Nijji Dairy De Panne : ਆਉ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰ ਮਾਨਵਤਾ ਦੇ ਭਲੇ ਲਈ ਖੋਲ੍ਹ ਦਈਏ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Nijji Dairy De Panne: ਸੱਭ ਤੋਂ ਪਹਿਲਾਂ ਇਨ੍ਹਾਂ ਫ਼ਰਿਸ਼ਤਿਆਂ ਦਾ ਧਨਵਾਦ!

Ucha Dar Babe Nanak Da news in punjabi

Ucha Dar Babe Nanak Da news in punjabi : ਸੱਚ ਕਹਿੰਦਾ ਹਾਂ, ਬਿਲਕੁਲ ਸੱਚ ਕਹਿੰਦਾ ਹਾਂ ਕਿ ਜਿਉਂ ਜਿਉਂ ਮੇਰੀ ਉਮਰ ਵਡੇਰੀ ਹੁੰਦੀ ਜਾਂਦੀ ਸੀ, ਮੈਨੂੰ ਯਕੀਨ ਹੋਈ ਜਾਂਦਾ ਸੀ ਕਿ ਮੈਂ ਅਪਣੀ ਹਯਾਤੀ (ਜ਼ਿੰਦਗੀ) ਵਿਚ ‘ਉੱਚਾ ਦਰ’ ਚਾਲੂ ਹੋਇਆ ਨਹੀਂ ਵੇਖ ਸਕਾਂਗਾ। ਕਾਰਨ ਇਹ ਸੀ ਕਿ ਜਿਹੜੇ ਲੋਕ ਨਹੀਂ ਸਨ ਚਾਹੁੰਦੇ ਕਿ ਗ਼ਰੀਬਾਂ ਜਾਂ ਸਪੋਕਸਮੈਨ ਦੇ ਆਮ ਜਹੇ ਪਾਠਕਾਂ ਵਲੋਂ ਉਸਾਰਿਆ ਜਾ ਰਿਹਾ ਵੱਡਾ ਅਜੂਬਾ ਕਦੇ ਵੀ ਹੋਂਦ ਵਿਚ ਆ ਸਕੇ, ਉਨ੍ਹਾਂ ਨੇ ਇਸ ਮਹਾਂਯੱਗ ਦੇ ਹਮਾਇਤੀਆਂ ’ਚੋਂ ਵੀ ਬਹੁਤਿਆਂ ਦੇ ਦਿਲਾਂ ਵਿਚ ਇਹ ਸ਼ੰਕਾ ਪੈਦਾ ਕਰ ਦਿਤਾ ਸੀ ਕਿ ਇਨ੍ਹਾਂ ਨੇ ਉੱਚਾ ਦਰ ਕੋਈ ਨਹੀਂ ਜੇ ਬਣਾ ਸਕਣਾ ਤੇ ਸਾਡੇ ਪੈਸੇ ਐਵੇਂ ਮਾਰੇ ਜਾਣੇ ਨੇ।

ਪੈਸੇ ਦੇ ਮਾਮਲੇ ’ਚ ਮਾੜਾ ਜਿਹਾ ਝੂਠਾ ਸ਼ੱਕ ਵੀ ਪੈਦਾ ਕਰ ਦਿਤਾ ਜਾਏ ਤਾਂ ਇਹ ਉਸੇ ਤਰ੍ਹਾਂ ਕੰਮ ਕਰ ਜਾਂਦਾ ਹੈ ਜਿਵੇਂ ਦੁੱਧ ਦੇ ਵੱਡੇ ਕੜਾਹੇ ਵਿਚ ਦਹੀਂ ਜਾਂ ਖਟਾਸ ਦੀ ਇਕ ਬੂੰਦ ਵੀ ਸਾਰੇ ਦੁੱਧ ਨੂੰ ਜੰਮ ਜਾਣ ਜਾਂ ਫੱਟ ਜਾਣ ਲਈ ਤਿਆਰ ਕਰ ਦੇਂਦੀ ਹੈ। ਘਰ-ਘਰ ਬੇਨਾਮੀ ਚਿੱਠੀਆਂ ਹਜ਼ਾਰਾਂ ਦੀ ਗਿਣਤੀ ਵਿਚ ਪਾਈਆਂ ਗਈਆਂ ਕਿ ਇਹ ਠੱਗ ਲੋਕ ਜੇ, ਇਨ੍ਹਾਂ ਤੋਂ ਬਚੋ। ਸਰਕਾਰਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਚਿੱਠੀਆਂ ਲਗਾਤਾਰ ਪਾਈਆਂ ਜਾਂਦੀਆਂ ਰਹੀਆਂ ਕਿ ਉੱਚਾ ਦਰ ਦੇ ਨਾਂ ’ਤੇ ‘ਹਜ਼ਾਰਾਂ ਕਰੋੜ’ ਇਕੱਠੇ ਕਰ ਲਏ ਗਏ ਹਨ। ਜਿੰਨਾ ਮੈਂ ਜਾਣਦਾ ਹਾਂ, ਉੱਚਾ ਦਰ ਟਰੱਸਟ ਵਾਲਿਆਂ ਨੇ ਕਦੇ ਇਕ ਕਰੋੜ ਵੀ ਇਕੱਠਾ ਨਹੀਂ ਵੇਖਿਆ ਹੋਣਾ ਤੇ ਹਰ ਪੈਸਾ ਚੈੱਕ ਰਾਹੀਂ ਲੈਂਦੇ ਸਨ ਜਿਸ ਦਾ ਵੇਰਵਾ ਬੈਂਕ ਰੀਕਾਰਡ ’ਚੋਂ ਵੀ ਵੇਖਿਆ ਜਾ ਸਕਦਾ ਸੀ। ਪਰ ਨਹੀਂ ਜਦ ਮਕਸਦ ਇਹ ਹੋਵੇ ਕਿ ਵੱਡੇ ਤੋਂ ਵੱਡਾ ਕਿਹੜਾ ਝੂਠ ਬੋਲਿਆ ਜਾਏ ਜਿਸ ਨਾਲ ‘ਉੱਚਾ ਦਰ’ ਬਣਨੋਂ ਰੁਕ ਸਕੇ ਤਾਂ ਸੱਚ ਜਾਣਨ ਦੀ ਇਨ੍ਹਾਂ ਨੂੰ ਲੋੜ ਹੀ ਕੀ ਹੋ ਸਕਦੀ ਸੀ?

ਸੋ ਇਨ੍ਹਾਂ ਦੇ ਅੰਨ੍ਹੇ ਝੂਠ-ਪ੍ਰਚਾਰ ਦਾ ਅਸਰ ਕਬੂਲ ਕਰ ਕੇ ਦੋ-ਤਿੰਨ ਮਹੀਨਿਆਂ ਮਗਰੋਂ ਹੀ ਪਾਠਕਾਂ ਨੇ ਪੈਸੇ ਭੇਜਣੇ ਬੰਦ ਕਰ ਦਿਤੇ ਤੇ ਜਾਂਚ ਏਜੰਸੀਆਂ, ਸੀ.ਆਈ.ਡੀ., ਸੀ.ਬੀ.ਆਈ., ਸੇਬੀ ਆਦਿ ਨੇ ਜਾਂਚ ਸ਼ੁਰੂ ਕਰ ਦਿਤੀ। ਦੁਹਾਂ ਕਾਰਨਾਂ ਕਰ ਕੇ ਕੰਮ ਰੁਕ ਗਿਆ ਤੇ ਉਪਰੋਂ ਪੈਸੇ ਵਾਪਸ ਮੰਗਣ ਵਾਲੇ ਕੋਈ ਦਲੀਲ ਹੀ ਨਾ ਸੁਣਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਵਾਲੇ ਸਾਨੂੰ ਕਹਿਣ ਕਿ ਅਸੀ ਕੁੱਝ ਕਰੀਏ ਤਾਂ ਮੈਨੂੰ ਲੱਗਣ ਲੱਗ ਪਿਆ ਕਿ ‘ਉੱਚਾ ਦਰ’ ਮੇਰੇ ਜੀਵਨ-ਕਾਲ ਵਿਚ ਤਾਂ ਨਹੀਂ ਬਣਨ ਦੇਣਗੇ ਇਹ ਦੋਖੀ ਲੋਕ। ਜਿਨ੍ਹਾਂ ਪਾਠਕਾਂ ਨੇ ਟਰੱਸਟ ਵਾਲਿਆਂ ਨੂੰ 50 ਹਜ਼ਾਰ ਪਾਠਕਾਂ ਦੇ ਪਹਿਲੇ ਇਕੱਠ ਵਿਚ ਯਕੀਨ ਦਿਵਾਇਆ ਸੀ ਕਿ ‘ਪੈਸੇ ਦੀ ਕਮੀ ਕਦੇ ਨਹੀਂ ਆਉਣ ਦੇਵਾਂਗੇ, ਇਹ ਸਾਡਾ ਜ਼ਿੰਮਾ ਰਿਹਾ’, ਉਨ੍ਹਾਂ ਨੂੰ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਵਾਲੇ ਚਿੱਠੀਆਂ ਭੇਜਦੇ ਤਾਂ ਉਹ ਹੁਣ ਜਵਾਬ ਤਕ ਨਾ ਦੇਂਦੇ। ਹਾਂ ਕੁੱਝ ਬਹੁਤ ਚੰਗੇ ਪਾਠਕ ਵੀ ਨਿਤਰੇ ਜਿਨ੍ਹਾਂ ਦੇ ਟਰੱਸਟੀ ਵੀ ਤੇ ਸਪੋਕਸਮੈਨ ਵਲੋਂ ਅਸੀ ਵੀ ਉਮਰ ਭਰ ਲਈ ਰਿਣੀ ਰਹਾਂਗੇ। ਇਨ੍ਹਾਂ ਚੋਂ ਸੈਂਕੜੇ ਪਾਠਕਾਂ ਨੇ ਅਪਣੇ ਬਾਂਡ ਵਾਪਸ ਕਰ ਕੇ ਲਿਖਿਆ ਕਿ ‘‘ਘਬਰਾਉ ਨਾ, ਅਸੀ ਬਾਂਡ ਤਾਂ ਕਮਾਈ ਕਰਨ ਲਈ ਹੀ ਲਏ ਸਨ ਪਰ ਹੁਣ ‘ਉੱਚਾ ਦਰ ਬਾਬੇ ਨਾਨਕ ਦਾ’ ਨਾਲ ਹੋ ਰਹੇ ਵਹਿਸ਼ੀ ਸਲੂਕ ਨੂੰ ਵੇਖ ਕੇ ਅਸੀ ਅਪਣੇ ਬਾਂਡ ਵਾਪਸ ਕਰ ਰਹੇ ਹਾਂ। ਨਾ ਸਾਨੂੰ ਅਪਣੇ ਲਗਾਏ ਪੈਸੇ ਦੀ ਲੋੜ ਹੈ, ਨਾ ਵਿਆਜ ਦੀ। ਸਾਡਾ ਸਾਰਾ ਪੈਸਾ ‘ਉੱਚਾ ਦਰ’ ਦੀ ਉਸਾਰੀ ਲਈ ਵਰਤ ਲਿਆ ਜਾਏ, ਅਸੀ ਕੁੱਝ ਨਹੀਂ ਮੰਗਾਂਗੇ।’’

