ਜੈਨੀਆਂ ਦੇ ਮੰਦਰ ਵਿਚ, ਬਾਬਾ ਨਾਨਕ ਦੇ 'ਮਦਦ ਕਰੋ ਤਾਂ ਪੂਰੀ ਕਰੋ' ਵਾਲੇ ਸਿਧਾਂਤ ਨੂੰ ਲਾਗੂ ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਹੁੰਦਿਆਂ ਵੇਖਿਆ ਹੈ ਪਰ ਕਿਸੇ ਗੁਰਦਵਾਰੇ ਵਿਚ ਨਹੀਂ!

Jain temple Delhi

ਮਦਦ ਕਰਨ ਦੇ ਦੋ ਹੀ ਢੰਗ, ਭਾਰਤ ਵਿਚ ਪ੍ਰਚਲਤ ਹਨ। ਇਕ ਪੁਰਾਤਨ ਬ੍ਰਾਹਮਣਵਾਦੀ ਢੰਗ ਜੋ ਥੋੜਾ ਜਿਹਾ 'ਦਾਨ' ਦੇ ਕੇ ਅਪਣੇ ਆਪ ਨੂੰ 'ਦਾਨੀ' ਅਖਵਾਉਣ ਲਈ ਤਿਆਰ ਕਰ ਦੇਂਦਾ ਹੈ---ਭਾਵੇਂ ਦਾਨ ਲੈਣ ਵਾਲਾ ਸਾਰੀ ਉਮਰ ਮੰਗਤਾ ਹੀ ਬਣਿਆ ਰਹੇ। ਦੂਜਾ ਢੰਗ ਬਾਬੇ ਨਾਨਕ ਦਾ 'ਨਾਨਕੀ ਢੰਗ' ਹੈ ਜੋ ਲੋੜਵੰਦ ਦੀ ਪੂਰੀ ਲੋੜ ਵਲ ਧਿਆਨ ਦੇ ਕੇ ਉਸ ਨੂੰ ਅਪਣੇ ਪੈਰਾਂ 'ਤੇ ਖੜਾ ਕਰ ਦੇਂਦਾ ਹੈ। ਬਾਬੇ ਨਾਨਕ ਦੇ ਸਿੱਖਾਂ ਨੇ ਬਾਬੇ ਨਾਨਕ ਦਾ ਢੰਗ ਨਹੀਂ ਅਪਣਾਇਆ, ਪੁਰਾਤਨ ਪੁਜਾਰੀਵਾਦੀ ਢੰਗ ਹੀ ਅਪਣਾਈ ਚਲੀ ਜਾ ਰਹੇ ਹਨ। ਨਤੀਜੇ ਵਜੋਂ...

ਨਵੰਬਰ 84 ਵਿਚ ਦਿੱਲੀ ਵਿਚ 800 ਦੇ ਕਰੀਬ ਸਿੱਖ ਬੀਬੀਆਂ ਦੇ ਪਤੀਆਂ ਨੂੰ ਬੇਦਰਦੀ ਨਾਲ ਮਾਰ ਕੇ ਉਨ੍ਹਾਂ ਦੇ ਨਾਵਾਂ ਨਾਲ 'ਵਿਧਵਾ' ਸ਼ਬਦ ਜੋੜ ਦਿਤਾ ਗਿਆ। ਮਰਨ ਵਾਲਿਆਂ ਦਾ ਕਸੂਰ ਕੇਵਲ ਏਨਾ ਹੀ ਸੀ ਕਿ ਉਹ ਸਿੱਖ ਸਨ ਤੇ ਉਸ ਵੇਲੇ ਦੀ ਸਰਕਾਰ ਨੇ ਫ਼ੈਸਲਾ ਕੀਤਾ ਸੀ ਕਿ ਇੰਦਰਾ ਗਾਂਧੀ ਨੂੰ ਕਿਉੁਂਕਿ ਦੋ ਸਰਦਾਰਾਂ ਨੇ ਮਾਰਿਆ ਸੀ, ਇਸ ਲਈ ਕਿਸੇ ਸਿੱਖ ਨੂੰ ਜ਼ਿੰਦਾ ਨਾ ਰਹਿਣ ਦਿਤਾ ਜਾਏ। ਸੋ ਜਿਹੜਾ ਵੀ ਸਿੱਖ ਸਾਹਮਣੇ ਆਇਆ, ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ, ਉਸ ਦੇ ਟੁਕੜੇ ਟੁਕੜੇ ਕਰ ਦਿਤੇ ਗਏ, ਗਲ ਵਿਚ ਟਾਇਰ ਪਾ ਕੇ ਅੱਗ ਲਾ ਦਿਤੀ ਗਈ....

ਵਗ਼ੈਰਾ ਵਗ਼ੈਰਾ। ਉਨ੍ਹਾਂ ਸਿੱਖਾਂ ਦੀਆਂ ਪਤਨੀਆਂ, ਮਿੰਟਾਂ ਵਿਚ 'ਵਿਧਵਾ' ਬਣ ਗਈਆਂ। ਉਨ੍ਹਾਂ ਦੇ ਘਰ ਵੀ ਲੁੱਟ ਲਏ ਗਏ ਸਨ, ਢਾਹ ਦਿਤੇ ਗਏ ਸਨ ਜਾਂ ਸਾੜ ਦਿਤੇ ਗਏ ਸਨ। ਬੇਸਹਾਰਾ ਜਹੀਆਂ ਹੋ ਕੇ, ਦਰ ਬਦਰ ਭਟਕਣ ਲਗੀਆਂ ਕਿ ਉਨ੍ਹਾਂ ਦੀ ਮਦਦ ਲਈ ਕੋਈ ਤਾਂ ਬਹੁੜੇ।ਦਿੱਲੀ ਵਿਚ ਧਨਾਢ ਸਿੱਖਾਂ ਦੀ ਕੋਈ ਕਮੀ ਨਹੀਂ ਸੀ ਜਿਨ੍ਹਾਂ ਕੋਲ ਬੋਰੀਆਂ ਵਿਚ ਬੰਦ, ਕਾਲਾ ਧਨ ਏਨਾ ਜ਼ਿਆਦਾ ਪਿਆ ਹੋਇਆ ਸੀ ਕਿ ਉਨ੍ਹਾਂ ਨੂੰ ਖ਼ੁਦ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਕੁਲ ਪੈਸਾ ਕਿੰਨਾ ਹੈ। ਮੈਂ ਖ਼ੁਦ ਉਨ੍ਹਾਂ 'ਚੋਂ ਕਈਆਂ ਨੂੰ ਕਾਰਾਂ ਵਿਚ ਨੋਟਾਂ ਦੀਆਂ ਬੋਰੀਆਂ ਚੁੱਕੀ,

