ਕਾਂਗਰਸੀ ਵਜ਼ੀਰਾਂ ਨੇ ਅਕਾਲੀ ਵਜ਼ੀਰਾਂ ਦੇ ਉਲਟ, ਹਰ ਚੰਗੀ ਚੀਜ਼ ਵਿਚ ਦਿਲਚਸਪੀ ਵਿਖਾਈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਇਕ ਅਕਾਲੀ-ਪ੍ਰੇਮੀ ਪ੍ਰਵਾਰ ਵਿਚ ਪੈਦਾ ਹੋਇਆ ਸੀ ਤੇ ਬਚਪਨ ਤੋਂ ਜਵਾਨੀ ਤਕ ਅਕਾਲੀਆਂ ਦੇ ਪ੍ਰਸ਼ੰਸਕ ਵਜੋਂ ਹੀ ਵੱਡਾ ਹੋਇਆ ਸੀ।

Parkash Badal, Gurmukh Singh Musafir, Giani Zail Singh

ਮੈਂ ਇਕ ਅਕਾਲੀ-ਪ੍ਰੇਮੀ ਪ੍ਰਵਾਰ ਵਿਚ ਪੈਦਾ ਹੋਇਆ ਸੀ ਤੇ ਬਚਪਨ ਤੋਂ ਜਵਾਨੀ ਤਕ ਅਕਾਲੀਆਂ ਦੇ ਪ੍ਰਸ਼ੰਸਕ ਵਜੋਂ ਹੀ ਵੱਡਾ ਹੋਇਆ ਸੀ। ਵੱਡੇ ਅਕਾਲੀ ਆਗੂਆਂ ਨੂੰ ਮਿਲਣ ਦਾ ਕੋਈ ਮੌਕਾ ਵੀ ਹੱਥੋਂ ਨਹੀਂ ਸੀ ਜਾਣ ਦੇਂਦਾ। ਪਰ ਜਦ ਮੈਂ ਵਿਆਹ ਤੋਂ ਬਾਅਦ ਪੱਤਰਕਾਰੀ ਦੇ ਕਿੱਤੇ ਵਿਚ ਬਤੌਰ ਐਡੀਟਰ ਦਾਖ਼ਲ ਹੋਇਆ ਤਾਂ ਮੈਨੂੰ ਲੱਗਾ ਕਿ ਉਹ 'ਅਕਾਲੀ' ਕੋਈ ਹੋਰ ਸਨ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਵੇਖਦਾ, ਸੁਣਦਾ ਤੇ ਮਿਲਦਾ ਆਇਆ ਸੀ।

'ਅਕਾਲੀ ਵਜ਼ੀਰ' ਤਾਂ ਸਿੱਖ ਸੰਸਾਰ ਦੇ ਨਹੀਂ, ਕਿਸੇ ਹੋਰ ਹੀ ਦੁਨੀਆਂ ਦੇ ਬਾਸ਼ਿੰਦੇ ਲਗਦੇ ਸਨ। ਪਹਿਲੇ ਅਕਾਲੀ ਵਜ਼ੀਰ ਨੂੰ ਮਿਲਣ ਦਾ ਕਾਰਨ ਇਹ ਬਣਿਆ ਕਿ ਇਕ ਜੱਜ ਨੇ ਮੈਨੂੰ ਕਿਹਾ ਕਿ ''ਚੋਣਾਂ ਵਿਚ ਉਸ ਵਜ਼ੀਰ ਨੂੰ ਜਿਤਾਉਣ ਵਿਚ ਮੈਂ ਬੜੀ ਮਦਦ ਕੀਤੀ ਸੀ। ਉਸ ਕੋਲ ਮੇਰਾ ਨਾਂ ਹੀ ਲੈ ਦਿਉਗੇ ਤਾਂ ਵੇਖਣਾ ਉਹ ਕਿਵੇਂ ਤੁਹਾਡੀ ਮਦਦ ਲਈ ਭੱਜ ਉਠਦਾ ਹੈ।'' ਮੈਂ ਉਸ ਵਜ਼ੀਰ ਨੂੰ ਮਿਲਿਆ ਤੇ ਅਪਣਾ ਮੈਗਜ਼ੀਨ ਭੇਂਟ ਕੀਤਾ। ਉਨ੍ਹਾਂ ਨੇ ਵਰਕੇ ਫਰੋਲੇ ਤੇ ਉਸ ਵਿਚ ਜਦ ਉਨ੍ਹਾਂ ਨੂੰ ਅਪਣੀ ਫ਼ੋਟੋ ਛਪੀ ਹੋਈ ਨਾ ਲੱਭੀ ਤਾਂ ਨਿਰਾਸ਼ ਜਹੇ ਹੋ ਕੇ ਬੋਲੇ, ''ਬਹੁਤ ਚੰਗਾ ਹੈ।''

