Nijji Diary De Panne: ਅਸੀ ਸੱਚ ਸੁਣਨ, ਜਾਣਨ ਤੇ ਸੱਚ ਦੀ ਖੋਜ ਕਰਨ ਤੋਂ ਕਦੋਂ ਤਕ ਮੂੰਹ ਮੋੜਦੇ ਰਹਾਂਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਭਗਤ ਸਿੰਘ ਬਾਰੇ ਦੂਜਾ ਪੱਖ ਸੁਣਨੋਂ 50 ਸਾਲ ਮਗਰੋਂ ਵੀ ਨਾਂਹ ਕਿਉਂ?

Bhagat Singh Nijji Diary De Panne today in punjabi

ਲੰਡਨ ਵਿਚ, ‘ਸਪੋਕਸਮੈਨ’ ਦੇ ਇਕ ‘ਪ੍ਰੇਮੀ’ ਨੇ ਸਾਨੂੰ ਦੋ ਹਫ਼ਤੇ ਲਈ ਇਕ ਖ਼ਾਲੀ ਪਿਆ ਫ਼ਲੈਟ ਦੇ ਦਿਤਾ ਸੀ। ਅਸੀ ਸਵੇਰੇ 5 ਵਜੇ ਸੈਰ ਨੂੰ ਨਿਕਲ ਜਾਂਦੇ ਸੀ ਤੇ ਵਾਪਸੀ ਤੇ, ਨਾਸ਼ਤੇ ਦਾ ਸਮਾਨ ਤੇ ਅੱਜ ਦੀਆਂ ਅਖ਼ਬਾਰਾਂ ਲਈ ਆਉੁਂਦੇ। ਉਸ ਦਿਨ ਵੀ, ਜਗਜੀਤ, ਰਸੋਈ ਵਿਚ ਨਾਸ਼ਤਾ ਤਿਆਰ ਕਰ ਰਹੀ ਸੀ ਤੇ ਮੈਂ ਅਖ਼ਬਾਰਾਂ ਖੋਲ੍ਹ ਕੇ, ਸੋਫ਼ੇ ਉਤੇ ਬਹਿ ਗਿਆ। ਪਹਿਲੀ ਅਖ਼ਬਾਰ ਹੀ ਖੋਲ੍ਹੀ ਤਾਂ ਉਸ ਉਤੇ ਬੜੇ ਮੋਟੇ ਮੋਟੇ ਅੱਖ਼ਰਾਂ ਵਿਚ ਜਿਵੇਂ ਚੀਕ ਚੀਕ ਕੇ ਇਹ ਖ਼ਬਰ ਕਹਿ ਰਹੀ ਸੀ ਕਿ ‘‘ਤਾਜ਼ਾ ਖੋਜ ਨੇ ਸਾਬਤ ਕੀਤਾ ਹੈ ਕਿ ਹਜ਼ਰਤ ਈਸਾ ਨੂੰ ਫਾਂਸੀ ਨਹੀਂ ਸੀ ਦਿਤੀ ਗਈ ਤੇ ਈਸਾ ਦੇ ਮੁੜ ਪ੍ਰਗਟ ਹੋਣ (resurrection) ਦੀ ਕਹਾਣੀ ਵੀ ਗ਼ਲਤ ਸੀ... ਉਹ ਕੇਵਲ ਬੇਹੋਸ਼ ਹੋਏ ਸਨ ਤੇ ਵੈਦ ਦੇ ਇਲਾਜ ਨਾਲ ਠੀਕ ਹੋ ਕੇ ਘਰ ਚਲੇ ਗਏ ਸਨ ਜਿਸ ਮਗਰੋਂ ਉਨ੍ਹਾਂ ਇਕ ਸਾਧਾਰਣ ਆਦਮੀ ਵਾਲਾ ਜੀਵਨ ਬਿਤਾਉਣ ਦਾ ਫ਼ੈਸਲਾ ਕੀਤਾ ਤੇ ਯਹੂਦੀਆਂ ਦੀ ਸ਼ਰਤ ਮੰਨ ਕੇ ਸਰਗਰਮ ਜੀਵਨ ਤੋਂ ਨਿਰਾਕਸ਼ੀ ਕਰਨੀ ਮੰਨ ਲਈ ਸੀ....।’’ ਪਹਿਲਾ ਪੰਨਾ ਸਾਰਾ ਦਾ ਸਾਰਾ ਇਸੇ ਖ਼ਬਰ ਨਾਲ ਭਰਿਆ ਪਿਆ ਸੀ।

ਖ਼ਬਰ ਅਜਿਹੀ ਸੀ ਜੋ ਆਸਥਾ ਰੱਖਣ ਵਾਲੇ ਈਸਾਈਆਂ ਦੇ ਹੁਣ ਤਕ ਦੇ ਵਿਸ਼ਵਾਸਾਂ ਨੂੰ ਜੜ੍ਹੋਂ ਹਿਲਾ ਸਕਦੀ ਸੀ, ਇਸ ਲਈ ਮੈਂ ਸੋਚਣ ਲੱਗ ਪਿਆ ਕਿ ਜਿਸ ਲੇਖਕ ਨੇ ਇਹ ਖੋਜ ਕੀਤੀ ਸੀ, ਉਸ ਦੀ ਹੁਣ ਖ਼ੈਰ ਨਹੀਂ ਹੋਵੇਗੀ, ਉਸ ਵਿਰੁਧ ‘ਫ਼ਤਵੇ’ ਜਾਰੀ ਹੋਣਗੇ, ਧਮਕੀਆਂ ਦਿਤੀਆਂ ਜਾਣਗੀਆਂ, ਰੋਸ-ਜਲੂਸ ਨਿਕਲਣਗੇ ਤੇ ਹੜਤਾਲ ਕੀਤੀ ਜਾਵੇਗੀ.. ਵਗ਼ੈਰਾ ਵਗ਼ੈਰਾ। ਮੈਂ ਦੁਪਹਿਰ ਨੂੰ ਅਪਣੇ ਮਿੱਤਰ ਨੂੰ ਪੁਛਿਆ, ‘‘ਅੱਜ ਅਖ਼ਬਾਰ ਵਿਚ ਖ਼ਬਰ ਪੜ੍ਹੀ ਸੀ? ਈਸਾਈਆਂ ਵਲੋਂ ਪ੍ਰਗਟ ਕੀਤੇ ਗਏ ਰੋਸ ਦੀ ਕੋਈ ਖ਼ਬਰ ਪਤਾ ਲੱਗੀ ਹੈ?’’

