ਸ. ਪਾਲ ਸਿੰਘ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਹਰ ਸਾਲ ਇਕੋ ਹੀ ਮਿਤੀ ਨੂੰ ਮਨਾਏ ਜਾਇਆ ਕਰਨਗੇ
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਹਰ ਸਾਲ ਸਿੱਖ ਪੁਰਬ ਅੰਗਰੇਜ਼ੀ ਕੈਲੰਡਰ ਦੀ ਇਕ ਹੀ ਤਾਰੀਖ਼ ਨੂੰ ਆਇਆ ਕਰਨਗੇ
ਹਰ ਸਾਲ ਸਿੱਖ ਪੁਰਬ ਅੰਗਰੇਜ਼ੀ ਕੈਲੰਡਰ ਦੀ ਇਕ ਹੀ ਤਾਰੀਖ਼ ਨੂੰ ਆਇਆ ਕਰਨਗੇ ਜਿਵੇਂ ਕਿ :
ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ : 5 ਜਨਵਰੀ
ਨਵਾਂ ਸਿੱਖ ਸਾਲ : 14 ਮਾਰਚ
ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ : 1 ਸਤੰਬਰ
ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ : 20 ਅਕਤੂਬਰ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ : 8 ਨਵੰਬਰ
14 ਅਪ੍ਰੈਲ, 2003 ਦਾ ਦਿਨ ਸਿੱਖ ਇਤਿਹਾਸ ਦਾ ਇਕ ਹੋਰ ਸੁਨਹਿਰੀ ਦਿਨ ਬਣ ਗਿਆ ਜਦੋਂ ਖ਼ਾਲਸਾ ਪੰਥ ਨੇ ਅਪਣੀ ਨਿਵੇਕਲੀ ਤੇ ਅਡਰੀ ਹਸਤੀ ਦੇ ਐਲਾਨ ਵਜੋਂ ਅਪਣਾ ਵਖਰਾ ‘ਨਾਨਕਸਾਹੀ ਕੈਲੰਡਰ’ ਲਾਗੂ ਕਰ ਦਿਤਾ। ਦੇਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਬ੍ਰਾਹਮਣੀ ਜੰਤਰੀਆਂ ਉਤੇ ਟੇਕ ਰੱਖਣ ਦੀ ਬਜਾਏ, ਸਿੱਖਾਂ ਨੂੰ ਅਪਣਾ ਵਖਰਾ ਕੈਲੰਡਰ ਤਿਆਰ ਕਰਨਾ ਚਾਹੀਦਾ ਹੈ ਜੋ ਸਿੱਖ ਧਰਮ ਵਾਂਗ ਹੀ ਸਪੱਸ਼ਟ, ਆਧੁਨਿਕ ਅਤੇ ਨਿਸ਼ਚਿਤ ਤਰੀਕਾਂ ਵਾਲਾ ਕੈਲੰਡਰ ਹੋਵੇ ਤੇ ਜਿਸ ਵਿਚਲੀਆਂ ਸਿੱਖ ਇਤਿਹਾਸ ਨਾਲ ਸਬੰਧਤ ਵੱਖ ਵੱਖ ਤਰੀਕਾਂ ਦਾ ਫ਼ੈਸਲਾ ਕਰਨ ਲਈ ਬ੍ਰਾਹਮਣ ਜੰਤਰੀ-ਪੰਡਤਾਂ ਤੋਂ ਅਗਵਾਈ ਲੈਣ ਦੀ ਲੋੜ ਮਹਿਸੂਸ ਨਾ ਹੋਵੇ।
