ਸਿੱਖ ਸਦਾ ਤੋਂ ਹੀ ਖ਼ੁਫ਼ੀਆ ਏਜੰਸੀਆਂ ਦੇ ਬਹਿਕਾਵੇ 'ਚ ਆ ਜਾਂਦੇ ਰਹੇ ਹਨ... (3)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅੱਜ ਵੀ ਖ਼ੁਫ਼ੀਆ ਏਜੰਸੀਆਂ ਸਿੱਖਾਂ ਉਤੇ ਕੇਂਦਰ ਦੀ ਪਸੰਦ ਦੇ ਲੀਡਰ ਥੋਪਦੀਆਂ ਹਨ ਤੇ ਸਿੱਖ ਉਹੀ ਕੁੱਝ ਕਰਦੇ ਹਨ ਜੋ ਖ਼ੁਫ਼ੀਆ ਏਜੰਸੀਆਂ ਚਾਹੁੰਦੀਆਂ ਹਨ

Sikh

ਜਦੋਂ ਕੋਈ ਲਹਿਰ, ਅੰਦੋਲਨ ਜਾਂ ਆਗੂ, ਵਕਤ ਦੀ ਸਰਕਾਰ ਲਈ ਮੱਥੇ ਦੀ ਪ੍ਰੇਸ਼ਾਨੀ ਪੈਦਾ ਕਰਨ ਲੱਗ ਜਾਵੇ ਤਾਂ ਸਰਕਾਰਾਂ ਸਿੱਧੀ ਟੱਕਰ ਲੈਣ ਤੋਂ ਪਹਿਲਾਂ ਉਨ੍ਹਾਂ ਦਾ ਅਕਸ ਵਿਗਾੜਨ ਲਈ ਖ਼ੁਫ਼ੀਆ ਏਜੰਸੀਆਂ ਨੂੰ ਝੂਠੀਆਂ ਕਹਾਣੀਆਂ ਫੈਲਾਉਣ ਦੇ ਆਹਰ ਲਾ ਲੈਂਦੀਆਂ ਹਨ ਤਾਕਿ ਲੋਕ ਉਨ੍ਹਾਂ ਨੂੰ ਨਫ਼ਰਤ ਕਰਨ ਲੱਗ ਪੈਣ। ਗੁਰੂ ਕਾਲ ਤਾਂ ਸਾਰਾ ਦਾ ਸਾਰਾ ਹੀ ਖ਼ੁਫ਼ੀਆ ਏਜੰਸੀਆਂ ਦੇ ਜਾਲ ਵਿਚ ਘਿਰਿਆ ਨਜ਼ਰ ਆਉਂਦਾ ਹੈ ਤੇ ਇਤਿਹਾਸਕਾਰਾਂ ਵਲੋਂ, ਆਜ਼ਾਦ ਰਹਿ ਕੇ, ਉਸ ਦੀ ਪਰਖ ਪੜਚੋਲ ਨਾ ਕੀਤੇ ਜਾਣ ਕਰ ਕੇ (ਕੋਈ ਪੁਜਾਰੀਆਂ ਤੋਂ ਡਰਦਾ ਸੀ, ਕੋਈ ਹਾਕਮਾਂ ਕੋਲੋਂ ਤੇ ਕੋਈ ਬੁਰਛਾਗਰਦਾਂ ਕੋਲੋਂ, ਜਿਵੇਂ ਭਾਈ ਕਾਹਨ ਸਿੰਘ ਨਾਭਾ ਨੇ ਵੀ ਲਿਖਿਆ ਹੈ)।

ਅਸੀ ਉਸ ਸਮੇਂ ਵਿਚੋਂ ਹਾਲ ਦੀ ਘੜੀ ਇਕ ਹੀ ਮਿਸਾਲ ਲੈ ਲਈਏ ਤਾਂ ਗੱਲ ਸਪੱਸ਼ਟ ਹੋ ਜਾਵੇਗੀ। ਗੁਰੂ ਤੇਗ ਬਹਾਦਰ ਵਲੋਂ ਲੋਕਾਂ ਨੂੰ ਸਰਕਾਰੀ ਦਮਨ ਵਿਰੁਧ ਜਾਗ੍ਰਿਤ ਕਰਨ ਵੇਲੇ ਜਿਵੇਂ ਵਕਤ ਦੇ ਹਾਕਮਾਂ ਨੇ ਇਹ ਝੂਠ ਫੈਲਾਇਆ ਕਿ ਗੁਰੂ ਤੇਗ਼ ਬਹਾਦਰ, ਡਾਕੇ ਮਾਰਿਆ ਕਰਦੇ ਸਨ ਤੇ ਲੁਟੇਰਿਆਂ ਦੇ ਸਰਦਾਰ ਸਨ, ਇਸ ਤੋਂ ਤਾਂ ਹਰ ਕੋਈ ਜਾਣੂ ਹੋਵੇਗਾ ਹੀ ਅਤੇ ਸੱਭ ਨੂੰ ਪਤਾ ਹੈ ਕਿ ਗੁਰੂ ਤੇਗ਼ ਬਹਾਦਰ ਨੂੰ ਵੀ ਪ੍ਰਚਾਰ ਦੌਰੇ ਤੇ ਜਾਂਦਿਆਂ, ਰਸਤੇ ਵਿਚੋਂ ਹੀ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਸਮੇਂ ਦੀ ਸਰਕਾਰ ਬਾਗ਼ੀ ਲੋਕ-ਆਗੂ ਵਜੋਂ ਵੇਖਣ ਲੱਗ ਪਈ ਸੀ।

