ਮਾਤ-ਭਾਸ਼ਾ ਦੇ ਸਿਰ ’ਤੇ ਤਾਜ ਸਜਾਣਾ ਹੈ ਤਾਂ ਮੁੰਬਈ ਦਾ ਇਕ ਚੱਕਰ ਜ਼ਰੂਰ ਲਾ ਆਉ

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਜਦੋਂ ਦਾ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਹੋਇਆ ਹੈ, ਮੈਂ ਇਕ ਦਿਨ ਦੀ ਵੀ ਛੁੱਟੀ ਨਹੀਂ ਕੀਤੀ, ਨਾ ਕਿਤੇ ਬਾਹਰ ਜਾਣ ਦੀ ਹੀ ਸੋਚ ਸਕਿਆ ਸੀ।

If you want to decorate the head of the mother tongue, then take a tour of Mumbai

 

ਜਦੋਂ ਦਾ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਹੋਇਆ ਹੈ, ਮੈਂ ਇਕ ਦਿਨ ਦੀ ਵੀ ਛੁੱਟੀ ਨਹੀਂ ਕੀਤੀ, ਨਾ ਕਿਤੇ ਬਾਹਰ ਜਾਣ ਦੀ ਹੀ ਸੋਚ ਸਕਿਆ ਸੀ। ਅਖ਼ਬਾਰ ਦਾ ਸੰਪਾਦਕੀ ਪੰਨਾ, ਪੂਰਾ ਦਾ ਪੂਰਾ ਮੈਂ ਆਪ ਤਿਆਰ ਕਰਦਾ ਹਾਂ ਤੇ ਕਿਸੇ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਵੀ ਜਾਣਾ ਹੋਵੇ ਤਾਂ ਇਕ ਦਿਨ ਪਹਿਲਾਂ, ਦੋ ਦਿਨ ਦਾ ਸੰਪਾਦਕੀ ਪੰਨਾ ਤਿਆਰ ਕਰ ਕੇ ਦੇਣਾ ਪੈਂਦਾ ਹੈ। ਵਾਪਸ ਆ ਕੇ ਡਾਕ ਦਾ ਢੇਰ ਵੱਖ ਲੱਗਾ ਹੁੰਦਾ ਹੈ ਜਿਸ ਨੂੰ ਪੜ੍ਹਨਾ ਵੀ ਹੁੰਦਾ ਹੈ ਤੇ ਉਸ ਉਤੇ ਕਾਰਵਾਈ ਵੀ ਕਰਨੀ ਹੁੰਦੀ ਹੈ। ਸੋ ਵਾਪਸ ਆ ਕੇ ਵੀ ਦੋ ਦਿਨ ਦੁਗਣਾ ਕੰਮ ਕਰਨਾ ਪੈਂਦਾ ਹੈ।

ਨਤੀਜੇ ਵਜੋਂ, ਬਾਹਰ ਜਾਣ ਦੀ ਹਿੰਮਤ ਹੀ ਨਹੀਂ ਪੈਂਦੀ। ਭਾਵੇਂ ਬੁਖ਼ਾਰ ਚੜਿ੍ਹਆ ਹੋਵੇ ਤੇ ਭਾਵੇਂ ਉਂਜ ਤਬੀਅਤ ਢਿੱਲੀ ਹੋਵੇ, ਚੰਡੀਗੜ੍ਹ ਵਿਚ ਬੈਠ ਕੇ ਤਾਂ ਸਵੇਰੇ ਪੰਜ ਵਜੇ ਤੋਂ ਸ਼ੁਰੂ ਹੋ ਕੇ, ਰਾਤ 11 ਵਜੇ ਤਕ, ਅਖ਼ਬਾਰ ਦੇ ਕੰਮ ਤੋਂ ਵਿਹਲਿਆਂ ਹੋਇਆ ਹੀ ਨਹੀਂ ਜਾ ਸਕਦਾ। 

ਬਚਪਨ ਤੋਂ ਪੰਜਾਬੀ ਅਖ਼ਬਾਰਾਂ ਪੜ੍ਹਦਾ ਆ ਰਿਹਾ ਹਾਂ ਤੇ ਸਾਰੀਆਂ ਹੀ ਪੰਜਾਬੀ ਅਖ਼ਬਾਰਾਂ ਦੇ ਸੰਪਾਦਕੀ ਪੜ੍ਹ ਕੇ ਮੈਨੂੰ ਬਹੁਤ ਨਿਰਾਸ਼ਾ ਹੁੰਦੀ ਸੀ। ਟਾਈਮਜ਼ ਆਫ਼ ਇੰਡੀਆ ਦੇ ਸੁਰਗਵਾਸੀ ਐਡੀਟਰ ਫ਼ਰੈਂਕ ਮੋਰੇਸ ਦੇ ਲੇਖ ਪੜ੍ਹਦਾ ਸੀ ਤਾਂ ਦਿਲ ਖ਼ੁਸ਼ ਹੋ ਜਾਂਦਾ ਸੀ। ਮੇਰਾ ਦਿਲ ਕਰਦਾ ਹੁੰਦਾ ਸੀ ਕਿ ਪੰਜਾਬੀ ਅਖ਼ਬਾਰਾਂ ਦੇ ਐਡੀਟਰਾਂ ਨੂੰ ਵੀ ਇਸੇ ਤਰ੍ਹਾਂ ਗਿਆਨ-ਭਰਪੂਰ ਤੇ ਹਰ ਸੱਤਰ, ਹਰ ਅੱਖਰ ਦਾ ਧਿਆਨ ਰੱਖ ਕੇ ਸੰਪਾਦਕੀ ਅਤੇ ਦੂਜੇ ਲੇਖ ਲਿਖਣੇ ਚਾਹੀਦੇ ਹਨ। ਪਰ ਫ਼ਰੈਂਕ ਮੋਰੇਸ ਵਰਗਾ ਲਿਖਣ ਲਈ, ਬਹੁਤ ਪੜ੍ਹਨਾ ਪੈਂਦਾ ਹੈ ਤੇ ਅਪਣੇ ਲਿਖੇ ਇਕ ਇਕ ਵਾਕ ਨੂੰ ‘ਧਰਮ ਕਾਂਟੇ’ ਤੇ ਰੱਖ ਕੇ ਤੋਲਣਾ ਪੈਂਦਾ ਹੈ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕੀਆਂ ਵਿਚ ‘ਬਹੁਤ ਚੰਗਾ ਹੋ ਗਿਆ’, ‘ਬਹੁਤ ਮਾੜਾ ਹੋ ਗਿਆ’, ‘ਚੰਗੀਆਂ ਸੰਭਾਵਨਾਵਾਂ ਉਜਾਗਰ ਹੋਈਆਂ’, ‘ਨਿਰਾਸ਼ਾ ਦੇ ਬੱਦਲ ਛਾਏ’ ਵਰਗੇ ਫ਼ਿਕਰਿਆਂ ਨਾਲ ਹੀ ਮਹੱਤਵਪੂਰਨ ਮਾਮਲਿਆਂ ਦਾ ਨਿਪਟਾਰਾ ਕਰ ਦਿਤਾ ਜਾਂਦਾ ਸੀ ਤੇ ਅਜੇ ਵੀ ਹਾਲਤ ਵਿਚ ਕੋਈ ਵੱਡੀ ਤਬਦੀਲੀ ਨਹੀਂ ਆਈ।

ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫ਼ਰੈਂਕ ਮੋਰੇਸ ਵਾਂਗ ਹੀ, ਜਿਸ ਵਿਸ਼ੇ ਤੇ ਲਿਖਣਾ ਹੈ, ਉਸ ਵਿਸ਼ੇ ’ਤੇ ਹਰ ਪ੍ਰਕਾਰ ਦੀ ਜਾਣਕਾਰੀ ਪਹਿਲਾਂ ਇਕੱਤਰ ਕਰ ਲਵਾਂ। ਕਈ ਵਾਰ ਸੰਪਾਦਕੀ ਲਿਖਦੇ ਲਿਖਦੇ ਜਦੋਂ ਮਹਿਸੂਸ ਹੁੰਦਾ ਹੈ ਕਿ ਕੁੱਝ ਅੰਕੜੇ ਜਾਂ ਤੱਥ ਮੁਕੰਮਲ ਨਹੀਂ, ਤਾਂ ਮੈਂ ਅੱਧਾ ਲਿਖਿਆ ਸੰਪਾਦਕੀ ਵੀ ਅਧਵਾਟੇ ਛੱਡ ਕੇ, ਕਿਸੇ ਦੂਜੇ ਵਿਸ਼ੇ ਤੇ ਲਿਖਣਾ ਸ਼ੁਰੂ ਕਰ ਦੇਂਦਾ ਹਾਂ। ਗ਼ਲਤ, ਅਧੂਰੀ ਜਾਂ ਗੋਲਮੋਲ ਜਹੀ ਜਾਣਕਾਰੀ ਦੇਣਾ ਮੈਂ ਪਾਠਕਾਂ ਨਾਲ ਕੀਤਾ ਗਿਆ ਇਕ ਗੁਨਾਹ ਜਾਂ ਉੁਨ੍ਹਾਂ ਅੱਗੇ ਅੱਧ ਪੱਕੀ ਦਾਲ ਅਤੇ ਕੱਚੀਆਂ ਰੋਟੀਆਂ ਪਰੋਸਣ ਵਰਗੀ ਗੱਲ ਸਮਝਦਾ ਹਾਂ।

ਗੱਲ ਦੂਜੇ ਪਾਸੇ ਚਲੀ ਗਈ। ਦਸਣਾ ਮੈਂ ਕੇਵਲ ਇਹ ਸੀ ਕਿ ਅਖ਼ਬਾਰ ਦੇ ਇਕ ਪੰਨੇ ਦੀ ਸਾਰੀ ਜ਼ਿੰਮੇਵਾਰੀ ਅਪਣੇ ਉਤੇ ਲੈ ਕੇ, ਮੈਂ ਕੰਮ ਵਿਚ ਏਨਾ ਫਸਿਆ ਰਹਿੰਦਾ ਹਾਂ ਕਿ ਤਿੰਨ ਸਾਲਾਂ ਵਿਚ ਇਕ ਵੀ ਛੁੱਟੀ ਕਰਨ ਦੀ ਕਦੇ ਨਾ ਸੋਚ ਸਕਿਆ। ਜੇ ਕਦੇ, ਅਖ਼ਬਾਰ ਦੇ ਕੰਮ ’ਤੇ ਬਾਹਰ ਜਾਣਾ ਵੀ ਪਿਆ ਤਾਂ ਜਾਣ ਤੋਂ ਪਹਿਲਾਂ ਵੀ ਤੇ ਵਾਪਸ ਪਰਤਣ ਤੇ ਵੀ, ਦੁਗਣਾ ਕੰਮ ਕਰਨਾ ਪਿਆ।