ਚੰਡੀਗੜ੍ਹ ਦੇ ਬੈਂਕਾਂ ਵਿਚ ਤਰਲੇ ਕਢਦਿਆਂ ਵੇਖਿਆ ਕਿ ਜਿਵੇਂ ਵੀ ਹੋਵੇ, ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ 'ਲਾਕਰ' ਦੇ ਦਿਤੇ ਜਾਣ ਤਾਕਿ ਉਹ ਕਾਲੇ ਧਨ ਨਾਲ ਭਰੀਆਂ ਹੋਈਆਂ ਬੋਰੀਆਂ ਨੂੰ ਸੁਰੱਖਿਅਤ ਤਾਂ ਕਰ ਸਕਣ। ਉਨ੍ਹਾਂ 'ਚੋਂ ਕਿਸੇ ਨੂੰ ਇਹ ਫ਼ਿਕਰ ਨਹੀਂ ਸੀ ਕਿ ਦੂਜੇ ਮੁਸੀਬਤ ਵਿਚ ਫਸੇ ਸਾਥੀ ਸਿੱਖਾਂ ਦੀ ਮਦਦ ਵੀ ਕਰਨੀ ਹੈ। ਅਪਣੇ ਕਾਲੇ ਧਨ ਨੂੰ 'ਸੇਫ਼' ਥਾਂ 'ਤੇ ਪਹੁੰਚਾਣਾ ਹੀ ਉਸ ਵੇਲੇ ਉਨ੍ਹਾਂ ਦੀ ਇਕੋ ਇਕ ਚਿੰਤਾ ਸੀ। 

ਕਈ ਸਾਲ ਬੀਤ ਗਏ। ਹਾਲਾਤ ਸਾਧਾਰਣ ਬਣ ਗਏ ਪਰ 'ਵਿਧਵਾਵਾਂ' ਦੀ ਹਾਲਤ ਵਿਚ ਕੋਈ ਸੁਧਾਰ ਨਾ ਆਇਆ। ਇਕ ਦਿਨ ਦਿੱਲੀ ਗੁ. ਪ੍ਰਬੰਧਕ ਕਮੇਟੀ ਦੇ ਕੁੱਝ ਮੈਂਬਰ ਅਪਣੇ ਪ੍ਰਧਾਨ ਜੀ ਸਮੇਤ, ਮਿਲਣ ਲਈ ਮੇਰੇ ਕੋਲ ਚੰਡੀਗੜ੍ਹ ਆਏ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, ''ਤੁਹਾਡੀ ਦਿੱਲੀ ਕਰੋੜਪਤੀ ਤੇ ਅਰਬਪਤੀ ਸਿੱਖਾਂ ਨਾਲ ਭਰੀ ਪਈ ਹੈ ਪਰ ਤੁਸੀ 700-800 ਵਿਧਵਾਵਾਂ ਨੂੰ ਵੀ ਸੰਭਾਲ ਨਾ ਸਕੇ?'' 

ਕਹਿਣ ਲੱਗੇ, ''ਨਾ ਜੀ ਅਸੀ ਤਾਂ ਹਰ ਮਹੀਨੇ ਉਨ੍ਹਾਂ ਨੂੰ ਹਜ਼ਾਰ ਰੁਪਏ ਦੀ 'ਮਦਦ' ਦੇਂਦੇ ਹਾਂ।'' 
ਮੈਂ ਕਿਸੇ ਹੋਰ ਸੱਜਣ ਕੋਲੋਂ ਸੁਣ ਚੁਕਾ ਸੀ ਕਿ ਹਜ਼ਾਰ ਰੁਪਿਆ ਲੈਣ ਲਈ ਵਿਚਾਰੀਆਂ ਵਿਧਵਾਵਾਂ ਨੂੰ ਅਪਣੇ ਇਲਾਕੇ ਦੇ, ਦਿੱਲੀ ਕਮੇਟੀ ਦੇ ਸਤਿਕਾਰਯੋਗ ਮੈਂਬਰਾਂ ਦੇ ਘਰ ਜਾ ਕੇ ਭਾਂਡੇ ਮਾਂਜਣੇ ਪੈਂਦੇ ਸਨ, ਆਉਣ ਜਾਣ ਦਾ ਕਿਰਾਇਆ ਅਪਣੇ ਕੋਲੋਂ ਖ਼ਰਚਣਾ ਪੈਂਦਾ ਸੀ ਤੇ ਅਖ਼ੀਰ ਤੇ ਮੈਂਬਰ ਜੀ ਅਪਣੀ ਚਿੱਠੀ ਉਸ 'ਸਿੱਖ ਵਿਧਵਾ' ਨੂੰ ਦੇਂਦੇ ਸਨ