ਦਿੱਲੀ ਲਿਜਾ ਕੇ ਜਿਵੇਂ ਉਨ੍ਹਾਂ ਦੇ ਸਾਥੀਆਂ ਨੂੰ ਜ਼ਿੰਦਾ ਸਾੜਿਆ ਤੇ ਮਾਰਿਆ ਗਿਆ ਤੇ ਫਿਰ ਉਨ੍ਹਾਂ ਦਾ ਸੀਸ, ਧੜ ਤੋਂ ਜੁਦਾਅ ਕੀਤਾ ਗਿਆ, ਇਸ ਦਾ ਵੀ ਸੱਭ ਨੂੰ ਪਤਾ ਹੈ। ਪਰ ਇਤਿਹਾਸਕਾਰਾਂ ਨੇ ਇਸ ਪੱਖ ਉਤੇ ਬਹੁਤੀ ਰੋਸ਼ਨੀ ਨਹੀਂ ਪਾਈ ਕਿ ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ, ਗ਼ੈਰਾਂ ਦੇ ਵਿਸ਼ਵਾਸ ਦੀ ਰਾਖੀ ਕਰਦਿਆਂ ਸੀਸ ਦੇਣ ਵਾਲੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਡਾਕੂ, ਧਾੜਵੀ ਤੇ ਚੋਰ ਉਚੱਕੇ ਸਾਬਤ ਕਰਨ ਲਈ ਖ਼ੁਫ਼ੀਆ ਏਜੰਸੀਆਂ ਦਾ ਕਿਸ ਹੱਦ ਤਕ ਪ੍ਰਯੋਗ ਕੀਤਾ ਗਿਆ।

ਉਸ ਤੋਂ ਬਾਅਦ, ਅਸੀ ਵੇਖ ਹੀ ਚੁੱਕੇ ਹਾਂ ਕਿ ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕਰਨ ਲਈ ਖ਼ੁਫ਼ੀਆ ਏਜੰਸੀਆਂ ਸਿੱਖਾਂ ਨੂੰ ਪ੍ਰਭਾਵਤ ਕਰਨ ਵਿਚ ਏਨੀਆਂ ਜ਼ਿਆਦਾ ਸਫ਼ਲ ਹੋ ਗਈਆਂ ਕਿ ਬੰਦਾ ਸਿੰਘ ਦੀ ਅਤਿ ਦਰਦਨਾਕ ਮੌਤ ਉਤੇ ਸਿੱਖ ਹਸਦੇ ਹੋਏ ਤੇ ਖ਼ੁਸ਼ ਹੁੰਦੇ ਵੇਖੇ ਗਏ। ਸਿੱਖਾਂ ਉਤੇ ਖ਼ੁਫ਼ੀਆ ਏਜੰਸੀਆਂ ਦੇ ਦੁਸ਼-ਪ੍ਰਚਾਰ ਦਾ ਏਨਾ ਜ਼ਿਆਦਾ ਅਸਰ ਹੋ ਗਿਆ ਕਿ ਉਸ ਦੀ ਦਰਦਨਾਕ ਮੌਤ ਤੇ ਖ਼ੁਸ਼ ਹੋਣ ਵਾਲੇ ਸਿੱਖ, ਇਹ ਵੀ ਭੁਲ ਗਏ ਕਿ ਬੰਦਾ ਸਿੰਘ ਖ਼ਾਲਸਾ ਰਾਜ ਦੀ ਨੀਂਹ ਰੱਖਣ ਵਾਲਾ ਪਹਿਲਾ ਸਿੱਖ ਸੀ ਤੇ ਉਹੀ ਪਹਿਲਾ 'ਬਾਦਸ਼ਾਹ' ਸੀ ਜਿਸ ਨੇ ਨਾਨਕ-ਗੋਬਿੰਦ ਦੇ ਨਾਂ ਤੇ ਸਿੱਕੇ (ਸ਼ਾਹੀ ਮੋਹਰ ਵਾਲੇ) ਜਾਰੀ ਕੀਤੇ। ਉਹੀ ਪਹਿਲਾ ਹਾਕਮ ਸੀ ਜਿਸ ਨੇ ਗ਼ਰੀਬ ਕਾਮਿਆਂ ਨੂੰ ਮੁਫ਼ਤ ਜ਼ਮੀਨਾਂ ਦੇ ਦਿਤੀਆਂ, ਕਥਿਤ ਨੀਵੀਆਂ ਜਾਤਾਂ ਵਾਲਿਆਂ ਨੂੰ ਰਿਆਸਤਾਂ ਦੇ ਰਾਜੇ ਬਣਾ ਦਿਤਾ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਇਬਰਤਨਾਕ ਸਜ਼ਾਵਾਂ ਦਿਤੀਆਂ।

