ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਕਿਵੇਂ ਨਹੀਂ ਸੀ ਮਨਾਉਣਾ ਚਾਹੀਦਾ? (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

'ਯੂਨੀਵਰਸਟੀ ਐਂਥਮ' ਕਿਸੇ 'ਮਹਾਂ ਕਵੀ' ਕੋਲੋਂ ਲਿਖਵਾਇਆ ਗਿਆ, ਬਾਬਾ ਨਾਨਕ ਤਾਂ ਆਪ ਮਹਾਂ ਮਹਾਂ ਕਵੀ ਸੀ। ਅਪਣੇ ਆਪ ਨੂੰ 'ਨਾਨਕ ਸ਼ਾਇਰ' ਲਿਖ ਕੇ ਉਹ ਫ਼ਖ਼ਰ ਮਹਿਸੂਸ ਕਰਦੇ ਸਨ

550th Prakash purab

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਤੋਂ ਖ਼ਬਰ ਆ ਗਈ ਕਿ ਗੁਰੂ ਨਾਨਕ ਯੂਨੀਵਰਸਟੀ (ਉਹੀ ਯੂਨੀਵਰਸਟੀ ਜਿਸ ਵਿਚ ਇਕ ਚੇਅਰ 'ਸਤਿਗੁਰ ਰਾਮ ਸਿੰਘ' ਦੇ ਨਾਂ 'ਤੇ ਬਣਾ ਕੇ ਬਾਬੇ ਨਾਨਕ ਤੋਂ ਵੱਡੀ ਪਦਵੀ ਕਿਸੇ ਹੋਰ ਨੂੰ ਦਿਤੀ ਗਈ ਹੋਈ ਹੈ) ਦੇ ਹਰ ਸਮਾਗਮ ਦੀ ਆਰੰਭਤਾ ਲਈ ਬਾਬੇ ਨਾਨਕ ਦੇ ਸ਼ਬਦ ਦੇ ਨਾਲ ਨਾਲ ਇਕ ਹੋਰ 'ਯੂਨੀਵਰਸਟੀ ਐਂਥਮ' (ਆਰੰਭਿਕ ਗੀਤ) ਕਿਸੇ ਹੋਰ 'ਮਹਾਂ ਕਵੀ' ਕੋਲੋਂ ਲਿਖਵਾਇਆ ਗਿਆ ਹੈ। ਬਾਬਾ ਨਾਨਕ ਤਾਂ ਆਪ ਮਹਾਂ ਮਹਾਂ ਕਵੀ ਸੀ। ਅਪਣੇ ਆਪ ਨੂੰ 'ਨਾਨਕ ਸ਼ਾਇਰ' ਲਿਖ ਕੇ ਉਹ ਫ਼ਖ਼ਰ ਮਹਿਸੂਸ ਕਰਦੇ ਸਨ।

ਉਨ੍ਹਾਂ ਤੋਂ ਕੋਈ ਵੱਡਾ 'ਸ਼ਾਇਰ' ਤੁਹਾਡੇ ਕੋਲ ਹੈ ਤਾਂ ਲਿਖਵਾ ਲਉ ਉਸ ਕੋਲੋਂ ਗੁਰੂ ਨਾਨਕ ਯੂਨੀਵਰਸਟੀ ਦਾ 'ਐਂਥਮ' ਪਰ ਬਾਬੇ ਨਾਨਕ ਦੀ ਬਾਣੀ ਦੇ ਹੁੰਦਿਆਂ ਸਰਕਾਰ ਅਤੇ ਸਰਕਾਰੀ ਲੋਕਾਂ ਦੇ ਇਕ ਚਹੇਤੇ 'ਕਵਿਤਾ ਲਿਖਣ ਵਾਲੇ' ਕੋਲੋਂ 'ਐਂਥਮ' ਲਿਖਵਾਣ ਦੀ ਗੱਲ ਤਾਂ ਮੈਨੂੰ ਵੀ ਸਮਝ ਨਹੀਂ ਆ ਸਕੀ। ਮੈਨੂੰ ਯਾਦ ਆਉਂਦਾ ਹੈ ਉਹ ਸਮਾਂ ਜਦ ਖੁਲ੍ਹੀ ਚਿੱਟੀ ਦਾਹੜੀ ਅਤੇ ਦਗ ਦਗ ਕਰਦੇ ਲਾਲ ਸੂਹੇ ਚਿਹਰੇ ਵਾਲੇ ਪੰਜਾਬੀ ਵਿਦਵਾਨ ਡਾ. ਕਰਤਾਰ ਸਿੰਘ ਦੀਵਾਨਾ ਚੰਡੀਗੜ੍ਹ ਦੀਆਂ ਸੜਕਾਂ ਤੇ ਦੋ ਵਿਦੇਸ਼ੀ ਗੋਰੀਆਂ ਦੇ ਮੋਢਿਆਂ ਤੇ ਹੱਥ ਟਿਕਾਈ ਸੈਰ ਕਰਦੇ ਵਿਖਾਈ ਦੇਂਦੇ ਸਨ। ਸਿੱਖ ਉਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ।

