ਕਾਂਗਰਸ ਦੀ ਸਟੇਜ ਤੋਂ ਸੁਨੀਲ ਜਾਖੜ ਦਾ ‘ਪੰਥਕ ਤੇ ਪੰਜਾਬ ਸਵੈਨ ਗੀਤ' ਜੋ ਅਕਾਲੀ ਵੀ ਹੁਣ ਗਾ ਸਕਣ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿੱਧੂ ਨੂੰ ਚੰਡੀਗੜ੍ਹ ਵਿਚ ਲਿਆਉਣ ਲਈ, ਕਾਂਗਰਸ ਹਾਈ ਕਮਾਨ ਨੂੰ ਇਕ ‘ਬਲੀ ਦਾ ਬਕਰਾ’ ਚਾਹੀਦਾ ਸੀ ਤੇ ਉਸ ਨੂੰ ਸੁਨੀਲ ਜਾਖੜ ਤੋਂ ਭਲਾ ਵਿਅਕਤੀ ਹੋਰ ਕੋਈ ਨਾ ਲੱਭ ਸਕਿਆ

File Photo

ਕ  ਲ ਦਾ ਕਾਂਗਰਸ ਭਵਨ ਵਿਚਲਾ ਸਮਾਗਮ ਅਪਣੇ ਆਪ ਵਿਚ ਬੜਾ ਮਹੱਤਵਪੂਰਨ ਸਮਾਰੋਹ ਸੀ ਕਿਉਂਕਿ ਰਾਜ ਕਰ ਰਹੀ ਪਾਰਟੀ ਅਪਣਾ ਪ੍ਰਧਾਨ ਬਦਲ ਰਹੀ ਸੀ। ਪਰ ਸੁਨੀਲ ਜਾਖੜ ਨੇ ਕਿਹੜੀ ਅਜਿਹੀ ਅਵੱਗਿਆ ਕਰ ਦਿਤੀ ਸੀ ਕਿ ਉਸ ਨੂੰ ਬਦਲਿਆ ਜਾ ਰਿਹਾ ਸੀ? ਇਸ ਸਵਾਲ ਦਾ ਜਵਾਬ ਕਿਸੇ ਨੂੰ ਨਹੀਂ ਸੀ ਸੁੱਝ ਰਿਹਾ- ਸਿਵਾਏ ਇਸ ਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ੍ਹ ਵਿਚ ਲਿਆਉਣ ਲਈ, ਕਾਂਗਰਸ ਹਾਈ ਕਮਾਨ ਨੂੰ ਇਕ ‘ਬਲੀ ਦਾ ਬਕਰਾ’ ਚਾਹੀਦਾ ਸੀ ਤੇ ਉਸ ਨੂੰ ਸੁਨੀਲ ਜਾਖੜ ਤੋਂ ਭਲਾ ਵਿਅਕਤੀ ਹੋਰ ਕੋਈ ਨਾ ਲੱਭ ਸਕਿਆ (ਸਿਆਸਤ ਵਿਚ ‘ਭਲਾ’ ਉਹੀ ਹੁੰਦਾ ਹੈ ਜੋ ਕੁਰਬਾਨੀ ਦਾ ਬਕਰਾ ਬਣਾਏ ਜਾਣ ਵੇਲੇ ਵੀ, ਮੂੰਹ ਤੇ ਮੁਸਕਾਨ ਲਿਆ ਕੇ ਆਖੇ, ‘‘ਕੋਈ ਨਹੀਂ ਜੀ, ਜਿਵੇਂ ਤੁਹਾਨੂੰ ਖ਼ੁਸ਼ੀ ਮਿਲੇ।’’