ਉਹ ਹੱਸ ਕੇ ਕਹਿਣ ਲੱਗਾ, ‘‘ਰੋਸ ਕਿਹੜੀ ਗੱਲ ਦਾ? ਇਹ ਕੋਈ 18ਵੀਂ ਸਦੀ ਹੈ? ਇਕ ਵਿਦਵਾਨ ਨੇ ਬੜੀ ਮਿਹਨਤ ਨਾਲ ਖੋਜ ਕੀਤੀ ਹੈ। ਖੋਜ ਕਰਨਾ ਤੇ ਸੱਚ ਲਭਣਾ ਵਿਦਵਾਨਾਂ ਦਾ ਹੱਕ ਹੈ। ਮੰਦ ਇਰਾਦੇ ਨਾਲ, ਬਿਨਾਂ ਕਾਰਨ, ਕੋਈ ਗਾਲੀ ਗਲੋਚ ਕਰੇ ਜਾਂ ਈਸਾਈ ਧਰਮ ਉਤੇ ਫ਼ਜ਼ੂਲ ਹਮਲਾ ਕਰੇ ਤਾਂ ਹੋਰ ਗੱਲ ਹੈ ਪਰ ਵਿਦਵਾਨਾਂ ਦੀ ਖੋਜ ਉਤੇ ਇਸ ਦੇਸ਼ ’ਚ ਪਾਬੰਦੀ ਨਹੀਂ ਲਾਈ ਜਾ ਸਕਦੀ।’’ ਮੈਂ ਕਿਹਾ, ‘‘ਸਾਡੇ ਦੇਸ਼ ਵਿਚ ਤਾਂ ਸਾਹਮਣੇ ਨਜ਼ਰ ਆਉੁਂਦੇ ਝੂਠ ਬਾਰੇ ਲਿਖਣਾ ਵੀ ਗੁਨਾਹ ਮੰਨਿਆ ਜਾਂਦਾ ਹੈ ਤੇ ਅਜਿਹਾ ਕਰਨ ਵਾਲੇ ਵਿਦਵਾਨ ਨੂੰ ਛੇਕ ਦਿਤਾ ਜਾਂਦਾ ਹੈ, ਫ਼ਤਵੇ ਤੇ ਹੁਕਮਨਾਮੇ ਜਾਰੀ ਹੋ ਜਾਂਦੇ ਹਨ ਤੇ ‘ਸੋਧ ਦੇਣ’ (ਮਾਰ ਦੇਣ) ਦੇ ਦਮਗੱਜੇ ਮਾਰੇ ਜਾਣੇ ਸ਼ੁਰੂ ਹੋ ਜਾਂਦੇ ਹਨ...।’’

ਮੇਰਾ ਮਿੱਤਰ ਬੋਲਿਆ, ‘‘ਤੁਹਾਡਾ ਦੇਸ਼ ਤਾਂ ਅਜੇ 18ਵੀਂ ਸਦੀ ਵਿਚ ਰਹਿ ਰਿਹਾ ਹੈ। ਇਥੇ ਵਿਦਵਾਨਾਂ, ਲੇਖਕਾਂ, ਅਖ਼ਬਾਰਾਂ ਵਾਲਿਆਂ ਨੂੰ ਤੰਗ ਕਰਨ ਦੀ ਜਾਂ ਧਮਕੀਆਂ ਦੇਣ ਦੀ ਕਿਸੇ ਵਿਚ ਵੀ ਹਿੰਮਤ ਨਹੀਂ। ਜੇ ਕੋਈ ਗੱਲ ਨਹੀਂ ਜਚੀ ਤਾਂ ਢੁਕਵਾਂ ਜਵਾਬ ਦਿਉ ਜਾਂ ਅਦਾਲਤ ਵਿਚ ਜਾ ਸਕਦੇ ਹੋ ਪਰ ‘ਜਜ਼ਬਾਤ ਵਲੂੰਧਰੇ ਗਏ’ ਕਹਿ ਕੇ ਖੋਜ ਦਾ ਰਾਹ ਨਹੀਂ ਬੰਦ ਕਰ ਸਕਦੇ।’’
ਇਹ ਤਾਂ ਦਾਸਤਾਨ ਹੈ ਇਕ ਪੜ੍ਹੇ ਲਿਖੇ ਦੇਸ਼ ਦੇ ਲੋਕਾਂ ਦੀ। ਉਥੇ ਈਸਾ ਬਾਰੇ ਵੀ ਕੋਈ ਸੱਚ ਬਿਆਨਣਾ ਚਾਹੇ ਤਾਂ ਉਸ ਦਾ ਰਾਹ ਕੋਈ ਨਹੀਂ ਰੋਕੇਗਾ। ‘ਸਾਫ਼ ਬੇਈਮਾਨੀ’ ਨਾ ਝਲਕਦੀ ਹੋਵੇ ਤਾਂ ਸੱਚ ਦੀ ਖੋਜ ਜਾਰੀ ਰਖਣੀ ਪਸੰਦ ਹੀ ਕੀਤੀ ਜਾਂਦੀ ਹੈ। ਬੀਤ ਚੁਕੇ ਸਮੇਂ ਦੇ ਬਹੁਤੇ ਵਾਕਿਆਤ ਝੂਠ ਦੀ ਚਾਦਰ ਹੇਠ ਢਕੇ ਹੋਏ ਹੁੰਦੇ ਹਨ ਤੇ ਉੁਨ੍ਹਾਂ ਬਾਰੇ ਪੂਰਾ ਸੱਚ ਕੀ ਹੈ, ਇਹ ਜਾਣਨ ਲਈ ਖੋਜ ਕਰਨੀ ਜ਼ਰੂਰੀ ਹੁੰਦੀ ਹੈ। ਇਧਰ ਹਿੰਦੁਸਤਾਨ ਵਿਚ ਸਾਡੀ ਪੁਜਾਰੀ ਸ਼ੇ੍ਰਣੀ ਸੱਚ ਦੀ ਖੋਜ ਦੀ ਸੱਭ ਤੋਂ ਵੱਡੀ ਦੁਸ਼ਮਣ ਹੋਣ ਕਾਰਨ, ਡਾਂਗ ਲੈ ਕੇ ਵਿਦਵਾਨਾਂ ਦਾ ਰਾਹ ਰੋਕ ਬਹਿੰਦੀ ਹੈ ਤੇ ਕਹਿੰਦੀ ਹੈ ਕਿ :

