ਗੁਰਬਾਣੀ ਪ੍ਰਸਾਰਨ ਉਤੇ ਤੁਹਾਡੇ ਸਿਆਸੀ ਮਾਲਕਾਂ ਦਾ ਏਕਾਧਿਕਾਰ ਖਤਮ ਕਰਨ ਨੂੰ ਧਰਮ ਵਿਚ ਦਖਲ ਅੰਦਾਜ਼ੀ ਕੌਣ ਮੰਨੇਗਾ ਸ਼੍ਰੋਮਣੀਉ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਵਿੱਤਰ ਸਰੋਵਰ ਦੇ ਜਲ ਨੂੰ ‘ਗੰਦਾ ਹੋ ਗਿਐ’ ਕਹਿਣ ਤੇ  ਸ਼੍ਰੋਮਣੀ ਕਮੇਟੀ ਨੇ ਪਹਿਲਾਂ ਵੀ ਇਹ ਤੁੱਕਾ ਚਲਾ ਕੇ ਵੇਖ ਲਿਆ ਸੀ

Gurbani Telecaste

ਜੀਵਨ ਸਿੰਘ ਉਮਰਾਨੰਗਲ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ-ਪ੍ਰੈਜ਼ੀਡੈਂਟ (ਉਪ-ਪ੍ਰਧਾਨ) ਸਨ ਪਰ ਪ੍ਰਧਾਨ ਵਾਲੇ ਸਾਰੇ ਅਧਿਕਾਰ ਉਹੀ ਵਰਤਦੇ ਸਨ। ਦਰਬਾਰ ਸਾਹਿਬ ਸਰੋਵਰ ਦੇ ਜਲ ਦੀ ਸ਼ੁਧਤਾ ਵਿਚ ਆਈ ਗਿਰਾਵਟ ਹਰ ਇਕ ਨੂੰ ਨਜ਼ਰ ਆ ਰਹੀ ਸੀ। ਇਕ ਵਿਰੋਧੀ ਧਿਰ ਵਾਲੇ ਅਕਾਲੀ ਲੀਡਰ ਨੇ, ਸੰਗਤਾਂ ਦਾ ਦਰਦ ਬਿਆਨ ਕਰਨ ਲਈ ਬਿਆਨ ਦੇ ਦਿਤਾ ਕਿ ਸਰੋਵਰ ਦਾ ਜਲ ਬਹੁਤ ਗੰਦਾ ਹੋ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਇਸ ਦੀ ਸਾਫ਼ ਸਫ਼ਾਈ ਵਲ ਬਿਲਕੁਲ ਧਿਆਨ ਨਹੀਂ ਦੇ ਰਹੀ।

ਜੀਵਨ ਸਿੰਘ ਉਮਰਾਨੰਗਲ ਦਾ ਪਾਰਾ ਅਸਮਾਨ ’ਤੇ  ਚੜ੍ਹ ਗਿਆ ਤੇ ਉਸ ਨੇ ਜਵਾਬੀ ਬਿਆਨ ਦਾਗ਼ ਦਿਤਾ ਕਿ ਗੁਰੂ ਰਾਮ ਦਾਸ ਦੇ ਪਵਿੱਤਰ ਸਰੋਵਰ ਦੇ ਜਲ ਨੂੰ ‘ਗੰਦਾ’ ਕਹਿ ਕੇ, ਗੁਰੂ ਰਾਮ ਦਾਸ ਜੀ ਦਾ ਅਪਮਾਨ ਕਰ ਦਿਤਾ ਗਿਆ ਹੈ ਤੇ ਅਜਿਹਾ ਕਰਨ ਵਾਲਾ ਪਾਪੀ, ਤੁਰਤ ਅਕਾਲ ਤਖ਼ਤ ’ਤੇ ਆ ਕੇ ਭੁਲ ਬਖ਼ਸ਼ਾਵੇ ਨਹੀਂ ਤਾਂ ਉਸ ਨੂੰ ‘ਤਨਖ਼ਾਹੀਆ’ ਕਰਾਰ ਦਿਤਾ ਜਾਵੇਗਾ। ਜੀਵਨ ਸਿੰਘ ਉਮਰਾਨੰਗਲ ਦੇ ਸਾਥੀਆਂ ਨੇ ਵੀ ਖ਼ੂਬ ਸ਼ੋਰ ਮਚਾਇਆ ਪਰ ਸੰਗਤਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਪਣੀ ਡਿਊਟੀ ਪੂਰੀ ਨਹੀਂ ਕਰ ਰਹੀ ਤੇ ਡਿਊਟੀ ਯਾਦ ਕਰਵਾਉਣ ਵਾਲਿਆਂ ਨੂੰ ਹੀ ‘ਪਾਪੀ’ ਕਹਿੰਦੀ ਹੈ ਜੋ ਸਰਾਸਰ ਗ਼ਲਤ ਹੈ। ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਹੈ ਕਿ ਪਵਿੱਤਰ ਸਰੋਵਰ ਦੇ ਜਲ ਨੂੰ ਸ਼ੁਧ, ਸਾਫ਼ ਤੇ ਮੈਲ ਤੋਂ ਰਹਿਤ ਰੱਖੇ।