ਪਰ ਸਟੇਜ ਤੇ ਸੁਨੀਲ ਜਾਖੜ ਨੇ ਸਚਮੁਚ ਸਾਬਤ ਕਰ ਦਿਤਾ ਕਿ ਉਸ ਦੀ ਬਲੀ ਗ਼ਲਤ ਲਈ ਗਈ ਹੈ ਤੇ ਉਹ ਤਾਂ ਪੰਜਾਬ, ਪੰਥ ਅਤੇ ਗੁਰੂ ਦਾ ਨਾਂ ਲੈਣ ਵਾਲਾ ਸੱਚਾ ਮਨੁੱਖ ਸੀ ਜਿਸ ਦੇ ਦਾਮਨ ਤੇ ਮਾੜਾ ਜਿਹਾ ਦਾਗ਼ ਵੀ ਨਹੀਂ ਲੱਗਾ ਹੋਇਆ। ਉਸ ਤੋਂ ਵੀ ਵੱਡੀ ਗੱਲ ਕਿ ‘ਸਵੈਨ ਸਾਂਗ’ (ਵਿਦਾਈ ਗੀਤ ਜੋ ਸਵੈਨ ਪੰਛੀ, ਮੌਤ ਤੋਂ ਪਹਿਲਾਂ ਗਾ ਕੇ, ਪ੍ਰਾਣ ਦੇ ਦੇਂਦਾ ਹੈ) ਵਿਚ ਦੇਸ਼ ਅਤੇ ਪੰਜਾਬ ਨੂੰ ਉਹ ਸੰਦੇਸ਼ ਦੇ ਦਿਤਾ ਜੋ ਅੱਜ ਦੇ ਸਮੇਂ ਵਿਚ, ਕਿਸੇ ਅਕਾਲੀ ਸਟੇਜ ਤੋਂ ਸੁਣਨ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਆਖੋ ਸੁਖਬੀਰ ਬਾਦਲ ਨੂੰ ਕਿ ਉਹ ਕੇਂਦਰ ਨੂੰ ਪੰਜਾਬ ਦੀਆਂ ਉਨ੍ਹਾਂ ਮੰਗਾਂ ਨੂੰ ਮੰਨਣ ਲਈ ਆਖੇ ਜਿਨ੍ਹਾਂ ਨੂੰ ਮਨਵਾਉਣ ਲਈ ਸਿੱਖਾਂ ਨੇ ਧਰਮ ਯੁਧ ਮੋਰਚਾ ਲਾਇਆ ਸੀ

ਬਲੂ-ਸਟਾਰ ਆਪ੍ਰੇਸ਼ਨ ਦਾ ਹਾਲੋਕਾਸਟ (ਘਲੂਘਾਰਾ) ਸਹਿਆ ਸੀ, 10 ਸਾਲ ਤਕ ਮਿਲਟਰੀ ਰਾਜ ਦਾ ਜਬਰ ਬਰਦਾਸ਼ਤ ਕੀਤਾ ਸੀ ਤੇ ਹਜ਼ਾਰਾਂ ਨੌਜੁਆਨਾਂ ਨੂੰ ਘਰੋਂ ਚੁਕ ਕੇ ‘ਅਣਪਛਾਤੀਆਂ ਲਾਸ਼ਾਂ’ ਦਸ ਕੇ, ਉਨ੍ਹਾਂ ਦਾ ਅੰਤਮ ਸੰਸਕਾਰ ਵੀ ਚੋਰੀ ਚੋਰੀ ਕੀਤਾ ਜਾਂਦਾ ਵੇਖਿਆ ਸੀ। ਸੱਤਾ ਦਾ ਸੁੱਖ ਮਾਣਦੇ ਆ ਰਹੇ ਅਕਾਲੀ ਲੀਡਰਾਂ ਨੂੰ ਤਾਂ ਯਾਦ ਵੀ ਨਹੀਂ ਰਿਹਾ ਹੋਣਾ ਕਿ ਉਹ ਮੰਗਾਂ ਕਿਹੜੀਆਂ ਸਨ ਜਿਨ੍ਹਾਂ ਖ਼ਾਤਰ ਸਿੱਖਾਂ ਨੂੰ ਇਤਿਹਾਸ ਦੇ ਅਤਿ ਕਾਲੇ ਦਿਨ, ਉਸ ਲੋਕ-ਰਾਜੀ ਦੇਸ਼ ਵਿਚ ਵੇਖਣੇ ਪਏ ਜਿਸ ਦੀ ਆਜ਼ਾਦੀ ਲਈ ਉਨ੍ਹਾਂ ਨੇ 80 ਫ਼ੀ ਸਦੀ ਕੁਰਬਾਨੀਆਂ ਕੀਤੀਆਂ ਸਨ।

