ਅਕਾਲ ਤਖ਼ਤ ਬਾਰੇ ਸੱਭ ਤੋਂ ਵੱਡੀ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

RSS ਆਪਣਾ 'ਇਲਾਹੀ ਜਥੇਦਾਰ' ਲਗਾ ਕੇ ਸਿੱਖੀ ਨੂੰ ਹਿੰਦੂ ਧਰਮ ਦੀ ਸ਼ਾਖ ਦੱਸਣ ਵਾਲਾ 'ਇਲਾਹੀ ਹੁਕਮਨਾਮਾ' ਜਾਰੀ ਕਰਵਾ ਦੇਵੇਗੀ।

File Photo

ਪਾਠਕਾਂ ਵਲੋਂ ਦੇਰ ਤੋਂ ਕੀਤੀ ਜਾ ਰਹੀ ਫ਼ਰਮਾਇਸ਼ ਪੂਰੀ ਕਰਨ ਲਈ 'ਮੇਰੀ ਨਿਜੀ ਡਾਇਰੀ ਦੇ ਪੰਨਿਆਂ' 'ਚੋਂ ਕੁੱਝ ਚੋਣਵੇਂ ਪੰਨਿਆਂ ਨੂੰ ਪੁਸਤਕ ਰੂਪ ਦੇਣ ਦਾ ਫ਼ੈਸਲਾ ਕਰ ਕੇ ਮੈਂ ਪੁਰਾਣੀਆਂ 'ਡਾਇਰੀਆਂ' ਖੋਲ੍ਹ ਬੈਠਾ ਤਾਂ ਇਹ ਵੇਖ ਕੇ ਹੈਰਾਨੀ ਹੋਈ ਤੇ ਖ਼ੁਸ਼ੀ ਵੀ ਕਿ ਜਿੰਨੀਆਂ ਵੀ ਗੱਲਾਂ ਵਕਤ ਦੀ ਹਵਾ ਦੇ ਉਲਟ ਜਾ ਕੇ ਮੈਂ ਲਿਖੀਆਂ ਸਨ, ਉਨ੍ਹਾਂ 'ਚੋਂ ਕੋਈ ਇਕ ਵੀ ਗ਼ਲਤ ਸਾਬਤ ਨਹੀਂ ਹੋਈ।

ਬਾਕੀ ਗੱਲਾਂ ਦਾ ਜ਼ਿਕਰ ਫਿਰ ਕਦੇ, ਅੱਜ ਮੈਂ ਅਕਾਲ ਤਖ਼ਤ ਦੀ ਚਲ ਰਹੀ ਚਰਚਾ ਦੌਰਾਨ ਇਸ ਦੂਜੀ ਕਿਸਤ ਵਿਚ 'ਜਥੇਦਾਰ' ਦਾ ਮਸਲਾ ਹੀ ਲੈ ਲੈਂਦਾ ਹਾਂ। ਮੈਂ ਜ਼ੋਰ ਨਾਲ ਲਿਖਿਆ ਸੀ ਕਿ ਸਿੱਖੀ ਕਿਸੇ ਇਕ ਵਿਅਕਤੀ ਜਾਂ ਇਕ ਅਹੁਦੇ ਜਾਂ ਇਕ ਸਥਾਨ ਜਾਂ ਪੰਜ ਬੰਦਿਆਂ ਨੂੰ ਸਥਾਈ ਤੌਰ 'ਤੇ ਇਲਾਹੀ ਤਾਕਤਾਂ ਦਾ/ਦੇ ਮਾਲਕ ਕਹਿਣ ਦੀ ਆਗਿਆ ਨਹੀਂ ਦੇਂਦੀ,

ਇਸ ਲਈ ਅਕਾਲ ਤਖ਼ਤ ਨੂੰ ਜਾਂ ਅਕਾਲ ਤਖ਼ਤ ਦੇ 'ਜਥੇਦਾਰ' ਨੂੰ ਜਾਂ ਉਸ ਦੇ ਨਾਲ ਬੈਠਣ ਵਾਲੇ ਦੂਜੇ 'ਜਥੇਦਾਰਾਂ' ਦੇ ਫ਼ੈਸਲਿਆਂ ਨੂੰ 'ਇਲਾਹੀ ਹੁਕਮ' ਕਹਿਣਾ ਸਿੱਖੀ ਦੇ ਮੁਢਲੇ ਅਸੂਲਾਂ ਦੇ ਖ਼ਿਲਾਫ਼ ਹੈ। ਸਿੱਖੀ ਕੇਵਲ 'ਪੰਥਕ ਫ਼ੈਸਲਿਆਂ' ਨੂੰ ਪ੍ਰਵਾਨ ਕਰਨ ਯੋਗ ਮੰਨਦੀ ਹੈ। ਪੰਥਕ ਫ਼ੈਸਲੇ ਉਹੀ ਹੁੰਦੇ ਹਨ ਜੋ ਕੁੱਝ ਵਿਅਕਤੀ ਨਹੀਂ ਕਰਦੇ ਸਗੋਂ ਸਮੁੱਚੇ ਪੰਥ ਦੇ 'ਜੱਥੇ' ਜਾਂ ਪ੍ਰਤੀਨਿਧ, ਸਾਂਝੇ ਤੌਰ ਤੇ ਸਰਬਸੰਮਤੀ ਨਾਲ ਲੈਂਦੇ ਹਨ ਤੇ ਅਕਾਲ ਤਖ਼ਤ ਤੋਂ ਉਨ੍ਹਾਂ ਦਾ ਐਲਾਨ, ਸਾਰੀਆਂ ਪੰਥਕ ਧਿਰਾਂ ਦਾ ਕੋਈ ਸਾਂਝਾ ਮਾਂਜਾ ਆਗੂ ਕਰਦਾ ਹੈ।