ਰਣਜੀਤ ਸਿੰਘ ਦੇ ਚਲਾਣਾ ਕਰਨ ਦੀ ਦੇਰ ਸੀ ਕਿ ਅੰਗਰੇਜ਼ਾਂ ਨੇ ਅਪਣੇ ਦਰਬਾਰੀ ਏਜੰਟਾਂ ਰਾਹੀਂ ਮਹਾਰਾਜੇ ਦੇ ਬੇਟਿਆਂ ਤੇ ਹਮਾਇਤੀਆਂ ਨੂੰ ਵੀ ਕਤਲ ਕਰਵਾ ਲਿਆ ਤੇ ਬਾਰੂਦ ਦੇ ਬੋਰਿਆਂ ਵਿਚ ਸਰ੍ਹੋਂ ਭੇਜ ਕੇ, ਅਜਿੱਤ ਸਿੱਖ ਫ਼ੌਜਾਂ ਨੂੰ ਵੀ ਹਰਵਾ ਲਿਆ, ਕਸ਼ਮੀਰ ਨੂੰ ਸਿੱਖ ਰਾਜ 'ਚੋਂ ਵੱਖ ਕਰ ਕੇ, ਡੋਗਰਿਆਂ ਦੇ ਹਵਾਲੇ ਵੀ ਕਰ ਦਿਤਾ ਤੇ ਖ਼ੁਫ਼ੀਆ ਏਜੰਸੀਆਂ ਕੋਲੋਂ ਇਹ ਝੂਠਾ ਪ੍ਰਚਾਰ ਵੀ ਸਿੱਖਾਂ ਦੇ ਸਿਰਾਂ ਵਿਚ ਕੁੱਟ ਕੁੱਟ ਕੇ ਭਰਵਾ ਦਿਤਾ ਕਿ ਸਿੱਖਾਂ ਦੀ ਹਾਰ ਦਾ ਕਾਰਨ ਰਾਣੀ ਜਿੰਦਾਂ ਸੀ ਜੋ ਅਪਣੇ ਪੁੱਤਰ ਦਲੀਪ ਸਿੰਘ ਦੀ ਮੁੜ ਬਹਾਲੀ ਲਈ, ਅੰਗਰੇਜ਼ਾਂ ਨਾਲ ਮਿਲ ਗਈ ਸੀ ਤੇ ਸਿੱਖ ਫ਼ੌਜਾਂ ਨੂੰ ਹਰਾਉਣ ਵਿਚ ਅੰਗਰੇਜ਼ਾਂ ਦੀ ਮਦਦਗਾਰ ਬਣੀ ਹੋਈ ਸੀ। ਜੇ ਡਾ. ਗੰਡਾ ਸਿੰਘ ਇਤਿਹਾਸਕਾਰ, ਸੱਚ ਦੀ ਖੋਜ ਕਰ ਕੇ, ਸਾਰੀ ਸਚਾਈ ਬਾਹਰ ਨਾ ਕਢਦੇ ਤਾਂ ਸਿੱਖਾਂ ਨੇ ਤਾਂ ਅਜੇ ਵੀ ਰਾਣੀ ਜਿੰਦਾਂ ਨੂੰ ਗਾਲਾਂ ਕਢਦੇ ਹੋਣਾ ਸੀ।