ਫਿਰ ਉਨ੍ਹਾਂ ਜੇਬ ਵਿਚੋਂ ਬਟੂਆ ਕਢਿਆ ਤੇ ਪੰਜ ਰੁਪਏ ਕੱਢ ਕੇ ਮੇਰੇ ਅੱਗੇ ਕਰ ਦਿਤੇ। ਮੈਂ ਕਿਹਾ, ''ਨਹੀਂ ਨਹੀਂ, ਇਹ ਕੀ ਕਰ ਰਹੇ ਹੋ? ਮੈਂ ਪੈਸੇ ਨਹੀਂ ਲੈਂਦਾ...।''
ਵਜ਼ੀਰ ਸਾਹਿਬ ਬੋਲੇ, ''ਹੁਣ ਤੁਸੀ ਜੱਜ ਸਾਹਬ ਦੇ ਮਿੱਤਰ ਹੋ ਤੇ ਉਨ੍ਹਾਂ ਦਾ ਨਾਂ ਲੈ ਕੇ ਮੇਰੇ ਕੋਲ ਆਏ ਹੋ ਤਾਂ ਮੈਂ ਤੁਹਾਨੂੰ ਖ਼ਾਲੀ ਹੱਥ ਤਾਂ ਨਹੀਂ ਨਾ ਭੇਜ ਸਕਦਾ। ਰੱਖ ਲਉ ਪੰਜ ਰੁਪਏ...।'' ਮੈਂ ਹੈਰਾਨ ਪ੍ਰੇਸ਼ਾਨ ਹੋਈ ਖੜਾ ਸੀ ਜਦ ਵਜ਼ੀਰ ਸਾਹਿਬ ਦਾ ਪੀ.ਏ. ਦੌੜਦਾ ਹੋਇਆ ਆਇਆ ਤੇ ਬੋਲਿਆ, ''ਨਹੀਂ ਵਜ਼ੀਰ ਸਾਹਿਬ, ਇਨ੍ਹਾਂ ਨੂੰ ਰੁਪਏ ਨਹੀਂ ਦੇਣੇ। ਜੱਜ ਸਾਹਿਬ ਦਾ ਫ਼ੋਨ ਮੈਨੂੰ ਆਇਆ ਸੀ, ਮੈਂ ਬਾਅਦ ਵਿਚ ਤੁਹਾਨੂੰ ਦੱਸਾਂਗਾ, ਹੁਣ ਰਹਿਣ ਦਿਉ।''

ਵਜ਼ੀਰ ਸਾਹਿਬ ਨੇ, ''ਅੱਛਾ... ਪਰ ਚੰਗਾ ਤਾਂ ਨਹੀਂ ਲੱਗ ਰਿਹਾ ਇਨ੍ਹਾਂ ਨੂੰ ਖ਼ਾਲੀ ਹੱਥ ਭੇਜਦਿਆਂ...,'' ਕਹਿ ਕੇ ਪੰਜ ਦਾ ਨੋਟ ਬਟੂਏ ਵਿਚ ਪਾ ਲਿਆ ਤੇ ਹੱਥ ਜੋੜ ਦਿਤੇ।
ਪੀ.ਏ. ਮੈਨੂੰ ਛੱਡਣ ਲਈ ਬਾਹਰ ਤਕ ਆਇਆ ਤੇ ਵਾਰ ਵਾਰ ਮਾਫ਼ੀਆਂ ਮੰਗਦਾ ਕਹਿ ਰਿਹਾ ਸੀ, ''ਗ਼ਲਤੀ ਮੇਰੀ ਏ ਜੀ, ਇਹ ਮਨਿਸਟਰ ਤਾਂ ਐਵੇਂ ਬੁੱਗ ਜਹੇ ਹੀ ਹੁੰਦੇ ਨੇ, ਨਿਰੇ ਅਕਲੋਂ ਖ਼ਾਲੀ। ਇਨ੍ਹਾਂ ਨੂੰ ਪਹਿਲਾਂ ਸਮਝਾਣਾ ਪੈਂਦੈ ਪਰ ਮੈਂ ਵੇਲੇ ਸਿਰ ਆ ਕੇ ਵਜ਼ੀਰ ਨੂੰ ਜੱਜ ਸਾਹਿਬ ਦਾ ਸੁਨੇਹਾ ਨਾ ਦੇ ਸਕਿਆ। ਤੁਸੀ ਮੇਰੇ ਤੋਂ ਪਹਿਲਾਂ ਆ ਗਏ। ਮੈਨੂੰ ਮਾਫ਼ ਕਰ ਦੇਣਾ ਜੀ, ਗ਼ਲਤੀ ਮੇਰੀ ਏ...।''

ਉਸ ਤੋਂ ਬਾਅਦ 'ਸਿਆਣੇ' ਅਕਾਲੀ ਵਜ਼ੀਰਾਂ ਨੂੰ ਵੀ ਮਿਲਿਆ ਪਰ ਕਿਸੇ ਵਿਚੋਂ ਉਹ 'ਅਕਾਲੀ' ਨਜ਼ਰ ਨਾ ਆਇਆ ਜਿਸ ਨੂੰ ਮੈਂ ਬਚਪਨ ਤੋਂ ਵੇਖਦਾ ਸੁਣਦਾ ਆ ਰਿਹਾ ਸੀ। ਫਿਰ ਅਖ਼ਬਾਰਾਂ ਵਾਲਿਆਂ ਨੂੰ ਲੱਖਾਂ ਤੇ ਕਰੋੜਾਂ ਦੇਣ ਲਈ ਤਿਆਰ ਹੋ ਕੇ ਆਉਣ ਵਾਲੇ 'ਅਕਾਲੀ ਵਜ਼ੀਰਾਂ' ਦੇ ਦਰਸ਼ਨ ਵੀ ਹੋਏ ਪਰ ਨਾ ਉਨ੍ਹਾਂ ਅੰਦਰ ਪੰਜਾਬੀ ਲਈ ਪਿਆਰ ਦਿਸਿਆ, ਨਾ ਸਿੱਖੀ ਲਈ¸ਅਸੂਲਾਂ ਪ੍ਰਤੀ ਲਗਾਉ ਦੀ ਤਾਂ ਗੱਲ ਨਾ ਹੀ ਕਰੀਏ ਤਾਂ ਠੀਕ ਰਹੇਗਾ।

