ਕੋਈ ਸੱਚਾ 'ਅਕਾਲੀ' ਕਿਸੇ ਦੂਜੇ ਸਿੱਖ ਉਤੇ ਦੇਸ਼-ਧ੍ਰੋਹੀ ਹੋਣ ਦਾ ਇਲਜ਼ਾਮ ਨਹੀਂ ਲਾ ਸਕਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਰ ਬੀ.ਜੇ.ਪੀ. ਦੀ ਪਿਉਂਦ ਲੱਗੇ 'ਅਕਾਲੀ' ਅਜਿਹੇ ਦੋਸ਼ ਹਰ ਵਿਰੋਧੀ ਸਿੱਖ ਉਤੇ ਲਾ ਰਹੇ ਨੇ........

Sikh Gathering

ਜਵਾਹਰ ਲਾਲ ਨਹਿਰੂ ਨੇ ਵੀ ਇਹੀ ਦੋਸ਼ ਅਕਾਲੀ ਦਲ ਦੇ ਪ੍ਰਧਾਨ ਉਤੇ ਲਗਾਇਆ ਤਾਂ ਮਾਫ਼ੀ ਮੰਗਣੀ ਪਈ ਸੀ। ਅੱਜ ਦੇ ਅਕਾਲੀਆਂ ਨੂੰ ਵੀ ਮਾਫ਼ੀ ਮੰਗੇ ਬਿਨਾਂ ਮੁਕਤੀ ਨਹੀਂ ਮਿਲਣੀ

ਬਚਪਨ ਤੋਂ ਹੀ ਮੈਂ ਅਕਾਲੀਆਂ ਉਤੇ 'ਪਾਕਿਸਤਾਨ ਨਾਲ ਮਿਲੇ ਹੋਏ ਹੋਣ ਅਤੇ ਪਾਕਿਸਤਾਨ ਦੀ ਸ਼ਹਿ ਤੇ, ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਬਣਨ ਵਾਲੇ ਮੋਰਚੇ ਲਾਉਣ ਦੇ ਇਲਜ਼ਾਮ ਲਗਦੇ ਵੇਖਦਾ ਆ ਰਿਹਾ ਹਾਂ। ਮਿਸਾਲ ਵਜੋਂ : 

1947 ਤੋਂ ਪਹਿਲਾਂ ਦੇ ਵਾਅਦੇ: ਅਕਾਲੀਆਂ ਨੇ ਸਿੱਖ ਲੀਡਰਾਂ ਨਾਲ 1947 ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਦੀ ਮੰਗ ਰੱਖੀ ਤਾਂ ਅਕਾਲੀਆਂ ਉਤੇ ਇਲਜ਼ਾਮ ਲੱਗ ਗਿਆ ਕਿ ਇਹ ਤਾਂ ਪਾਕਿਸਤਾਨ ਨਾਲ ਮਿਲੇ ਹੋਏ ਹਨ ਤੇ ਉਸ ਦੀ ਸ਼ਹਿ ਤੇ ਦੇਸ਼ ਨਾਲ ਗ਼ਦਾਰੀ ਦੀਆਂ ਗੱਲਾਂ ਕਰਦੇ ਹਨ ਤੇ ਪਾਕਿਸਤਾਨ  ਦੀ ਸ਼ਹਿ ਤੇ ਖ਼ਾਲਿਸਤਾਨ ਮੰਗਦੇ ਹਨ। 

ਪੰਜਾਬੀ ਸੂਬਾ: ਅਕਾਲੀਆਂ ਨੇ ਪੰਜਾਬੀ ਸੂਬਾ ਮੰਗਿਆ ਤਾਂ ਉਨ੍ਹਾਂ ਉਤੇ ਪਾਕਿਸਤਾਨ ਨਾਲ ਰਲੇ ਹੋਏ ਹੋਣ ਦਾ ਇਲਜ਼ਾਮ ਲਾ ਦਿਤਾ ਗਿਆ। ਪਾਕਿਸਤਾਨ ਵਿਚ ਯਾਤਰਾ ਤੇ ਗਏ ਅਕਾਲੀ ਲੀਡਰ: ਕੋਈ ਅਕਾਲੀ ਲੀਡਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਤੇ ਚਲਾ ਜਾਂਦਾ ਤਾਂ ਉਸ ਉਤੇ ਇਲਜ਼ਾਮ ਲਾ ਦਿਤਾ ਜਾਂਦਾ ਸੀ ਕਿ ਉਹ ਪਾਕਿਸਤਾਨ ਦੇ ਸਦਰ (ਰਾਸ਼ਟਰਪਤੀ) ਨਾਲ ਗੁਪਤ ਮੀਟਿੰਗ ਕਰ ਆਇਆ ਹੈ। ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ ਜਦ ਗੁਰਦਵਾਰਿਆਂ ਦੀ ਯਾਤਰਾ ਲਈ ਪਾਕਿਸਤਾਨ ਗਏ ਤਾਂ ਉਨ੍ਹਾਂ ਅਪਣੇ ਪਿੰਡ ਢੁਡਿਆਲ (ਰਾਵਲਪਿੰਡੀ) ਜਾਣ ਦੀ ਮੰਨਜ਼ੂਰੀ ਮੰਗੀ ਜੋ ਪਾਕਿਸਤਾਨ ਸਰਕਾਰ ਨੇ ਦੇ ਦਿਤੀ।

ਹਿੰਦੁਸਤਾਨੀ ਅਖ਼ਬਾਰਾਂ ਵਿਚ ਸੁਰਖ਼ੀਆਂ ਲੱਗ ਗਈਆਂ ਕਿ ਮਾ. ਤਾਰਾ ਸਿੰਘ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪਾਕਿਸਤਾਨੀ ਸਦਰ (ਰਾਸ਼ਟਰਪਤੀ) ਕੋਲ ਲਿਜਾਇਆ ਗਿਆ ਜਿਥੇ ਭਾਰਤ ਵਿਰੁਧ ਦੋਹਾਂ ਨੇ ਰਲ ਕੇ ਸਾਜ਼ਸ਼ ਘੜੀ। ਹੋਰ ਤਾਂ ਹੋਰ ਜਵਾਹਰ ਲਾਲ ਨਹਿਰੂ ਨੇ ਵੀ ਇਹ ਦੋਸ਼ ਦੋਹਰਾ ਦਿਤਾ। ਮਗਰੋਂ ਜਦ ਸਾਰੀ ਗੱਲ ਗ਼ਲਤ ਸਾਬਤ ਹੋ ਗਈ ਤਾਂ ਨਹਿਰੂ ਨੇ ਮਾ. ਤਾਰਾ ਸਿੰੰਘ ਕੋਲੋਂ ਮਾਫ਼ੀ ਕਿਵੇਂ ਮੰਗੀ, ਉਹ ਇਕ ਵਖਰੀ ਤੇ ਦਿਲਚਸਪ ਕਹਾਣੀ ਹੈ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਰਖਣੀ ਚਾਹੀਦੀ ਹੈ ਕਿ ਪਾਕਿਸਤਾਨ ਨਾਲ ਰਲੇ ਹੋਣ ਦੇ ਦੋਸ਼ ਦਾ ਇਤਿਹਾਸ ਕੀ ਹੈ?