‘‘ਪੁਰਾਤਨ ਸਮੇਂ ਤੋਂ ਜਿਸ ਗੱਲ ਨੂੰ ਸੱਚ ਮੰਨਦੇ ਆ ਰਹੇ ਹਾਂ, ਉਸੇ ਨੂੰ ਸੱਚ ਮੰਨੀ ਜਾਉ ਤੇ ਕੋਈ ਛੇੜਛਾੜ ਨਾ ਕਰੋ। ਤੁਹਾਡੀ ਖ਼ੈਰ ਵੀ ਇਸੇ ਵਿਚ ਹੈ। ਜੇ ਸੱਚ ਤੁਹਾਨੂੰ ਲੱਭ ਵੀ ਪਿਆ ਹੈ ਤਾਂ ਵੀ ਮੂੰਹ ਬੰਦ ਰੱਖੋ ਵਰਨਾ ਸਾਡੀ ਡਾਂਗ ਵਲ ਵੇਖ ਕੇ ਗੱਲ ਕਰਨਾ...।’’ ਪਰ ਕੀ ਪੁਜਾਰੀ ਸ਼ੇ੍ਰਣੀ ਜਾਂ ਉਸ ਦੀ ਭੜਕਾਹਟ ਵਿਚ ਆਉਣ ਵੇਲੇ ‘ਧਾਰਮਕ ਕਿਸਮ ਦੇ ਲੋਕ’ ਹੀ ਅਜਿਹਾ ਵਤੀਰਾ ਧਾਰਨ ਕਰਦੇ ਹਨ? ਨਹੀਂ, ਨਵੇਂ ਸੱਚ ਨੂੰ ਬਰਦਾਸ਼ਤ ਨਾ ਕਰਨ ਦੀ ਨੀਤੀ ਸਾਡੀ ‘ਕੌਮੀ ਨੀਤੀ’ ਹੈ ਤੇ ਕਿਸੇ ਵੀ ‘ਭੂੰਡ’ ਨੂੰ ਛੇੜ ਕੇ ਵੇਖ ਲਉ, ਇਕੋ ਜਿਹਾ ਹੀ ਡੰਗ ਮਾਰੇਗਾ ਅਰਥਾਤ ਉਸ ਝੂਠ ਨੂੰ (ਜਿਸ ਨੂੰ ਉਹ ਸੱਚ ਮੰਨਦਾ ਆਇਆ ਹੈ), ਗ਼ਲਤ ਸਾਬਤ ਹੁੰਦਾ ਵੇਖ ਕੇ, ਉਸ ਤਰ੍ਹਾਂ ਦਾ ਗੁੱਸਾ ਹੀ ਕਰੇਗਾ ਜਿਸ ਤਰ੍ਹਾਂ ਕਿ ਦੂਜੇ ‘ਕੱਟੜਵਾਦੀ’ ਕਰਦੇ ਹਨ।


ਇਕ ਕਮਿਊਨਿਸਟ ਸੱਜਣ ਮੈਨੂੰ ਵਿਸ਼ੇਸ਼ ਤੌਰ ’ਤੇ ਇਹ ਵਧਾਈ ਦੇਣ ਲਈ ਮੇਰੇ ਦਫ਼ਤਰ ਆਇਆ ਕਿ ਅਸੀ ਪੁਜਾਰੀਆਂ ਤੇ ਬਾਬਿਆਂ ਬਾਰੇ ਬਹੁਤ ਵਧੀਆ ਲਿਖ ਕੇ, ਉੁਨ੍ਹਾਂ ਨੂੰ ਭਾਜੜ ਪਾ ਦਿਤੀ ਹੈ। ਫਿਰ ਕਹਿਣ ਲੱਗਾ, ‘‘ਸੱਚ ਦਾ ਏਨਾ ਵਧੀਆ ਤੇ ਧੜੱਲੇਦਾਰ ਬਿਆਨ ਕਰਨ ਕਰ ਕੇ ਹੀ ਮੈਂ ਨਿਜੀ ਤੌਰ ’ਤੇ ਤੁਹਾਨੂੰ ਵਧਾਈ ਦੇਣ ਲਈ ਆਇਆਂ ਹਾਂ। ਪੁਜਾਰੀਵਾਦ ਵਿਰੁਧ ਲੜਾਈ ਵਿਚ ਅਸੀ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ਤੇ ਤੁਸੀ ਸਾਡੇ ’ਤੇ ਵਿਸ਼ਵਾਸ ਕਰ ਸਕਦੇ ਹੋ।’’
ਮੈਂ ਉਸ ਨੂੰ ਤਾਂ ਕੁੱਝ ਨਹੀਂ ਕਿਹਾ ਪਰ ਮਨ ਵਿਚ ਕਿਹਾ ਕਿ ਇਹ ਮੇਰੇ ਨਾਲ ਕਦੋਂ ਤਕ ਹਨ, ਇਸ ਦਾ ਪਤਾ ਤਾਂ ਉਸ ਦਿਨ ਹੀ ਲੱਗੇਗਾ ਜਿਸ ਦਿਨ ਇਨ੍ਹਾਂ ਦੇ ਕਿਸੇ ‘ਝੂਠ’ ਬਾਰੇ ਸੱਚ ਦਾ ਬਿਆਨ ਮੇਰੀ ਕਲਮ ’ਚੋਂ ਨਿਕਲਿਆ ਜਾਂ ਸਪੋਕਸਮੈਨ ਵਿਚ ਛਪਿਆ।

ਭਗਤ ਸਿੰਘ ਦੀ ਜਨਮ-ਸ਼ਤਾਬਦੀ ਨੇ ਇਹ ਜਾਣਨ ਦਾ ਮੌਕਾ ਵੀ ਦੇ ਦਿਤਾ। ਮੈਨੂੰ ਪਤਾ ਸੀ ਕਿ ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ ਵੱਟਣ ਲਈ ਬਹੁਤ ਸਾਰਾ ਝੂਠ ਬੋਲਿਆ ਜਾ ਰਿਹਾ ਹੈ ਤੇ ਉਸ ਸ਼ਹੀਦ ਦੇ ਦੁਆਲੇ ਝੂਠ ਦਾ ਇਕ ਨਵਾਂ ਮਕੜੀ ਜਾਲ ਬੁਣਿਆ ਜਾ ਰਿਹਾ ਹੈ (ਜਿਵੇਂ ਪੁਜਾਰੀ ਸ਼ੇ੍ਰਣੀ ਵੀ, ਹਰ ਧਰਮ ਵਿਚ, ਅਪਣੇ ਪ੍ਰਸਿੱਧ ਆਗੂਆਂ ਦੁਆਲੇ ਬੁਣਦੀ ਹੀ ਹੈ ਤਾਕਿ ਲੋਕ ਉਸ ਵਿਚ ਫੱਸ ਕੇ, ਮਾਇਆ ਦੇ ਢੇਰ ਲਾਈ ਜਾਣ) ਜੋ ਭਗਤ ਸਿੰਘ ਨਾਲ ਬੇਇਨਸਾਫ਼ੀ ਹੈ - ਉਸ ਤਰ੍ਹਾਂ ਹੀ ਜਿਵੇਂ ਸਿੱਖ ਵਿਦਵਾਨ ਬਹੁਤੀਆਂ ਜਨਮ-ਸਾਖੀਆਂ ਨੂੰ ਬਾਬਾ ਨਾਨਕ ਨਾਲ ਵੀ ਬੇਇਨਸਾਫ਼ੀ ਹੀ ਮੰਨਦੇ ਹਨ। ਮੇਰਾ ਇਕ ਕਾਲਜ ਦੇ ਸਮੇਂ ਦਾ ਮਿੱਤਰ, ਜੋ ਉਦੋਂ ਵੀ ਕੱਟੜ ਕਮਿਊਨਿਸਟ ਸੀ, ਮਗਰੋਂ ਕਮਿਊਨਿਸਟ ਸਿਧਾਂਤਕਾਰ ਬਣ ਗਿਆ। ਇਕ ਦਿਨ ਮੇਰੇ ਕੋਲ ਆਇਆ ਤੇ ਗੱਲਾਂ ਗੱਲਾਂ ਵਿਚ ਕਹਿਣ ਲੱਗਾ, ‘‘ਸੱਚ ਕਹਾਂ ਤਾਂ ਭਗਤ ਸਿੰਘ ਨੂੰ ਅਪਣਾ ‘ਬਰਾਂਡ ਐਮਬੈਸੇਡਰ’ ਬਨਾਉਣ ਲਈ, ਮੇਰੀ ਪਾਰਟੀ ਨੇ ਵੀ ਬਹੁਤ ਸਾਰਾ ਝੂਠ ਘੜ ਕੇ ਉਸ ਨਾਲ ਜੋੜ ਦਿਤਾ ਹੈ ਤੇ ਉਸ ਨੂੰ ਉਹ ਕੁੱਝ ਨਹੀਂ ਰਹਿਣ ਦਿਤਾ ਜੋ ਉਹ ਅਸਲ ਵਿਚ ਸੀ।’’
ਮੈਂ ਕਿਹਾ, ‘‘ਕੀ ਤੂੰ ਇਹ ਬਿਆਨ ਦੇਣ ਲਈ ਤਿਆਰ ਹੈਂ?’’
ਕਹਿਣ ਲੱਗਾ, ‘‘ਮੈਨੂੰ ਮਾਰ ਦੇਣਗੇ ਮੇਰੀ ਪਾਰਟੀ ਵਾਲੇ। ਨਾ ਵੀ ਮਾਰਨ, ਮੈਂ ਜੁੱਤੀਆਂ ਖਾਣ ਨੂੰ ਤਿਆਰ ਨਹੀਂ ਹੋ ਸਕਦਾ।’’