ਪਰ ਇਸ ਵਾਰ ਮੇਰੀ ਬੇਟੀ, ਜਿਸ ਨੂੰ ਮੇਰੀ ਸਿਹਤ ਦੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਤੇ ਏਨਾ ਜ਼ਿਆਦਾ ਕੰਮ ਕਰਦਿਆਂ ਵੇਖ ਕੇ, ਮੇਰੇ ਨਾਲ ਗੁੱਸੇ ਹੁੰਦੀ ਰਹਿੰਦੀ ਹੈ, ਨੇ ਮੈਨੂੰ ਪਹਿਲੀ ਵਾਰ ਤਿੰਨ ਛੁੱਟੀਆਂ ਕਰਨ ਲਈ ਮਜਬੂਰ ਕਰ ਦਿਤਾ। ਉਹਨੇ ਟਿਕਟਾਂ ਲੈ ਕੇ ਭੇਜ ਦਿਤੀਆਂ ਤੇ ਅਪਣਾ ‘ਹੁਕਮਨਾਮਾ’ ਜਾਰੀ ਕਰ ਦਿਤਾ ਕਿ ‘ਇਸ ਵਾਰ ਤੁਹਾਨੂੰ ਆਉਣਾ ਹੀ ਪਵੇਗਾ ਤੇ ਕੋਈ ਬਹਾਨਾ ਨਹੀਂ ਸੁਣਾਂਗੀ।’

ਸਨਿੱਚਰਵਾਰ ਮੁੰਬਈ ਲਈ ਰਵਾਨਾ ਹੋਣਾ ਸੀ ਤੇ ਸੋਮਵਾਰ ਵਾਪਸ ਆਉਣਾ ਸੀ। ਵੀਰ, ਸ਼ੁੱਕਰ ਦੋ ਦਿਨ ਮੈਂ ‘ਡਬਲ ਸ਼ਿਫ਼ਟ’ ਲਾ ਕੇ, ਸਨਿੱਚਰਵਾਰ, ਐਤਵਾਰ, ਸੋਮਵਾਰ ਤੇ ਮੰਗਲਵਾਰ ਦੇ ਸੰਪਾਦਕੀ ਪੰਨੇ ਪੂਰੀ ਤਰ੍ਹਾਂ ਤਿਆਰ ਕਰ ਕੇ ਦੇ ਦਿਤੇ ਤਾਕਿ ਮੇਰੀ ਗ਼ੈਰ-ਹਾਜ਼ਰੀ ਵਿਚ, ਇਨ੍ਹਾਂ ਨੂੰ ਇਨ ਬਿਨ ਵਰਤਿਆ ਜਾ ਸਕੇ। ਮੈਂ ਹਦਾਇਤ ਦੇ ਦਿਤੀ ਕਿ ਜੇ ਕਿਸੇ ਤਬਦੀਲੀ ਦੀ ਲੋੜ ਪਈ ਤਾਂ ਮੈਂ ਫ਼ੋਨ ਤੇ ਲਿਖਵਾ ਦਿਆਂਗਾ। ਮੁੰਬਈ ਵਿਚ ਮੈਂ ‘ਰੋਜ਼ਾਨਾ ਸਪੋਕਸਮੈਨ’ ਦੀ ਵੈੱਬਸਾਈਟ ’ਤੇ, ਤਾਜ਼ਾ ਪਰਚਾ ਵੇਖ ਲੈਂਦਾ ਸੀ।

ਮੁੰਬਈ ਵਿਚ ਸੜਕਾਂ ’ਤੇ ਕਾਰ ਘੁਮਾਉਂਦਿਆਂ ਉਸ ਮਰਾਠਾ ਸ਼ਹਿਰ ਦਾ ਮੁਕਾਬਲਾ, ਪੰਜਾਬ ਨਾਲ ਕਰਨ ਨੂੰ ਐਵੇਂ ਮਨ ਕਰ ਆਉਂਦਾ ਸੀ। ਮੁੰਬਈ ਨੂੰ ਹਿੰਦੁਸਤਾਨ ਦੀ ‘ਆਰਥਕ ਰਾਜਧਾਨੀ’ ਕਿਹਾ ਜਾਂਦਾ ਹੈ ਤੇ ਹਿੰਦੁਸਤਾਨ ਦੇ ਹਰ ਰਾਜ ਤੋਂ ਆ ਕੇ ਲੋਕ ਉਥੇ ਰਹਿੰਦੇ ਹਨ। ਵਿਦੇਸ਼ੀ ਵੀ ਆਮ ਵੇਖਣ ਨੂੰ ਮਿਲਦੇ ਹਨ। ਹਿੰਦੁਸਤਾਨ ਦੀ ਹਰ ਭਾਸ਼ਾ ਬੋਲਣ ਵਾਲੇ ਲੋਕ ਤੁਹਾਨੂੰ ਉਥੇ ਕਾਰੋਬਾਰ ਕਰਦੇ ਮਿਲ ਜਾਂਦੇ ਹਨ। ਪੰਜਾਬੀਆਂ ਅਤੇ ਸਿੱਖਾਂ ਦਾ ਵੀ ਚੰਗਾ ਦਬਦਬਾ ਹੈ। ਪਰ ਜਿਹੜੀ ਗੱਲ ਵਲ ਧਿਆਨ ਦਿਵਾਉਣ ਜਾ ਰਿਹਾ ਹਾਂ, ਉਹ ਇਹ ਹੈ ਕਿ ਸਾਰੀ ਮੁੰਬਈ ਵਿਚ ਇਕ ਵੀ ਦੁਕਾਨ ਜਾਂ ਦਫ਼ਤਰ ਦਾ ਬੋਰਡ ਅਜਿਹਾ ਨਹੀਂ ਮਿਲਦਾ ਜਿਸ ਉਤੇ ਨਾਂ ਮਰਾਠੀ ਵਿਚ ਨਾ ਲਿਖਿਆ ਹੋਵੇ। ਸਾਡੀ ਕਾਰ ਮੁੰਬਈ ਦੀਆਂ ਸੜਕਾਂ ਉਤੇ ਦੌੜਦੀ ਜਾ ਰਹੀ ਸੀ ਤੇ ਮੈਂ ਬਾਹਰ ਦੁਕਾਨਾਂ, ਦਫ਼ਤਰਾਂ ਦੇ ਮੱਥਿਆਂ ਉਤੇ ਲੱਗੇ ਬੋਰਡ ਵੇਖ ਰਿਹਾ ਸੀ।

ਜਗਜੀਤ ਨੇ ਮੇਰੇ ਨਾਲ ਕੋਈ ਗੱਲ ਕਰਨੀ ਚਾਹੀ ਪਰ ਮੈਂ ਕਿਹਾ, ਮੈਨੂੰ ਅਜੇ ਨਾ ਬੁਲਾਉ, ਮੈਂ ਕੋਈ ਜ਼ਰੂਰੀ ਚੀਜ਼ ਵੇਖ ਰਿਹਾ ਹਾਂ। ਜ਼ਰੂਰੀ ਚੀਜ਼ ਇਹੀ ਸੀ ਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਕਿਸੇ ਇਕ ਵੀ ਦੁਕਾਨ ਦੇ ਬਾਹਰ, ਮਰਾਠੀ ਦੀ ਬਜਾਏ ਸ਼ਾਇਦ ਕਿਸੇ ਹੋਰ ਭਾਸ਼ਾ ਦਾ ਬੋਰਡ ਲੱਭ ਜਾਏ। ਨਹੀਂ, ਮੈਨੂੰ ਅਜਿਹਾ ਇਕ ਵੀ ਬੋਰਡ ਨਾ ਮਿਲ ਸਕਿਆ। ਇਹ ਨਹੀਂ ਕਿ ਦੂਜੀਆਂ ਭਾਸ਼ਾਵਾਂ ਵਿਚ ਲਿਖਣਾ ਹੀ ਮਨ੍ਹਾਂ ਹੈ ਪਰ ਪਹਿਲੀ ਭਾਸ਼ਾ ਮਰਾਠੀ ਹੀ ਹੋਣੀ ਚਾਹੀਦੀ ਹੈ ਤੇ ਮੋਟੇ ਅੱਖਰਾਂ ਵਿਚ ਨਾਂ ਮਰਾਠੀ ਵਿਚ ਹੀ ਲਿਖਿਆ ਹੋਣਾ ਚਾਹੀਦਾ ਹੈ। ਉਸ ਦੇ ਹੇਠਾਂ ਛੋਟੇ ਅੱਖਰਾਂ ਵਿਚ ਤੁਸੀਂ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ ਅਰਥਾਤ ਕਿਸੇ ਵੀ ਭਾਸ਼ਾ ਵਿਚ ਲਿਖ ਲਉ, ਸੱਭ ਪ੍ਰਵਾਨ ਹੈ ਪਰ ਹਰ ਬੋਰਡ ਉਤੇ ਪਹਿਲੀ ਤੇ ਮੋਟੇ ਅੱਖਰਾਂ ਵਾਲੀ ਭਾਸ਼ਾ ਮਰਾਠੀ ਹੋਣੀ ਜ਼ਰੂਰੀ ਹੈ। ਦੂਜੀ ਕਿਸੇ ਭਾਸ਼ਾ ਦੇ ਅੱਖਰ, ਮਰਾਠੀ ਭਾਸ਼ਾ ਦੇ ਅੱਖਰਾਂ ਦੇ ਮੁਕਾਬਲੇ, ਛੋਟੇ ਹੀ ਹੁੋਣੇ ਚਾਹੀਦੇ ਹਨ।

ਇਹੀ ਕੁੱਝ ਸਾਨੂੰ ਪੰਜਾਬ ਵਿਚ ਵੀ ਕਰਨਾ ਚਾਹੀਦਾ ਹੈ। ਭਾਸ਼ਾਈ ਸੂਬੇ ਬਨਾਉਣ ਦੀ ਲੋੜ ਹੀ ਕੀ ਹੈ ਜੇ ਪੰਜਾਬ ਦੇ ਕਿਸੇ ਸ਼ਹਿਰ ਦਾ ਪੂਰਾ ਚੱਕਰ ਲਾਉਣ ਮਗਰੋਂ ਵੀ ਤੁਹਾਨੂੰ ਪੰਜਾਬੀ ਵਿਚ ਲਿਖਿਆ ਕੋਈ ਬੋਰਡ ਹੀ ਨਜ਼ਰ ਨਾ ਆਵੇ? 95 ਫ਼ੀ ਸਦੀ ਬੋਰਡ ਇਥੇ ਅੰਗਰੇਜ਼ੀ ਵਿਚ ਲਿਖੇ ਹੁੰਦੇ ਹਨ, ਜਿਵੇਂ ਕਿ ਇਹ ਪੰਜਾਬੀਆਂ ਦਾ ਨਹੀਂ, ਅੰਗਰੇਜ਼ਾਂ ਦਾ ਸੂਬਾ ਹੋਵੇ। ਸਕੂਲਾਂ ਵਿਚ ਪੰਜਾਬੀ ਨੂੰ ‘ਘਰ ਦੀ ਮੁਰਗੀ ਦਾਲ ਬਰਾਬਰ’ ਸਮਝ ਕੇ ਹੀ ‘ਪੜ੍ਹਾਇਆ’ ਜਾਂਦਾ ਹੈ। ਪ੍ਰਾਈਵੇਟ ਸਕੂਲਾਂ ਨੂੂੰ ਸੀ.ਬੀ.ਐਸ.ਈ. ਅਧੀਨ ਹੋਣ ਦੀ ਜਿਹੜੀ ਖੁੱਲ੍ਹ ਦਿਤੀ ਗਈ ਹੈ, ਉਸ ਦਾ ਫ਼ਾਇਦਾ ਉਠਾ ਕੇ ਪੰਜਾਬ ਵਿਚ ਵੀ ਹਿੰਦੀ ਦਾ ਹੱਥ ਉਪਰ ਰੱਖਣ ਦਾ ਰਾਹ ਖੋਲ੍ਹ ਦਿਤਾ ਗਿਆ ਹੈ।

