ਅਗਲੇ ਸਾਲ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੋਂ ਪਹਿਲਾਂ 'ਉੱਚਾ ਦਰ' ਸ਼ੁਰੂ ਹੋ ਜਾਵੇਗਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

15 ਅਪ੍ਰੈਲ ਦਾ ਕੋਧਰੇ ਦੀ ਰੋਟੀ ਵਾਲਾ ਸਮਾਗਮ ਤਾਂ ਇਕ ਟਰੇਲਰ ਹੀ ਸੀ, 50 ਹਜ਼ਾਰ ਤੋਂ ਇਕ ਲੱਖ ਦੇ ਅਗਲੇ ਸਮਾਗਮ ਲਈ ਤਿਆਰੀਆਂ 'ਚ ਜੁਟ ਜਾਉ।

Ucha Dar Baba Nanak Da

 ਅਗਲੇ ਸਾਲ, ਸੰਸਾਰ ਭਰ ਵਿਚ ਬਾਬੇ ਨਾਨਕ ਦਾ 550ਵਾਂ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਅਸੀ ਉਸ ਤੋਂ ਪਹਿਲਾਂ ਉੱਚਾ ਦਰ ਸ਼ੁਰੂ ਕਰਨਾ ਹੀ ਕਰਨਾ ਹੈ ਤੇ ਉਸ ਤੋਂ ਪਹਿਲਾਂ 'ਉੱਚਾ ਦਰ ਪ੍ਰਵਾਰ' 10 ਹਜ਼ਾਰੀ ਪ੍ਰਵਾਰ ਵਿਚ ਬਦਲਣਾ ਵੀ ਜ਼ਰੂਰੀ ਹੈ। ਇਹ ਟੀਚਾ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਹੀ ਅਮਰੀਕਾ ਦੇ ਯੂਨੀਵਰਸਲ ਸਟੁਡੀਉ ਦੇ ਮੈਨੇਜਰ ਤੇ ਇੰਜੀਨੀਅਰ ਨਾਲ ਗੱਲ ਕਰ ਕੇ ਮਿਥਿਆ ਗਿਆ ਸੀ। 15 ਮਈ ਤਕ ਮੈਂਬਰ ਬਣਨ ਵਾਲਿਆਂ ਨੂੰ ਚੰਦਿਆਂ ਵਿਚ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤਕ ਦੀ ਰਿਆਇਤ ਵੀ ਦਿਤੀ ਜਾਵੇਗੀ। (ਵੇਖੋ ਕੂਪਨ) ਦੋ ਜਾਂ ਤਿੰਨ ਕਿਸਤਾਂ ਵਿਚ ਪੈਸੇ ਦੇ ਕੇ ਵੀ ਮੈਂਬਰਸ਼ਿਪ ਲਈ ਜਾ ਸਕਦੀ ਹੈ। ਸਮਾਂ ਥੋੜਾ ਹੈ ਤੇ ਕਰਨ ਵਾਲਾ ਕੰਮ ਬਹੁਤ ਜ਼ਿਆਦਾ ਪਿਆ ਹੈ। ਆਉ ਸਾਰੇ ਦਿਲੋਂ ਮਨੋਂ ਹੋ ਕੇ ਜੁਟ ਜਾਈਏ