ਮੇਰੇ ਵਲੋਂ ਇਹ ਲਿਖਣ ਦੀ ਦੇਰ ਸੀ ਕਿ ਮੇਰੇ ਅਪਣੇ ਕਈ ਪਾਠਕ ਵੀ ਲੋਹੇ ਲਾਖੇ ਹੋ ਕੇ ਮੈਨੂੰ ਪੈ ਗਏ ਕਿ ਜਿਸ ਪਰਚੇ ਦਾ ਐਡੀਟਰ ਅਕਾਲ ਤਖ਼ਤ ਦੇ ਜਥੇਦਾਰ ਦੇ ਫ਼ੈਸਲਿਆਂ ਨੂੰ 'ਇਲਾਹੀ' ਨਾ ਮੰਨੇ, ਅਸੀ ਉਸ ਪਰਚੇ ਨੂੰ ਪੜ੍ਹਨਾ ਤਾਂ ਕੀ, ਘਰ ਵਿਚ ਰੱਖਣ ਦੀ ਵੀ ਆਗਿਆ ਨਹੀਂ ਦੇਵਾਂਗੇ। ਮੈਂ ਜਾਣਦਾ ਸੀ ਕਿ ਮੁੱਦਤਾਂ ਤੋਂ ਪੁਜਾਰੀ ਸ਼੍ਰੇਣੀ ਦੇ ਮੁਖੀਆਂ ਦੇ ਕਥਨਾਂ ਨੂੰ 'ਇਲਾਹੀ' ਕਹਿਣ ਦੀ ਜਿਹੜੀ ਆਦਤ ਪਈ ਹੋਈ ਹੈ,

ਉਸ ਨੂੰ ਬਾਬੇ ਨਾਨਕ ਦੇ ਫ਼ਲਸਫ਼ੇ ਅਨੁਸਾਰ, ਹੌਲੀ ਹੌਲੀ ਤੇ ਠਰੰਮੇ ਨਾਲ ਹੀ ਬਦਲਣਾ ਪਵੇਗਾ ਤੇ ਅਪਣਾ ਸਹਿਜ ਗੁਆ ਕੇ ਲੋਕਾਂ ਅੰਦਰ ਤਬਦੀਲੀ ਲਿਆਣੀ ਸੰਭਵ ਨਹੀਂ ਹੋਵੇਗੀ। ਸੋ ਮੈਂ ਦਲੀਲਾਂ ਦੇਣੀਆਂ ਜਾਰੀ ਰਖੀਆਂ। ਮੇਰੀ ਸੱਭ ਤੋਂ ਵੱਡੀ ਦਲੀਲ ਇਹ ਸੀ ਕਿ ਅੱਜ ਤੁਸੀਂ, ਸਿੱਖ ਸਿਆਸਤਦਾਨਾਂ ਦੇ ਥਾਪੇ ਬੰਦੇ ਨੂੰ 'ਜਥੇਦਾਰ' ਮੰਨ ਕੇ ਉਸ ਦੇ ਫ਼ੈਸਲੇ ਨੂੰ 'ਇਲਾਹੀ ਹੁਕਮ' ਕਹਿ ਰਹੇ ਹੋ