ਦੋਹਾਂ ਪਾਸਿਆਂ ਵਲੋਂ ਖ਼ੂਬ ਬਿਆਨ ਦਾਗ਼ੇ ਜਾ ਰਹੇ ਸਨ। ਅਖ਼ੀਰ ਕੁੱਝ ਸ਼ਰਧਾਲੂ ਸਿੱਖਾਂ ਨੇ ਪੇਸ਼ਕਸ਼ ਕੀਤੀ ਕਿ ਜਲ ਨੂੰ ਹਰ ਸਮੇਂ ਸਾਫ਼ ਰੱਖਣ ਲਈ ਅਸੀ ਅਮਰੀਕਾ ਤੋਂ ਮਸ਼ੀਨਾਂ ਮੰਗਵਾ ਕੇ, ਅਪਣੇ ਖ਼ਰਚੇ ’ਤੇ ਸਰੋਵਰ ਵਿਚ ਲਗਵਾ ਦੇਂਦੇ ਹਾਂ। ਕ੍ਰਿਪਾ ਕਰ ਕੇ ਦੋਹਾਂ ਪਾਸਿਆਂ ਤੋਂ ਬਿਆਨਬਾਜ਼ੀ ਬੰਦ ਕਰ ਦਿਤੀ ਜਾਵੇ। ਸੋ ਹੁਣ ਤੁਸੀ ਪ੍ਰਾਈਵੇਟ ਸ਼ਰਧਾਲੂ ਸਿੱਖਾਂ ਵਲੋਂ ਲਗਾਈਆਂ ਗਈਆਂ ਮਸ਼ੀਨਾਂ ਇਥੇ ਵੇਖ ਸਕਦੇ ਹੋ ਜੋ ਸਰੋਵਰ ਦੇ ਜਲ ਨੂੰ ਹਰ ਹਾਲਤ ਵਿਚ ਸਾਫ਼ ਰਖਦੀਆਂ ਹਨ। ਪਰ ਕੀ ਇਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ਦਖ਼ਲ-ਅੰਦਾਜ਼ੀ ਸੀ? ਨਹੀਂ, ਇਹ ਭਲੇ ਸਿੱਖਾਂ ਵਲੋਂ ਸੰਗਤਾਂ ਦੀ ਇਕ ਉਹ ਮੰਗ ਮੰਨਣ ਦੀ ਕੋਸ਼ਿਸ਼ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਮੰਨਣ ਤੋਂ ਇਨਕਾਰ ਕਰ ਰਹੀ ਸੀ ਤੇ ਜਿਸ ਦਾ ਮਕਸਦ ਦੋਹਾਂ ਧਿਰਾਂ ਦੀ ਬਹਿਸਬਾਜ਼ੀ ਨੂੰ ਬੰਦ ਕਰਵਾਉਣਾ ਵੀ ਸੀ। 