ਜਿਸ ਨੂੰ ਵਿਖਾ ਕੇ ਉਸ ਨੂੰ ਕਮੇਟੀ ਦੇ ਦਫ਼ਤਰ ਵਿਚੋਂ, ਦੋ ਚਾਰ ਗੇੜੇ ਕੱਢਣ ਮਗਰੋਂ ਹਜ਼ਾਰ ਰੁਪਏ ਮਿਲਦੇ ਸਨ। ਇਹ ਹਜ਼ਾਰ ਰੁਪਏ ਦੀ 'ਮਦਦ' ਵੀ ਸਾਲ ਕੁ ਮਗਰੋਂ ਬੰਦ ਕਰ ਦਿਤੀ ਗਈ ਸੀ। ਮੈਂ 'ਮਦਦ' ਦੀ ਗੱਲ ਸੁਣ ਕੇ ਔਖਾ ਹੋ ਗਿਆ। ਮੈਂ ਕਿਹਾ, ਤੁਸੀ 'ਮਦਦ' ਸ਼ਬਦ ਦੀ ਵਰਤੋਂ ਤਾਂ ਕਰੋ ਜੇ ਅਪਣੀ ਜੇਬ ਵਿਚੋਂ ਉਨ੍ਹਾਂ ਵਿਧਵਾਵਾਂ ਨੂੰ ਕੁੱਝ ਦਿਤਾ ਹੋਵੇ। ਉਹ ਤਾਂ ਗੁਰੂ ਕੀ ਗੋਲਕ ਦਾ ਪੈਸਾ ਸੀ ਜਿਹੜਾ ਬੜਾ ਜ਼ਲੀਲ ਕਰ ਕੇ ਤੁਸੀ ਉਨ੍ਹਾਂ ਨੂੰ ਦੇਂਦੇ ਸੀ ਜਦਕਿ ਤੁਹਾਡਾ ਫ਼ਰਜ਼ ਬਣਦਾ ਸੀ ਕਿ ਤੁਸੀ ਉੁਨ੍ਹਾਂ ਨੂੰ 5-5 ਲੱਖ ਦਾ ਇਕ ਜ਼ਮੀਨ ਦਾ ਪਲਾਟ (ਉਦੋਂ ਏਨੇ 'ਚ ਮਿਲ ਜਾਂਦਾ ਸੀ) ਲੈ ਕੇ ਉਸ ਉਤੇ ਮਕਾਨ ਉਸਾਰ ਕੇ ਉਨ੍ਹਾਂ ਨੂੰ ਭੇਂਟ ਕਰਦੇ

ਤੇ 50-50 ਲੱਖ ਉਨ੍ਹਾਂ ਦੇ ਨਾਂ ਬੈਂਕ ਵਿਚ ਜਮ੍ਹਾਂ ਕਰਵਾ ਦੇਂਦੇ ਜਿਸ ਦੇ ਸੂਦ ਨਾਲ ਉਹ ਸਾਰੀ ਉਮਰ ਰੋਟੀ ਖਾ ਸਕਦੀਆਂ ਤੇ ਕਿਸੇ ਅੱਗੇ ਹੱਥ ਅੱਡਣ ਲਈ ਉਨ੍ਹਾਂ ਨੂੰ ਮਜਬੂਰ ਨਾ ਹੋਣਾ ਪੈਂਦਾ। ਪਰ ਤੁਸੀ ਤਾਂ ਉਨ੍ਹਾਂ ਵਲ ਹਜ਼ਾਰ ਰੁਪਿਆ ਇਸ ਤਰ੍ਹਾਂ ਸੁਟਦੇ ਸੀ ਜਿਵੇਂ ਭਿਖਾਰੀ ਨੂੰ ਆਨਾ ਟਕਾ ਦੇਈਦਾ ਹੈ। ਤੁਹਾਡਾ ਫ਼ਰਜ਼ ਬਣਦਾ ਸੀ ਕਿ ਸਰਕਾਰ ਵਲ ਉਨ੍ਹਾਂ ਨੂੰ ਵੇਖਣ ਹੀ ਨਾ ਦੇਂਦੇ ਤੇ 700 ਵਿਧਵਾਵਾਂ ਨੂੰ ਅਪਣੇ ਪੈਰਾਂ ਤੇ ਖੜੀਆਂ ਕਰ ਕੇ ਦੁਨੀਆਂ ਨੂੰ ਵਿਖਾ ਦੇਂਦੇ ਕਿ ਸਿੱਖ ਕੌਮ, ਅਪਣੇ ਮਜ਼ਲੂਮਾਂ, ਨਿਆਸਰਿਆਂ ਤੇ ਉੜਿਆਂ ਥੁੜਿਆਂ ਦੀ ਅਜਿਹੀ ਮਦਦ ਕਰਨਾ ਜਾਣਦੀ ਹੈ ਜੋ ਉਨ੍ਹਾਂ ਨੂੰ ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਅੱਡਣ ਦੇਂਦੀ।

ਮੇਰੀ ਹਕੀਕਤ-ਬਿਆਨੀ ਉਨ੍ਹਾਂ ਨੂੰ ਪਸੰਦ ਕਿਥੋਂ ਆਉਣੀ ਸੀ? ਉਹ ਏਧਰ ਔਧਰ ਝਾਕਣ ਲੱਗ ਪਏ। ਪਰ ਗੱਲ ਉੁਨ੍ਹਾਂ ਦੀ ਹੀ ਨਹੀਂ, ਹਿੰਦੁਸਤਾਨ ਵਿਚ ਪੁਜਾਰੀ ਸ਼੍ਰੇਣੀ ਨੇ ਸ਼ੁਰੂ ਤੋਂ ਹੀ ਇਹ ਸਿਖਿਆ ਦਿਤੀ ਹੈ ਕਿ ਗ਼ਰੀਬ ਦੀ ਏਨੀ ਮਦਦ ਕਦੇ ਨਾ ਕਰੋ ਕਿ ਉਹ ਤੁਹਾਡੇ ਬਰਾਬਰ ਖੜਾ ਹੋ ਜਾਏ ਤੇ ਫਿਰ ਤੁਹਾਡੇ ਨਾਲ ਬਹਿ ਕੇ, ਬਰਾਬਰੀ ਤੇ ਰੋਟੀ ਖਾਣ ਜੋਗਾ ਹੋ ਜਾਏ।