ਪਰ ਵੋਟਾਂ ਦੇ ਸਹਾਰੇ ਕੋਈ ਗ਼ੈਰ-ਸਿੱਖ ਪਾਰਟੀ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਹੋ ਗਈ (ਅੱਗੇ ਕਾਂਗਰਸ ਵੀ ਹੋ ਹੀ ਗਈ ਸੀ) ਤੇ ਉਸ ਨੇ ਅਪਣਾ 'ਜਥੇਦਾਰ' ਥਾਪ ਦਿਤਾ ਤਾਂ ਫਿਰ ਉਸ ਦੇ ਫ਼ੈਸਲਿਆਂ ਨੂੰ 'ਇਲਾਹੀ ਹੁਕਮ' ਮੰਨਣ ਤੋਂ ਇਨਕਾਰ ਕਿਵੇਂ ਕਰ ਸਕੋਗੇ? ਜੇ ਇਨਕਾਰ ਕਰੋਗੇ ਤਾਂ ਉਹ ਕਹਿਣਗੇ, ਅਕਾਲ ਤਖ਼ਤ ਦਾ 'ਜਥੇਦਾਰ' ਕੋਈ ਵੀ ਹੋਵੇ, ਉਸ ਦਾ ਹੁਕਮ 'ਇਲਾਹੀ' ਹੀ ਹੁੰਦਾ ਹੈ

ਤੇ ਇਹ ਗੱਲ ਤੁਸੀ ਸਦੀਆਂ ਤੋਂ ਮੰਨਦੇ ਆਏ ਹੋ ਤਾਂ ਅੱਜ ਇਨਕਾਰੀ ਕਿਵੇਂ ਹੋ ਸਕਦੇ ਹੋ? ਅਕਾਲ ਤਖ਼ਤ ਤੋਂ ਫ਼ਰਮਾਨ ਆ ਜਾਵੇਗਾ ਕਿ ਜਿਹੜਾ ਕੋਈ ਵੀ 'ਜਥੇਦਾਰ' ਦੇ ਹੁਕਮਾਂ ਵਿਰੁਧ ਬੋਲਦਾ ਹੈ, ਉਹ ਸਿੱਖੀ 'ਚੋਂ ਖ਼ਾਰਜ ਸਮਝਿਆ ਜਾਵੇਗਾ। ਕੀ ਕਰ ਲਉਗੇ? ਅਪਣੀ ਇਤਿਹਾਸਕ ਗ਼ਲਤੀ ਦੇ ਫੰਦੇ ਵਿਚ ਆਪ ਹੀ ਫੱਸ ਜਾਉਗੇ।
ਬਹੁਤੇ ਪਾਠਕਾਂ ਨੂੰ ਇਹ ਦਲੀਲ ਸਮਝ ਆ ਗਈ ਪਰ ਕੁੱਝਨਾਂ ਦਾ ਕਹਿਣਾ ਸੀ ਕਿ ਸਿੱਖ ਵੋਟਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਿੱਖ ਮੈਂਬਰ ਹੀ ਚੁਣਨੇ ਹਨ ਤਾਂ ਗ਼ੈਰ-ਸਿੱਖ ਪਾਰਟੀ ਦਾ ਥਾਪਿਆ 'ਜਥੇਦਾਰ' ਕਿਵੇ ਆ ਜਾਏਗਾ?

ਉਦੋਂ ਗੱਲ ਸਮਝਾਣੀ ਏਨੀ ਸੌਖੀ ਨਹੀਂ ਸੀ ਕਿਉਂਕਿ ਸਿੱਖ ਵੋਟਰ ਆਮ ਤੌਰ 'ਤੇ ਸਾਬਤ ਸੂਰਤ ਹੀ ਹੁੰਦੇ ਸਨ ਤੇ ਮੋਨੇ ਸਿੱਖ ਟਾਵੇਂ ਵਿਰਲੇ ਹੀ ਹੁੰਦੇ ਸਨ। ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਦੀ ਬਹੁਗਿਣਤੀ ਮੋਨੇ ਵੋਟਰਾਂ ਦੀ ਹੀ ਹੁੰਦੀ ਹੈ ਤੇ ਉਹ ਐਵੇਂ ਸਿਰ ਤੇ ਪੱਗਾਂ ਰੱਖ ਕੇ ਵੋਟ ਪਾਉਣ ਆ ਜਾਂਦੇ ਹਨ। ਸਾਡੇ ਜੋੜ-ਮੇਲਿਆਂ ਵਿਚ ਜਾ ਕੇ ਹੀ ਵੇਖ ਲਉ, 70-80 ਫ਼ੀ ਸਦੀ ਮੋਨੇ ਸਿੱਖ ਹੀ ਖੰਡੇ ਵਾਲੇ ਰੁਮਾਲੇ ਸਿਰ ਤੇ ਬੰਨ੍ਹੀ 'ਸਿੱਖੀ ਦਾ ਠਾਠਾਂ ਮਾਰਦਾ ਸਮੁੰਦਰ' ਬਣ ਕੇ 'ਖ਼ਾਲਸਾਈ ਜਾਹੋ ਜਲਾਲ' ਦਾ ਨਜ਼ਾਰਾ ਪੇਸ਼ ਕਰ ਰਹੇ ਹੁੰਦੇ ਹਨ।