ਜਿਹੜੇ ਲੋਕ ਬਾਹਵਾਂ ਉਲਾਰ ਉਲਾਰ ਕੇ, ਪੰਜਾਬੀ ਭਾਸ਼ਾ ਦਾ ਸੂਬਾ ਮੰਗਦੇ ਰਹੇ ਸਨ, ਉਨ੍ਹਾਂ ਦੇ ਵਜ਼ੀਰਾਂ ਦਾ ਵੀ ਇਹ ਹਾਲ ਹੈ ਕਿ ਉਨ੍ਹਾਂ ਨੂੰ ਨਾ ਤਾਂ ਸ਼ੁਧ ਪੰਜਾਬੀ ਬੋਲਣੀ ਆਉਂਦੀ ਹੈ, ਨਾ ਲਿਖਣੀ। ਅਤੇ ਸੱਭ ਤੋਂ ਮਾੜੀ ਗੱਲ ਇਹ ਕਿ ਉਨ੍ਹਾਂ ਦੀ ਸੋਚ ਵਿਚੋਂ ਹੀ ਪੰਜਾਬੀ ਗੁੰਮ ਹੋ ਚੁੱਕੀ ਹੈ। ਉਨ੍ਹਾਂ ਦੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਬੱਚਿਆਂ ਬਾਰੇ ਤਾਂ ਗੱਲ ਨਾ ਹੀ ਕਰੀਏ ਤਾਂ ਠੀਕ ਰਹੇਗਾ। 21 ਦਸੰਬਰ ਦੇ ਸਮਾਗਮ ਵਿਚ ਜਿਨ੍ਹਾਂ ਨੇ ਅਮੀਨ ਮਲਿਕ ਦੀ ਤਕਰੀਰ ਸੁਣੀ ਸੀ, ਉਨ੍ਹਾਂ ਦੇ ਕੰਨਾਂ ਵਿਚ ਅੱਜ ਵੀ ਉਸ ਦਾ ਉਹ ਕਥਨ ਗੂੰਜਦਾ ਹੋਵੇਗਾ, ‘‘ਤੁਸੀਂ ਆਂਹਦੇ ਹੁੰਦੇ ਸੀ ਪੰਜਾਬੀ ਨਾਲ ਧੱਕਾ ਹੋ ਰਿਹੈ, ਇਸ ਲਈ ਪੰਜਾਬੀ ਸੂਬਾ ਲੈਣਾ ਜ਼ਰੂਰੀ ਏ। ਤੁਸੀ ਸੂਬਾ ਤਾਂ ਲੈ ਲਿਆ ਪਰ ਇਸ ਵਿਚ ਪੰਜਾਬੀ ਕਿਥੇ ਜੇ? ਅੰਮ੍ਰਿਤਸਰ ਦੇ ਸਕੂਲ ਵਿਚ ਪੰਜਾਬੀ ਵਿਚ ਗੱਲ ਕਰਨ ਵਾਲੇ ਬੱਚੇ ਨੂੰ ਸਜ਼ਾ ਦਿਤੀ ਜਾਂਦੀ ਏ। ਓਏ ਕਾਹਨੂੰ ਕਮਾ ਰਹੇ ਓ ਅਪਣੀ ਮਾਂ ਨਾਲ ਦਗ਼ਾ?’’

ਮੁੰਬਈ ਜਾ ਕੇ ਅਤੇ ਤਿੰਨ ਦਿਨ ਮਰਾਠਿਆਂ ਵਿਚ ਰਹਿ ਕੇ, ਸ਼ਿੱਦਤ ਨਾਲ ਮਹਿਸੂਸ ਹੋਣ ਲੱਗਾ ਕਿ ਸਚਮੁਚ ਅਸੀ ਪੰਜਾਬੀ ਨੂੰ ਪ੍ਰੇਮ ਕਰਨ ਦਾ ਦਾਅਵਾ ਕਰਨ ਵਾਲੇ ਤਾਂ ਨਿਰੇ ਬੇਈਮਾਨ ਲੋਕ ਹੀ ਹਾਂ। ਇਸੇ ਲਈ ਤਾਂ ਯੂ.ਐਨ.ਓ. ਵਾਲੇ ਕਹਿ ਰਹੇ ਨੇ, ਅਗਲੇ 50 ਸਾਲਾਂ ਵਿਚ ਜਿਹੜੀਆਂ ਭਾਸ਼ਾਵਾਂ ਮਰ ਜਾਣਗੀਆਂ, ਪੰਜਾਬੀ ਵੀ ਉੁਨ੍ਹਾਂ ਵਿਚੋਂ ਇਕ ਹੋਵੇਗੀ।

ਪੰਜਾਬੀ ਸੂਬਾ ਬਣਨ ਤੋਂ ਪਹਿਲਾਂ, ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ, ਅਪਣੇ ਸਾਥੀਆਂ ਨਾਲ, ਆਪ ਪੇਂਟ ਅਤੇ ਬੁਰਸ਼ ਹੱਥਾਂ ਵਿਚ ਫੜ ਕੇ, ਉਨ੍ਹਾਂ ਬੋਰਡਾਂ ਉਤੇ ਫੇਰਦੇ ਹੁੰਦੇ ਸਨ ਜਿਨ੍ਹਾਂ ਉਤੇ ਨਾਂ ਪੰਜਾਬੀ ਵਿਚ ਨਹੀਂ ਸਨ ਲਿਖੇ ਹੁੰਦੇ। ਉਨ੍ਹਾਂ ਦੀ ਮੰਗ ਹੁੰਦੀ ਸੀ ਕਿ ਸਾਰੇ ਬੋਰਡ ਪੰਜਾਬੀ ਵਿਚ ਲਿਖੇ ਜਾਣੇ ਚਾਹੀਦੇ ਹਨ। ਹੁਣ ਜਦ ਪੰਜਾਬੀ ਸੂਬਾ ਬਣ ਗਿਆ ਹੈ ਤੇ ਅਕਾਲੀ ਹੀ ਰਾਜ ਭਾਗ ਦੇ ਮਾਲਕ ਹਨ ਤਾਂ ਸਾਰੇ ਪੰਜਾਬ ਵਿਚ ਕਿਧਰੇ ਵੀ ਪੰਜਾਬੀ ਵਿਚ ਲਿਖਿਆ ਬੋਰਡ ਨਹੀਂ ਮਿਲਦਾ ਪਰ ਉਨ੍ਹਾਂ ਨੂੰ ਕਦੇ ਖ਼ਿਆਲ ਹੀ ਨਹੀਂ ਆਇਆ ਕਿ ਇਹ ਕੰਮ ਵੀ ਉਨ੍ਹਾਂ ਨੇ ਕਰਨ ਦਾ ਕਦੇ ਅਹਿਦ ਲਿਆ ਸੀ। ਹੁਣ ਜੇ ਕੋਈ ਦੂਜਾ ਵੀ ਉਨ੍ਹਾਂ ਨੂੰ ਯਾਦ ਕਰਾਵੇ ਤਾਂ ਉਹ ਕਹਿ ਦੇਣਗੇ, ‘‘ਛੱਡੋ ਜੀ, ਵੱਡਾ ਦਿਲ ਕਰਨਾ ਚਾਹੀਦਾ ਹੈ। ਨਾਲੇ ਐਵੇਂ ਬੀ.ਜੇ.ਪੀ. ਵਾਲਿਆਂ ਨੂੰ ਕਾਹਨੂੰ ਨਰਾਜ਼ ਕਰੀਏ?’’ ਜੇ ਬੀ.ਜੇ.ਪੀ. ਵਾਲਿਆਂ ਨੂੰ ਨਾਰਾਜ਼ ਨਾ ਕਰਨਾ ਹੀ ਉਨ੍ਹਾਂ ਦੀ ਸੱਭ ਤੋਂ ਵੱਡੀ ਨੀਤੀ ਹੋਣੀ ਸੀ ਤਾਂ ਪੰਜਾਬੀ ਸੂਬਾ ਹੀ ਕਾਹਨੂੰ ਲੈਣਾ ਸੀ? ਪੰਜਾਬੀ ਸੂਬਾ ਨਾ ਮੰਗਦੇ ਤਾਂ ਬੀ.ਜੇ.ਪੀ. ਵਾਲੇ ਤਾਂ ਖ਼ੁਸ਼ ਹੀ ਖ਼ੁਸ਼ ਸਨ।

ਅਸੀ ਜ਼ਿਕਰ ਕਰ ਰਹੇ ਸੀ ਕਿ ਪੰਜਾਬੀ ਦਾ ਨਾਂ ਲੈ ਕੇ, ਹਕੂਮਤ ਦੀਆਂ ਗੱਦੀਆਂ ਤਕ ਪਹੁੰਚਣ ਵਾਲੇ ਅਕਾਲੀਆਂ ਦਾ ਪੰਜਾਬੀ ਪ੍ਰਤੀ ਅੱਜ ਦਾ ਵਤੀਰਾ ਵੇਖ ਕੇ, ਕਈ ਲੋਕ ਕਹਿਣ ਲੱਗ ਪਏ ਹਨ ਕਿ ਪੰਜਾਬੀ ਭਾਸ਼ਾ ਛੇਤੀ ਹੀ ਮਰ ਜਾਏਗੀ। ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਸੀ.ਬੀ.ਐਸ.ਈ. ਨਾਲ ਜੁੜਨ ਦੀ ਖੁਲ੍ਹ ਦੇ ਕੇ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਹੋਣ ਵਾਲੀ ਹਾਲਤ ਵਿਚ ਪਹੁੰਚਾ ਕੇ ਜਾਂ ਵਿਦਿਆ ਦੇ ਮੰਦਰ ਵਜੋਂ ਅਤਿ ਦੇ ਪਛੜੇ ਹੋਏ ਸਕੂਲ ਬਣਾ ਕੇ, ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਤੇ ਹਿੰਦੀ ਦੇ ਨੇੜੇ ਕਰਨ ਦਾ ਰਾਹ ਵੀ ਖੋਲ੍ਹ ਦਿਤਾ ਗਿਆ ਹੈ ਹਾਲਾਂਕਿ ਸੰਵਿਧਾਨ ਅਨੁਸਾਰ, ਸਿਖਿਆ, ਰਾਜਾਂ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ ਤੇ ਕੇਂਦਰ ਇਸ ਵਿਚ ਦਖ਼ਲ ਨਹੀਂ ਦੇ ਸਕਦਾ।

ਪਰ ਰਾਜ ਜਦੋਂ ਆਪ ਹੀ ਕੇਂਦਰ ਨੂੰ ਦਖ਼ਲ ਦੇਣ ਲਈ ਸੱਦਾ ਦੇਣ (ਜਿਵੇਂ ਸ. ਬਾਦਲ ਨੇ ਪੰਜਾਬ ਯੂਨੀਵਰਸਟੀ ਹੀ ਕੇਂਦਰ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ ਤੇ ਜੇ ਰੋਜ਼ਾਨਾ ਸਪੋਕਸਮੈਨ ਆਵਾਜ਼ ਨਾ ਉਠਾਉਂਦਾ ਤਾਂ ਇਹ ਵੀ ਕੇਂਦਰ ਕੋਲ ਚਲੀ ਹੀ ਗਈ ਸੀ) ਅਤੇ ਕੇਂਦਰੀ ਸੰਸਥਾ ਸੀ.ਬੀ.ਐਸ.ਈ. ਨਾਲ ਜੁੜਨ ਦੀ ਖੁਲ੍ਹ ਅਪਣੇ ਸਕੂਲਾਂ ਨੂੰ ਦੇਣ ਲੱਗ ਜਾਣ ਤਾਂ ਕੇਂਦਰ ਸਿਰ ਦੋਸ਼ ਕਿਵੇਂ ਮੜਿ੍ਹਆ ਜਾ ਸਕਦਾ ਹੈ? 