ਪਰ ਇਥੋਂ ਵੀ ਸਿੱਖਾਂ ਨੇ ਸਬਕ ਕੋਈ ਨਾ ਸਿਖਿਆ ਤੇ ਅੰਗਰੇਜ਼ਾਂ ਨੇ ਸਿੱਖ ਧਰਮ ਨੂੰ ਇਕ ਗਰਜਦੇ ਸ਼ੇਰ ਬੱਬਰ ਦੀ ਬਜਾਏ, ਗੋਲਕ ਲਈ ਆਪਸ ਵਿਚ ਲੜਦੇ ਰਹਿਣ ਵਾਲੇ ਬਿੱਲਿਆਂ ਦਾ ਰੂਪ ਦੇਣ ਲਈ ਗੁਰਦਵਾਰਾ ਚੋਣਾਂ ਦੇ 'ਚਿੱਟੇ' ਦਾ ਟੀਕਾ ਸਿੱਖਾਂ ਨੂੰ ਲਾ ਦਿਤਾ। ਖ਼ੁਫ਼ੀਆ ਏਜੰਸੀਆਂ ਰਾਹੀਂ ਖ਼ੂਬ ਪ੍ਰਚਾਰ ਕੀਤਾ ਗਿਆ ਕਿ ਦੁਨੀਆਂ ਵਿਚ ਪਹਿਲੀ ਵਾਰ, ਗੁਰਦਵਾਰਾ ਚੋਣਾਂ ਰਾਹੀਂ ਚੁਣੇ ਹੋਏ ਸਿੱਖਾਂ ਦੇ ਪ੍ਰਤੀਨਿਧ, ਸਿੱਖ ਗੁਰਦਵਾਰਿਆਂ ਦਾ ਪ੍ਰਬੰਧ ਸੰਭਾਲਣਗੇ ਤੇ ਸਿੱਖ ਮਸਲੇ ਅਪਣੀ 'ਮਿਨੀ ਪਾਰਲੀਮੈਂਟ' ਵਿਚ ਵਿਚਾਰਿਆ ਕਰਨਗੇ। ਅੰਗਰੇਜ਼ਾਂ ਦਾ ਇਹ ਕੋਰਾ ਝੂਠ ਸੀ ਜੋ ਖ਼ੁਫ਼ੀਆ ਏਜੰਸੀਆਂ ਨੇ ਸਿੱਖਾਂ ਦੇ ਦਿਮਾਗ਼ਾਂ ਵਿਚ ਬਿਠਾ ਦਿਤਾ। ਗੁਰਦਵਾਰਾ ਚੋਣਾਂ ਕਿਵੇਂ ਸਿੱਖੀ ਨੂੰ ਸਿਆਸਤਦਾਨਾਂ ਦੀ ਗ਼ੁਲਾਮੀ ਹੇਠ ਦੇ ਗਈਆਂ ਹਨ, ਇਹ ਹਰ ਕੋਈ ਪ੍ਰਤੱਖ ਵੇਖ ਸਕਦਾ ਹੈ।

ਗੁਰਦਵਾਰਿਆਂ ਵਿਚੋਂ ਵੀ ਧਰਮ ਅਲੋਪ ਹੋ ਗਿਆ ਹੈ ਤੇ ਬਹੁਤ ਥੋੜੇ ਨਿਰਪੱਖ ਸਿੱਖ ਮਿਲਣਗੇ ਜੋ ਅਜੇ ਵੀ ਸਮਝਦੇ ਹਨ ਕਿ ਗੁਰਦਵਾਰਾ ਚੋਣਾਂ ਦੇ ਰਹਿੰਦਿਆਂ, ਸਿੱਖੀ ਦਾ ਭਵਿੱਖ ਉਜਲਾ ਵੀ ਕਦੇ ਹੋ ਸਕੇਗਾ। ਇਸ ਸਾਰੇ ਕੁੱਝ ਲਈ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਦੇ ਹਰ ਝੂਠ ਨੂੰ ਸਿੱਖਾਂ ਨੇ ਹੂਬਹੂ ਸੱਚ ਕਰ ਕੇ ਮੰਨ ਲਿਆ ਪਰ ਦੂਰ-ਅੰਦੇਸ਼ ਤੇ ਸਿਆਣੇ ਵਿਦਵਾਨਾਂ ਦੀ ਗੱਲ ਨਾ ਸੁਣੀ ਕਿ ਗੁਰਦਵਾਰਾ ਚੋਣਾਂ ਦੇ ਜਾਲ ਵਿਚ ਸਿੱਖੀ ਨੂੰ ਨਾ ਫਸਾਇਉ, ਇਹ ਤੁਹਾਡਾ ਕੁੱਝ ਨਹੀਂ ਬਚਿਆ ਰਹਿਣ ਦੇਣਗੀਆਂ ਤੇ ਨਾ ਬਾਹਰ ਹੀ ਨਿਕਲਣ ਦੇਣਗੀਆਂ।

