਖ਼ਾਸ ਤੌਰ ਤੇ ਜਰਮਨਾਂ ਨੇ) ਬਹੁਤ ਵਿਗਾੜਿਆ ਹੋਇਆ ਸੀ, ਉਹ ਬੜਾ ਵਧੀਆ ਬਣ ਜਾਵੇਗਾ (ਉਸ ਦਾ ਨਾਂ ਮੈਨੂੰ ਯਾਦ ਨਹੀਂ ਆ ਰਿਹਾ)।

ਉਥੇ ਮੌਜੂਦ ਇਕ ਸਹਾਇਕ ਨੂੰ ਮੈਂ ਪੁਛਿਆ ਕਿ ''ਇਸ ਬੰਦੇ ਨੇ ਇਸ ਯਹੂਦੀ ਮਿਊਜ਼ੀਅਮ ਤੇ ਪੈਸੇ ਕਿੰਨਾ ਖ਼ਰਚਿਆ ਸੀ?'' ਸਹਾਇਕ ਦਾ ਜਵਾਬ ਸੀ, ''ਕਾਹਦਾ ਪੈਸਾ? ਇਸ ਨੇ ਯਹੂਦੀ ਕੌਮ ਦਾ ਅਕਸ ਚੰਗਾ ਬਣਾਉਣ ਲਈ ਏਨਾ ਵਧੀਆ ਵਿਚਾਰ ਦਿਤਾ ਸੀ ਤਾਂ ਕੀ ਯਹੂਦੀ ਕੌਮ ਏਨੀ ਗਈ ਗੁਜ਼ਰੀ ਕੌਮ ਹੈ ਕਿ ਉਸ ਨੂੰ ਪੈਸਾ ਵੀ ਅਪਣੇ ਕੋਲੋਂ ਖ਼ਰਚਣ ਦੇਂਦੀ? ਨਹੀਂ, ਯਹੂਦੀ ਕੌਮ ਨੇ ਇਸ ਨੂੰ ਇਕ ਪੈਸਾ ਵੀ ਅਪਣੇ ਕੋਲੋਂ ਨਹੀਂ ਸੀ ਖ਼ਰਚਣ ਦਿਤਾ। ਇਸ ਨੇ ਖ਼ਰਚੇ ਦਾ ਸਾਰਾ ਬਿਉਰਾ ਬਣਾ ਦਿਤਾ ਜਿਸ ਨੂੰ ਯਹੂਦੀਆਂ ਨੇ ਪ੍ਰਵਾਨ ਕਰ ਲਿਆ।

ਪ੍ਰਵਾਨਗੀ ਦੇ ਨਾਲ ਹੀ ਜਿੰਨਾ ਪੈਸਾ ਉਸ ਨੇ ਮੰਗਿਆ ਸੀ, ਉਹ ਆਪ ਇਕੱਠਾ ਕਰ ਕੇ ਉਸ ਨੂੰ ਦੇ ਦਿਤਾ। ਉਸ ਨੇ ਅਪਣੀ ਦੇਖ ਰੇਖ ਹੇਠ ਦੁਨੀਆਂ ਦਾ ਪਹਿਲਾ ਯਹੂਦੀ ਮਿਊਜ਼ੀਅਮ ਤਿਆਰ ਕਰ ਦਿਤਾ ਜਿਸ ਨੂੰ ਵੇਖ ਕੇ ਸਾਰੇ ਲੋਕ ਬਹੁਤ ਖ਼ੁਸ਼ ਹੋਏ ਤੇ ਇਸ ਖ਼ੁਸ਼ੀ ਵਿਚ ਉਸ ਦੀ ਉਮਰ ਭਰ ਲਈ ਪ੍ਰਧਾਨ ਮੰਤਰੀ ਜਿੰਨੀ ਤਨਖ਼ਾਹ ਲਗਾ ਦਿਤੀ ਜਿਸ ਨਾਲ ਉਹ ਸੁਖੀ ਜੀਵਨ ਬਤੀਤ ਕਰ ਸਕੇ ਤੇ ਅਪਣੀ ਕੌਮ ਦੇ ਭਲੇ ਦੀ ਹੋਰ ਕੋਈ ਗੱਲ ਵੀ ਸੋਚ ਸਕੇ।''