ਪੰਜਾਬੀ ਬੋਲੀ ਦੀ ਚੜ੍ਹਤ ਲਈ 1947 ਤੋਂ ਪਹਿਲਾਂ ਰਾਜਨੀਤਕ ਤੌਰ ’ਤੇ ਸਿੱਖਾਂ ਨੇ ਹੀ ਪਹਿਲ ਕੀਤੀ ਸੀ। ਪੰਜਾਬ ਦੇ ਉਦੋਂ ਦੇ ਪ੍ਰਧਾਨ ਮੰਤਰੀ ਖ਼ਿਜ਼ਰ ਹਯਾਤ ਖ਼ਾਨ ਟਿਵਾਣਾ ਤੋਂ ਸਕੂਲਾਂ ਵਿਚ ਪੰਜਾਬੀ ਨੂੰ ਪੜ੍ਹਨ ਦੀ ਇਜਾਜ਼ਤ ਦਿਵਾਈ। ਇਸ ਤਰ੍ਹਾਂ ਸਾਹਿਤ ਸਭਾਵਾਂ ਨੇ ਵੀ ਮੰਗ ਉਠਾਈ। ਪਰ ਏਨਾ ਪ੍ਰਭਾਵ ਨਾ ਪੈ ਸਕਿਆ ਜਿੰਨਾ ਅਕਾਲੀ ਪਾਰਟੀ ਨੇ ਪਾਇਆ ਸੀ। ਪੰਜਾਬ ਵਿਚ ਬਹੁ-ਗਿਣਤੀ ਮੁਸਲਿਮ ਧਰਮ ਨੂੰ ਮੰਨਣ ਵਾਲਿਆਂ ਦੀ ਸੀ ਅਤੇ ਹਿੰਦੂਆਂ ਦੀ ਅਬਾਦੀ ਸਿੱਖਾਂ ਨਾਲੋਂ ਵੱਧ ਸੀ।

ਉਪਰੋਕਤ ਦੋਹਾਂ ਨੇ ਸਿੱਖਾਂ ਦਾ ਸਾਥ ਨਾ ਦਿਤਾ। ਉਰਦੂ ਅਤੇ ਹਿੰਦੀ ਦਾ ਪ੍ਰਚਾਰ ਕਰਦੇ ਰਹੇ। ਜੇਕਰ ਤਿੰਨੇ ਗਰੁੁੱਪ ਸਮੂਹਿਕ ਤੌਰ ’ਤੇ ਹੰਭਲਾ ਮਾਰਦੇ ਤਾਂ ਪੰਜਾਬੀ ਨੂੰ ਪਹਿਲੇ ਸਥਾਨ ਤੋਂ ਕੋਈ ਨਹੀਂ ਰੋਕ ਸਕਦਾ ਸੀ। 14/15 ਅਗੱਸਤ, 1947 ਨੂੰ ਪਾਕਿਸਤਾਨ ਅਤੇ ਭਾਰਤ ਦੋ ਦੇਸ਼ ਬਣ ਗਏ। ਇਸ ਵੰਡ ਦੌਰਾਨ ਪੰਜਾਬੀ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੋਇਆ। ਪ੍ਰਵਾਸ ਕਰ ਕੇ ਲੋਕ ਮਨਭਾਉਂਦੇ ਦੇਸ਼ ਨੂੰ ਇਧਰ-ਉਧਰ ਤੁਰ ਪਏ।

ਦੁਨੀਆਂ ਵਿਚ ਧਰਮ ਅਤੇ ਬੋਲੀ ਦੀ ਸਾਂਝ ਬਹੁਤ ਤਕੜਾ ਰੋਲ ਅਦਾ ਕਰਦੀ ਹੈ।  ਜਿਵੇਂ ਅਸੀਂ ਵੇਖਿਆ ਹੈ ਕਿ ਲਗਭਗ 20 ਕੁ ਵਰ੍ਹੇ ਪਹਿਲਾਂ ਜਰਮਨੀ ਫਿਰ ਤੋਂ ਇਕਮੁਠ ਹੋ ਗਿਆ। ਇਸ ਦਾ ਕਾਰਨ ਇਹ ਸੀ ਕਿ ਪੂਰਬੀ ਅਤੇ ਪਛਮੀ ਜਰਮਨੀ ਦੇ ਲੋਕਾਂ ਦਾ ਧਰਮ ਅਤੇ ਭਾਸ਼ਾ ਇਕ ਸੀ ਜਦਕਿ ਯੂ.ਐਸ.ਐਸ.ਆਰ. ਪੰਦਰਾਂ ਦੇਸ਼ਾਂ ਵਿਚ ਵੰਡਿਆ ਗਿਆ। ਇਸ ਦਾ ਕਾਰਨ ਸੀ ਕਿ ਕਈ ਰੀਪਬਲਿਕਾਂ ਵਿਚ ਲੋਕਾਂ ਦੀ ਭਾਸ਼ਾ ਅਤੇ ਧਰਮ ਅੱਡ-ਅੱਡ ਸੀ। 

1947 ਤੋਂ ਪਿੱਛੋਂ ਪੂਰਬੀ ਪੰਜਾਬ ਦੇ ਉਰਦੂ ਪੱਖੀ ਪੰਜਾਬੀ ਮੁਸਲਮਾਨ ਪਾਕਿਸਤਾਨ ਚਲੇ ਗਏ ਅਤੇ ਪਛਮੀ ਪੰਜਾਬ ਦੇ ਲੋਕ ਭਾਰਤ ਆ ਗਏ। ਹੁਣ ਪੂਰਬੀ ਪੰਜਾਬ ਵਿਚ ਪੰਜਾਬੀ ਬੋਲੀ ਲਈ ਸਿੱਖਾਂ ਨੇ ਅਤੇ ਸਾਹਿਤ ਸਭਾਵਾਂ ਨੇ ਹੀ ਇਸ ਦੀ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਉਰਦੂ ਦੀ ਥਾਂ ਸਰਕਾਰੀ ਬੋਲੀ ਬਣਾਇਆ ਜਾਵੇ। ਉਦੋਂ ਦੇ ਮੁੱਖ ਮੰਤਰੀ ਭਾਰਗੋ ਨੇ ਦੋ ਬੋਲੀਆਂ ਪੰਜਾਬੀ ਅਤੇ ਹਿੰਦੀ ਮੰਨ ਲਈਆਂ। ਇਸ ਤਰ੍ਹਾਂ ਪੰਜਾਬ ਦੇ ਭਾਸ਼ਾ ਦੇ ਆਧਾਰ ’ਤੇ ਦੋ ਖੇਤਰ ਬਣ ਗਏ, ਇਕ ਪੰਜਾਬੀ ਖੇਤਰ ਅਤੇ ਦੂਜਾ ਹਿੰਦੀ ਖੇਤਰ। ਇਸ ਪ੍ਰਕਾਰ  ਪੰਜਾਬ ਦੇ ਹਿੰਦੀ ਪੱਖੀਆਂ ਨੇ ਪੰਜਾਬੀ ਨੂੰ ਮੰਨਣੋਂ ਇਨਕਾਰ ਕਰ ਦਿਤਾ।

1951 ਦੀ ਮਰਦਮਸ਼ੁਮਾਰੀ ਵਿਚ ਹਿੰਦੂ ਬਹੁ-ਗਿਣਤੀ ਅਤੇ ਅਨਸੂਚਿਤ ਜਾਤੀ ਵਾਲਿਆਂ ਨੇ ਅਪਣੀ ਭਾਸ਼ਾ ਹਿੰਦੀ ਦਰਜ ਕਰਵਾਈ। ਇਸ ਦੇ ਸਿੱਟੇ ਵਜੋਂ ਪੰਜਾਬ ਵਿਚ ਭਾਈਚਾਰਕ ਸਾਂਝ ਵਿਚ ਤ੍ਰੇੜਾਂ ਆ ਗਈਆਂ। ਪੰਜਾਬੀ ਪੱਖੀਆਂ ਨੇ ਪੰਜਾਬੀ ਨੂੰ ਉਚਿਤ ਥਾਂ ਦਿਵਾਉਣ ਲਈ ਰਾਜਨੀਤਿਕ ਤੌਰ ’ਤੇ ਸਰਗਰਮੀਆਂ ਅਰੰਭ ਕੀਤੀਆਂ। ਇਹਦੇ ਉਲਟ ਹਿੰਦੀਪੱਖੀਆਂ ਨੇ ਵੀ ਸਰਗਰਮੀਆਂ ਅਰੰਭ ਕੀਤੀਆਂ ਤਾਕਿ ਪੰਜਾਬੀ ਨੂੰ ਹੱਕ ਨਾ ਮਿਲ ਸਕੇ। ਭਾਰਗੋ ਪਿੱਛੋਂ ਭੀਮ ਸੇਨ ਸੱਚਰ ਪੰਜਾਬ ਦਾ ਮੁੱਖ ਮੰਤਰੀ ਬਣਿਆ। ਉਸ ਨੇ ਇਕ ਫ਼ਾਰਮੂਲਾ ਪੇਸ਼ ਕੀਤਾ, ਜਿਸ ਨੂੰ ਸੱਚਰ ਫ਼ਾਰਮੂਲਾ ਕਿਹਾ ਜਾਂਦਾ ਹੈ।