ਗੁਰਦਵਾਰਾ ਚੋਣਾਂ ਦੇ ਨਾਲ ਹੀ ਉਨ੍ਹਾਂ ਅਪਣਾ ਮਰਿਆ ਹੋਇਆ ਸੱਪ, ਪੁਜਾਰੀਵਾਦ ਵੀ ਦਰਬਾਰ ਸਾਹਿਬ ਵਿਚ ਲਿਆ ਸੁਸ਼ੋਭਤ ਕੀਤਾ ਜਦਕਿ ਅਪਣੇ ਧਰਮ ਵਿਚ ਉਨ੍ਹਾਂ 500 ਸਾਲ ਪਹਿਲਾਂ ਇਸ ਨੂੰ ਖ਼ਤਮ ਕਰ ਦਿਤਾ ਸੀ। ਪੋਪ, ਪਹਿਲਾਂ ਹਰ ਕਿਸੇ ਨੂੰ ਛੇਕ ਸਕਦਾ ਸੀ ਤੇ ਪੈਸੇ ਲੈ ਕੇ 'ਚੰਗਾ ਈਸਾਈ' ਹੋਣ ਦਾ ਸਰਟੀਫ਼ੀਕੇਟ ਦੇ ਸਕਦਾ ਸੀ ਪਰ 500 ਸਾਲ ਪਹਿਲਾਂ ਉਸ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਤੇ ਪ੍ਰੋਟੈਸਟੈਂਟ ਈਸਾਈਆਂ ਨੇ ਇਸ ਰਸਮੀ ਪੁਜਾਰੀ (ਪੋਪ) ਦੀ ਹੋਂਦ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿਤਾ ਜੋ ਅੱਜ ਤਕ ਵੀ ਉਸੇ ਤਰ੍ਹਾਂ ਹੈ। ਇਸ ਪੁਜਾਰੀਵਾਦ ਨੇ ਹੀ ਸਿੰਘ ਸਭਾ ਲਹਿਰ ਦੇ ਬਾਨੀਆਂ¸ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਨੂੰ ਪੰਥ 'ਚੋਂ ਛੇਕਿਆ ਤੇ ਫਿਰ ਬੁਰੇ ਹਾਲ ਵਿਚ ਉਨ੍ਹਾਂ ਨੂੰ ਸ੍ਰੀਰ ਤਿਆਗਣ ਲਈ ਮਜਬੂਰ ਕੀਤਾ।

ਮੁਸਲਮਾਨ ਤਾਂ ਉਨ੍ਹਾਂ ਦੀ ਸਰਦੀ ਬਣਦੀ ਮਦਦ ਕਰਦੇ ਰਹੇ ਪਰ ਕਿਸੇ ਸਿੱਖ ਨੇ ਉਨ੍ਹਾਂ ਨੂੰ ਪਾਣੀ ਵੀ ਨਾ ਪੁਛਿਆ ਤੇ ਉਹ ਸੱਭ ਕੁੱਝ ਲੁਟਾ ਕੇ, ਬੁਰੀ ਹਾਲਤ ਵਿਚ ਪ੍ਰਲੋਕ ਸਿਧਾਰੇ। ਇਨ੍ਹਾਂ ਪੁਜਾਰੀਆਂ ਕੋਲੋਂ ਹੀ ਦੇਸ਼-ਭਗਤਾਂ ਤੇ ਅੰਗਰੇਜ਼-ਵਿਰੋਧੀਆਂ ਵਿਰੁਧ ਫ਼ਤਵੇ ਜਾਰੀ ਕਰਵਾਏ ਗਏ ਕਿ 'ਇਹ ਤਾਂ ਸਿੱਖ ਹੀ ਨਹੀਂ' ਅਤੇ ਜਲਿਆਂਵਾਲੇ ਬਾਗ਼ ਦੇ ਕਾਤਲ ਨੂੰ ਅਕਾਲ ਤਖ਼ਤ ਤੇ ਬੁਲਾ ਕੇ ਉਸ ਨੂੰ ਸਿਰੋਪਾਉ ਵੀ ਦਿਤਾ ਤੇ 'ਬੇਹਤਰੀਨ ਸਿੱਖ' ਦਾ ਖ਼ਿਤਾਬ ਵੀ ਦਿਤਾ। ਅੱਜ ਤਕ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਉਨ੍ਹਾਂ ਪਾਪਾਂ ਲਈ ਕਦੇ ਮਾਫ਼ੀ ਨਹੀਂ ਮੰਗੀ, ਨਾ ਪਸ਼ਚਾਤਾਪ ਹੀ ਕੀਤਾ ਹੈ ਜਦਕਿ ਅੰਗਰੇਜ਼ ਸਿਆਸਤਦਾਨ, ਹਾਕਮ ਤੇ ਬਿਸ਼ਪ (ਅੰਗਰੇਜ਼ ਪੁਜਾਰੀ) ਲੰਮੇ ਪੈ ਕੇ ਮਾਫ਼ੀ ਮੰਗ ਗਏ ਹਨ।