ਅਨੰਦਪੁਰ ਮਤਾ : ਅਕਾਲੀਆਂ ਨੇ ਅਨੰਦਪੁਰ ਮਤਾ ਪਾਸ ਕੀਤਾ ਤਾਂ ਇਲਜ਼ਾਮ ਲਾ ਦਿਤਾ ਗਿਆ ਕਿ ਅਕਾਲੀ ਪਾਕਿਸਤਾਨ ਦੀ ਸ਼ਹਿ ਤੇ, ਹਿੰਦੁਸਤਾਨ ਦੇ ਟੁਕੜੇ ਕਰਨਾ ਚਾਹੁੰਦੇ ਹਨ। ਇੰਦਰਾ ਗਾਂਧੀ ਨੇ ਅਨੰਦਪੁਰ ਮਤੇ ਨੂੰ ਲੈ ਕੇ ਹੀ, ਬਲੂ-ਸਟਾਰ ਆਪ੍ਰੇਸ਼ਨ ਤੋਂ ਪਹਿਲਾਂ, ਸਾਰੇ ਹਿੰਦੂ ਜਗਤ ਨੂੰ ਸਿੱਖਾਂ ਵਿਰੁਧ ਕਰ ਦਿਤਾ ਸੀ। 

ਸੰਵਿਧਾਨ ਦਾ ਆਰਟੀਕਲ ਪਾੜਨ ਤੇ : ਜਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਚ ਸਿੱਖਾਂ ਨੂੰ ਹਿੰਦੂ ਧਰਮ ਨਾਲ ਕਲੱਬ ਕਰਨ ਵਾਲੇ ਆਰਟੀਕਲ ਨੂੰ ਪਾੜਿਆ ਤਾਂ ਉਨ੍ਹਾਂ ਵਿਰੁਧ ਵੀ ਇਹੀ ਦੋਸ਼ ਲੱਗਾ ਕਿ ਉਹ ਦੇਸ਼-ਧ੍ਰੋਹ ਦੀ ਕਾਰਵਾਈ ਪਾਕਿਸਤਾਨ ਨਾਲ ਮਿਲ ਕੇ ਕਰ ਰਹੇ ਹਨ ਤਾਕਿ ਦੇਸ਼ ਨੂੰ ਬਦਨਾਮ ਕੀਤਾ ਜਾ ਸਕੇ। ਅਜਤਕ ਵੀ ਭਾਰਤੀ ਮੀਡੀਆ ਉਸ ਕਾਰਵਾਈ ਦਾ ਜ਼ਿਕਰ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਉਸ ਕਾਰਵਾਈ ਨੂੰ ਦੇਸ਼ ਧ੍ਰੋਹ ਦੀ ਕਾਰਵਾਈ ਹੀ ਦਸਦਾ ਹੈ। 

ਬਲੂ- ਸਟਾਰ ਤੇ ਸਿੱਖ ਸੰਘਰਸ਼ :

ਫਿਰ ਬਲੂ-ਸਟਾਰ ਆਪ੍ਰੇਸ਼ਨ ਤੋਂ ਬਾਅਦ ਨੌਜੁਆਨਾਂ ਨੇ ਗੁੱਸੇ ਵਿਚ ਆ ਕੇ ਬੰਦੂਕ ਫੜ ਲਈ, ਤਾਂ ਵੀ ਇਲਜ਼ਾਮ ਇਹੀ ਸਨ ਕਿ ਇਹ ਪਾਕਿਸਤਾਨ ਦੀ ਸ਼ਹਿ ਤੇ ਹਿੰਦੁਸਤਾਨ ਨੂੰ ਤੋੜਨ ਲਈ ਹਿੰਸਾ ਦੇ ਰਾਹ ਪੈ ਗਏ ਹਨ ਤੇ ਪਾਕਿਸਤਾਨ ਇਨ੍ਹਾਂ ਨੂੰ ਹਥਿਆਰ ਤੇ ਪੈਸੇ ਖੁਲ੍ਹੇ ਦਿਲ ਨਾਲ ਦੇ ਰਿਹਾ ਹੈ। ਉਧਰ ਖਾੜਕੂ, ਚੋਰੀ ਛਿਪੇ ਬਾਰਡਰ ਕਰਾਸ ਕਰ ਕੇ ਕਿਸੇ ਗ਼ਲਤਫ਼ਹਿਮੀ ਅਧੀਨ, ਪਾਕਿਸਤਾਨ ਪਹੁੰਚ ਤਾਂ ਜਾਂਦੇ ਸਨ ਪਰ ਪਾਕਿਸਤਾਨ ਉਨ੍ਹਾਂ ਦੀ ਕੋਈ ਮਦਦ ਨਹੀਂ ਸੀ ਕਰਦਾ। ਹਥਿਆਰ ਉਥੇ ਮਿਲਦੇ ਤਾਂ ਸਨ ਪਰ ਦੁਗਣੀ ਕੀਮਤ ਲੈਣ ਮਗਰੋਂ। ਪੈਸੇ ਇੰਗਲੈਂਡ, ਅਮਰੀਕਾ ਤੋਂ ਆ ਜਾਂਦੇ ਤਾਂ ਉਨ੍ਹਾਂ ਨੂੰ ਹਥਿਆਰ ਮਿਲਦੇ।

ਫਿਰ ਇਕ ਦਿਨ ਜਦ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਹੀ ਇਲਜ਼ਾਮ ਦੁਹਰਾਇਆ ਕਿ ਖਾੜਕੂਆਂ ਨੂੰ ਪਾਕਿਸਤਾਨ ਸਹਾਇਤਾ ਦੇ ਰਿਹਾ ਹੈ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਗ਼ਮ ਬੇਨਜ਼ੀਰ ਭੁੱਟੋ ਤੋਂ ਰਿਹਾ ਨਾ ਗਿਆ ਤੇ ਉਸ ਨੇ ਇਹ ਕਹਿ ਕੇ ਸਾਰਾ ਭੇਤ ਖੋਲ੍ਹ ਦਿਤਾ ਕਿ ''ਰਾਜੀਵ ਗਾਂਧੀ ਉਸ ਇਕ ਖਾੜਕੂ ਦਾ ਨਾਂ ਤਾਂ ਦੱਸਣ ਜਿਸ ਨੂੰ ਫੜ ਕੇ ਵਾਪਸ ਭਾਰਤ ਭੇਜ ਦੇਣ ਲਈ ਕਿਹਾ ਗਿਆ ਹੋਵੇ

ਤੇ ਅਸੀ ਉਹ ਖਾੜਕੂ ਇਥੋਂ ਫੜ ਕੇ ਵਾਪਸ ਨਾ ਭੇਜਿਆ ਹੋਵੇ। ਅਸੀ ਤਾਂ ਭਾਰਤ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਤੇ ਉਹ ਅਹਿਸਾਨ ਮੰਨਣ ਦੀ ਬਜਾਏ ਸਾਡੇ ਤੇ ਇਲਜ਼ਾਮ ਲਾ ਰਹੇ ਹਨ।'' ਬੇਗ਼ਮ ਭੁੱਟੋ ਦੇ ਇਸ ਬਿਆਨ ਮਗਰੋਂ ਰਾਜੀਵ ਗਾਂਧੀ ਨੇ ਪਾਕਿਸਤਾਨ ਵਿਰੁਧ ਖਾੜਕੂਆਂ ਦੀ ਮਦਦ ਕਰਨ ਦਾ ਕਦੇ ਕੋਈ ਬਿਆਨ ਨਾ ਦਿਤਾ।

ਜਵਾਬ ਵਿਚ ਅਕਾਲੀ ਕੀ ਕਹਿੰਦੇ ਸਨ?