ਇਸ ਲਈ ਬਹੁਤ ਕੁੱਝ ਦਾ ਪਤਾ ਹੋਣ ਦੇ ਬਾਵਜੂਦ ਮੈਂ ਫ਼ੈਸਲਾ ਕੀਤਾ ਕਿ ਸ਼ਤਾਬਦੀ ਮੌਕੇ ਬੋਲੇ ਜਾ ਰਹੇ ਝੂਠ ਨੂੰ ਸਾਵਾਂ ਕਰਨ ਲਈ ਭਗਤ ਸਿੰਘ ਨਾਲ ਭਾਈ ਰਣਧੀਰ ਸਿੰਘ ਦੀ ਆਖ਼ਰੀ ਮੁਲਾਕਾਤ ਜ਼ਰੂਰ ਛਾਪ ਦਿਤੀ ਜਾਏ ਜੋ ਅੱਧੀ ਸਦੀ ਪਹਿਲਾਂ ਲਿਖੀ ਗਈ ਸੀ ਤੇ ਕਿਤਾਬੀ ਰੂਪ ਵਿਚ ਵੀ ਮਿਲਦੀ ਹੈ। ਕਿਸੇ ਕਮਿਊਨਿਸਟ ਨੇ ਪਿਛਲੀ ਅੱਧੀ ਸਦੀ ਵਿਚ, ਭਾਈ ਰਣਧੀਰ ਸਿੰਘ ਵਲੋਂ ਬਿਆਨ ਕੀਤੇ ਤੱਥਾਂ ਨੂੰ ਝੁਠਲਾਉਣ ਵਾਲੀ ਕੋਈ ਪੁਸਤਕ ਨਹੀਂ ਲਿਖੀ, ਭਾਵੇਂ ਅਪਣੇ ‘ਏਜੰਡੇ’ ਨੂੰ ਲਾਗੂ ਕਰਨ ਲਈ ‘ਮੁਰਗੇ ਦੀ ਇਕੋ ਟੰਗ ਹੈ’ ਕਹਿੰਦੇ ਚਲੇ ਜਾ ਰਹੇ ਹਨ।

ਭਾਈ ਰਣਧੀਰ ਸਿੰਘ ਦੀ ਚਿੱਠੀ ਵਿਚ ਅਜਿਹਾ ਕੁੱਝ ਵੀ ਨਹੀਂ ਜਿਸ ਨਾਲ ਭਗਤ ਸਿੰਘ ਦਾ ਕੱਦ ਛੋਟਾ ਹੋਵੇ ਪਰ ਅਜਿਹਾ ਬਹੁਤ ਕੁੱਝ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਮਿਊਨਿਸਟ ਪ੍ਰਚਾਰਕਾਂ ਵਲੋਂ ‘ਸ਼ਹੀਦ’ ਬਾਰੇ ਬੁਣੀਆਂ ਗਈਆਂ ਬਹੁਤੀਆਂ ‘ਸਾਖੀਆਂ’ ਬੇ-ਸਿਰ ਪੈਰ ਦੀਆਂ ਸਨ। 28 ਨੂੰ ਹੀ ਭਗਤ ਸਿੰਘ ਦੇ ਭਤੀਜੇ ਪ੍ਰੋ: ਜਗਮੋਹਨ ਸਿੰਘ ਨੇ ਕਿਹਾ ਹੈ ਕਿ, ‘‘ਭਗਤ ਸਿੰਘ, ਮੇਰੀ ਸਮਝ ਅਨੁਸਾਰ, ਕਮਿਊਨਿਸਟ ਨਹੀਂ ਸੀ, ਉਹ ਕੇਵਲ ਇਕ ਸੋਸ਼ਲਿਸਟ ਸੀ।’’ (ਵੇਖੋ ਇੰਡੀਅਨ ਐਕਸਪੱ੍ਰੈਸ)। ਭਾਈ ਰਣਧੀਰ ਸਿੰਘ ਨੇ ਅਪਣੀ ਚਿੱਠੀ ਵਿਚ ਮਿਲਦਾ ਜੁਲਦਾ ਇਹ ਵਿਚਾਰ ਦਿਤਾ ਹੈ ਕਿ ਭਗਤ ਸਿੰਘ ਦੇ ਅੰਦਰ ਧਰਮ, ਆਸਤਕਤਾ ਤੇ ਗੁਰੂ ਦੀ ਸਿੱਖੀ ਸੁੱਤੀ ਪਈ ਸੀ ਜੋ ਅੰਤ ਜਾਗ ਪਈ ਤੇ ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਬਦਲ ਚੁਕਾ ਸੀ। ਚਿੱਠੀ ਵਿਚ ਹੀ ਇਸ ਬਾਰੇ ਦੋ ਸਬੂਤ ਮਿਲਦੇ ਹਨ ਕਿ ਅੰਗਰੇਜ਼ ਸਰਕਾਰ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਭਗਤ ਸਿੰਘ ਦੀ ਅੰਤਮ ਇੱਛਾ ਅਨੁਸਾਰ, ਉਸ ਦਾ ਅੰਤਮ ਸੰਸਕਾਰ ਸਿੱਖ ਰਹੁ ਰੀਤਾਂ ਅਨੁਸਾਰ ਕੀਤਾ ਗਿਆ ਸੀ।