ਕਈ ਵਾਰ ਸੋਚਦਾ ਹਾਂ, ਜਿਸ ਅਕਾਲੀ ਦੀ 'ਅਕਾਲੀਅਤ', ਇਨਸਾਨੀਅਤ ਤੇ ਅਸੂਲ-ਪ੍ਰਸਤੀ ਵੇਖਣੀ ਹੋਵੇ, ਉਸ ਨੂੰ ਵਜ਼ੀਰ ਜਾਂ 'ਹਾਕਮ' ਕਦੇ ਨਹੀਂ ਬਣਨ ਦੇਣਾ ਚਾਹੀਦਾ। ਉਸ ਨੂੰ 'ਵਿਰੋਧੀ ਧਿਰ' ਵਾਲਾ ਰੋਲ ਹੀ ਦਿਤਾ ਜਾਣਾ ਚਾਹੀਦਾ ਹੈ। ਇਸ ਰੋਲ ਵਿਚ ਉਹ ਜਿੰਨਾ ਚੰਗਾ ਨਾਂ ਖਟਦਾ ਹੈ, ਉਸ ਤੋਂ ਕਈ ਗੁਣਾਂ ਮਾੜਾ ਨਾਂ ਉਹ ਵਜ਼ੀਰ ਬਣ ਕੇ ਗਵਾ ਲੈਂਦਾ ਹੈ। ਅਕਾਲੀਆਂ ਦਾ ਰਾਜ ਖ਼ਤਮ ਹੋਇਆ ਤੇ ਗਿਆਨੀ ਜ਼ੈਲ ਸਿੰਘ ਦਾ 'ਕਾਂਗਰਸੀ' ਰਾਜ ਆ ਗਿਆ ਤਾਂ ਪਹਿਲੀ ਵਾਰ ਪਤਾ ਲੱਗਾ ਕਿ ਵਜ਼ੀਰ ਵੀ ਸਿੱਖੀ ਦੀ, ਪੰਜਾਬੀ ਦੀ ਗੱਲ ਕਰਦੇ ਹਨ ਜਾਂ ਤੁਹਾਡੀ ਲਿਖਤ ਨੂੰ ਪੜ੍ਹਦੇ ਤੇ ਉਸ ਦੀ ਕਦਰ ਕਰਦੇ ਹਨ ਤੇ ਤੁਹਾਡੇ ਪਰਚੇ ਵਿਚ ਛਪੀ ਹੋਈ ਅਪਣੀ 'ਫ਼ੋਟੋ' ਵੇਖਣ ਲਈ ਹੀ ਪਰਚਾ ਨਹੀਂ ਖੋਲ੍ਹਦੇ।

ਅਕਾਲੀ ਵਜ਼ੀਰਾਂ ਨੂੰ ਮਿਲਣ ਮਗਰੋਂ ਮੈਂ ਤਾਂ ਫ਼ੈਸਲਾ ਕਰ ਲਿਆ ਸੀ ਕਿ ਕਦੇ ਕਿਸੇ ਵਜ਼ੀਰ ਨੂੰ ਨਹੀਂ ਮਿਲਾਂਗਾ। ਸੋ ਮੈਂ ਗਿਆਨੀ ਜੀ ਨੂੰ ਮਿਲਣ ਲਈ ਵੀ ਕਦੇ ਨਾ ਗਿਆ ਹਾਲਾਂਕਿ ਮਿਲਣ ਆਏ ਪੱਤਰਕਾਰਾਂ ਨੂੰ ਉਹ ਬੜੇ ਪਿਆਰ ਤੇ ਸਤਿਕਾਰ ਨਾਲ ਮਿਲਿਆ ਕਰਦੇ ਸਨ। ਮੈਂ ਉਦੋਂ ਹਰ ਸਮਾਗਮ ਵਿਚ ਜਾਂਦਾ ਹੁੰਦਾ ਸੀ ਤੇ ਅਖ਼ੀਰਲੀ ਕਤਾਰ ਦੀਆਂ ਕੁਰਸੀਆਂ ਤੇ ਬੈਠ ਕੇ ਸਮਾਗਮ ਦੀ ਕਰਵਾਈ ਸੁਣਦਾ ਹੁੰਦਾ ਸੀ।

ਸਮਾਗਮ ਦੀ ਸਮਾਪਤੀ ਉਤੇ ਗਿਆਨੀ ਜ਼ੈਲ ਸਿੰਘ ਅਰਥਾਤ ਮੁੱਖ ਮੰਤਰੀ ਜੀ ਮੇਰੇ ਵਲ ਸਿੱਧੇ ਆ ਜਾਇਆ ਕਰਦੇ ਤੇ ਕਹਿੰਦੇ, ''ਜੋਗਿੰਦਰ ਜੀ, ਤੁਹਾਡਾ ਫ਼ਲਾਣਾ ਲੇਖ ਬਹੁਤ ਸ਼ਾਨਦਾਰ ਸੀ। ਮੈਨੂੰ ਵੀ ਕਈ ਗੱਲਾਂ ਪਹਿਲੀ ਵਾਰ ਪਤਾ ਲਗੀਆਂ ਪਰ ਫ਼ਲਾਣਾ ਲੇਖ ਲਿਖਣ ਤੋਂ ਪਹਿਲਾਂ ਮੈਨੂੰ ਮਿਲ ਲੈਂਦੇ ਤਾਂ ਕਈ ਗੱਲਾਂ ਮੈਂ ਤੁਹਾਨੂੰ ਦਸ ਦੇਂਦਾ ਜਿਸ ਨਾਲ ਤੁਹਾਡਾ ਲੇਖ ਹੋਰ ਵੀ ਦਿਲਚਸਪ ਬਣ ਜਾਂਦਾ।''