ਇਨ੍ਹਾਂ ਇਲਜ਼ਾਮਾਂ ਦੇ ਜਵਾਬ ਵਿਚ ਅਕਾਲੀ ਕੀ ਕਿਹਾ ਕਰਦੇ ਸਨ? ਇਹੀ ਕਿ ''ਸਿੱਖ ਤਾਂ ਅਪਣੀ ਹੋਂਦ ਤੇ ਅਪਣਾ ਧਰਮ ਬਚਾਉਣ ਲਈ ਜਾਂ ਆਜ਼ਾਦੀ ਤੋਂ ਪਹਿਲਾਂ ਕੀਤਾ ਗਏ ਵਾਅਦਿਆਂ ਤੇ ਭਰੋਸਿਆਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਸਿੱਖਾਂ ਨੂੰ ਅਪਣੇ ਹੱਕ ਮੰਗਣ ਤੋਂ ਰੋਕਣ ਲਈ ਖ਼ਾਹਮਖ਼ਾਹ ਉਨ੍ਹਾਂ ਨੂੰ ਪਾਕਿਸਤਾਨ ਤੋਂ ਮਦਦ ਮਿਲਦੀ ਹੋਣ ਦਾ ਧੂਏਂ ਦਾ ਪਹਾੜ ਖੜਾ ਕਰ ਦਿਤਾ ਜਾਂਦਾ ਹੈ

ਜਦਕਿ ਸੱਚ ਇਹ ਹੈ ਕਿ ਕਿਸੇ ਵੀ ਸਿੱਖ ਉਤੇ ਪਾਕਿਸਤਾਨ ਨਾਲ ਮਿਲੇ ਹੋਏ ਹੋਣ ਦਾ ਦੋਸ਼ ਲਾਉਣਾ ਹੀ ਸੱਭ ਤੋਂ ਵੱਡਾ ਦੇਸ਼-ਧ੍ਰੋਹ ਹੈ ਕਿਉਂਕਿ ਕੋਈ ਮਾੜੇ ਤੋਂ ਮਾੜਾ ਸਿੱਖ ਵੀ ਹੋਰ ਕੁੱਝ ਤਾਂ ਹੋ ਸਕਦਾ ਹੈ, ਦੇਸ਼-ਧ੍ਰੋਹੀ ਨਹੀਂ ਹੋ ਸਕਦਾ। ਸਿੱਖਾਂ ਦਾ ਤਾਂ ਜਨਮ ਹੀ ਦੇਸ਼, ਧਰਮ ਤੇ ਮਜ਼ਲੂਮ ਦੀ ਰਖਿਆ ਲਈ ਹੋਇਆ ਸੀ...।''

ਸਿੱਧੂ ਦਾ ਦੋਸ਼ ਕੀ ਹੈ ਜੋ ਉਸ ਨੂੰ ਪਾਕਿਸਤਾਨ ਦੀ ਬੋਲੀ ਬੋਲਣ ਵਾਲਾ ਦਸਿਆ ਜਾ ਰਿਹਾ ਹੈ?

ਅਕਾਲੀ ਕੈਂਪ 'ਚੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ, ਖ਼ਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਉਤੇ ਬੜੇ ਮਿਹਰਬਾਨ ਹਨ ਤੇ ਉਨ੍ਹਾਂ ਵਲੋਂ ਉਸ ਉਤੇ ਪਾਕਿਸਤਾਨ ਦੀ ਤਾਰੀਫ਼ ਕਰਨ ਤੇ ਹਿੰਦੁਸਤਾਨ ਨੂੰ ਛੁਟਿਆਉਣ ਦਾ ਦੋਸ਼ ਲਾ ਕੇ ਪਾਕਿਸਤਾਨ ਦੀ ਬੋਲੀ ਬੋਲਣ ਦਾ ਦੋਸ਼ ਵੀ ਵਾਰ ਵਾਰ ਦੁਹਰਾਇਆ ਗਿਆ ਹੈ ਅਰਥਾਤ ਦੇਸ਼-ਧ੍ਰੋਹੀ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਪਰ ਬੀਬੀ ਹਰਸਿਮਰਤ ਇਹ ਨਹੀਂ ਦਸ ਸਕੇ ਕਿ ਆਖ਼ਰ ਸਿੱਧੂ ਨੇ ਅਜਿਹਾ ਕਹਿ ਕੀ ਦਿਤਾ ਜਿਸ ਕਰ ਕੇ ਉਸ ਉਤੇ 'ਪਾਕਿਸਤਾਨ ਪੱਖੀ' ਹੋਣ ਦਾ ਇਲਜ਼ਾਮ ਲਾਉਣਾ ਜ਼ਰੂਰੀ ਹੋ ਗਿਆ?

ਉਸ ਨੇ ਤਾਂ ਕੇਵਲ ਇਸ ਗੱਲ ਦੀ ਖ਼ੁਸ਼ੀ ਹੀ ਮਨਾਈ ਸੀ ਕਿ ਪਾਕਿਸਤਾਨ ਸਰਕਾਰ, ਬਾਬੇ ਨਾਨਕ ਦੇ ਜਨਮ-ਪੁਰਬ ਸਮੇਂ, ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖਾਂ ਲਈ ਖੋਲ੍ਹ ਰਹੀ ਹੈ। ਇਸ ਗੱਲ ਤੇ ਤਾਂ ਹਰ ਸਿੱਖ ਅਤੇ ਨਾਨਕ-ਨਾਮ ਲੇਵਾ ਖ਼ੁਸ਼ ਹੋਵੇਗਾ ਹੀ ਹੋਵੇਗਾ। ਹਾਂ, ਉਨ੍ਹਾਂ ਦੀ ਇਸ ਖ਼ੁਸ਼ੀ ਨੂੰ ਨਾ ਜਰਨ ਤੇ ਦੁਖੀ ਹੋਣ ਵਾਲੇ ਵੀ ਇਥੇ ਮੌਜੂਦ ਹਨ ਜੋ ਅਪਣੇ ਆਪ ਨੂੰ 'ਹਿੰਦੂਤਵੀਏ' ਜਾਂ 'ਹਿੰਦੂ ਰਾਸ਼ਟਰਵਾਦੀ' ਕਹਿੰਦੇ ਹਨ।