ਇਸ ਨੂੰ ਨੇਪਰੇ ਚਾੜ੍ਹਨ ਲਈ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿਚ ਸਰਗਰਮੀਆਂ ਅਰੰਭ ਕੀਤੀਆਂ ਪਰ ਇਹ ਫ਼ਾਰਮੂਲਾ ਹਿੰਦੀ ਪੱਖੀਆਂ ਨੇ ਕਾਮਯਾਬ ਨਾ ਹੋਣ ਦਿਤਾ। ਇਸ ਪ੍ਰਕਾਰ ਪੰਜਾਬੀ ਪੱਖੀਆਂ ਖ਼ਾਸ ਕਰ ਕੇ ਅਕਾਲੀਆਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਅਤੇ ਪਾਰਟੀ ਵਲੋਂ ਬਹੁਤ ਗਿ੍ਰਫ਼ਤਾਰੀਆਂ ਵੀ ਕਰਵਾਈਆਂ। ਭੀਮ ਸੇਨ ਸੱਚਰ ਨੇ ਇਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਹਰਿਮੰਦਰ ਸਾਹਿਬ ਵਿਖੇ ਲਾਠੀਚਾਰਜ ਦਾ ਹੁਕਮ ਦਿਤਾ। ਇਸ ਨਾਲ ਉਸ ਦੀ ਕਾਫ਼ੀ ਬਦਨਾਮੀ ਹੋਈ ਅਤੇ ਉਸ ਨੂੰ ਤਿਆਗ ਪੱਤਰ ਵੀ ਦੇਣਾ ਪਿਆ। ਉਸ ਪਿੱਛੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣਿਆ। ਪਰ ਫਿਰ ਵੀ ਪੰਜਾਬੀ ਨੂੰ ਉਚਿਤ ਥਾਂ ਨਾ ਮਿਲੀ।

ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਵੀ ਕਈ ਮੋਰਚੇ ਲਗਾਏ ਗਏ ਅਤੇ ਲੋਕਾਂ ਨੂੰ ਜਾਗਿ੍ਰਤ ਕਰਦੇ ਰਹੇ। ਇਸ ਦੇ ਮੁਕਾਬਲੇ ਹਿੰਦੀ ਪੱਖੀਆਂ ਨੇ ਹਿੰਦੀ ਅੰਦੋਲਨ ਸ਼ੁਰੂ ਕੀਤਾ। ਪ੍ਰਤਾਪ ਸਿੰਘ ਕੈਰੋਂ ਨੇ ਥੋੜੀ ਜਿਹੀ ਸਖ਼ਤੀ ਨਾਲ ਇਸ ਨੂੰ ਦਬਾ ਦਿਤਾ, ਜਦਕਿ ਅਕਾਲੀਆਂ ਨਾਲ ਬਹੁਤ ਸਖ਼ਤੀ ਹੋਈ। ਉਨ੍ਹਾਂ ’ਤੇ ਕਈ ਜੁਰਮਾਨੇ ਲਗਾਏ ਗਏ ਅਤੇ ਕਰੜੇ ਹੱਥੀਂ ਪੇਸ਼ ਆਇਆ। 1962 ਵਿਚ ਕੈਰੋਂ ਨੇ ਪੰਜਾਬ ਵਿਚ ਹਾਲਾਤ ਨੂੰ ਘੋਖਦੇ ਹੋਏ ਪੰਜਾਬੀ ਨੂੰ ਜ਼ਿਲ੍ਹਾ ਪੱਧਰ ’ਤੇ ਲਾਗੂ ਕਰ ਦਿਤਾ ਅਤੇ ਜ਼ਿਲ੍ਹਾ ਪੱਧਰ ’ਤੇ ਪੰਜਾਬੀ ਵਿਚ ਕੰਮ ਹੋਣ ਲੱਗਾ।

ਇਹ ਪੰਜਾਬੀ ਪ੍ਰੇਮੀਆਂ ਅਤੇ ਸਿੱਖਾਂ ਦੀ ਪਹਿਲੀ ਜਿੱਤ ਸੀ। ਪਰ ਇਹਦੇ ਨਾਲ ਪੰਜਾਬੀਆਂ ਨੂੰ ਜਿਹੜੇ ਉੱਚ ਦਰਜੇ ਦੀ ਥਾਂ ਮਿਲਣੀ ਚਾਹੀਦੀ ਸੀ ਨਹੀਂ ਮਿਲੀ। ਮਾਸਟਰ ਤਾਰਾ ਸਿੰਘ ਪਿੱਛੋਂ ਸੰਤ ਫ਼ਤਿਹ ਸਿੰਘ ਨੇ ਅਗਵਾਈ ਕੀਤੀ। ਉਸ ਦੀ ਅਗਵਾਈ ਹੇਠ ਪੰਜਾਬੀ ਨੂੰ ਉਚਿਤ ਥਾਂ ਦਿਵਾਉਣ ਲਈ ਸਰਗਰਮੀਆਂ ਸ਼ੁਰੂ ਕੀਤੀਆਂ। ਜਦੋਂ ਪੰਜਾਬੀਆਂ ਦੀ ਮੰਗ ਨੂੰ ਬੂਰ ਨਾ ਪਿਆ ਤਾਂ ਸੰਤ ਫ਼ਤਿਹ ਸਿੰਘ ਨੇ ਮਰਨ ਵਰਤ ਰੱਖ ਲਿਆ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੇ ਵੀ ਮਰਨ ਵਰਤ ਰਖਿਆ ਸੀ, ਪਰ ਸਫ਼ਲ ਨਾ ਹੋ ਸਕਿਆ। 1964 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਪਿੱਛੋਂ ਲਾਲ ਬਹਾਦੁਰ ਸ਼ਾਸਤਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ।

ਇਸ ਦੀ ਕੈਬਨਿਟ ਵਿਚ ਇੰਦਰਾ ਗਾਂਧੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਬਣੀ। ਉਸ ਨੇ ਜਲੰਧਰ ਰੇਡਿਓ ਤੋਂ ਹਿੰਦੀ ਦੀ ਥਾਂ ਪੰਜਾਬੀ ਬੋਲਣੀ ਸ਼ੁਰੂ ਕਰਵਾ ਦਿਤੀ। ਕੁਦਰਤੀ 1965 ਵਿਚ ਭਾਰਤ-ਪਾਕਿਸਤਾਨ ਦੀ ਲੜਾਈ ਸ਼ੁਰੂ ਹੋ ਗਈ। ਦੂਜੇ ਪਾਸੇ ਸ਼ਾਸਤਰੀ ਜੀ ਨੇ ਫ਼ਤਿਹ ਸਿੰਘ ਨੂੰ ਅਪੀਲ ਕੀਤੀ ਕਿ ਉਹ ਮਰਨ ਵਰਤ ਛੱਡ ਦੇਵੇ ਅਤੇ ਉਸ ਨੇ ਮਰਨ ਵਰਤ ਛੱਡ ਦਿਤਾ। ਇਸ ਪ੍ਰਕਾਰ ਪੰਜਾਬੀ ਸੂਬੇ ਦੀ ਪਛਾਣ ਲਈ ਸ. ਹੁਕਮ ਸਿੰਘ (ਸਪੀਕਰ ਲੋਕ ਸਭਾ) ਦੀ ਅਗਵਾਈ ਹੇਠ ਇਕ ਕਮੇਟੀ ਬਣਾਈ। ਇਹ ਕਮੇਟੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪਛਾਣਨ ਲਈ ਬਣਾਈ ਗਈ ਸੀ। 

ਕਈ ਦਿਨਾਂ ਦੀ ਲੜਾਈ ਪਿੱਛੋਂ ਰੂਸ ਨੇ ਲੜਾਈ ਬੰਦ ਕਰਵਾਉਣ ਲਈ ਦੋਹਾਂ ਮੁਲਕਾਂ ਦੀ ਤਾਸ਼ਕੰਦ (ਉਜ਼ਬੇਕਸਤਾਨ) ਵਿਚ ਸਮਝੌਤੇ ਲਈ ਮੀਟਿੰਗ ਬੁਲਾਈ। ਉਥੇ ਲਾਲ ਬਹਾਦੁਰ ਸ਼ਾਸਤਰੀ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਇਕੱਠੇ ਹੋਏ। ਇਸ ਤਰ੍ਹਾਂ ਇਨ੍ਹਾਂ ਨੇ ਰੂਸ ਦੇ ਦਬਾਅ ਹੇਠ ਆ ਕੇ ਆਪਸ ਵਿਚ ਸਮਝੌਤਾ ਕਰ ਲਿਆ। ਉਥੇ ਲਾਲ ਬਹਾਦੁਰ ਸ਼ਾਸਤਰੀ ਦੀ ਦਿਲ ਦੇ ਦੌਰੇ ਕਰ ਕੇ ਮੌਤ ਹੋ ਗਈ। 

ਇਸ ਪਿੱਛੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ। ਉਸ ਦੇ ਹੁਕਮ ’ਤੇ ਸ਼ਾਹ ਕਮਿਸ਼ਨ ਦੀ ਅਗਵਾਈ ਹੇਠ ਪੰਜਾਬੀ ਸੂਬੇ ਦਾ ਐਲਾਨ ਕੀਤਾ। ਪੰਜਾਬੀ ਇਲਾਕਾ ਖਰੜ ਅਤੇ ਚੰਡੀਗੜ੍ਹ ਪੰਜਾਬ ’ਚੋਂ ਕੱਢ ਕੇ ਹਰਿਆਣੇ ਨੂੰ ਦਿਤਾ ਜਾਵੇ। ਦੂਜੇ ਪਾਸੇ ਕਾਂਗੜਾ ਅਤੇ ਹੁਸ਼ਿਆਰਪੁਰ ਦੇ ਇਲਾਕੇ ਕੱਟ ਕੇ ਹਿਮਾਚਲ ਨੂੰ ਦਿਤੇ ਜਾਣ ਅਤੇ ਆਨੰਦਪੁਰ ਨੂੰ ਵੀ ਹਿਮਾਚਲ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ। ਇਹਦੇ ਵਿਚ ਜਸਟਿਸ ਦਾਸ ਦੀ ਕੋਈ ਕਮਜ਼ੋਰੀ ਨਹੀਂ ਸੀ। ਇਹ ਪੰਜਾਬੀ ਕਪੁੱਤਾਂ ਦੀ ਗ਼ਲਤੀ ਸੀ। ਇਸ ਤਰ੍ਹਾਂ ਭਾਸ਼ਾ ਨੂੰ 1961 ਦੀ ਮਰਦਮਸ਼ੁਮਾਰੀ ਅਤੇ ਤਹਿਸੀਲ ਯੂਨਿਟ ਮੰਨ ਲਿਆ ਗਿਆ। ਇਸ ਅਨਿਆਂ ਨੂੰ ਵੇਖ ਕੇ ਪੰਜਾਬੀ ਕਾਂਗਰਸੀ ਸਿੱਖਾਂ ਵਿਚ ਹਾਹਾਕਾਰ ਮਚ ਗਈ। ਉਸ ਵੇਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਰੰਜਨ ਸਿੰਘ ਤਾਲਬ ਸੀ।