ਸੋ ਕੌਮ ਦੇ ਭਲੇ ਦਾ ਇਕ ਵਿਚਾਰ ਦੇ ਕੇ ਹੀ ਅਪਣੇ ਕੋਲੋਂ ਇਕ ਪੈਸਾ ਦਿਤੇ ਬਗ਼ੈਰ, ਯਹੂਦੀ ਭਾਈ ਉਮਰ ਭਰ ਲਈ ਚਿੰਤਾ-ਮੁਕਤ ਵੀ ਹੋ ਗਿਆ ਤੇ ਕੌਮ ਵੀ ਹਮੇਸ਼ਾ ਲਈ ਉਸ ਦੀ ਰਿਣੀ ਹੋ ਗਈ।
ਏਧਰ ਜ਼ਰਾ 'ਉੱਚਾ ਦਰ' ਦੀ ਕਹਾਣੀ ਵੇਖੋ। ਮੈਂ ਕਿਹਾ ਬਾਬਾ ਨਾਨਕ ਸਾਨੂੰ ਅਜਿਹਾ ਕੀਮਤੀ ਖ਼ਜ਼ਾਨਾ ਦੇ ਗਿਆ ਹੈ ਜਿਸ ਨੂੰ ਗੁਰਦਵਾਰਿਆਂ, ਡੇਰਿਆਂ ਤੇ ਸਿਆਸਤਦਾਨਾਂ ਨੇ ਮਾਇਆ ਲੁੱਟਣ ਤੇ ਆਮ ਮਨੁੱਖ ਨੂੰ 'ਅੰਧੀ ਰਈਅਤ' ਬਣਾਈ ਰੱਖਣ ਲਈ, ਪੁਰਾਣੇ ਧਰਮਾਂ ਦੇ ਪੁਜਾਰੀਆਂ ਵਾਂਗ ਹੀ, ਵਰਤਣਾ ਜਾਰੀ ਰਖਿਆ ਹੈ ਜਦਕਿ ਨਾਨਕੀ ਫ਼ਲਸਫ਼ੇ ਨੂੰ ਇਸ ਦੇ ਸਹੀ ਰੂਪ ਵਿਚ ਪੇਸ਼ ਕੀਤਾ ਜਾਵੇ ਤਾਂ ਸਾਰੀ ਦੁਨੀਆਂ ਵਿਚ ਤੁਹਾਡਾ ਸਤਿਕਾਰ ਵੀ ਵਧੇਗਾ ਤੇ ਦੁਨੀਆਂ ਨੂੰ ਵੀ ਉਹ ਦਵਾਈ (ਰੂਹ ਦੀ) ਮਿਲ ਜਾਏਗੀ ਜਿਹੜੀ ਉਸ ਨੂੰ ਹੁਣ ਤਕ ਕਿਧਰੋਂ ਨਹੀਂ ਮਿਲੀ।

ਸਪੋਕਸਮੈਨ ਦੇ ਪਾਠਕਾਂ ਨੂੰ ਇਹ ਗੱਲ ਸਮਝਾਉਣ ਲਈ ਮੈਂ ਕਈ ਸਾਲ ਲਗਾਏ ਤੇ ਜਦੋਂ ਸੱਭ ਨੇ ਜ਼ੋਰਦਾਰ ਹਾਮੀ ਭਰ ਦਿਤੀ ਤਾਂ ਅਸੀ ਜੀ.ਟੀ. ਰੋਡ ਤੇ ਜ਼ਮੀਨ ਖ਼ਰੀਦ ਲਈ। ਪਹਿਲੇ ਸਮਾਗਮ ਵਿਚ ਹੀ ਮੈਂ ਸਪੱਸ਼ਟ ਐਲਾਨ ਕਰ ਦਿਤਾ ਸੀ ਕਿ ਮੇਰੇ ਕੋਲ ਜੋ ਕੁੱਝ ਸੀ, ਉਹ ਮੈਂ ਅਖ਼ਬਾਰ ਕੱਢਣ ਲਈ ਲਗਾ ਦਿਤਾ ਹੈ, ਇਸ ਲਈ ਖ਼ਰਚਾ 60 ਕਰੋੜ ਦਾ ਜੋ ਆਉਣਾ ਹੈ, ਉਹ ਤੁਸੀ ਹੀ ਦੇਣਾ ਹੈ, ਮੇਰੇ ਕੋਲ ਕੁੱਝ ਨਹੀਂ ਜੇ।''