ਮੈਂ ਵੀ ਹੈਰਾਨ ਹੁੰਦਾ ਸੀ ਕਿ 'ਅਕਾਲੀ ਵਜ਼ੀਰਾਂ' ਦੇ ਮੁਕਾਬਲੇ ਇਹ ਕਿਹੋ ਜਿਹਾ ਮੁੱਖ ਮੰਤਰੀ ਹੈ ਜੋ ਮੇਰਾ ਪਰਚਾ ਅੱਖਰ ਅੱਖਰ ਪੜ੍ਹਦਾ ਹੈ ਤੇ ਆਪ ਮੇਰੇ ਕੋਲ ਆ ਕੇ ਅਪਣੇ ਵਿਚਾਰ ਵੀ ਸਾਂਝੇ ਕਰਦਾ ਹੈ। ਇਹ ਇਕ ਵਾਰ ਦੀ ਗੱਲ ਨਹੀਂ, ਵਾਰ ਵਾਰ ਅਜਿਹਾ ਹੁੰਦਾ ਰਿਹਾ। ਉਥੇ ਮੌਜੂਦ ਲੋਕਾਂ ਨੂੰ ਲਗਦਾ ਕਿ ਮੈਂ ਗਿ: ਜ਼ੈਲ ਸਿੰਘ ਦਾ ਕੋਈ ਰਿਸ਼ਤੇਦਾਰ ਹਾਂ ਜਾਂ ਬਹੁਤ ਨਿਕਟ-ਵਰਤੀ ਹਾਂ। ਉਹ ਵੀ ਹੈਰਾਨ ਹੋ ਜਾਂਦੇ ਜਦ ਮੈਂ ਉਨ੍ਹਾਂ ਨੂੰ ਦਸਦਾ ਕਿ ਮੈਂ ਤਾਂ ਮੁੱਖ ਮੰਤਰੀ ਨੂੰ ਕਦੇ ਉਨ੍ਹਾਂ ਦੇ ਘਰ ਜਾਂ ਦਫ਼ਤਰ ਵਿਚ ਜਾ ਕੇ ਮਿਲਿਆ ਵੀ ਨਹੀਂ। ਸਮਾਗਮਾਂ ਦੌਰਾਨ ਗਿਆਨੀ ਜੀ ਆਪ ਮੈਨੂੰ ਦੂਰੋਂ ਵੇਖ ਕੇ ਮੇਰੀਆਂ ਲਿਖਤਾਂ ਬਾਰੇ ਗੱਲ ਕਰਨ ਆ ਜਾਂਦੇ ਸਨ ਤੇ ਮੈਨੂੰ ਵੀ ਹੈਰਾਨੀ ਵਿਚ ਪਾ ਜਾਂਦੇ ਸਨ।

ਇਕ ਦਿਨ ਮੇਰੇ ਸ਼ਰਮਾਕਲ ਤੇ ਫ਼ਕੀਰੀ ਵਾਲੇ ਸੁਭਾਅ ਨੂੰ ਸਮਝ ਕੇ ਆਪ ਹੀ, ਇਕ ਸਮਾਗਮ ਮਗਰੋਂ, ਮੇਰੀ ਕੁਰਸੀ ਨੇੜੇ ਆ ਕੇ ਮੈਨੂੰ ਮੋਢਿਆਂ ਤੋਂ ਫੜ ਕੇ ਬੋਲੇ, ''ਜੋਗਿੰਦਰ ਜੀ, ਤੁਸੀ ਪਰਚਾ ਤਾਂ ਬਹੁਤ ਵਧੀਆ ਕਢਦੇ ਹੋ ਪਰ ਖ਼ਰਚਾ ਕਿਥੋਂ ਪੂਰਾ ਕਰਦੇ ਹੋ? ਤੁਹਾਡੇ ਪਰਚੇ ਵਿਚ ਸਰਕਾਰੀ ਇਸ਼ਤਿਹਾਰ ਤਾਂ ਹੁੰਦੇ ਨਹੀਂ। ਇਕ ਦਿਨ ਸਮਾਂ ਕੱਢ ਕੇ ਮੇਰੇ ਕੋਲ ਆ ਜਾਉ। ਮੈਂ ਸਾਰੇ ਅਫ਼ਸਰਾਂ ਨੂੰ ਬੁਲਾ ਕੇ ਤੁਹਾਡੇ ਸਾਹਮਣੇ ਆਰਡਰ ਕਰ ਦਿਆਂਗਾ ਕਿ ਸਾਰੇ ਇਸ਼ਤਿਹਾਰ 'ਪੰਜ ਪਾਣੀ' ਨੂੰ ਸੱਭ ਤੋਂ ਪਹਿਲਾਂ ਦਿਆ ਕਰਨ।''