ਨਾਲ ਹੀ ਇਕ ਗ੍ਰੰਥੀ ਦਾ ਬਿਆਨ ਦਿਤਾ ਹੈ ਕਿ ਫਾਂਸੀ ਵੇਲੇ, ਉਸ ਦੇ ਕੇਸ ਛੇ ਇੰਚ ਲੰਮੇ ਹੋ ਗਏ ਸਨ ਕਿਉੁਂਕਿ ਉਸ ਨੇ ਕੇਸ ਕਟਾਣੇ ਬੰਦ ਕਰ ਦਿਤੇ ਸਨ। ਭਾਈ ਰਣਧੀਰ ਸਿੰਘ ਦੀ ਚਿੱਠੀ ਜਾਂ ਉਪ੍ਰੋਕਤ ਸਾਰੀਆਂ ਗੱਲਾਂ ਨੂੰ ਰੱਦ ਕਰਨਾ ਸੌਖਾ ਨਹੀਂ ਹੈ ਤੇ ਦਲੀਲ, ਸਬੂਤਾਂ ਨਾਲ ਹੀ ਇਨ੍ਹਾਂ ਨੂੰ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ। ਇਕ ਹੋਰ ਗੱਲ ਜੋ ਭਾਈ ਰਣਧੀਰ ਸਿੰਘ ਦੀ ਚਿੱਠੀ ਵਿਚ ਦਰਜ ਹੈ, ਉਹ ਭਗਤ ਸਿੰਘ ਵਲੋਂ ਇਹ ਸਵੀਕਾਰ ਕਰਨਾ ਹੈ ਕਿ ਸਾਂਡਰਸ ਉਸ ਦੀ ਗੋਲੀ ਨਾਲ ਨਹੀਂ ਸੀ ਮਰਿਆ। ਠੀਕ ਇਹੀ ਗੱਲ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਨੇ ਅਪਣੀ ਕਿਤਾਬ ‘ਸਾਚੀ ਸਾਖੀ’ ਵਿਚ ਅਪਣੇ ਅੱਖੀਂ ਵੇਖੇ ਹਾਲਾਤ ਬਿਆਨ ਕਰਦਿਆਂ ਲਿਖੀ ਹੈ। ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ ਕਿ ਉੁਨ੍ਹਾਂ ਆਪ ਵੇਖਿਆ ਕਿ ਭਗਤ ਸਿੰਘ ਦੀ ਗੋਲੀ ਸਾਂਡਰਸ ਦੀ ਬਜਾਏ, ਸਿੱਖ ਸਿਪਾਹੀ ਚੰਨਣ ਸਿੰਘ ਨੂੰ ਲੱਗ ਗਈ ਤੇ ਸਾਂਡਰਸ ਬੱਚ ਗਿਆ।

ਸਿਰਦਾਰ ਕਪੂਰ ਸਿੰਘ ਨੂੰ ਤਾਂ ਇਸ ਗੱਲ ਦਾ ਗਿਲਾ ਸੀ ਕਿ ਭਗਤ ਸਿੰਘ ਨੇ ਚੰਨਣ ਸਿੰਘ ਦੀ ਮੌਤ ਲਈ ਅਫ਼ਸੋਸ ਪ੍ਰਗਟ ਕਰਨ ਦੀ ਬਜਾਏ, ਸਾਂਡਰਸ ਦਾ ਕਤਲ ਇਹ ਸੋਚ ਕੇ ਅਪਣੇ ਜ਼ਿੰਮੇ ਲੈ ਲਿਆ ਕਿ ਮੌਤ ਦੀ ਸਜ਼ਾ ਤਾਂ ਚੰਨਣ ਸਿੰਘ ਦੇ ਮਾਮਲੇ ਵਿਚ ਵੀ ਮਿਲਣੀ ਹੀ ਹੈ, ਇਸ ਲਈ ਸਾਂਡਰਸ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਣਾ ਜ਼ਿਆਦਾ ਚੰਗਾ ਰਹੇਗਾ ਤੇ ਇਕ ਸਾਥੀ ਨੂੰ ਵੀ ਬਚਾਇਆ ਜਾ ਸਕੇਗਾ। ਅਗਰ ਜੇਲ ਵਿਚ ਭਗਤ ਸਿੰਘ ਨੇ ਇਹ ਸੱਚ (ਜਿਸ ਦਾ ਚਸ਼ਮਦੀਦ ਗਵਾਹ ਕਪੂਰ ਸਿੰਘ ਆਈ.ਸੀ.ਐਸ. ਵੀ ਸੀ) ਭਾਈ ਰਣਧੀਰ ਸਿੰਘ ਕੋਲ ਮੰਨ ਲਿਆ ਤਾਂ ਇਸ ਵਿਚ ਉਸ ਨੇ ਗ਼ਲਤ ਕੀ ਕੀਤਾ ਤੇ ਇਤਰਾਜ਼ ਕਰਨ ਵਾਲੀ ਗੱਲ ਵੀ ਕੀ ਹੈ? ਜੇ ਕਾਮਰੇਡਾਂ ਨੂੰ ਕੋਈ ਇਤਰਾਜ਼ ਸੀ ਵੀ ਤਾਂ ਭਾਈ ਰਣਧੀਰ ਸਿੰਘ ਕੋਲ ਕਰਦੇ ਜਾਂ ਸਿਰਦਾਰ ਕਪੂਰ ਸਿੰਘ ਕੋਲ ਕਰਦੇ ਜਿਨ੍ਹਾਂ ਨੇ ਕਿਤਾਬੀ ਰੂਪ ਵਿਚ ਅਪਣਾ ਦਾਅਵਾ ਲਿਖ ਕੇ ਪੇਸ਼ ਕਰ ਦਿਤਾ ਸੀ। ਹੁਣ ਜੇ ਕੋਈ ਅਖ਼ਬਾਰ ਉਸ ਦਾਅਵੇ ਨੂੰ ਛਾਪਦਾ ਹੈ (ਅਤੇ 50 ਸਾਲ ਮਗਰੋਂ ਛਾਪਦਾ ਹੈ) ਤਾਂ ਉਸ ਨੂੰ ‘ਪੱਤਰਕਾਰੀ ਦਾ ਮਿਆਰ ਡੇਗਣ’ ਦੇ ਤਾਹਨੇ ਦੇਣੇ ਕਿਥੋਂ ਤਕ ਜਾਇਜ਼ ਹਨ? ਪਰ ਇਹੀ ਤਾਹਨਾ 29 ਸਤੰਬਰ ਦੇ ‘ਜੱਗਬਾਣੀ’ ਵਿਚ ਕਾਮਰੇਡ ਜਗਜੀਤ ਸਿੰਘ ਅਨੰਦ ਵਰਗੇ ਪੁਰਾਣੇ ਪੱਤਰਕਾਰ ਨੇ ਦਿਤਾ ਹੈ।