15 ਅਪ੍ਰੈਲ ਨੂੰ ਕੋਧਰੇ ਦੀ ਰੋਟੀ ਨਾਲ ਬਾਬੇ ਨਾਨਕ ਦਾ ਆਗਮਨ ਪੁਰਬ ਮਨਾ ਕੇ, ਸਪੋਕਸਮੈਨ ਦੇ ਪਾਠਕਾਂ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਪ੍ਰਬੰਧਕਾਂ ਨੇ ਦੁਨੀਆਂ ਭਰ ਵਿਚ ਇਕ ਸੁਖਾਵੀਂ ਚਰਚਾ ਛੇੜ ਦਿਤੀ ਹੈ ਜੋ ਹਰ ਸਿੱਖ ਨੂੰ ਇਕ ਵਾਰ ਤਾਂ ਬਾਬੇ ਨਾਨਕ ਦੇ ਦਰ ਵਲ ਲੈ ਹੀ ਜਾਂਦੀ ਹੈ। ਚਰਚਾ ਦਾ ਵਿਸ਼ਾ ਕੀ ਹੈ? ਇਹੀ ਕਿ ਬਾਬੇ ਨਾਨਕ ਦੀ ਫੁਲਵਾੜੀ ਵਿਚ 'ਉੱਚਾ ਦਰ' ਨਿਰਾ ਪੁਰਾ ਇਕ ਹੋਰ ਫੱਟਾ ਨਹੀਂ ਗੱਡ ਦਿਤਾ ਗਿਆ ਸਗੋਂ ਗੰਭੀਰ ਮਾਮਲਿਆਂ ਬਾਰੇ, ਖੋਜ ਕਰ ਕੇ ਪੱਕੀ ਗੱਲ ਕਰਨ ਵਾਲਾ, ਇਕ ਚੰਗੀ ਯੂਨੀਵਰਸਟੀ ਵਰਗਾ ਗੰਭੀਰ ਅਦਾਰਾ ਉਸਰ ਗਿਆ ਹੈ ਜੋ ਆਉਣ ਵਾਲੇ ਸਮੇਂ ਵਿਚ ਬੜੀ ਸ਼ੁਧ ਤੇ ਨਿਸ਼ਕਾਮ ਅਗਵਾਈ ਦੇਣ ਦੀ ਸਮਰੱਥਾ ਰਖਦਾ ਹੈ ਤੇ ਕੱਚੀ ਗੱਲ ਕਦੇ ਨਹੀਂ ਕਰਦਾ। ਇਹ ਗੱਲ ਮੂੰਹੋਂ ਬੋਲ ਕੇ ਨਾ ਵੀ ਆਖੀ ਜਾਏ ਤਾਂ ਵੀ ਵੱਡਾ ਸੱਚ ਇਹੀ ਹੈ ਕਿ 'ਸਿੱਖੀ' ਅਤੇ 'ਪੰਥ' ਦੇ ਨਾਂ ਵਾਲੇ ਸੈਂਕੜੇ ਫੱਟੇ ਪੰਜਾਬ ਦੇ ਚੱਪੇ ਚੱਪੇ ਉਤੇ ਲੱਗੇ ਹੋਏ ਹਨ। ਅਜਿਹੇ ਫੱਟੇ ਲਾ ਕੇ ਦੁਕਾਨਦਾਰੀ ਚਲਾਉਣ ਵਾਲਿਆਂ ਕੋਲ ਮਾਨਵਤਾ ਨੂੰ ਅਗਵਾਈ ਦੇਣ ਵਾਲੀ ਨਾ ਕੋਈ ਪ੍ਰਾਪਤੀ ਹੁੰਦੀ ਹੈ, ਨਾ ਪ੍ਰੋਗਰਾਮ ਤੇ ਨਾ ਹੀ ਸੂਝ¸ਬਸ ਇਕ ਦੋ ਬੰਦਿਆਂ ਦੇ ਨਾਂ ਅਖ਼ਬਾਰਾਂ ਵਿਚ ਛਪਵਾਏ ਜਾਣ ਦੇ ਸਾਧਨ ਮਾਤਰ ਹੀ ਹੁੰਦੇ ਨੇ ਉਹ ਫੱਟੇ।
'ਉੱਚਾ ਦਰ' ਦੇ ਪ੍ਰਬੰਧਕ ਆਪ ਅਪਣੇ ਬਾਰੇ ਜੋ ਵੀ ਦਾਅਵੇ ਪਏ ਕਰਨ ਪਰ ਅਸਲ ਗੱਲ ਤਾਂ ਉਨ੍ਹਾਂ ਦੇ ਕੰਮ ਦੀ ਹੀ ਹੋਣੀ ਹੈ। ਅਪਣਾ ਪਹਿਲਾ 'ਕੰਮ' ਜੋ ਉਸਾਰੀ ਦਾ ਕੰਮ ਖ਼ਤਮ ਹੋਣ ਤੋਂ ਪਹਿਲਾਂ ਹੀ 'ਉੱਚਾ ਦਰ' ਵਿਖਾ ਸਕਿਆ ਹੈ, ਉਹ ਬਾਬੇ ਨਾਨਕ ਦਾ ਆਗਮਨ ਦਿਵਸ ਵਿਸਾਖ ਵਿਚ ਕੋਧਰੇ ਦੀ ਰੋਟੀ ਨਾਲ ਮਨਾਉਣ ਦਾ ਹੈ, ਜੋ 15 ਅਪ੍ਰੈਲ ਨੂੰ ਸੱਭ ਨੇ ਮਾਣਿਆ ਤੇ ਸਲਾਹਿਆ ਵੀ।