ਸ਼੍ਰੋਮਣੀ ਕਮੇਟੀ ਦੇ 100 ਸਾਲ: 3 ਘੰਟਿਆਂ 'ਚ 375 ਮਤੇ ਪਾਸ ਕਰਨ ਵਾਲੀ ਇਸ ਦੀ ਧਰਮ ਪ੍ਰਚਾਰ ਕਮੇਟੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਕ ਵਾਰ ਸ਼੍ਰੋਮਣੀ ਕਮੇਟੀ ਨੇ ਸਪੋਕਸਮੈਨ ਨੂੰ ਵੀ 2 ਲੱਖ ਦਾ ਕੰਮ ਦੇ ਦਿਤਾ ਸੀ। ਇਕ ਲੱਖ ਤਾਂ ਮਿਲ ਗਿਆ ਪਰ ਦੂਜਾ...

Shiromani Committee

ਇਕ ਵਾਰ ਸ਼੍ਰੋਮਣੀ ਕਮੇਟੀ ਨੇ ਸਪੋਕਸਮੈਨ ਨੂੰ ਵੀ 2 ਲੱਖ ਦਾ ਕੰਮ ਦੇ ਦਿਤਾ ਸੀ। ਇਕ ਲੱਖ ਤਾਂ ਮਿਲ ਗਿਆ ਪਰ ਦੂਜਾ ਲੱਖ ਲੈਣ ਦੇ ਚੱਕਰ ਵਿਚ ਸਾਨੂੰ ਸ਼੍ਰੋਮਣੀ ਕਮੇਟੀ ਦੇ 'ਧਰਮ ਪ੍ਰਚਾਰ' ਦਾ ਸਾਰਾ ਹੀਜ ਪਿਆਜ ਵੇਖਣ ਨੂੰ ਮਿਲ ਗਿਆ। 2006 ਵਿਚ ਇਹ ਡਾਇਰੀ ਦੇ ਪੰਨੇ ਲਿਖ ਦਿਤੇ ਸਨ ਜੋ ਪਾਠਕਾਂ ਦੀ ਸੇਵਾ ਵਿਚ ਇਕ ਵਾਰ ਫਿਰ ਪੇਸ਼ ਕੀਤੇ ਜਾ ਰਹੇ ਹਨ ਤਾਕਿ ਉਹ ਅੱਜ ਦੀ ਹਾਲਤ ਨਾਲ ਆਪ ਟਾਕਰਾ ਕਰ ਕੇ ਵੇਖ ਲੈਣ

2006 ਵਿਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 3 ਘੰਟੇ ਵਿਚ 375 ਮਤੇ ਪਾਸੇ ਕੀਤੇ ਜਾਣ ਦੀ ਖ਼ਬਰ ਬੜੀ ਚਰਚਾ ਵਿਚ ਰਹੀ। ਧਰਮ ਪ੍ਰਚਾਰ ਕਮੇਟੀ ਨਾਲ ਸਾਨੂੰ ਵੀ ਇਕ ਵਾਰ ਵਾਹ ਪਿਆ ਸੀ। ਸਾਰੀਆਂ ਨਹੀਂ ਪਰ ਕੁੱਝ ਕੁ ਯਾਦਾਂ ਦੀ ਗੱਲ ਹੀ ਕਰਨਾ ਚਾਹਾਂਗਾ। ਜਨਵਰੀ, 1994 ਵਿਚ ਅਸੀ ਮਾਸਕ 'ਸਪੋਕਸਮੈਨ' ਅੰਗਰੇਜ਼ੀ ਤੇ ਪੰਜਾਬੀ ਵਿਚ ਸ਼ੁਰੂ ਕੀਤਾ ਤਾਂ ਇਕ ਸਾਲ ਬਾਅਦ ਹੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਕ ਮਤਾ ਪਾਸ ਕੀਤਾ ਕਿ 'ਸਪੋਕਸਮੈਨ' ਕਿਉਂਕਿ ਸਿੱਖਾਂ ਦਾ ਅਕਸ ਠੀਕ ਕਰ ਰਿਹਾ ਹੈ, ਇਸ ਲਈ ਇਸ ਦੀਆਂ 2000 ਕਾਪੀਆਂ ਹਰ ਮਹੀਨੇ ਖ਼ਰੀਦ ਕੇ ਪਾਰਲੀਮੈਂਟ ਦੇ ਮੈਂਬਰਾਂ, ਵਜ਼ੀਰਾਂ, ਦੇਸ਼ ਦੇ ਵੱਡੇ ਪੱਤਰਕਾਰਾਂ, ਅਸੈਂਬਲੀ ਮੈਂਬਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵਿਦੇਸ਼ੀ ਰਾਜਦੂਤਾਂ ਨੂੰ ਭੇਜੀਆਂ ਜਾਇਆ ਕਰਨ।