ਸਾਰਿਆਂ ਨੇ ਦੋ-ਦੋ ਬਾਹਵਾਂ ਖੜੀਆਂ ਕਰ ਕੇ ਜੈਕਾਰੇ ਛੱਡ ਦਿਤੇ। ਮੈਂ ਦੁਬਾਰਾ ਸਟੇਜ ਤੇ ਜਾ ਕੇ ਕਿਹਾ, ''ਚਲੋ ਅਖ਼ਬਾਰ ਨੂੰ ਵਰਤ ਕੇ ਅੱਧੇ ਹਿੱਸਾ ਦਾ ਇਤਜ਼ਾਮ ਮੈਂ ਕਰ ਦਿਆਂਗਾ, ਬਾਕੀ ਅੱਧੇ ਹਿੱਸੇ ਦਾ ਤੁਸੀ ਕਰਨੋਂ ਪਿੱਛੇ ਨਾ ਹਟਣਾ।'' ਫਿਰ ਜੈਕਾਰੇ ਗੂੰਜਣ ਲੱਗੇ ਤੇ ਕੁੱਝ ਸੱਜਣ ਸਟੇਜ ਤੇ ਆ ਕੇ ਇਹ ਵੀ ਐਲਾਨ ਕਰ ਗਏ ਕਿ, ''ਅਸੀ ਸ. ਜੋਗਿੰਦਰ ਸਿੰਘ ਨੂੰ ਇਕ ਪੈਸਾ ਵੀ ਨਹੀਂ ਪਾਉਣ ਦੇਣਾ ਤੇ ਸਾਰਾ ਪੈਸਾ ਅਸੀ ਆਪ ਦੇਵਾਂਗੇ। ਸ. ਜੋਗਿੰਦਰ ਸਿੰਘ ਨੇ ਜ਼ਮੀਨ ਲੈ ਦਿਤੀ ਹੈ, ਏਨਾ ਹੀ ਕਾਫ਼ੀ ਹੈ।''

ਸਾਰੀਆਂ ਤਕਰੀਰਾਂ ਦੀ ਰੀਕਾਰਡਿੰਗ ਮੇਰੇ ਕੋਲ ਮੌਜੂਦ ਹੈ। ਉਸ ਤੋਂ ਅਗਲਾ ਸੱਚ ਇਹ ਵੀ ਹੈ ਕਿ 8-10 ਸਾਲ ਮਗਰੋਂ ਵੀ ਪਾਠਕਾਂ ਦਾ ਅੱਧ ਵੀ ਚੌਥੇ ਹਿੱਸੇ ਤੋਂ ਅੱਗੇ ਨਹੀਂ ਟੱਪ ਸਕਿਆ ਤੇ ਦੇਰ ਹੋ ਜਾਣ ਕਾਰਨ, 60 ਕਰੋੜ ਦਾ ਪ੍ਰਾਜੈਕਟ, 100 ਕਰੋੜ ਤੇ ਪੁੱਜ ਗਿਆ ਹੈ। ਬੈਂਕਾਂ ਤੇ ਉਧਾਰੀ ਰਕਮ ਦੇਣ ਵਾਲੇ ਪਾਠਕਾਂ ਦਾ ਵਿਆਜ ਪੈ ਕੇ ਖ਼ਰਚਾ ਵਧਣਾ ਹੀ ਸੀ। 80 ਫ਼ੀ ਸਦੀ ਪੈਸੇ ਦਾ ਪ੍ਰਬੰਧ ਹੁਣ ਤਕ ਅਖ਼ਬਾਰ ਨੇ ਹੀ ਕੀਤਾ ਹੈ ਤੇ ਬੀਬੀ ਜਗਜੀਤ ਕੌਰ ਹੀ ਅਖ਼ਬਾਰ ਨੂੰ ਨਚੋੜ-ਨਚੋੜ ਕੇ, ਉੱਚਾ ਦਰ ਲਈ ਪੈਸਾ ਦੇਂਦੀ ਰਹੀ ਹੈ।