ਪਰ 'ਅਕਾਲੀਆਂ' ਨੂੰ ਅਜਿਹੀ ਕਿਹੜੀ ਵੱਡੀ ਖ਼ਰਾਬੀ ਉਸ ਦੇ ਕਿਰਦਾਰ ਵਿਚ ਨਜ਼ਰ ਆ ਗਈ ਜਿਸ ਕਰ ਕੇ ਉਹ ਸਿੱਖਾਂ ਦੇ ਭਲੇ ਲਈ ਅਪਣੀ ਸਮਝ ਅਤੇ ਸਮਰੱਥਾ ਅਨੁਸਾਰ ਕੁੱਝ ਕਰਨ ਵਾਲਿਆਂ ਨੂੰ ਆਈ.ਐਸ.ਆਈ. ਦੇ ਏਜੰਟ ਤੇ ਪਾਕਿਸਤਾਨ ਦੀ ਬੋਲੀ ਬੋਲਣ ਵਾਲੇ ਦੇਸ਼-ਧ੍ਰੋਹੀ ਕਹਿਣ ਤਕ ਚਲੇ ਗਏ? ਰਾਜ-ਭਾਗ ਜਦੋਂ ਦਾ ਅਕਾਲੀਆਂ ਕੋਲ ਆਇਆ ਹੈ, ਇਹ ਆਪ ਵੀ ਦਿੱਲੀ ਦੇ ਹਾਕਮਾਂ ਵਾਂਗ, ਕੌਮ ਲਈ ਕੰਮ ਕਰਨ ਵਾਲਿਆਂ ਉਤੇ ਦੇਸ਼-ਧ੍ਰੋਹੀ ਹੋਣ ਦਾ ਇਲਜ਼ਾਮ ਲਾ ਦੇਂਦੇ ਹਨ ਜਾਂ ਅਕਾਲ ਤਖ਼ਤ ਤੋਂ ਅਪਣੇ ਫ਼ਰਮਾਬਰਦਾਰ ਜਥੇਦਾਰਾਂ ਕੋਲੋਂ ਮੰਦੀ ਤੋਂ ਮੰਦੀ ਗਾਲ ਕਢਵਾ ਦੇਂਦੇ ਹਨ ਜਾਂ ਦੋਸ਼ ਲਵਾ ਦੇਂਦੇ ਹਨ।

ਮੁਗ਼ਲ ਹਾਕਮਾਂ ਤੇ ਅਕਾਲੀ ਹਾਕਮਾਂ ਦੇ, ਸਿੱਖਾਂ ਤੇ ਸਿੱਖੀ ਲਈ ਕੰਮ ਕਰਨ ਵਾਲਿਆਂ ਪ੍ਰਤੀ ਵਤੀਰੇ ਵਿਚ, ਕੋਈ ਫ਼ਰਕ ਨਹੀਂ ਆਇਆ। ਬਿਨਾਂ ਸੋਚੇ-ਸਮਝੇ ਵਿਦੇਸ਼ੀ ਹਾਕਮਾਂ ਵਾਂਗ ਅੰਨ੍ਹੇਵਾਹ ਦੋਸ਼ ਲਾ ਦੇਂਦੇ ਹਨ। ਹੁਣ ਤਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰਨ ਲਈ ਅਮਰੀਕਾ ਚਲੇ ਗਏ ਹਨ ਭਾਵੇਂ ਕਿ ਕਸ਼ਮੀਰ ਵਿਚ ਹੋਈ ਹਿੰਸਾ ਕਾਰਨ ਇਹ ਗੱਲਬਾਤ ਰੱਦ ਕਰਨ ਦਾ ਫ਼ੈਸਲਾ ਵੀ ਆ ਗਿਆ ਹੈ। ਸਿੱਧੂ ਦੀ ਸੱਭ ਤੋਂ ਵੱਡੀ ਗਵਾਹ ਤਾਂ ਫਿਰ ਵਿਦੇਸ਼ ਮੰਤਰੀ ਬਣ ਗਈ। ਹੁਣ ਕੀ ਕਹਿਣਗੇ ਬੀ.ਜੇ.ਪੀ. ਦੀ ਪਿਉਂਦ ਲੱਗੇ ਅਕਾਲੀ?

ਕੁਦਰਤ ਆਪ ਵੀ ਕਈ ਵਾਰ, ਢੋਅ ਢੁਕਾਅ ਦੇਂਦੀ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਨਾਲ ਹੋਇਆ। ਉਹ ਕੋਈ ਲਾਂਘੇ ਬਾਰੇ ਗੱਲਬਾਤ ਕਰਨ ਲਈ ਨਹੀਂ ਸਨ ਗਏ ਸਗੋਂ ਪਾਕਿਸਤਾਨ ਦੇ ਫ਼ੌਜ ਮੁਖੀ ਨੇ 'ਜੱਟ ਭਰਾ' ਦਾ ਖ਼ੈਰ-ਮਕਦਮ (ਸਵਾਗਤ) ਕਰਦੇ ਹੋਏ ਕਹਿ ਦਿਤਾ ਕਿ 'ਕਰਤਾਰਪੁਰ ਲਾਂਘਾ ਦੇਣ ਬਾਰੇ ਫ਼ੈਸਲਾ ਹੋ ਗਿਆ ਹੈ' ਤੇ ਗੱਲ ਸ਼ੁਰੂ ਹੋ ਗਈ। ਕੁਦਰਤ ਨੇ ਰਾਹ ਚਲਦਿਆਂ ਢੋਅ-ਢੁਕਾਅ ਦਿਤਾ। ਜੱਫੀਆਂ ਤਾਂ ਪੈਣੀਆਂ ਹੀ ਸਨ।

ਚੰਡੀਗੜ੍ਹ ਤੇ ਅੰਮ੍ਰਿਤਸਰ ਵਿਚ 'ਵਪਾਰ ਮੇਲੇ' ਲਾ ਕੇ ਪਾਕਿਸਤਾਨੀ ਵਪਾਰੀ ਅਪਣਾ ਮਾਲ ਵੇਚਣ ਆਉਂਦੇ ਹਨ ਤਾਂ ਪਾਕਿਸਤਾਨ ਤੋਂ ਉਜੜ ਕੇ ਆਏ ਹਿੰਦੂਆਂ ਸਿੱਖਾਂ ਨੂੰ ਜਦ ਪਤਾ ਲਗਦਾ ਹੈ ਕਿ ਉਹ ਉਨ੍ਹਾਂ ਦੇ ਪਿੱਛੇ ਰਹਿ ਗਏ ਪਿੰਡਾਂ ਸ਼ਹਿਰਾਂ ਤੋਂ ਆਏ ਹਨ ਤਾਂ ਉਹ ਵੀ ਉਨ੍ਹਾਂ ਨੂੰ ਜੱਫੀ ਪਾ ਕੇ ਮਿਲਦੇ ਮੈਂ ਆਪ ਵੇਖੇ ਹਨ। ਨਵਜੋਤ ਸਿੱਧੂ ਜੇਕਰ ਕਰਤਾਰਪੁਰ ਲਾਂਘੇ ਦੀ ਗੱਲ ਸੁਣ ਕੇ ਚੁਪਚਾਪ ਵਾਪਸ ਆ ਜਾਂਦਾ ਤਾਂ ਕਿਸੇ ਨੇ ਉਸ ਬਾਰੇ ਇਕ ਲਫ਼ਜ਼ ਵੀ ਨਹੀਂ ਸੀ ਬੋਲਣਾ ਪਰ ਉਸ ਨੇ ਬਤੌਰ ਸਿੱਖ, ਇਸ ਖ਼ਬਰ ਤੇ ਖ਼ੁਸ਼ੀ ਪ੍ਰਗਟ ਕਰ ਦਿਤੀ ਤੇ ਇਹੀ ਉਸ ਦਾ ਗੁਨਾਹ ਬਣ ਗਿਆ¸ਜੱਫੀ ਤਾਂ ਐਵੇਂ ਬਹਾਨਾ ਸੀ।