ਫਿਰ ਹੋਰ ਚੰਗੇ ਪਾਠਕ ਨਿਤਰੇ ਤੇ ਉਨ੍ਹਾਂ ਐਲਾਨ ਕੀਤਾ ਕਿ ‘‘ਅਸੀ ਸਾਰਾ ਵਿਆਜ ਛਡਿਆ। ਜਦੋਂ ‘ਉੱਚਾ ਦਰ’ ਦੇਣ ਜੋਗਾ ਹੋਇਆ ਅਸੀ ਕੇਵਲ ਅਸਲ ਰਕਮ ਹੀ ਮੰਗਾਂਗੇ।’’ ਸਾਡੇ ਵਲੋਂ ਇਨ੍ਹਾਂ ਨੂੰ ਕੋਈ ਅਪੀਲ ਨਹੀਂ ਸੀ ਕੀਤੀ ਗਈ ਤੇ ਉਨ੍ਹਾਂ ਜੋ ਵੀ ਕੀਤਾ ਅਪਣੇ ਅੰਦਰ ਦੀ ਆਵਾਜ਼ ਸੁਣ ਕੇ ਹੀ ਕੀਤਾ। ਇਨ੍ਹਾਂ ਸੈਂਕੜੇ, ਫ਼ਰਿਸ਼ਤਿਆਂ ਵਰਗੇ ਪਾਠਕਾਂ ਦੇ ਨਾਂ ਪਤੇ ਅਤੇ ਦਾਨ ਦੀਆਂ ਸੂਚੀਆਂ ਟਰੱਸਟ ਦੇ ਟਰੱਸਟੀਆਂ ਨੇ ਛਪਵਾ ਕੇ ‘ਉੱਚਾ ਦਰ’ ਦੇ ਮੁੱਖ ਦਫ਼ਤਰ ਦੇ ਵੱਡੇ ਹਾਲ ਵਿਚ ਦੂਜੇ ਵੱਡੇ ਦਾਨੀਆਂ ਨਾਲ ਲਗਾ ਦਿਤੀਆਂ ਹਨ। ਜੇ ਇਨ੍ਹਾਂ ਸੱਭ ਦੀਆਂ ਫ਼ੋਟੋ ਮਿਲ ਜਾਣ ਤਾਂ ਉਹ ਵੀ ਉਥੇ ਲਾ ਦੇਣ ਦੀ ਸਿਫ਼ਾਰਸ਼ ਮੈਂ ਕਰਾਂਗਾ। ਮੈਨੂੰ ਯਕੀਨ ਹੈ, ਟਰੱਸਟੀ ਮੇਰੀ ਗੱਲ ਮੰਨਣੋਂ ਨਾਂਹ ਨਹੀਂ ਕਰਨਗੇ। ਤੁਸੀ ਵੀ ‘ਉੱਚਾ ਦਰ ਜਾਉ ਤਾਂ ਇਨ੍ਹਾਂ ਦੀਆਂ ਸੂਚੀਆਂ ਪੜ੍ਹ ਕੇ ਇਕ ਵਾਰ ਇਨ੍ਹਾਂ ਅੱਗੇ ਸਿਰ ਜ਼ਰੂਰ ਝੁਕਾਇਉ ਕਿਉਂਕਿ ਇਹ ਹਨ ਬਾਬੇ ਨਾਨਕ ਦਾ ‘ਉੱਚਾ ਦਰ’ ਬਣਿਆ ਵੇਖਣ ਦੇ ਸੱਚੇ ਦਿਲਦਾਰ। ਸੰਸਥਾ ਦੇ ਏਨੇ ਔਖੇ ਤੇ ਦੁਖ ਭਰੇ ਸਮੇਂ ਵਿਚ ਵੀ ਵਿਆਜ ਲਈ ਝਗੜਨ ਵਾਲੇ ਤਾਂ ਕੇਵਲ ਵਿਆਜ ਦੇ ਪੁਜਾਰੀ ਹੀ ਸਨ। ਬਾਬੇ ਨਾਨਕ ਨਾਲ ਉਨ੍ਹਾਂ ਨੂੰ ਕੋਈ ਪਿਆਰ ਨਹੀਂ ਸੀ, ਜਿਵੇਂ ਉਹ ਆਪ ਵੀ ਮੰਨ ਲੈਂਦੇ ਸਨ।

ਜਿਥੇ ਤਕ ਮੇਰਾ ਅਪਣਾ ਸਵਾਲ ਹੈ, ਮੈਂ ‘ਉੱਚਾ ਦਰ’ ਦਾ ਵਿਚਾਰ ਦਿਤਾ ਸੀ ਤੇ ਦੇਸ਼ ਵਿਦੇਸ਼ ਜਾ ਕੇ ਇਸ ਦਾ ਇਕ ਨਕਸ਼ਾ ਤਿਆਰ ਕੀਤਾ ਸੀ ਜਿਸ ਅਨੁਸਾਰ ‘ਉੱਚਾ ਦਰ’ ਉਸਾਰ ਕੇ ਬਾਬਾ ਨਾਨਕ ਸਾਹਿਬ ਦੀ ਵਿਚਾਰਧਾਰਾ ਸਾਰੀ ਮਨੁੱਖਤਾ ਤਕ ਆਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ ਤੇ ‘ਉੱਚਾ ਦਰ’ ਦਾ ਸੌ ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਨੂੰ ਦਿਤਾ ਜਾ ਸਕਦਾ ਹੈ। ਪਹਿਲੇ ਦਿਨ ਤੋਂ ਹੀ ਮੈਂ ਸਹੁੰ ਖਾ ਲਈ ਸੀ ਕਿ ਮੈਂ ਇਸ ’ਚੋਂ ਇਕ ਪੈਸਾ ਵੀ ਅਪਣੇ ਲਈ ਨਹੀਂ ਲਵਾਂਗਾ ਤੇ ਇਸ ਦੇ ਮੁਕੰਮਲ ਹੋਣ ਤਕ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਵਾਂਗਾ ਤੇ ਜੋ ਕੁੱਝ ਮੇਰੇ ਕੋਲ ਕਿਸੇ ਪਾਸਿਉਂ ਵੀ ਆਵੇਗਾ, ‘ਉੱਚਾ ਦਰ’ ਨੂੰ ਭੇਂਟ ਕਰ ਦਿਆਂਗਾ।

ਮੈਨੂੰ ਖ਼ੁਸ਼ੀ ਹੈ ਕਿ ਮੈਂ ਅਪਣਾ ਪ੍ਰਣ ਪੂਰੀ ਤਰ੍ਹਾਂ ਨਿਭਾਇਆ ਹੈ। ਮੈਂ ਕਿਰਾਏ ਦੇ ਮਕਾਨ ਵਿਚ ਰਹਿੰਦਾ ਹਾਂ ਤੇ ਮੇਰੀ ਇਕ ਪੈਸੇ ਦੀ ਵੀ ਕੋਈ ਜ਼ਮੀਨ ਜਾਇਦਾਦ ਨਹੀਂ ਰਹੀ। ਸੱਭ ਕੁੱਝ ਰੋਜ਼ਾਨਾ ਸਪੋਕਸਮੈਨ ਤੇ ਉੱਚਾ ਦਰ ਨੂੰ ਸਫ਼ਲ ਬਣਾਉਣ ਲਈ ਤੇ ਦੋਖੀਆਂ ਤੋਂ ਬਚਾਉਣ ਲਈ ਦੇ ਦਿਤਾ। ਦੋਹਾਂ ਬੇਟੀਆਂ ਨੂੰ ਵੀ ਮੈਂ ਕੁੱਝ ਨਹੀਂ ਦੇ ਸਕਿਆ। ਇਸ ਤੋਂ ਪਹਿਲਾਂ, ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਣ ਮਗਰੋਂ ਵੀ ਪਹਿਲੇ ਤਿੰਨ ਸਾਲ ਬਹੁਤ ਔਖੇ ਕੱਟੇ ਤੇ ਇਹ ਆਵਾਜ਼ਾਂ ਸੁਣਦਿਆਂ ਹੀ ਕੱਟੇ ਕਿ ‘ਸਪੋਕਸਮੈਨ ਦੋ ਚਾਰ ਮਹੀਨੇ ਵਿਚ ਬੰਦ ਹੋਇਆ ਈ ਸਮਝੋ’। ਪਰ ਤਿੰਨ-ਚਾਰ ਸਾਲ ਬਾਅਦ ਜਗਜੀਤ ਨੇ ਪ੍ਰਬੰਧਕੀ ਮੋਰਚਾ ਆਪ ਸੰਭਾਲ ਲਿਆ ਤੇ ਹਾਲਤ ਦਿਨ-ਬ-ਦਿਨ ਠੀਕ ਹੁੰਦੀ ਗਈ। ਉਧਰ ਮੇਰੇ ਦਿਲ ਦੀ ਬੀਮਾਰੀ ਫਿਰ ਜ਼ੋਰ ਫੜਨ ਲੱਗੀ।