ਇਨ੍ਹਾਂ ਸਾਰੇ ਵਰਤਾਰਿਆਂ ਦੌਰਾਨ ਵੀ ਸਿੱਖ ਖ਼ਾਮੋਸ਼ ਹੀ ਰਹੇ ਤੇ ਕਦੇ ਮੂੰਹ 'ਚੋਂ ਚਾਰ ਅੱਖਰ ਵੀ ਨਾ ਬੋਲੇ ਕਿਉਂਕਿ ਅੰਗਰੇਜ਼ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਿੱਖਾਂ ਦੇ ਮਨਾਂ ਵਿਚ ਵੀ ਇਹ ਜ਼ਹਿਰ ਘੋਲ ਦਿਤਾ ਸੀ ਕਿ ਪੁਜਾਰੀਆਂ ਨੇ ਜੋ ਕੀਤਾ, ਠੀਕ ਕੀਤਾ ਤੇ ਸਾਰਾ ਦੋਸ਼ ਉਨ੍ਹਾਂ ਸਿੱਖਾਂ ਦਾ ਹੀ ਸੀ ਜਿਨ੍ਹਾਂ ਨੇ ਪੁਜਾਰੀਆਂ ਦੇ ਫ਼ਤਵਿਆਂ ਜਾਂ ਹੁਕਮਨਾਮਿਆਂ ਦਾ ਵਿਰੋਧ ਕੀਤਾ। ਆਜ਼ਾਦੀ ਦੀ ਲੜਾਈ ਸਿਖਰ ਤੇ ਪਹੁੰਚ ਗਈ। ਸੰਸਾਰ ਯੁੱਧਾਂ ਨੇ ਅੰਗਰੇਜ਼ਾਂ ਨੂੰ ਯਕੀਨ ਕਰਵਾ ਦਿਤਾ ਸੀ ਕਿ ਇਥੇ ਰਹਿਣਾ ਹੁਣ ਫ਼ਾਇਦੇ ਵਾਲੀ ਗੱਲ ਨਹੀਂ ਹੋਵੇਗੀ ਤੇ ਨੁਕਸਾਨ ਜ਼ਿਆਦਾ ਹੋਵੇਗਾ। ਇਸ ਸਮੇਂ ਉਹ ਕੇਵਲ ਇਹ ਚਾਹੁੰਦੇ ਸਨ ਕਿ ਉਨ੍ਹਾਂ ਮਗਰੋਂ ਕੇਵਲ ਉਹੀ ਲੋਕ ਇਥੇ ਸੱਤਾ ਵਿਚ ਆਉਣ ਜੋ ਬਰਤਾਨੀਆਂ ਦੇ ਅਪਣੇ ਬੰਦੇ ਹੋਣ। ਕਾਂਗਰਸ ਵਿਚ ਮਹਾਤਮਾ, ਨਹਿਰੂ ਤੇ ਪਟੇਲ ਉਨ੍ਹਾਂ ਦੇ ਖ਼ਾਸ ਬੰਦੇ ਸਨ ਤੇ ਮੁਸਲਮਾਨਾਂ ਵਿਚ ਮੁਹੰਮਦ ਅਲੀ ਜਿਨਾਹ ਤੇ ਮੁਸਲਿਮ ਲੀਗ ਸਾਰੀ ਹੀ ਅੰਗਰੇਜ਼ ਦੀ ਮੁੱਠੀ ਵਿਚ ਸੀ।

ਉਨ੍ਹਾਂ ਦੀ ਸਕੀਮ ਵਿਚ ਸਿੱਖ ਕਿਧਰੇ ਵੀ ਫ਼ਿਟ ਨਹੀਂ ਸਨ ਬੈਠਦੇ ਕਿਉਂਕਿ ਸੁਭਾਸ਼ ਚੰਦਰ ਬੋਸ ਤੇ ਭਗਤ ਸਿੰਘ ਵਰਗਿਆਂ ਵਾਂਗ, ਅੰਗਰੇਜ਼ ਦੀ ਨਜ਼ਰ ਵਿਚ ਸਾਰੇ ਸਿੱਖ 'ਅਤਿਵਾਦੀ' ਹੀ ਸਨ ਤੇ ਉਹ ਸਿਰਫ਼ ਇਹ ਚਾਹੁੰਦੇ ਸਨ ਕਿ ਸਿੱਖ ਪਾਕਿਸਤਾਨ ਵਿਚ ਹੀ ਰਹਿ ਜਾਣ ਤੇ ਮੁਸਲਿਮ ਲੀਗ ਨਾਲ ਕੋਈ ਸਮਝੌਤਾ ਕਰ ਲੈਣ ਤਾਕਿ ਮੁਸਲਿਮ ਲੀਗ ਦੀ ਇਹ ਮੰਗ ਪੂਰੀ ਕੀਤੀ ਜਾ ਸਕੇ ਕਿ ਅਫ਼ਗ਼ਾਨਿਸਤਾਨ ਦੀ ਸਰਹੱਦ ਤੋਂ ਲੈ ਕੇ ਗੁੜਗਾਉਂ ਤਕ ਦਾ ਸਾਰਾ ਇਲਾਕਾ ਪਾਕਿਸਤਾਨ ਵਿਚ ਸ਼ਾਮਲ ਕੀਤਾ ਜਾ ਸਕੇ।