ਉਦੋਂ ਅੰਗਰੇਜ਼ੀ ਤੇ ਪੰਜਾਬੀ ਵਿਚ ਮਾਸਕ ਸਪੋਕਸਮੈਨ ਦੇ ਵਖਰੇ ਵਖਰੇ ਦੋ ਪਰਚੇ ਨਿਕਲਿਆ ਕਰਦੇ ਸਨ। ਸਾਨੂੰ ਚਿੱਠੀ ਆ ਗਈ ਤੇ ਨਾਲ ਹੀ ਸੂਚੀਆਂ ਵੀ। ਅਸੀ ਪਰਚਾ ਉੁਨ੍ਹਾਂ ਸਾਰਿਆਂ ਨੂੰ ਯੂ.ਪੀ. ਸੀ ਕਰ ਕੇ ਭੇਜਣਾ ਸ਼ੁਰੂ ਕਰ ਦਿਤਾ। ਬਾਅਦ ਵਿਚ ਅਸੀ ਡਾਕਖ਼ਾਨੇ ਦੇ ਸਰਟੀਫ਼ੀਕੇਟ ਲਾ ਕੇ, 2 ਲੱਖ ਰੁਪਏ ਦਾ ਬਿਲ ਭੇਜ ਦਿਤਾ। ਡਾਕ ਸਮੇਤ, ਸਾਡਾ ਖ਼ਰਚਾ ਹੀ ਤਿੰਨ ਲੱਖ ਤੋਂ ਉਪਰ ਆ ਗਿਆ ਸੀ ਤੇ ਮਿਲਣਾ ਸਾਨੂੰ ਕੇਵਲ 2 ਲੱਖ ਸੀ ਪਰ ਫਿਰ ਵੀ ਸਾਨੂੰ ਪ੍ਰਵਾਨ ਸੀ।

ਸਾਨੂੰ ਇਕ ਲੱਖ ਰੁਪਿਆ ਫ਼ੌਰਨ ਦੇ ਦਿਤਾ ਗਿਆ ਤੇ ਬਾਕੀ ਦੀ ਰਕਮ ਬਾਅਦ ਵਿਚ ਭੇਜ ਦੇਣ ਦਾ ਵਾਅਦਾ ਕੀਤਾ ਗਿਆ। ਉਹ ਰਕਮ ਸਾਨੂੰ ਅੱਜ ਤਕ ਨਹੀਂ ਮਿਲੀ। ਸਾਡੇ ਬੰਦੇ ਨੇ ਸ਼੍ਰੋਮਣੀ ਕਮੇਟੀ ਦੇ 100 ਚੱਕਰ ਮਾਰੇ ਹੋਣਗੇ ਪਰ ਹਾਲ ਸਰਕਾਰੀ ਦਫ਼ਤਰਾਂ ਨਾਲੋਂ ਵੀ ਮਾੜਾ ਸੀ। ਕਿਸੇ ਨੇ ਕੋਈ ਗੱਲ ਨਾ ਸੁਣੀ ਤੇ 'ਅੱਜ ਬਹੁਤ ਕੰਮ ਹੈ, ਫਿਰ ਕਿਸੇ ਦਿਨ ਆਇਉ' ਕਹਿ ਕੇ ਟਾਲੀ ਗਏ। ਇਕ ਦਿਨ ਮੈਨੂੰ ਬਹੁਤ ਗੁੱਸਾ ਚੜ੍ਹ ਗਿਆ ਤੇ ਮੈਂ ਫ਼ੈਸਲਾ ਕੀਤਾ ਕਿ ਹੁਣ ਸ਼੍ਰੋਮਣੀ ਕਮੇਟੀ ਤੋਂ ਪੈਸੇ ਮੰਗਣੇ ਹੀ ਨਹੀਂ ਤੇ ਰਕਮ ਨੂੰ 'ਮਰੀ ਹੋਈ' ਸਮਝ ਕੇ ਛੱਡ ਦਿਤਾ। ਅਪਣੇ ਦਫ਼ਤਰ ਵਿਚ ਪਈ ਸਾਰੀ ਫ਼ਾਈਲ ਨੂੰ ਮੈਂ ਪਾੜ ਕੇ ਸੁਟ ਦਿਤਾ।

ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ ਤਾਂ ਉਸ ਨੂੰ ਦਫ਼ਤਰ ਦੇ ਕਿਸੇ ਬੰਦੇ ਨੇ ਦਸ ਦਿਤਾ ਕਿ 'ਸਪੋਕਸਮੈਨ' ਦੀ ਇਕ ਲੱਖ ਰੁਪਏ ਦੀ ਅਦਾਇਗੀ ਟੌਹੜਾ ਸਾਹਿਬ ਨੇ ਜਾਣ ਕੇ ਰੁਕਵਾ ਦਿਤੀ ਸੀ। ਬੀਬੀ ਨੇ ਇਕ ਗੁਰਦਵਾਰਾ ਇੰਸਪੈਕਟਰ ਸਾਡੇ ਕੋਲ ਇਹ ਕਹਿ ਕੇ ਭੇਜਿਆ ਕਿ ਜੇ ਪੁਰਾਣੇ ਰੀਕਾਰਡ ਦੀਆਂ ਨਕਲਾਂ ਦੇ ਦਈਏ ਤਾਂ ਇਕ ਲੱਖ ਰੁਪਏ ਹੁਣੇ ਦੇ ਦਿਤੇ ਜਾਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਰੀਕਾਰਡ ਵਿਚਲੀ ਫ਼ਾਈਲ ਕਿਸੇ ਨੇ 'ਏਧਰ ਔਧਰ' ਕਰ ਦਿਤੀ ਸੀ। ਏਧਰ ਅਸੀ ਵੀ ਅਪਣੀ ਫ਼ਾਈਲ ਕੁੱਝ ਸਮਾਂ ਪਹਿਲਾਂ ਹੀ ਪਾੜ ਕੇ ਸੁਟ ਦਿਤੀ ਸੀ। ਸੋ ਮਾਮਲਾ ਖ਼ਤਮ ਹੋ ਗਿਆ।

ਤੁਸੀ ਪੁੱਛੋਗੇ, ਪਰ ਟੌਹੜਾ ਸਾਹਿਬ ਨੇ ਇਕ ਲੱਖ ਦੀ ਅਦਾਇਗੀ ਰੋਕੀ ਕਿਉਂ ਸੀ? ਲਉ ਸੁਣ ਲਉ। ਟੌਹੜਾ ਸਾਹਿਬ ਨੇ ਰਕਮ ਦੀ ਅਦਾਇਗੀ ਵੀ ਰੁਕਵਾ ਦਿਤੀ ਤੇ ਅੱਗੋਂ ਲਈ ਪਰਚਾ ਖ਼ਰੀਦਣ ਦਾ ਆਰਡਰ ਵੀ ਰੱਦ ਕਰ ਦਿਤਾ। ਅਸੀ ਚੁਪਚਾਪ ਭਾਣਾ ਮੰਨ ਲਿਆ ਤੇ ਕੋਈ ਗਿਲਾ ਸ਼ਿਕਵਾ ਨਾ ਕੀਤਾ। ਹਾਂ ਪਿਛਲੀ ਸਪਲਾਈ ਬਦਲੇ ਬਣਦੀ ਰਕਮ (ਇਕ ਲੱਖ ਰੁਪਏ) ਲੈਣ ਲਈ ਕਾਫ਼ੀ ਦੇਰ ਚੱਕਰ ਕਟਦੇ ਰਹੇ ਪਰ ਜਿਵੇਂ ਕਿ ਮੈਂ ਉਪਰ ਦਸਿਆ ਹੈ, ਹਾਰ ਕੇ, ਉਹ ਰਕਮ ਵੀ 'ਵੱਟੇ ਖਾਤੇ' ਪਾ ਦਿਤੀ।

ਸ. ਅਜੀਤ ਸਿੰਘ ਸਰਹੱਦੀ ਦੇ ਭੋਗ ਤੇ ਟੌਹੜਾ ਸਾਹਿਬ, ਚੰਡੀਗੜ੍ਹ ਦੇ ਇਕ ਗੁਰਦਵਾਰੇ ਵਿਚ ਮਿਲੇ ਤਾਂ ਮੈਂ ਐਵੇਂ ਜਹੇ ਪੁਛ ਲਿਆ, ''ਟੌਹੜਾ ਸਾਹਿਬ ਤੁਸੀ ਤਾਂ ਮਤਾ ਪਾਸ ਕੀਤਾ ਸੀ ਕਿ ਸਪੋਕਸਮੈਨ ਸਿੱਖਾਂ ਦਾ ਅਕਸ ਠੀਕ ਕਰ ਰਿਹੈ, ਇਸ ਲਈ ਇਸ ਦੀਆਂ ਕਾਪੀਆਂ ਵਜ਼ੀਰਾਂ, ਐਮ.ਪੀਆਂ, ਐਮ.ਐਲ.ਏਜ਼, ਵੱਡੇ ਪੱਤਰਕਾਰਾਂ ਤੇ ਵਿਦੇਸ਼ੀ ਸਫ਼ੀਰਾਂ ਨੂੰ ਭੇਜੀਆਂ ਜਾਣ। ਪਰ ਇਕ ਸਾਲ ਬਾਅਦ ਹੀ ਤੁਸੀ ਅਪਣਾ ਹੁਕਮ ਰੱਦ ਕਰ ਦਿਤੈ। ਕੀ ਹੁਣ 'ਸਪੋਕਸਮੈਨ' ਨੇ ਸਿੱਖਾਂ ਦਾ ਅਕਸ ਖ਼ਰਾਬ ਕਰਨਾ ਸ਼ੁਰੂ ਕਰ ਦਿਤੈ?''