1996 ਵਿਚ ਦਿਲ ਦੀ ਬਾਈਪਾਸ ਸਰਜਰੀ (ਚੀਰ ਫਾੜ) ਕਰਵਾਈ ਸੀ ਤੇ 13 ਕੁ ਸਾਲ ਸੌਖੇ ਨਿਕਲ ਗਏ ਸਨ। ਹੁਣ ਦੂਜੀ ਵਾਰ ਦਿਲ ਦੀ ਚੀਰ ਫਾੜ ਕਰਵਾਉਣੀ ਬੜੀ ਖ਼ਤਰੇ ਵਾਲੀ ਗੱਲ ਸੀ ਤੇ ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਦੂਜੀ ਵਾਰ ਦਿਲ ਦੀ ਚੀਰ-ਫਾੜ ਅਮਰੀਕਾ ਜਾ ਕੇ ਕਰਾਵਾਂ, ਹਿੰਦੁਸਤਾਨ ਵਿਚ ਅਜੇ ਤਕ ਬਹੁਤੀ ਕਾਮਯਾਬੀ ਨਹੀਂ ਮਿਲੀ। ਪਰ ਮੇਰੇ ਕੋਲ ਏਨੇ ਪੈਸੇ ਨਹੀਂ ਸਨ ਕਿ ਮੈਂ ਅਮਰੀਕਾ ਜਾ ਕੇ ਦਿਲ ਦੀ ਦੂਜੀ ਸਰਜਰੀ (14 ਸਾਲ ਬਾਅਦ) ਕਰਾਵਾਂ। ਅਖ਼ੀਰ ਮੈਂ ਫ਼ੈਸਲਾ ਕੀਤਾ ਕਿ ਜੋ ਵੀ ਹੁੰਦੈ, ਹੋ ਜਾਵੇ ਪਰ ਹਿੰਦੁਸਤਾਨ ਵਿਚ ਰਹਿ ਕੇ ਹੀ ਸਰਜਰੀ ਕਰਾਵਾਂਗਾ। ਪਤਾ ਨਹੀਂ ਬਚਾਂ ਕਿ ਨਾ ਬਚਾਂ, ਪਿਛਲਿਆਂ ਉਤੇ ਨਵੇਂ ਕਰਜ਼ੇ ਦਾ ਭਾਰ ਪਾ ਕੇ ਨਹੀਂ ਜਾਵਾਂਗਾ।  ਮੁੰਬਈ ਵਿਚ ਸਰਜਰੀ ਕਰਵਾਈ ਜੋ ਰੱਬ ਦੀ ਕ੍ਰਿਪਾ ਸਦਕਾ ਸਫ਼ਲ ਰਹੀ।

ਇਸ ਦੌਰਾਨ ਇਕੋ ਚਿੰਤਾ ਖਾਈ ਜਾਂਦੀ ਸੀ ਕਿ ਮੈਨੂੰ ਉੱਚਾ ਦਰ ਬਣਿਆ ਵੇਖੇ ਬਿਨਾ ਹੀ ਚਲੇ ਨਾ ਜਾਣਾ ਪਵੇ। ਪਿਛਲੇ 10 ਸਾਲ ਦਾ ਸਮਾਂ ਮੇਰੇ ਲਈ ਨਰਕ ਭੋਗਣ ਵਰਗਾ  ਸਮਾਂ ਸੀ। ਜਿਨ੍ਹਾਂ ਨੇ ਪੈਸੇ ਉਧਾਰੇ ਦਿਤੇ ਸਨ, ਉਹ ਇਹ ਕਹਿਣ ਤਕ ਵੀ ਚਲੇ ਜਾਂਦੇ ਸਨ ਕਿ ‘‘ਸਾਡਾ ਕੋਈ ਮਤਲਬ ਨਹੀਂ ‘ਉੱਚਾ ਦਰ’ ਨਾਲ। ਨਹੀਂ ਬਣਦਾ ਤਾਂ ਨਾ ਬਣੇ, ਸਾਨੂੰ ਤਾਂ ਅਪਣੇ ਪੈਸਿਆਂ ਤੇ ਵਿਆਜ ਨਾਲ ਮਤਲਬ ਹੈ।’’ ਵਿਆਜ ਵੀ ਉਹ ਇਸ ਤਰ੍ਹਾਂ ਗਿਣਦੇ ਸਨ ਜਿਵੇਂ ਕੋਈ ਸ਼ਾਹੂਕਾਰ ਕਿਸਾਨ ਦੀ ਜ਼ਮੀਨ ਗਹਿਣੇ ਰੱਖ ਕੇ ਉਸ ਕੋਲੋਂ ਵਿਆਜ ਮੰਗਦਾ ਹੈ। ਮੇਰੀ ਪਤਨੀ ਜਗਜੀਤ ਕੌਰ ਨੇ ਮੇਰੀ ਚਿੰਤਾ ਘੱਟ ਕਰਨ ਲਈ ਪ੍ਰੈੱਸ ਦੀ ਬਿਲਡਿੰਗ ਗਿਰਵੀ ਰੱਖ ਕੇ ਵੀ ਕਰਜ਼ਾ ਲੈ ਲਿਆ ਤੇ ਬਹੁਤੇ ‘ਸ਼ਾਹੂਕਾਰਾਂ ਵਰਗੇ’ ਕਾਹਲੇ ਪਏ ਲੋਕਾਂ ਨੂੰ ਪੈਸੇ ਅਪਣੇ ਕੋਲੋਂ ਦੇ ਦਿਤੇ ਕਿਉਂਕਿ ਟਰੱਸਟ ਵਾਲਿਆਂ ਕੋਲ ਤਾਂ ਪੈਸਾ ਹੈ ਕੋਈ ਨਹੀਂ ਸੀ ਤੇ ਪਾਠਕ ਕਹਿੰਦੇ ਸਨ ਕਿ ਉਹ ਸਿਰਫ਼ ਮੈਨੂੰ ਜਾਣਦੇ ਹਨ, ਟਰੱਸਟ ਨੂੰ ਨਹੀਂ। ਇਸ ਦੌਰਾਨ ਵੀ ਕਰੋੜਾਂ ਦੀ ਪੇਸ਼ਕਸ਼ ਮੈਂ ਠੁਕਰਾ ਦਿਤੀ ਕਿਉਂਕਿ ਮੈਨੂੰ ਅਪਣੇ ਅਸੂਲ ਛੱਡ ਦੇਣ ਦੀ ਸ਼ਰਤ ਲਈ ਜਾਂਦੀ ਸੀ ਜੋ ਮੈਂ ਨਹੀਂ ਛੱਡ ਸਕਦਾ।  

ਚਲੋ ਹੁਣ ਉਸ ਮਾਲਕ ਦੀ ਕ੍ਰਿਪਾ ਸਦਕਾ ‘ਉੱਚਾ ਦਰ’ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਬਾਬਾ ਨਾਨਕ ਹਜ਼ੂਰ ਦੇ ਅਸਲੀ ਜਨਮ ਪੁਰਬ ਵਾਲੇ ਦਿਨ 14-15 ਅਪ੍ਰੈਲ ਨੂੰ ਇਹ ਅਜੂਬਾ ਇਸ ਦੇ ਮਾਲਕ ਅਥਵਾ ‘ਉੱਚਾ ਦਰ ਬਾਬੇ ਨਾਨਕ ਦਾ ਟਰੱਸਟ’ ਵਾਲੇ ਮਨੁੱਖਤਾ ਨੂੰ ਸਮਰਪਤ ਕਰ ਦੇਣਗੇ। ਹੁਣ ਪਿਛਲੀਆਂ ਗੱਲਾਂ ਮਹੱਤਵਪੂਰਨ ਨਹੀਂ ਰਹੀਆਂ, ਇਸ ਲਈ ਅਗਲੀਆਂ ਕਰਨ ਲਈ ਇਹ ਭੂਮਿਕਾ ਹੀ ਲਿਖੀ ਹੈ। ਅਗਲੀਆਂ ਮਹੱਤਵਪੂਰਨ ਗੱਲਾਂ ਅਗਲੇ ਹਫ਼ਤੇ ਕਰਾਂਗੇ।                (ਚਲਦਾ)