‘‘ਤੁਹਾਡੇ ਅਗਲੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੋਣਗੇ...।’’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਜੋਧਪੁਰ ਵਿਚ ਨਜ਼ਰਬੰਦ ਅਕਾਲੀ ਲੀਡਰਾਂ ਨੂੰ ਮਿਲ ਕੇ ਆਏ ਜੱਜਾਂ ਨੇ ਪਹਿਲੀ ਗੱਲ ਜੋ ਦੱਸੀ ਪਰ ਬਰਨਾਲਾ ਹੀ ਕਿਉਂ, ਬਾਦਲ ਕਿਉਂ ਨਹੀਂ ?

Surjit Singh Barnala

ਪੱਤਰਕਾਰੀ ਵਿਚ ਇਕ ਚੰਗੇ ਅਖ਼ਬਾਰ ਦੇ ਸੰਪਾਦਕ ਨੂੰ ਲੀਡਰਾਂ, ਅਫ਼ਸਰਾਂ ਤੋਂ ਹੋਰਨਾਂ ਕੋਲੋਂ, ਅੰਦਰ ਦੀਆਂ ਬੜੀਆਂ ਰਾਜ਼ ਵਾਲੀਆਂ ਪਰ ਸੌ ਫ਼ੀ ਸਦੀ ਸੱਚੀਆਂ ਗੱਲਾਂ ਦਾ ਪਤਾ ਜ਼ਰੂਰ ਲਗਦਾ ਰਹਿੰਦਾ ਹੈ ਪਰ ‘ਅੰਦਰ ਦੇ ਰਾਜ਼’ ਦੱਸਣ ਵਾਲਾ ਆਗੂ ਜਾਂ ਅਫ਼ਸਰ, ਨਾਲ ਹੀ ਇਹ ਸ਼ਰਤ ਵੀ ਲਗਾ ਦੇੇਂਦਾ ਹੈ, ‘‘ਵੇਖਣਾ, ਇਹ ਅੰਦਰ ਦੀ ਖ਼ਬਰ ਸਿਰਫ਼ ਤਾਹਨੂੰ ਹੀ ਦਸ ਰਿਹਾ ਹਾਂ, ਇਹ ਛਾਪਣੀ ਨਹੀਂ, ਨਾ ਕਿਸੇ ਨੂੰ ਦਸਣੀ ਹੀ ਹੈ ਵਰਨਾ ਮੈਂ ਮਾਰਿਆ ਜਾਵਾਂਗਾ।’’ ਸੋ ਰਾਜ਼ ਦੀ ਗੱਲ ਦਸਣ ਵਾਲੇ ਦਾ ਭਰੋਸਾ ਬਣਾਈ ਰਖਣਾ ਵੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਕੋਈ ਤੁਹਾਡੇ ਨਾਲ ਫਿਰ ਤੋਂ ਰਾਜ਼ ਦੀ ਗੱਲ ਕਰੇਗਾ ਹੀ ਨਹੀਂ। ਮੇਰੀ ਛਾਤੀ ਵਿਚ ਵੀ ਇਕ ਦੋ ਨਹੀਂ, ਸੈਂਕੜੇ ਰਾਜ਼ ਦੀਆਂ ਗੱਲਾਂ ਉਸਲਵੱਟੇ ਲੈਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਬਾਰੇ ਕੁੱਝ ਨਾ ਲਿਖਣ ਦਾ ਮੈਂ ਵਾਅਦਾ ਕੀਤਾ ਹੋਇਆ ਹੈ, ਇਸ ਲਈ ਬਹੁਤੀਆਂ ਗੱਲਾਂ ਦਾ ਜ਼ਿਕਰ ਅਜੇ ਵੀ ਨਹੀਂ ਕਰ ਸਕਦਾ ਪਰ ਕੁੱਝ ਕੁ ਗੱਲਾਂ ਦਾ ਜ਼ਿਕਰ ਹੁਣ ਕੀਤਾ ਜਾ ਵੀ ਸਕਦਾ ਹੈ ਕਿਉਂਕਿ ਹੁਣ ਉਹ ਗੱਲਾਂ ਦਸਣ ਵਾਲਿਆਂ ਦਾ ਨੁਕਸਾਨ ਕੋਈ ਨਹੀਂ ਹੋ ਸਕਦਾ। ਅਜਿਹੀ ਇਕ ਗੱਲ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ।

ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਜਦ ਲਗਭਗ ਸਾਰੇ ਅਕਾਲੀ ਲੀਡਰ ਜੇਲਾਂ ਵਿਚ ਬੰਦ ਸਨ ਤੇ ਗੁੱਸੇ ਵਿਚ ਆਏ ਨੌਜੁਆਨ ਏ.ਕੇ. 47 ਚੁੱਕ ਕੇ ਦਿਲ ਦਾ ਗ਼ੁਬਾਰ ਕੱਢਣ ਲੱਗੇ ਹੋਏ ਸਨ ਤਾਂ ਦਿੱਲੀ ਵਿਚ ਵਿਚਾਰਾਂ ਸ਼ੁਰੂ ਹੋਈਆਂ ਕਿ ਜੇਲਾਂ ਵਿਚ ਬੰਦ ਲੀਡਰਾਂ ਨਾਲ ਸਮਝੌਤੇ ਦੀ ਗੱਲ ਚਲਾਈ ਜਾਏ ਤਾਕਿ ਖਾੜਕੂਆਂ ਨਾਲ ਕੇਂਦਰ ਨੂੰ ਸਿੱਧੀ ਲੜਾਈ ਨਾ ਲੜਨੀ ਪਵੇ ਸਗੋਂ ਪੰਜਾਬ ਵਿਚ ਅਜਿਹੀ ਅਕਾਲੀ ਸਰਕਾਰ ਬਣਾ ਦਿਤੀ ਜਾਵੇ ਜੋ ਕੇਂਦਰ ਦੀ ਨੀਤੀ, ਪੰਜਾਬ ਵਿਚ ਲਾਗੂ ਕਰਨ ਲਈ ਸਹਿਮਤ ਹੋਵੇ। ਗਵਰਨਰ ਅਰਜਨ ਸਿੰਘ ਸਿੰਘ ਦੀ ਡਿਊਟੀ ਲਗਾਈ ਗਈ ਕਿ ਉਹ ਅਜਿਹੇ ‘ਵਿਚੋਲੀਏ’ ਲੱਭਣ ਜੋ ਅਕਾਲੀ ਲੀਡਰਾਂ ਨੂੰ ਸਮਝੌਤੇ ਲਈ ਤਿਆਰ ਕਰ ਸਕਣ। ਉਦੋਂ ਹੀ ਇਕ ਸੁਝਾਅ ਇਹ ਵੀ ਆਇਆ ਕਿ ਦੋ ਜੱਜ, ਜੋਧਪੁਰ ਵਿਚ ਨਜ਼ਰਬੰਦ ਅਕਾਲੀ ਲੀਡਰਾਂ ਤੇ ਖਾੜਕੂ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਨ ਤੇ ਸਰਕਾਰ ਨੂੰ ਰੀਪੋਰਟ ਦੇਣ। ਜੱਜਾਂ ਦੀ ਜਿਹੜੀ ਦੋ ਮੈਂਬਰੀ ਕਮੇਟੀ ਬਣਾਈ ਗਈ, ਉਸ ਵਿਚ ਇਕ ਸਨ, ਪੰਜਾਬ ਹਾਈ ਕੋਰਟ ਦੇ ਇਕ ਰੀਟਾਇਰਡ ਜੱਜ ਜਸਟਿਸ ਸੋਢੀ ਤੇ ਦੂਜੇ ਸਨ ਚੰਡੀਗੜ੍ਹ ਦੇ ਸੈਸ਼ਨ ਜੱਜ ਸ. ਮਹਿੰਦਰ ਸਿੰਘ ਲੁਬਾਣਾ (ਸ਼ਾਇਦ ਕੋਈ ਤੀਜਾ ਮੈਂਬਰ ਵੀ ਸੀ ਪਰ ਮੈਨੂੰ ਠੀਕ ਯਾਦ ਨਹੀਂ)।

ਉਪ੍ਰੋਕਤ ਦੋਵੇਂ ਜੱਜ ਮੇਰੇ ਚੰਗੇ ਜਾਣੂ ਸਨ ਪਰ ਮਹਿੰਦਰ ਸਿੰਘ ਮੇਰੇ ਕਰੀਬੀ ਮਿੱਤਰਾਂ ਵਿਚੋਂ ਸਨ ਤੇ ਸਵਾਸ ਤਿਆਗਣ ਤਕ ਮੇਰੇ ਗੂੜ੍ਹੇ ਮਿੱਤਰ ਬਣੇ ਰਹੇ। ਬਲੂ ਸਟਾਰ ਤੋਂ ਦੋ ਸਾਲ ਪਹਿਲਾਂ ‘ਪੰਜ ਪਾਣੀ’ ਵੱਡਾ ਘਾਟਾ ਪਾ ਕੇ ਬੰਦ ਹੋ ਗਿਆ ਸੀ ਤੇ ‘ਸਪੋਕਸਮੈਨ’ ਅਜੇ ਸ਼ੁਰੂ ਨਹੀਂ ਸੀ ਹੋਇਆ ਅਰਥਾਤ ਉਸ ਸਮੇਂ ਮੈਂ ਕਿਸੇ ਵੀ ਪਰਚੇ ਦਾ ਐਡੀਟਰ ਨਹੀਂ ਸੀ ਪਰ ਮੇਰੇ ਪੁਰਾਣੇ ਬਣੇ ਵਿਸ਼ਵਾਸ ਕਾਰਨ ਲੀਡਰ ਤੇ ਅਫ਼ਸਰ ਮੈਨੂੰ ਅੰਦਰ ਦੀਆੰ ਗੱਲਾਂ ਦਸਦੇ ਰਹਿੰਦੇ ਸਨ। ਜਸਟਿਸ ਸੋਢੀ ਤੇ ਸ. ਮਹਿੰਦਰ ਸਿੰਘ ਨਾਲ ਮੇਰੇ ਨੇੜੇ ਦੇ ਸਬੰਧਾਂ ਕਾਰਨ ਮੈਨੂੰ ਵਿਸ਼ਵਾਸ ਸੀ ਕਿ ਜਸਟਿਸ ਸੋਢੀ ਤਾਂ ਸ਼ਾਇਦ ‘ਅੰਦਰ ਦੀ ਗੱਲ’ ਮੇਰੇ ਨਾਲ ਖੁਲ੍ਹ ਕੇ ਨਾ ਕਰਨ ਪਰ ਸ. ਮਹਿੰਦਰ ਸਿੰਘ ਕੁੱਝ ਨਾ ਕੁੱਝ ਮੈਨੂੰ ਜ਼ਰੂਰ ਦਸ ਦੇਣਗੇ। ਦੋਵੇਂ ਜੋਧਪੁਰ ਗਏ ਤੇ ਸਾਰੇ ਨਜ਼ਰਬੰਦ ਲੀਡਰਾਂ ਨਾਲ ਗੱਲ ਕਰ ਕੇ ਵਾਪਸ ਆ ਗਏ। ਸ. ਮਹਿੰਦਰ ਸਿੰਘ ਲੁਬਾਣਾ ਨੇ ਆਪ ਹੀ ਮੈਨੂੰ ਫ਼ੋਨ ਕਰ ਕੇ ਦਸਿਆ ਕਿ ਉਹ ਵਾਪਸ ਆ ਗਏ ਹਨ। ਮੈਂ ਪੁਛ ਲਿਆ, ‘‘ਕੋਈ ਖ਼ਾਸ ਗੱਲ ਦੱਸੋ ਜੇ ਉਥੇ ਹੋਈ?’’