ਜਿਵੇਂ ‘ਪੰਥ’ ਸ਼ਬਦ ਉਨ੍ਹਾਂ ਲਈ ‘ਬੀਤੇ ਯੁਗ ਦਾ ਲਫ਼ਜ਼ ਬਣ ਗਿਆ ਹੈ, ਇਸੇ ਤਰ੍ਹਾਂ ਪੰਜਾਬ ਦੀ ਅਪਣੀ ਰਾਜਧਾਨੀ, ਅਨੰਦਪੁਰ ਮਤਾ, ਨੌਕਰੀਆਂ (ਖ਼ਾਸ ਤੌਰ ਤੇ ਫ਼ੌਜ ਵਿਚ ਸਿੱਖਾਂ ਦੀ ਘੱਟ ਰਹੀ ਗਿਣਤੀ), ਅੰਤਰਰਾਸ਼ਟਰੀ ਕਾਨੂੰਨ ਤੇ ਭਾਰਤੀ ਸੰਵਿਧਾਨ ਦੇ ਉਲਟ ਜਾ ਕੇ, ਪੰਜਾਬ ਦੇ ਪਾਣੀਆਂ ਦੀ ਮੁਫ਼ਤੋ ਮੁਫ਼ਤੀ ਲੁੱਟ, ਫ਼ੈਡਰਲ ਢਾਂਚੇ ਦੇ ਹੌਲੀ-ਹੌਲੀ ਖ਼ਾਤਮੇ ਨਾਲ ਪੰਜਾਬ ਦੇ ਹਰ ਸ਼ੋਅਬੇ ਉਤੇ ਕੇਂਦਰ ਦਾ ਕਬਜ਼ਾ, ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੀ ਕਵਾਇਦ, ਪੰਜਾਬ ਤੇ ਚੰਡੀਗੜ੍ਹ ਵਿਚ ਸਿੱਖ ਅਫ਼ਸਰਾਂ ਦੀ ਥਾਂ ਗ਼ੈਰ-ਸਿੱਖ ਅਫ਼ਸਰਾਂ ਦੀ ਤਾਇਨਾਤੀ ਆਦਿ ਸਮੇਤ ਕਿਸੇ ਗੱਲ ਦਾ ਵੀ ਉਨ੍ਹਾਂ ਨੇ ਹੁਣ ਕਦੇ ਜ਼ਿਕਰ ਨਹੀਂ ਕੀਤਾ। ਉਨ੍ਹਾਂ ਭਾਣੇ, ਸਿੱਖਾਂ ਦੀਆਂ ਸਾਰੀਆਂ ਮੰਗਾਂ ਖ਼ਤਮ ਹੋ ਗਈਆਂ ਹਨ ਤੇ ਹੁਣ ਕੇਵਲ ਹਿੰਦੂਆਂ, ਦਲਿਤਾਂ ਤੇ ਸੌਦਾ ਸਾਧ ਦੀਆਂ ਮੰਗਾਂ ਹੀ ਰਹਿ ਗਈਆਂ ਹਨ