ਮੈਂ ਫਿਰ ਵੀ ਨਾ ਗਿਆ। ਅਗਲੀ ਵਾਰ ਇਕ ਸਮਾਗਮ ਵਿਚ ਮੇਰੀ ਆਖ਼ਰੀ ਕਤਾਰ ਵਾਲੀ ਕੁਰਸੀ ਲਭਦੇ ਆ ਗਏ ਤੇ ਬੋਲੇ, ''ਜੋਗਿੰਦਰ ਜੀ, ਮੈਨੂੰ ਪਤਾ ਸੀ ਤੁਸੀ ਆਖ਼ਰੀ ਕਤਾਰ ਵਿਚ ਹੀ ਬੈਠੇ ਮਿਲੋਗੇ। ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਮੈਂ ਵੀ ਕੁੱਝ ਚਿਰ ਅਖ਼ਬਾਰ ਕਢਦਾ ਰਿਹਾ ਹਾਂ ਤੇ ਮੈਨੂੰ ਪਤਾ ਹੈ, ਇਹ ਕਿੰਨਾ ਔਖਾ ਕੰਮ ਹੈ ਤੇ ਪੈਸੇ ਦੀ ਕਮੀ ਕਦੇ ਵੀ ਪਿੱਛਾ ਨਹੀਂ ਛਡਦੀ। ਤੁਸੀ ਸ਼ਰਮਾਉ ਨਾ, ਮੈਨੂੰ ਦਫ਼ਤਰ ਵਿਚ ਆ ਕੇ ਮਿਲੋ, ਸਰਕਾਰ ਜੋ ਕੁੱਝ ਕਰ ਸਕਦੀ ਹੈ, ਮੈਂ ਕਰਵਾ ਦਿਆਂਗਾ।''
ਮੈਂ ਫਿਰ ਵੀ ਨਾ ਗਿਆ। ਮੇਰੇ ਘਰ ਆ ਗਏ। ਬੜੀਆਂ ਖੁਲ੍ਹੀਆਂ ਗੱਲਾਂ ਕੀਤੀਆਂ। ਸਿੱਖੀ, ਪੰਜਾਬ ਤੇ ਪੰਜਾਬੀ ਬਾਰੇ ਪਿਆਰ ਉਨ੍ਹਾਂ ਦੀ ਹਰ ਗੱਲ 'ਚੋਂ ਛਲਕਦਾ ਸੀ। ਮੈਨੂੰ ਬਹੁਤ ਚੰਗਾ ਲੱਗਾ। 'ਅਕਾਲੀ ਵਜ਼ੀਰਾਂ' ਨੇ ਤਾਂ ਕਦੇ ਅਜਿਹੀਆਂ ਗੱਲਾਂ ਕੀਤੀਆਂ ਹੀ ਨਹੀਂ ਸਨ।

ਇਕ ਦਿਨ ਮੈਨੂੰ ਪੁੱਛਣ ਲਗੇ, ''ਜੋਗਿੰਦਰ ਜੀ, ਮੈਂ ਸੁਣਿਐ, ਤੁਸੀ ਵਕਾਲਤ ਵੀ ਪਾਸ ਕੀਤੀ ਹੈ।'' ਮੈਂ ਹਾਂ ਵਿਚ ਜਵਾਬ ਦਿਤਾ ਤਾਂ ਬੋਲੇ, ''ਪਰਚੇ ਵਿਚ ਅਪਣੇ ਨਾਂ ਅੱਗੇ ਕਾਨੂੰਨ ਦੀ ਡਿਗਰੀ ਵੀ ਲਿਖਿਆ ਕਰੋ।'' ਮੈਂ ਹੱਸ ਕੇ ਕਿਹਾ, ''ਗਿਆਨੀ ਜੀ ਅਪਣੀਆਂ ਡਿਗਰੀਆਂ ਦਾ ਢੰਡੋਰਾ ਪਿੱਟਣ ਦੀ ਕੀ ਲੋੜ ਏ? ਪਾਠਕਾਂ ਨੂੰ ਮੇਰੀ ਲਿਖਤ ਦੀ ਲੋੜ ਹੈ, ਡਿਗਰੀ ਦੀ ਨਹੀਂ।'' ਗਿਆਨੀ ਜੀ ਇਕ ਫ਼ਿਕਰਮੰਦ ਬਜ਼ੁਰਗ ਵਾਂਗ ਬੋਲੇ, ''ਜੋਗਿੰਦਰ ਜੀ, ਗੱਲ ਨੂੰ ਸਮਝੋ। ਲੋਕ ਇਹੀ ਸਮਝਦੇ ਨੇ ਕਿ ਪੰਜਾਬੀ ਮੈਗਜ਼ੀਨ ਦਾ ਐਡੀਟਰ ਕੋਈ 'ਗਿਆਨੀ' ਹੀ ਹੋਣੈ। 