ਟੌਹੜਾ ਸਾਹਿਬ ਨੇ ਘੁੱਟ ਕੇ ਮੈਨੂੰ ਜੱਫੀ ਵਿਚ ਲਿਆ ਤੇ ਹੱਸ ਕੇ ਕਹਿਣ ਲੱਗੇ, ''ਨਹੀਂ, ਸਿੱਖਾਂ ਦਾ ਅਕਸ ਤਾਂ ਤੁਸੀ ਠੀਕ ਕਰੀ ਜਾ ਰਹੇ ਓ ਪਰ ਸਾਡਾ ਅਕਸ ਖ਼ਰਾਬ ਕਰਨਾ ਸ਼ੁਰੂ ਕਰ ਦਿਤੈ ਤੁਸੀ....''

ਹੋਇਆ ਇਹ ਸੀ ਕਿ ਜਿਥੇ ਅਸੀ ਸ਼੍ਰੋਮਣੀ ਕਮੇਟੀ ਦੀ ਤਾਰੀਫ਼ ਵਿਚ ਲੇਖ ਛਾਪੇ ਸਨ, ਉਥੇ ਇਕ ਲੇਖ ਵਿਚ ਸ਼੍ਰੋਮਣੀ ਕਮੇਟੀ ਅੰਦਰ ਪਨਪ ਰਹੀ ਕੁਰੱਪਸ਼ਨ ਦਾ ਜ਼ਿਕਰ ਵੀ ਕਰ ਦਿਤਾ ਸੀ। ਟੌਹੜਾ ਸਾਹਿਬ ਇਸ ਗੱਲ ਨੂੰ ਜਰ ਨਾ ਸਕੇ ਤੇ ਆਰਡਰ ਰੱਦ ਕਰ ਦਿਤਾ। ਮੈਂ ਕਿਹਾ, ''ਟੌਹੜਾ ਸਾਹਿਬ ਤੁਸੀ ਮਤਾ ਹੀ ਇਹ ਪਾਸ ਕਰਨਾ ਸੀ ਕਿ ਜਦ ਤਕ ਸਪੋਕਸਮੈਨ ਸਾਡਾ (ਲੀਡਰਾਂ ਦਾ) ਅਕਸ ਠੀਕ ਕਰਦਾ ਰਹੇਗਾ, ਇਹ ਪਰਚੇ ਖ਼ਰੀਦ ਕੇ ਵੰਡਣ ਵਾਲਾ ਹੁਕਮ ਜਾਰੀ ਰਹੇਗਾ ........।''

ਟੌਹੜਾ ਸਾਹਿਬ ਹੱਸ ਕੇ ਅੱਗੇ ਚਲ ਪਏ ਤੇ ਕੋਈ ਜਵਾਬ ਨਾ ਦਿਤਾ। ਹੁਣ ਅਗਲੀ ਗੱਲ ਧਰਮ ਪ੍ਰਚਾਰ ਕਮੇਟੀ ਦੇ ਇਕ ਸਤਿਕਾਰੇ ਹੋਏ ਮੈਂਬਰ ਦੀ ਦਸਣਾ ਚਾਹਵਾਂਗਾ। ਉਹ 'ਸਪੋਕਸਮੈਨ' ਦੇ ਬੜੇ ਪ੍ਰੇਮੀ ਸਨ ਤੇ ਅਕਸਰ ਸਾਡੇ ਦਫ਼ਤਰ ਆਉਂਦੇ ਰਹਿੰਦੇ ਸਨ। ਬੜੇ ਮੰਨੇ ਹੋਏ ਵਿਦਵਾਨ ਵੀ ਸਨ।  

