ਕੀ ਆਜ਼ਾਦੀ ਦੀ ਜੰਗ ਵਿਚ ਘੱਟ-ਗਿਣਤੀਆਂ ਦੇ ਆਗੂਆਂ ਦਾ ਕੋਈ ਯੋਗਦਾਨ ਨਹੀਂ ਸੀ? (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਘੱਟ-ਗਿਣਤੀਆਂ ਦੇ ਸਾਰੇ ਸਿਆਣੇ ਆਗੂ ਦੇਸ਼ ਵੰਡ ਦੇ ਖ਼ਿਲਾਫ਼ ਸਨ ਕਿਉਂਕਿ ਉਹ ਜਾਣਦੇ ਸਨ ਕਿ ‘ਦੇਸ਼ ਵੰਡ’ ਦਾ ਸੱਭ ਤੋਂ ਵੱਧ ਨੁਕਸਾਨ, ਹਮੇਸ਼ਾ ਘੱਟ ਗਿਣਤੀਆਂ ਨੂੰ ਹੀ ਹੁੰਦਾ ਹੈ।

Didn't minority leaders contribute to the war of independence?

ਪਿਛਲੇ ਐਤਵਾਰ ਅਸੀ ਭਾਰਤ ਦੇ ਸੁਤੰਤਰਤਾ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਮੁਸਲਮਾਨ ਲੀਡਰਾਂ ਨੂੰ ‘ਆਜ਼ਾਦੀ ਦੀ ਜੰਗ ਦੇ ਨਾਇਕਾਂ’ ਦੀ ਸੂਚੀ ’ਚੋਂ ਬਾਹਰ ਕੱਢ ਦੇਣ ਦੀ ਗ਼ਲਤੀ ਵਲ ਝਾਤ ਪਾਈ ਸੀ। ਕਸੂਰ ਉਨ੍ਹਾਂ ਦਾ ਕੇਵਲ ਏਨਾ ਹੀ ਸੀ ਕਿ ਉਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਸ਼ਾਨਦਾਰ ਕੰਮ ਕਰਨ ਦੇ ਨਾਲ-ਨਾਲ ਇਹ ਮੰਗ ਵੀ ਰੱਖ ਦਿਤੀ ਕਿ ਆਜ਼ਾਦ ਹਿੰਦੁਸਤਾਨ ਵਿਚ ਮੁਸਲਮਾਨਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰ ਦੇ ਦਿਤੇ ਜਾਣ ਤਾਕਿ ਵੋਟ ਦੇ ਰਾਜ ਵਿਚ ਉਹ ਅੰਗਰੇਜ਼ਾਂ ਦੀ ਗ਼ੁਲਾਮੀ ’ਚੋਂ ਨਿਕਲ ਕੇ, ਹਿੰਦੂਆਂ ਦੀ ਗ਼ੁਲਾਮੀ ਕਬੂਲ ਕਰਨ ਲਈ ਮਜਬੂਰ ਨਾ ਕੀਤੇ ਜਾ ਸਕਣ। 