ਜੇ ਤੁਹਾਡੇ ਵਰਗੇ ਪੜ੍ਹੇ  ਲਿਖੇ ਨੌਜੁਆਨ ਵੀ ਪੰਜਾਬੀ ਪੱਤਰਕਾਰੀ ਵਿਚ ਆ ਰਹੇ ਨੇ ਤਾਂ ਲੋਕਾਂ ਨੂੰ ਪਤਾ ਲਗਣਾ ਚਾਹੀਦੈ। ਮੈਂ ਵੀ ਅਖ਼ਬਾਰ ਕਢਦਾ ਰਿਹਾ ਹਾਂ ਤੇ ਤਜਰਬੇ ਦੇ ਆਧਾਰ ਤੇ ਸਲਾਹ ਦੇ ਰਿਹਾਂ।'' ਮੈਂ ਗਿਆਨੀ ਜੀ ਦੀ ਸਲਾਹ ਤਾਂ ਨਾ ਮੰਨ ਸਕਿਆ ਪਰ ਉਨ੍ਹਾਂ ਦੀ, ਪੰਜਾਬੀ ਪੱਤਰਕਾਰੀ ਦਾ ਰੁਤਬਾ ਉੱਚਾ ਚੁੱਕਣ ਦੀ ਚਿੰਤਾ ਦਾ ਕਾਇਲ ਹੋ ਗਿਆ। ਫਿਰ ਇਕ ਦਿਨ ਅਚਾਨਕ ਗਿ: ਗੁਰਮੁਖ ਸਿੰਘ ਮੁਸਾਫ਼ਰ ਨਾਲ ਕਨਾਟ ਪਲੇਸ ਦਿੱਲੀ ਦੇ ਬਾਹਰ ਮੁਲਾਕਾਤ ਹੋ ਗਈ। ਸੜਕ ਤੇ ਮੁਲਾਕਾਤ ਹੋਈ ਸੀ।

ਸਾਬਕਾ ਮੁੱਖ ਮੰਤਰੀ ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ, ਮੁਸਾਫ਼ਰ ਜੀ ਨੂੰ ਜਦ ਮੈਂ ਦਸਿਆ ਕਿ ਮੈਂ 'ਪੰਜ ਪਾਣੀ' ਦਾ ਐਡੀਟਰ ਹਾਂ ਤਾਂ ਉਹ ਬੱਚਿਆਂ ਵਾਂਗ ਉਛਲ ਪਏ ਤੇ ਬੋਲੇ, ''ਧੰਨ ਭਾਗ ਮੇਰੇ! ਅੱਜ ਤਾਂ ਰੱਬ ਕੋਲੋਂ ਜੋ ਵੀ ਮੰਗ ਲੈਂਦਾ, ਮਿਲ ਜਾਣਾ ਸੀ। ਜਿਸ ਬਾਰੇ ਮੈਂ ਹਰ ਵੇਲੇ ਸੋਚਦਾ ਰਹਿੰਦਾ ਹਾਂ, ਉਸ ਦੇ ਦਰਸ਼ਨ ਇਸ ਤਰ੍ਹਾਂ ਹੋ ਗਏ, ਹੋਰ ਕੀ ਮੰਗ ਸਕਦਾ ਸੀ? ਸੱਚ ਮੰਨਿਉ, ਸੜਕ ਤੇ ਚਲਦਾ ਚਲਦਾ ਵੀ ਮੈਂ ਤੁਹਾਡੇ ਬਾਰੇ ਹੀ ਸੋਚ ਰਿਹਾ ਸੀ ਤੇ ਮਨ ਇਹ ਬਣਾ ਰਿਹਾ ਸੀ ਕਿ ਅੱਜ ਘਰ ਪਹੁੰਚ ਕੇ ਸੱਭ ਤੋਂ ਪਹਿਲਾਂ ਤੁਹਾਨੂੰ ਚਿੱਠੀ ਲਿਖਣੀ ਹੈ। ਤੁਹਾਡੀ ਲਿਖਤ ਵਿਚ ਤਾਂ ਜਾਦੂ ਭਰਿਆ ਹੁੰਦਾ ਹੈ। ਪੂਰਾ ਰਸਾਲਾ ਇਕੋ ਵਾਰ ਪੜ੍ਹ ਕੇ ਉਠਦਾ ਹਾਂ। ਮੈਨੂੰ ਤਾਂ ਅਪਣਾ ਸ਼ਾਗਿਰਦ ਹੀ ਸਮਝੋ...।''

ਮੈਂ ਉਸ ਵੇਲੇ 30 ਕੁ ਸਾਲ ਦਾ ਮੁੰਡਾ ਖੁੰਡਾ ਹੀ ਸਾਂ। ਜੇ ਮੈਂ ਕਿਸੇ ਨੂੰ ਦਸਦਾ ਕਿ 'ਪੰਜ ਪਾਣੀ' ਦਾ ਐਡੀਟਰ ਹਾਂ ਤਾਂ ਉਹ ਸ਼ੱਕੀ ਨਜ਼ਰਾਂ ਨਾਲ ਮੈਨੂੰ ਉਪਰੋਂ ਹੇਠਾਂ ਵੇਖਣ ਲੱਗ ਪੈਂਦਾ ਅਰਥਾਤ ਐਡੀਟਰ ਮੰਨਣ ਲਈ ਵੀ ਇਕਦਮ ਤਿਆਰ ਨਹੀਂ ਸੀ ਹੁੰਦਾ ਤੇ ਇਥੇ ਇਹ ਮਹਾਨ ਲੇਖਕ ਏਨੀ ਵੱਡੀ ਗੱਲ ਮੈਨੂੰ ਕਹਿ ਰਿਹਾ ਸੀ। ਮੁਸਾਫ਼ਰ ਜੀ ਦੀ ਨਿਰਮਾਣਤਾ ਤੇ ਨਿਮਾਣੇ ਨੂੰ ਵੀ ਮਾਣ ਦੇਣ ਦੀ ਖੁਲ੍ਹਦਿਲੀ ਵੇਖ ਕੇ, ਬਿਨਾਂ ਝੁਕੇ ਵੀ, ਮੇਰਾ ਸਿਰ ਉਨ੍ਹਾਂ ਦੇ ਚਰਨਾਂ ਵਿਚ ਝੁਕ ਗਿਆ।

ਮੈਂ ਉਨ੍ਹਾਂ ਵਲੋਂ ਆਖੇ ਇਹ ਸਿਫ਼ਤੀ ਸ਼ਬਦ ਪਹਿਲਾਂ ਕਦੇ ਨਹੀਂ ਲਿਖੇ। ਅੱਜ ਵੀ ਨਹੀਂ ਸਨ ਲਿਖਣੇ ਜੇ ਮੈਂ ਪਾਠਕਾਂ ਨੂੰ ਅਕਾਲੀ ਵਜ਼ੀਰਾਂ ਤੇ ਕਾਂਗਰਸੀ ਵਜ਼ੀਰਾਂ ਦਾ ਫ਼ਰਕ ਨਾ ਦਸਣਾ ਹੁੰਦਾ। ਜਿਸ ਤਰ੍ਹਾਂ ਗਿ: ਜ਼ੈਲ ਸਿੰਘ ਤੇ ਗਿ: ਗੁਰਮੁਖ ਸਿੰਘ ਮੁਸਾਫ਼ਰ ਮੇਰੇ ਨਾਲ, ਮੇਰੇ ਘਰ ਵਿਚ ਆ ਕੇ ਦਿਲ ਦੀਆਂ ਗੱਲਾਂ ਕਰਦੇ ਰਹੇ ਸਨ (ਮੇਰੀ ਉਨ੍ਹਾਂ ਨਾਲ ਕੋਈ ਪੁਰਾਣੀ ਵਾਕਫ਼ੀ ਨਹੀਂ ਸੀ, ਨਾ ਕੋਈ ਰਿਸ਼ਤੇਦਾਰੀ ਸੀ), ਉਸ ਤਰ੍ਹਾਂ ਕੇਵਲ ਇਕ ਅਕਾਲੀ ਵਜ਼ੀਰ ਮਨਜੀਤ ਸਿੰਘ ਕਲਕੱਤਾ ਨੂੰ ਛੱਡ ਕੇ, ਕਿਸੇ ਹੋਰ ਅਕਾਲੀ ਵਜ਼ੀਰ ਨੇ ਨਹੀਂ ਕੀਤੀਆਂ ਹੋਣੀਆਂ।

ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਨੇੜਤਾ ਉਦੋਂ ਬਣੀ ਜਦੋਂ ਉਹ ਵਜ਼ੀਰ ਨਹੀਂ ਸਨ, ਵਿਰੋਧੀ ਦਲ ਦੇ ਨੇਤਾ ਸਨ। ਉਦੋਂ ਉਹ ਮੈਨੂੰ ਕਿਹਾ ਕਰਦੇ ਸਨ ਕਿ ਹੁਣ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੀ ਸਰਕਾਰ ਵਿਚ ਹੁਕਮ ਜੋਗਿੰਦਰ ਸਿੰਘ ਦਾ ਚਲਿਆ ਕਰੇਗਾ। ਪਰ ਉਨ੍ਹਾਂ ਵੀ ਸਿੱਖੀ, ਪੰਜਾਬ ਜਾਂ ਪੰਜਾਬ ਬਾਰੇ ਕਦੇ ਚਿੰਤਾ ਪ੍ਰਗਟ ਨਹੀਂ ਸੀ ਕੀਤੀ। ਹੋਰ ਹੋਰ ਗੱਲਾਂ ਹੀ ਹੁੰਦੀਆਂ ਸਨ। ਜਦੋਂ ਉਹ ਮੁੱਖ ਮੰਤਰੀ ਬਣ ਗਏ ਤਾਂ ਮੇਰੀ ਇਕ 'ਖ਼ਤਾ' ਸਦਕਾ ਉਹ ਮੇਰੇ ਪੱਕੇ ਦੁਸ਼ਮਣ ਹੀ ਬਣ ਗਏ। ਕਈ ਵਾਰ ਮੈਨੂੰ ਲਗਦਾ ਸੀ ਕਿ ਅਸਲ ਅਕਾਲੀ ਤਾਂ 'ਕਾਂਗਰਸੀ ਵਜ਼ੀਰ' ਸਨ ਜੋ ਦਿਲ ਖੋਲ੍ਹ ਕੇ ਸਿੱਖੀ, ਪੰਜਾਬ ਤੇ ਪੰਜਾਬੀ ਪ੍ਰਤੀ ਅਪਣੇ ਫ਼ਿਕਰ ਦੀਆਂ ਗੱਲਾਂ ਕਰਦੇ ਸੀ ਹਾਲਾਂਕਿ ਉਨ੍ਹਾਂ ਦੀ ਪਾਰਟੀ ਨੂੰ ਉਨ੍ਹਾਂ ਗੱਲਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਕਾਂਗਰਸੀ ਵਜ਼ੀਰਾਂ ਵਿਰੁਧ ਕਾਰਵਾਈ ਵੀ ਕਰ ਸਕਦੀ ਸੀ।