ਮੈਂ ਉੁਨ੍ਹਾਂ ਨੂੰ ਟੌਹੜਾ ਸਾਹਿਬ ਦੇ ਨਵੇਂ ਹੁਕਮਾਂ ਬਾਰੇ ਤੇ ਉਨ੍ਹਾਂ ਨਾਲ ਹੋਈ ਗੱਲਬਾਤ ਬਾਰੇ ਵਾਰਤਾ ਸੁਣਾਈ। ਸੁਣ ਕੇ ਲੋਹੇ ਲਾਖੇ ਹੋ ਗਏ। ਕਹਿਣ ਲੱਗੇ, ''ਟੌਹੜਾ ਕੌਣ ਹੁੰਦੈ 'ਸਪੋਕਸਮੈਨ' ਬਾਰੇ ਧਰਮ ਪ੍ਰਚਾਰ ਕਮੇਟੀ ਦਾ ਫ਼ੈਸਲਾ ਰੱਦ ਕਰਨ ਵਾਲਾ? ਅਗਲੇ ਹਫ਼ਤੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਅਨੰਦਪੁਰ ਸਾਹਿਬ ਬੁਲਾਈ ਗਈ ਏ। ਮੈਨੂੰ ਵੀ ਟੈਲੀਫ਼ੋਨ ਆਏ ਨੇ। ਮੈਂ ਮੀਟਿੰਗ ਵਿਚ ਟੌਹੜੇ ਨਾਲ ਏਨੀ ਬੁਰੀ ਕਰਾਂਗਾ ਕਿ ਸਾਰੀ ਉਮਰ ਯਾਦ ਰੱਖੇਗਾ।''

ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਜਥੇਦਾਰ ਟੌਹੜਾ ਕੋਲ ਜਾਂ ਧਰਮ ਪ੍ਰਚਾਰ ਕਮੇਟੀ ਵਿਚ ਮਾਮਲਾ ਨਾ ਉਠਾਉਣ ਕਿਉਂਕਿ ਅੱਗੇ ਵੀ ਉਨ੍ਹਾਂ ਆਪੇ ਆਰਡਰ ਦਿਤਾ ਸੀ, ਮੈਂ ਨਹੀਂ ਸੀ ਮੰਗਿਆ ਤੇ ਹੁਣ ਵੀ ਮੈਂ ਨਹੀਂ ਕੁੱਝ ਮੰਗਣਾ ਚਾਹੁੰਦਾ, ਨਾ ਪ੍ਰੋਟੈਸਟ ਹੀ ਕਰਨਾ ਚਾਹੁੰਦਾ ਹਾਂ।''

ਕਹਿਣ ਲੱਗੇ, ''ਵੱਡੇ ਵੱਡੇ ਲੋਕਾਂ ਤਕ ਸਪੋਕਸਮੈਨ ਪਹੁੰਚਾਣਾ ਕੋਈ ਤੁਹਾਡੇ ਨਾਲ ਰਿਆਇਤ ਕਰਨਾ ਤਾਂ ਨਹੀਂ ਕਿਹਾ ਜਾ ਸਕਦਾ। ਇਹ ਤਾਂ ਸਿੱਖਾਂ ਦੇ ਭਲੇ ਦੀ ਗੱਲ ਹੈ ਕਿ ਉਨ੍ਹਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਸੱਚ ਪਤਾ ਲੱਗੇ। ਮੈਨੂੰ ਭਾਵੇਂ ਟੌਹੜੇ ਦੀ ਬਾਂਹ ਮਰੋੜ ਕੇ, ਉਸ ਦੇ ਦਸਤਖ਼ਤ ਕਰਵਾਣੇ ਪੈਣ, ਮੈਂ ਕਰਵਾ ਕੇ ਰਹਾਂਗਾ ਤੇ ਟੌਹੜੇ ਨੂੰ ਸ਼ਰਮ ਨਾਲ ਪਾਣੀਉਂ ਪਾਣੀ ਕਰ ਕੇ ਛੱਡਾਂਗਾ ਕਿ ਉਸ ਨੇ 'ਸਪੋਕਸਮੈਨ' ਵਰਗੇ ਪਰਚੇ ਨਾਲ ਜ਼ਿਆਦਤੀ ਕਰਨ ਦੀ ਹਿੰਮਤ ਕਿਵੇਂ ਕੀਤੀ?''