ਬਾਬੇ ਨਾਨਕ ਨੇ ਇਹ ਰੀਤ ਤੋੜੀ। 20 ਰੁਪਏ ਦੀ ਕਹਾਣੀ ਵੀ ਸਾਡੇ 'ਸਿੱਖ ਬ੍ਰਾਹਮਣਾਂ' ਨੇ ਉਲਟਾ ਕੇ ਰੱਖ ਦਿਤੀ ਵਰਨਾ ਉਸ ਸਮੇਂ ਦੇ 20 ਰੁਪਏ ਅੱਜ ਦੇ 20 ਕਰੋੜ ਦੇ ਬਰਾਬਰ ਸਨ ਤੇ ਵੱਡੇ ਵਡੇ ਨੰਬਰਦਾਰਾਂ ਨੇ ਵੀ ਏਨੇ ਪੈਸੇ ਕਦੇ ਅਪਣੇ ਘਰ ਵਿਚ ਨਹੀਂ ਸਨ ਵੇਖੇ। ਬਹੁਤੀਆਂ ਚੀਜ਼ਾਂ, ਧੇਲੇ, ਪੈਸੇ ਨਾਲ ਹੀ ਮਿਲ ਜਾਂਦੀਆਂ ਸਨ। 5-7 ਬੰਦਿਆਂ ਨੂੰ ਰੋਟੀ ਖੁਆਉਣ ਤੇ ਉਸ ਵੇਲੇ ਇਕ ਦੋ ਆਨੇ ਵੀ ਖ਼ਰਚ ਨਹੀਂ ਸਨ ਆਉਂਦੇ। 20 ਰੁਪਏ ਖ਼ਰਚਣ ਦਾ ਮਤਲਬ ਹੈ ਕਿ ਉਹਨਾਂ ਨੇ ਗ਼ਰੀਬਾਂ ਨੂੰ ਅਪਣੇ ਪੈਰਾਂ ਉਤੇ ਖੜੇ ਹੋਣ ਦੇ ਯੋਗ ਬਣਾਉਣ ਲਈ ਏਨਾ ਪੈਸਾ ਦੇ ਦਿਤਾ ਜਦਕਿ ਪਿਤਾ ਨੇ ਇਸ ਨਾਲ ਕੋਈ ਵੱਡਾ ਵਪਾਰ ਜਾਂ 'ਸੌਦਾ' ਕਰਨ ਲਈ ਕਿਹਾ ਸੀ। 

ਬਾਬੇ ਨਾਨਕ ਦੀ ਸਾਖੀ ਨੂੰ ਅਸੀ ਬ੍ਰਾਹਮਣੀ ਮੋੜਾ ਦੇ ਕੇ 'ਸਾਧੂਆਂ ਨੂੰ ਰੋਟੀ ਖੁਆਈ' ਵਿਚ ਬਦਲ ਦਿਤਾ। ਇਸ ਨਾਲ ਕਿਸੇ ਨੂੰ ਪੈਰਾਂ ਉਤੇ ਖੜੇ ਕਰਨ ਵਾਲੀ ਮਦਦ ਦੇਣ ਦੀ ਗੱਲ ਹਮੇਸ਼ਾ ਲਈ ਭੁਲਾ ਦਿਤੀ ਗਈ ਤੇ ਲੋਕਾਂ ਨੂੰ ਵਾਪਸ ਉਥੇ ਹੀ ਪਹੁੰਚਾ ਦਿਤਾ ਕਿ ਕਿਸੇ ਦੀ ਅਸਲ ਲੋੜ ਨੂੰ ਜਾਣੇ ਬਿਨਾਂ ਤੇ ਉਹ ਲੋੜ ਪੂਰੀ ਕਰਨ ਦੀ ਗੱਲ ਵਲੋਂ ਅੱਖਾਂ ਬੰਦ ਕਰ ਕੇ, ਆਨਾ ਟਕਾ ਦਾਨ ਕਰ ਕੇ, ਅਪਣੇ ਆਪ ਨੂੰ 'ਦਾਨੀ' ਅਖਵਾ ਲਉ -- ਤੇ ਤੁਹਾਡਾ 'ਦਾਨ' ਲੈਣ ਵਾਲਾ ਸਾਰੀ ਉਮਰ ਮੰਗਤਾ ਹੀ ਬਣਿਆ ਰਹੇ। 

ਬਾਬੇ ਨਾਨਕ ਦੀ ਪਾਠਸ਼ਾਲਾ ਦਾ ਕੋਈ ਵੀ ਵਿਦਿਆਰਥੀ, ਅਪਣੇ ਆਪ ਨੂੰ 'ਦਾਨੀ' ਅਖਵਾਉਣ ਦੀ ਬਜਾਏ, ਇਹ ਵੇਖੇਗਾ ਕਿ ਜਿਸ ਦੀ ਉਹ ਮਦਦ ਕਰਨ ਜਾ ਰਿਹਾ ਹੈ, ਉਸ ਦੀ ਅਸਲ ਲੋੜ ਕਿੰਨੀ ਹੈ ਤੇ ਕਿੰਨੀ ਨਾਲ ਉਹ ਪੈਰਾਂ ਤੇ ਖੜਾ ਕੀਤਾ ਜਾ ਸਕਦਾ ਹੈ। ਬ੍ਰਾਹਮਣ ਨੇ ਰਸਮੀ ਮਦਦ ਕਰਨੀ ਸਿਖਾਈ ਸੀ (ਆਨੇ ਟਕੇ ਵਾਲੀ) ਜਦਕਿ ਬਾਬੇ ਨਾਨਕ ਨੇ ਅਪਣੇ ਪੈਰਾਂ 'ਤੇ ਖੜੇ ਕਰਨ ਵਾਲੀ ਮਦਦ ਦੇਣ ਦੀ ਰੀਤ ਚਾਲੂ ਕੀਤੀ। ਜੇ ਬਾਬੇ ਨਾਨਕ ਵਲੋਂ ਸਿਖਾਈ ਗਈ ਰੀਤ ਚਾਲੂ ਰੱਖੀ ਜਾਂਦੀ ਤਾਂ ਬਾਬੇ ਨਾਨਕ ਦੇ ਸਿੱਖਾਂ 'ਚੋਂ ਕੋਈ ਗ਼ਰੀਬ ਹੁੰਦਾ ਹੀ ਨਾ।