ਗੁਰਬਾਣੀ ਪ੍ਰਸਾਰਣ ਉਤੇ ਸ਼੍ਰੋਮਣੀ ਕਮੇਟੀ ਦੇ ਕਬਜ਼ਾਧਾਰੀ ਪ੍ਰਵਾਰ ਦੇ ਚੈਨਲ ਦਾ ‘ਏਕਾਧਿਕਾਰ’ ਖ਼ਤਮ ਕਰਨ ਦੀ ਮੰਗ ਵੀ ਸੰਗਤਾਂ ਕਾਫ਼ੀ ਦੇਰ ਤੋਂ ਕਰ ਰਹੀਆਂ ਸਨ। ਸਾਲ ਕੁ ਪਹਿਲਾਂ ‘ਜਥੇਦਾਰ’ ਅਕਾਲ ਤਖ਼ਤ ਨੇ ਵੀ ਇਸ ਮੰਗ ਨੂੰ ਸਮਰਥਨ ਦੇ ਦਿਤਾ ਜਦ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਕਿ ਤੁਰਤ ਅਪਣਾ ਪ੍ਰਬੰਧ ਕਰ ਕੇ ਪੀਟੀਸੀ ਨਾਲ ਕੀਤਾ ਸਮਝੌਤਾ ਰੱਦ ਕਰ ਦਿਤਾ ਜਾਵੇ। ਪਰ ਸ਼੍ਰੋਮਣੀ ਕਮੇਟੀ ਸੰਗਤਾਂ ਅਤੇ ਜਥੇਦਾਰ, ਦੁਹਾਂ ਨੂੰ ‘ਸਤਿ ਬਚਨ’ ਕਹਿਣ ਮਗਰੋਂ ਵੀ ਅਜਿਹੇ ਢੰਗ ਲੱਭਣ ਵਿਚ ਰੁੱਝ ਗਈ ਜਿਨ੍ਹਾਂ ਨੂੰ ਪ੍ਰਬੰਧ ਵਿਚ ‘ਬਦਲਾਅ’ ਵੀ ਕਿਹਾ ਜਾ ਸਕੇ ਪਰ ਸਾਰੇ ਅਧਿਕਾਰ, ਪਹਿਲਾਂ ਵਾਂਗ, ਬਾਦਲਾਂ ਦੇ ‘ਡਰਬੀ ਘੋੜਿਆਂ’ ਕੋਲ ਹੀ ਟਿਕੇ ਰਹਿਣ। ਇਸ ਨਾਲ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਸੀ।

ਸੰਗਤਾਂ ਦੇ ਇਸ ਗੁੱਸੇ ਦਾ ਫ਼ਾਇਦਾ ਉਠਾ ਕੇ ਭਗਵੰਤ ਸਿੰਘ ਮਾਨ ਨੇ ਅਸੈਂਬਲੀ Sikh, ਇਜਲਾਸ ਬੁਲਾ ਕੇ ਐਲਾਨ ਕਰ ਦਿਤਾ ਕਿ  ਸਾਰੀ ਦੁਨੀਆਂ ਦੇ ਚੈਨਲ ਜਦ ਚਾਹੁਣਗੇ, ਦਰਬਾਰ ਸਾਹਿਬ ਦਾ ਗੁਰਬਾਣੀ ਕੀਰਤਨ ਬਿਲਕੁਲ ਮੁਫ਼ਤ ਪ੍ਰਸਾਰਤ ਕਰ ਸਕਣਗੇ ਪਰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੌਰਾਨ ਤੇ ਅੱਧਾ ਘੰਟਾ ਪਹਿਲਾਂ, ਅੱਧਾ ਘੰਟਾ ਮਗਰੋਂ ਜੋ ਪਾਬੰਦੀਆਂ ਸ਼੍ਰੋਮਣੀ ਕਮੇਟੀ ਲਗਾਏਗੀ, ਉਹ ਮੰਨਣੀਆਂ ਪੈਣਗੀਆਂ।

ਸੋ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਿਚ ‘ਦਖ਼ਲ’ ਇਹ ਉਸ ਤਰ੍ਹਾਂ ਹੀ ਹੋਇਆ ਜਿਵੇਂ ਸਰੋਵਰ ਦੇ ਜਲ ਨੂੰ ਸਦਾ ਸਾਫ਼ ਰੱਖਣ ਵਾਲੀਆਂ ਮਸ਼ੀਨਾਂ ਲਗਾਉਣ ਵਾਲੇ ਸ਼ਰਧਾਲੂ ਸਿੱਖਾਂ ਨੇ ਕੀਤਾ ਸੀ। ਉਦੋਂ ਉਨ੍ਹਾਂ ਸਿੱਖਾਂ ਨੇ ਮਸ਼ੀਨਾਂ ਬਾਰੇ ਸ਼੍ਰੋਮਣੀ ਕਮੇਟੀ ਉਤੇ ਕੋਈ ਪਾਬੰਦੀਆਂ ਨਹੀਂ ਸਨ ਲਗਾਈਆਂ ਤੇ ਹੁਣ ਵੀ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਖ਼ਰਚਾ ਅਪਣੀ ਸਰਕਾਰ ਕੋਲੋਂ ਦੇਣ ਅਤੇ ਸੰਸਾਰ ਭਰ ਵਿਚ ਗੁਰਬਾਣੀ ਪ੍ਰਸਾਰਨ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕਰਨ ਸਮੇਂ ਕੋਈ ਕਿੰਤੂ-ਪ੍ਰੰਤੂ ਨਹੀਂ  ਮਾਰਿਆ ਕਿ ਸ਼ਰਤਾਂ ਸਰਕਾਰ ਤੈਅ ਕਰੇਗੀ ਜਾਂ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲੋਂ ਖੋਹ ਕੇ ਸਰਕਾਰ ਅਪਣੇ ਹੱਥ ਵਿਚ ਲੈ ਲਵੇਗੀ।

ਜੇ ਉਹ ਅਜਿਹਾ ਕਰਦੀ ਫਿਰ ਤਾਂ ਇਹ ‘ਦਖ਼ਲ ਅੰਦਾਜ਼ੀ’ ਹੋਣਾ ਸੀ ਪਰ ਸੰਗਤਾਂ ਅਤੇ ਅਕਾਲ ਤਖ਼ਤ ਦੀ ਮੰਗ ਵਲ, ਸਰੋਵਰ ਦਾ ਜਲ ਸਾਫ਼ ਰੱਖਣ ਵਾਲੀਆਂ ਮਸ਼ੀਨਾਂ ਲਗਾਉਣ ਵਾਲੇ ਸ਼ਰਧਾਲੂ ਸਿੱਖਾਂ ਵਾਂਗ ਕੇਵਲ ਮਦਦ ਲਈ ਹੱਥ ਵਧਾ ਕੇ ਆਪ ਪਿੱਛੇ ਹਟ ਜਾਣ ਨੂੰ ‘ਦਖ਼ਲ ਅੰਦਾਜ਼ੀ’ ਕਿਵੇਂ ਕਿਹਾ ਜਾ ਸਕੇਗਾ ਸਤਿਕਾਰਯੋਗ ਸ਼੍ਰੋਮਣੀਉ? ਦੂਜੇ ਨੂੰ ‘ਗੰਦਾ’ ਕਹਿਣ ਤੋਂ ਪਹਿਲਾਂ ਅਪਣੀ ‘ਸਫ਼ਾਈ’ ਵਲ ਜ਼ਰੂਰ ਵੇਖ ਲੈਣਾ ਚਾਹੀਦੈ। ਜਿਵੇਂ ਕਿ ਗਿ: ਹਰਪ੍ਰੀਤ ਸਿੰਘ ਨੇ ਵੀ ਆਖਿਆ ਹੈ, ਤੁਸੀ ਸੰਗਤ ਦੀ ਮੰਗ ਮੰਨ ਲੈਂਦੇ ਤੇ ‘ਚੋਰ-ਮੋਰੀਆਂ ਲੱਭਣ ਵਿਚ ਸਮਾਂ ਨਸ਼ਟ ਨਾ ਕਰਦੇ ਤਾਂ ਅਜਿਹੀ ਹਾਲਤ ਪੈਦਾ ਹੀ ਨਹੀਂ ਸੀ ਹੋਣੀ।

ਰੌਲਾ ਤਾਂ ਗ਼ਲਤ ਸਵਾਲ ਖੜੇ ਕਰ ਕੇ ਵੀ ਪਾਇਆ ਜਾ ਸਕਦੈ ਤੇ ਲੋਕਾਂ ਨੂੰ ਭੜਕਾਇਆ ਵੀ ਜਾ ਸਕਦੈ ਪਰ ਉਸ ਹਾਲਤ ਵਿਚ ਧਰਮ ਹਾਰ ਜਾਂਦੈ। ਮੇਰਾ ਨਹੀਂ ਖ਼ਿਆਲ ਕਿ ਸਿੱਖ ਇਸ ਵਾਰ ਧਰਮ ਨੂੰ ਹਾਰਨ ਦੇਣਗੇ। ਇਕ ਹੀ ਇਤਰਾਜ਼ ਬਾਕੀ ਰਹਿ ਜਾਂਦੈ ਕਿ ਇਹ ਕਦਮ ਇਕ ਗ਼ਲਤ ਪਿਰਤ ਸ਼ੁਰੂ ਕਰ ਦੇਵੇਗਾ ਤੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਬਗ਼ੈਰ, ਭਵਿਖ ਵਿਚ ਹੋਰ ਵੀ ਸੋਧਾਂ ਐਕਟ ਵਿਚ ਕਰ ਲਈਆਂ ਜਾਣਗੀਆਂ। ਇਹ ਇਤਰਾਜ਼ ਪੂਰੀ ਤਰ੍ਹਾਂ ਗ਼ਲਤ ਹੈ ਤੇ ਇਸ ਬਾਰੇ ਦਲੀਲਾਂ ਨਾਲ ਚਰਚਾ ਅਸੀ ਅਗਲੇ ਹਫ਼ਤੇ ਕਰਾਂਗੇ। 

(ਚਲਦਾ)