ਜੇਕਰ ਇਕੱਲੀ ਜਗਜੀਤ ਕੌਰ ਹੀ ਇਹ ਸੇਵਾ ਨਾ ਕਰਦੀ ਤਾਂ ਹੁਣ ਤਕ ਉੱਚਾ ਦਰ ਦੀ ਜ਼ਮੀਨ ਤੇ 10ਵਾਂ ਹਿੱਸਾ ਵੀ ਉਸਾਰੀ ਨਹੀਂ ਸੀ ਹੋਈ ਹੋਣੀ। ਫਿਰ ਪਾਠਕਾਂ ਕੋਲੋਂ ਉਧਾਰ ਪੈਸਾ ਫੜਿਆ ਗਿਆ, ਇਸ ਯਕੀਨ ਨਾਲ ਕਿ ਇਹ ਉਦੋਂ ਹੀ ਵਾਪਸ ਮੰਗਣਗੇ ਜਦ 'ਉੱਚਾ ਦਰ' ਚਾਲੂ ਹੋ ਗਿਆ। ਪਰ ਉਹ ਤਾਂ ਵਿਚੋਂ ਹੀ ਕਾਹਲੇ ਪੈ ਗਏ ਤੇ ਉਨ੍ਹਾਂ ਦੀ ਇਕੋ ਹੀ ਦਲੀਲ ਹੁੰਦੀ ਸੀ, ''ਸਾਨੂੰ ਨਹੀਂ ਪਤਾ ਜੀ, ਉੱਚਾ ਦਰ ਬਣਦਾ ਹੈ ਜਾਂ ਨਹੀਂ, ਸਾਨੂੰ ਤਾਂ ਅਪਣਾ ਪੈਸਾ ਹੁਣੇ ਵਾਪਸ ਚਾਹੀਦੈ।'' ਦੁਨੀਆਂ ਭਰ ਦਾ ਤਜਰਬਾ ਹੈ ਕਿ ਕੌਮੀ ਜਾਇਦਾਦ ਲਈ ਪੈਸਾ ਦਿਤਾ ਜਾਏ ਤਾਂ ਉਸ ਦੇ ਮੁਕੰਮਲ ਹੋਣ ਤਕ ਬਿਲਕੁਲ ਨਹੀਂ ਕੱਢੀਦਾ। ਪਰ ਸਿੱਖ ਇਸ ਨੂੰ ਨਹੀਂ ਮੰਨਦੇ।