ਜੱਫੀ ਤਾਂ ਸਾਰੇ ਪੰਜਾਬੀਆਂ ਦਾ ਇਕ ਦੂਜੇ ਨਾਲ ਮਿਲਣ ਦਾ ਇਕ ਢੰਗ ਹੈ (ਨਰਿੰਦਰ ਮੋਦੀ ਦਾ ਵੀ ਹੈ)। ਪਰ ਹੋਵੇ ਕੋਈ ਸਿੱਖ ਤੇ ਪਾਕਿਸਤਾਨ ਵਿਚ ਜਾ ਕੇ ਕਿਸੇ ਸਿੱਖ ਮੰਗ ਦੇ ਮੰਨੇ ਜਾਣ ਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲੱਗ ਜਾਵੇ ਤੇ ਮੰਗ ਮੰਨਣ ਵਾਲਿਆਂ ਦਾ ਧਨਵਾਦ ਕਰ ਬੈਠੇ ਤਾਂ ਇਹ ਤਾਂ ਵੱਡਾ ਤੇ ਬਜਰ ਗੁਨਾਹ ਬਣ ਜਾਂਦਾ ਹੈ (ਹਿੰਦੂਤਵੀਆਂ ਦੀ ਨਜ਼ਰ ਵਿਚ)। ਸੋ ਉਨ੍ਹਾਂ ਨੇ ਝੱਟ ਫ਼ਤਵਾ ਦੇ ਦਿਤਾ ਕਿ ਸਿੱਧੂ ਨੂੰ 'ਦਹਿਸ਼ਤਗਰਦ' ਘੋਸ਼ਿਤ ਕਰ ਦਿਤਾ ਜਾਏ (ਹੈ ਨਾ ਕਮਾਲ?)।

ਚਲੋ ਉਨ੍ਹਾਂ ਦੀ ਨਜ਼ਰ ਵਿਚ ਤਾਂ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਮੁਸਕੁਰਾਉਣ ਵਾਲਾ ਹਰ ਸਿੱਖ ਤੇ ਮੁਸਲਮਾਨ ਗੁਨਾਹਗਾਰ ਬਣ ਹੀ ਜਾਂਦਾ ਹੈ ਪਰ ਮੈਨੂੰ 50 ਸਾਲ ਦੇ ਕਰੀਬ ਪੱਤਰਕਾਰੀ ਕਰਦਿਆਂ ਤੇ ਲੀਡਰਾਂ ਨੂੰ ਨੇੜੇ ਹੋ ਕੇ ਵੇਖਦਿਆਂ ਹੋ ਗਏ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ ਸਿੱਧੂ ਨੇ ਗ਼ਲਤੀ ਕੀ ਕਰ ਦਿਤੀ ਸੀ ਕਿ ਉਸ ਵਿਰੁਧ ਫ਼ਤਵੇ ਜਾਰੀ ਕਰਨੇ ਜ਼ਰੂਰੀ ਹੋ ਗਏ ਸਨ?

ਉਸ ਨੇ ਪਾਕਿਸਤਾਨ ਕੋਲੋਂ 'ਹਾਂ' ਕਰਵਾ ਕੇ ਸੁਨੇਹਾ ਇਹੀ ਦਿਤਾ ਸੀ ਕਿ ਹੁਣ ਹਿੰਦੁਸਤਾਨ ਸਰਕਾਰ ਵੀ ਕੁੱਝ ਕਰੇ ਅਰਥਾਤ ਇਕ ਚਿੱਠੀ ਤਾਂ ਪਾਕਿਸਤਾਨ ਨੂੰ ਲਿਖ ਦੇਵੇ ਤਾਕਿ ਦੁਵੱਲੀ ਗੱਲਬਾਤ ਵਿਚ ਇਹ ਮਾਮਲਾ ਵੀ ਵਿਚਾਰਿਆ ਜਾ ਸਕੇ। ਇਸ ਨਾਲ ਉਸ ਦੀ 'ਬੱਲੇ ਬੱਲੇ' ਹੋ ਗਈ ਤਾਂ ਉਸ ਦਾ ਕੀ ਦੋਸ਼? ਈਰਖਾ ਸਾੜਾ ਵੀ ਕੁਦਰਤੀ ਅਮਲ ਹੈ ਪਰ ਇਹ ਤੁਹਾਨੂੰ ਇਹ ਅਧਿਕਾਰ ਤਾਂ ਨਹੀਂ ਦੇ ਦੇਂਦਾ ਕਿ ਤੁਸੀ ਅਪਣੇ ਵਿਰੋਧੀਆਂ ਉਤੇ ਜੋ ਜੀਅ ਚਾਹੇ, ਇਲਜ਼ਾਮ ਲਾ ਦਿਉ। 

ਮੰਡ ਤੇ ਦਾਦੂਵਾਲ ਨੇ ਕੀ ਕਸੂਰ ਕੀਤਾ ਹੈ?

ਇਸੇ ਤਰ੍ਹਾਂ ਅਕਾਲੀਆਂ ਵਲੋਂ ਬਰਗਾੜੀ ਮੋਰਚੇ ਦੇ ਮੁਖੀਆਂ ਧਿਆਨ ਸਿੰਘ ਮੰਡ ਅਤੇ ਦਾਦੂਵਾਲ ਉਤੇ ਵੀ 'ਦੇਸ਼ ਧ੍ਰੋਹੀ' ਤੇ 'ਆਈ.ਐਸ.ਆਈ.' ਦੇ ਏਜੰਟ ਹੋਣ ਦੇ ਇਲਜ਼ਾਮ ਲਾ ਦਿਤੇ। ਜੰਮ ਜੰਮ ਉਨ੍ਹਾਂ ਦਾ ਵਿਰੋਧ ਕਰਨ ਤੇ ਉਨ੍ਹਾਂ ਨੂੰ 'ਮਤਵਾਜ਼ੀ ਜਥੇਦਾਰ' ਵੀ ਨਾ ਮੰਨਣ (ਮੈਂ ਵੀ ਨਹੀਂ ਮੰਨਦਾ ਕਿਉਂਕਿ 'ਜਥੇਦਾਰ' ਸੜਕਾਂ ਅਤੇ ਜਲਸਿਆਂ ਵਿਚ ਨਹੀਂ ਬਣਦੇ, ਇਕ ਮਰਿਆਦਾ ਹੇਠ, ਨਿਯਮਾਂ ਅਤੇ ਕਾਨੂੰਨ ਅਨੁਸਾਰ ਚੁਣੇ ਜਾਂਦੇ ਹਨ) ਪਰ ਇਕ 'ਸਿੱਖ ਕਾਜ਼' ਨੂੰ ਲੈ ਕੇ, ਸਤਿਆਗ੍ਰਹਿ ਕਰਨ ਵਾਲਿਆਂ ਉਤੇ 'ਦੇਸ਼-ਧ੍ਰੋਹੀ' ਦੇ ਇਲਜ਼ਾਮ ਲਾਉਣ ਵਾਲੇ ਨੂੰ ਮੈਂ ਤਾਂ 'ਅਕਾਲੀ' ਮੰਨ ਹੀ ਨਹੀਂ ਸਕਦਾ।