ਲੁਬਾਣਾ ਜੀ ਬੋਲੇ, ‘‘ਟੈਲੀਫ਼ੋਨ ਤੇ ਨਹੀਂ। ਸ਼ਾਮ ਨੂੰ ਚਾਹ ਤੁਹਾਡੇ ਕੋਲ ਹੀ ਪੀਆਂਗੇ ਤੇ ਸਾਰੀਆਂ ਗੱਲਾਂ ਵੀ ਦੱਸਾਂਗੇ।’’ ਸੋ ਸ਼ਾਮ ਨੂੰ ਉਹ ਆ ਗਏ। ਮੈਨੂੰ ਕਾਹਲੀ ਸੀ ਕਿ ਕੋਈ ਅੰਦਰ ਦੀ ਖ਼ਾਸ ਗੱਲ ਪਤਾ ਲੱਗੇ। ਮੇਰੀ ਵਿਆਕੁਲਤਾ ਨੂੰ ਵੇਖ ਕੇ ਬੋਲੇ, ‘‘ਸੱਭ ਤੋਂ ਮਹੱਤਵਪੂਰਨ ਗੱਲ ਜੋ ਮੈਂ ਤੁਹਾਨੂੰ ਦਸ ਸਕਦਾ ਹਾਂ, ਉਹ ਇਹੀ ਹੈ ਕਿ ਤੁਹਾਡਾ ਅਗਲਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੋਵੇਗਾ...।’’  ਮੈਂ ਪੁਛਿਆ, ‘‘ਬਾਦਲ ਨਹੀਂ?’’  ਬੋਲੇ, ‘‘ਨਹੀਂ। ਮੈਨੂੰ ਪੂਰਾ ਯਕੀਨ ਹੈ ਕਿ ਕੇਂਦਰ ਸਰਕਾਰ ਸਾਡੀ ਰੀਪੋਰਟ ਪੜ੍ਹ ਕੇ ਸੁਰਜੀਤ ਸਿੰਘ ਨੂੰ ਹੀ ਮੁੱਖ ਮੰਤਰੀ ਬਣਾਏਗੀ।’’  ‘‘ਪਰ ਤੁਸੀ ਬਰਨਾਲਾ ਦੇ ਹੱਕ ਵਿਚ ਰੀਪੋਰਟ ਕਿਉਂ ਦੇ ਰਹੇ ਹੋ?’’ ਮੈਂ ਪੁਛਿਆ। 
‘‘ਨਹੀਂ, ਨਹੀਂ, ਅਸੀ ਕਿਸੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਕੋਈ ਰੀਪੋਰਟ ਨਹੀਂ ਦੇ ਰਹੇ। ਅਸੀ ਤਾਂ ਜੋ ਬਿਆਨ, ਸਾਡੇ ਅੱਗੇ ਲੀਡਰਾਂ ਨੇ ਦਿਤੇ, ਉਹ ਹੂਬਹੂ ਉਸੇ ਤਰ੍ਹਾਂ ਲਿਖ ਲਏ ਤੇ ਉਨ੍ਹਾਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਦਸਤਖ਼ਤ ਵੀ ਕਰਵਾ ਲਏ ਤਾਕਿ ਕਲ ਨੂੰ ਉਹ ਮੁਕਰ ਨਾ ਸਕਣ। ਉਹ ਰੀਪੋਰਟ ਹੂਬਹੂ ਉਸੇ ਰੂਪ ਵਿਚ ਅਸੀ ਸਰਕਾਰ ਨੂੰ ਭੇਜ ਰਹੇ ਹਾਂ। ਇਹੀ ਕੰਮ ਸਾਨੂੰ ਸੌਂਪਿਆ ਗਿਆ ਸੀ।

ਨਾ ਸਾਡੀ ਰਾਏ ਮੰਗੀ ਗਈ ਸੀ, ਨਾ ਅਸੀ ਅਪਣੀ ਕੋਈ ਰਾਏ ਦਿਤੀ ਹੀ ਹੈ,’’ ਮਹਿੰਦਰ ਸਿੰਘ ਨੇ ਦਸਿਆ।ਮੇਰੀ ਉਤਸੁਕਤਾ ਹੋਰ ਵੀ ਵੱਧ ਗਈ। ਸੁਰਜੀਤ ਸਿੰਘ ਬਰਨਾਲਾ ਨੇ ਕਿਹੜੀ ਗੱਲ ਜੱਜਾਂ ਨੂੰ ਕਹਿ ਦਿਤੀ ਸੀ ਜਿਸ ਨੂੰ ਸੁਣ ਕੇ ਉਹ ਇਸ ਨਤੀਜੇ ਤੇ ਪੁੱਜ ਗਏ ਹਨ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਹੀ ਹੋਵੇਗਾ?  