ਪਰ ਅਸੀ ਸੱਚਾ ਸੌਦਾ ਸਾਖੀ ਨੂੰ ਵੀ ਬ੍ਰਾਹਮਣੀ ਮਰੋੜਾ ਦੇ ਕੇ ਉਲਟਾ ਦਿਤਾ ਤੇ ਆਪ ਵੀ 'ਆਨਾ ਟਕਾ' ਦੇ ਕੇ 'ਦਾਨੀ' ਬਣਨ ਵਾਲੀ ਪੁਰਾਣੀ ਰੀਤ ਦੇ ਧਾਰਨੀ ਬਣ ਗਏ। ਬਾਬੇ ਨਾਨਕ ਦੀ 'ਪੂਰੀ ਮਦਦ' ਵਾਲੀ ਰੀਤ ਨੂੰ ਪਹਿਲੀ ਵਾਰ ਮੈਂ ਦਿੱਲੀ ਲਾਲ ਕਿਲ੍ਹੇ ਦੇ ਸਾਹਮਣੇ ਸਥਿਤ ਜੈਨ ਮੰਦਰ ਵਿਚ ਅਮਲੀ ਰੂਪ ਵਿਚ ਲਾਗੂ ਹੁੰਦਿਆਂ ਵੇਖਿਆ। ਇਹ ਮੰਦਰ, ਗੁਰਦਵਾਰਾ ਸੀਸ ਗੰਜ ਅਤੇ ਲਾਲ ਕਿਲ੍ਹੇ ਦੇ ਵਿਚਕਾਰ ਕਰ ਕੇ, ਚਾਂਦਨੀ ਚੌਕ ਵਾਲੀ ਸੜਕ ਉਤੇ ਹੀ ਸਥਿਤ ਹੈ ਤੇ ਬਾਹਰ ਫੁੱਲਾਂ ਵਾਲੇ ਫੁੱਲ ਵੇਚ ਰਹੇ ਹੁੰਦੇ ਹਨ। ਮੈਂ ਮੰਦਰ ਦੇ ਅੰਦਰ ਚਲਾ ਗਿਆ।

ਪ੍ਰਧਾਨ, ਇਕ ਪੜ੍ਹਿਆ ਲਿਖਿਆ ਵਪਾਰੀ ਸੀ। ਮੈਂ ਪੁਛਿਆ, ''ਮੈਨੂੰ ਪਤਾ ਲੱਗਾ ਹੈ ਕਿ ਤੁਸੀ ਲੋਕਾਂ ਨੂੰ ਪੈਰਾਂ ਤੇ ਖੜੇ ਕਰਨ ਲਈ ਵੱਡੀ ਸਹਾਇਤਾ ਵੀ ਦੇਂਦੇ ਹੋ। ਇਸ ਬਾਰੇ ਕੁੱਝ ਦੱਸੋਗੇ?''
ਉਨ੍ਹਾਂ ਦਸਿਆ, ''ਹਾਂ, ਸਾਹਮਣੇ ਇਕ ਪੇਟੀ ਪਈ ਵੇਖ ਸਕਦੇ ਹੋ। ਕੋਈ ਵੀ ਅਪਣੀ ਲੋੜ ਬਾਰੇ ਬੇਨਤੀ ਪੱਤਰ, ਪੂਰਵੇ ਵੇਰਵਿਆਂ ਤੇ ਸਬੂਤਾਂ ਸਮੇਤ, ਇਸ ਵਿਚ ਸੁਟ ਸਕਦਾ ਹੈ। ਤਿੰਨ ਦਿਨਾਂ ਦੇ ਅੰਦਰ ਅੰਦਰ, ਅਸੀ ਸਾਰੀ ਪੜਤਾਲ ਮੁਕੰਮਲ ਕਰ ਕੇ, ਪ੍ਰਾਰਥੀ ਨੂੰ ਬੁਲਾ ਕੇ, ਤਸੱਲੀ ਹੋਣ ਤੇ, ਪੂਰੀ ਰਕਮ ਦੇ ਦੇਂਦੇ ਹਾਂ।'' 

ਮੈਂ ਕੋਈ ਮਿਸਾਲ ਦੇਣ ਲਈ ਕਿਹਾ ਤਾਂ ਜੈਨ ਮੰਦਰ ਦੇ ਪ੍ਰਧਾਨ ਜੀ ਕਹਿਣ ਲੱਗੇ, ''10 ਸਾਲ ਪਹਿਲਾਂ ਇਕ ਨੌਜੁਆਨ ਨੇ ਬੇਨਤੀ ਪੱਤਰ ਲਿਖਿਆ ਸੀ ਕਿ ਉਸ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਨ ਯੂਨੀਵਰਸਟੀ ਵਿਚ ਦਾਖ਼ਲਾ ਮਿਲ ਗਿਆ ਹੈ ਪਰ ਉਸ ਦੇ ਮਾਂ-ਬਾਪ ਕੋਲੋਂ 5 ਲੱਖ ਦਾ ਪ੍ਰਬੰਧ ਨਹੀਂ ਹੋ ਰਿਹਾ। ਅਸੀ ਉਸ ਦੇ ਕਾਗ਼ਜ਼ ਵੇਖੇ ਤੇ ਉਸ ਦੇ ਪਿਤਾ ਬਾਰੇ ਵੀ ਤਸੱਲੀ ਕਰ ਲਈ। ਲੜਕੇ ਨੂੰ ਬੁਲਾ ਕੇ ਅਸੀ ਪੰਜ ਲੱਖ ਦੇ ਦਿਤੇ।

