ਅਕਾਲ ਤਖ਼ਤ ਨੂੰ ਹੋਰ ਨਾ ਰੋਲੋ (3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਾਲ ਤਖ਼ਤ ’ਤੇ ਵੀ ਪੰਥ ਦੇ ਜੱਥੇ ਜੁੜਨੇ ਬੰਦ ਹੋ ਗਏ। ਸਿੱਖ ਪ੍ਰਭੂਸੱਤਾ ਦੀ ਗੱਲ ਹੋਣੀ ਬੰਦ ਹੋ ਗਈ

Sri Akal Takht Sahib

 

ਅਕਾਲ ਤਖ਼ਤ ਦੁਨੀਆਂ ਦਾ ਇਕੋ ਇਕ ‘ਤਖ਼ਤ’ ਹੈ ਜਿਸ ਕੋਲ ਫ਼ੌਜ ਨਹੀਂ, ਰਾਜਸੱਤਾ ਦੀ ਮਾਰੂ ਤਾਕਤ ਨਹੀਂ ਪਰ ਫਿਰ ਵੀ ਇਕ ਪੂਰੀ ਕੌਮ ਇਸ ਨੂੰ ਮਾਨਤਾ ਦੇਂਦੀ ਹੈ। ਕਿਉਂ ਦੇਂਦੀ ਹੈ? ਕਿਉਂਕਿ ਇਤਿਹਾਸਕ ਕਾਰਨਾਂ ਕਰ ਕੇ ਇਹ ਸਿੱਖ ਪ੍ਰਭੂਸੱਤਾ (Sikh Sovereignty) ਦਾ ਕੇਂਦਰ ਬਣ ਗਿਆ ਸੀ। ਸਿੱਖ ਜੱਥੇ ਰਲ ਕੇ ਇਥੇ ਸਾਲ ਵਿਚ ਦੋ ਵਾਰ ਜੁੜਿਆ ਕਰਦੇ ਸਨ ਤੇ ਇਕ ਸਾਂਝਾ ਮਾਂਝਾ ਜਥੇਦਾਰ, ਅਪਣੇ ਵਿਚੋਂ ਹੀ ਚੁਣ ਕੇ, ਕੌਮੀ ਫ਼ੈਸਲੇ ਲਿਆ ਕਰਦੇ ਸਨ ਜੋ ਸਰਬ ਸੰਮਤੀ ਤੇ ਅੱਪੜ ਕੇ ਲਏ ਜਾਂਦੇ ਸਨ, ਇਸ ਲਈ ਹਰ ਸਿੱਖ ਲਈ ਮੰਨਣੇ ਲਾਜ਼ਮੀ ਹੁੰਦੇ ਸਨ। ਫਿਰ ਜਿਵੇਂ ਕਿ ਸਾਰੇ ਹੀ ਧਰਮਾਂ ਦਾ ਇਤਿਹਾਸ ਦਸਦਾ ਹੈ, ਨੇਕ ਇਰਾਦੇ ਨਾਲ ਸ਼ੁਰੂ ਕੀਤੀਆਂ ਚੰਗੀਆਂ ਪਹਿਲਾਂ, ਸਮਾਂ ਪਾ ਕੇ, ਅਛਾਈ ਦੀ ਬਜਾਏ ਬੁਰਾਈ ਦਾ ਕਾਰਨ ਬਣਨ ਲੱਗ ਜਾਂਦੀਆਂ ਹਨ।