ਅਕਾਲੀਆਂ ਉਤੇ ਜਦ ਇਹੀ ਇਲਜ਼ਾਮ ਲਾਏ ਜਾਂਦੇ ਸਨ ਤਾਂ ਜਵਾਬ ਉਨ੍ਹਾਂ ਦਾ ਵੀ ਇਹੀ ਹੁੰਦਾ ਸੀ। ਪਰ ਦਿੱਲੀ ਤਖ਼ਤ ਨਾਲ ਭਾਈਵਾਲੀ ਪਾ ਕੇ ਉਨ੍ਹਾਂ ਦਾ ਲਬੋ-ਲਹਿਜਾ ਹੀ ਬਦਲ ਗਿਆ ਹੈ ਤੇ ਹੁਣ ਉਹ ਉਹੀ ਇਲਜ਼ਾਮ ਦੂਜੇ ਸਿੱਖਾਂ ਉਤੇ ਲਾਉਣ ਲੱਗ ਪਏ ਹਨ ਜੋ ਜਦ ਉਨ੍ਹਾਂ ਉਤੇ ਲਗਾਏ ਜਾਂਦੇ ਸਨ ਤਾਂ ਉਹ ਤੜਪਣ ਲੱਗ ਜਾਂਦੇ ਸਨ ਤੇ ਝੂਠ ਝੂਠ ਕੂਕਣ ਲੱਗ ਜਾਂਦੇ ਸਨ। ਇਕ ਵਾਰ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਇਹੀ ਇਲਜ਼ਾਮ ਅਕਾਲੀ ਦਲ ਦੇ ਪ੍ਰਧਾਨ ਉਤੇ ਲਾ ਦਿਤਾ ਸੀ ਪਰ ਅਖ਼ੀਰ ਨਹਿਰੂ ਨੂੰ ਅਕਾਲੀ ਦਲ ਦੇ ਪ੍ਰਧਾਨ ਤੋਂ ਮਾਫ਼ੀ ਮੰਗਣੀ ਪਈ ਸੀ।

ਅਕਾਲੀਆਂ ਨੂੰ ਸਿੱਖੀ ਤੇ ਸਿੱਖਾਂ ਦੇ ਭਲੇ ਲਈ ਕੰਮ ਕਰਨ ਵਾਲਿਆਂ ਉਤੇ 'ਦੇਸ਼ -ਧ੍ਰੋਹੀ' ਹੋਣ, ਪਾਕਿਸਤਾਨ ਦੀ ਬੋਲੀ ਬੋਲਣ ਤੇ ਆਈ.ਐਸ.ਆਈ. ਦੇ ਏਜੰਟ ਅਤੇ ਹੋਰ ਬੇਥਵ੍ਹੇ ਇਲਜ਼ਾਮ ਲਾਉਣ ਕਾਰਨ ਸਾਰੇ ਭਲੇ ਸਿੱਖਾਂ ਕੋਲੋਂ, ਨਹਿਰੂ ਵਾਂਗ ਹੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ¸ਜੇ ਉਹ ਨਹਿਰੂ ਨਾਲੋਂ ਵੀ ਵੱਡੇ ਹੈਂਕੜਬਾਜ਼ ਹਾਕਮ ਨਹੀਂ ਸਮਝਣ ਲੱਗ ਪਏ ਅਪਣੇ ਆਪ ਨੂੰ। ਨਹਿਰੂ ਨੇ ਕਿਵੇਂ ਮਾਫ਼ੀ ਮੰਗੀ ਸੀ, ਉਸ ਦੀ ਕਹਾਣੀ ਵੀ ਅਕਾਲੀਆਂ ਨੂੰ ਯਾਦ ਕਰਵਾ ਦੇਣਾ ਚਾਹੁੰਦਾ ਹਾਂ ਤਾਕਿ ਇਤਿਹਾਸ ਦਾ ਇਹ ਵਰਕਾ ਵੀ ਉਨ੍ਹਾਂ ਨੂੰ ਅਗਵਾਈ ਦੇਂਦਾ ਰਹੇ। ਲਉ ਸੁਣੋ ਉਹ ਕਹਾਣੀ :

ਨਹਿਰੂ ਨੇ ਕਿਵੇਂ ਮਾਫ਼ੀ ਮੰਗੀ?

ਜਦ ਆਜ਼ਾਦੀ ਮਗਰੋਂ ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਕਰਨ ਦੀ ਖੁਲ੍ਹ ਦੇ ਦਿਤੀ ਗਈ ਤਾਂ ਇਕ ਵਾਰ ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ ਵੀ ਯਾਤਰਾ ਤੇ ਚਲੇ ਗਏ। ਉਥੇ ਜਾ ਕੇ ਅਪਣੇ ਪਿੰਡ ਢੁਡਿਆਲ (ਰਾਵਲਪਿੰਡੀ) ਜਾਣ ਦੀ ਇਜਾਜ਼ਤ ਮੰਗੀ ਜੋ ਉਨ੍ਹਾਂ ਨੂੰ ਦੇ ਦਿਤੀ ਗਈ। ਢੁਡਿਆਲ ਵਿਚ ਮਾਸਟਰ ਜੀ ਦਾ ਮਕਾਨ 1947 ਵਿਚ ਮੁਸਲਿਮ ਲੀਗੀ ਭੀੜਾਂ ਨੇ ਢਾਹ ਦਿਤਾ ਸੀ ਤੇ ਫਿਰ ਉਸ ਦੇ ਮਲਬੇ ਉਤੇ ਸਾਰਿਆਂ ਨੇ ਰਲ ਕੇ ਜੁੱਤੀਆਂ ਮਾਰੀਆਂ ਸਨ। ਲੀਗੀਆਂ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ ਕਿ ਮਾ. ਤਾਰਾ ਸਿੰਘ ਨੇ ਅੱਧਾ ਪੰਜਾਬ, ਪਾਕਿਸਤਾਨ ਵਿਚ ਜਾਣੋਂ ਰੋਕ ਲਿਆ ਸੀ।