ਉਸ ਦਾ ਕਾਰਨ ਮੈਂ ਨਹੀਂ ਦੱਸਾਂਗਾ ਪਰ ਉਹ ਮੇਰੇ ਕੋਲ ਅਕਸਰ, ਇਸੇ ਤਰ੍ਹਾਂ ਸੈਰ ਕਰਦੇ ਆ ਜਾਇਆ ਕਰਦੇ ਸਨ ਤੇ ਪਹਿਲਾ ਫ਼ਿਕਰਾ ਹੀ ਉਨ੍ਹਾਂ ਦਾ ਇਹ ਹੁੰਦਾ ਸੀ, ''ਪੰਜ ਪਾਣੀ ਤੋਂ ਚੰਗਾ ਪਰਚਾ ਮੈਂ ਅੱਜ ਤਕ ਨਹੀਂ ਵੇਖਿਆ। ਤੁਸੀ ਜਿਵੇਂ ਵੀ ਚਾਹੋ, ਮੈਨੂੰ ਇਸ ਨਾਲ ਜੋੜ ਲਵੋ, ਬਸ।'' ਉਦੋਂ ਮੈਂ 'ਪੰਜ ਪਾਣੀ' ਮਾਸਕ ਪਰਚਾ ਕਢਿਆ ਕਰਦਾ ਸੀ। ਉਨ੍ਹਾਂ ਨੂੰ ਪੰਜ ਪਾਣੀ ਨਾਲ ਜੋੜਨਾ ਤਾਂ ਮੈਨੂੰ ਵੀ ਪ੍ਰਵਾਨ ਨਹੀਂ ਸੀ ਪਰ ਮੈਂ ਵੇਖਿਆ, ਡਾ. ਦੀਵਾਨਾ ਵਰਗਾ ਪੰਜਾਬੀ ਵਿਦਵਾਨ ਵੀ ਪੰਜਾਬੀ ਜਗਤ ਵਿਚ ਘੱਟ ਹੀ ਕੋਈ ਮਿਲਦਾ ਸੀ। ਸੋ ਮੈਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਖ਼ੁਸ਼ ਹੋ ਲਿਆ ਕਰਦਾ ਸੀ।

'ਕਵੀ' ਦੇ ਪ੍ਰਸੰਗ ਵਿਚ ਗੱਲ ਕਰਦਿਆਂ ਡਾ. ਦੀਵਾਨਾ ਨੇ ਮੈਨੂੰ ਇਕ ਵਾਰ ਦਸਿਆ, ''ਕਵੀ ਕੋਈ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ। ਮਹਾਂ ਪੁਰਸ਼ਾਂ ਵਾਂਗ ਅਸਲ ਕਵੀ ਵੀ ਕੋਈ ਸੌ ਸਾਲ ਤੋਂ ਪਹਿਲਾਂ ਨਹੀਂ ਪੈਦਾ ਹੁੰਦਾ। ਇੰਗਲੈਂਡ ਦੀਆਂ 5 ਯੂਨੀਵਰਸਟੀਆਂ ਰਲ ਕੇ ਫ਼ੈਸਲਾ ਕਰਦੀਆਂ ਨੇ ਕਿ ਅੰਗਰੇਜ਼ੀ ਦਾ ਕੋਈ ਨਵਾਂ 'ਕਵੀ' ਪੈਦਾ ਹੋਇਆ ਹੈ ਕਿ ਨਹੀਂ। ਪਿਛੇ ਜਿਹੇ ਹੀ ਉਨ੍ਹਾਂ ਫ਼ੈਸਲਾ ਦਿਤਾ ਕਿ ਪਿਛਲੇ 200 ਸਾਲਾਂ ਵਿਚ ਕੋਈ 'ਅੰਗਰੇਜ਼ੀ ਕਵੀ' ਨਹੀਂ ਪੈਦਾ ਹੋਇਆ।'' ਮੇਰੇ ਵਾਸਤੇ ਇਹ ਬੜੀ ਹੈਰਾਨੀ ਵਾਲੀ ਗੱਲ ਸੀ। ਉਂਜ ਤਾਂ ਸੈਂਕੜੇ 'ਅੰਗਰੇਜ਼ੀ ਕਵੀ' ਕਿਤਾਬਾਂ ਚੁੱਕੀ ਫਿਰਦੇ ਵੇਖੇ ਜਾ ਸਕਦੇ ਹਨ ਪਰ ਅਸਲ ਵਿਚ ਉਹ 'ਕਵੀ' ਬਣਨ ਲਈ ਜੂਝ ਰਹੇ ਕਾਵਿ ਲਿਖਾਰੀ ਹੀ ਹੁੰਦੇ ਹਨ, ਕਵੀ ਨਹੀਂ ਬਣ ਸਕੇ ਹੁੰਦੇ।