ਸਰੋਜਨੀ ਨਾਇਡੂ ਨੇ ਮੁਹੰਮਦ ਅਲੀ ਜਿਨਾਹ ਨੂੰ ‘apostle of freedom’ (ਆਜ਼ਾਦੀ ਜੰਗ ਦਾ ਸੱਭ ਤੋਂ ਵੱਡਾ ਬੁਲਾਰਾ) ਕਿਹਾ ਸੀ ਕਿਉਂਕਿ ਆਜ਼ਾਦੀ ਬਾਰੇ ਬੋਲਣ ਸਮੇਂ ਉਸ ਦੇ ਗਿਆਨ ਅਤੇ ਬੋਲਣ ਦੀ ਰਵਾਨੀ ਸਾਹਮਣੇ ਕੋਈ ਠਹਿਰ ਹੀ ਨਹੀਂ ਸੀ ਸਕਦਾ। ਗਾਂਧੀ, ਨਹਿਰੂ, ਪਟੇਲ ਤਾਂ ਉਸ ਦੇ ਸਾਹਮਣੇ ਬੜੇ ਸਾਧਾਰਣ ਬੁਲਾਰੇ ਸਮਝੇ ਜਾਂਦੇ ਸਨ। ਐਸੇ ਲੀਡਰ ਨੂੰ ਵੀ ‘ਭਾਰਤ ਦੇ ਆਜ਼ਾਦੀ ਨਾਇਕਾਂ’ ਦੀ ਸੂਚੀ ’ਚੋਂ ਕੇਵਲ ਇਸ ਲਈ ਕੱਢ ਦਿਤਾ ਗਿਆ ਕਿਉਂਕਿ ਉਹ ਮੁਸਲਮਾਨਾਂ ਦੇ ਵਿਸ਼ੇਸ਼ ਹੱਕਾਂ ਦੀ ਗੱਲ ਛੱਡਣ ਨੂੰ ਤਿਆਰ ਨਹੀਂ ਸੀ। ਜ਼ਰਾ ਅੰਦਾਜ਼ਾ ਲਾਉ ਕਿ ਜੇ ਆਜ਼ਾਦ ਭਾਰਤ ਨੇ ਜਿਨਾਹ ਨੂੰ ਆਜ਼ਾਦੀ ਦੀ ਜੰਗ ਦਾ ਨਾਇਕ ਪ੍ਰਵਾਨ ਕਰ ਲਿਆ ਹੁੰਦਾ (ਜੋ ਉਹ ਸੀ ਵੀ) ਤਾਂ ਪਾਕਿਸਤਾਨ ਬਣ ਜਾਣ ਬਾਅਦ ਵੀ, ਹਿੰਦ-ਪਾਕਿ ਸਬੰਧ ਵਿਗੜਦੇ ਨਾ ਅਤੇ ਪੁਰਾਣੀ ਸਾਂਝ ਬਣੀ ਰਹਿੰਦੀ। ਸਗੋਂ ਭਾਰਤ ਵਿਚ, ਖ਼ੁਫ਼ੀਆ ਏਜੰਸੀਆਂ ਰਾਹੀਂ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ ਕਿ 

  •  ਜਿਨਾਹ ਤਾਂ ਚੰਗਾ ਮੁਸਲਮਾਨ ਹੀ ਨਹੀਂ ਸੀ, ਉਸ ਨੇ ਤਾਸ਼ ਦੇ ਪੱਤਿਆਂ ਨਾਲ ਪਾਕਿਸਤਾਨ ਦਾ ਘਰੌਂਦਾ ਬਣਾਇਆ ਹੈ, ਜੋ ਛੇਤੀ ਹੀ ਬਿਖਰ ਜਾਏਗਾ।
  •  ਉਹ ਤਾਂ ਸ਼ਰਾਬ ਵੀ ਰੱਜ ਕੇ ਪੀਂਦਾ ਸੀ ਤੇ ਸੂਰ ਦਾ ਮਾਸ ਵੀ ਸ਼ਰੇਆਮ ਖਾਂਦਾ ਸੀ (ਇਨ੍ਹਾਂ ਦੋਹਾਂ ਚੀਜ਼ਾਂ ਦੀ ਵਰਤੋਂ ਦੀ ਇਸਲਾਮ ਵਿਚ ਮਨਾਹੀ ਹੈ), ਇਸ ਲਈ ਭਾਰਤ ਦੇ ਮੁਸਲਮਾਨਾਂ ਨੂੰ ਜਿਨਾਹ ਦਾ ਨਾਂ ਵੀ ਨਹੀਂ ਲੈਣਾ ਚਾਹੀਦਾ।
  • ਜਿਨਾਹ ਨੇ ਕਿਹਾ ਸੀ, ‘‘ਮੈਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਦਿਉ, ਪਾਕਿਸਤਾਨ ਦੀ ਮੰਗ ਛੱਡ ਦਿਆਂਗਾ।’’ ਇਹ ਮੰਗ ਨਾ ਮੰਨੀ ਗਈ ਤਾਂ ਉਹ ਪਾਕਿਸਤਾਨ ਲਈ ਅੜ ਗਿਆ ਤਾਕਿ ਉਥੇ ਵੱਡੀ ਕੁਰਸੀ ਲੈ ਸਕੇ ਵਰਨਾ ਉਹ ਪਾਕਿਸਤਾਨ ਤਾਂ ਚਾਹੁੰਦਾ ਹੀ ਨਹੀਂ ਸੀ। 