ਪਾਠਕਾਂ ਨੇ 15 ਕਰੋੜ ਹੁਣ ਤਕ ਉਸਾਰੀ ਲਈ ਦਿਤਾ ਹੈ ਤੇ ਉਧਾਰ ਦੇਣ ਵਾਲੇ ਪਾਠਕਾਂ ਨੇ ਸੂਦ ਸਮੇਤ 40-45 ਕਰੋੜ ਵਾਪਸ ਵੀ ਲੈ ਲਿਆ ਹੈ। ਲੰਮੀ ਕਹਾਣੀ ਹੈ ਜਿਸ ਵਿਚ ਮੈਨੂੰ ਚਾਰੇ ਪਾਸਿਆਂ ਤੋਂ ਕੌੜੀਆਂ ਗੱਲਾਂ ਹੀ ਸੁਣਨੀਆਂ ਪਈਆਂ। ਅਪਣਾ ਸੱਭ ਕੁੱਝ ਦੇ ਚੁੱਕਣ ਮਗਰੋਂ ਵੀ ਅਜਿਹੇ ਲੋਕ ਮੇਰੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਸਨ ਜਿਵੇਂ ਮੈਂ ਕੋਈ ਵੱਡਾ ਪਾਪ ਕਰ ਦਿਤਾ ਹੈ ਅਪਣੀ ਕੌਮ ਦਾ ਅਕਸ ਠੀਕ ਕਰਨ ਦਾ ਯਤਨ ਕਰ ਕੇ। ਚਲੋ 95 ਫ਼ੀ ਸਦੀ ਕੰਮ, ਜਿਵੇਂ ਵੀ ਨਿਪਟਿਆ, ਨਿਪਟ ਹੀ ਗਿਆ ਹੈ। 5 ਫ਼ੀ ਸਦੀ ਕੰਮ ਹੀ ਰਹਿ ਗਿਆ ਹੈ ਜੋ ਅਖ਼ੀਰ ਤੇ ਹੀ ਕਰਨਾ ਹੁੰਦਾ ਹੈ। ਮੈਨੂੰ ਕਦੇ ਕੋਈ ਚਿੱਠੀ ਨਹੀਂ ਆਈ ਕਿ ''ਕੀ ਕਮੀ ਰਹਿ ਗਈ ਹੈ? ਸਾਡੀ ਸੇਵਾ ਲਾਉ, ਅਸੀ ਖਿੜੇ ਮੱਥੇ ਕੌਮੀ ਕਾਰਜ ਦੀ ਸੇਵਾ ਅਪਣੇ ਉਪਰ ਲਵਾਂਗੇ।''

ਜਿਹੜੇ ਮੈਂਬਰ ਬਣ ਚੁੱਕੇ ਹਨ, ਉਹ ਵੀ ਕਦੇ ਨਹੀਂ ਪੁਛਦੇ ਕਿ ਸਾਡੀ ਹੋਰ ਸੇਵਾ ਲਗਾਉ ਜਿਸ ਨਾਲ ਉੱਚਾ ਦਰ ਛੇਤੀ ਚਾਲੂ ਹੋ ਜਾਏ? ਚਿੱਠੀਆਂ ਲਿਖਦੇ ਹਾਂ ਕਿ ਹਰ ਮਹੀਨੇ ਕੁੱਝ ਨਾ ਕੁੱਝ (ਜੋ ਬਣਦਾ ਸਰਦਾ ਹੋਵੇ) ਜ਼ਰੂਰ ਭੇਜੋ ਤੇ ਅਗਲੇ ਛੇ ਮਹੀਨੇ ਜ਼ਰੂਰ ਭੇਜੋ ਤਾਕਿ 5% ਬਾਕੀ ਦਾ ਕੰਮ ਵੀ ਸਿਰੇ ਚੜ੍ਹ ਜਾਏ। 3000 ਚਿੱਠੀਆਂ ਭੇਜੀਆਂ ਸਨ। 10 ਮੈਂਬਰਾਂ ਨੇ ਵੀ ਜਵਾਬ ਨਹੀਂ ਭੇਜਿਆ, ਪੈਸੇ ਭੇਜਣ ਦੀ ਤਾਂ ਗੱਲ ਹੀ ਕੀ ਕਰਨੀ ਹੋਈ।