ਲੜਕਾ ਅਸ਼ਟਾਮ ਉਤੇ ਕੁੱਝ ਵੀ ਲਿਖ ਕੇ ਦੇਣ ਨੂੰ ਤਿਆਰ ਸੀ ਪਰ ਅਸੀ ਉਸ ਨੂੰ ਕਿਹਾ ਕਿ ਅਸੀ ਕੁੱਝ ਵੀ ਲਿਖਵਾਣਾ ਨਹੀਂ ਤੇ ਨਾ ਹੀ ਉਸ ਕੋਲੋਂ ਪੈਸਾ ਵਾਪਸ ਹੀ ਮੰਗਾਂਗੇ। ਉਹ ਜੀਅ ਲਾ ਕੇ ਪੜ੍ਹੇ ਤੇ ਪੜ੍ਹ ਕੇ ਚੰਗੇ ਕੰਮ ਰੁਜ਼ਗਾਰ ਤੇ ਲੱਗ ਜਾਏ। ਉਸ ਮਗਰੋਂ ਉਹ ਚਾਹੇ ਤਾਂ ਕਮਾਈ ਵਿਚੋਂ ਇਹ ਪੈਸੇ ਵਾਪਸ ਕਰ ਦੇਵੇ ਪਰ ਜੇ ਨਹੀਂ ਦੇਵੇਗਾ ਤਾਂ ਅਸੀ ਉਸ ਨੂੰ ਪੈਸੇ ਵਾਪਸ ਕਰਨ ਲਈ ਕੁੱਝ ਨਹੀਂ ਆਖਾਂਗੇ -- ਸਿਵਾਏ ਇਸ ਦੇ ਕਿ ਜੇ ਉਹ ਵਾਪਸ ਕਰ ਦੇਵੇਗਾ ਤਾਂ ਅਸੀ ਹੋਰਨਾਂ ਲੋੜਵੰਦਾਂ ਦੀ ਮਦਦ ਵੀ ਕਰਦੇ ਰਹਾਂਗੇ ਪਰ ਜੇ ਨਹੀਂ ਮੋੜੇਗਾ ਤਾਂ ਕਿਸੇ ਹੋਰ ਦੀ ਮਦਦ ਨਹੀਂ ਕਰ ਸਕਾਂਗੇ।'' 

ਮੈਂ ਪੁਛਿਆ, ''10 ਸਾਲ ਵਿਚ ਕਿੰਨੇ ਪੈਸੇ ਮਰੇ ਤੇ ਕਿੰਨੇ ਵਾਪਸ ਮਿਲੇ?'' 

ਜਵਾਬ ਸੀ, ''ਕਿਸੇ ਇਕ ਨੇ ਵੀ ਪੈਸਾ ਨਹੀਂ ਮਾਰਿਆ ਸਗੋਂ ਕਈ ਗੁਣਾਂ ਕਰ ਕੇ, ਵਾਪਸ ਕੀਤੇ ਤਾਕਿ ਅਸੀ ਹੋਰਨਾਂ ਜੈਨੀਆਂ ਦੀ ਮਦਦ ਵੀ ਕਰ ਸਕੀਏ।'' 
ਹਾਂ, ਇਹ ਜੈਨ ਮੰਦਰ ਵਾਲੇ, ਕੇਵਲ ਜੈਨੀਆਂ ਦੀ ਹੀ ਮਦਦ ਕਰਦੇ ਹਨ ਪਰ ਥੋੜੀ ਜਿੰਨੀ ਨਹੀਂ ਸਗੋਂ ਪੂਰੀ ਮਦਦ ਅਰਥਾਤ ਉਹ ਮਦਦ ਜੋ ਹੋਰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਾ ਰਹਿਣ ਦੇਵੇ ਤੇ ਬੰਦਾ, ਇਕ ਵਾਰ ਜੈਨ ਮੰਦਰ ਤੋਂ ਮਦਦ ਲੈ ਕੇ, ਇਸ ਤਰ੍ਹਾਂ ਪੈਰਾਂ ਤੇ ਖੜਾ ਹੋ ਜਾਵੇ ਕਿ ਅਪਣੇ ਵਰਗੇ ਹੋਰ ਲੋੜਵੰਦਾਂ ਦੀ ਅਸਲ ਮਦਦ ਕਰ ਕੇ, ਉਨ੍ਹਾਂ ਨੂੰ ਵੀ ਹੋਰਨਾਂ ਦੀ ਮਦਦ ਕਰਨ ਦੇ ਰਾਹ ਪਾਉਂਦਾ ਰਹੇ।  

ਮੈਂ ਅਕਸਰ ਕਿਹਾ ਕਰਦਾ ਸੀ ਕਿ ਗੁਰਦਵਾਰਿਆਂ ਵਿਚੋਂ ਵੀ, ਬਾਬੇ ਨਾਨਕ ਵਾਂਗ, ਪੂਰੀ ਮਦਦ ਕਰ ਕੇ, ਲੋਕਾਂ ਨੂੰ ਪੈਰਾਂ ਉਤੇ ਖੜੇ ਕਰਨ ਵਾਲੀ ਮਦਦ ਦਿਤੀ ਜਾਣੀ ਚਾਹੀਦੀ ਹੈ ਨਾਕਿ ਬ੍ਰਾਹਮਣ ਦੀ ਸਿਖਾਈ ਹੋਈ ਛੋਟੀ ਛੋਟੀ ਰਸਮੀ ਜਹੀ ਮਦਦ ਜੋ ਅਗਲੇ ਨੂੰ ਮੰਗਤਾ ਦਾ ਮੰਗਤਾ ਹੀ ਬਣਾਈ ਰਖਦੀ ਹੈ। ਮੇਰੀ ਗੱਲ ਨੂੰ ਠੀਕ ਤਾਂ ਸਾਰੇ ਹੀ ਕਹਿੰਦੇ ਸਨ ਪਰ ਗੁਰਦਵਾਰਿਆਂ ਵਿਚ ਲਾਗੂ ਕਿਸੇ ਨੇ ਵੀ ਨਾ ਕੀਤੀ। ਥੋੜੀ ਥੋੜੀ ਅਖੌਤੀ ਮਦਦ ਕਰ ਕੇ ਜੇ ਸੈਂਕੜੇ ਲੋਕਾਂ ਦੀ ਨਜ਼ਰ ਵਿਚ 'ਦਾਨੀ' ਬਣਨ ਦਾ ਮੌਕਾ ਮਿਲਦਾ ਹੋਵੇ ਤਾਂ ਥੋੜੇ ਜਹੇ ਲੋੜਵੰਦਾਂ ਨੂੰ 'ਪੂਰੀ ਮਦਦ' ਦੇਣ ਵਾਲਾ ਸੌਦਾ,