ਇਸ ਵੇਲੇ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ 'ਉੱਚਾ ਦਰ' ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ, ਦੁਨੀਆਂ ਭਰ ਵਿਚ ਗੰਭੀਰ ਲੋਕਾਂ ਦਾ ਧਿਆਨ ਅਪਣੇ ਵਲ ਖਿੱਚ ਲਿਆ ਹੈ ਤੇ ਉਹ ਮਹਿਸੂਸ ਕਰਨ ਲੱਗ ਪਏ ਹਨ ਕਿ 'ਉੱਚਾ ਦਰ' ਪ੍ਰਧਾਨਗੀਆਂ ਸਕੱਤਰੀਆਂ ਦੇ ਝਗੜਿਆਂ ਵਾਲਾ ਅਦਾਰਾ ਨਾ ਹੋ ਕੇ, ਲੋਕਾਈ ਨੂੰ ਗੰਭੀਰ ਅਗਵਾਈ ਦੇਣ ਵਾਲਾ ਅਦਾਰਾ ਹੋਵੇਗਾ। ਪ੍ਰਧਾਨਗੀਆਂ ਲਈ ਲੜਾਈਆਂ ਉਥੇ ਹੀ ਹੁੰਦੀਆਂ ਹਨ ਜਿਥੇ ਗੰਭੀਰ ਅਗਵਾਈ ਦੇਣ ਦਾ ਕੋਈ ਪ੍ਰੋਗਰਾਮ ਨਾ ਹੋਵੇ ਤੇ ਕੇਵਲ ਮਾਇਆ ਸਾਂਭਣਾ ਤੇ ਕੁਰਸੀਆਂ ਉਤੇ ਜੱਫਾ ਕਾਇਮ ਰਖਣਾ ਹੀ ਇਕੋ-ਇਕ ਉਦੇਸ਼ ਰਹਿ ਗਿਆ ਹੋਵੇ।

ਮੈਂ ਯਕੀਨ ਦਿਵਾਉਂਦਾ ਹਾਂ ਕਿ ਜਦੋਂ ਤਕ ਮੈਂ ਜ਼ਿੰਦਾ ਹਾਂ, ਮੈਂ 'ਉੱਚਾ ਦਰ' ਦੇ ਅੰਦਰੋਂ ਨਹੀਂ, ਬਾਹਰ ਰਹਿ ਕੇ ਹੀ ਕੰਮ ਕਰਾਂਗਾ ਪਰ ਇਹ ਵੇਖਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ ਕਿ ਇਥੋਂ ਗੰਭੀਰ ਖੋਜ ਅਤੇ ਚਰਚਾ ਉਪ੍ਰੰਤ ਹੀ ਵੱਖ ਵੱਖ ਮਾਮਲਿਆਂ ਬਾਰੇ ਠੋਸ ਅਗਵਾਈ ਦਿਤੀ ਜਾਂਦੀ ਰਹੇ ਤਾਕਿ ਭੰਬਲਭੂਸੇ ਪੈਦਾ ਹੀ ਨਾ ਹੋ ਸਕਣ। ਅੱਜ ਦੀ ਸਮੱਸਿਆ ਇਹ ਹੈ ਕਿ ਹਰ ਮਸਲੇ ਉਤੇ ਵੱਖ ਵੱਖ ਸੰਪਰਦਾਈਏ ਅਤੇ ਧੜੇ ਅਪਣੇ 'ਫ਼ਤਵੇ' ਤਾਂ ਸੁਣਾ ਦੇਂਦੇ ਹਨ ਪਰ ਉਨ੍ਹਾਂ ਨੇ ਖੋਜ ਕੋਈ ਨਹੀਂ ਕੀਤੀ ਹੁੰਦੀ ਤੇ ਅਪਣੀ ਨਿਜੀ ਸੋਚ ਨੂੰ ਹੀ 'ਪੰਥਕ ਸੋਚ' ਜਾਂ 'ਗੁਰਮਤਿ' ਕਹਿ ਰਹੇ ਹੁੰਦੇ ਹਨ। ਅਸੀ ਉਦੋਂ ਤਕ ਕੋਈ ਖੋਜ ਬਾਹਰ ਨਹੀਂ ਕੱਢਾਂਗੇ ਜਦੋਂ ਤਕ ਵਿਰੋਧੀ ਧਿਰਾਂ ਦੇ ਹਰ ਇਤਰਾਜ਼ ਦਾ ਠੋਸ ਜਵਾਬ ਪਹਿਲਾਂ ਤਿਆਰ ਨਾ ਕਰ ਲਿਆ ਹੋਵੇਗਾ। 