ਲੀਗੀ ਨਕਸ਼ੇ ਵਿਚ ਸਾਰਾ ਪੰਜਾਬ ਗੁੜਗਾਉਂ ਤਕ, ਪਾਕਿਸਤਾਨ ਦਾ ਹਿੱਸਾ ਵਿਖਾਇਆ ਗਿਆ ਸੀ ਕਿਉਂਕਿ ਇਸ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ ਤੇ ਹਿੰਦੂ-ਸਿੱਖ ਰਲ ਕੇ ਵੀ ਮੁਸਲਮਾਨਾਂ ਨਾਲੋਂ ਘੱਟ ਸਨ। ਗਵਰਨਰ ਜੈਨਕਿਨਜ਼ ਨੇ ਮੁਸਲਿਮ ਲੀਗ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਲਈ ਸੱਦਾ ਦੇ ਦਿਤਾ ਸੀ ਤਾਕਿ ਉਹ ਵੰਡ ਸਮੇਂ ਦੇ ਸਾਰੇ ਪੰਜਾਬ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦੇਵੇ ਪਰ ਮਾਸਟਰ ਜੀ ਨੇ ਅਸੈਂਬਲੀ ਦੇ ਬਾਹਰ ਤਲਵਾਰ ਲਹਿਰਾ ਕੇ ਐਲਾਨ ਕਰ ਦਿਤਾ ਕਿ ''ਅਸੀ ਮਰ ਜਾਵਾਂਗੇ ਪਰ ਸਾਰਾ ਪੰਜਾਬ, ਪਾਕਿਸਤਾਨ ਵਿਚ ਨਹੀਂ ਜਾਣ ਦਿਆਂਗੇ।''

ਅਫ਼ਵਾਹ ਫੈਲ ਗਈ ਕਿ ਮਾਸਟਰ ਤਾਰਾ ਸਿੰਘ ਨੇ ਲੀਗੀ ਝੰਡਾ ਤਲਵਾਰ ਨਾਲ ਪਾੜ ਦਿਤਾ ਸੀ। ਹਿੰਦੂਆਂ-ਸਿੱਖਾਂ ਅੰਦਰ ਜੋਸ਼ ਉਮਡ ਆਇਆ ਤੇ ਦੰਗੇ ਸ਼ੁਰੂ ਹੋ ਗਏ ਪਰ ਇਸ ਦਾ ਅਸਰ ਇਹ ਹੋਇਆ ਕਿ ਜੈਨਕਿਨਜ਼ (ਗਵਰਨਰ) ਨੇ ਲੀਗ ਨੂੰ ਦਿਤਾ ਸੱਦਾ ਵਾਪਸ ਲੈ ਲਿਆ ਤੇ ਫ਼ੈਸਲਾ ਕੀਤਾ ਕਿ ਸਿੱਖਾਂ ਨੂੰ ਉਨ੍ਹਾਂ ਦਾ ਹਿੱਸਾ ਦੇਣ ਲਈ ਪੰਜਾਬ ਨੂੰ ਦੋਹਾਂ ਦੇਸ਼ਾਂ ਵਿਚਕਾਰ ਵੰਡਣਾ ਹੀ ਪਵੇਗਾ। ਇਸ ਤਰ੍ਹਾਂ ਪਾਕਿਸਤਾਨ ਬਾਰੇ ਲੀਗੀ ਕਹਿੰਦੇ ਸਨ ਕਿ ਮਾ. ਤਾਰਾ ਸਿੰਘ ਨੇ ਇਸ ਨੂੰ ਲੰਗੜਾ ਕਰ ਦਿਤਾ ਸੀ। ਇਸੇ ਕਰ ਕੇ ਉਹ ਮਾ. ਤਾਰਾ ਸਿੰਘ ਨੂੰ ਬਹੁਤ ਨਫ਼ਰਤ ਕਰਦੇ ਸਨ।

ਪਰ ਬਦਲੇ ਹੋਏ ਹਾਲਾਤ ਵਿਚ ਉਨ੍ਹਾਂ ਨੇ ਮਾ. ਤਾਰਾ ਸਿੰਘ ਦਾ ਘਰ ਮੁੜ ਤੋਂ ਉਸਾਰ ਦਿਤਾ ਤੇ ਉਥੇ ਮਾਸਟਰ ਜੀ ਦਾ ਸਵਾਗਤ ਵੀ ਬਹੁਤ ਵਧੀਆ ਕਰ ਦਿਤਾ। ਇਸ ਨਾਲ ਭਾਰਤੀ ਅਖ਼ਬਾਰਾਂ ਵਿਚ ਸੁਰਖ਼ੀਆਂ ਲੱਗ ਗਈਆਂ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਹਵਾਈ ਜਹਾਜ਼ ਵਿਚ ਪਾਕਿਸਤਾਨੀ ਸਦਰ ਕੋਲ ਗੁਪਤ ਰੂਪ ਵਿਚ ਲਿਜਾਇਆ ਗਿਆ ਜਿਥੇ ਦੋਹਾਂ ਨੇ ਭਾਰਤ ਵਿਰੁਧ ਇਕ ਸਾਜ਼ਸ਼ ਤਿਆਰ ਕੀਤੀ। ਜਵਾਹਰ ਲਾਲ ਨਹਿਰੂ ਨੇ ਵੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਦੋਸ਼ ਦੁਹਰਾ ਦਿਤਾ ਤੇ ਇਸ ਦੀ ਨਿਖੇਧੀ ਕਰ ਦਿਤੀ। 

ਅਕਾਲੀ ਦਲ ਦੇ ਪ੍ਰਧਾਨ ਨੇ ਵੀ ਤੇ ਪਾਕਿਸਤਾਨ ਨੇ ਵੀ ਇਸ 'ਕੋਰੀ ਗੱਪ' ਨੂੰ 100 ਫ਼ੀ ਸਦੀ ਝੂਠ ਦਸਿਆ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਵੀ ਪੜਤਾਲ ਮਗਰੋਂ, ਖ਼ਬਰ ਨੂੰ ਪੂਰੀ ਤਰ੍ਹਾਂ ਮਨਘੜਤ ਦਸਿਆ। ਨਹਿਰੂ ਨੇ ਮਹਿਸੂਸ ਕੀਤਾ ਕਿ ਉਸ ਕੋਲੋਂ ਗ਼ਲਤੀ ਹੋ ਗਈ ਹੈ ਤੇ ਉਸ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਉਸ ਨੇ ਗਿ. ਗੁਰਮੁਖ ਸਿੰਘ ਮੁਸਾਫ਼ਰ ਦੀ ਡਿਊਟੀ ਲਗਾਈ ਕਿ ਉਹ ਮਾਸਟਰ ਜੀ ਨੂੰ ਮਨਾ ਕੇ ਉਸ ਕੋਲ ਲੈ ਆਉਣ, ਉਹ ਮਾਸਟਰ ਜੀ ਤੋਂ ਮਾਫ਼ੀ ਮੰਗਣਾ ਚਾਹੁੰਦਾ ਹੈ। ਮੁਸਾਫ਼ਰ ਜੀ, ਮਾਸਟਰ ਤਾਰਾ ਸਿੰਘ ਨੂੰ ਮਨਾ ਕੇ ਨਹਿਰੂ ਕੋਲ ਲੈ ਆਏ।