ਉਹ ਇਕ ਪ੍ਰਤੀਨਿਧ ਮੰਡਲ ਨੂੰ ਨਾਲ ਲੈ ਕੇ ਸਵਰਨ ਸਿੰਘ ਸਮੇਤ ਇੰਦਰਾ ਗਾਂਧੀ ਨੂੰ ਮਿਲੇ। ਇਸ ਤਰ੍ਹਾਂ ਉਨ੍ਹਾਂ ਨੇ ਅਪਣੀ ਦਲੀਲ ਨਾਲ ਪ੍ਰਧਾਨ ਮੰਤਰੀ ਨੂੰ ਕਾਇਲ ਕੀਤਾ ਅਤੇ ਕਿਹਾ ਕਿ ਉਹ ਅਨੰਦਪੁਰ ਸਾਹਿਬ, ਖਰੜ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਵੇ। ਜੇਕਰ ਅਜਿਹਾ ਨਹੀਂ ਕਰਦੇ ਤਾਂ ਕਿਸੇ ਨੂੰ ਨਾ ਦੇਵੇ। ਇੰਦਰਾ ਗਾਂਧੀ ਨੇ ਅਨੰਦਪੁਰ ਅਤੇ ਖਰੜ ਤਾਂ ਪੰਜਾਬ ਨੂੰ ਦੇਣਾ ਮੰਨ ਲਿਆ ਪਰ ਚੰਡੀਗੜ੍ਹ ਦੇਣਾ ਨਾ ਮੰਨੀ। ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿਤਾ। ਇਸ ਪ੍ਰਕਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ (ਯੂ.ਟੀ.) ਹੋਂਦ ਵਿਚ ਆਇਆ। 

ਪੰਜਾਬ ਦੀ ਵੰਡ ਪਿੱਛੋਂ ਪੰਜਾਬ ਦਾ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਿਰ ਬਣਿਆ। ਉਸ ਦੀ ਅਗਵਾਈ ਵਿਚ ਚੋਣਾਂ ਕਰਵਾਈਆਂ ਗਈਆਂ। ਸਿੱਟੇ ਵਜੋਂ ਸਾਂਝੇ ਫ਼ਰੰਟ ਦੀ ਸਰਕਾਰ ਬਣੀ। ਇਸ ਦਾ ਮੁਖੀ ਜਸਟਿਸ ਗੁਰਨਾਮ ਸਿੰਘ ਬਣਿਆ। ਇਸ ਪ੍ਰਕਾਰ ਉਹ ਵੀ ਇਸ ਮਨੋਰਥ ਵਿਚ ਅਸਫ਼ਲ ਰਿਹਾ। ਪਿੱਛੋਂ ਬਗ਼ਾਵਤ ਹੋਣ ਕਰ ਕੇ ਪੰਜਾਬ ਦਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਬਣਿਆ, ਜਿਸ ਦੀ ਹਮਾਇਤ ਕਾਂਗਰਸ ਨੇ ਕੀਤੀ।

ਗਿੱਲ ਨੇ ਪੰਜਾਬੀ ਨੂੰ ਸਕੱਤਰੇਤ ਤਕ ਲਾਗੂ ਕੀਤਾ ਅਤੇ ਸਿਖਿਆ ਦਾ ਉੱਚ ਮਾਧਿਅਮ ਪੰਜਾਬੀ ਨੂੰ ਬਣਾਇਆ। ਇਸ ਤੋਂ ਇਲਾਵਾ ਉਸ ਨੇ ਪੰਜਾਬ ਵਿਚ ਲਿੰਕ ਰੋਡ ਵੀ ਬਣਵਾਏ, ਜਿਸ ਕਰ ਕੇ ਪੰਜਾਬੀ ਪੇਂਡੂ ਲੋਕਾਂ ਨੂੰ ਬਹੁਤ ਲਾਭ ਹੋਇਆ।

ਇਸ ਪਿੱਛੋਂ ਆਈਆਂ ਪੰਜਾਬ ਦੀਆਂ ਸਰਕਾਰਾਂ ਦੀ ਤੁਲਨਾ ਕੀਤੀ ਜਾਵੇ ਤਾਂ ਉਹਦੇ ਮੁਕਾਬਲੇ ਕੋਈ ਵੀ ਸਰਕਾਰ ਪੰਜਾਬ ਸੂਬੇ ਦੀ ਅਕਾਸੀ ਨਹੀਂ ਕਰਦੀ। 1981 ਵਿਚ ਕੇਂਦਰੀ ਪੰਜਾਬੀ ਸਭਾ ਦੀ ਕਾਨਫ਼ਰੰਸ ਜਲੰਧਰ ਵਿਖੇ ਹੋਈ, ਜਿਸ ਵਿਚ ਕਈ ਮਾਮਲੇ ਵਿਚਾਰੇ ਗਏ। ਇਕ ਮੁਸਲਮਾਨ ਲਿਖਾਰੀ ਖ਼ਾਲਿਦ ਹੁਸੈਨ ਨੇ ਪੰਜਾਬੀ ਨੂੰ ਸ਼ਾਹਮੁਖੀ ਲਿੱਪੀ ਵਿਚ ਲਿਖਣ ਲਈ ਪ੍ਰਸਤਾਵ ਰਖਿਆ। ਉਦੋਂ ਦੇ ਪ੍ਰਧਾਨ ਸਾਧੂ ਸਿੰਘ ਹਮਦਰਦ ਦੀ ਪ੍ਰਧਾਨਗੀ ਵਿਚ ਇਹ ਪ੍ਰਸਤਾਵ ਰੱਦ ਕਰ ਦਿਤਾ ਗਿਆ। 

ਫ਼ਾਰਸੀ ਸਾਹਿਤ ਇਤਿਹਾਸ ਦੇ ਕਰਤਾ ਜਾਰਜ ਬਰਾਊਨ ਦੇ ਪੰਜਾਬੀ ਤਰਜਮੇ ਵਿਚੋਂ ਪਤਾ ਲਗਦਾ ਹੈ ਕਿ ਈਰਾਨ ਦੀ ਸਲਤਨਤ ਕਿੰਨੀ ਵੱਡੀ ਸੀ ਅਤੇ ਉਹ ਕਿਵੇਂ ਖ਼ਤਮ ਹੋ ਗਈ। ਅਰਬ ਤੋਂ ਉਠੇ ਵਲਵਲੇ ਵਾਲੇ ਮੁਸਲਮ ਧਰਮ ਨੇ ਈਰਾਨ ’ਤੇ ਕਬਜ਼ਾ ਕਰ ਲਿਆ। ਉਥੇ ਦੇ ਲੋਕਾਂ ਨੂੰ ਹੁਕਮ ਜਾਰੀ ਕੀਤਾ ਗਿਆ ਕਿ ਜਿਸ ਨੇ ਸਰਕਾਰੀ ਨੌਕਰੀ ਕਰਨੀ ਹੈ, ਉਸ ਨੂੰ ਅਰਬੀ ਲਿੱਪੀ ਅਤੇ ਬੋਲੀ ਅਤੇ ਇਸਲਾਮ ਗ੍ਰਹਿਣ ਕਰਨਾ ਪਵੇਗਾ।

ਕੁਦਰਤੀ ਬਹੁਤ ਲੋਕਾਂ ਨੇ ਉਸ ਨੂੰ ਕਬੂਲ ਕਰ ਲਿਆ। ਇਸ ਪ੍ਰਕਾਰ ਉਨ੍ਹਾਂ ਨੇ ਅਪਣੇ ਪਿਛੋਕੜ ਨੂੰ ਛੱਡ ਦਿਤਾ। ਈਰਾਨ ਦੇ ਪਿਛੋਕੜ ਦਾ ਫਿਰਦੋਸੀ ਦੇ ਸ਼ਾਹਨਾਮੇ ਤੋਂ ਪਤਾ ਲਗਦਾ ਹੈ ਕਿ ਉਹ ਅਪਣੀ ਬੋਲੀ, ਸਭਿਆਚਾਰ, ਧਰਮ, ਰੂਲ, ਅਤੇ ਭੂਗੋਲਿਕ ਤੌਰ ’ਤੇ ਕਾਫ਼ੀ ਅਮੀਰ ਸੀ। ਉਸ ਵੇਲੇ ਚੀਨ ਅਤੇ ਤੁਰਕੀ ਦੀ ਸਲਤਨਤ ਈਰਾਨ ਦੀ ਸਲਤਨਤ ਤੋਂ ਕਾਫ਼ੀ ਭੈਅ ਖਾਂਦੀ ਸੀ ਅਤੇ ਭਾਰਤ ਦੇ ਰਾਜੇ ਵੀ ਈਰਾਨ ਨੂੰ ਟੈਕਸ ਭਰਦੇ ਸਨ। ਇਸ ਪ੍ਰਕਾਰ ਅਜਿਹੀ ਵੱਡੀ ਸਲਤਨਤ ਨੂੰ ਅਰਬੀਆਂ ਨੇ ਬਰਬਾਦ ਕਰ ਕੇ ਰੱਖ ਦਿਤਾ। ਬੰਬੇ ਤੋਂ ਛਪੀ ਕਿਤਾਬ ‘ਏਨਸ਼ੀਐਂਟ ਰਿਲੀਜਨ ਆਫ਼ ਈਰਾਨ’ ਵਿਚ ਦਸਿਆ ਹੈ ਕਿ ਕਿਵੇਂ ਥੋੜ੍ਹੇ ਜਿਹੇ ਹੌਸਲੇ ਵਾਲੇ ਪਾਰਸੀ ਲੋਕ ਸਮੁੰਦਰੀ ਰਸਤੇ ਰਾਹੀਂ ਬੰਬੇ ਅਤੇ ਗੁਜਰਾਤ ਵਿਚ ਦਾਖ਼ਲ ਹੋਏ। ਉਨ੍ਹਾਂ ਦੀਆਂ ਔਲਾਦਾਂ ਅਜੇ ਵੀ ਬੰਬੇ ਅਤੇ ਗੁਜਰਾਤ ਦੇ ਇਲਾਕਿਆਂ ਵਿਚ ਰਹਿ ਰਹੀਆਂ ਹਨ ਅਤੇ ਅਜੇ ਵੀ ਉਨ੍ਹਾਂ ਨੇ ਅਪਣੇ ਪਿਛੋਕੜ ਨੂੰ ਸੰਭਾਲਿਆ ਹੋਇਆ ਹੈ। 
ਪੰਜਾਬੀ ਬੋਲੀ ਦਾ ਭੁਗੋਲਿਕ ਖੇਤਰ ਘੱਗਰ ਦਰਿਆ ਤੋਂ ਲੈ ਦਰਿਆ ਸਿੰਧ ਤਕ ਹੈ। ਪਰ ਜੇਕਰ ਸ਼ਬਦਾਵਲੀ ਵੇਖੀ ਜਾਵੇ ਤਾਂ ਇਹ ਘੱਗਰ ਦਰਿਆ ਨੂੰ ਟੱਪ ਕੇ ਹਰਿਆਣਾ ਅਤੇ ਰਾਜਸਥਾਨ ਤਕ ਹੈ। ਦੂਜੇ ਪਾਸੇ ਇਸ ਦੇ ਚਿੰਨ੍ਹ ਸਿੰਧ ਦੇ ਪਾਰ ਵੀ ਮਿਲਦੇ ਹਨ, ਜਿਸ ਨੂੰ ਹਿੰਦਕੋ ਕਿਹਾ ਜਾਂਦਾ ਹੈ। ਜੇਕਰ ਯਦਾਰਥ ਦੀ ਨਿਗਾਹ ਨਾਲ ਵੇਖਿਆ ਜਾਵੇ, ਜੰਮੂ ਅਤੇ ਕਸ਼ਮੀਰ ਦੀ ਪਹਿਲੀ ਭਾਸ਼ਾ ਪੰਜਾਬੀ ਬੋਲੀ ਹੈ ਜਦਕਿ ਕਸ਼ਮੀਰੀ ਥੋੜ੍ਹੇ ਜਿਹੇ ਇਲਾਕੇ ਵਿਚ ਬੋਲੀ ਜਾਂਦੀ ਹੈ।