ਇਸ ਕੰਮ ਲਈ ਕੈਨੇਡਾ ਦੇ ਸ. ਪਾਲ ਸਿੰਘ ਪੁਰੇਵਾਲ ਨੇ ਜਦ ਨਾਨਕਸ਼ਾਹੀ ਕੈਲੰਡਰ ਤਿਆਰ ਕਰ ਕੇ ਦਿਤਾ ਤਾਂ ਜਿਥੇ ਸਿੱਖ ਹਲਕਿਆਂ ਵਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ, ਉਥੇ ਆਰ.ਐਸ.ਐਸ. ਰਾਸ਼ਟਰੀ ਸਿੱਖ ਸੰਗਤ, ਦੂਜੀਆ ਹਿੰਦੂ ਜਥੇਬੰਦੀਆਂ ਦੇ ਨਾਲ ਨਾਲ ਸਿੱਖਾਂ ਅੰਦਰ ਮਜ਼ਬੂਤੀ ਫੜ ਚੁੱਕੇ ‘ਬਾਬਾਵਾਦ’ Aਅਤੇ ਦੂਜੀਆਂ ਬ੍ਰਾਹਮਣਵਾਦੀ ਸ਼ਕਤੀਆਂ ਨੇ ਕਈ ਬਹਾਨੇ ਲਾ ਕੇ ਇਸ ਦਾ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਇਕ ਸਮਾਂ ਉਹ ਵੀ ਆਇਆ ਜਦੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ ਹਾਊਸ ਵਲੋਂ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ਮਤਾ ਲਾਗੂ ਕਰਨ ਦੀ ਕੋਸ਼ਿਸ਼ ਕਰਨ ਬਦਲੇ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ’ਚੋਂ ਹੀ ਛੇਕ ਦਿਤਾ ਗਿਆ। ਗਿ: ਪੂਰਨ ਸਿੰਘ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਸਨ ਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੇ ਕੱਟੜ ਵਿਰੋਧੀ ਸਨ। ਉਨ੍ਹਾਂ ਅੰਮ੍ਰਿਤਸਰ ਵਿਚ ਬੈਠ ਕੇ ਨਹੀਂ ਸਗੋਂ ਆਰ ਐਸ ਐਸ ਦੇ ਹੈੱਡਕੁਆਰਟਰ ਗੁਣਾ (ਮੱਧ ਪ੍ਰਦੇਸ) ਵਿਚ ਜਾ ਕੇ ‘ਅਪਣੇ ਹੁਕਮਨਾਮ’ ਜਾਰੀ ਕਰ ਕੇ ਫੈਕਸ ਰਾਹੀਂ ਭੇਜ ਦਿਤੇ।