ਕਾਮਰੇਡ ਅਨੰਦ ਪੁਰਾਣੇ ਪੱਤਰਕਾਰ ਹਨ ਪਰ ਮੈਂ ਜਾਣਦਾ ਹਾਂ, ਉਨ੍ਹਾਂ ਨੇ ਤੇ ਉੁਨ੍ਹਾਂ ਦੇ ਸਾਥੀਆਂ ਨੇ ਪੰਜਾਬੀ ਪੱਤਰਕਾਰੀ ਦਾ ਮਿਆਰ ਉੱਚਾ ਚੁੱਕਣ ਵਿਚ ਕਿੰਨਾ ਕੁ ਯੋਗਦਾਨ ਪਾਇਆ ਸੀ। ਉੁਨ੍ਹਾਂ ਦੀ ਆਗਿਆ ਹੋਵੇ ਤਾਂ ਉੁਨ੍ਹਾਂ ਨਾਲ ਸਬੰਧਤ ਇਕ ਦੋ ਘਟਨਾਵਾਂ ਹੀ, ਖ਼ਾਲਸ ਸੱਚੋ ਸੱਚ ਰੂਪ ਵਿਚ ਬਿਆਨ ਕਰ ਦੇਵਾਂ ਤਾਂ ਉਹ ਜੋਗਿੰਦਰ ਸਿੰਘ ਵੇਦਾਂਤੀ ਨਾਲੋਂ ਵੀ ਵੱਡਾ ‘ਹੁਕਮਨਾਮਾ’ ਮੇਰੇ ਵਿਰੁਧ ਜਾਰੀ ਕਰ ਦੇਣਗੇ। ਚੰਗਾ ਹੁੰਦਾ ਜੇ ਤਜਰਬੇ ਅਤੇ ਉਮਰ ਦਾ ਤਕਾਜ਼ਾ ਸਾਹਮਣੇ ਰੱਖ ਕੇ, ਦਲੀਲ ਨਾਲ ਹੀ ਗੱਲ ਕਰਦੇ ਤੇ ‘ਫ਼ਤਵੇ’ ਜਾਰੀ ਕਰਨ ਦੀ ਬਜਾਏ, ਸਿੱਧੀ ਗੱਲ ਕਰਦੇ ਕਿ ਭਾਈ ਰਣਧੀਰ ਸਿੰਘ ਦੀ ਚਿੱਠੀ ਛਾਪ ਕੇ ਅਸੀ ਗ਼ਲਤ ਗੱਲ ਕੀ ਕਰ ਦਿਤੀ ਹੈ? ਨਿਜੀ ਹਮਲਿਆਂ ਨੂੰ ਇਕ ਪਾਸੇ ਰੱਖ ਕੇ, ਅਸੀ ਉੁਨ੍ਹਾਂ ਦੇ ‘ਇਤਰਾਜ਼ਾਂ’ ਨੂੰ ਹੀ ਲੈਂਦੇ ਹਾਂ:

ਸਾਂਡਰਸ ਨੂੰ ਗੋਲੀ
ਅਨੰਦ ਸਾਹਿਬ ਪੁਛਦੇ ਹਨ ਕਿ ਚੰਨਣ ਸਿੰਘ ਨੂੰ ਮਾਰਨ ਮਗਰੋਂ, ਸਾਂਡਰਸ ਨੂੰ ਮਾਰਨ ਦਾ ਇਲਜ਼ਾਮ ਅਪਣੇ ਸਿਰ ਲੈ ਕੇ, ਭਗਤ ਸਿੰਘ ਨੂੰ ਕੀ ਮਿਲ ਜਾਣਾ ਸੀ? ਸਿਰਦਾਰ ਕਪੂਰ ਸਿੰਘ ਨੇ ‘ਸਾਚੀ ਸਾਖੀ’ ਵਿਚ ਜਵਾਬ ਦਿਤਾ ਹੋਇਆ ਹੈ ਤੇ ਅਸੀ ਉਪਰ ਦੇ ਦਿਤਾ ਹੈ। ਭਗਤ ਸਿੰਘ ਦੀ ਥਾਂ ਅਨੰਦ ਸਾਹਿਬ ਹੁੰਦੇ ਜਾਂ ਮੈਂ ਹੁੰਦਾ, ਤਾਂ ਅਸੀ ਵੀ ਉਹੀ ਕੁੱਝ ਕਰਨਾ ਸੀ ਜੋ ਭਗਤ ਸਿੰਘ ਨੇ ਕੀਤਾ। ਇਸ ਸੱਚ ਨੂੰ ਪ੍ਰਵਾਨ ਕਰ ਕੇ ਭਗਤ ਸਿੰਘ ਨੇ ਅਪਣਾ ਕੱਦ, ਮੇਰੀ ਨਜ਼ਰ ਵਿਚ, ਵੱਡਾ ਹੀ ਕੀਤਾ ਹੈ। ਭਾਈ ਰਣਧੀਰ ਸਿੰਘ, ਭਗਤ ਸਿੰਘ ਤੇ ਸਿਰਦਾਰ ਕਪੂਰ ਸਿੰਘ ਇਕ ਪਾਸੇ ਹਨ ਤੇ ਇਸ ਮਾਮਲੇ ’ਤੇ ਸਹਿਮਤ ਹਨ ਪਰ ਕਾਮਰੇਡ ਅਨੰਦ ਵਰਗੇ ਚਾਹੁੰਦੇ ਹਨ ਕਿ ਨੀਤੀ ਵਜੋਂ, ਜੋ ਝੂਠ ਬੋਲਿਆ ਗਿਆ ਸੀ, ਉਸ ’ਤੇ ਹੀ ਡਟੇ ਰਹਿਣਾ ਚਾਹੀਦਾ ਹੈ ਕਿਉਂਕਿ ਕਾਮਰੇਡ ਪ੍ਰਚਾਰਕਾਂ ਨੂੰ ਇਹੀ ਮੁਆਫ਼ਕ ਬੈਠਦਾ ਹੈ। 