ਮੈਂ ਚੁੱਪ ਰਿਹਾ। ਮੀਟਿੰਗ ਹੋ ਗਈ। ਹਫ਼ਤਾ ਬੀਤ ਗਿਆ। ਧਰਮ ਪ੍ਰਚਾਰ ਕਮੇਟੀ ਦੇ ਉਹ ਮੈਂਬਰ ਨਾ ਮੇਰੇ ਕੋਲ ਆਏ, ਨਾ ਟੈਲੀਫ਼ੋਨ ਹੀ ਕੀਤਾ। ਮੈਂ ਸੋਚਿਆ ਮੈਂ ਆਪ ਹੀ ਟੈਲੀਫ਼ੋਨ ਕਰ ਲਵਾਂ ਤੇ ਪੁੱਛਾਂ ਤਾਂ ਸਹੀ ਕਿ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਹੋਇਆ ਕੀ ਸੀ?
ਮੈਂ ਟੈਲੀਫ਼ੋਨ ਕਰ ਕੇ ਪੁਛਿਆ, ''ਸਿੰਘ ਸਾਹਿਬ, ਕੈਸੀ ਰਹੀ ਤੁਹਾਡੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ?''

ਬੋਲੇ, ''ਬਹੁਤ ਵਧੀਆ ਰਹੀ ਜੀ। ਬੜਾ ਮੇਰਾ ਸਤਿਕਾਰ ਕੀਤਾ ਉਹਨਾਂ ਨੇ। ਪਹਿਲਾਂ ਉਨ੍ਹਾਂ ਮੈਨੂੰ ਲੈਣ ਲਈ ਕਾਰ ਮੇਰੇ ਘਰ ਭੇਜੀ। ਅਨੰਦਪੁਰ ਸਾਹਿਬ, ਮੇਰੇ ਕੋਲੋਂ ਉਪਰ ਚੜ੍ਹਾਈ ਚੜ੍ਹਨ ਨਾ ਹੋਵੇ। ਚਾਰ ਸੇਵਾਦਾਰ ਆਏ ਤੇ ਮੈਨੂੰ ਚੁਕ ਕੇ ਦਫ਼ਤਰ ਵਿਚ ਲੈ ਗਏ। ਬਹੁਤ ਹੀ ਸਤਿਕਾਰ ਕੀਤਾ ਜੀ ਮੇਰਾ ਤਾਂ। ਫਿਰ ਕਾਰ ਮੈਨੂੰ ਘਰ ਵੀ ਛੱਡ ਕੇ ਗਈ। ਇਸ ਵਾਰ ਤਾਂ ਜੀ ਕਮਾਲ ਕਰ ਦਿਤੀ ਉਨ੍ਹਾਂ ਮੇਰਾ ਸਤਿਕਾਰ ਕਰਨ ਵਿਚ।''
ਵਾਰ ਵਾਰ ਉਹ ਅਪਣੇ ਸਤਿਕਾਰ ਦੀ ਹੀ ਗੱਲ ਕਰੀ ਜਾਣ।  ਮੈਂ ਟੋਕ ਕੇ ਪੁਛਿਆ, ''ਮੀਟਿੰਗ ਵਿਚ ਕੀ ਹੋਇਆ?''

ਬੋਲੇ, ''ਮੀਟਿੰਗ ਵਿਚ ਵੀ ਉਨ੍ਹਾਂ ਮੇਰਾ ਬੜਾ ਸਤਿਕਾਰ ਕੀਤਾ। ਉਨ੍ਹਾਂ ਮੇਰੀਆਂ ਚਾਰ ਕਿਤਾਬਾਂ ਦਾ ਖ਼ਰਚਾ ਤੁਰਤ ਪਾਸ ਕਰ ਕੇ ਤੇ ਪੰਜਾਂ ਮਿੰਟਾਂ ਵਿਚ ਚੈੱਕ ਮੇਰੇ ਹੱਥ ਫੜਾ ਦਿਤਾ। ਕੁੱਝ ਮੰਗਣ ਦਾ ਮੌਕਾ ਹੀ ਮੈਨੂੰ ਉਨ੍ਹਾਂ ਨਾ ਦਿਤਾ। ਬੜਾ ਸਤਿਕਾਰ ਕੀਤਾ ਜੀ ਮੇਰਾ।''
'ਸਪੋਕਸਮੈਨ' ਬਾਰੇ ਉਹ ਕੋਈ ਗੱਲ ਹੀ ਨਾ ਦੱਸਣ। ਅਪਣੇ 'ਸਤਿਕਾਰ' ਦੀ ਰੱਟ ਹੀ ਲਾਈ ਜਾਣ। ਮੈਂ ਆਪ ਹੀ ਅਖ਼ੀਰ ਪੁੱਛ ਲਿਆ ਕਿ ਉਨ੍ਹਾਂ 'ਸਪੋਕਸਮੈਨ' ਬਾਰੇ ਵੀ ਕੋਈ ਗੱਲ ਕੀਤੀ ਸੀ? ਕੁੱਝ ਸੋਚ ਕੇ ਬੋਲੇ, ''ਓ ਹਾਂ ਹਾਂ, ਹੋਈ ਸੀ। ਮੈਂ ਗੱਲ ਸ਼ੁਰੂ ਹੀ ਕੀਤੀ ਸੀ ਕਿ ਟੌਹੜਾ ਸਾਹਿਬ ਬੋਲੇ, ''ਕੋਈ ਨਾ, ਇਸ ਬਾਰੇ ਅਗਲੀ ਮੀਟਿੰਗ ਵਿਚ ਵਿਚਾਰ ਲਵਾਂਗੇ। ਇਸ ਵਾਰ ਤੁਹਾਡਾ ਕੇਸ ਤਾਂ ਨਿਪਟਾ ਲਈਏ ...........।''