ਘਾਟੇ ਵਾਲਾ ਸੌਦਾ ਹੀ ਮੰਨਿਆ ਜਾਵੇਗਾ ਕਿਉਂਕਿ 'ਦਾਨੀ' ਵਜੋਂ ਤੁਹਾਡੀ ਡੁਗਡੁਗੀ ਥੋੜੇ ਲੋਕਾਂ ਅੰਦਰ ਹੀ ਤਾਂ ਵੱਜੇਗੀ। 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਵੀ ਅਸੀ ਪਹਿਲੀ ਵਾਰ ''ਮਦਦ ਕਰੋ ਤਾਂ ਪੂਰੀ ਮਦਦ ਕਰੋ ਤੇ ਅਗਲੇ ਨੂੰ ਪੈਰਾਂ ਤੇ ਖੜੇ ਕਰ ਕੇ ਹਟੋ'' ਦੇ ਨਾਨਕੀ ਸਿਧਾਂਤ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਅਸੀ ਰੋਟੀ ਅਤੇ 100-50 ਰੁਪਏ ਦੇ ਕੇ 'ਹੋ ਗਈ ਮਦਦ' ਨਹੀਂ ਕਹਿ ਦਿਆਂਗੇ ਸਗੋਂ ਆਏ ਪ੍ਰਾਰਥੀ ਦੀ ਪੂਰੀ ਲੋੜ ਦਾ ਜਾਇਜ਼ਾ ਲਵਾਂਗੇ ਤੇ ਪੂਰੀ ਮਦਦ ਕੀਤੇ ਬਿਨਾਂ ਨਹੀਂ ਰੁਕਾਂਗੇ।

ਮਿਸਾਲ ਵਜੋਂ ਇਕ ਕਿਸਾਨ, ਪੰਜ ਲੱਖ ਦਾ ਕਰਜ਼ਾ ਅਦਾ ਨਾ ਕਰ ਸਕਣ ਕਾਰਨ ਜਾਂ ਇਕ ਪਿਤਾ, ਦੋ ਲੱਖ ਦੀ ਕਮੀ ਕਾਰਨ, ਬੇਟੀ ਦਾ ਵਿਆਹ ਕਰਨੋਂ ਅਸਮਰਥ ਰਹਿ ਕੇ ਖ਼ੁਦਕੁਸ਼ੀ ਕਰਨਾ ਚਾਹੁੰਦੇ ਹਨ ਤਾਂ ਇਕ ਡੰਗ ਦੀ ਰੋਟੀ ਤੇ ਦੋ ਚਾਰ ਸੌ ਦੀ 'ਮਦਦ' ਉਨ੍ਹਾਂ ਦਾ ਕੀ ਸਵਾਰ ਦੇਵੇਗੀ? ਏਨੀ ਕੁ 'ਮਦਦ' ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨੋਂ ਤਾਂ ਰੋਕ ਨਹੀਂ ਸਕੇਗੀ। ਅਸੀ ਵੇਖਾਂਗੇ ਕਿ ਉੁਨ੍ਹਾਂ ਦਾ ਪੂਰਾ ਦਰਦ ਕਿਵੇਂ ਦੂਰ ਕੀਤਾ ਜਾ ਸਕਦਾ ਹੈ। 

ਅਤੇ ਇਸ ਪੈਮਾਨੇ ਤੇ, ਜ਼ਰਾ ਪਾਠਕਾਂ ਵਲੋਂ 'ਉੱਚਾ ਦਰ' ਦੀ ਉਸਾਰੀ ਲਈ ਕੀਤੀ ਜਾ ਰਹੀ 'ਮਦਦ' ਨੂੰ ਵੀ ਪਰਖੀਏ ਤਾਂ ਲੱਗੇਗਾ ਕਿ ਪਾਠਕ ਵੀ 'ਪੂਰੀ ਮਦਦ' ਕਰਨ ਦੇ ਨਾਨਕੀ ਢੰਗ ਦੀ ਵਰਤੋਂ ਕਰਨ ਦੀ ਬਜਾਏ, ਥੋੜੀ ਥੋੜੀ (ਆਨੇ ਟਕੇ ਦੀ) ਅਧੂਰੀ ਮਦਦ ਵਾਲੇ ਬ੍ਰਾਹਮਣੀ ਢੰਗ ਤੇ ਹੀ ਅਟਕੇ ਹੋਏ ਹਨ। ਅਸਲ ਵਿਚ ਜਦ ਅਸੀ ਅਪਣਾ ਸੱਭ ਕੁੱਝ ਇਕੋ ਵਾਰ ਇਸ ਵੱਡੇ ਕਾਰਜ ਲਈ ਦੇ ਦਿਤਾ ਸੀ ਤਾਂ ਪਾਠਕਾਂ ਨੂੰ ਇਕੱਠੇ ਹੋ ਕੇ ਨਿਰਣਾ ਕਰਨਾ ਚਾਹੀਦਾ ਸੀ ਕਿ ਸਾਰੇ ਪਾਠਕ ਰਲ ਕੇ, ਉਸਾਰੀ ਦਾ ਖ਼ਰਚਾ ਇਕੋ ਵਾਰ ਤੇ ਇਕੱਠਾ ਕਿਵੇਂ ਦੇਣਗੇ।

ਅਸੀ ਫਿਰ ਹਰ ਪਾਠਕ ਵਲੋਂ 10-10 ਹਜ਼ਾਰ ਦੇਣ ਦੀ ਤਜਵੀਜ਼ ਰੱਖੀ ਸੀ ਪਰ ਉਹ ਵੀ ਪੰਜ ਕੁ ਸੌ ਪਾਠਕਾਂ ਤੋਂ ਅੱਗੇ ਕਿਸੇ ਨੇ ਨਾ ਸੁਣੀ। ਅਸੀ ਰਿਆਇਤੀ ਦਰਾਂ ਤੇ ਸਰਪ੍ਰਸਤ ਤੇ ਲਾਈਫ਼ ਮੈਂਬਰ ਬਣਨ ਦੀ ਤਜਵੀਜ਼ ਰੱਖੀ ਤਾਂ ਉਹ ਵੀ 100 ਪਾਠਕਾਂ ਤੋਂ ਅੱਗੇ ਨਾ ਵੱਧ ਸਕੀ। ਉੱਨਤ ਕੌਮਾਂ ਜਾਂ ਅਪਣਾ ਕੁੱਝ ਬਣਦਾ ਵੇਖਣਾ ਚਾਹੁਣ ਵਾਲੀਆਂ ਕੌਮਾਂ ਇਸ ਤਰ੍ਹਾਂ ਨਹੀਂ ਕਰਦੀਆਂ। ਉਹ ਨਵਾਂ ਵਿਚਾਰ ਦੇਣ ਵਾਲੇ ਨੂੰ ਅਪੀਲਾਂ ਕਰਨ ਲਈ ਨਹੀਂ ਛੱਡ ਦੇਂਦੀਆਂ ਤੇ ਆਪ ਸਾਰਾ ਪੈਸਾ ਇਕੱਠਾ ਕਰ ਕੇ ਦੇਂਦੀਆਂ ਹਨ।