ਆਸਤਕ-ਨਾਸਤਕ
ਅਨੰਦ ਸਾਹਿਬ ਜਾਣਨਾ ਚਾਹੁੰਦੇ ਹਨ ਕਿ ਭਗਤ ਸਿੰਘ ਨੇ ਜੋ ਇਹ ਮੰਨਿਆ ਸੀ ਕਿ ਉਹ ਨਾਸਤਕ ਤੋਂ ਆਸਤਕ ਬਣ ਗਿਆ ਹੈ, ਇਸ ਦਾ ਕੀ ਸਬੂਤ ਹੈ? ਦੋ ਸਬੂਤਾਂ ਦਾ ਜ਼ਿਕਰ ਤਾਂ ਚਿੱਠੀ ਵਿਚ ਕੀਤਾ ਹੀ ਗਿਆ ਹੈ ਤੇ ਉਹ ਅਸੀ ਵੀ ਉਪਰ ਲਿਖ ਹੀ ਦਿਤੇ ਹਨ। ਕੀ ਇਨ੍ਹਾਂ ਨੇ ਅੰਗਰੇਜ਼ ਸਰਕਾਰ ਦਾ ਭਗਤ ਸਿੰਘ ਦੀ (ਅੰਤਮ ਇੱਛਾ ਵਾਲਾ) ਬਿਆਨ ਨਹੀਂ ਸੀ ਪੜਿ੍ਹਆ? ਕੀ ਇਨ੍ਹਾਂ ਨੇ ਕਦੇ ਉਸ ਨੂੰ ਚੁਨੌਤੀ ਦਿਤੀ? ਕੀ ਇਨ੍ਹਾਂ ਨੇ ਗ੍ਰੰਥੀ ਨੱਥਾ ਸਿੰਘ ਦੇ ਬਿਆਨ ਨੂੰ ਵੀ ਕਦੇ ਚੁਨੌਤੀ ਦਿਤੀ? ਕੀ ਇਨ੍ਹਾਂ ਨੇ ਸਿਰਦਾਰ ਕਪੂਰ ਸਿੰਘ ਦੀ ਚਸ਼ਮ-ਦੀਦ ਗਵਾਹੀ ਨੂੰ ਕਦੇ ਚੁਨੌਤੀ ਦਿਤੀ? ਸ. ਕਪੂਰ ਸਿੰਘ ਨੂੰ ਕਦੇ ਇਸ ਬਾਰੇ ਸਵਾਲ ਕੀਤਾ? ਕੀ ਇਨ੍ਹਾਂ ਨੇ ਭਾਈ ਰਣਧੀਰ ਸਿੰਘ ਨੂੰ ਕਦੇ ਸਵਾਲ ਕੀਤਾ ਜਾਂ ਉਨ੍ਹਾਂ ਦੀ ਕਿਤਾਬ ਨੂੰ ਚੁਨੌਤੀ ਦਿਤੀ?

ਅੰਤਮ ਸੰਸਕਾਰ?
ਅਨੰਦ ਸਾਹਿਬ ਪੁਛਦੇ ਹਨ ਕਿ ਅੰਤਮ ਸੰਸਕਾਰ (ਸਿੱਖ ਰਹਿਤ ਮਰਿਆਦਾ ਅਨੁਸਾਰ) ਕਿਹੜੇ ਗ੍ਰੰਥੀ ਨੇ ਕੀਤਾ ਸੀ? ਉੁਨ੍ਹਾਂ ਦੀ ਪਾਰਟੀ ਨੂੰ ਇਹ ਸਵਾਲ ਅੰਗਰੇਜ਼ ਸਰਕਾਰ ਦਾ ਬਿਆਨ ਪੜ੍ਹਨ ਮਗਰੋਂ, ਉਸ ਸਰਕਾਰ ਨੂੰ ਕਰਨਾ ਚਾਹੀਦਾ ਸੀ। ਮੈਂ ਇਕ ਸਾਬਕਾ ਵਕੀਲ ਹੋਣ ਨਾਤੇ, ਇਸ ਸਵਾਲ ਨੂੰ ਫ਼ਜ਼ੂਲ ਹੀ ਸਮਝਦਾ ਹਾਂ। ਉਦੋਂ ਵੀ ਅੰਗਰੇਜ਼ੀ ਜੇਲ੍ਹਾਂ ਵਿਚ ਬਹੁਤ ਸਾਰੇ ਗ੍ਰੰਥੀ ਸਰਕਾਰੀ ਨੌਕਰੀ ਵਿਚ ਰੱਖੇ ਗਏ ਹੋਏ ਸਨ। ਕਿਸੇ ਦੀ ਵੀ ਡਿਊਟੀ ਲਾ ਦਿਤੀ ਗਈ ਹੋਵੇਗੀ। ਹੁਣ ਕੋਈ ਪੁੱਛੇ ਕਿ 1984 ਵਿਚ ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਸੰਤ ਭਿੰਡਰਾਂਵਾਲਿਆਂ ਦਾ ਅੰਤਮ ਸੰਸਕਾਰ (ਸਿੱਖ ਮਰਿਆਦਾ ਅਨੁਸਾਰ) ਕਿਸ ਗ੍ਰੰਥੀ ਨੇ ਕੀਤਾ ਸੀ ਜਾਂ ਹੋਰਨਾਂ ਹਜ਼ਾਰਾਂ ਸਿੱਖਾਂ ਦਾ ਕਿਹੜੇ ਗ੍ਰੰਥੀ ਨੇ ਕੀਤਾ ਸੀ ਤਾਂ ਕੀ ਅਨੰਦ ਸਾਹਿਬ ਦਸ ਸਕਣਗੇ? ਨਹੀਂ ਦਸ ਸਕਣਗੇ ਹਾਲਾਂਕਿ ਉਹ ਸਾਰੇ ਗ੍ਰੰਥੀ ਅਜੇ ਵੀ ਜੀਵਤ ਹਨ। ਅਖ਼ੀਰ ਵਿਚ, ਅਨੰਦ ਸਾਹਿਬ ਪੁਛਦੇ ਹਨ ਕਿ ਭਗਤ ਸਿੰਘ ਦੀ, ਕੈਮਰੇ ਨਾਲ ਲਈ ਗਈ ਇਕੋ ਇਕ ਫ਼ੋਟੋ (ਜੋ ਬਲੈਕ ਐਂਡ ਵਾਈਟ ਵਿਚ ਹੋਣ ਕਰ ਕੇ, ਮਗਰੋਂ, ਉਸ ਦੀ ਰੰਗੀਨ ਪੇਂਟਿੰਗ ਵੀ ਬਣਾਈ ਗਈ ਸੀ) ਬਾਰੇ ਸਬੂਤ ਕੀ ਹੈ? ਪਤਾ ਨਹੀਂ ਪੰਜਾਬੀ ਪੱਤਰਕਾਰੀ ਨੂੰ ‘ਉਚਾਈਆਂ ਵਲ’ ਲਿਜਾਣ ਵਾਲੇ ਪੁਰਾਣੇ ਪੱਤਰਕਾਰ ਕੇਵਲ ਲਿਖਦੇ ਹੀ ਹੁੰਦੇ ਸਨ ਕਿ ਕਦੀ ਪੜ੍ਹਦੇ ਵੀ ਹੁੰਦੇ ਸਨ? ਉਨ੍ਹਾਂ ਦੇ ਗਿਆਨ ਅਤੇ ਜਾਣਕਾਰੀ ਦਾ ਪੱਧਰ ਵੇਖ ਕੇ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਜਿੰਨਾ ਉਹ ਲਿਖਦੇ ਹੁੰਦੇ ਸਨ, ਉਸ ਤੋਂ ਅੱਧਾ ਵੀ ਪੜ੍ਹ ਲੈਣ ਦੀ ਖੇਚਲ ਕਰ ਲੈਂਦੇ ਤਾਂ ਪੰਜਾਬੀ ਪੱਤਰਕਾਰੀ ਦਾ ਮਿਆਰ ਸਚਮੁਚ ਬਹੁਤ ਉੱਚਾ ਹੋ ਜਾਂਦਾ।