ਇਸ ਤਰ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਦੀ ਲੀਡਰਸ਼ਿਪ, ਅੰਗਰੇਜ਼ੀ ਇਸ਼ਾਰੇ ਨਾਲ ਅਪਣਾ ਅਪਣਾ ਵਖਰਾ ਦੇਸ਼ ਮੰਗ ਰਹੀ ਸੀ ਜਦਕਿ ਸਿੱਖ ਲੀਡਰਸ਼ਿਪ ਇਕੱਲੀ ਸੀ ਜੋ ਅੰਗਰੇਜ਼ਾਂ ਦੇ ਅਸਰ ਨੂੰ ਨਾ ਕਬੂਲਦੀ ਹੋਈ, ਸਮਝਦੀ ਸੀ ਕਿ ਕੋਈ ਵੀ ਵੰਡ, ਦੋ ਵੱਡੇ ਫ਼ਿਰਕੂ ਜਿੰਨ ਤਾਂ ਪੈਦਾ ਕਰ ਸਕਦੀ ਹੈ ਪਰ ਸਿੱਖਾਂ ਵਰਗੀ ਘੱਟ-ਗਿਣਤੀ ਲਈ ਦੋਵੇਂ ਜਿੰਨ ਹੀ ਮਾਰੂ ਸਾਬਤ ਹੋਣਗੇ। ਇਹੀ ਸੋਚ ਕੇ, ਸਿੱਖ ਲੀਡਰਸ਼ਿਪ, ਸਰਬ ਸੰਮਤੀ ਨਾਲ ਅਖ਼ੀਰ ਤਕ ਦੇਸ਼-ਵੰਡ ਦੇ ਵਿਰੁਧ ਕੰਮ ਕਰਦੀ ਰਹੀ। ਪਰ ਦੇਸ਼ ਦੀ 1 ਫ਼ੀ ਸਦੀ ਵਸੋਂ ਦੀ ਆਵਾਜ਼ ਅਜਿਹੇ ਸਮਿਆਂ ਤੇ ਇਕ ਹੱਦ ਤਕ ਹੀ ਅਸਰ-ਅੰਦਾਜ਼ ਹੋ ਸਕਦੀ ਹੈ।

ਅੱਜ ਸਾਰੇ ਹੀ ਮੰਨ ਰਹੇ ਹਨ ਕਿ 1947 ਦੀ ਵੰਡ ਸੱਭ ਤੋਂ ਵੱਡੀ ਗ਼ਲਤੀ ਸੀ ਜੋ ਕਿਸੇ ਸਮੇਂ 'ਮਹਾਂਭਾਰਤ' ਵਾਂਗ ਐਟਮੀ ਜੰਗ ਦੀ ਸ਼ਕਲ ਵਿਚ ਦੋਹਾਂ ਨੂੰ ਤਬਾਹ, ਬਰਬਾਦ ਕਰ ਸਕਦੀ ਹੈ। ਪਰ ਇਸ ਸਮੇਂ ਵੀ ਮੈਂ ਕਿਸੇ ਗ਼ੈਰ-ਸਿੱਖ ਲੇਖਕ ਦੀ ਕਲਮ ਤੋਂ ਤਾਂ ਕੀ, ਕਿਸੇ ਸਿੱਖ ਲੇਖਕ ਦੀ ਕਲਮ 'ਚੋਂ ਨਿਕਲੇ ਇਹ ਲਫ਼ਜ਼ ਨਹੀਂ ਵੇਖੇ ਕਿ 1947 ਤੋਂ ਪਹਿਲਾਂ ਸਿਰਫ਼ ਸਿੱਖ ਲੀਡਰਸ਼ਿਪ ਨੇ ਹੀ ਸਰਬ-ਸੰਮਤੀ ਨਾਲ ਦੂਰ-ਦ੍ਰਿਸ਼ਟੀ ਵਿਖਾਈ ਤੇ ਭਾਰਤ ਦੀ ਵੰਡ ਦੇ ਖ਼ਿਲਾਫ਼ ਖੜੀ ਰਹੀ ਤੇ ਅਖ਼ੀਰ ਤਕ ਵੰਡ ਦੇ ਵਿਰੋਧ ਵਿਚ ਖੜੇ ਹੋ ਕੇ, ਹਿੰਦੁਸਤਾਨ ਵਿਚ ਘੱਟ-ਗਿਣਤੀਆਂ ਲਈ ਵਿਸ਼ੇਸ਼ ਦਰਜੇ ਦੀ ਪ੍ਰਾਪਤੀ ਲਈ ਸਿਰਤੋੜ ਕੋਸ਼ਿਸ਼ ਕਰਦੀ ਰਹੀ। 'ਆਜ਼ਾਦ ਪੰਜਾਬ' ਸਕੀਮ (ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਬਰਾਬਰ ਵਸੋਂ ਵਾਲੀ ਸਕੀਮ) ਇਸੇ ਨਜ਼ਰੀਏ ਨਾਲ ਘੜੀ ਗਈ ਸੀ ਜੋ ਅਕਾਲੀ ਦਲ ਨੇ ਪੇਸ਼ ਕੀਤੀ।