ਭਾਰਤ ਵਿਚ ਅਪਣੀ ਮਰਜ਼ੀ ਨਾਲ ਰਹਿ ਗਏ ਮੁਸਲਮਾਨ, ਇਸ ਪ੍ਰਚਾਰ ਤੋਂ ਦੁਖੀ ਸਨ ਪਰ ਉਨ੍ਹਾਂ ਨੂੰ ਯਕੀਨ ਸੀ ਕਿ ਜਿਨ੍ਹਾਂ ਮੁਸਲਮਾਨਾਂ ਨੇ ਪਾਕਿਸਤਾਨ ਨੂੰ ਠੁਕਰਾ ਦਿਤਾ ਸੀ, ਉਨ੍ਹਾਂ ਦੀਆਂ ਜਾਇਜ਼ ਮੰਗਾਂ ਤਾਂ ਮੰਨ ਹੀ ਲਈਆਂ ਜਾਣਗੀਆਂ ਤੇ ਉਹ ਪਾਕਿਸਤਾਨੀ ਮੁਸਲਮਾਨਾਂ ਨੂੰ ਕਹਿ ਸਕਣਗੇ ਕਿ ਹਿੰਦੂ ਏਨੇ ਬੁਰੇ ਨਹੀਂ ਜਿੰਨੇ ਤੁਸੀ ਸਮਝਦੇ ਸੀ ਤੇ ਜਿਨ੍ਹਾਂ ਤੋਂ ਡਰਦੇ, ਤੁਸੀ ਵੱਖ ਹੋ ਗਏ ਸੀ। ਪਰ ਜਦੋਂ ਵੀ ਕੋਈ ਭਾਰਤੀ ਮੁਸਲਮਾਨ ਆਗੂ ਛੋਟੀ ਮੋਟੀ ਮੰਗ ਵੀ ਰੱਖ ਦੇਂਦਾ ਤਾਂ ਝੱਟ ਸਟੇਜਾਂ ਤੋਂ ਤਾਹਨੇ ਮਿਲਣੇ ਸ਼ੁਰੂ ਹੋ ਜਾਂਦੇ ਕਿ, ‘‘ਪਾਕਿਸਤਾਨ ਲੈ ਲਿਆ ਜੇ, ਹੋਰ ਕੀ ਮੰਗਦੇ ਓ? ਜਿਨ੍ਹਾਂ ਦੀ ਇਥੇ ਤਸੱਲੀ ਨਹੀਂ, ਉਹ ਪਾਕਿਸਤਾਨ ਚਲੇ ਜਾਣ।’’ 

ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਾਂਸਟੀਚੂਐਂਟ ਅਸੈਂਬਲੀ ਦੇ ਦੋ ਮੁਸਲਮਾਨ ਮੈਂਬਰ ਜੋ ਭਾਰਤ ਸਰਕਾਰ ਨੇ ਆਪ ਨਾਮਜ਼ਦ ਕੀਤੇ ਸਨ, ਸੰਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਏਨੇ ਨਿਰਾਸ਼ ਹੋ ਗਏ ਕਿ ਹਿੰਦੁਸਤਾਨ ਛੱਡ ਕੇ, ਪਾਕਿਸਤਾਨ ਚਲੇ ਗਏ। ਕਾਂਸਟੀਚੂਐਂਟ ਅਸੈਂਬਲੀ ਵਿਚ ਸਿੱਖਾਂ ਦੀ ਕੋਈ ਮੰਗ ਨਾ ਮੰਨੀ ਗਈ ਤੇ ਜਦ ਸਿੱਖ ਪ੍ਰਤੀਨਿਧਾਂ ਸ. ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਨੇ ਸੰਵਿਧਾਨ ਦੇ ਖਰੜੇ ਉਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਤਾਂ ਉਨ੍ਹਾਂ ਦੇ ਰੋਸ ਦੀ ਕੋਈ ਪ੍ਰਵਾਹ ਨਾ ਕੀਤੀ ਗਈ ਸਗੋਂ ਸ. ਸਾਧੂ ਸਿੰਘ ਹਮਦਰਦ ਕੋਲੋਂ ਹਰ ਰੋਜ਼ ਸੰਪਾਦਕੀ ਲਿਖਵਾ ਕੇ ਅਕਾਲੀਆਂ ਨੂੰ ਛਿੱਬੀਆਂ ਦਿਵਾਉਣੀਆਂ ਸ਼ੁਰੂ ਕਰ ਦਿਤੀਆਂ ਕਿ ਸੰਵਿਧਾਨ ਦੇ ਖਰੜੇ ਉਤੇ ਦਸਤਖ਼ਤ ਨਹੀਂ ਕਰਨੇ ਤਾਂ ਇਸ ਦੀ ਸਹੁੰ ਚੁੱਕ ਕੇ ਮੈਂਬਰੀਆਂ ਤੇ ਨੌਕਰੀਆਂ ਕਿਉਂ ਲੈਂਦੇ ਹੋ? 

ਪਾਕਿਸਤਾਨ ਵਿਚ ਵੀ ਉਹੀ ਹਾਲ: 

ਹਿੰਦੁਸਤਾਨ ਵਲ ਵੇਖ ਕੇ ਪਾਕਿਸਤਾਨ ਨੇ ਵੀ ਉਹੀ ਰਵਈਆ ਅਖ਼ਤਿਆਰ ਕਰ ਲਿਆ। ਸਿੰਧੀਆਂ ਦਾ ਹਰ ਉਹ ਨੇਤਾ ਜੋ ਪਾਕਿਸਤਾਨ ਵਿਚ ਸਿੰਧੀ ਹਿੰਦੂਆਂ ਲਈ ਵਿਸ਼ੇਸ਼ ਅਧਿਕਾਰ ਮੰਗਦਾ ਸੀ, ਉਸ ਨੂੰ ਪੂਰੀ ਤਰ੍ਹਾਂ ਕਬਾੜਖ਼ਾਨੇ ਵਿਚ ਸੁਟ ਦਿਤਾ ਗਿਆ। ਸਿੱਖ ਤਾਂ ਰਹਿ ਹੀ ਬੜੇ ਥੋੜੇ ਗਏ ਸੀ ਪਰ ਮੁੱਖ ਸਮੱਸਿਆ ਪਖ਼ਤੂਨ ਘੱਟ-ਗਿਣਤੀ ਦੀ ਸੀ ਜਿਨ੍ਹਾਂ ਦਾ ਆਗੂ ਅਬਦੁਲ ਗ਼ਫ਼ਾਰ ਖ਼ਾਂ ਸੀ ਜਿਸ ਨੂੰ ‘ਸਰਹੱਦੀ ਗਾਂਧੀ’ ਕਹਿ ਕੇ ਬੁਲਾਇਆ ਜਾਂਦਾ ਸੀ ਕਿਉਂਕਿ ਅਕਾਲੀ ਲੀਡਰਾਂ ਦੀ ਤਰ੍ਹਾਂ ਉਹ ਵੀ ਕਾਂਗਰਸ ਨਾਲ ਰਲ ਕੇ ਚਲਦਾ ਸੀ ਤੇ ਹਿੰਦੁਸਤਾਨ ਨੂੰ ਇਕ ਰੱਖਣ ਦਾ ਵੱਡਾ ਹਮਾਇਤੀ ਸੀ।