ਹੁਣ ਖੰਡੇ ਵਾਲੇ ਪੀਲੇ ਪਟਕੇ ਪਾ ਕੇ ਕਿਸੇ ਵੀ ਗ਼ੈਰ-ਸਿੱਖ ਲਈ ਅਪਣੇ ਆਪ ਨੂੰ ਗੁਰਦਵਾਰਾ ਚੋਣਾਂ ਵਿਚ 'ਸਿੱਖ' ਕਹਿਣਾ ਬੜਾ ਆਸਾਨ ਹੋ ਗਿਆ ਹੈ। 'ਉਮੀਦਵਾਰ' ਤਾਂ ਪੱਕੇ ਜਾਂ ਸਾਬਤ ਸੂਰਤ ਹੀ ਹੋਣਗੇ ਨਾ? ਹਾਂ ਵੇਖਣ ਨੂੰ ਤਾਂ ਹੋਣਗੇ ਪਰ ਜਿਵੇਂ ਅੱਜ ਦੇ ਅਕਾਲੀ ਆਗੂ ਬੀ.ਜੇ.ਪੀ. ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਗੰਢ ਕੇ ਕਈ ਸਾਲਾਂ ਤੋਂ ਚਲ ਰਹੇ ਹਨ ਤੇ ਸਿੱਖੀ ਨਾਲ ਉਨ੍ਹਾਂ ਦਾ ਜਿੰਨਾ ਕੁ ਨਾਤਾ ਰਹਿ ਗਿਆ ਹੈ, ਉਸ ਨੂੰ ਵੇਖ ਕੇ ਅੰਦਾਜ਼ਾ ਲਾਉਣਾ ਔਖਾ ਨਹੀਂ

ਕਿ ਕਾਂਗਰਸ ਲਈ ਅਕਾਲ ਤਖ਼ਤ ਉਤੇ ਅਪਣਾ 'ਜਥੇਦਾਰ' ਬਿਠਾਣਾ ਔਖਾ ਸੀ ਪਰ ਆਰ.ਐਸ.ਐਸ. ਲਈ, ਥੋੜੇ ਸਮੇਂ ਵਿਚ ਹੀ ਇਹ ਖੱਬੇ ਹੱਥ ਦੇ ਕਰਨ ਵਾਲੀ ਗੱਲ ਬਣ ਜਾਏਗੀ। 'ਗੁਰਦਵਾਰਾ ਚੋਣਾਂ' ਦਾ ਸੱਪ ਜੋ ਅੰਗਰੇਜ਼ ਸਾਨੂੰ ਮਾਰਨ ਲਈ ਤੇ ਸਿੱਖੀ ਨੂੰ ਹੌਲੀ ਹੌਲੀ ਖ਼ਤਮ ਕਰਨ ਲਈ ਸਾਡੇ ਗਲੇ ਵਿਚ ਪਾ ਗਿਆ ਸੀ, ਉਹ ਅੰਤ ਸਿੱਖੀ ਦੇ ਨਿਆਰੇਪਨ ਨੂੰ ਖ਼ਤਮ ਕਰ ਕੇ ਰਹੇਗਾ।

ਕਾਂਗਰਸੀ 'ਜਥੇਦਾਰਾਂ' ਨੇ ਕਿਵੇਂ ਜਨਮ ਲਿਆ? ਸੱਭ ਨੂੰ ਪਤਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਬੜੇ ਵਾਅਦੇ ਕੀਤੇ ਸਨ ਕਿ ਆਜ਼ਾਦੀ ਮਗਰੋਂ ਕੋਈ ਸੰਵਿਧਾਨ ਨਹੀਂ ਬਣਾਇਆ ਜਾਏਗਾ, ਜਿਸ ਦੀ ਪ੍ਰਵਾਨਗੀ ਸਿੱਖ ਨਹੀਂ ਦੇਣਗੇ ਅਤੇ ਉੱਤਰ ਵਿਚ ਇਕ ਵਿਸ਼ੇਸ਼ ਖ਼ਿੱਤਾ ਸਿੱਖ ਬਹੁਗਿਣਤੀ ਵਾਲਾ ਬਣਾਇਆ ਜਾਵੇਗਾ ਜਿਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣ, ਆਦਿ ਆਦਿ। ਆਜ਼ਾਦੀ ਤੋਂ ਬਾਅਦ ਚਾਹੀਦਾ ਤਾਂ ਇਹ ਸੀ

ਕਿ ਸਾਰੇ ਸਿੱਖ ਲੀਡਰ ਕੌਮ ਨਾਲ ਕੀਤੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਵਾਏ ਬਿਨਾਂ ਅਪਣੇ ਲਈ ਕੁੱਝ ਨਾ ਮੰਗਦੇ। ਜੇ ਅਜਿਹਾ ਕਰਦੇ ਤਾਂ ਸੱਭ ਕੁੱਝ ਮਿਲ ਜਾਣਾ ਸੀ। ਕਸ਼ਮੀਰ ਅਤੇ ਉੱਤਰ-ਪੂਰਬ ਦੇ ਲੀਡਰਾਂ ਨਾਲ ਇਹੀ ਵਾਅਦੇ ਕਾਂਗਰਸ ਨੇ ਪੂਰੇ ਕੀਤੇ ਹੀ ਸਨ ਪਰ ਜਦ ਲੀਡਰ ਆਪ ਹੀ ਵਜ਼ੀਰੀਆਂ ਨੂੰ ਕੌਮ ਨਾਲ ਕੀਤੇ ਵਾਅਦਿਆਂ ਨਾਲੋਂ ਵੱਡੀਆਂ ਸਮਝਣ ਤਾਂ ਕੌਮ ਨੂੰ ਕਿਉਂ ਕੋਈ ਕੁੱਝ ਦੇਵੇਗਾ? ਅੰਗਰੇਜ਼ ਦੀ ਮਾਰ ਖਾ ਖਾ ਕੇ ਅੱਕ ਚੁੱਕੇ ਅਕਾਲੀ, ਜਥੇ ਬਣਾ-ਬਣਾ ਕੇ ਕਾਂਗਰਸ ਦੇ ਖੇਮੇ ਵਲ ਵਧਣ ਲਗੇ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ

ਕਿ ਜੇ ਹੁਣ ਕਾਂਗਰਸ ਵਿਚ ਜਾਣ ਦੀ ਪਹਿਲ ਨਾ ਕੀਤੀ ਤਾਂ ਵਜ਼ੀਰੀਆਂ ਸਮੇਤ, ਸੱਭ ਕੁੱਝ ਵੰਡ ਦਿਤਾ ਜਾਏਗਾ ਤੇ ਉਨ੍ਹਾਂ ਲਈ ਬਾਕੀ ਕੁੱਝ ਨਹੀਂ ਬਚੇਗਾ। ਸੋ ਸਵਰਨ ਸਿੰਘ, ਸੁਰਜੀਤ ਸਿੰਘ ਮਜੀਠੀਆ, ਗੁਰਦਿਆਲ ਸਿੰਘ ਢਿੱਲੋਂ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ, ਬਲਦੇਵ ਸਿੰਘ, ਦਰਸ਼ਨ ਸਿੰਘ ਫੇਰੂਮਾਨ ਅਤੇ ਹੋਰ ਸੈਂਕੜੇ ਸਿੱਖ ਲੀਡਰ 'ਕਾਂਗਰਸੀ' ਬਣਨ ਲਈ ਕਾਹਲੇ ਪੈ ਗਏ।

ਨਤੀਜਾ ਇਹ ਕਿ ਸ਼੍ਰੋਮਣੀ ਕਮੇਟੀ ਉਤੇ ਵੀ ਕਾਂਗਰਸ-ਨਿਵਾਜ਼ ਸਿੱਖਾਂ ਦਾ ਕਬਜ਼ਾ ਹੋ ਗਿਆ ਤੇ ਅਕਾਲ ਤਖ਼ਤ ਦੇ ਦੋ ਜਥੇਦਾਰ ਵੀ ਕਾਂਗਰਸੀ ਸਿੱਖ ਹੀ ਬਣਾ ਦਿਤੇ ਗਏ ¸ਮੋਹਨ ਸਿੰਘ ਨਾਗੋਕੇ ਅਤੇ ਗਿ. ਗੁਰਮੁਖ ਸਿੰਘ ਮੁਸਾਫ਼ਰ। ਉਦੋਂ ਅਜੇ ਸਿੱਖ ਧਰਮ ਉਤੇ ਹਮਲਾ ਕਰਨ ਦਾ ਫ਼ੈਸਲਾ ਨਹੀਂ ਸੀ ਕੀਤਾ ਗਿਆ, ਕੇਵਲ ਸਿੱਖ ਸੰਸਥਾਵਾਂ ਨੂੰ ਕਾਂਗਰਸ ਨਿਵਾਜ਼ ਸਿੱਖਾਂ ਦੇ ਅਧੀਨ ਹੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤਾਕਿ ਅਕਾਲੀ ਕਮਜ਼ੋਰ ਪੈ ਜਾਣ।