ਇਸੇ ਦੇ ਜਵਾਬ ਵਿਚ ਕਾਂਗਰਸ ਨੇ ਵਾਅਦੇ ਕੀਤੇ ਕਿ ਸਿੱਖਾਂ ਨੂੰ ਇਕ ਅਜਿਹਾ ਖ਼ਿੱਤਾ ਦਿਤਾ ਜਾਵੇਗਾ ਜਿਥੇ ਉਹ ਆਜ਼ਾਦੀ ਦਾ ਨਿਘ ਮਾਣ ਸਕਣਗੇ ਤੇ ਕੋਈ ਸੰਵਿਧਾਨ ਨਹੀਂ ਬਣਾਇਆ ਜਾਵੇਗਾ ਜਿਸ ਨੂੰ ਸਿੱਖ ਪ੍ਰਵਾਨਗੀ ਨਹੀਂ ਦੇਣਗੇ। ਜਦ ਤੁਸੀ ਆਪ ਹੀ ਅਪਣੇ ਲੀਡਰਾਂ ਦੀ ਦੂਰ-ਦ੍ਰਿਸ਼ਟੀ ਨੂੰ ਸਵੀਕਾਰ ਨਹੀਂ ਕਰੋਗੇ ਤਾਂ ਦੂਜਾ ਕਿਉਂ ਕਰੇਗਾ? ਸਗੋਂ ਸਾਡੇ ਲੇਖਕ ਉਹੀ ਕੁੱਝ ਕਹਿਣ ਲੱਗ ਪਏ ਤੇ ਉਸੇ ਝੂਠ ਨੂੰ ਦੁਹਰਾਉਣ ਲੱਗ ਪਏ ਜੋ ਆਜ਼ਾਦ ਭਾਰਤ ਵਿਚ, ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਸਿੱਖ ਲੀਡਰਾਂ ਦਾ ਅਕਸ ਖ਼ਰਾਬ ਕਰਨ ਲਈ ਘੜਿਆ ਸੀ ਤੇ ਇਹ ਅੱਜ ਤਕ ਵੀ ਉਸੇ ਤਰ੍ਹਾਂ ਜਾਰੀ ਹੈ। ਸਿੱਖ ਜਨਤਾ 1947 ਤੋਂ 2019 ਤਕ ਉਸੇ ਝੂਠ ਨੂੰ ਸੱਚ ਮੰਨਦੀ ਆਈ ਹੈ ਜੋ ਭਾਰਤੀ ਖ਼ੁਫ਼ੀਆ ਏਜੰਸੀਆਂ ਸਿੱਖਾਂ ਲਈ ਘੜ ਕੇ, ਸਿੱਖਾਂ ਦੇ ਵਿਹੜੇ ਵਿਚ ਸੁਟਦੀਆਂ ਰਹੀਆਂ ਹਨ। ਇਹ ਸਮਾਂ ਤਾਂ ਮੈਂ ਆਪ ਅਪਣੀ ਅੱਖੀਂ ਵੇਖਿਆ ਹੈ ਤੇ ਨਿਜੀ ਤੌਰ ਤੇ, ਛੋਟੀ ਉਮਰ ਤੋਂ ਹੀ ਸੁਚੇਤ ਹੋਣ ਕਾਰਨ, ਆਪ ਬਹੁਤ ਕੁੱਝ ਵੇਖਿਆ ਹੈ। ਇਸ ਬਾਰੇ ਅਗਲੀ ਵਾਰੀ ਵਿਸਥਾਰ ਨਾਲ ਗੱਲ ਕਰਾਂਗੇ।  (ਚਲਦਾ)

-ਜੋਗਿੰਦਰ ਸਿੰਘ