ਗਿ: ਪੂਰਨ ਸਿੰਘ ਨੂੰ ਨਾ ਕੇਵਲ ਪੰਥ-ਵਿਰੋਧੀ ਸ਼ਕਤੀਆਂ ਦੀ ਸ਼ਹਿ ਹਾਸਲ ਸੀ ਸਗੋਂ ਸਿੱਖ ਲੀਡਰ ਵੀ ਉਨ੍ਹਾਂ ਦੀ ਪਿਠ ਪੂਰ ਰਹੇ ਸਨ-ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਛੇਤੀ ਹੀ ਗਿ: ਪੂਰਨ ਸਿੰਘ ਨੂੰ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕਰ ਦਿਤਾ ਗਿਆ। ਗਿ: ਪੂਰਨ ਸਿੰਘ ਦੀ ਇਹ ਕਾਰਵਾਈ ਸਿੱਖਾਂ ਅੰਦਰ ਡਾਢੀ ਨਿਰਾਸ਼ਾ ਪੈਦਾ ਕਰ ਗਈ ਪਰ ਇਨ੍ਹਾਂ ਅਖੌਤੀ ‘ਹੁਕਮਨਾਮਿਆਂ’ ਦੇ ਅਸਰ ਤੋਂ ਮੁਕਤ ਹੋਣ ਵਿਚ ਸਿੱਖਾਂ ਨੂੰ ਚਾਰ ਸਾਲ ਲੱਗ ਗਏ।
ਇਸ ਨਾਲ ਸਿੱਖਾਂ ਅੰਦਰ ਪਲ ਰਹੀਆਂ ਬ੍ਰਾਹਮਣਵਾਦੀ ਸ਼ਕਤੀਆਂ ਕਮਜ਼ੋਰ ਤਾਂ ਹੋਈਆਂ ਪਰ ਪੂਰੀ ਤਰ੍ਹਾਂ ਹਤਾਸ਼ ਨਹੀਂ ਹੋਈਆਂ ਕਿਉਂਕਿ ਚਾਰ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਕਈ ਅਜਿਹੀਆਂ ਚੀਜ਼ਾਂ ਨਾਨਕਸ਼ਾਹੀ ਕੈਲੰਡਰ ਵਿਚ ਸ਼ਾਮਲ ਕਰਵਾ ਲਈਆਂ ਜਿਹੜੀਆਂ ਨਾ ਤਾਂ ਇਸ ਕੈਲੰਡਰ ਦੇ ਕੇਂਦਰੀ ਸਿਧਾਂਤ ਨਾਲ ਮੇਲ ਖਾਂਦੀਆਂ ਹਨ, ਨਾ ਇਤਿਹਾਸਕ ਤੌਰ ’ਤੇ ਹੀ ਠੀਕ ਹਨ ਤੇ ਨਾ ਹੀ ਗੁਰਮਤਿ ਵਿਚਾਰਧਾਰਾ ਦੀ ਕਸਵਟੀ ਉਤੇ ਖਰੀਆਂ ਉਤਰਦੀਆਂ ਹਨ। ਸਿੱਖ ਹਲਕਿਆਂ ਦਾ ਕਹਿਣਾ ਹੈ ਕਿ ਫੁੱਟ ਨੂੰ ਰੋਕਣ ਲਈ ਇਹ ਕੌੜਾ ਘੁੱਟ ਭਰਨਾ ਜ਼ਰੂਰੀ ਸੀ ਵਰਨਾ ਇਨ੍ਹਾਂ ਸ਼ਕਤੀਆਂ ਨੇ ਵਿਰੋਧ ਕਰਨਾ ਜਾਰੀ ਰਖਣਾ ਸੀ। ਸਿੱਖਾਂ ਕੋਲ ਇਸ ਵੇਲੇ ਕੋਈ ਵੱਡੇ ਕੱਦ ਵਾਲਾ ਆਗੂ ਵੀ ਨਹੀਂ ਜਿਸ ਦੀ ਭਬਕ ਸਾਹਮਣੇ ਇਹ ਸ਼ਕਤੀਆਂ ਚੁੱਪ ਕਰ ਕੇ ਬੈਠ ਜਾਣ।
ਬ੍ਰਾਹਮਣਵਾਦੀ ਸ਼ਕਤੀਆਂ ਨੂੰ ਰਿਆਇਤਾਂ