ਅਕਾਲ ਤਖ਼ਤ ’ਤੇ ਵੀ ਪੰਥ ਦੇ ਜੱਥੇ ਜੁੜਨੇ ਬੰਦ ਹੋ ਗਏ। ਸਿੱਖ ਪ੍ਰਭੂਸੱਤਾ ਦੀ ਗੱਲ ਹੋਣੀ ਬੰਦ ਹੋ ਗਈ। ਭਾਈ ਤੇ ਗ੍ਰੰਥੀ ‘ਜਥੇਦਾਰ’ ਅਖਵਾਉਣ ਲੱਗ ਪਏ ਤੇ ਉਨ੍ਹਾਂ ਦੀ ਨਿਯੁਕਤੀ ਸਿਆਸਤਦਾਨ ਕਰਨ ਲੱਗ ਪਏ। ਸਾਰੀ ਬੁਰਾਈ ਨੂੰ ਅੰਦਰ ਲਿਆਉਣ ਲਈ ਬੂਹਾ ਗੁਰਦਵਾਰਾ ਐਕਟ ਨੇ ਖੋਲ੍ਹਿਆ ਜਿਸ ਨੇ ਧਰਮ ਨੂੰ ਸਿਆਸਤ (ਵੋਟ-ਸਿਆਸਤ) ਦੇ ਅਧੀਨ ਕਰ ਦਿਤਾ ਤੇ ਸਿਆਸਤਦਾਨਾਂ ਦੇ ਚਹੇਤੇ ਗ੍ਰੰਥੀ ‘ਜਥੇਦਾਰ’ ਬਣ ਕੇ, ਸਿਆਸਤਦਾਨਾਂ ਦੇ ਹੁਕਮ ਅਨੁਸਾਰ, ਅੱਗੋਂ ਹੁਕਮ ਚਲਾਉਣ ਲੱਗ ਪਏ ਤੇ ਸਿਆਸਤਦਾਨਾਂ ਦੇ ਵਿਰੋਧੀਆਂ ਤੇ ਤਾਕਤ-ਵਿਹੂਣੇ ਲੋਕਾਂ ਅਥਵਾ ਲੇਖਕਾਂ, ਪੱਤਰਕਾਰਾਂ, ਇਤਿਹਾਸਕਾਰਾਂ, ਪੰਥਕ ਸੋਚ ਵਾਲਿਆਂ ਨੂੰ ਜ਼ਲੀਲ ਕਰਨ ਲੱਗ ਪਏ।
ਹੌਲੀ ਹੌਲੀ ਸਿਆਸਤਦਾਨਾਂ ਵਲੋਂ ਥਾਪੇ ‘ਜਥੇਦਾਰ’ ਅਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ ਤੇ ਜੋ ਕੁੱਝ ਸਾਹਮਣੇ ਨਹੀਂ ਆਇਆ, ਉਸ ਨੂੰ ਛੱਡ ਵੀ ਦਈਏ ਤਾਂ ਜੋ ਕੁੱਝ ਅਖ਼ਬਾਰਾਂ ਵਿਚ ਛਪਦਾ ਰਿਹਾ ਹੈ, ਉਸ ਅਨੁਸਾਰ ਹੀ :- 
 

- ਇਕ ‘ਜਥੇਦਾਰ’ ਨੇ ਇਕ ਬਲਾਤਕਾਰੀ ਬਾਬੇ ਵਿਰੁਧ ਇਕ ਕੁਆਰੀ ਕੁੜੀ ਦੀ ਸ਼ਿਕਾਇਤ, ਬਾਬੇ ਕੋਲੋਂ ਚੋਖੀ ਮਾਇਆ ਲੈ ਕੇ, ਰੱਦ ਕਰ ਦਿਤੀ ਪਰ ਮਾਮਲਾ ਕੋਰਟ ਵਿਚ ਲਿਜਾਇਆ ਗਿਆ ਤਾਂ ਬਾਬੇ ਨੂੰ 10 ਸਾਲ ਦੀ ਕੈਦ ਹੋ ਗਈ। ਇਹ ਕੈਦ ਦੀ ਸਜ਼ਾ ਅਸਲ ਵਿਚ ‘ਜਥੇਦਾਰ’ ਨੂੰ ਮਿਲਣੀ ਬਣਦੀ ਸੀ।