ਇੱਥੋਂ ਦੀ ਅਧਿਕਾਰਤ ਭਾਸ਼ਾ ਉਰਦੂ ਹੈ ਕਿਉਂਕਿ ਕਸ਼ਮੀਰ ਵਿਚ 67% ਮੁਸਲਮਾਨ ਹਨ, ਇਸ ਕਰ ਕੇ ਉਨ੍ਹਾਂ ਨੇ ਉਰਦੂ ਨੂੰ ਮੰਨਿਆ ਹੋਇਆ ਹੈ। ਜਦਕਿ ਉਥੇ ਉਰਦੂ ਬੋਲਣ ਵਾਲਾ ਨਾ ਕੋਈ ਇਲਾਕਾ ਹੈ ਅਤੇ ਨਾ ਹੀ ਲੋਕ ਉਰਦੂ ਬੋਲਦੇ ਹਨ। ਇੱਥੇ ਪੰਜਾਬੀ ਨੂੰ ਦੂਜਾ ਦਰਜਾ ਤਾਂ ਦਿਤਾ ਹੈ ਪਰ ਲਾਗੂ ਨਹੀਂ ਕੀਤਾ ਗਿਆ।

ਹਿਮਾਚਲ ਪ੍ਰਦੇਸ਼ ਇਕ ਬਹੁ-ਗਿਣਤੀ ਪੰਜਾਬੀ ਭਾਸ਼ੀ ਹੈ ਜਦਕਿ ਅਧਿਕਾਰਤ ਭਾਸ਼ਾ ਹਿੰਦੀ ਹੈ ਕਿਉਂਕਿ ਹਿਮਾਚਲ ਵਿਚ ਬਹੁ-ਗਿਣਤੀ ਹਿੰਦੂਆਂ ਦੀ ਹੈ।
ਹਰਿਆਣਾ ਵਿਚ ਸਾਹਿਤ ਅਕੈਡਮੀ ਰਾਹੀਂ ਸਰਵੇ ਕਰਵਾਇਆ ਗਿਆ ਹੈ ਕਿ ਹਰਿਆਣੇ ਵਿਚ ਕਿਤੇ ਵੀ ਹਿੰਦੀ ਨਹੀਂ ਬੋਲੀ ਜਾਂਦੀ। ਜਦਕਿ ਇੱਥੇ ਦੀ ਸਰਕਾਰੀ ਬੋਲੀ ਹਿੰਦੀ ਹੈ। ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 30% ਹੈ।  ਇੱਥੇ ਸਿੱਖਾਂ ਨੂੰ ਛੱਡ ਕੇ ਕੋਈ ਵੀ ਪੰਜਾਬੀ ਭਾਸ਼ਾ ਨਹੀਂ ਦਰਜ ਕਰਵਾਉਂਦਾ। ਹੁੱਡਾ ਸਰਕਾਰ ਨੇ ਪੰਜਾਬੀ ਨੂੰ ਦੂਜਾ ਦਰਜਾ ਦਿਤਾ। 

ਦਿੱਲੀ ਵਿਚ ਵੀ 50% ਨਾਲੋਂ ਜ਼ਿਆਦਾ ਪੰਜਾਬੀ ਹਨ ਜਦਕਿ ਇੱਥੇ ਦੀ ਵੀ ਪਹਿਲੀ ਭਾਸ਼ਾ ਹਿੰਦੀ ਹੈ ਕਿਉਂਕਿ ਇੱਥੇ ਵੀ ਬਹੁ-ਗਿਣਤੀ ਹਿੰਦੂਆਂ ਦੀ ਹੈ। ਇੱਥੇ ਪੰਜਾਬੀ ਅਤੇ ਉਰਦੂ ਨੂੰ ਦੂਜਾ ਦਰਜਾ ਦਿਤਾ ਗਿਆ ਹੈ ਜਦਕਿ ਇੱਥੇ ਉਰਦੂ ਆਟੇ ਵਿਚ ਲੂਣ ਦੇ ਬਰਾਬਰ ਹੈ। ਉਰਦੂ ਨੂੰ ਦੂਜਾ ਦਰਜਾ ਦੇਣ ਦਾ ਅਰਥ ਹੈ ਕਿ ਇੱਥੇ ਪੰਜਾਬੀ ਨੂੰ ਨੁਕਸਾਨ ਪਹੁੰਚਾਉਣਾ ਹੈ।

ਸਿੰਗਾਪੁਰ ਵਿਚ ਪੰਜਾਬੀ ਦੂਜੀ ਭਾਸ਼ਾ ਹੈ ਜਦਕਿ ਕੈਨੇਡਾ ਵਿਚ ਇਸ ਨੂੰ ਚੌਥੀ ਭਾਸ਼ਾ ਮੰਨਿਆ ਜਾਂਦਾ ਹੈ। ਬਰਤਾਨੀਆ ਵਿਚ ਵੀ ਇਸ ਦੀ ਮੰਗ ਉੱਠੀ ਸੀ ਪਰ ਉੱਥੇ ਮੁਸਲਮਾਨ ਪੰਜਾਬੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਪ੍ਰਕਾਰ ਪੰਜਾਬੀ ਨੂੰ ਦਰਜਾ ਮਿਲਦਾ-ਮਿਲਦਾ ਰੁਕ ਗਿਆ। 

ਪਾਕਿਸਤਾਨ ਵਿਚ ਇਕ ਪੰਜਾਬੀ ਲਿਖਾਰੀ ਅਨੁਸਾਰ ਪੰਜਾਬੀ ਲਗਭਗ 70% ਹਨ। ਪਰ ਕੌਮੀ ਬੋਲੀ ਉਰਦੂ ਮੰਨ ਲਈ ਗਈ ਹੈ। ਜਦਕਿ ਹੱਕ ਬਹੁ-ਗਿਣਤੀ ਪੰਜਾਬੀ ਦਾ ਸੀ। ਇਹ ਸਰਾਸਰ ਧੱਕਾ ਹੈ ਕਿ ਪੰਜਾਬ ਵਿਚ ਪੰਜਾਬੀਆਂ ਦੀ ਗਿਣਤੀ 100 ਫ਼ੀ ਸਦੀ ਦੇ ਨੇੜੇ ਹੈ ਜਦਕਿ ਉਥੇ ਦੀ ਸਰਕਾਰੀ ਬੋਲੀ ਉਰਦੂ ਹੈ। ਇਸ ਸਮੇਂ ਪੰਜਾਬ ਵਿਚ ਪਾਕਿਸਤਾਨੀ ਲੋਕਾਂ ਦਾ ਹੀ ਰਾਜ ਹੈ ਨਾ ਕਿ ਅੰਗਰੇਜ਼ਾਂ ਦਾ ਕਿ ਇਹ ਬਹਾਨਾ ਬਣਾਇਆ ਜਾਵੇ ਕਿ ਪਾਕਿਸਤਾਨ ਅੰਗਰੇਜ਼ਾਂ ਦੀ ਬਸਤੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਪਾਕਿਸਤਾਨੀ ਪੰਜਾਬੀ, ਪੰਜਾਬੀ ਤੋਂ ਨਫ਼ਰਤ ਕਰਦੇ ਹਨ। ਉਹ ਪੰਜਾਬੀ ਬੋਲਦੇ ਤਾਂ ਹਨ ਪਰ ਇਸ ਨੂੰ ਅਧਿਕਾਰਤ ਦਰਜਾ ਨਹੀਂ ਦਿੰਦੇ। ਇਹ ਕਿੰਨਾ ਵੱਡਾ ਦਵੰਦ ਹੈ।

ਪਾਕਿਸਤਾਨ ਦੇ ਕੁੱਝ ਲਿਖਾਰੀ ਅਰਬੀ ਲਿੱਪੀ ਵਿਚ ਪੰਜਾਬੀ ਲਿਖਦੇ ਹਨ ਅਤੇ ਭਾਰਤ ਵਿਚ ਆ ਕੇ ਭਾਂਤ-ਭਾਂਤ ਦੇ ਬਿਆਨ ਦਿੰਦੇ ਹਨ। ਜਿਵੇਂ ਖੜੀ ਬੋਲੀ ਨੂੰ ਅਰਬੀ ਲਿੱਪੀ ਵਿਚ ਲਿਖ ਕੇ ਉਰਦੂ ਬਣਿਆ ਹੈ, ਉਸੇ ਤਰ੍ਹਾਂ ਦੇਵਨਾਗਰੀ ਵਿਚ ਲਿਖ ਕੇ ਹਿੰਦੀ ਬਣ ਗਈ ਹੈ। ਇਸ ਪ੍ਰਕਾਰ ਪੰਜਾਬੀ ਦਾ ਵੀ ਇਹੀ ਹਾਲ ਕਰਨਗੇ। ਭਾਸ਼ਾ ਵਿਗਿਆਨਕ ਤੌਰ ’ਤੇ ਕਿਸੇ ਬੋਲੀ ਨੂੰ ਲਿਖਣ ਲਈ ਅੱਖਰਾਂ ਦੀ ਲੋੜ ਹੁੰਦੀ ਹੈ। ਉਹ ਅੱਖਰ ਜਿਹੜੇ ਭਾਸ਼ਾ ਨੂੰ ਸਹੀ-ਸਹੀ ਲਿਖ ਸਕਦੇ ਹੋਣ ਅਤੇ ਉਸ ਵਿਚ ਭਾਸ਼ਾ ਲਿਖੀ ਜਾ ਸਕੇ। ਅਰਬੀ ਲਿੱਪੀ ਪੰਜਾਬੀ ਦੀਆਂ ਸਿਰਫ਼ 10 ਧੁਨੀਆਂ ਹੀ ਪ੍ਰਗਟ ਕਰ ਸਕਦੀ ਹੈ ਅਤੇ ਬਾਕੀ ਨਹੀਂ।