(ਜਿਨ੍ਹਾਂ ਦੀਆਂ ਵੋਟਾਂ ਉਤੇ ਆਸ ਰੱਖ ਕੇ ਉਹ ਫਿਰ ਤੋਂ ਸੱਤਾ ਦੇ ਪੰਘੂੜੇ ਵਿਚ ਬੈਠ ਕੇ ਝੂਟੇ ਲੈਣਾ ਚਾਹੁੰਦੇ ਹਨ)। ਸਿੱਖਾਂ ਦੀ ਤਾਂ, ਅਜੋਕੇ ਬਾਦਲ ਮਾਰਕਾ ਅਕਾਲੀਆਂ ਦੇ ਹਿਸਾਬ ਨਾਲ, ਕੇਵਲ ਇਕੋ ਮੰਗ ਰਹਿ ਗਈ ਹੈ ਕਿ---‘ਸਿੱਖਾਂ ਦੀਆਂ ਬਾਕੀ ਸੱਭ ਮੰਗਾਂ ਭੁਲਾ ਛੱਡੋ ਪਰ ਇਕ ਨਾ ਭੁਲਾਇਉ ਕਿ ਬਾਦਲ ਪ੍ਰਵਾਰ ਨੂੰ ਪੰਜਾਬ ਦੀ ਸੱਤਾ ਤੇ ਕਾਬਜ਼ ਰਖਣਾ ਹੀ ਰਖਣਾ ਹੈ ਤੇ ਜੇ ਕਿਸੇ ਕਾਰਨ ਉਨ੍ਹਾਂ ਨੂੰ ਪੰਜਾਬ ਵਿਚ ਸੱਤਾ ਨਹੀਂ ਮਿਲਦੀ ਤਾਂ ਦਿੱਲੀ ਦੀ ਵਜ਼ਾਰਤ ਵਿਚ ਇਨ੍ਹਾਂ ਲਈ ਇਕ ਸੀਟ ਜ਼ਰੂਰ ਰਾਖਵੀਂ ਰਖਣੀ ਹੈ ਕਿਉਂਕਿ ਸੱਤਾ ਤੋਂ ਬਿਨਾਂ ਬਾਦਲ ਸਾਹਬ ਦੇ ਇਹ ‘ਕੋਮਲ ਫੁੱਲ’ ਕੁਮਲਾ ਜਾਂਦੇ ਹਨ ਤੇ ਉਨ੍ਹਾਂ ਨੂੰ ਵਪਾਰ ਵਿਚ ਵੀ ਘਾਟਾ ਪੈਣ ਲਗਦਾ ਹੈ।’
ਸੋ ਅਜਿਹੇ ‘ਅਕਾਲੀ’ ਕੀ ਕੇਂਦਰ ਨੂੰ ਇਹ ਕਹਿ ਸਕਦੇ ਹਨ ਕਿ ਪੰਜਾਬ ਤੁਹਾਡੇ ਨਾਲ ਨਾ ਰਿਹਾ ਤਾਂ ਸਾਰੇ ਭਾਰਤ ਉਤੇ ਵੀ ਤੁਹਾਡਾ ਦਬਦਬਾ ਨਹੀਂ ਬਣ ਸਕੇਗਾ?

ਪਰ ਕਲ ਇਹੀ ਕੁੱਝ ਤਾਂ ਕਾਂਗਰਸ ਦੀ ਸਟੇਜ ਤੋਂ ਸੁਨੀਲ ਜਾਖੜ ਨੇ ਕਹਿਣ ਦੀ ਜੁਰਅਤ ਵਿਖਾਈ ਹੈ ਕਿ ਜੇਕਰ ਕਾਂਗਰਸ ਨੇ ਸਾਰੇ ਭਾਰਤ ਵਿਚ ਮੁੜ ਤੋਂ ‘ਉਦੇ’ ਹੋਣਾ ਹੈ ਤਾਂ ਉਸ ਨੂੰ ਸਫ਼ਲਤਾ ਦਾ ਰਾਹ ਪੰਜਾਬ ਵਿਚੋਂ ਹੀ ਮਿਲਣਾ ਹੈ ਅਰਥਾਤ ਪੰਜਾਬ ਦੇ ਲੋਕ ਕਾਂਗਰਸ ਨਾਲ ਨਾ ਹੋਏ ਤਾਂ ਉਹ ਸਾਰੇ ਦੇਸ਼ ਵਿਚ ਮੁੜ ਤੋਂ ਛਾ ਜਾਣ ਦੀ ਗੱਲ ਸੋਚੇ ਵੀ ਨਾ। ਇਸੇ ਤਰ੍ਹਾਂ ਉਨ੍ਹਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਬਾਰੇ ਪੰਜਾਬ ਕਾਂਗਰਸ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਥ ਅਤੇ ਗੁਰੂ ਪ੍ਰਤੀ ਬੇਮੁੱਖ ਹੋਣ ਵਾਲਿਆਂ ਅਤੇ ਇਕ ਅਦਾਲਤੀ ਫ਼ੈਸਲੇ ਨੂੰ ਲੈ ਕੇ ਭੰਗੜੇ ਪਾਉਣ ਵਾਲਿਆਂ ਨੂੰ ਗੁਰੂ ਦੀ ਫਿਟਕਾਰ ਪਵੇਗੀ ਤੇ ਪੰਜਾਬ ਵਿਚ ਵੀ ਕਾਂਗਰਸ ਦੀ ਸਫ਼ਲਤਾ ਦਾ ਰਾਹ, ਬਰਗਾੜੀ ਤੇ ਬਹਿਬਲ ਕਲਾਂ ਤੋਂ ਹੀ ਹੋ ਕੇ ਜਾਣਾ ਹੈ।