ਸਪੋਕਸਮੈਨ ਦੇ ਲੱਖਾਂ ਪਾਠਕਾਂ ਤੇ 'ਉੱਚਾ ਦਰ' ਦੇ ਹਜ਼ਾਰਾਂ ਮੈਂਬਰਾਂ ਵਿਚੋਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕਿ 'ਉੱਚਾ ਦਰ' ਚਾਲੂ ਹੁੰਦਾ ਹੈ ਜਾਂ ਨਹੀਂ। ਇਸ ਦੇ ਵਿਰੋਧੀ ਜ਼ਰੂਰ ਪੁਛਦੇ ਰਹਿੰਦੇ ਹਨ ਪਰ ਜਿਹੜੇ ਹਮਾਇਤੀ ਬਣ ਕੇ ਅੱਗੇ ਆਏ ਸਨ, ਉਨ੍ਹਾਂ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਉੱਚਾ ਦਰ ਚਾਲੂ ਹੋਵੇ ਨਾ ਹੋਵੇ, ਕਿਸੇ ਨੂੰ ਕੋਈ ਫ਼ਿਕਰ ਨਹੀਂ। ਮਾਇਆ ਦੇਣ ਦੀ ਗੱਲ ਕਰਨ ਲੱਗੋ ਤਾਂ ਕਾਂਟਾ ਬਦਲ ਲੈਂਦੇ ਹਨ। ਮੈਨੂੰ ਯਕੀਨ ਨਹੀਂ ਆਉਂਦਾ ਕਿ ਜਿਸ ਸੰਸਥਾ ਦਾ 95% ਕੰਮ ਅਸੀ ਅਪਣੇ ਆਪ ਨੂੰ ਖ਼ਤਰਿਆਂ ਵਿਚ ਪਾ ਕੇ ਪੂਰਾ ਕਰ ਦਿਤਾ ਹੈ, ਉਸ ਦਾ 5% ਕੰਮ ਵੀ ਸਪੋਕਸਮੈਨ ਦੇ ਪਾਠਕ ਤੇ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਮੈਂਬਰ ਅਪਣੇ ਉਪਰ ਨਹੀਂ ਲੈ ਸਕਦੇ?

ਇਹ ਨਹੀਂ ਕਿ ਉਨ੍ਹਾਂ ਕੋਲ ਪੈਸਾ ਨਹੀਂ। ਪੈਸਾ ਤਾਂ ਹੈ ਪਰ ਜਿਗਰਾ ਨਹੀਂ। ਕੋਰੋਨਾ ਵਰਗੀ ਬੀਮਾਰੀ ਕੁੱਝ ਦਿਨਾਂ ਵਿਚ ਵੱਡੇ ਵਪਾਰੀਆਂ ਨੂੰ ਵੀ ਕੰਗਾਲ ਬਣਾ ਕੇ ਰੱਖ ਗਈ ਹੈ। ਨਾ ਕਰਦੀ ਤਾਂ ਵੀ ਕੀ ਇਨ੍ਹਾਂ ਕਰੋੜਪਤੀਆਂ ਨੇ ਉੱਚਾ ਦਰ ਵਰਗੇ ਧਰਮ ਕਰਮ ਦੇ ਕੰਮਾਂ ਲਈ ਕੁੱਝ ਦੇਣਾ ਸੀ? ਬਿਲਕੁਲ ਨਹੀਂ ਸੀ ਦੇਣਾ। ਜਿਨ੍ਹਾਂ ਨੇ ਚੰਗੇ ਕੰਮ ਲਈ ਦੇਣਾ ਹੁੰਦਾ ਹੈ, ਉਹ ਹੁਣ ਵੀ ਦੇ ਰਹੇ ਹਨ। ਬਾਕੀ ਤਾਂ ਦੇਣੋਂ ਬਚਣ ਦੇ ਬਹਾਨੇ ਲੱਭਣ ਲਗਦੇ ਹਨ। ਅੱਜ ਦੀ ਡਾਕ ਵੇਖ ਰਿਹਾ ਹਾਂ ਤਾਂ ਪਟਿਆਲਾ ਦੀ ਬੀਬੀ ਸਿਮਰਦੀਪ ਕੌਰ ਨੇ ਅੱਜ ਹੀ ਇਕ ਲੱਖ ਰੁਪਿਆ ਭੇਜਿਆ ਹੈ।