ਪਰ ਮਹਿੰਦਰ ਸਿੰਘ ਨੂੰ ਕੋਈ ਕਾਹਲੀ ਨਹੀਂ ਸੀ। ਉਹ ਸਵਾਦ ਲੈ-ਲੈ ਕੇ ਵੱਖ-ਵੱਖ ਲੀਡਰਾਂ ਬਾਰੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਨੇ ਸ਼੍ਰੋੋਮਣੀ ਅਕਾਲ ਦਲ ਦੇ ਪ੍ਰਧਾਨ ਸੰਤ ਹਰਚੰਦ ਸਿਘ ਲੌਂਗੇਵਾਲ ਤੋਂ ਗੱਲ ਸ਼ੁਰੂ ਕੀਤੀ, ‘‘ਅਸੀ ਉਨ੍ਹਾਂ ਨੂੰ ਜੱਜਾਂ ਦੀ ਕਮੇਟੀ ਸਾਹਮਣੇ ਪੇਸ਼ ਹੋ ਕੇ ਅਪਣੇ ਵਿਚਾਰ ਖੁਲ੍ਹ ਕੇ ਦੱਸਣ ਲਈ ਕਿਹਾ। ਸੰਤ ਜੀ ਨੇ ਆਪ ਆਉਣ ਦੀ ਬਜਾਏ, ਪੰਜਾਬੀ ਵਿਚ ਲਿਖਿਆ ਇਕ ਰੁੱਕਾ, ਉਨ੍ਹਾਂ ਨੂੰ ਲੈਣ ਗਏ ਪੁਲਿਸ ਅਫ਼ਸਰ ਦੇ ਹੱਥ ਫੜਾ ਦਿਤਾ ਜਿਸ ਉਤੇ ਉਨ੍ਹਾਂ ਲਿਖਿਆ ਸੀ, ‘‘ਮੇਰੀ ਜੱਜਾਂ ਸਾਹਮਣੇ ਪੇਸ਼ ਹੋਣ ਦੀ ਕੋਈ ਮਨਸ਼ਾ ਨਹੀਂ.......ਹਰਚੰਦ ਸਿੰਘ ਲੌਂਗੋਵਾਲ।’’

ਉਸ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਵਾਰੀ ਆਈ। ਉਹ ਆਏ ਪਰ ਗੋਲਮੋਲ ਗੱਲਾਂ ਕਰ ਕੇ ਚੁੱਪ ਹੋ ਗਏ। ਨਾ ਉਹ ਸਰਕਾਰ ਵਿਰੁਧ ਬੋਲੇ, ਨਾ ਕਿਸੇ ਹੋਰ ਵਿਰੁਧ। ਬਸ ਚਾਰ ਠੰਢੀਆਂ ਫੂਕਾਂ ਮਾਰ ਕੇ ਹੀ ਬੈਠ ਗਏ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਬਣਦਾ। ਗੁਰਚਰਨ ਸਿੰਘ ਟੌਹੜਾ ਪੂਰੇ ਜਾਹੋ ਜਲਾਲ ਨਾਲ ਆਏ ਤੇ ਲਗਭਗ ਇਕ  ਘੰਟਾ ਸਰਕਾਰ ਵਿਰੁਧ ਖ਼ੂਬ ਗਰਜੇ ਤੇ ਕਹਿ ਗਏ ਕਿ ਫ਼ੌਜ ਸਾਨੂੰ ਨਹੀਂ ਡਰਾ ਸਕਦੀ।  ਬਾਕੀ ਰਹਿ ਗਏ ਖਾੜਕੂ (ਗਰਮ ਖ਼ਿਆਲ ਆਗੂ) ਤੇ ਸੁਰਜੀਤ ਸਿੰਘ ਬਰਨਾਲਾ। ਇਨ੍ਹਾਂ ਨੇ ਇਤਿਹਾਸ ਵਿਚ ਸਾਂਭ ਕੇ ਰੱਖਣ ਵਾਲੀਆਂ ਜੋ ਗੱਲਾਂ ਕਹੀਆਂ, ਉਹ ਬਹੁਤ ਹੀ ਮਹੱਤਵਪੂਰਨ ਸਨ ਤੇ ਅਗਲੇ ਐਤਵਾਰ ਦੀ ਡਾਇਰੀ ਵਿਚ ਪੇਸ਼ ਕਰਾਂਗਾ।                           (ਚਲਦਾ)                                                      ਜੋਗਿੰਦਰ ਸਿੰਘ