ਅਸੀ ਵਿਧਵਾਵਾਂ, ਧਰਮੀ ਫ਼ੌਜੀਆਂ, ਲਾਪਤਾ ਕੀਤੇ ਨੌਜੁਆਨਾਂ ਤੇ ਜੇਲਾਂ ਵਿਚ ਬੰਦ ਨੌਜੁਆਨਾਂ ਦੀ ਮਦਦ ਲਈ ਇਹੋ ਜਿਹਾ ਕੋਈ ਢੰਗ ਅਪਣਾਉਂਦੇ ਤਾਂ ਕੁੱਝ ਨਾ ਕੁੱਝ ਪ੍ਰਾਪਤ ਜ਼ਰੂਰ ਹੋ ਜਾਂਦਾ। ਪਰ ਅਸੀ ਸਰਕਾਰ ਨੂੰ 'ਕੁੱਝ ਕਰਨ' ਦੀਆਂ ਅਪੀਲਾਂ ਕਰਨ ਤਕ ਹੀ ਸੀਮਤ ਹੋ ਕੇ ਰਹਿ ਗਏ। ਨਤੀਜੇ ਵਜੋਂ ਸਾਡਾ ਕੁੱਝ ਵੀ ਨਾ ਬਣਿਆ ਤੇ ਦੁਖੀਆਂ ਨੂੰ ਕਿਸੇ ਪਾਸਿਉਂ ਕੋਈ ਹਕੀਕੀ ਮਦਦ ਨਾ ਮਿਲ ਸਕੀ। ਇਹ ਅਜੀਬ ਗੱਲ ਹੈ ਕਿ ਜਿਸ ਬਾਬੇ ਨਾਨਕ ਨੇ 'ਮਦਦ ਕਰੋ ਤਾਂ ਪੂਰੀ ਕਰੋ' ਦਾ ਸਿਧਾਂਤ ਦਿਤਾ ਸੀ, ਉਸ ਦੇ 'ਉੱਚਾ ਦਰ' ਦੀ ਉਸਾਰੀ ਕਰਨ ਲਈ ਸਪੋਕਸਮੈਨ ਦੇ ਪਾਠਕ ਵੀ,

ਥੋੜੀ ਥੋੜੀ ਅਧੂਰੀ ਮਦਦ ਦੇ ਕੇ, ਮੈਨੂੰ 'ਮੰਗਤਾ' ਬਣਾਈ ਰਖਣਾ ਚਾਹੁੰਦੇ ਹਨ ਤੇ ਜਿਨ੍ਹਾਂ ਨੂੰ ਮੈਂ ਮਾਣ ਦੇਂਦਾ ਹਾਂ, ਉਹ ਮੈਨੂੰ ਇਹ ਸੋਚਣ ਲਈ ਮਜਬੂਰ ਕਰਦੇ ਰਹਿੰਦੇ ਹਨ ਕਿ ਮੈਂ ਕੌਮੀ ਅਦਾਰਾ ਉਸਾਰ ਕੇ ਤੇ ਉਸ ਲਈ ਅਪਣਾ ਸੱਭ ਕੁੱਝ ਦੇ ਕੇ ਵੱਡੀ ਗ਼ਲਤੀ ਕਰ ਬੈਠਾ ਹਾਂ। ਹੁਣ ਵੀ 'ਉੱਚਾ ਦਰ ਬਾਬਾ ਨਾਨਕ ਦਾ' ਲਈ ਜੇ ਇਹੀ ਨੀਤੀ ਪਾਠਕਾਂ ਵਲੋਂ ਜਾਰੀ ਰੱਖੀ ਗਈ ਤਾਂ ਮੈਂ ਟੀ.ਵੀ. ਚੈਨਲ ਜਾਂ ਹੋਰ ਕਿਸੇ ਕੌਮੀ ਪ੍ਰਾਜੈਕਟ ਨੂੰ ਹੱਥ ਵੀ ਨਹੀਂ ਲਾਵਾਂਗਾ -- ਜਦ ਤਕ ਪੂਰੀ ਰਕਮ ਮੈਨੂੰ ਪਹਿਲਾਂ ਨਹੀਂ ਦੇ ਦਿਤੀ ਜਾਂਦੀ -- ਕਿਉਂਕਿ ਬਾਬੇ ਨਾਨਕ ਦੇ ਸਕੂਲ ਦਾ ਵਿਦਿਆਰਥੀ ਹੋਣ ਕਰ ਕੇ, ਮੈਨੂੰ ਲਗਾਤਾਰ 'ਮੰਗਤਾ' ਬਣਿਆ ਰਹਿਣਾ ਮੰਨਜ਼ੂਰ ਨਹੀਂ

ਤੇ ਹੁਣ ਕੌਮੀ ਕਾਰਜਾਂ ਲਈ ਮੰਗਦਾ ਮੰਗਦਾ ਮੈਂ ਥੱਕ ਵੀ ਗਿਆ ਹਾਂ। ਮੈਂ ਤਾਂ ਹੁਣ ਸਾਰਾ ਕੁੱਝ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਹਵਾਲੇ ਕਰ ਦਿਤਾ ਹੈ। ਹੁਣ ਅਗਲੀਆਂ ਨੀਤੀਆਂ ਉਸ ਦੇ ਟਰੱਸਟੀ ਹੀ ਬਣਾਉਣ। 
(ਰੋਜ਼ਾਨਾ ਸਪੋਕਸਮੈਨ ਦੇ 16 ਫ਼ਰਵਰੀ, 2014 ਦੇ ਪਰਚੇ ਵਿਚੋਂ ਦੁਬਾਰਾ)