ਡਾ. ਦੀਵਾਨਾ ਨੇ ਮੈਨੂੰ ਦਸਿਆ, ''ਪੰਜਾਬੀ ਵਿਚ ਕਵੀ ਸਿਰਫ਼ ਮੁਸਲਮਾਨ ਹੀ ਹੋਏ ਹਨ ਜਿਵੇਂ ਵਾਰਸ ਸ਼ਾਹ, ਬੁਲ੍ਹਾ ਤੇ ਸ਼ਾਹ ਮੁਹੰਮਦ ਵਰਗੇ ਤੇ ਜਾਂ ਫਿਰ ਹੁਣ ਸ਼ਿਵ ਕੁਮਾਰ ਬਟਾਲਵੀ ਅੰਦਰੋਂ ਹੌਲੀ ਹੌਲੀ 'ਕਵੀ' ਦਿੱਸਣ ਲੱਗ ਪਿਆ ਹੈ।'' ਇੰਗਲੈਂਡ ਵਿਚ ਰਹਿੰਦੇ ਤੇ ਸਪੋਕਸਮੈਨ ਦੇ ਪਾਠਕਾਂ ਦੇ ਚਹੇਤੇ ਪੰਜਾਬੀ ਲੇਖਕ ਅਮੀਨ ਮਲਿਕ ਨਾਲ ਦੋ ਕੁ ਸਾਲ ਪਹਿਲਾਂ ਗੱਲ ਹੋਈ ਤਾਂ ਉਨ੍ਹਾਂ ਵੀ ਇਸ ਗੱਲ ਦੀ ਤਾਈਦ ਕੀਤੀ ਕਿ ਸ਼ਿਵ ਬਟਾਲਵੀ ਤੋਂ ਬਾਅਦ ਅਜੇ ਕੋਈ ਹੋਰ ਪੰਜਾਬੀ ਕਵੀ ਨਹੀਂ ਪੈਦਾ ਹੋ ਸਕਿਆ ਤੇ ਨਾ ਕੋਈ ਅਗਲੇ ਸੌ ਸਾਲ ਵਿਚ ਹੋ ਈ ਸਕੇਗਾ, ਫੜਾਂ ਮਾਰਨ ਵਾਲੇ ਫੜਾਂ ਭਾਵੇਂ ਜਿੰਨੀਆਂ ਮਾਰਦੇ ਫਿਰਨ ਤੇ ਝੂਠੇ ਸੱਚੇ ਸਰਟੀਫ਼ਿਕੇਟਾਂ ਦੇ ਓਟ ਆਸਰੇ, ਦਾਅਵੇ ਭਾਵੇਂ ਕਿੰਨੇ ਵੀ ਕਰੀ ਜਾਣ।''

ਹਾਂ ਸਾਡੇ ਸ਼ਾਇਰ ਤਾਂ ਪਾਬਲੋ ਨਰੂਦਾ ਵਰਗੇ ਵਿਦੇਸ਼ੀ ਕਵੀਆਂ ਤੇ ਲੇਖਕਾਂ ਦੇ ਨਾਂ ਗਿਣਵਾ ਕੇ ਇਹ ਜ਼ਰੂਰ ਕਹਿੰਦੇ ਰਹਿਣਗੇ ਕਿ ਵੇਖੋ ਉਸ ਨੇ ਜ਼ੁਲਮ ਤੇ ਜ਼ਾਲਮ ਵਿਰੁਧ ਕਿੰਨਾ ਜ਼ਬਰਦਸਤ ਲਿਖਿਆ ਹੈ। ਪਰ ਜਦ ਆਪ ਜ਼ੁਲਮ ਅਤੇ ਜ਼ਾਲਮ ਵਿਰੁਧ ਲਿਖਣ ਦਾ ਵੇਲਾ ਆਉਂਦਾ ਹੈ ਤਾਂ 'ਹਾਏ ਕਿਸ ਦੀ ਨਜ਼ਰ ਲੱਗ ਗਈ' ਵਰਗੇ ਫਿਕਰੇ ਵਰਤ ਕੇ ਹੀ ਭੱਜ ਜਾਂਦੇ ਨੇ ਕਿਉਂਕਿ ਉਨ੍ਹਾਂ ਅੰਦਰ ਉਹ 'ਕਵੀ' ਪੈਦਾ ਹੀ ਨਹੀਂ ਹੋਇਆ ਹੁੰਦਾ ਜੋ 'ਸਚ ਕੀ ਬੇਲਾ' ਸੱਚ ਸੁਣਾ ਸਕੇ। ਜਿਸ 'ਕਵਿਤਾ ਦੇ ਲਿਖਾਰੀ' ਸੁਰਜੀਤ ਪਾਤਰ ਕੋਲੋਂ ਗੁਰੂ ਨਾਨਕ ਯੂਨੀਵਰਸਟੀ ਨੇ ਯੂਨੀਵਰਸਟੀ ਦਾ 'ਐਂਥਮ' ਲਿਖਵਾਇਆ, ਮੈਂ ਉਸ ਨੂੰ ਕਦੇ ਨਹੀਂ ਮਿਲਿਆ ਭਾਵੇਂ ਉਹ ਚੰਡੀਗੜ੍ਹ ਵਿਚ ਹੀ ਰਹਿੰਦਾ ਹੈ।