- ਇਕ ‘ਜਥੇਦਾਰ’ ਬਾਰੇ ਬੜੀਆਂ ਸ਼ਿਕਾਇਤਾਂ ਮਿਲੀਆਂ ਕਿ ਉਹ ਅਪਣੇ ਪੀ.ਏ. ਰਾਹੀਂ ਪੈਸੇ ਲੈਂਦਾ ਹੈ। ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਸ ਦੇ ਪੀਏ ਨੂੰ ਬਦਲ ਦਿਤਾ ਜਾਏ। ‘ਜਥੇਦਾਰ’ ਨੇ ਕਮੇਟੀ ਨੂੰ ਕਹਿ ਦਿਤਾ ਕਿ ‘‘ਮੈਨੂੰ ਬਦਲਣਾ ਜੇ ਤਾਂ ਬਦਲ ਲਉ ਪਰ ਮੈਂ ਅਪਣੇ ਪੀਏ ਨੂੰ ਨਹੀਂ ਜੇ ਬਦਲਣ ਦੇਣਾ।’’

- ਦਿੱਲੀ ਗੁ. ਪ੍ਰਬੰਧਕ ਕਮੇਟੀ ਦਾ ਇਕ ਸਾਬਕਾ ਪ੍ਰਧਾਨ ਫੱਸ ਗਿਆ ਤਾਂ ਉਸ ਨੇ ਲੋਕਾਂ ਸਾਹਮਣੇ ਹੁੰਦੇ ਅਪਮਾਨ ਤੋਂ ਬਚਣ ਲਈ, ਚੋਖੇ ਪੈਸੇ ਦੇ ਕੇ ਪੇਸ਼ੀ ਦੀ ਤਾਰੀਖ਼ ਤੋਂ ਇਕ ਦਿਨ ਪਹਿਲਾਂ ਹੀ ਪੇਸ਼ ਹੋ ਕੇ ਜਾਨ ਬਖ਼ਸ਼ੀ ਕਰਵਾ ਲਈ ਤੇ ਪਿਛਲੇ ਦਰਵਾਜ਼ੇ ਤੋਂ ਬਾਹਰ ਭੇਜ ਦਿਤਾ ਗਿਆ ਤਾਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਉਹ ਆਇਆ ਵੀ ਸੀ। 

- ਇਸ ਵਰਤਾਰੇ ਦਾ ਨਤੀਜਾ ਇਹ ਨਿਕਲਿਆ ਕਿ ਅਕਾਲ ਤਖ਼ਤ ਨੂੰ ਵੀ ਬਦਨਾਮੀ ਮਿਲਣੀ ਸ਼ੁਰੂ ਹੋ ਗਈ ਤੇ ‘ਜਥੇਦਾਰ’ ਦਾ ਅਹੁਦਾ ਤਾਂ ਬਹੁਤ ਹੀ ਨੀਵੇਂ ਪੱਧਰ ’ਤੇ ਆ ਗਿਆ ਤੇ ਸਿਆਸਤਦਾਨ ਇਨ੍ਹਾਂ ਨੂੰ ਅਪਣੀਆਂ ਕੋਠੀਆਂ ਵਿਚ ਬੁਲਾ ਕੇ ਬੜੀ ਅਭੱਦਰ ਭਾਸ਼ਾ ਵਿਚ ਹੁਕਮ ਸੁਣਾਉਣ ਲੱਗ ਪਏ ਤੇ ਇਹ ਮੇਮਣੇ ਬਣ ਕੇ ਹੁਕਮ ਮੰਨਣ ਵੀ ਲੱਗ ਪਏ। ਅਪਮਾਨ ਅਤੇ ਗਾਲਾਂ ਵੀ, ਦੇਸੀ ਘਿਉ ਦੀਆਂ ਨਾਲਾਂ ਸਮਝ ਕੇ ਪੀ ਛਡਦੇ ਰਹੇ ਪਰ ਅਸਤੀਫ਼ਾ ਦੇਣ ਜਾਂ ਅੱਗੋਂ ਬੋਲਣ ਦੀ ਹਿੰਮਤ ਕਿਸੇ ਨਾ ਕੀਤੀ। ਸੌਦਾ ਸਾਧ ਨੂੰ, ਘਰ ਬੈਠੇ ਨੂੰ ਮਾਫ਼ੀ ਦੇ ਦਿਤੀ (ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੇ ਨਕਲੀ ਅੰਮ੍ਰਿਤ ਛਕਾਉਣ ਦਾ ਨਾਟਕ ਰਚਣ ਬਦਲੇ) ਤੇ ਫਿਰ ਕਰੋੜ ਰੁਪਿਆ ਖ਼ਰਚ ਕੇ ਉਸ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਇਸ਼ਤਿਹਾਰਬਾਜ਼ੀ ਕੀਤੀ ਗਈ। ਇਕ ਸਿਆਸਤਦਾਨ ਨੂੰ ਇਕ ਵਾਰ ਪੇਸ਼ ਹੋਣ ਦੀ ਗ਼ਲਤੀ ਕਰ ਦਿਤੀ ਤਾਂ ਗੰਦੀਆਂ ਗਾਲਾਂ ਕੱਢਣ ਵਾਲੀ ਭੀੜ ਕੋਲੋਂ ‘ਜਥੇਦਾਰ’ ਨੂੰ ਗੁਸਲਖ਼ਾਨੇ ਵਿਚ ਵੜ ਕੇ ਤੇ ਅੰਦਰੋਂ ਕੁੰਡੀ ਲਾ ਕੇ ਜਾਨ ਬਚਾਣੀ ਪਈ। 