ਸੋ ਇਹ ਹੈ ਹਾਲ ਸਾਡੀ ਧਰਮ ਪ੍ਰਚਾਰ ਕਮੇਟੀ ਦਾ ਤੇ ਉਸ ਵਿਚ ਬੈਠੇ ਸਾਡੇ ਕਈ ਸਤਿਕਾਰ ਯੋਗ ਮੈਂਬਰਾਂ ਦਾ। ਬਹੁਤੇ ਮੈਂਬਰ ਅਪਣੀ ਅਪਣੀ ਮੰਗ ਲੈ ਕੇ ਗਏ ਹੁੰਦੇ ਹਨ। ਧਰਮ ਪ੍ਰਚਾਰ ਵਿਚ ਕਿਸੇ ਨੂੰ ਘੱਟ ਹੀ ਦਿਲਚਸਪੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਸਿਆਸੀ ਕਰਤਾ ਧਰਤਾ ਵੀ ਸਮਝਦੇ ਹਨ ਕਿ ਮੈਂਬਰਾਂ ਦੀਆਂ ਮੰਗਾਂ ਮੰਨੀ ਜਾਉ ਤੇ ਉੁਨ੍ਹਾਂ ਨੂੰ ਚੈੱਕ ਫੜਾਂਦੇ ਜਾਉ, ਬਹੁਤੇ ਤਾਂ ਕੌਮ ਦੀ ਜਾਂ ਧਰਮ ਦੀ ਗੱਲ ਵੀ ਨਹੀਂ ਕਰਨਗੇ। ਇਕ ਖੇਤੀ ਬਾੜੀ ਦੇ ਮਾਹਰ ਨੂੰ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਬਣਾ ਕੇ, ਸਿੱਖ ਇਤਿਹਾਸ ਲਿਖਣ ਦਾ ਕੰਮ ਉਸ ਨੂੰ ਸੌਂਪ ਦਿਤਾ ਗਿਆ ਤੇ ਵੱਡੀ ਰਕਮ ਉਸ ਦੇ ਹਵਾਲੇ ਕਰ ਦਿਤੀ ਗਈ। ਜੋ ਨਤੀਜਾ ਨਿਕਲਿਆ, ਉਹ ਸੱਭ ਦੇ ਸਾਹਮਣੇ ਹੈ।

ਧਰਮ ਪ੍ਰਚਾਰ ਕਮੇਟੀ ਦੇ ਇਕ ਹੋਰ ਉਘੇ ਮੈਂਬਰ ਗਿ. ਗੁਰਦਿਤ ਸਿੰਘ ਮੇਰੇ ਘਰ ਆਏ ਤਾਂ ਮੈਂ ਉਨ੍ਹਾਂ ਕੋਲ ਗਿਲਾ ਕੀਤਾ ਕਿ ਮੇਰੇ ਵਿਰੁਧ ਪੁਜਾਰੀਆਂ ਨੂੰ ਕੀਤੀ ਗਈ ਸਿਫ਼ਾਰਸ਼ 'ਤੇ ਉਨ੍ਹਾਂ ਨੇ ਵੀ ਦਸਤਖ਼ਤ ਕੀਤੇ ਸਨ। ਉਹ ਕਹਿਣ ਲੱਗੇ, ''ਨਾ ਮੈਂ ਉਸ ਮੀਟਿੰਗ ਵਿਚ ਗਿਆ ਸੀ, ਨਾ ਕੋਈ ਦਸਤਖ਼ਤ ਹੀ ਕੀਤੇ ਸਨ। ਪਰ ਤੁਹਾਨੂੰ ਪਤਾ ਈ ਹੈ, ਉਹ ਜਦ ਵੀ ਕੋਈ ਪੈਸਾ ਸਾਨੂੰ ਦੇਂਦੇ ਹਨ ਤਾਂ ਉਸੇ ਸਮੇਂ ਪੰਜ ਸੱਤ ਥਾਵਾਂ 'ਤੇ ਦਸਤਖ਼ਤ ਵੀ ਕਰਵਾ ਲੈਂਦੇ ਨੇ ਤੇ ਕਾਹਲੀ ਦਾ ਬਹਾਨਾ ਪਾ ਕੇ, ''ਕਾਰਵਾਈ ਬਾਅਦ ਵਿਚ ਲਿਖ ਲਵਾਂਗੇ'' ਕਹਿ ਕੇਂਦੇ ਨੇ। ਮੇਰੇ ਵੀ ਕੋਈ ਇਸ ਤਰ੍ਹਾਂ ਦੇ ਦਸਤਖ਼ਤ ਵਰਤ ਲਏ ਹੋਣੇ ਨੇ ਉਹਨਾਂ।''