ਪਰ ਇਕ ਦਿਨ ਇਕ ਵੱਡੀ ਸਰਕਾਰੀ ਹਸਤੀ ਨੇ ਮੇਰੇ ਕੋਲ ਉਸ ਦੀ ਸਿਫ਼ਾਰਿਸ਼ ਕਰ ਦਿਤੀ ਤਾਂ ਮੈਂ ਸਵਾਲ ਪੁਛ ਲਿਆ, ''ਕੀ ਉਹ ਸਚਮੁਚ ਵੱਡਾ ਕਵੀ ਹੈ ਵੀ?'' ਉਹ ਸੱਜਣ ਬੋਲੇ, ''ਤੁਸੀ ਵੱਡਾ ਕਵੀ ਕਿਸ ਨੂੰ ਮੰਨਦੇ ਹੋ?'' ਮੈਂ ਕਿਹਾ, ''ਉਸ ਨੂੰ ਜਿਸ ਨੇ ਅਪਣੇ ਸਾਹਮਣੇ ਕੋਈ ਵੱਡਾ ਉਪੱਦਰ ਜਾਂ ਸਾਕਾ ਵੇਖਿਆ ਹੋਵੇ ਤੇ ਉਸ ਦੇ ਅੰਦਰੋਂ ਫੁੱਟੀ ਕਵਿਤਾ ਨੇ ਉਹਨੂੰ ਵੀ ਹਿਲਾ ਦਿਤਾ ਹੋਵੇ ਤੇ ਪੜ੍ਹਨ ਸੁਣਨ ਵਾਲੇ ਨੂੰ ਵੀ ਸਦੀਆਂ ਤਕ ਸਿਰ ਨਿਵਾਈ ਰੱਖਣ ਲਈ ਮਜਬੂਰ ਕਰ ਦਿਤਾ ਹੋਵੇ ਤੇ ਉਸ ਨੇ ਉਪੱਦਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਬਿਲਕੁਲ ਨਾ ਹੋਵੇ ਬਲਕਿ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਵੀ, ਸੱਚ ਦਾ ਸਾਥ ਅੰਤ ਤਕ ਨਾ ਛਡਿਆ ਹੋਵੇ। ... ਪਰ ਜਿਸ 'ਕਵੀ' ਦੀ ਤੁਸੀ ਗੱਲ ਕਰ ਰਹੇ ਹੋ, ਉਹਦੇ ਸਾਹਮਣੇ 1984 ਦਾ ਵੱਡਾ ਉਪੱਦਰ ਤੇ ਸਾਕਾ ਵਾਪਰਿਆ ਤਾਂ ਉਸ ਅੰਦਰੋਂ ਕਵਿਤਾ ਕੀ ਫੁੱਟੀ ਸੀ?