ਜੇ ਇਕ ਇਕ ਮਾਮਲੇ ਦਾ ਵਿਸਥਾਰ ਨਾਲ ਜ਼ਿਕਰ ਕਰਨ ਲਈ ਮੈਂ ਹੀ ਇਕ ਕਿਤਾਬ ਲਿਖ ਦੇਵਾਂ ਤਾਂ ਮੈਨੂੰ ਯਕੀਨ ਹੈ ਕਿ ਹਰ ਸਿੱਖ ਤਾਂ ਰੋਣ ਲੱਗ ਹੀ ਜਾਏਗਾ, ਸਗੋਂ ਗ਼ੈਰ-ਸਿੱਖ ਵੀ ਮੂੰਹ ’ਚ ਉਂਗਲਾਂ ਪਾ ਕੇ ਸੋਚਣ ਲੱਗ ਪੈਣਗੇ ਕਿ ਸਿੱਖ ਏਨੇ ਜ਼ਿਆਦਾ ਕਿਵੇਂ ਡਿਗ ਪਏ ਨੇ ਕਿ ਅਪਣੀ ਏਨੀ ਵੱਡੀ ਸੰਸਥਾ ਉਤੇ ਪਾਪੀਆਂ ਦਾ ਕਬਜ਼ਾ ਵੇਖ ਕੇ ਵੀ ਚੁੱਪ ਬੈਠੇ ਹਨ ਤੇ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਨਿੰਦਦੇ ਹਨ?

2003 ਵਿਚ ਵਰਲਡ ਸਿੱਖ ਕਨਵੈਨਸ਼ਨ ਮੋਹਾਲੀ ਵਿਖੇ ਹੋਈ ਜਿਸ ਵਿਚ ਦੇਸ਼-ਵਿਦੇਸ਼ ਤੋਂ ਆਏ ਸਿੱਖਾਂ ਦੇ ਪ੍ਰਤੀਨਿਧਾਂ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਅਕਾਲ ਤਖ਼ਤ ਨਾਂ ਦੀ ਸੰਸਥਾ ਸਿੱਖ ਪੰਥ ਦੀਆਂ ਜਥੇਬੰਦੀਆਂ ਵਲੋਂ ਆਪਸੀ ਮਤਭੇਦ ਖ਼ਤਮ ਕਰਨ ਲਈ ਹੋਂਦ ਵਿਚ ਆਈ ਸੀ ਤੇ ਇਸ ਦਾ ਨਾ ਕੋਈ ਵਿਅਕਤੀ ਜਥੇਦਾਰ ਹੋ ਸਕਦਾ ਹੈ, ਨਾ ਭਾਈ ਜਾਂ ਗ੍ਰੰਥੀ ਸਗੋਂ ਇਸ ਦਾ ‘ਜਥੇਦਾਰ’ ਕੇਵਲ ਤੇ ਕੇਵਲ ‘ਖ਼ਾਲਸਾ ਪੰਥ’ ਹੀ ਹੋ ਸਕਦਾ ਹੈ ਜੋ ਪੰਥਕ ਜਥਿਆਂ ਨੂੰ ਆਪਸ ਵਿਚ ਮਿਲਾਉਣ ਤੇ ਸਿੱਖ ਪ੍ਰਭੂਸੱਤਾ ਦੇ ਸਿਧਾਂਤ ਨਾਲ ਜੋੜੀ ਰੱਖਣ ਦੀਆਂ ਵਿਉਂਤਾਂ ਬਣਾ ਸਕਦਾ ਹੈ। ਬਾਬੇ ਨਾਨਕ ਦੇ ਚਲਾਏ ਇਸ ਗਿਆਨ-ਮਾਰਗ ਵਿਚ ਕੋਈ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਗ੍ਰੰਥੀ ਕਿਸੇ ਨੂੰ ਸਜ਼ਾ (ਤਨਖ਼ਾਹ) ਨਹੀਂ ਲਗਾ ਸਕਦਾ, ਛੇਕ ਨਹੀਂ ਸਕਦਾ ਤੇ ਜ਼ਲੀਲ ਨਹੀਂ ਕਰ ਸਕਦਾ।