ਲਛਮਣ ਚੇਲਾ ਰਾਮ ਤੋਂ ਲੈ ਕੇ, ਗਿ. ਜਗਮੋਹਣ ਸਿੰਘ ਤਕ ਏਨੇ ਲੋਕਾਂ ਨੇ ਮੈਨੂੰ ਧਰਮ ਪ੍ਰਚਾਰ ਕਮੇਟੀ ਬਾਰੇ ਅਪਣੇ ਤਜਰਬੇ ਸੁਣਾਏ ਹਨ ਕਿ ਸਾਰਿਆਂ ਨੂੰ ਲਿਖਣ ਬੈਠਾਂ ਤਾਂ ਗ੍ਰੰਥ ਤਿਆਰ ਹੋ ਜਾਏ। ਇਸ ਸੱਭ ਦਾ ਨਤੀਜਾ ਇਹ ਹੁੰਦਾ ਹੈ ਕਿ ਤਿੰਨ ਘੰਟਿਆਂ ਵਿਚ 375 ਮਤੇ ਪਾਸ ਹੋ ਜਾਂਦੇ ਨੇ, ਆਪਸ ਵਿਚ ਪੈਸੇ ਵੰਡਣ ਦੀ ਕਾਰਵਾਈ ਚਲਦੀ ਰਹਿੰਦੀ ਹੈ ਤੇ ਧਰਮ ਪ੍ਰਚਾਰ? - ਉਸ ਦਾ ਤਾਂ ਨਾਂ ਹੀ ਨਾ ਲਉ।

ਕਾਹਦਾ ਧਰਮ ਪ੍ਰਚਾਰ? ਧਰਮ ਤਾਂ ਬਸ ਓਹਲੇ ਵਾਂਗ ਵਰਤਣ ਵਾਲੀ ਚੀਜ਼ ਰਹਿ ਗਈ ਹੈ ਉਥੇ। ਕੀਤਾ ਸੱਭ ਕੁੱਝ ਉਹ ਜਾਂਦਾ ਹੈ ਜਿਸ ਤੋਂ ਨਿਜ ਨੂੰ ਕੋਈ ਲਾਭ ਹੋ ਸਕੇ। ਸਿਆਸਤਦਾਨਾਂ ਦੇ ਇਸ਼ਾਰਿਆਂ 'ਤੇ ਚਲਣ ਵਾਲੇ 'ਜਥੇਦਾਰ' ਹੋਣ, ਭਾਵੇਂ ਧਰਮ ਪ੍ਰਚਾਰ ਕਮੇਟੀਆਂ ਜਾਂ ਕੁੱਝ ਹੋਰ, ਸੱਭ ਨੇ 'ਖਸਮ ਕੀ ਬਾਣੀ' ਅਨੁਸਾਰ ਹੀ ਚਲਣਾ ਹੈ। ਬਾਬੇ ਨਾਨਕ ਦਾ 'ਖਸਮ' (ਮਾਲਕ) ਅਕਾਲ ਪੁਰਖ ਸੀ ਤਾਂ ਉਹ ਅਕਾਲ ਪੁਰਖ ਦੇ ਹੁਕਮ ਮੁਤਾਬਕ ਹੀ ਸੱਚ ਬੋਲਦੇ ਗਏ। ਅੱਜ ਦੇ 'ਜਥੇਦਾਰਾਂ' ਅਤੇ 'ਧਰਮ ਪ੍ਰਚਾਰਕਾਂ' ਦੇ ਖਸਮ (ਮਾਲਕ) ਕਿਉਂਕਿ ਸਿਆਸਤਦਾਨ ਹਨ, ਇਸ ਲਈ ਇਨ੍ਹਾਂ ਨੇ ਉੁਨ੍ਹਾਂ ਦੇ ਇਸ਼ਾਰਿਆਂ 'ਤੇ ਹੀ ਚਲਣਾ ਹੈ।  
-ਜੋਗਿੰਦਰ ਸਿੰਘ