ਸਿੱਖਾਂ ਅੰਦਰ ਕੰਮ ਕਰ ਰਹੀਆਂ ਬ੍ਰਾਹਮਣਵਾਦੀ ਸ਼ਕਤੀਆਂ ਜਿਹੜੀਆਂ ਰਿਆਇਤਾਂ ਲੈਣ ਵਿਚ ਸਫ਼ਲ ਰਹੀਆਂ, ਉਨ੍ਹਾਂ ਵਿਚ ਮਸਿਆ, ਸੰਗਰਾਂਦ, ਪੂਰਨਮਾਸੀ ਦਾ ਜ਼ਿਕਰ ਕਾਇਮ ਰਖਣਾ, ਹੋਲੀ, ਹੋਲਾ, ਦੀਵਾਲੀ ਵਰਗੇ ਕੁੱਝ ਤਿਉਹਾਰਾਂ ਦੀਆਂ ਮਿਤੀਆਂ ਬ੍ਰਾਹਮਣੀ ਤਰੀਕਾਂ ਅਨੁਸਾਰ (ਬਿਕਰਮੀ ਸੰਮਤ ਦੀਆਂ) ਜਾਰੀ ਰਖਣਾ ਅਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਕੱਤਕ (ਨਵੰਬਰ) ਵਿਚ ਕਾਇਮ ਰਖਣਾ ਸ਼ਾਮਲ ਹਨ।
ਹਾਲਾਂਕਿ ਇਤਿਹਾਸਕਾਰ ਇਸ ਬਾਰੇ ਲਗਭਗ ਪੂਰੀ ਤਰ੍ਹਾਂ ਸਹਿਮਤ ਹੋ ਚੁੱਕੇ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਦੇ ਮਹੀਨੇ ਹੋਇਆ ਸੀ। ਸਿੱਖਾਂ ਅੰਦਰ ਘੁਸਪੈਠ ਕਰ ਚੁਕੀਆਂ ਬ੍ਰਾਹਮਣਵਾਦੀ ਸ਼ਕਤੀਆਂ, ਮਹੰਤਾਂ, ਨਿਰਮਲਿਆਂ ਤੇ ਉਦਾਸੀਆਂ ਦੇ ਦੌਰ ਵਿਚ ਸ਼ੁਰੂ ਹੋਈਆਂ ਸਾਰੀਆਂ ਹੀ ਗ਼ਲਤ ਰਵਾਇਤਾ ਨੂੰ ‘ਮਰਿਆਦਾ’ ਦਾ ਨਾਂ ਦੇ ਕੇ ਕਾਇਮ ਰਖਣਾ ਚਾਹੁੰਦੀਆਂ ਹਨ ਤੇ ਕਿਸੇ ਵੀ ਗ਼ਲਤੀ ਨੂੰ ਸੁਧਾਰਨ ਦੇ ਹਰ ਯਤਨ ਵਿਰੁਧ ਲੱਠ ਲੈ ਕੇ ਖੜੀਆਂ ਹੋ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਗ਼ਲਤੀਆਂ ਨੂੰ ਸਦਾ ਲਈ ਨਾਨਕਸ਼ਾਹੀ ਕੈਲੰਡਰ ਦਾ ਭਾਗ ਤਾਂ ਬਣਾ ਕੇ ਨਹੀਂ ਰਹਿਣ ਦਿਤਾ ਜਾ ਸਕਦਾ ਪਰ ਉਦੋਂ ਤਕ ਲਈ ਇੰਤਜਾਰ ਵੀ ਕਰਨਾ ਪਵੇਗਾ ਜਦ ਤਕ ਸਿੱਖ ਸੰਗਤਾਂ ਗੁਰਮਤਿ ਪ੍ਰਤੀ ਪੂਰੀ ਤਰ੍ਹਾਂ ਜਾਗਿ੍ਰਤ ਨਹੀਂ ਹੋ ਜਾਂਦੀਆਂ।