ਸਾਰੇ ਫ਼ੈਸਲੇ ਕੇਵਲ ਤੇ ਕੇਵਲ ਸਿੱਖ ਪੰਥ ਹੀ ਲੈ ਸਕਦਾ ਹੈ ਪਰ ਉਹ ਵੀ ਨਿਜੀ ਕਿਸਮ ਦੇ ਨਹੀਂ ਬਲਕਿ ਕੇਵਲ ਤੇ ਕੇਵਲ ਸਿੱਖ ਪ੍ਰਭੂਸੱਤਾ (Sovereignty) ਨਾਲ ਸਬੰਧਤ ਫ਼ੈਸਲੇ ਹੀ ਲੈ ਸਕਦਾ ਹੈ, ਨਿਜੀ ਮਾਮਲੇ ਗੁਰਦਵਾਰੇ ਤੋਂ ਬਾਹਰ (ਅਦਾਲਤਾਂ) ਵਿਚ ਹੀ ਨਜਿੱਠੇ ਜਾ ਸਕਦੇ ਹਨ। ਕਨਵੈਨਸ਼ਨ ਨੇ ਇਸੇ ਲਈ ਅਖ਼ੀਰ ਵਿਚ ਇਹ ਹੋਕਾ ਦਿਤਾ ਕਿ ਕੋਈ ਸਿੱਖ ਇਨ੍ਹਾਂ ਨਕਲੀ ‘ਜਥੇਦਾਰਾਂ’ ਸਾਹਮਣੇ ਪੇਸ਼ ਨਾ ਹੋਵੇ ਕਿਉਂਕਿ ‘ਖ਼ਾਲਸਾ ਪੰਥ’ (ਪੰਥ ਦੇ ਸਾਰੇ ਜਥੇ) ਹੀ ਕੋਈ ਫ਼ੈਸਲਾ ਇਥੇ ਲੈ ਸਕਦੇ ਹਨ ਤੇ ਉਹ ਵੀ ਕਿਸੇ ਵਿਅਕਤੀ ਵਿਰੁਧ ਨਹੀਂ, ਸਿੱਖ ਪ੍ਰਭੂਸੱਤਾ ਨੂੰ ਚੁਨੌਤੀ ਦੇਣ ਵਾਲਿਆਂ ਵਿਰੁਧ ਹੀ ਲੈ ਸਕਦੇ ਹਨ। ਪ੍ਰਿੰਸੀਪਲ ਗੰਗਾ ਸਿੰਘ (ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ) ਨੇ ਸੱਭ ਤੋਂ ਪਹਿਲਾਂ ਇਸ ਬਾਰੇ ਆਵਾਜ਼ ਚੁੱਕੀ ਸੀ।