ਪਾਣਿਨੀ ਦੀ ਵਿਆਕਰਣ ਵਿਚ ਸੰਸਕਿ੍ਰਤ ਦੀਆਂ 43 ਧੁਨੀਆਂ ਮੰਨੀਆਂ ਗਈਆਂ ਹਨ। ਦੇਵਨਾਗਰੀ ਤੋਂ ਪਹਿਲਾਂ ਸੰਸਕਿ੍ਰਤ ਕਿਸ ਲਿਪੀ ਵਿਚ ਲਿਖੀ ਜਾਂਦੀ ਸੀ ਇਸ ਦਾ ਕੋਈ ਪੱਕਾ ਸਬੂਤ ਨਹੀਂ ਮਿਲਦਾ। ਭਾਰਤ ਦੇ ਪੁਰਾਤੱਤਵ ਲੇਖਾਂ ਤੋਂ ਪਤਾ ਲਗਦਾ ਹੈ ਕਿ ਸੰਸਕਿ੍ਰਤ ਵੱਖੋ-ਵੱਖਰੀਆਂ ਲਿੱਪੀਆਂ ਵਿਚ ਲਿਖੀ ਜਾਂਦੀ ਰਹੀ ਹੈ। ਭਾਰਤ ਵਿਚ ਜਿਹੜੀਆਂ ਹਿੰਦੂਆਂ ਦੁਆਰਾ ਲਹਿਰਾਂ ਚਲਾਈਆਂ ਗਈਆਂ ਹਨ, ਉਸ ਕਰ ਕੇ ਸੰਸਕਿ੍ਰਤ ਦੇਵਨਾਗਰੀ ਵਿਚ ਲਿਖਣੀ ਸ਼ੁਰੂ ਕਰ ਦਿਤੀ।

ਹਿੰਦੀ ਦੀ ਅਪਣੀ ਲਿੱਪੀ ਨਾ ਹੋਣ ਕਰ ਕੇ ਇਸ ਨੇ ਦੇਵਨਾਗਰੀ ਨੂੰ ਅਪਣਾ ਲਿਆ। ਪਰ ਫਿਰ ਵੀ ਇਹ ਹਿੰਦੀ ਨੂੰ ਲਿਖਣ ਲਈ ਅਸਮਰੱਥ ਦੇਵਨਾਗਰੀ ਦੇ ਅੱਖਰਾਂ ਉੱਤੇ ਅਤੇ ਅੱਖਰਾਂ ਨਾਲ ਚਿੰਨ੍ਹਾਂ ਨੂੰ ਲਾ ਕੇ ਬੁੱਤਾ ਸਾਰਿਆ ਜਾਂਦਾ ਹੈ। ਪੰਜਾਬੀ ਨੂੰ ਪ੍ਰਚਲਿਤ ਕਰਨ ਲਈ ਪੰਜਾਬੀ ਦੀ ਲਿਪੀ ਗੁਰਮੁਖੀ ਲਿਪੀ ਨੂੰ ਪ੍ਰਸਿੱਧ ਕਰਨ ਦੀ ਲੋੜ ਹੈ। ਜੇਕਰ ਅਸੀਂ ਅੰਗਰੇਜ਼ੀ ਸ਼ਬਦਾਵਲੀ ਵੇਖੀਏ ਤਾਂ ਇਹ 10 ਲੱਖ ਤੋਂ ਉੱਪਰ ਹੈ। ਇਸ ਕਰ ਕੇ ਪੰਜਾਬੀ ਦੀ ਕੋਸ਼ਕਾਰੀ ਦੇ ਕੰਮ ’ਤੇ ਜ਼ੋਰ ਦੇਣ ਦੀ ਜ਼ਰੂਰਤ ਹੈ। ਜਿਹੜੇ ਮਾਂ-ਬੋਲੀ ਪੰਜਾਬੀ ਦੇ ਪੁੱਤਰ ਕਪੁੱਤਰ ਬਣ ਚੁੱਕੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ। ਸੰਸਾਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 15 ਕਰੋੜ ਤੋਂ ਉੱਪਰ ਹੈ। 

ਟੀ.ਡਬਲਿਊ. ਰਿਸ਼ੀ ਵਲੋਂ ਲਿਖੀ ਗਈ ਤਿੰਨ ਭਾਸ਼ਾਈ ਡਿਕਸ਼ਨਰੀ ਅੰਗਰੇਜ਼ੀ, ਰੂਮਾਨੀ ਅਤੇ ਪੰਜਾਬੀ, ਵਿਚ ਦਸਿਆ ਹੈ ਕਿ ਯੂਰਪੀ ਜਿਪਸੀ ਲੋਕਾਂ ਦਾ ਪਿਛੋਕੜ ਪੰਜਾਬੀ ਹੈ। ਦੂਜੀਆਂ ਭਾਸ਼ਾਵਾ ਦੇ ਪ੍ਰਭਾਵ ਕਰ ਕੇ ਉਨ੍ਹਾਂ ਦੇ ਫ਼ੋਨੈਟਿਕਸ ’ਤੇ ਪ੍ਰਭਾਵ ਪੈ ਗਿਆ। ਸਾਨੂੰ ਸਾਰੇ ਦੇਸੀ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਨੂੰ ਇਕੱਠੇ ਕਰਨ ਦੀ ਵੀ ਲੋੜ ਹੈ ਤਾਕਿ ਉਹ ਅਪਣੇ ਪਿਛੋਕੜ ਨਾਲ ਜੁੜੇ ਰਹਿਣ। ਅੰਗਰੇਜ਼ੀ ਬਸਤੀਵਾਦ ਦਾ ਪੰਜਾਬ, ਪੰਜਾਬੀਆ ਦਾ ਧੁਰਾ ਹੈ। ਜੇ ਅਸੀਂ ਇਸ ਧੁਰੇ ਤੋਂ ਟੁੱਟ ਗਏ ਤਾਂ ਪੰਜਾਬੀ ਦਾ ਹਾਲ ਲਾਤੀਨੀ, ਹੀਬਰੂ, ਪੁਰਾਣੀ ਪਾਰਸੀ ਅਤੇ ਸੰਸਕਿ੍ਰਤ ਵਾਲਾ ਹੋਵੇਗਾ। 


ਸਾਡੀ ਕਾਰ ਮੁੰਬਈ ਦੀਆਂ ਸੜਕਾਂ ਉਤੇ ਦੌੜਦੀ ਜਾ ਰਹੀ ਸੀ ਤੇ ਮੈਂ ਬਾਹਰ ਦੁਕਾਨਾਂ, ਦਫ਼ਤਰਾਂ ਦੇ ਮੱਥਿਆਂ ਉਤੇ ਲੱਗੇ ਬੋਰਡ ਵੇਖ ਰਿਹਾ ਸੀ। ਜਗਜੀਤ ਨੇ ਮੇਰੇ ਨਾਲ ਕੋਈ ਗੱਲ ਕਰਨੀ ਚਾਹੀ ਪਰ ਮੈਂ ਕਿਹਾ, ਮੈਨੂੰ ਅਜੇ ਨਾ ਬੁਲਾਉ, ਮੈਂ ਕੋਈ ਜ਼ਰੂਰੀ ਚੀਜ਼ ਵੇਖ ਰਿਹਾ ਹਾਂ। ਜ਼ਰੂਰੀ ਚੀਜ਼ ਇਹੀ ਸੀ ਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਕਿਸੇ ਇਕ ਵੀ ਦੁਕਾਨ ਦੇ ਬਾਹਰ, ਮਰਾਠੀ ਦੀ ਬਜਾਏ ਸ਼ਾਇਦ ਕਿਸੇ ਹੋਰ ਭਾਸ਼ਾ ਦਾ ਬੋਰਡ ਲੱਭ ਜਾਏ। ਨਹੀਂ, ਮੈਨੂੰ ਅਜਿਹਾ ਇਕ ਵੀ ਬੋਰਡ ਨਾ ਮਿਲ ਸਕਿਆ। ਇਹ ਨਹੀਂ ਕਿ ਦੂਜੀਆਂ ਭਾਸ਼ਾਵਾਂ ਵਿਚ ਲਿਖਣਾ ਹੀ ਮਨ੍ਹਾਂ ਹੈ ਪਰ ਪਹਿਲੀ ਭਾਸ਼ਾ ਮਰਾਠੀ ਹੀ ਹੋਣੀ ਚਾਹੀਦੀ ਹੈ ਤੇ ਮੋਟੇ ਅੱਖਰਾਂ ਵਿਚ ਨਾਂ ਮਰਾਠੀ ਵਿਚ ਹੀ ਲਿਖਿਆ ਹੋਣਾ ਚਾਹੀਦਾ ਹੈ। ਉਸ ਦੇ ਹੇਠਾਂ ਛੋਟੇ ਅੱਖਰਾਂ ਵਿਚ ਤੁਸੀਂ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ ਅਰਥਾਤ ਕਿਸੇ ਵੀ ਭਾਸ਼ਾ ਵਿਚ ਲਿਖ ਲਉ, ਸੱਭ ਪ੍ਰਵਾਨ ਹੈ ਪਰ ਹਰ ਬੋਰਡ ਉਤੇ ਪਹਿਲੀ ਤੇ ਮੋਟੇ ਅੱਖਰਾਂ ਵਾਲੀ ਭਾਸ਼ਾ ਮਰਾਠੀ ਹੋਣੀ ਜ਼ਰੂਰੀ ਹੈ। ਦੂਜੀ ਕਿਸੇ ਭਾਸ਼ਾ ਦੇ ਅੱਖਰ, ਮਰਾਠੀ ਭਾਸ਼ਾ ਦੇ ਅੱਖਰਾਂ ਦੇ ਮੁਕਾਬਲੇ, ਛੋਟੇ ਹੀ ਹੁੋਣੇ ਚਾਹੀਦੇ ਹਨ।

ਇਹੀ ਕੁੱਝ ਸਾਨੂੰ ਪੰਜਾਬ ਵਿਚ ਵੀ ਕਰਨਾ ਚਾਹੀਦਾ ਹੈ। ਭਾਸ਼ਾਈ ਸੂਬੇ ਬਨਾਉਣ ਦੀ ਲੋੜ ਹੀ ਕੀ ਹੈ ਜੇ ਪੰਜਾਬ ਦੇ ਕਿਸੇ ਸ਼ਹਿਰ ਦਾ ਪੂਰਾ ਚੱਕਰ ਲਾਉਣ ਮਗਰੋਂ ਵੀ ਤੁਹਾਨੂੰ ਪੰਜਾਬੀ ਵਿਚ ਲਿਖਿਆ ਕੋਈ ਬੋਰਡ ਹੀ ਨਜ਼ਰ ਨਾ ਆਵੇ? 95 ਫ਼ੀ ਸਦੀ ਬੋਰਡ ਇਥੇ ਅੰਗਰੇਜ਼ੀ ਵਿਚ ਲਿਖੇ ਹੁੰਦੇ ਹਨ, ਜਿਵੇਂ ਕਿ ਇਹ ਪੰਜਾਬੀਆਂ ਦਾ ਨਹੀਂ, ਅੰਗਰੇਜ਼ਾਂ ਦਾ ਸੂਬਾ ਹੋਵੇ। ਸਕੂਲਾਂ ਵਿਚ ਪੰਜਾਬੀ ਨੂੰ ‘ਘਰ ਦੀ ਮੁਰਗੀ ਦਾਲ ਬਰਾਬਰ’ ਸਮਝ ਕੇ ਹੀ ‘ਪੜ੍ਹਾਇਆ’ ਜਾਂਦਾ ਹੈ।