ਇਹੀ ਕਿ 'ਹਾਏ ਕਿਸ ਦੀ ਬੁਰੀ ਨਜ਼ਰ ਲੱਗ ਗਈ ਮੇਰੇ ਪੰਜਾਬ ਨੂੰ' ... ਜਾਂ ਇਹੋ ਜਹੇ ਕੁੱਝ ਲਫ਼ਜ਼। ਪੰਜਾਬ ਵਿਚ ਕਿਸੇ ਮਾਂ ਦਾ ਪੁੱਤਰ ਮਰ ਜਾਏ ਤਾਂ ਉਹ ਇਹ ਨਹੀਂ ਕਹਿੰਦੀ ਕਿ ਕਿਸੇ ਦੀ ਨਜ਼ਰ ਲੱਗ ਗਈ ਹੈ ਬਲਕਿ ਵੈਣ ਪਾਉਂਦੀ ਹੋਈ ਝੱਲਿਆਂ ਦੀ ਤਰ੍ਹਾਂ ਰੱਬ ਨੂੰ ਨਿਹੋਰੇ ਮਾਰਦੀ ਹੈ, ''ਵੇ ਤੂੰ ਕਿਹੜੇ ਜੱਗ ਦਾ ਵੈਰ ਕਮਾਇਐ ਸਾਡੇ ਨਾਲ? ਹਾਏ ਮੇਰੀ ਜਾਨ ਲੈ ਲੈਂਦੋਂ, ਮੇਰੇ ਘਰ ਨੂੰ ਰੋਸ਼ਨੀ ਦੇਣ ਵਾਲਾ ਦੀਵਾ ਜਗਦਾ ਵੀ ਤੈਥੋਂ ਜਰਿਆ ਨਾ ਗਿਆ? ਕਾਹਦਾ ਤੂੰ ਰੱਬ ਏਂ? ਸਾਨੂੰ ਸਾਰਿਆਂ ਨੂੰ ਮਾਰ ਲੈਂਦੋਂ ਪਰ ਮਾਂ ਦੇ ਸਾਹਮਣੇ ਉਸ ਦੇ ਪੁੱਤਰ ਨੂੰ ਤੇ ਨਾ ਮਾਰਦੋਂ ਵੇ ਡਾਢਿਆ।'' ਇਸ ਹਾਲਤ ਵਿਚ ਇਹ ਵੈਣ ਹੀ ਕਵੀ ਦੇ ਅੰਦਰ ਇਕ ਜਾਂ ਦੂਜੇ ਰੂਪ ਵਿਚ ਫੁਟ ਕੇ ਮਾਂ ਦੇ ਵੈਣਾਂ ਵਾਂਗ ਪੱਥਰਾਂ ਨੂੰ ਵੀ ਪਿਘਲਾ ਦੇਣ ਤਾਂ ਕੋਈ ਵੱਡਾ 'ਕਵੀ' ਪੈਦਾ ਹੋ ਗਿਆ ਸਮਝੋ। ਪਰ ਮਰਨ ਵਾਲੇ ਦੇ ਪ੍ਰਵਾਰ ਨਾਲ ਸਾੜਾ ਖਾਣ ਵਾਲੀ ਤੇ ਦਿਲੋਂ ਇਸ ਮੌਤ ਤੇ ਖ਼ੁਸ਼ੀ ਮਨਾਉਂਦੀ ਗਵਾਂਢਣ, ਨਕਲੀ ਅਫ਼ਸੋਸ ਪ੍ਰਗਟ ਕਰਦੀ ਹੋਈ ਕਹਿੰਦੀ ਹੈ, ''ਹਾਏ, ਕਿਸੇ ਦੀ ਨਜ਼ਰ ਲੱਗ ਗਈ ਏ ਇਸ ਹਸਦੇ ਖੇਡਦੇ ਪ੍ਰਵਾਰ ਨੂੰ।''

ਹੁਣ ਦਸੋ ਤੁਹਾਡੇ 'ਕਵੀ' ਨੂੰ ਮਾਂ ਵਾਲੇ ਪਾਸੇ ਰੱਖ ਕੇ ਪੜ੍ਹਾਂ ਜਾਂ ਉਪ੍ਰੋਕਤ ਗਵਾਂਢਣ ਵਾਲੇ ਪਾਸੇ? ਕੌੜਾ ਸੱਚ ਇਹੀ ਹੈ ਕਿ ਅਪਣੇ ਨਾਂ ਨਾਲੋਂ 'ਸਿੰਘ' ਸ਼ਬਦ ਹਟਾ ਚੁੱਕੇ ਕਿਸੇ ਵੀ ਪੰਜਾਬੀ ਖੱਬੂ ਲੇਖਕ ਨੇ 84 ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ ਤੇ ਐਵੇਂ ਡੰਗ ਹੀ ਸਾਰਿਆ ਹੈ, ਇਸ ਲਈ ਏਨੇ ਵੱਡੇ ਸਾਕੇ ਨੂੰ ਵੇਖ ਕੇ ਵੀ ਕੋਈ 'ਕਵੀ' ਨਹੀਂ ਬਣ ਸਕਿਆ। ਪਰ ਚਲੋ ਜੇ ਸਰਕਾਰੀ ਗਲਿਆਰਿਆਂ ਵਿਚ ਕਿਸੇ ਨੂੰ ਬਹੁਤ ਵੱਡਾ ਸ਼ਾਇਰ ਮੰਨ ਵੀ ਲਿਆ ਗਿਆ ਹੈ ਤਾਂ ਮੈਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ। ਮੈਨੂੰ ਇਤਰਾਜ਼ ਇਸ ਗੱਲ ਤੇ ਹੈ ਕਿ ਬਾਬੇ ਨਾਨਕ ਬਾਰੇ ਕੁੱਝ ਵੀ ਕਰਨ ਤੋਂ ਪਹਿਲਾਂ ਤੇ ਅਪਣੀ ਪਸੰਦ ਠੋਸਣ ਤੋਂ ਪਹਿਲਾਂ, ਨਿਰਪੱਖ ਵਿਦਵਾਨਾਂ, ਸੰਸਥਾਵਾਂ ਤੇ ਆਮ ਜਨਤਾ ਨੂੰ ਵੀ ਪੁੱਛ ਤਾਂ ਲਿਆ ਕਰਨ ਕਿ ਜੋ ਉਹ ਕਰ ਰਹੇ ਹਨ, ਉਸ ਨਾਲ ਬਾਬੇ ਨਾਨਕ ਦਾ ਦਰਜਾ ਨੀਵਾਂ ਤਾਂ ਨਹੀਂ ਹੋਵੇਗਾ?