ਹੋਰ ਵਿਸਥਾਰ ਦੇਵਾਂ ਤਾਂ ਅਪਣੇ ਆਪ ਤੇ ਵੀ ਸ਼ਰਮ ਆਵੇਗੀ ਕਿ ਕਿਉਂ ਸਿੱਖ, ਚੁਪਚਾਪ ਕਰ ਕੇ ਵੇਖੀ ਜਾ ਰਹੇ ਹਨ ਤੇ ਸੱਭ ਕੁੱਝ ਸਹੀ ਵੀ ਜਾ ਰਹੇ ਹਨ...?
ਠੰਢੇ ਦਿਲ ਨਾਲ ਸੋਚਿਆ ਤਾਂ ਯਕੀਨ ਹੋ ਗਿਆ ਕਿ ਇਹ ਕੌਮ ਤਾਂ ਹੁਣ ਪੂਰੀ ਤਰ੍ਹਾਂ ‘ਹਿੰਦੁਸਤਾਨੀ’ ਬਣ ਗਈ ਹੈ ਜਿਥੇ ਮੁੱਠੀ ਭਰ ਵਿਦੇਸ਼ੀ ਜਰਵਾਣੇ ਆਉਂਦੇ ਸਨ, ਇਥੋਂ ਦੀਆਂ ਕੁੜੀਆਂ ਅਪਣੇ ਘੋੜਿਆਂ ’ਤੇ ਬਿਠਾ ਕੇ ਭੱਜ ਜਾਂਦੇ ਸਨ ਤੇ ਸੈਂਕੜੇ ਲੋਕਾਂ ਵਿਚੋਂ ਕੋਈ ਇਕ ਵੀ ਉਨ੍ਹਾਂ ਨੂੰ ਰੋਕਣ ਟੋਕਣ ਜਾਂ ਮੁਕਾਬਲਾ ਕਰਨ ਲਈ ਨਹੀਂ ਸੀ ਨਿਤਰਦਾ। ਸਿੱਖ ਧਰਮ ਨੂੰ ਇਸੇ ਲਈ ਕ੍ਰਿਪਾਨਧਾਰੀ ਰੂਪ ਧਾਰਨਾ ਪਿਆ।

ਪਰ ਅੱਜ ਤਾਂ ਕ੍ਰਿਪਾਨ ਧਾਰ ਕੇ ਵੀ ਸਿੱਖ ਅਪਣੇ ਸੱਭ ਤੋਂ ਵੱਡੇ ‘ਤਖ਼ਤ’ ਤੇ ਵੀ ਪੁਜਾਰੀਵਾਦ ਦਾ ਨਾਚ ਹੁੰਦਾ ਵੇਖ ਕੇ ਵੀ ਉਂਜ ਹੀ ਚੁਪ ਖੜੇ ਵੇਖੀ ਜਾਂਦੇ ਹਨ ਜਿਵੇਂ ਹਿੰਦੁਸਤਾਨੀ ਲੋਕ ਅਪਣੀਆਂ ਕੁੜੀਆਂ ਚੁਕਣ ਵਾਲਿਆਂ ਨੂੰ ਜਾਂਦੇ ਵੇਖ ਕੇ ਵੀ, ਨਿਢਾਲ ਹੋਏ ਇੰਜ ਵੇਖਦੇ ਰਹਿੰਦੇ ਸਨ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਫਿਰ ਕੀਤਾ ਕੀ ਜਾਏ? ਅਪਣੀ ਕਲਮ ਦੀ ਲੜਾਈ ਤਾਂ ਜਾਰੀ ਰਹੇਗੀ ਹੀ ਪਰ ਅਕਾਲ ਤਖ਼ਤ ਦਾ ਸਤਿਕਾਰ ਕਾਇਮ ਰੱਖਣ ਲਈ (ਸਿੱਖ ਪ੍ਰਭੂਸੱਤਾ ਦੇ ਕੇਂਦਰ ਵਜੋਂ) ਕੀ ਕੀਤਾ ਜਾਣਾ ਚਾਹੀਦਾ ਹੈ, ਇਸ ਬਾਰੇ ਕੁੱਝ ਜ਼ਰੂਰੀ ਸੁਝਾਅ ਦੇ ਕੇ ਇਹ ਲੇਖ ਲੜੀ ਸਮਾਪਤ ਕਰ ਦੇਵਾਂਗਾ।  (ਚਲਦਾ)