ਮਾ. ਤਾਰਾ ਸਿੰਘ ਇਕੱਲੇ ਅਕਾਲੀ ਰਹਿ ਗਏ ਜੋ ਕਹਿੰਦੇ ਸਨ ਕਿ ਪਹਿਲਾਂ ਕੌਮ ਲਈ ਕੁੱਝ ਲੈ ਲਈਏ, ਫਿਰ ਅਪਣੇ ਬਾਰੇ ਸੋਚ ਲੈਣਾ। ਲੜਾਈ ਉਨ੍ਹਾਂ ਨੇ ਛੇੜ ਦਿਤੀ। ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਰੱਖ ਦਿਤੀਆਂ ਤਾਕਿ ਇਕੱਲੇ ਪੈ ਚੁਕੇ ਮਾ. ਤਾਰਾ ਸਿੰਘ ਨੂੰ ਹਰਾ ਕੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਉਤੇ ਕਬਜ਼ਾ ਪੱਕਾ ਕਰ ਲਿਆ ਜਾਵੇ। 'ਅਕਾਲੀ' ਤਾਂ ਆਸ ਪਾਸ ਕੋਈ ਨਜ਼ਰ ਹੀ ਨਹੀਂ ਸੀ ਆਉਂਦਾ।

ਇਸ ਹਾਲਤ ਵਿਚ, ਅਕਾਲੀ ਦਲ ਦੇ ਪ੍ਰਧਾਨ ਨੂੰ ਇਕ ਨਵੀਂ ਜਥੇਬੰਦੀ 'ਬੀਰ ਖ਼ਾਲਸਾ ਦਲ' ਬਣਾ ਕੇ ਨਵੇਂ ਸਿਰਿਉਂ ਕੰਮ ਸ਼ੁਰੂ ਕਰਨਾ ਪਿਆ। ਬੀਰ ਖ਼ਾਲਸਾ ਦਲ ਦੇ ਨੌਜੁਆਨ ਹੀ ਘਰ ਘਰ ਜਾਂਦੇ ਤੇ ਕਾਨਫ਼ਰੰਸਾਂ ਕਰਦੇ। ਅਕਾਲੀ ਤਾਂ ਸਾਰੇ ਗੱਦੀਆਂ ਲਈ ਦਿੱਲੀ ਵਲ ਦੌੜ ਰਹੇ ਸਨ। ਮੁਕਾਬਲੇ ਤੇ ਸ. ਪ੍ਰਤਾਪ ਸਿੰਘ ਕੈਰੋਂ ਵਰਗਾ ਜ਼ਬਰਦਸਤ ਨੀਤੀ ਘਾੜਾ ਅਪਣਾ ਪੂਰੇ ਸ਼ਾਹੀ ਲਸ਼ਕਰ ਨਾਲ ਇਕ ਪੰਥਕ ਨਾਂ ਵਾਲੀ ਜਥੇਬੰਦੀ (ਸਾਧ ਸੰਗਤ ਬੋਰਡ) ਲੈ ਕੇ ਮੈਦਾਨ ਵਿਚ ਉਤਰ ਆਇਆ।

ਖ਼ੂਬ ਖ਼ਰਚਾ ਕਰਨ ਮਗਰੋਂ ਵੀ ਜਦ ਰੀਪੋਰਟਾਂ ਇਹ ਮਿਲੀਆਂ ਕਿ ਮਾ. ਤਾਰਾ ਸਿੰਘ ਦਾ ਪਲੜਾ ਹਰ ਥਾਂ ਭਾਰੂ ਚਲ ਰਿਹਾ ਸੀ ਤਾਂ ਆਖ਼ਰੀ ਹੀਲੇ ਵਜੋਂ, ਅਖ਼ੀਰ ਤੇ ਇਕ ਵੱਡਾ ਪੋਸਟਰ, ਕਾਰਟੂਨ ਰੂਪ ਵਿਚ ਕਢਿਆ ਗਿਆ ਜਿਸ ਵਿਚ ਦਸਿਆ ਗਿਆ ਕਿ ਅੰਗਰੇਜ਼ ਤਾਂ ਸਿੱਖਾਂ ਨੂੰ ਖ਼ਾਲਿਸਤਾਨ ਦੇਂਦੇ ਸਨ ਪਰ ਮਾ. ਤਾਰਾ ਸਿੰਘ ਨੇ ਲੈਣੋਂ ਨਾਂਹ ਕਰ ਦਿਤੀ। ਚੋਣਾਂ ਸਮੇਂ ਅਜਿਹੇ ਝੂਠ ਬੋਲੇ ਹੀ ਜਾਂਦੇ ਹਨ ਪਰ ਇਤਿਹਾਸਕ ਤੌਰ ਤੇ, ਗੁਰਦਵਾਰਾ ਚੋਣਾਂ ਜਿੱਤਣ ਲਈ ਇਹ ਏਨਾ ਵੱਡਾ ਝੂਠ ਬੋਲਿਆ ਗਿਆ ਜਿੰਨਾ ਸ਼ਾਇਦ ਹੀ ਕੋਈ ਹੋਰ ਝੂਠ ਹੋਵੇ।