ਚੰਡੀਗੜ੍ਹ ਤੋਂ ਸ. ਬੂਆ ਸਿੰਘ ਸੇਖੋਂ ਹਰ ਮਹੀਨੇ ਆਪ ਆ ਕੇ ਅਪਣੀ ਪੈਨਸ਼ਨ ਵਿਚੋਂ 20 ਹਜ਼ਾਰ ਰੁਪਏ ਦੇ ਜਾਂਦੇ ਹਨ। ਕਰਨਲ ਹਰਮਹਿੰਦਰ ਸਿੰਘ (ਰੀਟਾ.) ਨੇ ਅਪਣੇ ਘਰ ਦੇ ਤਿੰਨ ਜੀਆਂ (ਤਿੰਨੇ ਉੱਚਾ ਦਰ ਦੇ ਮੈਂਬਰ ਹਨ) ਵਲੋਂ 13,500 ਰੁਪਏ ਭੇਜੇ ਹਨ ਤੇ ਲਿਖਿਆ ਹੈ ਕਿ ਹਰ ਮੈਂਬਰ ਇਸੇ ਤਰ੍ਹਾਂ ਜਿੰਨੇ ਵੀ ਸੰਭਵ ਹੋਣ, ਭੇਜਦਾ ਰਹੇ ਤਾਂ 5 ਕਰੋੜ ਤਾਂ ਇਨ੍ਹਾਂ ਛੋਟੇ-ਛੋਟੇ ਉਪਰਾਲਿਆਂ ਨਾਲ 6 ਮਹੀਨਿਆਂ ਵਿਚ ਇਕੱਠੇ ਹੋ ਜਾਂਦੇ ਹਨ।

ਹੋ ਤਾਂ ਸੱਭ ਕੁੱਝ  ਸਕਦਾ ਹੈ (95% ਹੋਇਆ ਵੀ ਹੈ) ਪਰ ਦਿਲ ਵੱਡਾ ਕਰਨਾ ਪੈਂਦਾ ਹੈ। ਬਾਬੇ ਨਾਨਕ ਦੇ ਦਰ ਲਈ ਥੋੜੀ ਜਹੀ ਰਕਮ ਭੇਜਣ ਲਈ ਵੀ ਸਿੱਖਾਂ ਦਾ ਦਿਲ ਡਗਮਗਾ ਜਾਂਦਾ ਹੈ ਜਦਕਿ ਦੰਭੀ ਬਾਬੇ ਇਨ੍ਹਾਂ ਨੂੰ ਦੋਹੀਂ ਹੱਥੀਂ ਲੁਟ ਰਹੇ ਹਨ। ਉਥੇ ਲੁੱਟੇ ਜਾ ਕੇ ਵੀ ਇਹ ਹੋਰ ਲੁੱਟੇ ਜਾਣ ਲਈ ਹੱਥ ਬੰਨ੍ਹ ਤਿਆਰ ਮਿਲਦੇ ਹਨ। ਖ਼ੈਰ, ਕਿਸੇ ਦਾ ਦਿਲ ਕਰੇ ਨਾ ਕਰੇ, ਮੈਂ ਤਾਂ ਅਪਣੇ ਆਖ਼ਰੀ ਸਾਹ ਤਕ ਲੱਗਾ ਰਹਾਂਗਾ। ਜਿਹੜਾ ਕੋਈ ਬਾਬੇ ਨਾਨਕ ਦਾ ਉੱਚਾ ਦਰ ਬਣਾਉਣ ਲਈ ਕੁੱਝ ਦੇਣਾ ਚਾਹੇ, ਜੀਅ ਸਦਕੇ ਆਏ ਪਰ ਜਿਸ ਦਾ ਦਿਲ ਤਿਆਰ ਨਹੀਂ ਹੋ ਸਕਦਾ, ਉਹਦੇ ਲਈ ਅਰਦਾਸ ਹੀ ਕਰ ਸਕਦਾ ਹਾਂ ਕਿ ਹੇ ਬਾਬਾ ਨਾਨਕ, ਤੇਰੇ ਸਿੱਖ ਤਾਂ ਏਨੇ ਛੋਟੇ ਦਿਲ ਵਾਲੇ ਨਹੀਂ ਹੋਣੇ ਚਾਹੀਦੇ ਕਿ ਤੇਰੇ ਦਰ ਦਾ 5% ਕੰਮ ਪੂਰਾ ਕਰਨ ਲਈ ਕੁੱਝ ਵੀ ਕਰਨ ਨੂੰ ਤਿਆਰ ਨਾ ਹੋਣ।