ਘੱਟ-ਗਿਣਤੀਆਂ ਦੇ ਸਾਰੇ ਸਿਆਣੇ ਆਗੂ ਦੇਸ਼ ਵੰਡ ਦੇ ਖ਼ਿਲਾਫ਼ ਸਨ ਕਿਉਂਕਿ ਉਹ ਜਾਣਦੇ ਸਨ ਕਿ ‘ਦੇਸ਼ ਵੰਡ’ ਦਾ ਸੱਭ ਤੋਂ ਵੱਧ ਨੁਕਸਾਨ, ਹਮੇਸ਼ਾ ਘੱਟ ਗਿਣਤੀਆਂ ਨੂੰ ਹੀ ਹੁੰਦਾ ਹੈ। ਪਰ ਉਹ ਇਹ ਵੀ ਚਾਹੁੰਦਾ ਸੀ ਕਿ ਪਖ਼ਤੂਨਾਂ ਨੂੰ ਵਿਸ਼ੇਸ਼ ਅਧਿਕਾਰ ਦਿਤੇ ਜਾਣ। ਪਾਕਿਸਤਾਨ ਸਰਕਾਰ ਨੇ ਸਰਹੱਦੀ ਗਾਂਧੀ ਨੂੰ ‘ਆਜ਼ਾਦੀ ਦੇ ਨਾਇਕਾਂ’ ਦੀ ਸੂਚੀ ਵਿਚੋਂ ਕੱਢ ਦਿਤਾ ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਵੀ ਉਸੇ ਤਰ੍ਹਾਂ ਉਸ ਵਿਰੁਧ ਪ੍ਰਚਾਰ ਸ਼ੁਰੂ ਕਰ ਦਿਤਾ ਜਿਵੇਂ ਹਿੰਦੁਸਤਾਨ ਵਿਚ ਮੁਸਲਮਾਨਾਂ ਅਤੇ ਸਿੱਖਾਂ ਲਈ ਵਿਸ਼ੇਸ਼ ਹੱਕ ਮੰਗਣ ਵਾਲੇ ਮੁਸਲਮਾਨ ਅਤੇ ਅਕਾਲੀ ਲੀਡਰਾਂ ਵਿਰੁਧ ਧੂਆਂਧਾਰ ਪ੍ਰਚਾਰ ਇਥੇ ਸ਼ੁਰੂ ਕਰ ਦਿਤਾ ਗਿਆ ਸੀ। ਜਿਨਾਹ ਵਿਰੁਧ ਖ਼ੁਫ਼ੀਆ ਏਜੰਸੀਆਂ ਦਾ ਪ੍ਰਚਾਰ ਅਸੀ ਉਪਰ ਵੇਖ ਹੀ ਆਏ ਹਾਂ। ਹੁਣ ਜ਼ਰਾ ਸਰਹੱਦੀ ਗਾਂਧੀ ਵਿਰੁਧ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦੇ ਪ੍ਰਚਾਰ ਦੀ ਵਨਗੀ ਵੀ ਵੇਖ ਲਉ : 