ਮੇਰੀ ਨਜ਼ਰ ਵਿਚ ਸਤਿਗੁਰੂ ਰਾਮ ਸਿੰਘ ਚੇਅਰ ਕਾਇਮ ਕਰ ਕੇ ਤੇ ਯੂਨੀਵਰਸਟੀ ਐਂਥਮ ਥੋਪ ਕੇ ਬਾਬੇ ਨਾਨਕ ਸ਼ਾਇਰ ਅਤੇ ਦੁਨੀਆਂ ਦੇ ਅਜ਼ੀਮ ਰਹਿਬਰ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਹੈ ਜਿਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਤੇ ਇਹ ਦੋਵੇਂ ਫ਼ੈਸਲੇ ਯੁਨੀਵਰਸਟੀ ਨੂੰ ਇਕ ਦਿਨ ਵਾਪਸ ਲੈਣੇ ਹੀ ਪੈਣਗੇ ਜਾਂ ਫਿਰ ਇਹ ਅਪਣਾ ਨਾਂ ਹੀ ਬਦਲ ਲਵੇ! ਮੇਰੀ ਕਿਸੇ ਨਾਲ ਨਾ ਕੋਈ ਦੋਸਤੀ ਹੈ, ਨਾ ਅਦਾਵਤ ਪਰ ਸਰਕਾਰਾਂ ਤੇ ਅਫ਼ਸਰਸ਼ਾਹੀ ਦੇ ਨਿਵਾਜ਼ਸ਼ਾਂ ਦਾ ਅਨੰਦ ਮਾਣਨ ਵਾਲੀਆਂ ਕਲਮਾਂ ਨੂੰ ਮੈਂ ਹਮੇਸ਼ਾ ਹੀ ਸ਼ੱਕ ਦੀ ਨਜ਼ਰ ਨਾਲ ਵੇਖਦਾ ਹਾਂ ਤੇ ਲੋੜ ਪੈਣ ਤੇ ਲਿਖ ਵੀ ਦੇਂਦਾ ਹਾਂ। ਬਾਬੇ ਨਾਨਕ ਦੇ ਨਾਂ ਤੇ ਚਲਦੀ ਯੂਨੀਵਰਸਟੀ ਦਾ 'ਐਂਥਮ' (ਆਰੰਭਤਾ ਦਾ ਗੀਤ) ਲਿਖਵਾਏ ਜਾਣ ਦੀ ਖ਼ਬਰ ਮੈਂ ਪੜ੍ਹੀ ਤਾਂ ਰੂਹ ਕੰਬ ਉਠੀ। ਸ਼ੁਰੂਆਤ ਹੀ ਗ਼ਲਤ ਹੋਈ ਹੈ।