ਇਨ੍ਹਾਂ ਬ੍ਰਾਹਮਣਵਾਦੀ ਸ਼ਕਤੀਆਂ ਤੋਂ ਇਲਾਵਾ ਵੀ ਕੁੱਝ ਲੋਕਾਂ ਨੇ ਕਈ ਹੋਰ ਇਤਰਾਜ਼ ਉਠਾਏ ਜਿਨ੍ਹਾਂ ਵਿਚ ਡਾ: ਹਰਨਾਮ ਸਿੰਘ ਸ਼ਾਨ ਵਲੋਂ ਖੜਾ ਕੀਤਾ ਗਿਆ ਇਹ ਇਤਰਾਜ਼ ਵੀ ਸ਼ਾਮਲ ਹੈ ਕਿ ‘ਨਾਨਕਸ਼ਾਹੀ’ ਨਾਮ ਹੀ ਗ਼ਲਤ ਹੈ ਤੇ ‘ਸ਼ਾਹੀ’ ਸ਼ਬਦ ‘ਨਾਨਕ’ ਨਾਮ ਨਾਲ ਢੁਕਵਾਂ ਪ੍ਰਤੀਤ ਨਹੀਂ ਹੁੰਦਾ। ਇਹੋ ਜਹੇ ਬਹੁਤ ਸਾਰੇ ਪ੍ਰਸ਼ਨ ਉਸ ਸਮੇਂ ਹੀ ਵਿਚਾਰੇ ਜਾਣਗੇ ਜਦੋਂ ਅਧੂਰੇ ‘ਨਾਨਕਸ਼ਾਹੀ ਕੈਲੰਡਰ ਨੂੰ ਸੰਪੂਰਨਤਾ ਦੇਣ ਲਈ ਸਿੱਖਾਂ ਨੇ ਮਨ ਬਣਾ ਲਿਆ। ਹਾਲ ਦੀ ਘੜੀ ਤਾਂ ਬ੍ਰਾਹਮਣਵਾਦੀ ਸ਼ਕਤੀਆਂ ਨੇ ਅਪਣੀਆਂ ਕੁੱਝ ਗ਼ਲਤ ਅਤੇ ਗੁਰਮਤਿ-ਵਿਰੋਧੀ ਗੱਲਾਂ ਮਨਵਾਉਣ ਵਿਚ ਜੋ ਸਫ਼ਲਤਾ ਹਾਸਲ ਕੀਤੀ ਹੈ, ਉਨ੍ਹਾਂ ਨੂੰ ਕਿਸੇ ਢੁਕਵੇਂ ਸਮੇਂ, ਕੈਲੰਡਰ ’ਚੋਂ ਕੱਢਣ ਲਈ ਸਿੱਖ ਸੰਗਤਾਂ ਨੂੰ ਜਾਗਿ੍ਰਤ ਕਰਨ ਦਾ ਸਕੰਲਪ ਹੀ ਲਿਆ ਜਾ ਸਕਦਾ ਹੈ।
ਤੁਰਤ ਲਾਭ
ਜਿਥੋਂ ਤਕ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੇ ਤੁਰਤ ਲਾਭਾਂ ਦੀ ਗੱਲ ਹੈ, ਇਹ ਯਕੀਨੀ ਹੈ ਕਿ ਇਸ ਨਾਲ ਸਿੱਖਾਂ ਦੀ ਆਜ਼ਾਦ ਹਸਤੀ ਦੇ ਵਿਚਾਰ ਨੂੰ ਤਕੜਾ ਬੱਲ ਮਿਲੇਗਾ ਤੇ ਇਹ ਗੱਲ ਜ਼ੋਰ ਨਾਲ ਕਹੀ ਜਾ ਸਕੇਗੀ ਕਿ ਧਰਮਾਂ ਦੇ ਇਤਿਹਾਸ ਵਿਚ ਸਿੱਖੀ ਦੇ ਰੂਪ ਵਿਚ ਇਕ ਨਵੇਂ ਯੁੱਗ ਦਾ ਸੁਭ-ਆਰੰਭ ਇਸ ਕੈਲੰਡਰ ਰਾਹੀਂ ਪ੍ਰਵਾਨ ਕਰ ਲਿਆ ਗਿਆ ਹੈ। ਦੂਜੇ, ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਹਰ ਸਾਲ ਇਕੋ ਹੀ ਮਿਤੀ ਨੂੰ ਮਨਾਏ ਜਾਇਆ ਕਰਨਗੇ ਅਤੇ ਬ੍ਰਾਹਮਣ ਤੋਂ ਕਿਸੇ ਪ੍ਰਕਾਰ ਦੀ ਅਗਵਾਈ ਲੈਣੀ ਜ਼ਰੂਰੀ ਨਹੀਂ ਹੋਵੇਗੀ।
(ਚੰਡੀਗੜ੍ਹ ਸਪੋਕਸਮੈਨ ਰਸਾਲੇ ਦੇ
ਮਈ 2003 ਦੇ ਅੰਕ ਵਿਚੋਂ) (ਜੋਗਿੰਦਰ ਸਿੰਘ)