ਜੇ ਸਤਿਕਾਰ ਯੋਗ ਅਨੰਦ ਸਾਹਿਬ ਨੂੰ ਘਰ ਦਾ ਪਰਚਾ ਹੀ ਪੜ੍ਹਨ ਦੀ ਆਦਤ ਪੈ ਗਈ ਹੁੰਦੀ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਭਗਤ ਸਿੰਘ ਦੀ ਇਹ ਫ਼ੋਟੋ ਬਚਨ ਸਿੰਘ ਨਾਂ ਦੇ ਜਿਸ ਪੁਲਿਸ ਡੀ.ਐਸ.ਪੀ. ਨੇ ਚੋਰੀ ਛੁਪੀ ਜੇਲ ਵਿਚ ਖਿੱਚੀ ਸੀ, ਉਸ ਨੇ ਇਹ ਫ਼ੋਟੋ ਸੰਭਾਲ ਕੇ ਰੱਖਣ ਲਈ ਬੜੀ ਮਿਹਨਤ ਕੀਤੀ ਸੀ ਤੇ ਅਖ਼ੀਰ ‘ਪ੍ਰੀਤ ਲੜੀ’ ਦੇ ਐਡੀਟਰ ਸ: ਗੁਰਬਖ਼ਸ਼ ਸਿੰਘ ਨੂੰ ਆਪ ਦਿਤੀ ਸੀ ਤੇ ‘ਪ੍ਰੀਤ ਲੜੀ’ ਵਿਚ ਛਪੀ ਸੀ। ਸ: ਗੁਰਬਖ਼ਸ਼ ਸਿੰਘ ਨੇ ਇਸ ਬਾਰੇ ਪੂਰਾ ਲੇਖ ਲਿਖਿਆ ਸੀ। ਮੈਂ ਸਕੂਲ ਵਿਚ ਪੜ੍ਹਦਾ ਸੀ ਜਦੋਂ ਮੈਂ ਉਹ ਲੇਖ ‘ਪ੍ਰੀਤ ਲੜੀ’ ਵਿਚ ਪੜਿ੍ਹਆ ਸੀ। ਉਸ ਮਗਰੋਂ ਇਹ ਤਸਵੀਰ ਬਹੁਤ ਹਰਮਨ ਪਿਆਰੀ ਹੋ ਗਈ ਤੇ ਇਸ ਦੀਆਂ ਰੰਗੀਨ ਪੇਂਟਿੰਗਜ਼ ਵੀ ਬਣਨ ਲਗੀਆਂ। ਪਰ ਅਸਲ ਫ਼ੋਟੋ ਪਹਿਲੀ ਵਾਰ ‘ਪ੍ਰੀਤ ਲੜੀ’ ਵਿਚ ਹੀ ਛਪੀ ਸੀ।


ਕਾਮਰੇਡਾਂ ਨੂੰ ਗੁੱਸਾ ਕਰਨ ਦੀ ਬਜਾਏ, ਹਰ ਤਰ੍ਹਾਂ ਦਾ ਸੱਚ ਲੱਭਣ ਵਿਚ ਸਾਡਾ ਸਾਥ ਦੇਣਾ ਚਾਹੀਦਾ ਹੈ ਤੇ ਇਸ ਗੱਲ ਦਾ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਦੂਜਿਆਂ ਨਾਲੋਂ ਜ਼ਿਆਦਾ ਸਮਝਦਾਰ ਹਨ। ਮੈਂ ਅਕਾਲ ਤਖ਼ਤ ਦਾ ਸੱਚ, ਪੁਜਾਰੀਵਾਦ ਦਾ ਸੱਚ ਅਤੇ ਹੋਰ ਕਈ ਤਰ੍ਹਾਂ ਦੇ ਸੱਚ ਲੱਭਣ ਲਗਿਆਂ ਕਦੇ ਨਹੀਂ ਵੇਖਿਆ ਕਿ ਇਸ ਨਾਲ ਮੇਰਾ ਕਿੰਨਾ ਨੁਕਸਾਨ ਹੋ ਜਾਵੇਗਾ। ਪੱਛਮ ਵਾਲੇ ਤਾਂ ਹਜ਼ਰਤ ਈਸਾ ਬਾਰੇ ਵੀ ਸੱਚ ਦੀ ਭਾਲ ਕਰਨ ਵਾਲਿਆਂ ਦਾ ਸਨਮਾਨ ਕਰਦੇ ਹਨ ਪਰ ਅਸੀ ਅਪਣੀ ਪਸੰਦ ਦੇ ਕਿਸੇ ਆਮ ਆਗੂ ਬਾਰੇ ਵੀ ਸੱਚ ਸੁਣ ਕੇ ਲੋਹੇ ਲਾਖੇ ਹੋ ਜਾਂਦੇ ਹਾਂ ਤੇ ਚਾਹੁੰਦੇ ਹਾਂ ਕਿ ਜਿਹੜਾ ਝੂਠ ਚਲ ਰਿਹਾ ਹੈ, ਉਸੇ ਨੂੰ ਚਲਦਾ ਰਹਿਣ ਦਈਏ ਤੇ ਕਿਸੇ ਨੂੰ ਨਾ ਛੇੜੀਏ। ਸੱਚ ਦੇ ਪਾਂਧੀਆਂ ਲਈ ਇਸ ਨਾਲ ਮੁਸ਼ਕਲਾਂ ਤਾਂ ਖੜੀਆਂ ਹੋਣਗੀਆਂ ਹੀ ਪਰ ਉਹ ਅਪਣਾ ਪੰਧ ਅਧਵਾਟੇ ਨਹੀਂ ਛੱਡਣਗੇ। ਜਿਨ੍ਹਾਂ ਨੂੰ ਹਰ ਖੇਤਰ ਵਿਚ ਤੇ ਹਰ ਪ੍ਰਕਾਰ ਦਾ ਸੱਚ ਚੰਗਾ ਲਗਦਾ ਹੋਵੇ, ਉਹ ਸਾਡੇ ਨਾਲ ਆਉਣਾ ਚਾਹੁਣ ਤਾਂ ਜੀਅ ਆਇਆ ਆਖਾਂਗੇ ਪਰ ਜਿਨ੍ਹਾਂ ਨੂੰ ਪੂਰਨ ਸੱਚ ਦੀ ਭਾਲ ਕਰਨੀ ਔਖੀ ਲਗਦੀ ਹੈ, ਉਹ ਸਾਨੂੰ ਇਹ ਔਖਾ ਕੰਮ ਕਰ ਲੈਣ ਦੀਆਂ ਦੋ ਅਸੀਸਾਂ ਹੀ ਦੇ ਛੱਡਣ, ਅਸੀ ਮੰਜ਼ਲ ਤੇ ਪੁਜ ਕੇ ਹੀ ਦੰਮ ਲਵਾਂਗੇ।
(30 ਸਤੰਬਰ 2007 ਦੀ ‘ਰੋਜ਼ਾਨਾ ਸਪੋਕਸਮੈਨ’ ਦੀ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’)                  ( ਜੋਗਿੰਦਰ ਸਿੰਘ)