ਬਾਬਾ ਨਾਨਕ, ਤੈਨੂੰ ਛੋਟਾ ਕਰ ਕੇ ਵਿਖਾਣ ਵਾਲੇ ਤੇਰੇ ਅਪਣੇ 'ਸਿੱਖ' ਹੀ ਕਾਫ਼ੀ ਹਨ। ਮੈਂ ਅਪਣੇ ਆਪ ਨੂੰ ਹੀ ਹੌਲੀ ਜਹੀ ਆਖਿਆ, ਰੱਬ ਸੁਖ ਰੱਖੇ। ਪਰ ਸੁੱਖ ਕਿਥੇ ਰਹਿਣਾ ਸੀ? ਸਿੱਖ ਧਰਮ ਦੇ ਅਖੌਤੀ 'ਰਾਖਿਆਂ' (ਅੰਮ੍ਰਿਤਸਰ ਵਿਚ ਹੀ ਹਜ਼ਾਰਾਂ ਬੈਠੇ ਹਨ) ਤੇ ਸਿਆਸਤ ਦੇ ਲੱਠਮਾਰਾਂ ਜਾਂ ਹੁਕਮਨਾਮਿਆਂ ਵਾਲਿਆਂ ਦੇ ਸਿਰ ਤੇ ਜੂੰ ਵੀ ਨਾ ਰੇਂਗੀ। ਵਿਦਵਾਨਾਂ ਨੂੰ ਤਾਂ ਪਹਿਲਾਂ ਹੀ ਇਨ੍ਹਾਂ ਨੇ 'ਐਨੇਸਥੀਸੀਆ' ਦੇ ਕੇ ਸੁੰਨ ਕਰ ਦਿਤਾ ਹੋਇਆ ਹੈ। ਮੈਨੂੰ ਲੱਗਾ ਕਿ ਸ਼ਤਾਬਦੀ ਸਮਾਰੋਹਾਂ ਦਾ ਰਸਤਾ ਬਿੱਲੀ ਕੱਟ ਗਈ ਹੈ (ਜਿਵੇਂ ਕਿ ਮੁਹਾਵਰਾ ਬਣਿਆ ਹੋਇਆ ਹੈ) ਤੇ ਅੱਗੋਂ ਕਿਸੇ ਚੰਗੀ ਗੱਲ ਦੀ ਆਸ ਕਿਵੇਂ ਕਰੀਏ? ਅੱਗੋਂ ਜੋ ਹੋਇਆ, ਪਾਠਕਾਂ ਨੂੰ ਸੱਭ ਪਤਾ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਤੇ ਘੁਮਾ ਕੇ ਅਰਬਾਂ ਰੁਪਏ ਇਕੱਠੇ ਕੀਤੇ ਗਏ ਜੋ 'ਕਾਲਾ ਧਨ' ਵਿਚ ਤਬਦੀਲ ਹੋ ਗਏ।

ਬਾਬੇ ਨਾਨਕ ਦੇ ਨਾਂ ਤੇ ਦਿੱਲੀ ਦੇ ਹਾਕਮਾਂ ਨਾਲ ਫ਼ੋਟੋਆਂ ਖਿਚਵਾਣ ਲਈ ਕਰੋੜਾਂ ਰੁਪਏ ਖ਼ਰਚ ਕੇ ਪੰਡਾਲ ਉਸਾਰੇ ਗਏ ਜਿਨ੍ਹਾਂ ਵਿਚ ਸੰਗਤ ਗਈ ਹੀ ਨਾ ਪਰ ਗ਼ਰੀਬ ਕੋਲੋਂ ਪੈਸਾ ਖੋਹਿਆ ਤਾਂ ਗਿਆ, ਭਾਵੇਂ ਉਸ ਦੇ ਪੱਲੇ ਕੁੱਝ ਨਾ ਪਾਇਆ ਗਿਆ। 'ਮੇਲਾ' ਬਣਾ ਦਿਤੇ ਗਏ ਸਮਾਗਮ ਪਰ ਧਰਮ ਤੇ ਗ਼ਰੀਬ, ਲਾਚਾਰ ਲੋਕ ਉਥੇ ਦੇ ਉਥੇ ਹੀ ਰਹੇ ਜਿਥੇ ਪਹਿਲਾਂ ਸਨ। ਪਰ ਇਕ ਦੂਜੀ ਬਿੱਲੀ ਵਲੋਂ ਵੀ ਰਸਤਾ ਕੱਟਣ ਦੀ ਗੱਲ ਜ਼ਰੂਰ ਕਰਨੀ ਚਾਹਾਂਗਾ।

ਭੂਮੀ ਪੂਜਨ (ਹਵਨ)
ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਹਾਕਮਾਂ ਦੀ ਬਦਲੀ ਹੋਈ ਸੋਚ ਕਾਰਨ ਬਣ ਤਾਂ ਗਿਆ ਤੇ ਹਿੰਦੁਸਤਾਨ ਦੇ ਲੀਡਰ ਵੀ ਐਸੀ ਕੁੜਿੱਕੀ ਵਿਚ ਫੱਸ ਗਏ ਕਿ ਉਹ ਨਾਂਹ ਨਾ ਕਹਿ ਸਕੇ, ਭਾਵੇਂ ਦਿਲੋਂ ਉਹ ਇਸ ਨੂੰ ਪਸੰਦ ਨਹੀਂ ਸਨ ਕਰਦੇ। ਚਲੋ ਜਿਵੇਂ ਵੀ ਹੋਇਆ, ਪਰ ਬਾਬੇ ਨਾਨਕ ਦੀ ਯਾਦ ਵਿਚ ਖੋਲ੍ਹੇ ਜਾ ਰਹੇ ਲਾਂਘੇ ਦਾ ਟੱਕ ਲਾਉਣ ਲਗਿਆਂ ਵੀ ਕੀ 'ਭੂਮੀ ਪੂਜਨ' ਦਾ ਬ੍ਰਾਹਮਣੀ ਕਰਮ-ਕਾਂਡ ਕਰਨਾ ਜ਼ਰੂਰੀ ਸੀ? ਇਥੇ ਤਾਂ ਬਾਬੇ ਨਾਨਕ ਦੀ ਬਾਣੀ ਅਨੁਸਾਰ ਲਾਂਘੇ ਨੂੰ ਟੱਕ ਲਾਇਆ ਜਾਣਾ ਚਾਹੀਦਾ ਸੀ। 'ਸਿੱਖੀ ਦੇ ਵੱਡੇ ਰਾਖੇ' ਵੀ ਇਹ ਮੰਗ ਨਾ ਰੱਖ ਸਕੇ ਤਾਕਿ ਪ੍ਰਧਾਨ ਮੰਤਰੀ, ਨਾਰਾਜ਼ ਹੋ ਕੇ, ਕਿਤੇ ਉਨ੍ਹਾਂ ਦੀ 12 ਕਰੋੜੀ ਸਟੇਜ ਤੇ ਆਉਣੋਂ ਹੀ ਨਾਂਹ ਨਾ ਕਰ ਦੇਣ। ਸੋ ਕਰਤਾਰਪੁਰ ਲਾਂਘੇ ਦਾ ਟੱਕ, ਬਾਬੇ ਨਾਨਕ ਦੇ ਸਿਧਾਂਤਾਂ ਦੇ ਐਨ ਉਲਟ ਜਾ ਕੇ ਰਖਿਆ ਗਿਆ।