ਨਹਿਰੂ ਨੂੰ ਇਕ ਲਿਖਤੀ ਚਿੱਠੀ ਮਾਸਟਰ ਜੀ ਦੇ ਹੱਥ ਵਿਚ ਫੜਾ ਦਿਤੀ ਜਿਸ ਵਿਚ ਲਿਖਿਆ ਸੀ ਕਿ ''ਕਿਸੇ ਗ਼ਲਤਫ਼ਹਿਮੀ ਕਾਰਨ, ਆਪ ਦੀ ਜ਼ਾਤ ਵਿਰੁਧ ਝੂਠਾ ਇਲਜ਼ਾਮ ਲਾਉਣ ਦਾ ਮੈਨੂੰ ਡਾਢਾ ਅਫ਼ਸੋਸ ਹੈ ਤੇ ਮੈਂ ਆਪ ਤੋਂ ਤਹਿ ਦਿਲੋਂ ਮਾਫ਼ੀ ਮੰਗਦਾ ਹਾਂ। ਆਸ ਹੈ, ਵੱਡਾ ਦਿਲ ਕਰ ਕੇ ਮੈਨੂੰ ਮਾਫ਼ ਕਰ ਦਿਉਗੇ।'' ਮਾਸਟਰ ਜੀ, ਨੇ ਬਿਨਾ ਕੁੱਝ ਬੋਲੇ, ਚਿੱਠੀ ਜੇਬ ਵਿਚ ਰੱਖ ਲਈ। ਨਾਲ ਹੀ ਨਹਿਰੂ ਨੇ ਮਾਸਟਰ ਜੀ ਨੂੰ ਕਿਹਾ, ''ਆਜ਼ਾਦੀ ਘੁਲਾਟੀਆਂ 'ਚੋਂ ਤੁਸੀ ਇਸ ਵੇਲੇ ਸੱਭ ਤੋਂ ਵੱਡੇ ਆਗੂ ਹੋ ਤੇ ਤੁਹਾਨੂੰ ਪੰਜਾਬ ਦੀ ਹੀ ਨਹੀਂ, ਦਿੱਲੀ ਆ ਕੇ ਸਾਰੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।

ਮੈਂ ਤੁਹਾਨੂੰ ਹਿੰਦੁਸਤਾਨ ਦਾ ਉਪ-ਰਾਸ਼ਟਰਪਤੀ ਪਦ ਸੰਭਾਲਣ ਦੀ ਬੇਨਤੀ ਕਰਦਾ ਹਾਂ ਜੋ ਇਸ ਸਮੇਂ ਖ਼ਾਲੀ ਹੈ। ਥੋੜੀ ਦੇਰ ਮਗਰੋਂ ਆਪ ਨੂੰ ਰਾਸ਼ਟਰਪਤੀ ਪਦ ਪੇਸ਼ ਕਰ ਦਿਤਾ ਜਾਏਗਾ...।'' ਮਾਸਟਰ ਜੀ ਨੇ ਸੰਖੇਪ ਜਿਹਾ ਜਵਾਬ ਦਿਤਾ ਕਿ ''ਉਪ-ਰਾਸ਼ਟਰਪਤੀ ਤੇ ਰਾਸ਼ਟਰਪਤੀ ਪਦ ਲਈ ਆਪ ਕੋਲ ਸਿਆਣੇ ਲੋਕਾਂ ਦੀ ਕੋਈ ਕਮੀ ਨਹੀਂ ਪਰ ਮੈਨੂੰ ਲਗਦਾ ਹੈ ਕਿ ਪੰਜਾਬ ਨੂੰ ਮੇਰੀ ਲੋੜ ਜ਼ਿਆਦਾ ਹੈ। ਮੈਨੂੰ ਉਥੇ ਹੀ ਸੇਵਾ ਕਰਨ ਦਿਉ।'' ਇਹ ਕਹਿੰਦਿਆਂ ਹੀ ਮਾਸਟਰ ਜੀ ਬਾਹਰ ਨਿਕਲ ਗਏ। ਮੁਸਾਫ਼ਰ ਜੀ ਗੇਟ ਤਕ ਮਾਸਟਰ ਜੀ ਨੂੰ ਛੱਡ ਕੇ ਵਾਪਸ ਆਏ ਤਾਂ ਨਹਿਰੂ ਘਬਰਾਏ ਹੋਏ ਸਨ।

ਬੋਲੇ, ''ਮੁਸਾਫ਼ਰ ਜੀ, ਅਬ ਯੇਹ ਅਖ਼ਬਾਰ ਵਾਲੋਂ ਕੋ ਮੇਰੀ ਚਿੱਠੀ ਦਿਖਾ ਦੇਂਗੇ। ਬਹੁਤ ਬਦਨਾਮੀ ਹੋਗੀ...।'' ਮੁਸਾਫ਼ਰ ਜੀ ਬੋਲੇ, ''ਫ਼ਿਕਰ ਨਾ ਕਰੋ ਪੰਡਤ ਜੀ, ਇਹ ਕੋਈ ਛੋਟਾ ਲੀਡਰ ਨਹੀਂ, ਬਹੁਤ ਵੱਡਾ ਆਦਮੀ ਹੈ। ਤੁਸੀ ਵੀ ਵੇਖ ਲੈਣਾ।'' ਮਾਸਟਰ ਜੀ ਨੇ ਬਾਹਰ ਖੜੇ ਪੱਤਰਕਾਰਾਂ ਕੋਲ ਚਿੱਠੀ ਦਾ ਜ਼ਿਕਰ ਵੀ ਨਾ ਕੀਤਾ ਤੇ ਏਨਾ ਹੀ ਕਿਹਾ, ''ਇਕ ਦੂਜੇ ਦਾ ਹਾਲ ਪੁੱਛਣ ਤੋਂ ਬਿਨਾਂ ਕੋਈ ਗੱਲ ਨਹੀਂ ਹੋਈ। ਗ਼ੈਰ-ਰਸਮੀ ਜਹੀ ਮੀਟਿੰਗ ਸੀ, ਹੋਰ ਕੁੱਝ ਨਹੀਂ।''

ਖ਼ੈਰ, ਇਸ ਘਟਨਾ ਤੋਂ ਅੱਜਕਲ ਦੇ 'ਹਾਕਮ' ਕਿਸਮ ਦੇ ਅਕਾਲੀਆਂ ਨੂੰ ਅਪਣੇ ਵਿਰੋਧੀਆਂ ਉਤੇ ਆਪ ਜਾਂ ਅਪਣੇ 'ਜਥੇਦਾਰਾਂ' ਕੋਲੋਂ ਅੰਨ੍ਹੇਵਾਹ ਇਲਜ਼ਾਮ ਲਾਉਣ ਸਮੇਂ ਸਬਕ ਸਿਖਣਾ ਚਾਹੀਦਾ ਹੈ ਤੇ ਗ਼ਲਤ ਦੋਸ਼ ਵਾਪਸ ਲੈ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਹੋਰ ਦੋਸ਼ ਜੋ ਚਾਹੁਣ, ਲਾਉਂਦੇ ਰਹਿਣ ਪਰ ਦੇਸ਼-ਵਿਰੋਧੀ ਤੇ ਧਰਮ-ਵਿਰੋਧੀ ਹੋਣ ਦੇ 100% ਝੂਠੇ ਦੋਸ਼ ਨਾ ਲਾਇਆ ਕਰਨ। ਇਸ ਨਾਲ ਉਨ੍ਹਾਂ ਦਾ ਅਪਣਾ ਨੁਕਸਾਨ ਜ਼ਿਆਦਾ ਹੋਵੇਗਾ।