'ਅਕਲੀਂ ਸਾਹਿਬ ਸੇਵੀਐ' ਦਾ ਮਤਲਬ ਹੀ ਇਹ ਸੀ ਕਿ ਧਰਮ ਦੇ ਖੇਤਰ ਵਿਚ ਵੀ, ਫ਼ਤਵਿਆਂ ਨੂੰ ਨਹੀਂ, ਖੋਜ ਅਤੇ ਵਿਚਾਰ-ਚਰਚਾ ਨੂੰ ਪਹਿਲ ਦੇਣੀ ਚਾਹੀਦੀ ਹੈ ਜਦਕਿ ਸਾਰੇ ਹੀ ਧਰਮਾਂ ਦੇ ਪੁਜਾਰੀ, ਫ਼ਤਵਿਆਂ ਨੂੰ ਪਹਿਲ ਦੇਂਦੇ ਹਨ। ਪਰ 'ਫ਼ਤਵਿਆਂ' ਨੂੰ ਮੰਨਣ ਨਾਲ ਰੱਬ (ਸਾਹਿਬ) ਦਾ ਹੁਕਮ ਪਿੱਛੇ ਪੈ ਜਾਂਦਾ ਹੈ ਤੇ 'ਫ਼ਤਵੇਦਾਰ' ਵੱਡੇ ਬਣ ਜਾਂਦੇ ਹਨ ਜੋ ਧਰਮ ਤੋਂ ਦੂਰ ਲਿਜਾ ਕੇ ਹੀ ਅਪਣਾ ਹੁਕਮ ਮਨਵਾ ਸਕਦੇ ਹਨ।
15 ਅਪ੍ਰੈਲ ਦੇ ਸਮਾਗਮ ਤੋਂ ਬਾਅਦ ਹੁਣ ਅਸੀ ਅਗਲੇ ਪ੍ਰੋਗਰਾਮ ਦੀ ਗੱਲ ਕਰੀਏ। 90% ਕੰਮ ਹੋ ਚੁੱਕਾ ਹੈ ਤੇ 10% ਕੰਮ ਮੁਕਾ ਕੇ, ਛੇਤੀ ਤੋਂ ਛੇਤੀ ਇਸ ਨੂੰ ਮਾਨਵਤਾ ਦੇ ਭਲੇ ਲਈ ਸ਼ੁਰੂ ਕਰਨਾ ਹੈ ਤਾਕਿ ਬਾਬੇ ਨਾਨਕ ਦਾ ਅਸਲ ਸੰਦੇਸ਼ ਲੋਕਾਂ ਤਕ ਪਹੁੰਚਾਇਆ ਜਾ ਸਕੇ ਅਤੇ ਗ਼ਰੀਬਾਂ, ਲੋੜਵੰਦਾਂ ਨੂੰ ਇਥੋਂ ਸਹਾਇਤਾ ਮਿਲਣੀ ਸ਼ੁਰੂ ਹੋ ਜਾਏ। ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ 10% ਕੰਮ ਪੂਰਾ ਕਰਨ ਲਈ 10 ਕਰੋੜ ਦੇ ਕਰੀਬ ਰਕਮ ਚਾਹੀਦੀ ਹੋਵੇਗੀ। 80 ਕਰੋੜ ਪਹਿਲਾਂ ਹੀ ਲੱਗ ਚੁੱਕੇ ਹਨ। ਇਹ ਰਕਮ ਵੱਡੀ ਵੀ ਹੈ ਤੇ ਛੋਟੀ ਵੀ। ਛੋਟੀ ਇਸ ਤਰ੍ਹਾਂ ਕਿ 2500 ਮੈਂਬਰਾਂ ਦਾ ਪ੍ਰਵਾਰ ਹੈ 'ਉੱਚਾ ਦਰ' ਪ੍ਰਵਾਰ। ਕੋਈ ਲਾਈਫ਼ ਮੈਂਬਰ ਹੈ, ਕੋਈ ਸਰਪ੍ਰਸਤ ਮੈਂਬਰ ਹੈ ਤੇ ਕੋਈ ਮੁੱਖ ਸਰਪ੍ਰਸਤ ਮੈਂਬਰ। ਇਨ੍ਹਾਂ ਸਾਰਿਆਂ ਨੂੰ ਹੀ 'ਉੱਚਾ ਦਰ' ਦੀ ਮਾਲਕੀ ਸੌਂਪ ਦਿਤੀ ਗਈ ਹੈ। ਹੁਣ ਅਗਲਾ ਸਾਰਾ ਫ਼ਰਜ਼ ਤਾਂ ਇਨ੍ਹਾਂ ਦਾ ਹੀ ਬਣਦਾ ਹੈ। ਜੇ ਮੈਂਬਰ ਸਿਆਣੇ ਅਤੇ ਕੁਰਬਾਨੀ ਵਾਲੇ ਹੋਣ ਤਾਂ ਸੰਸਥਾ ਨੂੰ ਚਾਰ ਚੰਨ ਲੱਗ ਜਾਂਦੇ ਹਨ ਅਤੇ ਹਰ ਔਕੜ ਦਾ ਹੱਲ ਪਲਾਂ ਵਿਚ ਨਿਕਲ ਆਉਂਦਾ ਹੈ। ਵੱਡੀਆਂ ਸੰਸਥਾਵਾਂ ਨੂੰ ਔਕੜਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਮੈਂਬਰ ਇਕ ਵਾਰ ਮਨ ਵਿਚ ਧਾਰ ਲੈਣ ਕਿ ਔਕੜ ਨੂੰ ਪਛਾੜ ਕੇ ਰਹਿਣਾ ਹੈ ਤਾਂ ਪਲਾਂ ਵਿਚ ਸੱਭ ਠੀਕ ਹੋ ਜਾਂਦਾ ਹੈ। ਪਰ ਜਿਸ ਸੰਸਥਾ ਦੇ ਮੈਂਬਰ 'ਤਮਾਸ਼ਾਈ' ਬਣ ਕੇ ਵੇਖਦੇ ਰਹਿਣ ਤੇ ਕਹਿੰਦੇ ਰਹਿਣ ਕਿ, ''ਵੇਖਦੇ ਆਂ, ਪ੍ਰਬੰਧਕ ਕਿਵੇਂ ਮੁਸ਼ਕਲ 'ਚੋਂ ਨਿਕਲਦੇ ਨੇ'¸ਉਹ ਸੰਸਥਾ ਅੱਜ ਵੀ ਗਈ ਤੇ ਕਲ ਵੀ ਗਈ। ਸੋ ਇਸ ਵੇਲੇ ਜਿਹੜੇ 2500 ਮੈਂਬਰ ਬਣੇ ਹੋਏ ਹਨ, ਉਹ ਘੱਟੋ-ਘੱਟ ਇਕ  ਹੋਰ ਮੈਂਬਰ ਇਸ ਮਹੀਨੇ ਜ਼ਰੂਰ ਬਣਾ ਦੇਣ ਤੇ ਹੋ ਸਕੇ ਤਾਂ ਆਪ ਵੀ ਅਗਲੀ ਪੌੜੀ ਚੜ੍ਹ ਜਾਣ ਅਰਥਾਤ ਲਾਈਫ਼ ਮੈਂਬਰ, ਸਰਪ੍ਰਸਤ ਮੈਂਬਰ ਬਣ ਜਾਣ ਤੇ ਸਰਪ੍ਰਸਤ ਮੈਂਬਰ, ਮੁੱਖ ਸਰਪ੍ਰਸਤ ਮੈਂਬਰ ਬਣ ਜਾਣ। ਪੈਸੇ ਦੋ ਤਿੰਨ ਕਿਸਤਾਂ ਵਿਚ ਵੀ ਦੇ ਸਕਦੇ ਹਨ। 

10 ਹਜ਼ਾਰ ਮੈਂਬਰਾਂ ਦਾ ਟੀਚਾ ਸਰ ਕਰਨਾ ਹੀ ਕਰਨਾ ਹੈ
ਪਾਠਕਾਂ ਨੂੰ ਯਾਦ ਹੋਵੇਗਾ, ਮੈਂ ਅਮਰੀਕਾ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ 'ਯੂਨੀਵਰਸਲ ਸਟੁਡੀਉ' ਵੇਖਣ ਮਗਰੋਂ ਅਪਣੀ ਡਾਇਰੀ ਵਿਚ ਲਿਖਿਆ ਸੀ ਕਿ ਮੈਂ ਸਟੁਡੀਉ ਦੇ ਜਨਰਲ ਮੈਨੇਜਰ ਤੇ ਇੰਜੀਨੀਅਰ ਨੂੰ ਪੁਛਿਆ ਸੀ ਕਿ ਇਸ ਤਰ੍ਹਾਂ ਦਾ ਜੇ ਅਸੀ ਇਕ ਧਾਰਮਕ ਅਦਾਰਾ ਸ਼ੁਰੂ ਕਰਨਾ ਚਾਹੀਏ ਤਾਂ ਉਸ ਦੀ ਸਫ਼ਲਤਾ ਲਈ ਕਿਹੜੀਆਂ ਜ਼ਰੂਰੀ ਗੱਲਾਂ ਸਾਨੂੰ ਕਰਨੀਆਂ ਪੈਣਗੀਆਂ? ਉਨ੍ਹਾਂ ਨੇ ਜਵਾਬ ਵਿਚ ਕਿਹਾ ਸੀ, ''ਜੇ ਤੁਸੀ ਇਸ ਦੇ 10 ਹਜ਼ਾਰ ਮੈਂਬਰ ਬਣਾ ਸਕਦੇ ਹੋ ਤਾਂ ਅਗਲੇ 50 ਸਾਲਾਂ ਵਿਚ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਏਗੀ।'' ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਪਾਠਕਾਂ ਨੂੰ ਦੱਸੀ ਸੀ ਤੇ ਕਿਹਾ ਸੀ ਕਿ 10 ਹਜ਼ਾਰ ਮੈਂਬਰ ਬਣਨ ਲਈ ਤਿਆਰ ਰਹੋ। 2500 ਮੈਂਬਰ ਤਾਂ ਬਣ ਗਏ ਪਰ ਬਾਕੀਆਂ ਦਾ ਕਹਿਣਾ ਸੀ ਕਿ ਜੇ 'ਉੱਚਾ ਦਰ' ਸਚਮੁਚ ਬਣ ਗਿਆ ਤਾਂ ਉਹ ਵੀ ਮੈਂਬਰ ਜ਼ਰੂਰ ਬਣ ਜਾਣਗੇ ਪਰ ਪਹਿਲਾਂ 'ਉੱਚਾ ਦਰ' ਦੀ ਇਮਾਰਤ ਦੋ ਤਿਹਾਈ ਤਾਂ ਬਣਾ ਕੇ ਵਿਖਾ ਦਿਉ। ਅਸਲ ਵਿਚ ਉਦੋਂ ਸਾਡੇ ਵਿਰੁਧ ਧੂਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਨ੍ਹਾਂ ਨੇ 'ਉੱਚਾ ਦਰ' ਉਸਾਰਨਾ ਕੋਈ ਨਹੀਂ ਤੇ ਪੈਸਾ ਇਕੱਠਾ ਕਰ ਕੇ ਵਿਦੇਸ਼ ਭੱਜ ਜਾਣਾ ਹੈ। ਸੋ ਅਸੀ ਵੀ ਬਹੁਤਾ ਜ਼ੋਰ ਨਹੀਂ ਸੀ ਪਾਉਂਦੇ ਕਿ ਚਲੋ ਇਮਾਰਤ ਬਣਨ ਤੇ ਹੀ ਸਹੀ। ਹੁਣ ਤਾਂ ਸੱਭ ਕੁੱਝ ਸਾਹਮਣੇ ਨਜ਼ਰ ਆ ਰਿਹਾ ਹੈ। ਸੋ ਹੁਣ 2500 ਦੇ 'ਉੱਚਾ ਦਰ' ਦੇ ਟੱਬਰ ਨੂੰ 10 ਹਜ਼ਾਰੀ ਪ੍ਰਵਾਰ ਵਿਚ ਬਦਲਣ ਦਾ ਵੇਲਾ ਆ ਗਿਆ ਹੈ। ਹਰ ਚੰਗੇ ਨਾਨਕ-ਪ੍ਰੇਮੀ ਨੂੰ ਬੇਨਤੀ ਹੈ ਕਿ ਉਹ ਇਸ ਦੇ ਤੁਰਤ ਲਾਈਫ਼/ਸਰਪ੍ਰਸਤ/ਮੁੱਖ-ਸਰਪ੍ਰਸਤ ਮੈਂਬਰ ਬਣ ਜਾਣ। 15 ਮਈ ਤਕ ਲਾਈਫ਼ ਮੈਂਬਰਸ਼ਿਪ ਲੈਣ ਵਾਲੇ ਨੂੰ 10 ਹਜ਼ਾਰ ਦੀ ਰਿਆਇਤ, ਸਰਪ੍ਰਸਤ ਮੈਂਬਰ ਬਣਨ ਲਈ 20 ਹਜ਼ਾਰ ਦੀ ਰਿਆਇਤ ਤੇ ਮੁੱਖ ਸਰਪ੍ਰਸਤ ਮੈਂਬਰ ਬਣਨ ਲਈ 50 ਹਜ਼ਾਰ ਰੁਪਏ ਦੀ ਰਿਆਇਤ ਇਸ ਸਮੇਂ ਵਿਚ ਮਿਲ ਸਕੇਗੀ। ਕੋਈ ਆਪ ਮੈਂਬਰ ਬਣ ਕੇ ਟੀਚਾ ਪ੍ਰਾਪਤ ਕਰਨ ਦੀ ਸੇਵਾ ਕਰਨਾ ਚਾਹੇ ਤਾਂ ਉਸ ਨੂੰ ਵੀ ਜੀਅ ਆਇਆਂ ਆਖਿਆ ਜਾਏਗਾ।