ਕੋਈ ਹੁਕਮਨਾਮਿਆਂ ਵਾਲਾ, ਸਰਬ-ਉੱਚ ਧਾਰਮਕ ਜਥੇਬੰਦੀ ਵਾਲਾ, ਕੋਈ ਵਿਦਵਾਨ ਤੇ ਕੋਈ 'ਅਕਾਲੀ' ਕੁਸਕਿਆ ਤਕ ਨਾ। ਕੁਸਕਦੇ ਤਾਂ ਜੇ ਸਮਾਗਮ ਬਾਬੇ ਨਾਨਕ ਲਈ ਰਖਿਆ ਹੁੰਦਾ। ਨਹੀਂ, ਬਾਬਾ ਨਾਨਕ ਤਾਂ ਬਹਾਨਾ ਸੀ, ਸਮਾਗਮ ਤਾਂ ਦਿੱਲੀ ਦੇ 'ਬਾਦਸ਼ਾਹਾਂ' ਨੂੰ ਖ਼ੁਸ਼ ਕਰਨ ਲਈ ਰਖਿਆ ਗਿਆ ਸੀ ਜਾਂ ਪੈਸੇ ਇਕੱਠੇ ਕਰਨ ਲਈ। ਬੋਲਦੇ ਕਿਵੇਂ? ਬਾਬੇ ਨਾਨਕ ਦੇ ਨਾਂ ਤੇ ਰਚੇ ਸਮਾਗਮਾਂ ਵਿਚ ਪੈਸਾ ਨਚਿਆ, ਪਖੰਡ ਨਚਿਆ, ਬਾਬੇ ਨਾਨਕ ਵਲੋਂ ਰੱਦ ਕੀਤੇ ਕਰਮ-ਕਾਂਡ ਨੱਚੇ, ਹਾਕਮਾਂ ਤੇ ਉਨ੍ਹਾਂ ਦੇ 'ਦਰਬਾਰੀਆਂ' ਦੀ ਖ਼ੂਬ ਚੜ੍ਹ ਮਚੀ ਰਹੀ ਪਰ ਬਾਬੇ ਨਾਨਕ ਨੂੰ, ਗ਼ਰੀਬਾਂ ਨੂੰ, ਮਜ਼ਲੂਮਾਂ ਨੂੰ, ਦੁਖੀਆਂ ਨੂੰ ਤੇ ਧਰਮ ਨੂੰ ਤਾਂ ਸਾਹਮਣੇ ਵੀ ਨਾ ਆਉਣ ਦਿਤਾ ਗਿਆ। ਤੁਸੀ ਮੁਹਾਵਰੇ ਨੂੰ ਮੰਨਦੇ ਹੋ ਤਾਂ ਮੰਨ ਲਵੋ ਕਿ ਬਿੱਲੀ ਸ਼ੁਰੂ ਵਿਚ ਹੀ ਰਸਤਾ ਕੱਟ ਗਈ ਸੀ ਪਰ ਜੇ ਨਹੀਂ ਮੰਨਦੇ ਤਾਂ ਸਮਝ ਲਉ, ਪੂਰਾ ਧਿਆਨ ਰੱਖ ਕੇ ਸਮਾਗਮ ਰਚੇ ਗਏ ਕਿ ਬਾਬਾ ਨਾਨਕ ਨਾ ਕਿਤੇ ਆ ਜਾਏ ਉਥੇ!!  -ਜੋਗਿੰਦਰ ਸਿੰਘ