ਹੁਣ ਤਕ ਵੀ ਇਸ ਝੂਠ ਨੂੰ ਵਰਤ ਕੇ ਸਿੱਖ-ਵਿਰੋਧੀ ਤਾਕਤਾਂ ਇਹ ਪ੍ਰਚਾਰ ਕਰਦੀਆਂ ਹਨ ਕਿ ਅਕਾਲੀ ਤਾਂ ਖ਼ਾਲਿਸਤਾਨ ਲੈਣ ਲਈ ਗੱਲਬਾਤ ਕਰਦੇ ਰਹੇ ਹਨ ਤੇ ਇਨ੍ਹਾਂ ਨੂੰ ਤਾਂ ਮਜਬੂਰੀ ਨਾਲ ਭਾਰਤ ਵਿਚ ਆਉਣਾ ਪਿਆ, ਇਸ ਲਈ ਇਨ੍ਹਾਂ ਉਤੇ ਇਤਬਾਰ ਨਾ ਕਰੋ। ਕੈਰੋਂ ਧੜੇ ਵਲੋਂ ਵੀ ਦੱਬ ਕੇ ਪ੍ਰਚਾਰ ਕੀਤਾ ਗਿਆ ਪਰ ਸਿੱਖਾਂ ਨੇ ਇਸ ਝੂਠ ਨੂੰ ਮੂੰਹ ਲਾਉਣ ਤੋਂ ਇਨਕਾਰ ਕਰ ਦਿਤਾ ਤੇ ਚੋਣਾਂ ਦੇ ਨਤੀਜੇ ਨਿਕਲੇ ਤਾਂ 140 'ਚੋਂ 136 ਸੀਟਾਂ ਮਾ. ਤਾਰਾ ਸਿੰਘ ਜਿੱਤ ਗਏ ਤੇ ਕੈਰੋਂ ਦੇ ਸਾਧ ਸੰਗਤ ਬੋਰਡ ਦੇ ਪੱਲੇ ਕੇਵਲ ਚਾਰ ਸੀਟਾਂ ਹੀ ਪਈਆਂ।

ਕਾਂਗਰਸ ਕੈਂਪ ਵਿਚ ਡਾਢੀ ਨਿਰਾਸ਼ਾ ਛਾ ਗਈ ਤੇ ਉਸ ਤੋਂ ਬਾਅਦ ਕਾਂਗਰਸ ਨੇ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰਨ ਦੀ ਨੀਤੀ ਤਿਆਗ ਕੇ ਅਕਾਲੀਆਂ ਨਾਲ ਕੁੱਝ ਲੈ ਕੁੱਝ ਦੇ ਦੀ ਸਿਆਸਤ ਸ਼ੁਰੂ ਕਰ ਦਿਤੀ। ਬਾਕੀ ਦਾ ਇਤਿਹਾਸ ਪਾਠਕਾਂ ਨੂੰ ਪਤਾ ਹੀ ਹੈ। ਆਰ.ਐਸ.ਐਸ ਦੇ ਨੇੜਲੇ ਹਾਲਕਿਆਂ ਦੀ ਸੂਚਨਾ ਹੈ ਕਿ ਜਿਥੋਂ ਕਾਂਗਰਸ ਨੇ ਗੱਲ ਛੱਡੀ ਸੀ, ਉਥੋਂ ਹੁਣ ਆਰ.ਐਸ.ਐਸ. ਸ਼ੁਰੂ ਕਰਨਾ ਚਾਹੁੰਦੀ ਹੈ

ਅਰਥਾਤ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਅਪਣੇ ਬੰਦਿਆਂ ਦੇ ਕਬਜ਼ੇ ਹੇਠ ਦੇਣ ਦੀ ਗੱਲ। ਇਸ ਕੰਮ ਲਈ ਉਨ੍ਹਾਂ ਨੇ 'ਰਾਸ਼ਟਰੀ ਸਿੱਖ ਸੰਗਤ'(ਆਰ.ਐਸ.ਐਸ.) ਵੀ ਕਾਇਮ ਕੀਤੀ ਹੀ ਹੋਈ ਹੈ ਜਿਸ ਵਿਚ ਕੇਵਲ ਦਾਹੜੀ ਕੇਸਾਂ ਵਾਲੇ ਸਿੱਖ ਹੀ ਲਏ ਗਏ ਹਨ। ਉਨ੍ਹਾਂ ਨੇ ਪੰਜਾਬ ਵਿਚ ਵਾਜਪਾਈ ਰਾਜ ਵਿਚ ਵੀ, ਕਰੋੜਾਂ ਰੁਪਏ ਖ਼ਰਚ ਕੇ ਤੇ ਕਰੋੜਾਂ ਦਾ ਲਿਟਰੇਚਰ ਵੰਡ ਕੇ, ਪੰਜਾਬ ਵਿਚ ਅਪਣੇ ਪੈਰ ਜਮਾਉਣ ਦੀ ਇਕ ਵੱਡੀ ਕੋਸ਼ਿਸ਼ ਕੀਤੀ ਸੀ