ਕਾਂਗਰਸ ਦੀ ਸਟੇਜ ਤੋਂ ਗੁਰੂ, ਪੰਥ, ਬੇਅਦਬੀ ਦਾ ਕੇਸ, ਹਾਈ ਕੋਰਟ ਦੇ ਇਕ ਫ਼ੈਸਲੇ ਨੂੰ ਲੈ ਕੇ ਭੰਗੜੇ ਪਾਉਣ ਵਾਲਿਆਂ ਦੀ ਗੱਲ, ਇਸ ਤਰ੍ਹਾਂ ਕੇਵਲ ਸੁਨੀਲ ਜਾਖੜ ਹੀ ਕਰ ਸਕਦੇ ਸਨ, ਕੋਈ ਅੱਜ ਦਾ ਅਕਾਲੀ ਅਜਿਹਾ ਕਹਿਣ ਦੀ ਹਿੰਮਤ ਨਹੀਂ ਵਿਖਾ ਸਕਦਾ, ਨਾ ਹੀ ਕੇਂਦਰ ਨੂੰ ਇਹ ਪੈਗ਼ੰਬਰੀ ਸੰਦੇਸ਼ ਦੇ ਸਕਦਾ ਹੈ ਕਿ ਜੇ ਕਾਂਗਰਸ ਨੂੰ ਮੁੜ ਤੋਂ ਸਾਰੇ ਦੇਸ਼ ਵਿਚ ਸਰਦਾਰੀ ਦਿਵਾਣਾ ਚਾਹੁੰਦੇ ਹੋ ਤਾਂ ਪੰਜਾਬ ਨਾਲ ਇਨਸਾਫ਼ ਕੀਤੇ ਬਿਨਾਂ ਅਜਿਹਾ ਨਹੀਂ ਜੇ ਹੋ ਸਕਣਾ। ਜੇ ਸੁਨੀਲ ਜਾਖੜ ਸਿਆਸਤਦਾਨ ਨਾ ਹੁੰਦੇ ਤਾਂ ਮੈਂ ਕਹਿਣਾ ਸੀ ਕਿ ਇਹ ਖ਼ੁਦਾਈ ਸੱਚ ਬੋਲਣ ਵਾਲਾ ਰੱਬ ਦਾ ਫ਼ਰਿਸ਼ਤਾ ਹੈ ਜੋ ਏਨੇ ਵੱਡੇ ਸੱਚ ਦੀ ਭਵਿੱਖਬਾਣੀ ਕਰ ਰਿਹਾ ਹੈ। ਸੁਨੀਲ ਜਾਖੜ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੂਰੀ ਕਾਬਲੀਅਤ ਰਖਦਾ ਹੈ। ਉਹ ਸੱਚ ਵੀ ਬੋਲਦਾ ਹੈ, ਬੜਬੋਲਾ ਵੀ ਨਹੀਂ ਤੇ ਕਿਸੇ ਦੀ ਆਤਮਾ ਨੂੰ ਦੁਖਾਂਦਾ ਵੀ ਨਹੀਂ। 

-ਜੋਗਿੰਦਰ ਸਿੰਘ