  • ਸਰਹੱਦੀ ਗਾਂਧੀ ਤਾਂ ਮੁਸਲਮਾਨ ਹੈ ਹੀ ਨਹੀਂ, ਉਹ ਤਾਂ ਹਿੰਦੂ ਹੈ ਤੇ ਹਿੰਦੂਆਂ ਦਾ ਏਜੰਟ ਹੈ, ਜੋ ਕਿ ਉਸ ਦੇ ਨਾਂ ਤੋਂ ਹੀ ਸਪੱਸ਼ਟ ਹੈ। 
  •  ਉਹ ਤਾਂ ਕਾਂਗਰਸ ਅਤੇ ਗਾਂਧੀ ਦਾ ਬਲੂੰਗੜਾ ਹੈ ਜੋ ਕਦੇ ਨਹੀਂ ਸੀ ਚਾਹੁੰਦਾ ਕਿ ਇਕ ਹੋਰ ਇਸਲਾਮੀ ਦੇਸ਼ ਬਣ ਜਾਏ, ਅਰਥਾਤ ਪਾਕਿਸਤਾਨ ਹੋਂਦ ਵਿਚ ਆ ਜਾਵੇ। 
  • ਸਰਹੱਦੀ ਗਾਂਧੀ ‘ਪਖ਼ਤੂਨਾਂ’ ਦਾ ਨਾਂ ਲੈ ਕੇ ਹਿੰਦੁਸਤਾਨ ਤੇ ਹਿੰਦੂ ਲੀਡਰਾਂ ਨੂੰ ਪਾਕਿਸਤਾਨ ਵਿਚ ਵਾਪਸ ਲਿਆਉਣਾ ਚਾਹੁੰਦਾ ਹੈ। 
  • ਸਰਹੱਦੀ ਗਾਂਧੀ ਪਾਕਿਸਤਾਨ ਦਾ ਦਾਇਮੀ ਦੁਸ਼ਮਣ ਤੇ ਹਿੰਦੁਸਤਾਨ ਦਾ ਯਾਰ ਹੈ। ਪਖ਼ਤੂਨ ਉਸ ਨੂੰ ਮੂੰਹ ਨਾ ਲਾਉਣ। 

ਸੋ ਇਸ ‘ਦੇਸ਼ ਭਗਤ’ ਮੁਸਲਮਾਨ ਨੂੰ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਰੱਜ ਕੇ ਬਦਨਾਮ ਕੀਤਾ, ਕੋਈ ਸਨਮਾਨ ਨਾ ਦਿਤਾ, ਖ਼ੂਬ ਰੋਲਿਆ ਤੇ ਕੋਈ ਮੰਗ ਵੀ ਨਾ ਮੰਨੀ। ਭਾਰਤ ਯਾਤਰਾ ਤੇ ਇਕ ਵਾਰ ਆਇਆ ਤਾਂ ਥਾਂ-ਥਾਂ ਤੇ ਭਾਰਤੀ ਖ਼ੁਫ਼ੀਆ ਏਜੰਟ ਉਸ ਦੇ ਕੰਨ ਖਿੱਚ-ਖਿੱਚ ਕੇ ਕਹਿੰਦੇ ਰਹੇ ਕਿ ਉਹ ਕੋਈ ਅਜਿਹੀ ਗੱਲ ਨਾ ਬੋਲੇ (ਅਰਥਾਤ ਸੱਚ ਨਾ ਬੋਲੇ) ਜੋ ਪਾਕਿਸਤਾਨ ਨੂੰ ਚੰਗੀ ਨਾ ਲਗਦੀ ਹੋਵੇ। ਬੜਾ ਨਿਰਾਸ਼ ਹੋ ਕੇ ਵਾਪਸ ਪਰਤਿਆ। ਅਤੇ ਹੁਣ ਸਿੱਖ ਲੀਡਰਾਂ ਵਲ ਆਉਂਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ, ਕਾਂਗਰਸ ਨਾਲ ਸਾਂਝ ਪਾ ਕੇ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਪਰ ਸਿੱਖਾਂ ਲਈ ਵਿਸ਼ੇਸ਼ ਹੱਕਾਂ ਦੀ ਗੱਲ ਵੀ ਜਾਰੀ ਰੱਖੀ ਜਿਸ ਕਾਰਨ ਉਨ੍ਹਾਂ ਨੂੰ ਵੀ ‘ਦੇਸ਼ ਭਗਤਾਂ’ ਦੀ ਸੂਚੀ ਵਿਚੋਂ ਕੱਢ ਦਿਤਾ ਗਿਆ ਤੇ ਖ਼ੁਫ਼ੀਆ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਛੇੜ ਦਿਤੀ ਗਈ।  -ਜੋਗਿੰਦਰ ਸਿੰਘ

(ਚਲਦਾ)