ਜੋ ਬਹੁਤੀ ਸਫ਼ਲ ਤਾਂ ਨਾ ਹੋ ਸਕੀ ਪਰ ਉਨ੍ਹਾਂ ਨੇ ਇਸ ਯੋਜਨਾ ਦਾ ਤਿਆਗ ਵੀ ਨਹੀਂ ਕੀਤਾ। ਪੰਜਾਬ ਵਿਚ ਬਾਦਲਾਂ ਨੂੰ ਕਮਜ਼ੋਰ ਕਰਨ ਮਗਰੋਂ ਤੇ ਸਾਰੇ ਅਕਾਲੀ ਧੜਿਆਂ ਨੂੰ ਬੀ.ਜੇ.ਪੀ. ਦੇ ਮੁਰੀਦ ਬਣਾ ਲੈਣ ਮਗਰੋਂ, ਇਕ ਜ਼ੋਰਦਾਰ ਹੱਲਾ ਮਾਰਿਆ ਜਾਏਗਾ ਜਿਸ ਦਾ ਮਕਸਦ ਪੰਜਾਬ ਵਿਚ ਸਰਕਾਰ ਵੀ ਬੀ.ਜੇ.ਪੀ. ਦੀ ਬਣਾਉਣਾ ਹੋਵੇਗਾ ਤੇ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਉਤੇ ਵੀ ਅਪਣਾ ਇਕ ਸਿੱਖ ਚਿਹਰਾ (ਗਿਆਨੀ ਪੂਰਨ ਸਿੰਘ ਵਰਗਾ) ਬਿਠਾ ਕੇ ਦਸਮ 'ਗ੍ਰੰਥ' ਦੀ ਹਰ ਗੁਰਦਵਾਰੇ ਵਿਚ ਸਥਾਪਨਾ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ 'ਮਾਣਯੋਗ ਸ਼ਾਖ਼' ਦੱਸਣ ਵਾਲਾ ਹੁਕਮਨਾਮਾ ਜਾਰੀ ਕਰਨਾ ਹੋਵੇਗਾ।

ਇਸੇ ਲਈ ਮੈਂ ਤਾਂ 20 ਸਾਲ ਪਹਿਲਾਂ ਲਿਖ ਦਿਤਾ ਸੀ ਕਿ ਅਕਾਲ ਤਖ਼ਤ ਦੇ 'ਜਥੇਦਾਰਾਂ' ਨੂੰ ਅਕਾਲ ਤਖ਼ਤ ਦੇ ਨਾਂ ਤੇ ਅਜਿਹਾ ਰੁਤਬਾ ਨਾ ਦਿਉ ਜੋ ਕਲ ਸਿੱਖੀ ਦੇ ਖ਼ਾਤਮੇ ਲਈ ਹੀ ਵਰਤਿਆ ਜਾ ਸਕੇ। ਸਿੱਖ ਧਰਮ ਵਿਚ ਜਾਂ ਗੁਰਬਾਣੀ ਵਿਚ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਜੋ ਇਕ ਵਿਅਕਤੀ ਜਾਂ ਪੰਜ ਵਿਅਕਤੀਆਂ ਨੂੰ ਪੰਥ ਤੋਂ ਉਪਰ ਵਾਲਾ ਦਰਜਾ ਦੇਣ ਦੀ ਆਗਿਆ ਦੇਵੇ।

'ਪੰਥ' ਦੇ ਫ਼ੈਸਲੇ ਹੀ ਸਾਰੇ ਸਿੱਖਾਂ ਲਈ ਮੰਨਣੇ ਲਾਜ਼ਮੀ ਹੁੰਦੇ ਹਨ, ਵਿਅਕਤੀਆਂ ਦੇ ਨਹੀਂ, ਭਾਵੇਂ ਉਹ ਕਿਸੇ ਵੀ 'ਤਖ਼ਤ' ਜਾਂ ਧਾਰਮਕ ਗੱਦੀ ਤੇ ਬੈਠ ਕੇ ਦਿਤੇ ਜਾਣ। ਸਿੱਖੀ ਅਸੂਲਾਂ ਤੇ ਵਿਚਾਰਧਾਰਾ ਅਨੁਸਾਰ, ਪੰਥ ਨੂੰ ਇਹ ਰੁਤਬਾ ਕਿਵੇਂ ਦਿਤਾ ਜਾਏ, ਇਸ ਬਾਰੇ ਅਗਲੀ ਤੇ ਆਖ਼ਰੀ ਕਿਸਤ ਵਿਚ ਵਿਚਾਰ ਕਰਾਂਗੇ।  
(ਚਲਦਾ)