ਇਸ ਟੀਚੇ ਦੀ ਪ੍ਰਾਪਤੀ ਲਈ ਫ਼ੌਰੀ ਤੌਰ ਤੇ ਇਕ ਕਮੇਟੀ ਵੀ ਕਾਇਮ ਕਰ ਦਿਤੀ ਗਈ ਹੈ, ਜਿਸ ਦੇ ਕਨਵੀਨਰ ਸ. ਬਲਵਿੰਦਰ ਸਿੰਘ ਅੰਬਰਸਰੀਆ ਹੋਣਗੇ। ਇਸ ਦੇ ਬਾਕੀ ਮੈਂਬਰ ਹਾਲ ਦੀ ਘੜੀ ਇਹ ਹੋਣਗੇ: ਡਾ. ਗੁਰਦੀਪ ਸਿੰਘ ਮੋਹਾਲੀ, ਸ. ਮਨਜੀਤ ਸਿੰਘ ਜਗਾਧਰੀ (ਹਰਿਆਣਾ), ਸ. ਬਲਵਿੰਦਰ ਸਿੰਘ ਮਿਸ਼ਨਰੀ ਫ਼ਰੀਦਕੋਟ, ਬੀਬੀ ਨਿਰਮਲ ਕੌਰ ਲੁਧਿਆਣਾ, ਡਾ. ਜੀਵਨਜੋਤ ਕੌਰ ਕੋਟਕਪੂਰਾ, ਬੀਬੀ ਦਲਜੀਤ ਕੌਰ ਚੰਡੀਗੜ੍ਹ, ਸ. ਕਸ਼ਮੀਰ ਸਿੰਘ ਮੁਕਤਸਰ, ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਗੋਇੰਦਵਾਲ ਸਾਹਿਬ, ਡਾ. ਗੁਰਪ੍ਰੀਤ ਇੰਦਰ ਸਿੰਘ (ਵਾਈਸ ਚਾਂਸਲਰ) ਬਠਿੰਡਾ, ਬੀਬੀ ਅਮਨਦੀਪ ਕੌਰ ਗੁਰਦਾਸਪੁਰ, ਕੈਪਟਨ ਜਗਜੀਤ ਸਿੰਘ ਭੁੱਲਰ ਕਰਨਾਲ, ਸ. ਮਹਿੰਦਰ ਸਿੰਘ ਖ਼ਾਲਸਾ ਬਠਿੰਡਾ, ਸ. ਭਗਤ ਸਿੰਘ ਆਈ.ਏ.ਐਸ. (ਰੀਟਾ.), ਸ. ਗੁਰਮੇਜ ਸਿੰਘ ਲੋਪੋਕੇ ਅੰਮ੍ਰਿਤਸਰ, ਸ. ਗੁਰਦੇਵ ਸਿੰਘ ਚੰਬਲ ਪਟਿਆਲਾ, ਸ. ਜੋਗਿੰਦਰ ਸਿੰਘ ਐਸ.ਡੀ.ਓ. ਜਲੰਧਰ ਤੇ ਸ. ਚਰਨਜੀਤ ਸਿੰਘ ਫਤਿਹਗੜ੍ਹ ਸਾਹਿਬ, ਕਰਨਲ ਐਚ.ਐਮ. ਸਿੰਘ ਚੰਡੀਗੜ੍ਹ, ਸ. ਅਮਰ ਸਿੰਘ ਦਿੱਲੀ, ਸ. ਧਰਮ ਸਿੰਘ ਦਿੱਲੀ, ਸ. ਗੁਰਬਚਨ ਸਿੰਘ ਦਿੱਲੀ, ਸ. ਹਰੀ ਸਿੰਘ ਦਿੱਲੀ, ਸ. ਗੁਰਦਰਸ਼ਨ ਸਿੰਘ ਸੰਗਰੂਰ ਤੇ ਸ. ਗੁਰਿੰਦਰ ਸਿੰਘ ਕੋਟਕਪੂਰਾ।ਇਹ ਸਾਰੇ ਉਹ ਮੈਂਬਰ ਹਨ ਜੋ ਅਪਣੇ ਕੋਲੋਂ ਵੀ ਤੇ ਬਾਹਰੋਂ ਇਕੱਤਰ ਕਰ ਕੇ ਵੀ ਉੱਚਾ ਦਰ ਦੀ ਚੰਗੀ ਚੋਖੀ ਸੇਵਾ ਕਰਦੇ ਰਹਿੰਦੇ ਹਨ। ਇਹ ਕਮੇਟੀ, ਹੋਰ ਮੈਂਬਰ ਲੈਣ ਵਿਚ ਆਜ਼ਾਦ ਹੋਵੇਗੀ। ਮਕਸਦ ਇਕੋ ਹੈ ਕਿ ਪ੍ਰਵਾਰ ਦੀ ਗਿਣਤੀ 2500 ਤੋਂ ਵਧਾ ਕੇ 10,000 ਕਰਨੀ ਹੈ। ਇਸ ਨਾਲ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਅਰਥਾਤ 'ਉੱਚਾ ਦਰ' ਸ਼ੁਰੂ ਹੋ ਜਾਏਗਾ, ਕਰਜ਼ੇ ਉਤਰ ਜਾਣਗੇ ਤੇ ਕੁੱਝ ਰਕਮ, ਉੱਚਾ ਦਰ ਨੂੰ ਚਲਾਉਣ ਲਈ ਬੈਂਕ ਵਿਚ ਵੀ ਜਮ੍ਹਾਂ ਹੋ ਜਾਏਗੀ। ਆਸ ਹੈ, ਸਾਰੇ ਪਾਠਕ ਅਤੇ ਸਾਰੇ ਮੈਂਬਰ ਇਸ ਆਖ਼ਰੀ ਹੱਲੇ ਦਾ ਅੰਤਮ ਟੀਚਾ ਸਰ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਅਗਲੇ ਸਾਲ, ਸੰਸਾਰ ਭਰ ਵਿਚ ਬਾਬੇ ਨਾਨਕ ਦਾ 550ਵਾਂ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਅਸੀ ਉਸ ਤੋਂ ਪਹਿਲਾਂ ਉੱਚਾ ਦਰ ਸ਼ੁਰੂ ਕਰਨਾ ਹੀ ਕਰਨਾ ਹੈ ਤੇ ਉਸ ਤੋਂ ਪਹਿਲਾਂ 'ਉੱਚਾ ਦਰ ਪ੍ਰਵਾਰ' ਨੂੰ 10 ਹਜ਼ਾਰੀ ਪ੍ਰਵਾਰ ਵਿਚ ਬਦਲਣਾ ਵੀ ਜ਼ਰੂਰੀ ਹੈ। ਇਹ ਟੀਚਾ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਹੀ ਅਮਰੀਕਾ ਦੇ ਯੂਨੀਵਰਸਲ ਸਟੁਡੀਉ ਦੇ ਮੈਨੇਜਰ ਤੇ ਇੰਜੀਨੀਅਰ ਨਾਲ ਗੱਲ ਕਰ ਕੇ ਮਿਥਿਆ ਗਿਆ ਸੀ। 15 ਮਈ ਤਕ ਮੈਂਬਰ ਬਣਨ ਵਾਲਿਆਂ ਨੂੰ ਚੰਦਿਆਂ ਵਿਚ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤਕ ਦੀ ਰਿਆਇਤ ਵੀ ਦਿਤੀ ਜਾਵੇਗੀ। (ਵੇਖੋ ਕੂਪਨ) ਦੋ ਜਾਂ ਤਿੰਨ ਕਿਸਤਾਂ ਵਿਚ ਪੈਸੇ ਦੇ ਕੇ ਵੀ ਮੈਂਬਰਸ਼ਿਪ ਲਈ ਜਾ ਸਕਦੀ ਹੈ।
ਯਾਦ ਰਹੇ, 15 ਅਪ੍ਰੈਲ ਦਾ ਆਗਮਨ ਪੁਰਬ ਤਾਂ ਇਕ ਟਰੇਲਰ ਹੀ ਵਿਖਾਇਆ ਗਿਆ ਹੈ। ਅਸਲ ਪਿਕਚਰ ਅਗਲੇ ਆਗਮਨ ਸਮਾਗਮ ਤੇ ਵਿਖਾਵਾਂਗੇ ਜਦ 50 ਹਜ਼ਾਰ ਤੋਂ ਇਕ ਲੱਖ ਸੰਗਤਾਂ ਦਾ ਇਕੱਠ ਵੀ ਹੋ ਜਾਏਗਾ, ਕਿਸੇ ਕਿਸਮ ਦੀ ਕੋਈ ਕਮੀ ਵੀ ਮਹਿਸੂਸ ਨਹੀਂ ਹੋਵੇਗੀ ਤੇ ਸਮਾਗਮ, ਕਈ ਇਤਿਹਾਸਕ ਯਾਦਾਂ ਵੀ ਛੱਡ ਜਾਏਗਾ। ਆਉ ਅੱਜ ਤੋਂ ਹੀ ਤਿਆਰੀ ਆਰੰਭ ਦਈਏ ਤੇ ਨਵਾਂ ਇਤਿਹਾਸ ਸਿਰਜਣ ਲਈ 
ਜੁਟ ਜਾਈਏ।