ਪਰ ਇਹ ਸੱਚ ਵੀ ਦਸ ਦਿਆਂ ਕਿ 'ਕਾਂਗਰਸੀ ਮੰਤਰੀਆਂ' ਦੇ ਦੱਸੇ ਰਾਜ਼ ਅੱਜ ਵੀ ਮੇਰੀ ਛਾਤੀ ਵਿਚ ਦਫ਼ਨ ਹਨ ਤੇ ਮੈਂ ਉਨ੍ਹਾਂ ਨੂੰ ਕਦੇ ਬਾਹਰ ਨਹੀਂ ਕਢਿਆ। ਦੂਜਾ ਸੱਚ ਇਹ ਵੀ ਹੈ ਕਿ ਅਕਾਲੀ ਵਜ਼ੀਰ ਹੋਵੇ ਜਾਂ ਕਾਂਗਰਸੀ ਵਜ਼ੀਰ, ਮੈਂ ਕਦੇ ਵੀ ਕਿਸੇ ਕੋਲੋਂ ਅਪਣੇ ਲਈ ਜਾਂ ਅਪਣੇ ਪਰਚੇ/ਅਖ਼ਬਾਰ ਲਈ ਕਦੀ ਕੋਈ ਸਰਕਾਰੀ ਮਦਦ ਨਹੀਂ ਮੰਗੀ। ਉਹ ਮੇਰੀ ਏਨੀ ਕਦਰ ਕਰਦੇ ਸਨ ਤਾਂ ਕੁੱਝ ਮੰਗ ਕੇ ਜਾਂ ਲੈ ਕੇ ਮੈਂ ਅਪਣੀ ਕਦਰ ਨੂੰ ਘੱਟ ਕਿਉਂ ਕਰਾਂ? ਫਿਰ ਮੈਗਜ਼ੀਨ ਤਕ ਤਾਂ ਮੈਨੂੰ ਕਿਸੇ ਸਰਕਾਰੀ ਮਦਦ ਦੀ ਲੋੜ ਵੀ ਨਹੀਂ ਸੀ।

ਮੈਂ ਅਪਣੇ ਗੁਜ਼ਾਰੇ ਲਈ ਉਸ ਸਮੇਂ ਦੀ ਚੰਡੀਗੜ੍ਹ ਦੀ ਸੱਭ ਤੋਂ ਵੱਡੀ ਪ੍ਰੈੱਸ ਲਗਾ ਲਈ ਸੀ ਜਿਸ ਦੇ ਮੁਨਾਫ਼ੇ ਨਾਲ ਹੀ ਮੈਗਜ਼ੀਨ ਦਾ ਸਾਰਾ ਖ਼ਰਚਾ ਚਲ ਜਾਂਦਾ ਸੀ। ਜੇ ਵਜ਼ੀਰਾਂ ਕੁੱਝ ਪੇਸ਼ਕਸ਼ ਵੀ ਕੀਤੀ ਤਾਂ ਮੈਂ ਹੱਥ ਜੋੜ ਕੇ ਕਹਿ ਦਿਤਾ ਕਿ ''ਰੋਜ਼ਾਨਾ ਅਖ਼ਬਾਰ ਬਣਨ ਤਕ ਮੈਨੂੰ ਕੋਈ ਸਹਾਇਤਾ ਨਹੀਂ ਚਾਹੀਦੀ। ਅਖ਼ਬਾਰ ਸ਼ੁਰੂ ਕਰ ਲੈਣ ਦਿਉ, ਫਿਰ ਸੱਭ ਕੁੱਝ ਲੈ ਲਵਾਂਗਾ।''

ਹਾਲਾਤ ਅਜਿਹੇ ਬਣ ਗਏ ਕਿ ਅਖ਼ਬਾਰ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਅਕਾਲੀ ਸਰਕਾਰ ਕੋਲੋਂ ਇਹ ਫ਼ੈਸਲਾ ਕਰਵਾ ਲਿਆ ਗਿਆ ਕਿ ਜੋਗਿੰਦਰ ਸਿੰਘ ਦੇ ਅਖ਼ਬਾਰ ਨੂੰ ਇਕ ਪੈਸੇ ਦਾ ਇਸ਼ਤਿਹਾਰ ਨਹੀਂ ਦੇਣਾ। ਉਨ੍ਹਾਂ ਦੀ ਸਰਕਾਰ ਦੇ ਸਵਰਗਵਾਸ ਹੋਣ ਤਕ ਇਹ ਪਾਬੰਦੀ ਜਾਰੀ ਰਹੀ।
ਪਰ ਗੱਲ ਪੂਰੀ ਨਹੀਂ ਹੋਵੇਗੀ ਜੇ ਮੈਂ 'ਵਜ਼ੀਰ' ਬਣਨੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਅਕਾਲੀ ਆਗੂਆਂ ਦੀਆਂ ਕੁੱਝ ਨਿਜੀ ਯਾਦਾਂ ਦਾ ਜ਼ਿਕਰ ਨਾ ਕਰਾਂ ਜਿਨ੍ਹਾਂ ਉਤੇ ਸਿੱਖ ਹੀ ਨਹੀਂ, ਸਾਰੇ ਪੰਜਾਬੀ ਤੇ ਹਿੰਦੁਸਤਾਨੀ ਵੀ ਬਜਾ ਤੌਰ ਤੇ ਫ਼ਖ਼ਰ ਕਰ ਸਕਦੇ ਹਨ। ਉਨ੍ਹਾਂ ਦੀ ਸੱਚੀ ਸੁੱਚੀ ਵਡਿਆਈ ਦਾ ਗਵਾਹ ਮੈਂ ਆਪ ਹਾਂ।  (ਚਲਦਾ)